“ਗਵਾਂਢੀ ਦੇਸ਼ ਪਾਕਿਸਤਾਨ ਤੋਂ ਲੈ ਕੇ ਲੋਕ ਰਾਜ ਦੇ ਮਸੀਹਾ ਅਮਰੀਕਾ ਦੇਸ਼ ਵਿੱਚ, ਜੋ ਸੰਸਾਰ ਵਿੱਚ ...”
(11 ਮਾਰਚ 2024)
ਇਸ ਸਮੇਂ ਪਾਠਕ: 485.
ਕੀ ਅੱਬ ਕੀ ਬਾਰ ਚਾਰ ਸੌ ਪਾਰ, ਗਰੰਟੀਆਂ ਦੀਆਂ ਵੀ ਗਰੰਟੀਆਂ ਦੇਣ ਵਾਲਾ, ਪੱਥਰ-ਮੂਰਤੀ ਵਿੱਚ ਪ੍ਰਾਣ ਪ੍ਰਤਿਸ਼ਠਾ ਕਰਨ ਵਾਲਾ, ਸਮੁੱਚੇ ਭਾਰਤ ਨੂੰ ਆਪਣਾ ਪਰਿਵਾਰ ਦੱਸਣ ਵਾਲਾ ਅਖੌਤੀ ਪੰਜਵੀਂ ਤੋਂ ਤੀਜੀ ਅਰਥ ਵਿਵਸਥਾ ਬਣਾਉਣ ਦੀਆਂ ਡੀਂਗਾਂ ਮਾਰਨ ਵਾਲਾ, ਹਰ ਭਾਰਤੀ ਦੇ ਖਾਤੇ ਵਿੱਚ ਪੰਦਰਾਂ-ਪੰਦਰਾਂ ਲੱਖ ਜਮ੍ਹਾਂ ਕਰਾਉਣ ਵਾਲਾ, ਭਾਰਤ ਵਿੱਚੋਂ ਗਰੀਬੀ ਘਟਾਉਣ ਵਾਲਾ, ਲਗਭਗ ਪਚਾਸੀ ਕਰੋੜ ਜਨਤਾ ਨੂੰ ਵੋਟਾਂ ਦੀ ਖਾਤਰ ਅਨਾਜ ਮੁਹਈਆ ਕਰਾਉਣ ਵਾਲਾ, ਦੂਸਰੀਆਂ ਪਾਰਟੀਆਂ ਨੂੰ ਪਹਿਲਾਂ ਕੁਰਪਟ ਕਹਿ ਕੇ ਫਿਰ ਗਲੇ ਲਗਾਉਣ ਵਾਲਾ, ਭਾਰਤੀ ਸੰਵਿਧਾਨ ਦੀ ਮੂਲ ਧਾਰਨਾ ਦੇ ਉਲਟ ਜਾ ਕੇ ਵੱਖ-ਵੱਖ ਸਥਾਨਾਂ ’ਤੇ ਮੰਦਰ ਬਣਾਉਣ ਤੇ ਦੇਸ਼ ਦਾ ਪੈਸਾ ਲੁਟਾਉਣ ਵਾਲਾ, ਜੋ ਪਰਿਵਾਰਵਾਦ ਦਾ ਰੌਲਾ ਪਾ ਕੇ ਲਖੀਮਪੁਰ ਖੇੜੀ ਦੇ ਕਾਤਲ ਪਰਿਵਾਰ ਨੂੰ ਬਚਾਉਂਦਾ-ਬਚਾਉਂਦਾ ਅਖੀਰ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕ ਕੇ ਆਪਣੀ ਇੱਕ ਸੀਟ ਖਾਤਰ ਅਪਰਾਧੀ ਨੂੰ ਟਿਕਟ ਦੇ ਕੇ ਨਿਵਾਜਣ ਵਾਲਾ, ਜਿਹੜਾ ਕਾਂਗਰਸ ਮੁਕਤ ਭਾਰਤ ਨੂੰ ਦੇਖਣ ਲਈ ਤੜਫ ਰਿਹਾ ਹੋਵੇ, ...
ਜਿਹੜਾ ਭਾਰਤੀ ਤਰੱਕੀ ਵਿੱਚ ਇੰਨਾ ਮਹਿਫੂਜ਼ ਹੋਵੇ ਕਿ ਉਹ ਅੱਜ ਤਕ ਮਣੀਪੁਰ ਵੀ ਜਾ ਨਾ ਕਰ ਸਕਿਆ ਹੋਵੇ, ਜਿਹੜਾ ਕਿਸਾਨਾਂ ਦੀਆਂ ਆਪ ਮੰਨੀਆਂ ਮੰਗਾਂ ਨੂੰ ਆਪਣੇ ਹੰਕਾਰ ਕਰਕੇ ਪੂਰਾ ਨਾ ਸਕਿਆ ਹੋਵੇ, ਸਭ ਕਾ ਸਾਥ ਸਭ ਕਾ ਵਿਕਾਸ ਕਹਿਣ ਵਾਲਾ ਆਪਣੀ ਲੋਕ ਸਭਾ ਦੇ ਨਾਂਵਾਂ ਦੀ ਪਹਿਲੀ ਸੂਚੀ ਵਿੱਚ ਸਿਰਫ਼ ਇੱਕ ਮੁਸਲਮਾਨ ਡਾ. ਅਬਦੁਲ kਲਾਮ ਦਾ ਨਾਮ ਸ਼ਾਮਲ ਕਰਨ ਵਾਲਾ, ਮਾਮਲਾ ਭਾਵੇਂ ਮਹਿਲਾ ਧੀਆਂ ਪਹਿਲਵਾਨਾਂ ਨਾਲ ਘਟੀਆ ਸਲੂਕ ਕਰਨ ਵਾਲੇ ਭਾਜਪਾ ਨੇਤਾ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਹੋਵੇ, ਮਾਮਲਾ ਭਾਵੇਂ ਜਬਰ-ਜ਼ਨਾਹ ਕਰਨ ਵਾਲੇ ਕੁਲਦੀਪ ਸਿੰਘ ਸੇਂਗਰ ਦਾ ਹੋਵੇ, ਮਾਮਲਾ ਭਾਵੇਂ ਮਣੀਪੁਰ ਦੀ ਹਿੰਸਾ ਅਤੇ ਜਬਰ-ਜਨਾਹ ਦਾ ਹੋਵੇ, ਸਭ ਘਟਨਾਵਾਂ ’ਤੇ ਚੁੱਪ ਵੱਟਣ ਵਾਲਾ, ਫਕੀਰ ਅਤੇ ਟੈਗੋਰ ਬਣਨ ਦਾ ਡਰਾਮਾ ਰਚਣਵਾਲਾ ਹੋਵੇ, ਮਾਮਲਾ ਭਾਵੇਂ ਵੱਡੇ ਘਰਾਣਿਆਂ ਦਾ ਕਰਜ਼ਾ ਮੁਆਫ਼ ਕਰਨ ਦਾ ਹੋਵੇ, ਲੱਖਾਂ ਦੇ ਸੂਟਾਂ ਅਤੇ ਘੜੀਆਂ ਦਾ ਸ਼ੌਕੀਨ ਹੋਵੇ, ਪਾਰਟੀ ਮਨੋਰਥ ਨੂੰ ਅੱਗੇ ਰੱਖ ਕੇ ਦਿਨ-ਰਾਤ ਬਿਨਾਂ ਛੁੱਟੀ ਕੀਤਿਆਂ ਜਹਾਜ਼ਾਂ ’ਤੇ ਘੁੰਮ ਰਿਹਾ ਹੋਵੇ, ...
ਜਿਹੜਾ ਭਾਰਤ ਤੋਂ ਅਲੱਗ ਹੋਏ ਪਾਕਿਸਤਾਨ ਨੂੰ ਅੱਖਾਂ ਦਿਖਾਲ ਰਿਹਾ ਹੋਵੇ, ਜੋ ਚੀਨ ਵੱਲੋਂ ਭਾਰਤੀ ਰਕਬੇ ’ਤੇ ਕਬਜ਼ਾ ਕਰਨ ’ਤੇ ‘ਸਭ ਅੱਛਾ’ ਆਖ ਰਿਹਾ ਹੋਵੇ, ਜੋ ਪਾਰਲੀਮੈਂਟ ਹਾਊਸ ਵਿੱਚੋਂ ਵਿਰੋਧੀਆਂ ਨੂੰ ਸਸਪੈਂਡ ਕਰਵਾ ਕਿ ਬਿਨਾਂ ਬਹਿਸ ਬਿੱਲ ਪਾਸ ਕਰਵਾ ਰਿਹਾ ਹੋਵੇ, ਜੋ ਟਰੰਪ ਦੇ ਭਾਰਤ ਆਉਣ ’ਤੇ ਕੋਵਿਡ ਬਿਮਾਰੀ ਦੇ ਦਿਨਾਂ ਵਿੱਚ ਅਥਾਹ ਪੈਸਾ ਖਰਚ ਕਰਕੇ ਸਭ ਬਣਦੇ ਅਸੂਲਾਂ ਨੂੰ ਛਿੱਕੇ ਟੰਗ ਚੁੱਕਾ ਹੋਵੇ, ਜੋ ‘ਦੇਸ਼ ਨਹੀਂ ਬਿਕਨੇ ਦੂੰਗਾ’ ਦੀਆਂ ਡੀਕਾਂ ਮਾਰ ਕੇ ਵੀ ਬਹੁਤ ਕੁਝ ਵੇਚ ਚੁੱਕਾ ਹੋਵੇ, ਜੋ ਰੂਸ ਅਤੇ ਯੂਕਰੇਨ ਦੀ ਜੰਗ ਖ਼ਤਮ ਕਰਾਉਣ ਦੀਆਂ ਫੜ੍ਹਾਂ ਮਾਰ ਚੁੱਕਾ ਹੋਵੇ, ਜੋ ‘ਜੈ ਸ੍ਰੀ ਰਾਮ ਜੈ ਸ੍ਰੀ ਰਾਮ’ ਦਾ ਰਾਗ ਅਲਾਪ ਕੇ ਵੀਹ ਸੌ ਚੌਵੀ ਦੀਆਂ ਚੋਣਾਂ ਦਾ ਪ੍ਰਚਾਰ ਕਰ ਰਿਹਾ ਹੋਵੇ, ਜੋ ਸੁਪਰੀਮ ਕੋਰਟ ਦੇ ਜੱਜਾਂ ਤਕ ਰਾਜ ਸਭਾ ਦੀਆਂ ਸੀਟਾਂ ਦੇ ਕੇ ਭਰਮਾ ਰਿਹਾ ਹੋਵੇ, ਜੋ ਕਿਸੇ ਵੀ ਸੰਬੰਧਤ ਕੇਂਦਰੀ ਮੰਤਰੀ ਨੂੰ ਪਿੱਛੇ ਹਟਾ ਕੇ ਆਪ ਉਦਘਾਟਨ ਕਰ ਰਿਹਾ ਹੋਵੇ, ਜੋ ਆਪਣੇ ਰਾਜ ਤੋਂ ਪਹਿਲਾਂ ਬਣੇ ਅਦਾਰਿਆਂ ਨੂੰ ਵੇਚ ਰਿਹਾ ਹੋਵੇ, ਜੋ ਪਬਲਿਕ ਸੈਕਟਰ ਨੂੰ ਖ਼ਤਮ ਕਰਨ ’ਤੇ ਤੁਲਿਆ ਹੋਵੇ ਅਤੇ ਚੰਦ ਘਰਾਣਿਆਂ ਨੂੰ ਮਾਲਕੀ ਸੌਂਪ ਰਿਹਾ ਹੋਵੇ, ...
ਜਿਹੜਾ ‘ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ’ ਦਾ ਲਗਾਤਾਰ ਰਾਗ ਅਲਾਪ ਕੇ ਜਨਤਾ ਨੂੰ ਗੁਮਰਾਹ ਕਰ ਰਿਹਾ ਹੋਵੇ, ਜੋ ਉਸ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ, ਜਿਸ ਨੇ ਦੇਸ਼ ਦੀ ਅਜ਼ਾਦੀ ਵਿੱਚ ਆਪਣੀ ਧੌਣ ਤਾਂ ਇੱਕ ਪਾਸੇ, ਹੱਥ ਦੀ ਚੀਚੀ ਤਕ ਨਾ ਕਟਵਾਈ ਹੋਵੇ, ਜੋ ਦੁਨੀਆ ਵਿੱਚ ਸਭ ਤੋਂ ਵੱਡੀ ਸਿਆਸੀ ਪਾਰਟੀ ਦਾ ਮੁਖੀ ਹੋਣ ਦਾ ਦਾਅਵਾ ਕਰਦਾ ਹੋਵੇ, ਪਰ ਕਿਰਦਾਰ ਪੱਖੋਂ ਉਹੀ ਪਾਰਟੀ ਚੰਡੀਗੜ੍ਹ ਦੀ ਛੋਟੀ ਚੋਣ ਵਿੱਚ ਹੇਰਾਫੇਰੀ ਕਰਦੀ ਜਾਂ ਕਰਾਉਂਦੀ ਫੜੀ ਗਈ ਹੋਵੇ, ਜੋ ਆਪਣੀ ਪਾਰਟੀ ਲਈ ਸਭ ਤੋਂ ਵੱਧ ਚੋਣ ਫੰਡ ਲੈਂਦੀ ਹੋਵੇ ਤੇ ਵਿਰੋਧੀ ਪਾਰਟੀਆਂ ਉੱਤੇ ਆਪਣੀਆਂ ਸਰਕਾਰੀ ਏਜੰਸੀਆਂ ਰਾਹੀਂ ਵਾਰ ਕਰਾਉਂਦਾ ਹੋਵੇ, ਜਿਸ ਨੇ ਆਪਣੀ ਹੀ ਪਾਰਟੀ ਵਿੱਚ ਆਪਣੇ ਤੋਂ ਉੱਚੇ ਲੋਕਾਂ ਨੂੰ ਛਾਂਗ ਦਿੱਤਾ ਹੋਵੇ, ...
ਜਿਸਦੀ ਸਰਕਾਰ ਸੂਬਿਆਂ ਸ਼ਹਿਰਾਂ ਦੇ ਨਾਮ ਬਦਲਣ ਨੂੰ ਤਰੱਕੀ ਸਮਝਦੀ ਹੋਵੇ, ਜਿਸ ਪਾਰਟੀ ਵਿੱਚ ਭਾਰਤੀ ਨਾਰੀ ਦੀ ਵੱਧ ਸਰਗਰਮੀ ਦੀਆਂ ਡੀਂਗਾਂ ਮਾਰੀਆਂ ਜਾਂਦੀਆਂ ਹੋਣ, ਜਿਸ ਨਾਲ ਆਪਣੇ ਪਰਿਵਾਰ ਦੀ ਬਜਾਏ ਸਾਰਾ ਦੇਸ਼ ਹੀ ਖੜ੍ਹਾ ਹੋਵੇ, ਜਿਹੜਾ ਸਮੁੱਚੇ ਦੇਸ਼ ਦੀ ਚੌਕੀਦਾਰ ਤੋਂ ਲੈ ਕੇ ਦੇਸ਼ ਮੁਖੀ ਬਣ ਕੇ ਸੇਵਾ ਨਿਭਾਅ ਰਿਹਾ ਹੋਵੇ, ਅਜਿਹੇ ਮਹਾਨ ਪੁਰਸ਼ ਨੂੰ ਉਨ੍ਹਾਂ ਲੋਕਾਂ ਦੀ, ਜੋ ਆਪ ਜੀ ਦੇ ਵਿਰੋਧ ਵਿੱਚ ਖੜੋਤੇ ਹਨ, ਦੀ ਇੱਕ ਮੰਗ ਨੂੰ ਸਵੀਕਾਰ ਕਰਕੇ ਉਨ੍ਹਾਂ ਦਾ ਇਹ ਚੈਲਿੰਜ ਜ਼ਰੂਰ ਮਨਜ਼ੂਰ ਕਰਨਾ ਚਾਹੀਦਾ ਹੈ ਕਿ ਦੇਸ਼ ਵਿੱਚ ਪੈਣ ਵਾਲੀਆਂ ਵੋਟਾਂ ਈ ਵੀ ਐੱਮ ਦੀ ਬਜਾਏ ਬੈਲਟ ਪੇਪਰ ਰਾਹੀਂ ਹੋਣਗੀਆਂ। ਅਜਿਹਾ ਕਰਕੇ ਜਿੱਥੇ ਦੇਸ਼ ਦਾ ਸਮੁੱਚਾ ਪਰਿਵਾਰ ਤੁਹਾਨੂੰ ਵੋਟ ਦੇਵੇਗਾ, ਉੱਥੇ ਉਹ ਲੋਕ ਵੀ ਤੁਹਾਡੇ ਹੱਕ ਵਿੱਚ ਭੁਗਤਣਗੇ, ਜਿਹੜੇ ਪਿਛਲੇ ਸਾਲਾਂ ਵਿੱਚ ਤੁਹਾਡੇ ਕੰਮਾਂ ਤੋਂ ਪ੍ਰਭਾਵਤ ਹੋਏ ਹੋਣਗੇ। ਇਹ ਮੰਗ ਕੋਈ ਗੈਰ ਕਾਨੂੰਨੀ ਨਹੀਂ ਹੈ, ਈ ਵੀ ਐੱਮ ਆਉਣ ਤੋਂ ਪਹਿਲਾਂ ਸਾਰੀ ਤਰ੍ਹਾਂ ਦੀਆਂ ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਅਤੇ ਗਿਣੀਆ ਜਾਂਦੀਆਂ ਸਨ। ਅਜਿਹਾ ਕਰਨ ਨਾਲ ਜਿੱਥੇ ਵਿਰੋਧੀਆਂ ਦੇ ਸ਼ੰਕੇ ਦੂਰ ਹੋ ਜਾਣਗੇ, ਉੱਥੇ ਹੀ ਤੁਹਾਡੇ ਪ੍ਰੇਮੀਆਂ ਦੇ ਗਰਾਫ਼ ਦਾ ਵੀ ਪਤਾ ਲੱਗ ਜਾਵੇਗਾ। ਅਜਿਹਾ ਕਰਨ ਨਾਲ ਜਨਤਾ ਦੇ ਇੱਕ ਹਿੱਸੇ ਦੇ ਸ਼ੰਕਿਆਂ ਦਾ ਨਿਪਟਾਰਾ ਹੋ ਜਾਵੇਗਾ। ਗਵਾਂਢੀ ਦੇਸ਼ ਪਾਕਿਸਤਾਨ ਤੋਂ ਲੈ ਕੇ ਲੋਕ ਰਾਜ ਦੇ ਮਸੀਹਾ ਅਮਰੀਕਾ ਦੇਸ਼ ਵਿੱਚ, ਜੋ ਸੰਸਾਰ ਵਿੱਚ ਮੋਹਰੀ ਰਿਹਾ ਹੈ, ਅਜਿਹਾ ਹੀ ਹੋ ਰਿਹਾ ਹੈ। ਜਿਸ ਮੁਹਿੰਮ ਨੂੰ ਦੇਸ਼ ਦਾ ਪੜ੍ਹਿਆ ਲਿਖਿਆ ਤਬਕਾ ਸੁਪਰੀਮ ਕੋਰਟ ਦਾ ਵਕੀਲ ਚਲਾ ਰਿਹਾ ਹੈ, ਉਹ ਵੀ ਚੁੱਪ ਹੋ ਜਾਣਗੇ।
ਕੀ ਮੋਦੀ ਸਾਹਿਬ ਇਸ ਚੈਲਿੰਜ ਨੂੰ ਕਬੂਲ ਕਰਕੇ ਵਿਰੋਧੀਆਂ ਦੀ ਹਮਦਰਦੀ ਨੂੰ ਵੀ ਆਪਣੇ ਪਰਿਵਾਰ ਵਿੱਚ ਸ਼ਾਮਲ ਕਰਨ ਦੀ ਦਲੇਰੀ ਕਰਨਗੇ, ਜਿਸ ਨਾਲ ‘ਸਭ ਕਾ ਸਾਥ, ਸਭ ਕਾ ਵਿਕਾਸ’ ਵਾਕਿਆ ਹੀ ਅਮਲ ਵਿੱਚ ਦਿਸਣ ਲੱਗੇਗਾ। ਇਸ ਲਈ ਆਉਣ ਵਾਲੇ ਸਮੇਂ ਵਿੱਚ ਸੰਬੰਧਤ ਲੋਕ ਉਡੀਕਵਾਨ ਰਹਿਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4795)
(ਸਰੋਕਾਰ ਨਾਲ ਸੰਪਰਕ ਲਈ: (