“ਸਾਨੂੰ ਸਭ ਲੁੱਟ ਹੋਣ ਵਾਲਿਆਂ ਨੂੰ ਇਕੱਠੇ ਹੋਣਾ ਹੋਵੇਗਾ, ਹਰ ਤਰ੍ਹਾਂ ਦਾ ਸਹਿਯੋਗ ਕਰਨਾ ਹੋਵੇਗਾ ਤਾਂ ਕਿ ਵੀਹ ਸੌ ਚੌਵੀ ਦੀ ...”
(19 ਫਰਵਰੀ 2024)
ਇਸ ਸਮੇਂ ਪਾਠਕ: 750.
ਮੰਨੀਆਂ ਮੰਗਾਂ ਪੂਰੀਆਂ ਨਾ ਕਰਨ ’ਤੇ ਦੇਸ਼ ਦਾ ਕਿਸਾਨ ਫਿਰ ਸੰਘਰਸ਼ ਦੇ ਰਾਹ ਪੈ ਗਿਆ ਹੈ। ਇਹ ਵਰਤਾਰਾ ਕੋਈ ਅਚਾਨਕ ਨਹੀਂ, ਸਗੋਂ ਮੰਨੀਆਂ ਮੰਗਾਂ ਪੂਰੀਆਂ ਕਰਨ ਲਈ ਬਣਦਾ ਸਮਾਂ ਦੇ ਕੇ ਦੁਬਾਰਾ ਤੇਰਾਂ ਫਰਵਰੀ ਤੋਂ ਹੋਂਦ ਵਿੱਚ ਆਇਆ ਹੈ। ਦੁਖੀ ਕਿਸਾਨ ਮੁੜ ਸੰਘਰਸ਼ ਦੇ ਰਾਹ ਨਾ ਪੈਣ, ਇਸ ਵਾਸਤੇ ਵੀ ਸੰਬੰਧਤ ਸਰਕਾਰ ਅਤੇ ਕਿਸਾਨ ਨੇਤਾਵਾਂ ਵੱਲੋਂ ਲੰਬੀਆਂ ਤੋਂ ਲੰਬੀਆਂ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਅਜੇ ਤਕ ਬੂਰ ਨਹੀਂ ਪਿਆ। ਇਸ ਵਰਤਮਾਨ ਸੰਘਰਸ਼ ਨੂੰ ਰੋਕਣ ਲਈ ਇਸ ਵਾਰ ਕੇਂਦਰ ਸਰਕਾਰ ਅਤੇ ਭਾਜਪਾ ਦੀ ਹਰਿਆਣਾ ਸਰਕਾਰ ਨੇ ਆਪਣਾ ਪੂਰਾ ਟਿੱਲ ਲਾਇਆ ਹੋਇਆ ਹੈ। ਕਿੰਨੀ ਅਜੀਬ ਗੱਲ ਹੈ ਕਿ ਦੇਸ਼ ਦੇ ਅੰਨ-ਦਾਤਿਆਂ ਨੂੰ ਦੇਸ਼ ਦੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਉਹ ਵੀ ਉਦੋਂ ਜਦੋਂ ਉਹ ਸ਼ਾਂਤਮਈ ਸੰਘਰਸ਼ ਨਾਲ ਮਿਲਣ ਜਾ ਰਹੇ ਹਨ। ਇਸ ਵਾਰ ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਰਸਤੇ ਵਿੱਚ ਖੜ੍ਹੀਆਂ ਕੀਤੀਆਂ ਰੁਕਾਵਟਾਂ ਤੋਂ ਲਗਦਾ ਹੈ ਕਿ ਜਿਵੇਂ ਸਰਕਾਰ ਮੀਟਿੰਗਾਂ ਕਰਨ ਦਾ ਸਵਾਂਗ ਰਚਾ ਕੇ ਆਰ-ਪਾਰ ਦੀ ਲੜਾਈ ਲਈ ਤਿਆਰੀ ਕਰ ਰਹੀ ਹੋਵੇ, ਪਰ ਮੌਕੇ ਦੀ ਕੇਂਦਰ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਕਿਸਾਨ ਮੋਰਚੇ ਦੀ ਸਮੁੱਚੀ ਅਗਵਾਈ ਉਸ ਪੰਜਾਬ ਕੋਲ ਹੈ, ਜਿਸ ਨੇ ਅੱਜ ਤਕ ਹਰ ਵਿਦੇਸ਼ੀ ਹਮਲਾਆਵਰ ਨੂੰ ਹਮਲੇ ਦਾ ਸਮੇਂ-ਸਮੇਂ ਸਿਰ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਅਤੇ ਅੱਗੋਂ ਦਿੰਦਾ ਰਹੇਗਾ।
ਇਸ ਮੌਜੂਦਾ ਕਿਸਾਨ ਸੰਘਰਸ਼ ਦੀਆਂ ਜੋ ਖ਼ਬਰਾਂ ਵੱਖ-ਵੱਖ ਚੈਨਲਾਂ ਤੋਂ ਸੁਣਾਈਆਂ ਅਤੇ ਦਿਖਾਈਆਂ ਜਾ ਰਹੀਆਂ ਹਨ, ਉਸ ਮੁਤਾਬਕ ਤਾਂ ਲਗਦਾ ਹੈ ਕਿ ਜਿਵੇਂ ਸੂਬੇ ਅਤੇ ਸੈਂਟਰ ਵੱਲੋਂ ਤਾਇਨਾਤ ਵੱਖ-ਵੱਖ ਫੋਰਸਾਂ ਆਪਣੇ ਦੇਸ਼ ਦੇ ਅੰਨ ਦਾਤਿਆਂ ਨਾਲ ਨਹੀਂ, ਬਲਕਿ ਕਿਸੇ ਗਵਾਂਢੀ ਦੇਸ਼ ਨਾਲ ਭਿੜ ਰਹੀਆਂ ਹੋਣ। ਬੇਸ਼ੁਮਾਰ ਰੁਕਾਵਟਾਂ ਖੜ੍ਹੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਖੂਹ ਨੁਮਾ ਟੋਏ ਪੁੱਟੇ ਗਏ ਹਨ। ਗਰੀਬੀ ਦੀ ਹਾਲਤ ਵਿੱਚ ਕਿਸ਼ਤਾਂ ਵਿੱਚ ਲਏ ਟਰੈਕਟਰਾਂ ਨੂੰ ਪੰਚਰ ਕਰਨ ਲਈ ਇਵੇਂ ਵੱਡੇ-ਵੱਡੇ ਕਿੱਲ ਅਤੇ ਨੋਕੀਲੇ ਸਰੀਏ ਗੱਡੇ ਗਏ ਹਨ, ਜਿਵੇਂ ਦੁਸ਼ਮਣ ਦੀ ਸੈਨਾ ਨੂੰ ਰੋਕਣ ਲਈ ਜੰਗਾਂ ਸਮੇਂ ਕੀਤਾ ਜਾਂਦਾ ਹੈ। ਇਸ ਲੜਾਈ ਜਾਂ ਸੰਘਰਸ਼ ਵਿੱਚ ਪੰਜਾਬ ਦਾ ਛੋਟਾ ਭਰਾ, ਜੋ ਪੰਜਾਬ ਦਾ ਹਿੱਸਾ ਕੱਟਣ ਤੋਂ ਹੋਂਦ ਵਿੱਚ ਆਇਆ ਹੈ, ਉਹ ਹੀ ਮਾਣ ਨਹੀਂ। ਉਹ ਛੋਟਾ ਭਰਾ ਵੀ ਦੁਸ਼ਮਣਾਂ ਵਾਂਗ ਥਾਪੀਆਂ ਮਾਰ ਰਿਹਾ ਹੈ, ਪਰ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅੰਨਦਾਤੇ ਕਿਸਾਨ ਨੇ ਆਪਣੇ ਦੁਖੜੇ ਸੁਣਾਉਣ ਲਈ ਦੇਸ਼ ਦੇ ਰਾਜੇ ਪਾਸ ਜਾਣਾ ਹੈ। ਇਹ ਅਲੱਗ ਗੱਲ ਹੈ ਕਿ ਭਾਵੇਂ ਉਸ ਵਿੱਚ ਇਸ ਵੇਲੇ ਤਾਨਾਸ਼ਾਹ ਦੀ ਰੂਹ ਪ੍ਰਵੇਸ਼ ਹੋ ਰਹੀ ਹੈ। ਜੇ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਨਾ ਨਿਕਲਿਆ ਤਾਂ ਮੌਜੂਦਾ ਰੁਕਾਵਟਾਂ ਨੂੰ ਕਿਸਾਨਾਂ ਦੀ ਏਕਤਾ ਨੇ ਪਾਰ ਕਰਨਾ ਹੀ ਕਰਨਾ ਹੈ।
ਵਾਅਦਾ ਕਰਕੇ ਮੁੱਕਰਿਆ ਮੌਜੂਦਾ ਮੁਖੀ ਜੋ ਅਜਿਹੇ ਮੌਕਿਆਂ ’ਤੇ ਅਕਸਰ ਮੌਨ ਜਾਂ ਵਿਦੇਸ਼ ਰਹਿੰਦਾ ਹੈ, ਅੱਜ-ਕੱਲ੍ਹ ਵਿਦੇਸ਼ੀ ਦੌਰੇ ’ਤੇ ਜਾ ਕੇ ਜੱਫੀਆਂ ਪਾ ਰਿਹਾ ਹੈ। ਜੋ ਬਾਹਰ ਜਾ ਕੇ ਵੀ ਝੂਠ ਪ੍ਰਚਾਰ ਰਿਹਾ ਹੈ ਕਿ ਮੋਦੀ ਦੀ ਗਰੰਟੀ ਪੱਕੀ ਹੁੰਦੀ ਹੈ, ਜਿਹੜੀ ਗਰੰਟੀ ਅੰਨ-ਦਾਤਿਆਂ ਪ੍ਰਤੀ ਕਦੇ ਵੀ ਸੱਚੀ ਸਾਬਤ ਨਹੀਂ ਹੋਈ। ਨਾ ਕਿਸਾਨ ਦੀ ਆਮਦਨ ਦੁੱਗਣੀ ਹੋਈ, ਨਾ ਕਰਜ਼ਾ ਮੁਆਫ਼ ਹੋਇਆ, ਨਾ ਮੰਨਣ ਤੋਂ ਬਾਅਦ ਐੱਮ ਐੱਸ ਪੀ, ਜੋ ਇੱਕ ਕਿਸਾਨ ਨੂੰ ਜੀਵਤ ਰੱਖਣ ਲਈ ਅਤੀ ਜ਼ਰੂਰੀ ਹੈ, ਦਿੱਤੀ। ਮੌਜੂਦਾ ਮੁਖੀ ਸਮੇਂ-ਸਮੇਂ ਜਨਤਾ ਨੂੰ ਮੂਰਖ ਬਣਾਉਣ ਲਈ ਵਿਉਂਤਾਂ ਬਣਾਉਂਦਾ ਰਹਿੰਦਾ ਹੈ, ਜਿਵੇਂ ਹੁਣੇ-ਹੁਣੇ ਹੀ ਸਵਾਮੀਨਾਥਨ ਜੀ ਨੂੰ ਬੜੇ ਚਿਰਾਂ ਬਾਅਦ ਮਰਨ ਉਪਰੰਤ ‘ਭਾਰਤ ਰਤਨ’ ਦੇ ਕੇ ਕੀਤਾ ਹੈ, ਜਿਸ ਸਵਾਮੀਨਾਥਨ ਦੀ ਰਿਪੋਰਟ ਦੀ ਇਕ ਧਾਰਾ ਵੀ ਲਾਗੂ ਨਹੀਂ ਕੀਤੀ। ਨਾ ਹੀ ਮਹਿੰਗਾਈ ਘਟੀ ਹੈ, ਜਿਸ ’ਤੇ ਸਵਰਗੀ ਸਵਾਮੀਨਾਥਨ ਦੀਆਂ ਦੋ ਧੀਆਂ ਨੇ ਵੀ ਹਾਅ ਦਾ ਨਾਅਰਾ ਮਾਰਿਆ ਹੈ। ਜਿਵੇਂ ਉਹ ਕਹਿ ਰਹੀਆਂ ਹੋਣ ਕਿ ‘ਭਾਰਤ ਰਤਨ’ ਦੇਣ ਤੋਂ ਬਾਅਦ ਵਿੱਚ ਤਾਂ ਸਰਕਾਰ ਕੁਝ ਸ਼ਰਮ ਕਰੇ। ਉਸ ਨੂੰ ਪੁੱਛਿਆ ਜਾ ਸਕਦਾ ਹੈ ਕਿ ਸ੍ਰੀ ਅਡਵਾਨੀ ਜੀ ਨੇ ਪਾਰਟੀ ਲਈ ਤਾਂ ਬਹੁਤ ਕੁਝ ਕੀਤਾ ਹੋਵੇਗਾ, ਜਿਸ ਨਾਲ ਭਾਜਪਾ ਦੋ ਤੋਂ ਵਧ ਕੇ ਅੱਜ ਵਾਲਾ ਰੁਤਬਾ ਕਾਇਮ ਕਰ ਸਕੀ, ਪਰ ਦੇਸ਼ ਲਈ ਉਸ ਨੇ ਕੀ ਕੀਤਾ ਕਿ ਉਹ “ਭਾਰਤ ਰਤਨ” ਦਾ ਹੱਕਦਾਰ ਬਣ ਗਿਆ? ਉਸ ਨੇ ਤਾਂ ਰੱਥ ਯਾਤਰਾ ਕੱਢ ਕੇ ਦੇਸ਼ ਵਿੱਚ ਅੱਗ ਲਾਉਣ ਅਤੇ ਫਿਰਕੂ ਹਿੰਸਾ ਤੋਂ ਵੱਧ ਕੁਝ ਨਹੀਂ ਕੀਤਾ।
ਕਿਸਾਨਾਂ ਦੀਆਂ ਮੰਗਾਂ ਦਾ ਮੁੱਖ ਚਾਰਟ ਇੱਕ ਪਾਸੇ ਰੱਖ ਕੇ ਜੇਕਰ ਉਨ੍ਹਾਂ ਨੂੰ ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਦਿੱਤਾ ਜਾਵੇ ਤਾਂ ਸਮੁੱਚੀ ਕਿਸਾਨੀ ਅੱਜ ਹੀ ਸੰਤੁਸ਼ਟ ਹੋ ਜਾਵੇਗੀ, ਪਰ ਮੌਜੂਦਾ ਮੁਖੀ ਅਤੇ ਉਸ ਦੇ ਨਾਇਬ ਇਸ ਸਭ ਕਾਸੇ ਨੂੰ ਟਾਲਣ ਲਈ ਬਹਾਨਿਆਂ ਦੀ ਖੋਜ ਵਿੱਚ ਹਨ। ਜੇ ਹਿਸਾਬ-ਕਿਤਾਬ ਲਾ ਕੇ ਸੋਚਿਆ ਜਾਵੇ ਤਾਂ ਸਾਫ਼ ਹੋ ਜਾਵੇਗਾ ਕਿ ਜਿੰਨਾ ਖਰਚਾ ਕਿਸਾਨਾਂ ਵੱਲੋਂ ਅੰਦੋਲਨ ਕਰਨ ’ਤੇ, ਅਤੇ ਸਰਕਾਰ ਵੱਲੋਂ ਇਸ ਨੂੰ ਰੋਕਣ ’ਤੇ ਆਵੇਗਾ ਉਸ ਨਾਲ ਕਿਸਾਨਾਂ ਦੇ ਕਈ ਮਸਲੇ ਹੱਲ ਕੀਤੇ ਜਾ ਸਕਦੇ ਸਨ। ਰਿਪੋਰਟਾਂ ਮੁਤਾਬਕ ਪੁਲਿਸ ਵੱਲੋਂ ਅੱਜ ਤਕ ਕਿਸਾਨਾਂ ’ਤੇ ਜਿਹੜਾ ਜਬਰ ਢਾਹਿਆ ਹੈ, ਉਹ ਬੜੀ ਅਨੋਖੀ ਕਹਾਣੀ ਬਿਆਨ ਕਰਦਾ ਹੈ। ਹੱਥਾਂ, ਗੰਨਾਂ ਅਤੇ ਇੱਥੋਂ ਤਕ ਕਿ ਡਰੋਨਾਂ ਰਾਹੀਂ ਵੱਖ-ਵੱਖ ਕਿਸਮ ਦੇ ਆਧੁਨਿਕ ਹੰਝੂ ਗੈਸ ਦੇ ਗੋਲੇ ਪੁਰ-ਅਮਨ ਕਿਸਾਨਾਂ ਉੱਪਰ ਵਰ੍ਹਾਏ ਗਏ ਹਨ। ਕਿਸਾਨ ਸ਼ਕਤੀ ਜਾਂ ਹੌਸਲਾ ਦੇਖੋ, ਲੱਖਾਂ ਦੀ ਕੀਮਤ ਵਾਲੇ ਡਰੋਨ ਪਤੰਗਾਂ ਨਾਲ ਡੇਗੇ ਜਾ ਰਹੇ ਹਨ। ਗੰਨਾਂ ਵਿੱਚੋਂ ਪਲਾਸਟਿਕ ਦੀਆਂ ਗੋਲੀਆਂ ਦਾ ਕਿਸਾਨਾਂ ਉੱਪਰ ਮੀਂਹ ਵਰ੍ਹਾਇਆ, ਜਿਸ ਨਾਲ ਰੋਜ਼ਾਨਾ ਰੋਜ਼ਾਨਾ ਬਜ਼ੁਰਗ ਅਤੇ ਨੌਜਵਾਨ ਕਿਸਾਨ ਫੱਟੜ ਹੋ ਰਹੇ ਹਨ। ਫਿਰ ਵੀ ਇਸ ਮੋਰਚੇ ਵਿੱਚ ਇਹ ਸਤਰਾਂ ਲਿਖਣ ਤਕ ਜੋ ਸਬਰ, ਜੋਸ਼ ਜਵਾਨੀ ਨੇ ਜ਼ਾਬਤੇ ਵਿੱਚ ਰਹਿ ਕੇ ਦਿਖਾਇਆ ਹੈ, ਉਹ ਆਪਣੇ-ਆਪ ਵਿੱਚ ਮਿਸਾਲ ਹੈ। ਤਸਵੀਰਾਂ ਅਤੇ ਸੋਸ਼ਲ ਮੀਡੀਏ ਰਾਹੀਂ ਪਤਾ ਚੱਲਦਾ ਹੈ ਕਿ ਕਈ ਕਿਸਾਨਾਂ ਦੇ ਪਲਾਸਟਿਕ ਗੋਲੀਆਂ ਨਾਲ ਸਰੀਰ ਵਿੰਨ੍ਹੇ ਪਏ ਹਨ। ਇਹ ਸਭ ਜਾਣ ਕੇ ਮੌਜੂਦਾ ਸਰਕਾਰਾਂ ਨੂੰ ਭਾਵੇਂ ਕੋਈ ਲੱਜਿਆ ਆਈ ਹੋਵੇ ਜਾਂ ਨਾ, ਪਰ ਇਸ ਵਰਤਾਰੇ ਸਦਕਾ ਕਿਸਾਨਾਂ ਦੀਆਂ ਸਮੁੱਚੀਆਂ ਜਥੇਬੰਦੀਆਂ ਹਰਕਤ ਵਿੱਚ ਆ ਗਈਆਂ ਹਨ ਅਤੇ ਇੱਕ-ਮੁਠ ਹੋ ਗਈਆਂ ਹਨ।
ਅੱਥਰੂ ਗੈਸ ਅਤੇ ਪਲਾਸਟਿਕ ਦੀਆਂ ਗੋਲੀਆਂ ਵੱਜਣ ਦੌਰਾਨ ਤੁਸੀਂ ਭਾਈ ਘੱਨਈਆਂ ਨੂੰ ਆਮ ਦੇਖ ਸਕਦੇ ਹੋ। ਜੋ ਵਾਕਿਆ ਹੀ ਪਾਣੀ ਪਿਲਾਉਣ ਤੋਂ ਲੈ ਕੇ ਮਰਹਮ ਪੱਟੀ ਤਕ ਕਰਦੇ ਹਨ ਅਤੇ ਪਾਣੀ ਭਿੱਜੀਆਂ ਬੋਰੀਆਂ ਦੌੜ-ਦੌੜ ਕੇ ਅੱਥਰੂ ਗੈਸਾਂ ਦੇ ਧੂੰਆਂ ਛੱਡਦੇ ਗੋਲਿਆਂ ਉੱਪਰ ਸੁੱਟ ਰਹੇ ਹਨ। ਖ਼ਬਰਾਂ ਮੁਤਾਬਕ ਮਾਨ ਸਰਕਾਰ ਨੇ ਵੀ ਦਵਾ-ਦਾਰੂ ਦਾ ਪ੍ਰਬੰਧ ਪੰਜਾਬ-ਹਰਿਆਣਾ ਸਰਹੱਦ ਪਾਸ ਕੀਤਾ ਹੋਇਆ ਹੈ। ਮੈਡੀਕਲ ਵੈਨਾਂ ਲੈਸ ਹੋ ਕੇ ਘੁੰਮ ਰਹੀਆਂ ਹਨ ਤਾਂ ਕਿ ਸੰਬੰਧਤ ਜ਼ਖਮੀਆਂ ਦਾ ਇਲਾਜ ਹੋ ਸਕੇ। ਬੁੱਚੜ ਬਣੇ ਅਧਿਕਾਰੀਆਂ ਅਤੇ ਲੋਕਾਂ ਨੇ ਆਪਣਾ-ਆਪਣਾ ਰੋਲ ਅਦਾ ਕਰਨਾ ਹੀ ਹੈ। ਸਰਹੱਦਾਂ ’ਤੇ ਲੜਨ ਵਾਲੇ ਵੀ ਬਹੁਤੇ ਲੋਕ ਉਹੀ ਹਨ, ਜਿਨ੍ਹਾਂ ਦੇ ਪਰਿਵਾਰਾਂ ਦੇ ਲੋਕ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹਨ। ਏਕਤਾ ਅਤੇ ਲਗਨ ਹੀ ਅਜਿਹੇ ਸੰਘਰਸ਼ਾਂ ਨੂੰ ਸਫ਼ਲ ਕਰਦੀ ਹੈ। ਜਿਹੜਾ ਹਕੂਮਤੀ ਟੋਲਾ ਅੱਤਿਆਚਾਰ ਕਰਵਾ ਰਿਹਾ ਹੈ, ਉਸ ਨੂੰ ਸਬਕ ਸਿਖਾਉਣ ਵਾਸਤੇ ਸਾਨੂੰ ਆ ਰਹੀਆਂ ਵੀਹ ਸੌ ਚੌਵੀ ਦੀਆਂ ਪਾਰਲੀਮੈਂਟ ਚੋਣਾਂ ਵਾਸਤੇ ਨੂੰ ਸਭ ਮੱਤ-ਭੇਦ ਭੁਲਾ ਕੇ ਇਕੱਠਾ ਹੋ ਕੇ ਜ਼ਾਲਮ ਲਾਣੇ ਨੂੰ ਆਪਣੀ ਵੋਟ ਰਾਹੀਂ ਜ਼ਰੂਰੀ ਹਰਾਉਣਾ ਹੋਵੇਗਾ। ਸਾਨੂੰ ਸਭ ਲੁੱਟ ਹੋਣ ਵਾਲਿਆਂ ਨੂੰ ਇਕੱਠੇ ਹੋਣਾ ਹੋਵੇਗਾ, ਹਰ ਤਰ੍ਹਾਂ ਦਾ ਸਹਿਯੋਗ ਕਰਨਾ ਹੋਵੇਗਾ ਤਾਂ ਕਿ ਵੀਹ ਸੌ ਚੌਵੀ ਦੀ ਪਾਰਲੀਮੈਂਟ ਚੋਣ ਆਖਰੀ ਨਾ ਸਾਬਤ ਹੋ ਸਕੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4734)
(ਸਰੋਕਾਰ ਨਾਲ ਸੰਪਰਕ ਲਈ: (