“ਬਾਵਜੂਦ ਵੱਖ-ਵੱਖ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੇ ਇੰਡੀਆ ਗੱਠਜੋੜ ਪੂਰੀ ਮਜ਼ਬੂਤੀ ਨਾਲ ...”
(2 ਅਕਤੂਬਰ 2023)
ਸਮੁੱਚੇ ਦੇਸ਼ ਵਿੱਚ ਜਿਸ ਰੰਗ ਦੀ ਵੀ ਜਮਹੂਰੀਅਤ ਹੈ, ਉਸ ਨਾਲ ਕਦੇ ਕਿਤੇ, ਕਦੇ ਕਿਤੇ ਚੋਣ ਜਾਂ ਚੋਣਾਂ ਦੇ ਤਿਉਹਾਰ ਦਾ ਰੌਲਾ ਆਮ ਸੁਣਾਈ ਦਿੰਦਾ ਰਹਿੰਦਾ ਹੈ। ਇਸ ਵਿੱਚ ਵਿਚਰਦੇ ਉਮੀਦਵਾਰ ਜਾਂ ਉਮੀਦਵਾਰਾਂ ਨੂੰ ਛੱਡ ਕੇ ਬਾਕੀਆਂ ਲਈ ਵਾਕਿਆ ਹੀ ਤਿਉਹਾਰ ਜਿਹਾ ਭੁਲੇਖਾ ਪੈਂਦਾ ਰਹਿੰਦਾ ਹੈ। ਚੋਣਾਂ ਨੂੰ ਗਹੁ ਨਾਲ ਵਾਚਣ ਵਾਲਿਆਂ ਨੂੰ ਗਿਆਨ ਹੁੰਦਾ ਹੈ ਕਿ ਇਹ ਚੋਣਾਂ ਕਿੰਨੀਆਂ ਮਹਿੰਗੀਆਂ ਪੈਂਦੀਆਂ ਹਨ। ਸਰਕਾਰ ਦੁਆਰਾ ਜਿੰਨਾ ਪੈਸਾ ਖਰਚ ਕਰਨ ਦੀ ਆਗਿਆ ਮਿਲਦੀ ਹੈ, ਉਹ ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਹੁੰਦਾ। ਸਾਢੇ ਸੱਤ ਦਹਾਕੇ ਬੀਤਣ ਤੋਂ ਬਾਅਦ ਵੀ ਅਸੀਂ ਜਾਂ ਸਾਡੀਆਂ ਸਿਆਸੀ ਪਾਰਟੀਆਂ ਉੱਥੇ ਹੀ ਖੜ੍ਹੀਆਂ ਦਿਖਾਈ ਦਿੰਦੀਆਂ ਹਨ, ਜਿਵੇਂ ਨਵੀਂ-ਨਰੋਈ ਪਿਰਤ ਬਣਾਉਣੀ ਉਨ੍ਹਾਂ ਦੇ ਵੱਸ ਦੀ ਗੱਲ ਨਾ ਹੋਵੇ। ਚਾਹੀਦਾ ਤਾਂ ਇਹ ਹੈ ਕਿ ਜਿਹੜਾ ਉਮੀਦਵਾਰ ਪਹਿਲਾਂ ਵਿਧਾਇਕ ਰਹਿ ਚੁੱਕਿਆ ਹੋਵੇ ਜਾਂ ਉਹ ਪਾਰਟੀ, ਜਿਹੜੀ ਪਹਿਲਾਂ ਰਾਜ ਭਾਗ ਵਿੱਚ ਰਹੀ ਹੋਵੇ, ਉਨ੍ਹਾਂ ਨੂੰ ਆਪਣੇ ਕੀਤੇ ਕੰਮਾਂ ’ਤੇ ਵੋਟ ਮੰਗਣੀ ਚਾਹੀਦੀ ਹੈ। ਜੇ ਪੰਜ ਸਾਲ ਪੂਰੇ ਕਰਨ ਤੋਂ ਬਾਅਦ ਵੀ ਤੁਸੀਂ ਨਸ਼ੇ, ਪੈਸੇ ਅਤੇ ਜਨਤਾ ਵਿੱਚ ਲਾਲਚ ਵਗੈਰ ਨਹੀਂ ਜਾ ਸਕਦੇ ਤਾਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਜਨਾਬ ਕਿੱਥੇ ਅਤੇ ਕਿਸ ਵਾਸਤੇ ਲੜ ਰਹੇ ਹਨ। ਜਨਤਾ ਦੇ ਸੰਪਰਕ ਦੌਰਾਨ ਤੁਹਾਡੇ ਕੀਤੇ ਕੰਮ ਤੁਹਾਡੀ ਦਿੱਖ ਵਿੱਚੋਂ ਚਮਕਣੇ ਚਾਹੀਦੇ ਹਨ। ਜਨਤਾ ਵਿੱਚ ਜਾਣ ਤੋਂ ਬਾਅਦ ਜਨਤਾ ਸਮਝੇ ਕਿ ਸਾਡਾ ਨੇਤਾ ਆ ਗਿਆ, ਅਸੀਂ ਆਪਣੇ ਨੇਤਾ ਨੂੰ ਮਿਲ ਰਹੇ ਹਾਂ। ਅਸੀਂ ਇਸ ਨੇਤਾ ਨੂੰ ਹੀ ਚੁਣਾਂਗੇ। ਪਰ ਇਹ ਸਭ ਸੁਪਨੇ ਦੀ ਨਿਆਈ ਹੀ ਲੱਗ ਰਿਹਾ ਹੈ।
ਜਿਹੜੇ ਸੂਬਿਆਂ ਵਿੱਚ ਚੋਣਾਂ ਨੇੜ-ਭਵਿੱਖ ਵਿੱਚ ਹੋਣ ਜਾ ਰਹੀਆਂ ਹਨ, ਉਨ੍ਹਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਸਭ ਪਾਰਟੀਆਂ ਆਪਣਾ ਸਭ ਕੁਝ ਝੋਕਣ ਲਈ ਤਿਆਰ ਹਨ ਅਤੇ ਝੋਕ ਰਹੀਆਂ ਹਨ। ਦੇਸ਼ ਵਿੱਚ ਰਾਜ ਕਰਦੀ ਪਾਰਟੀ ਨੇ ਤਾਂ ਘਬਰਾਹਟ ਕਰਕੇ ਕਈ ਰਾਜਾਂ ਵਿੱਚ ਅਗੇਤੇ ਹੀ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਹੋਰ ਤਾਂ ਹੋਰ, ਹਾਰ ਦੇ ਡਰੋਂ ਰਾਜ ਕਰਦੀ ਪਾਰਟੀ ਨੇ ਵਜ਼ੀਰਾਂ ਅਤੇ ਪਾਰਲੀਮੈਂਟ ਮੈਂਬਰਾਂ ਨੂੰ ਅਸੰਬਲੀ ਚੋਣਾਂ ਵਿੱਚ ਝੋਕਣਾ ਸ਼ੁਰੂ ਕਰ ਦਿੱਤਾ ਹੈ। ਮੌਜੂਦਾ ਹੁਕਮਰਾਨ ਪਾਰਟੀ ਸਮਝਦੀ ਹੈ ਕਿ ਵੀਹ ਸੌ ਚੌਵੀ ਜਿੱਤਣ ਲਈ ਸੂਬਿਆਂ ਦੀ ਜਿੱਤ ਮਹੱਤਵਪੂਰਨ ਹੈ। ਇਸ ਕਰਕੇ ਉਹ ਜਨਤਾ ਨੂੰ ਜਨਤਾ ਦੀ ਸਿਹਤ ਮੁਤਾਬਕ ਖਾਣ-ਪੀਣ ਅਤੇ ਨਵੇਂ ਤੋਂ ਨਵੇਂ ਲਾਰੇ ਤੇ ਨਾਅਰੇ ਮੁਹਈਆ ਕਰਾਏਗੀ। ਆਪਣੇ ਚਿੱਤੋਂ ਉਹ ਹਰ ਡੁੱਡ ਅਤੇ ਖੁੱਡ ਨੂੰ ਪੂਰੇਗੀ।
ਬਾਵਜੂਦ ਵੱਖ-ਵੱਖ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੇ ਇੰਡੀਆ ਗੱਠਜੋੜ ਪੂਰੀ ਮਜ਼ਬੂਤੀ ਨਾਲ ਫੂਕ-ਫੂਕ ਕੇ ਪੁਲਾਘਾਂ ਪੁੱਟ ਰਿਹਾ ਹੈ। ਜਨਤਾ ਪ੍ਰਭਾਵਤ ਹੈ ਅਤੇ ਸਵਾਗਤ ਕਰ ਰਹੀ ਹੈ। ਜਿਹੜੇ ਗੱਠਜੋੜ ਦੀ ਰਾਜਨੀਤੀ ਦੇ ਗਿਆਤਾ ਘੱਟ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸਮਝ ਲੈਣਾ ਚਾਹੀਦਾ ਹੈ ਕਿ ਹਮੇਸ਼ਾ ਇੱਕ ਜਮ੍ਹਾਂ ਇੱਕ ਦੋ ਹੀ ਨਹੀਂ ਹੁੰਦੇ, ਕਦੇ ਉਹ ਗਿਆਰਾਂ ਬਣ ਕੇ ਵੀ ਉੱਭਰ ਆਉਂਦੇ ਹਨ। ਅਖ਼ਬਾਰਾਂ, ਸੋਸ਼ਲ ਮੀਡੀਆ, ਰੇਡੀਓ, ਟੈਲੀਵਿਜ਼ਨ ਰਾਹੀਂ ਰਾਜ ਕਰਦੀ ਪਾਰਟੀ ਨੇ 33 ਪ੍ਰਤੀਸ਼ਤ ਔਰਤਾਂ ਦੀ ਹਿੱਸੇਦਾਰੀ ਬਾਬਤ ਖੂਬ ਖੌਰੂ ਪੱਟਿਆ ਹੋਇਆ ਹੈ। ਇਸ ਬਾਰ ਸਾਨੂੰ ਸਭ ਨੂੰ ਹੋਰ ਸੁਚੇਤ ਰਹਿਣਾ ਅਤੇ ਹੋ ਜਾਣਾ ਚਾਹੀਦਾ ਹੈ। ਇਹ ਛੇਤੀ ਤੋਂ ਛੇਤੀ ਲਾਗੂ ਹੋਵੇ, ਇਸ ਸਭ ਲਈ ਸਾਨੂੰ ਪੂਰਾ ਜ਼ੋਰ ਲਾਉਣਾ ਚਾਹੀਦਾ ਹੈ। ਜ਼ੋਰ ਲਾਉਣ ਦਾ ਇੱਕ ਤਰੀਕਾ ਸਾਨੂੰ ਸਭ ਨੂੰ ਮਿਲ ਕੇ ਕਦਮ ਚੁੱਕਣੇ ਪੈਣਗੇ। ਨਹੀਂ ਤਾਂ ਇਸ ਬਿੱਲ ਨੂੰ ਸ੍ਰੀ ਦੇਵਗੌੜਾ ਦੀ ਸਰਕਾਰ ਨੇ ਸਭ ਤੋਂ ਪਹਿਲਾਂ 1996 ਵਿੱਚ ਪੇਸ਼ ਕੀਤਾ ਸੀ, ਜਿਸਦੀਆਂ ਕੁਝ ਮਜਬੂਰੀਆਂ ਕਰਕੇ ਇਹ ਬਿੱਲ ਪਿਛਲੇ ਸਤਾਈ ਵਰ੍ਹੇ ਕਾਨੂੰਨ ਦੀ ਸ਼ਕਲ ਨਹੀਂ ਲੈ ਸਕਿਆ। ਫਿਰ ਸ੍ਰੀ ਵਾਜਪਾਈ ਸਰਕਾਰ ਨੇ 1998 ਵਿੱਚ ਪੇਸ਼ ਕੀਤਾ, ਜਿਸ ਨੂੰ ਮਜਬੂਰੀਆਂ ਨੇ ਆਣ ਘੇਰਿਆ। ਫਿਰ 2008 ਵਿੱਚ ਸਰਦਾਰ ਮਨਮੋਹਣ ਸਿੰਘ ਦੀ ਸਰਕਾਰ ਨੇ ਪੇਸ਼ ਕੀਤਾ ਫਿਰ ਵੀ ਮਜਬੂਰੀ ਕਾਰਨ ਇਹ ਬਿੱਲ ਪਾਸ ਹੋ ਕੇ ਕਾਨੂੰਨ ਦੀ ਸ਼ਕਲ ਇਖਤਿਆਰ ਨਹੀਂ ਕਰ ਸਕਿਆ। ਫਿਰ 2010 ਵਿੱਚ ਵੀ ਇਸ ਬਾਬਤ ਰੌਲਾ ਪਿਆ, ਪਰ ਇਹ ਬਿੱਲ ਕਾਗਜ਼ਾਂ-ਫਾਈਲਾਂ ਵਿੱਚ ਹੀ ਅਰਾਮ ਕਰਦਾ ਰਿਹਾ।
ਜਿਵੇਂ ਅਸੀਂ ਆਪਣੇ ਪਾਠਕਾਂ ਨਾਲ ਪਹਿਲਾਂ ਵੀ ਸਾਂਝਾ ਕੀਤਾ ਸੀ ਕਿ ਇਹ ਬਿੱਲ ਜੋ ਮੌਜੂਦਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ, ਇਹ ਕੋਈ ਸਰਕਾਰ ਦਾ ਰਾਤੋ ਰਾਤ ਹਿਰਦੇ ਪਰਿਵਰਤਨ ਕਰਕੇ ਨਹੀਂ ਹੋਇਆ, ਸਗੋਂ ਵੱਖ-ਵੱਖ ਪਾਰਟੀਆਂ ਖੁਦ ਨਾਰੀ ਸ਼ਕਤੀ, ਜੋ ਗਿਣਤੀ ਵਿੱਚ ਤਕਰੀਬਨ ਅੱਧ ਹੈ, ਵੱਲ ਲਗਾਤਾਰ ਸੰਘਰਸ਼ ਅਤੇ ਦਬਾਓ ਦਾ ਸਿੱਟਾ ਹੀ ਹੈ ਕਿ ਸਰਕਾਰ ਨੂੰ ਇਹ ਬਿੱਲ ਲਿਆਉਣ ਲਈ ਮਜਬੂਰ ਹੋਣਾ ਪਿਆ। ਇਹ ਬਿੱਲ ਮਜਬੂਰੀ ਵੱਸ ਲਿਆਂਦਾ ਗਿਆ ਹੈ ਤੇ ਮਜਬੂਰੀ ਵੱਸ ਹੀ ਲਾਗੂ ਕਰਨਗੇ। ਇਸ ਕਰਕੇ ਹੁਕਮਰਾਨ ਪਾਰਟੀ ਨੇ ਕਈ ਬਹਾਨਿਆਂ ਸਮੇਤ ਇਸ ਨੂੰ ਲਾਗੂ ਕਰਨ ਵਾਸਤੇ 2029 ਵੱਲ ਇਸ਼ਾਰਾ ਕੀਤਾ ਹੈ। ਇਹ ਔਰਤ ਵਰਗ ਨਾਲ ਸਰਾਸਰ ਜ਼ਿਆਦਤੀ ਹੈ। ਹੁਣ ਇਸ ਨੂੰ ਲਾਗੂ ਕਰਨ ਲਈ ਓ ਬੀ ਸੀ ਦਾ ਵੀ ਰੌਲਾ ਪਾ ਦਿੱਤਾ ਹੈ। ਓ ਬੀ ਸੀ ਦਾ ਜੋ ਬਣਦਾ ਹੱਕ ਹੈ, ਜ਼ਰੂਰ ਲਾਗੂ ਹੋਣਾ ਚਾਹੀਦਾ ਹੈ। ਅਸੀਂ ਇਸਦੇ ਵਿਰੋਧੀ ਨਹੀਂ ਹਾਂ। ਜਿਵੇਂ ਸਭ ਬੈਂਕਾਂ ਲੁੱਟਣ ਤੇ ਬੈਂਕਾਂ ਦਾ ਪੈਸਾ ਨਾ ਮੋੜਨ ਵਾਲੇ ਲਗਭਗ ਗੁਜਰਾਤੀ ਹੀ ਹਨ, ਉਵੇਂ ਹੀ ਰਾਜਭਾਗ ਦੇ ਮਾਲਕ ਵੀ ਬਹੁਤੇ ਉੱਚ-ਜਾਤੀਆਂ ਦੇ ਹਨ ਜਾਂ ਸਰਕਾਰ ਦਾ ਬਹੁਤਾ ਲਾਭ ਉੱਚ-ਜਾਤੀਆਂ ਨੂੰ ਹੀ ਪਹੁੰਚਾਇਆ ਜਾਂਦਾ ਹੈ। ਉਂਜ ਤਾਂ ਪਿੱਛੇ ਜਿਹੇ ਜਿਵੇਂ ਸ੍ਰੀ ਰਾਹੁਲ ਗਾਂਧੀ ਜੀ ਨੇ ਕਿਸੇ ਜਾਤੀ ਬਾਰੇ ਚੋਰ ਸ਼ਬਦ ਆਖਿਆ, ਜਿਨ੍ਹਾਂ ਨੂੰ ਕਿਹਾ, ਉਨ੍ਹਾਂ ਕੋਈ ਨੋਟਿਸ ਨਹੀਂ ਲਿਆ, ਬਾਕੀ ਸਭ ਨੇ ਆਪਣਾ ਨਾਂਅ ਉਸ ਜਾਤੀ ਨਾਲ ਜੋੜ ਕੇ, ਆਪਣੇ-ਆਪ ਨੂੰ ਓ ਬੀ ਸੀ ਆਖਣਾ ਸ਼ੁਰੂ ਕਰਕੇ ਤਕੜਾ ਡਰਾਮਾ ਸ਼ੁਰੂ ਕਰ ਦਿੱਤਾ ਸੀ। ਉਂਜ ਸਰਕਾਰੀ ਅੰਕੜਿਆਂ ਮੁਤਾਬਕ ਸਰਕਾਰ ਚਲਾਉਣ ਵਾਲੇ ਕੁੱਲ ਨੱਬੇ ਵਿੱਚੋਂ ਸਿਰਫ਼ ਤਿੰਨ ਸੱਚਣ ਹੀ ਓ ਬੀ ਸੀ ਹਨ, ਬਾਕੀ ਸਭ ਭਾਈ-ਭਤੀਜਾਵਾਦ ਹੀ ਭਰਤੀ ਹਨ। ਮੋਦੀ (ਸ਼ਹਿਨਸ਼ਾਹ ਫਕੀਰ) ਪਿਛਲੇ ਤਕਰੀਬਨ ਦਸ ਸਾਲ ਤੋਂ ਪ੍ਰਧਾਨ ਮੰਤਰੀ ਹਨ, ਪਰ ਸਰਕਾਰ ਚਲਾਉਣ ਵਾਲੇ ਨੱਬੇ ਬਾਬੂਆਂ ਵਿੱਚੋਂ ਸਿਰਫ਼ ਤਿੰਨਾਂ ਓ ਬੀ ਸੀਆਂ ਨੂੰ ਹੀ ਜਗ੍ਹਾ ਦੇ ਸਕੇ। ਸਭ ਮਗਰਮੱਛ ਦੇ ਹੰਝੂ ਹਨ। ਦੇਖਿਓ, ਤੁਸੀਂ ਨਾ ਕਿਤੇ ਅੱਖਾਂ ਭਰ ਕੇ ਫਿਸਲ ਜਾਇਓ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4261)
(ਸਰੋਕਾਰ ਨਾਲ ਸੰਪਰਕ ਲਈ: (