GurmitShugli8ਸਰਕਾਰ ਇੰਨੀ ਲਾਪ੍ਰਵਾਹ ਅਤੇ ਨਿਕੰਮੀ ਹੈ ਕਿ ਪਾਰਲੀਮੈਂਟ ਵਿੱਚ ...
(20 ਸਤੰਬਰ 2020)

 

ਜਦ ਪਾਠਕ ਅੱਜ ਦੀ ਅਖ਼ਬਾਰ ਫਰੋਲ ਰਹੇ ਹੋਣਗੇ, ਆਪਣਾ ਮਨ-ਪਸੰਦ ਲੇਖ ਜਾਂ ਖ਼ਬਰ ਦੇਖ ਰਹੇ ਹੋਣਗੇ ਤਾਂ ਭਾਰਤ ਵਿੱਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ 86 ਹਜ਼ਾਰ ਤੋਂ ਵਧ ਗਈ ਹੋਵੇਗੀਕੋਰੋਨਾ ਬੀਮਾਰੀ ਦੀ ਲਪੇਟ ਵਿੱਚ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਵੀ 54 ਲੱਖ ਤੋਂ ਉੱਪਰ ਹੋ ਗਈ ਹੋਵੇਗੀ, ਜਿਸ ’ਤੇ ਸਮੁੱਚੇ ਭਾਰਤੀ ਚਿੰਤਤ ਹਨ, ਪਰ ਦੇਸ਼ ਦਾ ਗੋਦੀ ਮੀਡੀਆ ਹੈ ਕਿ ਜਿਸ ਨੂੰ ਚੜ੍ਹੀ-ਲੱਥੀ ਦਾ ਕੋਈ ਫ਼ਰਕ ਨਹੀਂ ਪੈਂਦਾਆਮ ਜਨਤਾ ਦੀ ਮਜਬੂਰੀ ਇਹ ਹੈ ਕਿ ਉਹ ਕੋਰੋਨਾ ਕਰਕੇ, ਬੇਰੁਜ਼ਗਾਰ ਹੋਣ ਕਰਕੇ, ਬੀਮਾਰੀ ਦੀ ਹਾਲਤ ਵਿੱਚ, ਸਕੂਲ-ਕਾਲਜ ਬੰਦ ਹੋਣ ਕਰਕੇ, ਘਰਾਂ ਵਿੱਚ ਬੰਦ ਹਨ ਜਾਂ ਘਰਾਂ ਵਿੱਚ ਰਹਿਣ ਲਈ ਮਜਬੂਰ ਹਨਉਨ੍ਹਾਂ ਲਈ ਸਮਾਂ ਬਿਤਾਉਣ ਦੀ ਖਾਤਰ, ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਇਲਾਵਾ ਟੀ ਵੀ ਚਲਾਉਣੇ ਪੈਂਦੇ ਹਨਸਿਵਾਏ ਇੱਕ-ਦੋ ਚੈਨਲਾਂ ਨੂੰ ਛੱਡ ਕੇ ਸਭ ਦੇ ਇੱਕੋ ਘਰੇ ਹੀ ਨਾਨਕੇ ਲੱਭਦੇ ਹਨਸਭ ਚੈਨਲਾਂ ’ਤੇ ਅਜੇ ਤਕ ਐਕਟਰ ਸੁਸ਼ਾਂਤ ਕੁਮਾਰ ਦਾ ਮਾਮਲਾ ਪਹਿਲੀ ਸਪੀਡ ’ਤੇ ਹੀ ਚੱਲ ਰਿਹਾ ਹੈ, ਜਿਸ ਵਿੱਚ ਇਹ ਪਤਾ ਕਰਨਾ ਹੈ ਕਿ ਕਿਹੜੀਆਂ ਪ੍ਰਸਥਿਤੀਆ ਵਿੱਚ ਸੁਸ਼ਾਂਤ ਦੀ ਮੌਤ ਹੋਈ? ਉਸ ਦੀ ਹੱਤਿਆ ਕੀਤੀ ਗਈ ਜਾਂ ਉਸ ਨੇ ਆਤਮ ਹੱਤਿਆ ਕੀਤੀ? ਇਹ ਸਭ ਕੰਮ ਸੁਪਰੀਮ ਕੋਰਟ ਨੇ ਸੀ ਬੀ ਆਈ ਨੂੰ ਸੌਂਪਿਆ ਹੈ, ਪਰ ਗੋਦੀ ਮੀਡੀਆ ਆਪਣੇ ਵੱਲੋਂ ਇਸਦਾ ਰੋਜ਼ਾਨਾ ਹਰ ਘੰਟੇ-ਘੰਟੇ, ਮਿੰਟ-ਮਿੰਟ ਦਾ ਹਿਸਾਬ ਰੱਖ ਰਿਹਾ ਹੈ, ਜਿਵੇਂ ਇਸ ਪਾਸ ਸਰਕਾਰੀ ਏਜੰਸੀ ਤੋਂ ਜ਼ਿਆਦਾ ਸਾਧਨ ਹੋਣ

ਉਪਰੋਕਤ ਸੁਸ਼ਾਂਤ ਕੇਸ ਵਿੱਚ ਵੱਖ-ਵੱਖ ਚੈਨਲਾਂ ਪਾਸ ਆਪੋ-ਆਪਣੀਆਂ ਸਟੋਰੀਆਂ ਹਨਕੋਈ ਕਿਸੇ ਦਾ ਬਚਾਅ ਕਰ ਰਿਹਾ ਹੈ, ਕੋਈ ਕਿਸੇ ਨੂੰ ਫਸਾ ਰਿਹਾ ਹੈਜਿਵੇਂ ਘੋਰ ਹਨੇਰੇ ਵਿੱਚ ਅਣਜਾਣ ਬੰਦਿਆਂ ਦਾ ਗਰੁੱਪ ਇੱਕ ਹਾਥੀ ਨੂੰ ਆਪੋ-ਆਪਣੇ ਅਨੁਭਵ ਮੁਤਾਬਕ ਬਿਆਨ ਕਰ ਰਿਹਾ ਸੀ, ਜਿਸਦਾ ਹੱਥ ਦੰਦਾਂ ਨੂੰ ਲੱਗਾ, ਉਸ ਆਖਿਆ ਹਾਕੀ ਹੈ, ਜਿਸਦਾ ਹੱਥ ਕੰਨਾਂ ਨੂੰ ਲੱਗਾ ਉਸ ਆਖਿਆ ਪੱਖਾ ਹੈ, ਜਿਸਦੇ ਹੱਥਾਂ ਵਿੱਚ ਲੱਤ ਆ ਗਈ, ਉਸ ਨੇ ਕਿਹਾ ਥੰਮ੍ਹ ਜਾਂ ਪੀਲਪਾਵਾ ਹੈ ਅਤੇ ਜਿਸਦੇ ਹੱਥ ਪੂਛ ਆਈ ਉਸ ਆਖਿਆ ਸੋਟੀ ਹੈ, ਪਰ ਹਾਥੀ ਦਾ ਕਿਸੇ ਨੂੰ ਨਾ ਪਤਾ ਲੱਗਾਅਸਲ ਕੀ ਹੋਇਆ ਅਤੇ ਕਿਵੇਂ ਹੋਇਆ, ਸਬੂਤਾਂ ਸਮੇਤ ਤਾਂ ਸੀ ਬੀ ਆਈ ਹੀ ਆਪਣੀ ਰਿਪੋਰਟ ਵਿੱਚ ਦੱਸੇਗੀ, ਉਹ ਰਿਪੋਰਟ ਵੀ ਅਦਾਲਤ ਵਿੱਚ ਟਿਕ ਪਾਏਗੀ ਕਿ ਨਹੀਂ, ਇਹ ਸਭ ਆਉਣ ਵਾਲੇ ਸਮੇਂ ਦੀ ਬੁੱਕਲ ਵਿੱਚ ਹੈ

ਸੁਸ਼ਾਂਤ ਕੇਸ ਤੋਂ ਇਲਾਵਾ ਗੋਦੀ ਮੀਡੀਏ ਨੂੰ ਕੰਗਣਾ ਦਾ ਕੇਸ ਮਿਲ ਗਿਆ ਹੈਜਿਹੜੀ ਕੰਗਨਾ ਪੰਦਰਾਂ ਸਾਲ ਦੀ ਉਮਰ ਵਿੱਚ ਘਰ ਛੱਡ ਕੇ ਮੁੰਬਈ ਵੱਲ ਰਵਾਨਾ ਹੋ ਗਈ, ਬਿਨਾਂ ਸ਼ੱਕ ਉਸ ਨੇ ਕਾਫ਼ੀ ਮਿਹਨਤ ਕੀਤੀਅੱਜ ਤਕ ਪਹੁੰਚਣ ਤੋਂ ਪਹਿਲਾਂ ਉਹ ਪਦਮਸ੍ਰੀ ਦੇ ਅਹੁਦੇ ਨਾਲ ਨਿਵਾਜੀ ਗਈਫਿਰ ਸ਼ਿਵ ਸੈਨਾ ਨਾਲ ਤੂੰ-ਤੂੰ, ਮੈਂ-ਮੈਂ ਵਿਚਕਾਰ ਹਿਮਾਚਲ ਦੀ ਧੀ ਬਣੀਧੀ ਦਾ ਮਾਣ ਕਰਦਿਆਂ ਉਸ ਨੂੰ ਸਕਿਉਰਿਟੀ ਦਿੱਤੀ ਗਈਜਦ ਉਸ ਦਾ ਪੰਗਾ ਸ਼ਿਵ ਸੈਨਾ ਨਾਲ ਪਿਆ ਦੇਖਿਆ ਤਾਂ ਦੇਸ਼ ਦੇ ਹੋਮ ਮਨਿਸਟਰ ਨੇ ਵਾਈ ਪਲੱਸ ਸਕਿਉਰਿਟੀ ਦੇ ਕੇ ਨਿਵਾਜਿਆਪੂਰੇ ਚੈਲੰਜ ਨਾਲ ਮੁੰਬਈ ਪਹੁੰਚੀ, ਜੋ ਮਨ ਆਇਆ ਕਿਹਾ, ਵੰਗਾਰਿਆ, ਸੁਣਿਆ ਵੀ, ਰਾਜਪਾਲ ਨਾਲ ਮੁਲਾਕਾਤ ਕੀਤੀਸ਼ਿਕਾਇਤਾਂ ਦਾ ਢੇਰ ਲਾ ਦਿੱਤਾਰਾਜ ਸਭਾ ਦੀ ਮੈਂਬਰ ਜਯਾ ਬੱਚਨ ਨਾਲ ਸਿੰਗ ਫਸ ਗਏਬਾਕੀਆਂ ਨਾਲ ਵੀ ਇਸ਼ਾਰੇ-ਇਸ਼ਾਰੇ ਵਿੱਚ ਕੁੜੱਤਣ ਪੈਦਾ ਕੀਤੀਹੁਣ ਆਖਿਆ ਕਿ ਮੈਂ ਸਿਰ ਕਟਾ ਸਕਦੀ ਹਾਂ, ਝੁਕਾਅ ਨਹੀਂਗੋਦੀ ਮੀਡੀਏ ਨੂੰ ਹੋਰ ਕੀ ਚਾਹੀਦਾ ਸੀ, ਹੋਰ ਮਸਾਲਾ ਮਿਲ ਗਿਆ ਆਉਣ ਵਾਲੇ ਦਿਨਾਂ ਵਿੱਚ ਤਰ੍ਹਾਂ-ਤਰ੍ਹਾਂ ਦਾ ਤੁੜਕਾ ਲਾ ਕੇ ਪੇਸ਼ ਕਰਨਗੇ

ਦੇਸ਼ ਵਿੱਚ ਪਾਰਲੀਮੈਂਟ ਦਾ ਅਜਲਾਸ ਚੱਲ ਰਿਹਾ ਹੈਤਰ੍ਹਾਂ-ਤਰ੍ਹਾਂ ਮੁੱਦੇ ਦੇਸ਼ ਸਾਹਮਣੇ ਹਨਕਿਸਾਨਾਂ ਦੇ ਹਿਤ ਦੇ ਖ਼ਿਲਾਫ਼ ਬਿੱਲ ਪੇਸ਼ ਹੋ ਰਹੇ ਹਨ, ਪਾਸ ਵੀ ਹੋ ਰਹੇ ਹਨਕਿਸਾਨ ਸੜਕਾਂ ’ਤੇ ਹੈਮੁਜ਼ਾਹਰੇ ਕਰ ਰਿਹਾ ਹੈਚੀਨ ਗੱਲ ਕਰ ਰਿਹਾ ਹੈਗੱਲ ਕਰਕੇ ਮੁੱਕਰ ਰਿਹਾ ਹੈਜਨਤਾ ਲਈ ਚਿੰਤਾ ਦਾ ਵਿਸ਼ਾ ਹੈਬੇਰੁਜ਼ਗਾਰੀ ਦੀ ਗਿਣਤੀ ਕਰੋੜਾਂ ਵਿੱਚ ਹੋ ਰਹੀ ਹੈਨਵੀਂਆਂ ਭਰਤੀਆਂ ਨਹੀਂ ਹੋ ਰਹੀਆਂਭਰਤੀ ਨਿਕਲੇ ਤਾਂ ਇਮਤਿਹਾਨ ਨਹੀਂ ਹੁੰਦੇਇਮਤਿਹਾਨ ਹੋ ਜਾਣ ਤਾਂ ਨਤੀਜੇ ਨਹੀਂ ਆਉਂਦੇਨਤੀਜੇ ਆ ਜਾਣ ਤਾਂ ਫਿਰ ਨੌਕਰੀ ਦੀ ਚਿੱਠੀ ਨਹੀਂ ਆਉਂਦੀਚਿੱਠੀ ਆ ਵੀ ਜਾਵੇ ਤਾਂ ਸਹਿਜੇ ਕੀਤੇ ਜੁਆਇੰਨ ਨਹੀਂ ਕਰਾਉਂਦੇਜੁਆਇੰਨ ਕਰਕੇ ਜੇ ਕੰਮ ਕਰਨ ਲੱਗ ਪਵੋ ਤਾਂ ਕਈ-ਕਈ, ਸਾਲ, ਮਹੀਨੇ ਤਨਖ਼ਾਹ ਨਹੀਂ ਮਿਲਣੀਅਜਿਹੇ ਬੇਸ਼ੁਮਾਰ ਮਸਲੇ ਹਨ, ਜਿਨ੍ਹਾਂ ’ਤੇ ਮੀਡੀਆ ਬਹਿਸਾਂ ਕਰਾ ਕੇ ਲੋਕਾਂ ਅਤੇ ਸਰਕਾਰਾਂ ਨੂੰ ਜਾਣੂ ਕਰਾ ਸਕਦਾ ਹੈਅਜਿਹੇ ਮਸਲਿਆਂ ਦਾ ਹੱਲ ਕੱਢਿਆ ਜਾ ਸਕਦਾ ਹੈਸਰਕਾਰ ਅਤੇ ਆਮ ਜਨਤਾ ਵਿਚਲਾ ਪਾੜਾ ਦੂਰ ਕੀਤਾ ਜਾ ਸਕਦਾ ਹੈ, ਪਰ ਅਜਿਹੇ ਮਸਲਿਆ ’ਤੇ ਗੋਦੀ ਮੀਡੀਆ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਪਰ ਕਿਉਂ? ਜੋ ਚੈਨਲ ਸਰਕਾਰ ਦਾ ਗੁਣਗਾਣ ਕਰਦੇ ਹਨ, ਉਨ੍ਹਾਂ ਨੂੰ ਇਸ਼ਤਿਹਾਰਬਾਜ਼ੀ ਨਾਲ ਰਜਾਇਆ ਜਾਂਦਾ ਹੈਜੋ ਚੈਨਲ ਸੱਚ ਦਿਖਾ ਰਹੇ ਹਨ, ਉਨ੍ਹਾਂ ਨੂੰ ਦੇਸ਼-ਧ੍ਰੋਹੀ ਗਰਦਾਨਿਆ ਜਾ ਰਿਹਾ ਹੈਜੋ ਚੈਨਲ ਹਿੰਦੂ-ਸਿੱਖ, ਹਿੰਦੂ-ਮੁਸਲਮਾਨ, ਹਿੰਦ-ਪਾਕਿ ਦਾ ਰੌਲਾ ਪਾ ਕੇ ਅਸਲੀ ਮੁੱਦਿਆਂ ਤੋਂ ਜਨਤਾ ਦਾ ਧਿਆਨ ਹਟਾ ਰਹੇ ਹਨ, ਉਨ੍ਹਾਂ ਨੂੰ ਦੇਸ਼ ਭਗਤੀ ਦੇ ਸਰਟੀਫਿਕੇਟਾਂ ਨਾਲ ਨਿਵਾਜਿਆ ਜਾ ਰਿਹਾ ਹੈ

ਸਾਡਾ ਦੇਸ਼ ਜਿੰਨਾ ਵੱਡਾ ਹੈ, ਉੰਨੇ ਵੱਡੇ ਇਸ ਦੇਸ਼ ਦੇ ਮਸਲੇ ਹਨ, ਪਰ ਉਨ੍ਹਾਂ ਮਸਲਿਆਂ ਨਾਲ ਨਜਿੱਠਣ ਲਈ ਨਾ ਸਾਡੇ ਪਾਸ ਸਾਧਨ ਹਨ, ਨਾ ਨੀਅਤ ਹੈ, ਨਾ ਹੀ ਹੌਸਲਾ ਹੈ, ਜਿਸ ਕਰਕੇ ਚਾਰੇ ਪਾਸੇ ਹਾਹਾਕਾਰ ਮਚੀ ਹੋਈ ਹੈਦੇਸ਼ ਇੱਕ ਤਰ੍ਹਾਂ ਨਾਲ ਠੱਪ ਪਿਆ ਹੈਸੂਬਿਆਂ ਨੂੰ ਬਣਦਾ ਜੀ ਐੱਸ ਟੀ ਦਾ ਹਿੱਸਾ ਨਹੀਂ ਮਿਲ ਰਿਹਾਉਨ੍ਹਾਂ ਨੂੰ ਭਿਖਾਰੀ ਬਣਨ ਲਈ ਜਾ ਰਿਹਾ ਹੈਕਰਜ਼ਾ ਲੈ ਕੇ ਸਰਕਾਰਾਂ ਚਲਾਉਣ ਲਈ ਆਖਿਆ ਜਾ ਰਿਹਾਪੈਸੇ ਦੀ ਅਣਹੋਂਦ ਕਰਕੇ ਸੂਬਿਆਂ ਦਾ ਵਿਕਾਸ ਰੁਕਿਆ ਪਿਆ ਹੈਕੋਰੋਨਾ ਬੀਮਾਰੀ ਜੋੜ ਫੜ ਰਹੀ ਹੈਸੋਸ਼ਲ ਡਿਸਟੈਂਸਿੰਗ ਦੀ ਦੁਹਾਈ ਪਾਈ ਜਾ ਰਹੀ ਹੈਦੂਜੇ ਪਾਸੇ ਪਛੜੇ ਅਤੇ ਗਰੀਬ ਬਿਹਾਰ ਸੂਬੇ ਦੀ ਚੋਣ ਦਾ ਐਲਾਨ ਕਰਕੇ ਆਮ ਜਨਤਾ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈਸਰਕਾਰ ਪਾਸ ਤਾਂ ਪ੍ਰਚਾਰ ਦੇ ਸਾਧਨ ਹਨ, ਪਰ ਬਾਕੀ ਗਰੀਬ ਜਨਤਾ ਅਤੇ ਵਿਰੋਧੀ ਪਾਰਟੀਆਂ ਕਿਸ ਤਰ੍ਹਾਂ ਆਪਣਾ ਪ੍ਰਚਾਰ ਕਰਨਗੀਆਂ, ਅਜਿਹੀ ਮੁਸੀਬਤ ਸਮੇਂ ਸਰਕਾਰ ਨੇ ਇਸ ਸਥਿਤੀ ਦਾ ਫਾਇਦਾ ਉਠਾਉਣ ਲਈ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈਫੈਸਲਾ ਤਾਂ ਜਨਤਾ ਨੇ ਕਰਨਾ ਹੈ, ਪਰ ਅੱਜ ਦੇ ਦਿਨ ਪਹਿਲੀ ਸਰਕਾਰ ਜੇਤੂ ਮੂਡ ਵਿੱਚ ਕੰਮ ਕਰ ਕੇ ਅੱਗੇ ਵਧ ਰਹੀ ਹੈ

ਦੇਸ਼ ਦਾ ਪ੍ਰਧਾਨ ਮੰਤਰੀ ਜਿੰਨਾ ਪ੍ਰਭਾਵ ਪਾਊ ਭਾਸ਼ਣ ਕਰਦਾ ਹੈ ਵਿਰੋਧੀਆਂ ਕੋਲ ਬਰਾਬਰ ਦੀ ਲੀਡਰਸ਼ਿੱਪ ਦੀ ਅਣਹੋਂਦ ਕਰਕੇ ਲੋਕ ਸੱਚ ਮੰਨ ਬੈਠਦੇ ਹਨਇਸ ਕਰਕੇ ਬੇੜਾ ਪਾਰ ਲੱਗ ਜਾਂਦਾ ਹੈਅੱਜ ਤੋਂ ਪੰਜ ਸਾਲ ਪਹਿਲਾਂ, ਚੋਣਾਂ ਤੋਂ ਪਹਿਲਾਂ ਮੌਜੂਦਾ ਪ੍ਰਧਾਨ ਮੰਤਰੀ ਨੇ ਬਿਹਾਰ ਰਾਜ ਲਈ ਇੱਕ ਲੱਖ ਪੱਚੀ ਹਜ਼ਾਰ ਕਰੋੜ ਦਾ ਮਦਦ ਵਾਸਤੇ ਐਲਾਨ ਕੀਤਾ ਸੀ, ਜਿਸ ਮੁਤਾਬਕ ਕਾਲਜ, ਵਿਸ਼ਵ ਵਿਦਿਆਲੇ, ਯੂਨੀਵਰਸਿਟੀਆਂ, ਪੁਲ ਵਗੈਰਾ ਅਤੇ ਬਿਜਲੀ ਪੈਦਾ ਕਰਨ ਵਾਲੇ ਵੱਡੇ-ਵੱਡੇ ਜੰਤਰ ਲਾਉਣ ਦਾ ਵਾਅਦਾ ਕੀਤਾ ਸੀਅੱਜ ਸਭ ਜਾਣਦੇ ਹਨ ਕਿ ਪਿਛਲੀ ਮਦਦ ਅਤੇ ਐਲਾਨਾਂ ਦਾ ਕੀ ਬਣਿਆ? ਇਸ ਵਾਰੀ ਉਸ ਨੇ ਜੋ ਵਾਅਦਾ ਕੀਤਾ ਹੈ, ਉਸ ਦੀ ਰਕਮ ਚੋਖੀ ਵਧਾ ਦਿੱਤੀ ਹੈ, ਪਰ ਹੋਣਾ ਪਿਛਲੀ ਵਾਰ ਵਾਂਗ ਹੀ ਹੈਜਨਤਾ ਨੇ ਇੱਕ ਵਾਰੀ ਫਿਰ ਠੱਗਿਆ ਜਾਣਾ ਹੈ

ਸਰਕਾਰ ਇੰਨੀ ਲਾਪ੍ਰਵਾਹ ਅਤੇ ਨਿਕੰਮੀ ਹੈ ਕਿ ਪਾਰਲੀਮੈਂਟ ਵਿੱਚ ਲਾਕਡਾਊਨ ਦੌਰਾਨ ਜਦ ਮਜ਼ਦੂਰਾਂ ਨੇ ਬੇਰੁਜ਼ਗਾਰੀ ਕਰਕੇ ਘਰ ਵਾਪਸੀ ਕੀਤੀ, ਉਸ ਸਮੇਂ ਦੌਰਾਨ ਕਿੰਨਾ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ, ਦੇ ਜਵਾਬ ਵਿੱਚ ਸਰਕਾਰ ਨੇ ਬੜੀ ਢੀਠਤਾਈ ਨਾਲ ਕਿਹਾ ਕਿ ਸਰਕਾਰ ਪਾਸ ਮਰਨ ਵਾਲਿਆਂ ਦਾ ਕੋਈ ਰਿਕਾਰਡ ਨਹੀਂ ਹੈ, ਇਸ ਕਰਕੇ ਮੁਆਵਜ਼ਾ ਦੇਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਜਿਸ ਦੀ ਸਭ ਪਾਸਿਆਂ ਤੋਂ ਨਿਖੇਧੀ ਹੋ ਰਹੀ ਹੈ

ਤੁਹਾਨੂੰ ਯਾਦ ਹੋਵੇਗਾ ਕਿ ਕੋਰੋਨਾ ਨੂੰ ਭਜਾਉਣ ਲਈ ਮੋਦੀ ਨੇ ਥਾਲੀਆਂ, ਤਾੜੀਆਂ ਵਜਾਉਣ ਲਈ ਆਖਿਆ ਸੀ, ਲੋਕਾਂ ਨੇ ਉਵੇਂ ਹੀ ਕੀਤਾਫਿਰ ਫੌਜ ਨੇ ਹਵਾਈ ਜਹਾਜ਼ਾਂ ਰਾਹੀ ਡਾਕਟਰਾਂ ਅਤੇ ਹਸਪਤਾਲਾਂ ’ਤੇ ਫੁੱਲ ਬਰਸਾਏ ਸਨਡਾਕਟਰਾਂ ਨੂੰ ਯੋਧੇ ਕਰਾਰ ਦਿੱਤਾ ਗਿਆ ਸੀ ਅਤੇ ਕੋਰੋਨਾ ਦੌਰਾਨ ਆਪਣੀ ਜਾਨ ਨਿਸ਼ਾਵਰ ਕਰਨ ਵਾਲਿਆਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ ਸੀਹੁਣ ਚਾਲੂ ਪਾਰਲੀਮੈਂਟ ਸੈਸ਼ਨ ਦੌਰਾਨ ਜਦ ਇਸ ਬਾਬਤ ਸਵਾਲ ਪੁੱਛਿਆ ਗਿਆ ਕਿ ਅੱਜ ਤਕ ਕਿਸ-ਕਿਸ ਸੂਬੇ ਨਾਲ ਸੰਬੰਧਤ ਡਾਕਟਰ ਆਪਣੀਆਂ ਜਾਨਾਂ ਵਾਰ ਗਏ ਹਨ ਤਾਂ ਸੰਬੰਧਤ ਮਨਿਸਟਰ ਦਾ ਘੜਿਆ-ਘੜਾਇਆ ਜਵਾਬ ਸੀ ਕਿ ਇਹ ਸੂਬੇ ਨਾਲ ਸੰਬੰਧਤ ਸਵਾਲ ਹੈਇਸ ਕਰਕੇ ਸੈਂਟਰ ਪਾਸ ਇਸਦਾ ਕੋਈ ਰਿਕਾਰਡ ਨਹੀਂ ਹੈ, ਜਿਸ ’ਤੇ ਸਾਰੀ ਵਿਰੋਧੀ ਪਾਰਟੀ ਭੜਕ ਪਈ ਅਤੇ ਖਾਸ ਕਰ ਆਈ ਐੱਮ ਏ ਨੇ ਆਪਣਾ ਸਖ਼ਤ ਵਿਰੋਧ ਜਿਤਾਇਆਜੇ ਐਨੀ ਗਿਣਤੀ ਵਿੱਚ ਨੌਕਰਸ਼ਾਹੀ ਹੋਣ ਕਰਕੇ ਵੀ ਸਰਕਾਰ ਅਜਿਹੇ ਰਿਕਾਰਡ ਨਹੀਂ ਰੱਖ ਸਕਦੀ ਤਾਂ ਫਿਰ ਉਸ ਸਰਕਾਰ ਨੂੰ ਬਣੀ ਰਹਿਣ ਦਾ ਨੈਤਿਕ ਅਧਿਕਾਰ ਕੀ ਹੈ

ਮੁੱਕਦੀ ਗੱਲ ਕਿ ਮੌਜੂਦਾ ਸਰਕਾਰ ਵਿੱਚ ਇੰਨਾ ਨਿਕੰਮਪੁਣਾ ਆ ਚੁੱਕਾ ਹੈ ਕਿ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਮੌਜੂਦਾ ਸਰਕਾਰ ਦੀ ਤੰਦ ਨਹੀਂ ਉਲਝੀ ਹੋਈ, ਸਗੋਂ ਤਾਣੀ ਹੀ ਉਲਝੀ ਪਈ ਹੈਅਜਿਹੇ ਹਾਲਤਾਂ ਵਿੱਚ ਸਰਕਾਰ ਵੱਲੋਂ ਜਨਤਾ ਦੇ ਕੰਮਾਂ ਪ੍ਰਤੀ ਇਮਾਨਦਾਰ ਹੋਣਾ ਦਿਨ ਵਿੱਚ ਇੱਕ ਸੁਪਨਾ ਦੇਖਣ ਦੇ ਬਰਾਬਰ ਵਾਲੀ ਗੱਲ ਹੋਵੇਗੀਸਿਆਣੇ ਆਖਦੇ ਹਨ ਕਿ ਤੰਦ ਤਾਂ ਸੁਲਝਾਇਆ ਜਾ ਸਕਦਾ ਹੈ, ਤਾਣੀ ਨਹੀਂਸਾਨੂੰ ਵੀ ਕਿਸਾਨਾਂ ਵਾਂਗ ਆਪਣੇ ਕੰਮਾਂ ਅਤੇ ਫ਼ਰਜ਼ਾਂ ਪ੍ਰਤੀ ਸੰਘਰਸ਼ਸ਼ੀਲ ਬਣਨਾ ਹੋਵੇਗਾਸਭ ਨੂੰ ਰਲ ਕੇ ਆਪਣੇ ਏਕੇ ਦਾ ਸਬੂਤ ਦਿੰਦਿਆਂ ਲਗਾਤਾਰ ਸਰਕਾਰ ’ਤੇ ਦਬਾਅ ਬਣਾਉਣਾ ਪਵੇਗਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2344)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

Jalandhar, Punjab, India.
Phone: (91 - 98721 -  65741)

More articles from this author