“ਲੋਕ ਸ਼ਕਤੀ ਜਦ ਤਕ ਆਪਣੀ ਏਕਤਾ ਨਾਲ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ...”
(11 ਅਕਤੂਬਰ 2020)
ਭਾਰਤ ਵਰਸ਼ ਨੂੰ ਰਿਸ਼ੀਆਂ-ਮੁਨੀਆਂ ਦਾ ਦੇਸ਼ ਵੀ ਆਖਿਆ ਜਾਂਦਾ ਹੈ। ਸ਼ਾਇਦ ਇਸੇ ਕਰਕੇ ਤੇਤੀ, ਚੌਂਤੀ ਕਰੋੜ ਹਿੰਦੂ ਦੇਵੀ-ਦੇਵਤਿਆਂ ਦਾ ਜ਼ਿਕਰ ਵੀ ਆਉਂਦਾ ਹੈ। ਸ਼ਾਇਦ ਇਸੇ ਕਰਕੇ ਮਹਾਂਭਾਰਤ ਅਤੇ ਰਮਾਇਣ ਵਰਗੀਆਂ ਮਹਾਂ ਕਥਾਵਾਂ ਦਾ ਜ਼ਿਕਰ ਵੀ ਆਉਂਦਾ ਹੈ, ਜਿਨ੍ਹਾਂ ਤੋਂ ਵਡਮੁੱਲੀਆਂ ਨਸੀਹਤਾਂ ਮਨੁੱਖ ਜਾਤੀ ਨੂੰ ਸਮੇਂ-ਸਮੇਂ ਸਿਰ ਮਿਲਦੀਆਂ ਰਹੀਆਂ ਹਨ, ਜੋ ਅਜੋਕੇ ਸਮੇਂ ਵੀ ਪ੍ਰਚਲਤ ਹਨ।
ਦਰਅਸਲ ਜਦ ਵਿਗਿਆਨ ਅਤੇ ਸਾਇੰਸ ਨੇ ਬਹੁਤੀ ਤਰੱਕੀ ਨਹੀਂ ਸੀ ਕੀਤੀ, ਵਿੱਦਿਆ ਰਾਹੀਂ ਵੀ ਇਹ ਬਹੁਤ ਮਨੁੱਖ ਤਕ ਨਹੀਂ ਸੀ ਪਹੁੰਚੀ, ਤਦ ਮਨੁੱਖ ਜਿਸਦਾ ਭੇਦ ਨਾ ਪਾ ਸਕਿਆ, ਉਸ ਤੋਂ ਅਗਿਆਨਤਾ ਕਰਕੇ ਡਰ ਗਿਆ। ਉਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਜੋ ਅੱਜ-ਕੱਲ੍ਹ ਵੀ ਦੇਖਣ ਨੂੰ ਮਿਲਦੀ ਹੈ।
ਅਜਿਹਾ ਹਨੇਰਾ ਦੂਰ ਕਰਨ ਲਈ ਸਾਡੇ ਸੰਵਿਧਾਨ ਬਣਾਉਣ ਵਾਲਿਆਂ ਨੇ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਦਰਜ ਕਰਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਿਗਿਆਨਕ ਸੋਚ ’ਤੇ ਪਹਿਰਾ ਦਿੱਤਾ ਜਾਵੇਗਾ। ਵਿਗਿਆਨਕ ਸੋਚ ’ਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ। ਵਹਿਮਾਂ-ਭਰਮਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੋਵੇਗੀ। ਪਰ ਅਜ਼ਾਦੀ ਦੇ ਬਹੱਤਰ ਸਾਲਾਂ ਬਾਅਦ ਵੀ ਸਰਕਾਰੀ ਰੇਡੀਓ, ਟੈਲੀਵੀਜ਼ਨਾਂ, ਗੋਦੀ ਮੀਡੀਏ, ਅਖ਼ਬਾਰਾਂ ਆਦਿ ਰਾਹੀਂ ਵਿਗਿਆਨ ਤੋਂ ਜ਼ਿਆਦਾ ਵਹਿਮਾਂ-ਭਰਮਾਂ ਦਾ ਪ੍ਰਚਾਰ ਹੋ ਰਿਹਾ ਹੈ। ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਉਨ੍ਹਾਂ ਨੂੰ ਬਰਾਬਰ, ਇਸ਼ਤਿਹਾਰਾਂ ਰਾਹੀਂ ਮਦਦ ਕਰ ਰਹੀਆਂ ਹਨ, ਕਿਉਂਕਿ ਅਜਿਹਾ ਮਾਹੌਲ ਕਰਕੇ ਸਰਕਾਰਾਂ ਉਲਟਾ ਉਨ੍ਹਾਂ ਤੋਂ ਲਾਹਾ ਲੈ ਰਹੀਆਂ ਹਨ, ਜਿਸ ਕਰਕੇ ਸਾਧੂ-ਸੰਤਾਂ ਦਾ ਸਰਕਾਰਾਂ ਵਿੱਚ ਬਰਾਬਰ ਦਾ ਬੋਲਬਾਲਾ ਹੈ ਅਤੇ ਰਹੇਗਾ ਵੀ।
ਸਾਨੂੰ ਜ਼ਿਆਦਾ ਸੋਚਣ ਅਤੇ ਦੂਰ ਜਾਣ ਦੀ ਲੋੜ ਨਹੀਂ, ਤੁਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲ ਹੀ ਨਿਗ੍ਹਾ ਮਾਰੋ। ਨਾਲ ਹੀ ਆਲੇ-ਦੁਆਲੇ ਦੇ ਮਸ਼ਹੂਰ ਸਾਧੂ, ਸੰਤਾਂ, ਡੇਰਿਆਂ ਵੱਲ ਨਿਗ੍ਹਾ ਮਾਰੋ। ਫਿਰ ਦੇਖੋ ਕਿਹੜਾ ਸਾਧ ਹੈ, ਕਿਹੜਾ ਸਾਧੂ ਹੈ, ਕਿਹੜਾ ਮਹੰਤ ਜਾਂ ਵੱਡੇ ਡੇਰੇ ਦਾ ਮਾਲਕ ਹੈ। ਜਿਸ ਦੀ ਸਿੱਖੀ ਸੇਵਕੀ ਜ਼ਿਆਦਾ ਹੋਵੇ, ਤੇ ਉਸ ਦੀ ਫੋਟੋ ਪ੍ਰਧਾਨ ਮੰਤਰੀ ਨਾਲ ਨਾ ਹੋਵੇ ਜਾਂ ਇਉਂ ਆਖ ਲਵੋ ਕਿ ਪ੍ਰਧਾਨ ਮੰਤਰੀ ਦੀ ਫੋਟੋ ਉਸ ਨਾਲ ਨਾ ਹੋਵੇ?
ਫਿਰ ਅੱਗੇ ਚੱਲੋ ਅਤੇ ਦੇਖੋ ਕਿ ਉਨ੍ਹਾਂ ਵਿੱਚੋਂ ਕਿਹੜੇ-ਕਿਹੜੇ ਜੇਲਾਂ ਵਿੱਚ ਬੰਦ ਹਨ। ਜੇਲਾਂ ਵਿੱਚ ਵੀ ਕਿਸੇ ਸਧਾਰਨ ਕਾਰਨਾਂ ਕਰਕੇ ਨਹੀਂ, ਬਲਕਿ ਬਾਲੜੀਆਂ, ਸੇਵਾਦਾਰਨੀਆਂ ਜਾਂ ਸਾਧਵੀਆਂ ਨਾਲ ਬਲਾਤਕਾਰ ਕਰਕੇ। ਉਨ੍ਹਾਂ ਦੀ ਪੱਤ, ਪਿਤਾ ਬਣ ਕੇ, ਗੁਰੂ ਬਣ ਕੇ ਜਾਂ ਰੱਬੀ ਬੰਦਾ ਕਰਕੇ ਲੁੱਟੀ ਗਈ ਹੈ। ਦਰਜਨਾਂ ਅਜਿਹੇ ਕਲਯੁਗੀ ਸਾਧੂ ਸੰਤ ਹਨ, ਜਿਹੜੇ ਅੱਜ-ਕੱਲ੍ਹ ਜੇਲਾਂ ਦੀ ਹਵਾ ਖਾ ਰਹੇ ਹਨ। ਜਿਨ੍ਹਾਂ ਦੀ ਤਕਰੀਬਨ ਮੋਦੀ ਜੀ ਨਾਲ, ਜਦ ਉਹ ਮੁੱਖ ਮੰਤਰੀ ਸਨ ਜਾਂ ਜਦੋਂ ਤੋਂ ਉਹ ਪ੍ਰਧਾਨ ਮੰਤਰੀ ਹਨ, ਨਾਲ ਫੋਟੋ ਨਹੀਂ ਹੈ?
ਵਿਆਹ ਹੋਣਾ ਜਾਂ ਨਾ ਹੋਣਾ, ਕਰਾਉਣਾ ਜਾਂ ਨਾ ਕਰਾਉਣਾ, ਇਹ ਬਿਲਕੁਲ ਇੱਕ ਮਨੁੱਖ ਦਾ ਨਿੱਜੀ ਮਾਮਲਾ ਹੈ। ਪਰ ਜਦ ਤਕ ਤੁਸੀਂ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਆਪਣੇ ਪਰਿਵਾਰ ਦੇ ਦੁੱਖ-ਸੁਖ ਤੋਂ ਜਾਣੂ ਨਹੀਂ ਹੁੰਦੇ, ਜਦ ਤਕ ਤੁਸੀਂ ਪਰਿਵਾਰਕ ਮੋਹ-ਮਾਇਆ ਬਾਰੇ ਗਿਆਨ ਪ੍ਰਾਪਤ ਨਹੀਂ ਕਰਦੇ, ਉਦੋਂ ਤਕ ਤੁਸੀਂ ਤਕਰੀਬਨ ਨਿਰਮੋਹੇ ਹੀ ਰਹੋਗੇ। ਜਦ ਕੋਈ ਨੌਜਵਾਨ ਪੁੱਤ ਸਰਹੱਦ ’ਤੇ ਸ਼ਹੀਦ ਹੁੰਦਾ ਹੈ, ਤੁਸੀਂ ਉਸ ਦਾ ਦੁੱਖ ਉਦੋਂ ਤਕ ਜਾਣ ਹੀ ਨਹੀਂ ਸਕਦੇ। ਬੇਔਲਾਦੇ ਹਾਕਮ ਉਨ੍ਹਾਂ ਦਾ ਦੁੱਖ ਅਨੁਭਵ ਹੀ ਨਹੀਂ ਕਰ ਸਕਦੇ। ਇਸੇ ਕਰਕੇ ਹੀ ਉਹ ਸਰਕਾਰੀ ਖ਼ਜ਼ਾਨੇ ਵਿੱਚੋਂ ਮਦਦ ਦਾ ਐਲਾਨ ਕਰਕੇ ਆਪਣੀ ਪਿੱਠ ਆਪ ਹੀ ਥਾਪੜਦੇ ਰਹਿੰਦੇ ਹਨ। ਇਸੇ ਕਰਕੇ ਹਾਥਰਸ ਕਾਂਡ ਵਿੱਚ ਯੋਗੀ ਨੇ ਇੰਨੀ ਨਿਰਮੋਹੀ ਦਿਖਾਈ ਹੈ। ਇਸੇ ਕਰਕੇ ਇੰਨੇ ਵੱਡੇ ਕਾਂਡ ’ਤੇ ਸਾਡੇ ਪ੍ਰਧਾਨ ਮੰਤਰੀ ਨੇ ਵੀ ਬਾਲੜੀ ਦੇ ਸੰਬੰਧ ਵਿੱਚ ਦੋ ਲਫ਼ਜ਼ ਕਹਿਣੇ ਮੁਨਾਸਬ ਨਹੀਂ ਸਮਝੇ। ਇਸੇ ਕਰਕੇ ਸਿਆਣੇ ਆਖਦੇ ਹਨ ਕਿ ਜਦ ਰਾਜਾ ਜਾਂ ਰਾਖਾ ਬੇਔਲਾਦ ਹੋਵੇ, ਉਦੋਂ ਸਾਨੂੰ ਔਲਾਦ ਵਾਲਿਆਂ ਨੂੰ ਆਪ ਆਪਣੇ ਬੱਚਿਆਂ ਦਾ ਰਾਖੇ ਬਣਨਾ ਚਾਹੀਦਾ ਹੈ। ਆਪ ਖਿਆਲ ਰੱਖਣਾ ਚਾਹੀਦਾ ਹੈ। ਹਾਥਰਸ ਕਾਂਡ ਬਾਰੇ ਜਿਵੇਂ ਯੋਗੀ ਸਰਕਾਰ ਵੱਲੋਂ ਪੀੜਤਾਂ ਖ਼ਿਲਾਫ਼ ਲਗਾਤਾਰ ਇੱਕ ਮੁਹਿੰਮ ਚਲਾਈ ਗਈ ਹੈ ਕਿ ਸਵਰਗਵਾਸੀ ਪੀੜਤਾ ਬਾਲੜੀ ਨਾਲ ਬਲਾਤਕਾਰ ਹੋਇਆ ਹੀ ਨਹੀਂ, ਨਾ ਹੀ ਉਸ ਦੇ ਸਰੀਰ ’ਤੇ ਕੋਈ ਸੱਟ ਦਾ ਨਿਸ਼ਾਨ ਸੀ, ਨਾ ਹੀ ਉਸ ਦੀ ਜ਼ੁਬਾਨ ਕੱਟੀ ਗਈ। ਜੇ ਸਭ ਅਜਿਹਾ ਹੀ ਸੀ ਤਾਂ ਫਿਰ ਬਾਲੜੀ ਦਾ ਰਾਤ ਦੇ ਸਮੇਂ ,ਉਹ ਵੀ ਅੱਧੀ ਰਾਤ ਤੋਂ ਬਾਅਦ, ਢਾਈ-ਤਿੰਨ ਵਜੇ ਤੜਕਸਾਰ ਸਸਕਾਰ ਕਿਉਂ ਕੀਤਾ ਗਿਆ? ਅੰਤਿਮ ਯਾਤਰਾ ਸਮੇਂ ਬਾਲੜੀ ਨੂੰ ਉਸ ਦੇ ਘਰ ਤਕ ਕਿਉਂ ਨਾ ਲਿਜਾਇਆ ਗਿਆ? ਕਿਉਂ ਨਹੀਂ ਪਰਿਵਾਰ ਨੂੰ ਆਖਰੀ ਵਾਰ ਆਪਣੀ ਬੱਚੀ ਦੀ ਲਾਸ਼ ਨੂੰ ਦੇਖਣ ਦਿੱਤਾ ਗਿਆ? ਕਿਉਂ ਪਰਿਵਾਰ ਨੂੰ ਘਰ ਵਿੱਚ ਬੰਦ ਕਰਕੇ ਬਾਲੜੀ ਦਾ ਸਸਕਾਰ ਕੀਤਾ ਗਿਆ? ਉਂਝ ਵੀ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਸਸਕਾਰ ਨਹੀਂ ਕੀਤਾ ਜਾਂਦਾ।
ਉਪਰੋਕਤ ਸਭ ਸਵਾਲਾਂ ਦੇ ਜਵਾਬ ਵਿੱਚ ਸਰਕਾਰ ਨੇ ਅਦਾਲਤ ਵਿੱਚ ਬੜੀ ਢੀਠਤਾਈ ਨਾਲ ਜਵਾਬ ਦਿੱਤਾ ਅਤੇ ਕਿਹਾ, ਅਗਰ ਅਸੀਂ ਰਾਤ ਸਮੇਂ ਸਸਕਾਰ ਨਾ ਕਰਦੇ ਤਾਂ ਫਿਰ ਵੱਡੀ ਗਿਣਤੀ ਵਿੱਚ ਹਿੰਸਾ ਫੈਲ ਸਕਦੀ ਸੀ। ਅਜਿਹੇ ਜਵਾਬ ਤੋਂ ਕੋਈ ਸੰਤੁਸ਼ਟ ਨਹੀਂ ਹੋ ਸਕਦਾ। ਯੋਗੀ ਸਰਕਾਰ ਨੇ ਡਰਾਮਾ ਜਾਰੀ ਰੱਖਦੇ ਹੋਏ, ਜਿਹੜੇ ਲੋਕਾਂ ਨੇ, ਪਾਰਟੀਆਂ ਨੇ, ਲੀਡਰਾਂ ਨੇ ਇਸ ਕਾਂਡ ਬਾਰੇ ਬਾਲੜੀ ਦੇ ਹੱਕ ਵਿੱਚ ਆਪਣੀ ਅਵਾਜ਼ ਉੱਚੀ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਹੀ ਦਰਜਨਾਂ ਕੇਸ ਦਰਜ ਕੀਤੇ ਹਨ। ਕਈਆਂ ਖ਼ਿਲਾਫ਼ ਤਾਂ ਦੇਸ਼ ਧ੍ਰੋਹ ਤਕ ਦਾ ਕੇਸ ਦਰਜ ਕਰ ਦਿੱਤਾ ਹੈ, ਜਿਨ੍ਹਾਂ ’ਤੇ ਦੇਸ਼ ਧ੍ਰੋਹ ਦਾ ਕੇਸ ਬਣਾਇਆ ਗਿਆ ਹੈ, ਉਹ ਸਭ ਇੱਕ ਘੱਟ ਗਿਣਤੀ ਜਾਤੀ ਨਾਲ ਸੰਬੰਧਤ ਹਨ।
ਪੀੜਤ ਪਰਿਵਾਰ ’ਤੇ ਹੋਰ ਦਬਾਓ ਬਣਾਉਣ ਦੀ ਖਾਤਰ ਹੁਣ ਇਹ ਕਿਹਾ ਜਾ ਰਿਹਾ ਕਿ ਦੋਸ਼ੀਆਂ ਦੇ ਨਾਲ-ਨਾਲ ਪੀੜਤ ਪਰਿਵਾਰ ਦਾ ਵੀ ਨਾਰਕੋ ਟੈਸਟ ਕਰਵਾਇਆ ਜਾਵੇਗਾ। ਇਸੇ ਥਿਊਰੀ ਨੂੰ ਅੱਗੇ ਤੋਰਦਿਆਂ ਹੁਣ ਇੱਕ ਚਿੱਠੀ ਦਾ ਜ਼ਿਕਰ ਹੋ ਰਿਹਾ ਹੈ, ਜੋ ਇੱਕ ਦੋਸ਼ੀ ਵੱਲੋਂ ਲਿਖੀ ਗਈ ਹੈ, ਜਿਸ ’ਤੇ ਬਾਕੀਆਂ ਦੇ ਦਸਤਖਤ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਦੋਸ਼ੀਆਂ ਵੱਲੋਂ ਮਰਨ ਵਾਲੀ ਬਾਲੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਬਾਲੜੀ ਨੂੰ ਉਸ ਦੀ ਮਾਂ, ਭੈਣ-ਭਰਾਵਾਂ ਅਤੇ ਪਿਤਾ ਨੇ ਕੁੱਟ-ਕੁੱਟ ਕੇ ਮਾਰਿਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਮੁੱਖ ਦੋਸ਼ੀ ਨਾਲ ਸੰਬੰਧ ਹਨ। ਅਜਿਹਾ ਸਭ ਕੁਝ ਪੀੜਤ ਪਰਿਵਾਰ ’ਤੇ ਦਬਾਅ ਵਧਾਉਣ ਦੀ ਖਾਤਰ ਹੋ ਰਿਹਾ ਹੈ।
ਸਾਡੀ ਮੌਜੂਦਾ ਪਾਰਲੀਮੈਂਟ ਵਿੱਚ ਕੋਈ ਛੇ ਦਰਜਨ ਤੋਂ ਜ਼ਿਆਦਾ ਲੇਡੀ ਪਾਰਲੀਮੈਂਟ ਮੈਂਬਰ ਹਨ, ਜੋ ਵੱਖ-ਵੱਖ ਪਾਰਟੀਆਂ ਅਤੇ ਵੱਖ-ਵੱਖ ਜਾਤੀਆਂ ਨਾਲ ਸੰਬੰਧਤ ਹਨ। ਉਨ੍ਹਾਂ ਦੇ ਰੋਲ ਨੂੰ ਦੇਖ-ਸੁਣ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਸਵਰਗਵਾਸੀ ਪੀੜਤਾ ਦੀ ਜ਼ੁਬਾਨ ਨਾ ਕੱਟੀ ਗਈ ਹੋਵੇ, ਬਲਕਿ ਇਨ੍ਹਾਂ ਦੀ ਜ਼ਬਾਨ ਜ਼ਰੂਰ ਕੱਟੀ ਗਈ। ਬਤੌਰ ਨਾਰੀ ਬੀਜੇਪੀ ਮੈਂਬਰ ਪਾਰਲੀਮੈਂਟ ਨੇ ਇਸ ਘਟਨਾ ਦੀ ਨਿੰਦਿਆ ਨਹੀਂ ਕੀਤੀ। ਅਗਰ ਆਪਣੀ ਤਨਖਾਹ ਜਾਂ ਭੱਤੇ ਵਧਾਉਣ ਦੀ ਗੱਲ ਹੋਵੇ ਤਾਂ ਸਭ ਇਕਜੁੱਟ ਹੋ ਜਾਂਦੀਆਂ ਹਨ। ਲਾਹਣਤ ਹੈ ਅਜਿਹੇ ਕਿਰਦਾਰ ਦੇ।
ਸਾਰੇ ਦੋਸ਼ੀ ਉੱਚ ਜਾਤੀ, ਯਾਨੀ ਠਾਕੁਰ ਜਾਤੀ ਨਾਲ ਸੰਬੰਧ ਰੱਖਦੇ ਹਨ। ਯੂ ਪੀ ਦਾ ਰਾਜਾ ਯਾਨੀ ਯੋਗੀ ਵੀ ਇਸ ਜਾਤੀ ਨਾਲ ਸੰਬੰਧਤ ਹੋਣ ਕਰਕੇ ਸਭ ਪਾਸਿਆਂ ਤੋਂ ਦਬਾਓ ਬਣਾ ਰਿਹਾ ਹੈ। ਇਸੇ ਕਰਕੇ ਆਮ ਲੋਕਾਂ ਅਤੇ ਸਿਆਸੀ ਪਾਰਟੀਆਂ ਨੂੰ ਪੀੜਤ ਪਰਿਵਾਰ ਨੂੰ ਕੋਰੋਨਾ ਦਾ ਵਾਸਤਾ ਪਾ ਕੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਦੂਜੇ ਪਾਸੇ ਠਾਕੁਰ ਭਾਈਚਾਰਾ ਅਤੇ ਦੂਜੀਆਂ ਉੱਚ ਜਾਤੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਖਾਪ ਪੰਚਾਇਤ ਦਾ ਇਕੱਠ ਕਰਕੇ ਧਮਕੀ ਦੇ ਰਹੀਆਂ ਹਨ। ਉਨ੍ਹਾਂ ’ਤੇ ਕੋਈ ਪਾਬੰਦੀ ਨਹੀਂ, ਨਾ ਪਾਬੰਦੀ ਇਕੱਠ ਕਰਨ ’ਤੇ ਹੈ, ਨਾ ਹੀ ਧਮਕਾਉਣ ’ਤੇ ਹੈ। ਅੱਜ ਦੇ ਦਿਨ ਜਿੱਥੇ ਪੀੜਤ ਪਰਿਵਾਰ ਪੁਲਿਸ ਘੇਰੇ ਵਿੱਚ ਹੈ, ਉੱਥੇ ਸਾਰੇ ਦਾ ਸਾਰਾ ਪਿੰਡ ਉੱਚ ਜਾਤੀ ਦੇ ਅਤੇ ਸਰਕਾਰੀ ਸ਼ਹਿ ਪ੍ਰਾਪਤ ਗੁੰਡਿਆਂ ਦੇ ਘੇਰੇ ਵਿੱਚ ਹੈ। ਪੀੜਤ ਪਰਿਵਾਰ ਭੈ ਕਾਰਨ ਘਰ ਛੱਡਣ ਬਾਰੇ ਸੋਚ ਰਿਹਾ ਹੈ।
ਉੱਤਰ ਪ੍ਰਦੇਸ਼ ਦਾ ਮੁਖੀਆ, ਜਿਹੜਾ ਹਿੰਦੂ ਵੋਟ ਖਿਸਕਾਉਣ ਲਈ ਚੋਣਾਂ ਤੋਂ ਪਹਿਲਾਂ, ਸੱਤਾ ਪਾਉਣ ਦੀ ਖਾਤਰ ਆਖਦਾ ਸੀ ਕਿ ਇੱਕ ਵਾਰ ਮੌਕਾ ਦਿਓ, ਜਿਹੜਾ ਕਬਰਾਂ ਵਿੱਚੋਂ ਮੁਸਲਮਾਨ ਔਰਤਾਂ ਕੱਢ ਕੇ ਬਲਾਤਕਾਰ ਕਰਨ ਦਾ ਹੋਕਾ ਦੇ ਕੇ ਸੱਤਾ ਵਿੱਚ ਆਇਆ ਹੋਵੇ, ਜਿਹੜਾ ਆਪ ਉੱਚ ਜਾਤੀ ਨਾਲ ਸੰਬੰਧ ਰੱਖਦਾ ਹੋਵੇ, ਜਿਹੜਾ ਇੱਕ ਜਾਤੀ ਨਾਲ ਸੰਬੰਧਤ ਡੇਰੇ ਜਾਂ ਮੱਠ ਦਾ ਮਹੰਤ ਰਿਹਾ ਹੋਵੇ, ਉਸ ਤੋਂ ਗਰੀਬ ਅਤੇ ਪਛੜੀਆਂ ਜਾਤੀਆਂ ਸਮੇਤ ਘੱਟ ਗਿਣਤੀਆਂ ਇਨਸਾਫ਼ ਦੀ ਆਸ ਕਰਦੀਆਂ ਹੋਣ, ਜਿਸ ਨੇ ਅੱਜ ਤਕ ਆਪਣਾ ਜ਼ਿਲ੍ਹਾ ਮੁਖੀ ਜਨਤਾ ਦੀ ਭਾਰੀ ਮੰਗ ’ਤੇ ਨਾ ਬਦਲਿਆ ਹੋਵੇ, ਜਿਹੜਾ ਜ਼ਿਲ੍ਹਾ ਮੁਖੀ ਬੇਸ਼ਰਮ ਰਾਜਨੀਤੀ ਦਾ ਮੋਹਰਾ ਬਣ ਗਿਆ ਹੋਵੇ, ਜਿਸਦੇ ਆਦੇਸ਼ ’ਤੇ ਦੋ ਤੋਂ ਤਿੰਨ ਹਜ਼ਾਰ ਤੋਂ ਜ਼ਿਆਦਾ ਪੁਲਿਸ ਦੇ ਘੇਰੇ ਵਿੱਚ ਬਾਲੜੀ ਜਲਾ ਦਿੱਤੀ ਹੋਵੇ - ਉਸ ਤੋਂ ਇਨਸਾਫ਼ ਦੀ ਮੰਗ ਕਰਨਾ ਮੂਰਖਤਾ ਹੈ। ਲੋਕ ਸ਼ਕਤੀ ਜਦ ਤਕ ਆਪਣੀ ਏਕਤਾ ਨਾਲ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਨੱਥ ਜਾਂ ਡਹਿਆ ਨਹੀਂ ਪਾਉਂਦੀ, ਉਦੋਂ ਤਕ ਸਭ ਕੁਝ ਦੇਖਣ ਅਤੇ ਝੱਲਣ ਲਈ ਤਿਆਰ ਰਹੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2372)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)