“ਜ਼ਰਾ ਹੋਰ ਸੋਚੋ, ਉਹ ਤੁਹਾਡੇ ਮੈਂਬਰ ਅਤੇ ਲੋਕ ਸਭਾ ਮੈਂਬਰ ਕਿੱਥੇ ਗਏ, ਜਿਹੜੇ ਆਖਿਆ ਕਰਦੇ ਸਨ ਕਿ ...”
(1 ਅਗਸਤ 2021)
ਪਿਛਲੇ ਮਹੀਨੇ 17 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਵਿੱਚ ਜਿੱਤੇ ਹਰ ਪਾਰਲੀਮੈਂਟ ਮੈਂਬਰ ਨੂੰ, ਭਾਵੇਂ ਉਹ ਜਿਸ ਮਰਜ਼ੀ ਸਿਆਸੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ, ਜਾਂ ਇਉਂ ਆਖੋ ਕਿ ਹਰ ਸਿਆਸੀ ਪਾਰਟੀ ਨੂੰ ਕਿਸਾਨ ਮੋਰਚੇ ਵੱਲੋਂ ਇੱਕ ਵਿੱਪ (ਹੁਕਮ) ਜਾਰੀ ਕੀਤਾ ਗਿਆ ਹੈ ਕਿ ਸਭ ਪਾਰਟੀਆਂ ਦੇ ਸੰਸਦ ਮੈਂਬਰ ਆਪੋ ਆਪਣੇ ਹਾਊਸਾਂ ਵਿੱਚ ਕਿਸਾਨ ਅੰਦੋਲਨ ਦਾ ਸਮਰਥਨ ਕਰਨ, ਇਸ ਬਾਬਤ ਮੌਜੂਦਾ ਸਰਕਾਰ ਨੂੰ ਸਵਾਲ ਕੀਤੇ ਜਾਣ, ਕਿਸੇ ਵਿਸ਼ੇ ’ਤੇ ਵੀ ਵਾਕ-ਆਊਟ ਨਾ ਕੀਤਾ ਜਾਵੇ। ਪਾਰਲੀਮੈਂਟ ਹਾਊਸ ਵਿੱਚ ਰਹਿ ਕੇ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਆਪਣੀ ਸ਼ਕਤੀ ਦਾ ਪ੍ਰਯੋਗ ਕਰਨ ਆਦਿ-ਆਦਿ। ਲਗਦਾ ਹੈ ਕਿ ਇਸ ਉੱਤੇ ਅਮਲ ਹੋਣਾ ਸ਼ੁਰੂ ਹੋ ਗਿਆ ਹੈ। ਤਕਰੀਬਨ ਪਾਰਲੀਮੈਂਟ ਦਾ ਕੰਮ ਠੱਪ ਪਿਆ ਹੈ। ਅਜਿਹੀ ਹਾਲਤ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਘਬਰਾਹਟ ਵਿੱਚ ਹੈ। ਉਹ ਅੰਦਰੋਂ-ਅੰਦਰੀ ਕਿਸਾਨ ਅੰਦੋਲਨ ਤੋਂ ਡਰੀ ਪਈ ਲਗਦੀ ਹੈ। ਉਸ ਨੂੰ ਆਉਣ ਵਾਲੀਆਂ ਪੰਜਾਂ ਰਾਜਾਂ ਦੀਆਂ ਚੋਣਾਂ ਸਤਾ ਰਹੀਆਂ ਹਨ। ਖਾਸ ਕਰਕੇ ਉਹ ਯੂ ਪੀ ਰਾਜ ਬਾਰੇ ਤਰ੍ਹਾਂ-ਤਰ੍ਹਾਂ ਦੇ ਐਲਾਨ ਕਰਨ, ਪ੍ਰਧਾਨ ਮੰਤਰੀ ਦੇ ਚਿਹਰੇ ਕਰਕੇ ਅਤੇ ਮੁੱਖ ਮੰਤਰੀ ਯੋਗੀ ਦੇ ਕੰਮਾਂ ਦੇ ਸਿਰ ’ਤੇ ਅਤੇ ਕਦੇ ਇਕੱਲੇ ਯੋਗੀ ਦੇ ਸਿਰ, ਸਾਰੇ ਸਾਧਨ ਵਰਤ ਕੇ ਦੁਬਾਰਾ ਯੂ ਪੀ ਦੇ ਕਾਬਜ਼ ਹੋਣਾ ਚਾਹੁੰਦੀ ਹੈ, ਜਿਸ ਨੂੰ ਕਿਸਾਨ ਮੋਰਚੇ ਨੇ ਅਸੰਭਵ ਬਣਾਇਆ ਹੋਇਆ ਹੈ।
ਮੌਜੂਦਾ ਪਾਰਲੀਮੈਂਟ ਦਾ ਸਦਨ ਤਕਰੀਬਨ 15 ਅਗਸਤ ਤਕ ਚੱਲੇਗਾ। ਇਸਦੇ ਸਮਾਪਤ ਹੋਣ ਤੋਂ ਬਾਅਦ ਹਰ ਸਿਆਸੀ ਪਾਰਟੀ ਜੋ ਚੋਣਾਂ ਵਿੱਚ ਹਿੱਸਾ ਲੈਣਾ ਚਾਹੁੰਦੀ ਹੈ, ਆਪ-ਮੁਹਾਰੇ ਸਰਗਰਮ ਹੋ ਜਾਵੇਗੀ। ਦੇਖਦੇ-ਦੇਖਦੇ ਹੀ ਵਿਆਹ ਵਰਗਾ ਮਾਹੌਲ ਪੈਦਾ ਹੋ ਜਾਵੇਗਾ। ਅਜਿਹੇ ਮਾਹੌਲ ਵਿੱਚ ਪੰਜਾਬ ਵੀ ਪਿੱਛੇ ਰਹਿਣ ਵਾਲਾ ਨਹੀਂ। ਇਸ ਵਿੱਚ ਪੰਜਾਬ ਕੁੱਦ ਵੀ ਚੁੱਕਾ ਹੈ। ਅਕਾਲੀ-ਬੀਐੱਸਪੀ ਗਠਜੋੜ ਨੇ ਆਪਣੇ ਉਮੀਦਵਾਰ ਤਕਰੀਬਨ ਘੋਸ਼ਿਤ ਕਰ ਦਿੱਤੇ ਹਨ ਜਾਂ ਛੇਤੀ ਕਰ ਦਿੱਤੇ ਜਾਣਗੇ।
ਠੀਕ ਇਸੇ ਤਰ੍ਹਾਂ ਪੰਜਾਬ ਦੀ ਕਾਂਗਰਸ ਪਾਰਟੀ ਨੇ ਆਪਣੇ ਕਾਟੋ-ਕਲੇਸ਼ ’ਤੇ ਪਰਦਾ ਪਾ ਲਿਆ ਹੈ। ਅੰਦਰੂਨੀ ਵਿਰੋਧ ਦੇ ਬਾਵਜੂਦ ਬਾਹਰਮੁਖੀ ਹਾਲਾਤ ‘ਸਭ ਅੱਛਾ ਹੈ’ ਬਣਾ ਲਏ ਹਨ। ਉਨ੍ਹਾਂ ਦੀ ਇਹ ਅਖੌਤੀ ਇਕਜੁਟਤਾ ਕਿੰਨੀ ਸਫ਼ਲ ਰਹਿ ਕੇ ਕੀ ਨਤੀਜੇ ਕੱਢਦੀ ਹੈ, ਇਹ ਸਭ ਭਵਿੱਖ ਦੀ ਕੁੱਖ ਵਿੱਚ ਪਿਆ ਹੈ।
ਅਸੀਂ ਅੱਜ ਇੱਕ ਕਦਮ ਹੋਰ ਅਗਾਂਹ ਪੁੱਟ ਕੇ, ਪੰਜਾਬ ਵਿੱਚ ਇਸ ਵੇਲੇ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ਆਮ ਆਦਮੀ ਪਾਰਟੀ ਬਾਰੇ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ। ਇਸ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਇੱਕ ਪੜ੍ਹਿਆ-ਲਿਖਿਆ ਅਤੇ ਘੋਲਾਂ ਵਿੱਚੋਂ ਸੰਘਰਸ਼ ਕਰਦਾ ਹੋਇਆ, ਆਪਣੀ ਵੱਡੀ ਨੌਕਰੀ ਨੂੰ ਲੱਤ ਮਾਰਦਾ ਹੋਇਆ ਦਿੱਲੀ ਦਾ ਤੀਜੀ ਵਾਰ ਮੁੱਖ ਮੰਤਰੀ ਬਣਿਆ ਹੋਇਆ ਹੈ। ਭਾਰਤ ਦੇ ਵਧੀਆ ਅਤੇ ਇਮਾਨਦਾਰ ਮੁੱਖ ਮੰਤਰੀਆਂ ਵਿੱਚ ਉਸ ਦੀ ਗਿਣਤੀ ਕੀਤੀ ਜਾਂਦੀ ਹੈ। ਆਮ ਮਨੁੱਖੀ ਸੁਭਾਅ ਕਰਕੇ ਉਹਨੇ ਵੀ ਇੱਕ ਵਾਰ ਆਪਣੀ ਚਮਕਦੀ ਸ਼ੋਹਰਤ ਦਾ ਸ਼ਿਕਾਰ ਹੋ ਕੇ ਸਾਰੇ ਭਾਰਤ ਵਿੱਚ ਆਪਣੇ ਪਾਰਟੀ ਉਮੀਦਵਾਰਾਂ ਦਾ ਛੱਟਾ ਦੇ ਦਿੱਤਾ ਸੀ, ਜਿਸ ਨੂੰ ਬਾਅਦ ਵਿੱਚ ਫਲ ਨਹੀਂ ਪਿਆ। ਉਹ ਸਿਰਫ਼ ਤੇ ਸਿਰਫ਼ ਦਿੱਲੀ ਤਕ ਸੀਮਤ ਹੋ ਕੇ ਰਹਿ ਗਿਆ। ਪਰ ਹੌਲੀ-ਹੌਲੀ ਉਸਨੇ ਧਿਆਨ ਦੇ ਕੇ ਆਪਣੀ ਪਾਰਟੀ ਨੂੰ ਪੰਜਾਬ ਵਿੱਚ ਪ੍ਰਫੁੱਲਤ ਕਰਨ ਲਈ ਕੰਮ ਕੀਤਾ। ਜਦ ਉਸ ਦੀ ਲਹਿਰ ਐੱਨ ਆਰ ਆਈ ਦੀ ਮਦਦ ਕਰਕੇ ਸਿਖਰਾਂ ’ਤੇ ਸੀ, ਉਸ ਸਮੇਂ ਉਹ ਆਪਣੇ ਭੁਲੇਖਿਆਂ ਕਰਕੇ ਕੁਝ ਗਲਤੀਆਂ ਕਰ ਬੈਠਾ, ਜਿਸਦਾ ਖਮਿਆਜ਼ਾ ਉਸ ਨੂੰ ਭੁਗਤਣਾ ਪਿਆ। ਪਰ ਉਸ ਨੇ ਆਪਣੀ ਦ੍ਰਿੜ੍ਹਤਾ ਕਰਕੇ ਪੰਜਾਬ ਵਿੱਚ ਆਪਣੀ ਹੋਂਦ ਕਾਇਮ ਰੱਖੀ, ਜਿਸ ਸਦਕਾ ਅੱਜ ਆਮ ਆਦਮੀ ਪਾਰਟੀ ਅਸੰਬਲੀ ਵਿੱਚ ਵਿਰੋਧੀ ਧਿਰ ਹੈ। ਇਕਲੌਤਾ ਲੋਕ ਸਭਾ ਮੈਂਬਰ ਭਗਵੰਤ ਮਾਨ ਹੈ।
ਪਿਛਲੀਆਂ ਪੰਜਾਬ ਅਸੰਬਲੀ ਚੋਣਾਂ (2015) ਵੇਲੇ ਬਾਕੀ ਘਾਟਾਂ ਤੋਂ ਇਲਾਵਾ ਇਸ ਪਾਰਟੀ ਵਿੱਚ ਪ੍ਰਮੁੱਖ ਘਾਟ ਇਹ ਰਹੀ ਕਿ ਇਸ ਪਾਰਟੀ ਨੇ ਪੰਜਾਬ ਵਿੱਚ ਆਪਣਾ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ, ਜਿਸ ਦੀ ਘਾਟ ਅੱਜ ਤਕ ਵੀ ਰੜਕ ਰਹੀ ਹੈ। ਅਜੇ ਤਕ ਵੀ ਕੇਜਰੀਵਾਲ ਸਾਹਿਬ ਇਸ ਬਾਬਤ ਫੈਸਲਾ ਨਹੀਂ ਲੈ ਸਕੇ। ਉਹ ਇਸ ਤੋਂ ਅੱਗੇ ਨਹੀਂ ਵਧ ਸਕੇ ਕਿ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇਗਾ, ਸਭ ਨੂੰ ਪ੍ਰਮਾਣਤ ਹੋਵੇਗਾ। ਪਰ ਹੈ ਕੌਣ, ਇਸ ਬਾਬਤ ਅਜੇ ਤਕ ਇੱਕ ਭੇਦ ਬਣਿਆ ਹੋਇਆ ਹੈ। ਇਹ ਭੇਦ ਦੀ ਦੇਰੀ ਇਸ ਪਾਰਟੀ ਦਾ ਦਿਨੋ-ਦਿਨ ਨੁਕਸਾਨ ਕਰ ਰਹੀ ਹੈ।
ਪਾਰਟੀ ਹਮਦਰਦ ਜਨਤਾ ਪੁੱਛਣ, ਪੁੱਛਣ ਕਰ ਰਹੀ ਹੈ ਕਿ 1972 ਦਾ ਜਨਮਿਆ, ਪੜ੍ਹਾਈ ਵਿੱਚ ਗ੍ਰੈਜੂਏਟ ਆਪਣੀ ਸਰਗਰਮੀਆਂ ਕਰਕੇ ਕਾਲਜ ਵਿੱਚ ਗੋਲਡ ਮੈਡਲ ਜੇਤੂ, ਦੋ ਵਾਰ ਦਾ ਮੈਂਬਰ ਪਾਰਲੀਮੈਂਟ, ਪਹਿਲੀ ਵਾਰ ਦੋ ਲੱਖ ਤੋਂ ਵੱਧ ਦੇ ਫ਼ਰਕ ਨਾਲ ਜਿੱਤਣ ਵਾਲਾ ਜਦੋਂ ਪਾਰਟੀ ਲਹਿਰ ਨਹੀਂ ਵੀ ਸੀ, ਉਦੋਂ ਵੀ ਇੱਕ ਲੱਖ, ਗਿਆਰਾਂ ਹਜ਼ਾਰ, ਇੱਕ ਸੌ ਗਿਆਰਾਂ ਵੋਟਾਂ ਨਾਲ ਜਿੱਤਣ ਵਾਲਾ, ਜਿਹੜਾ ਲੋਕ ਸਭਾ ਵਿੱਚ ਪੰਜਾਬ ਦੇ ਵੱਧ ਤੋਂ ਵੱਧ ਮਸਲੇ ਉਠਾਉਣ ਵਾਲਾ, ਨਿਧੜਕ, ਦੂਜਿਆਂ ਤੋਂ ਸਮਾਂ ਮੰਗ ਕੇ ਆਪਣਾ ਹਰ ਮਿੰਟ ਕਵਿਤਾ ਰਾਹੀਂ ਪੰਜਾਬ ਦੇ ਲੇਖੇ ਲਾਉਣ ਵਾਲਾ, ਸਰਕਾਰ ਵੱਲੋਂ ਮਿਲੀ ਗ੍ਰਾਂਟ ਨੂੰ ਬਿਨਾਂ ਕਿਸੇ ਭਿੰਨ-ਭੇਦ ਭਾਵ ਪਿੰਡ-ਪਿੰਡ ਜਾ ਵੰਡਣ ਵਾਲਾ, ਪਿੰਡਾਂ ਵਿੱਚ ਦਰਬਾਰ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਵਾਰਨ ਕਰਨ ਵਾਲਾ, ਪਿੰਡਾਂ ਵਿੱਚ ਪੰਚਾਇਤਾਂ ਤੋਂ ਇਲਾਵਾ ਗ੍ਰਾਮ ਸਭਾਵਾਂ ਬਾਰੇ ਆਪਣਾ ਗਿਆਨ ਵੰਡਣ ਵਾਲਾ, ਖੇਡਾਂ ਅਤੇ ਸਪੋਰਟਸ ਕਲੱਬਾਂ ਨੂੰ ਵੱਧ ਤੋਂ ਗ੍ਰਾਂਟ ਦੇਣ ਵਾਲਾ, ਏਜੰਟਾਂ ਹੱਥੋਂ ਲੁੱਟੇ ਜਾ ਰਹੇ ਲੋਕਾਂ ਦਾ ਦਰਦ ਸੁਣਨ ਵਾਲਾ, ਏਜੰਟਾਂ ਵੱਲੋਂ ਜਾਲ੍ਹੀ ਵੀਜ਼ਿਆਂ ਵਿੱਚ ਵਿਦੇਸ਼ਾਂ ਵਿੱਚ ਫਸੇ ਨੌਜਵਾਨਾਂ ਨੂੰ ਛੁਡਾਉਣ ਵਾਲਾ, ਹੋਰ ਤਾਂ ਹੋਰ ਖਾੜੀ ਦੇਸ਼ਾਂ ਵਿੱਚ ਗਲਤ ਤਰੀਕੇ ਨਾਲ ਗਈਆਂ ਧੀਆਂ-ਭੈਣਾਂ ਦੀ ਸਾਰ ਲੈਣ ਵਾਲਾ, ਜਿਸ ’ਤੇ ਅੱਜ ਤਕ ਕੋਈ ਵੀ ਕੁਰੱਪਸ਼ਨ ਦਾ ਦੋਸ਼ ਨਾ ਲੱਗਾ ਹੋਵੇ. ਜਿਹੜਾ ਆਪਣੇ ਪਰਿਵਾਰ ਅਤੇ ਸਿਆਸਤ ਵਿੱਚੋਂ ਇੱਕ ਚੁਣਨ ਲਈ, ਲੋਕ ਸੇਵਾ ਨੂੰ ਚੁਣ ਚੁੱਕਿਆ ਹੋਵੇ, ਜਿਹੜਾ ਅੱਜ ਤਕ ਪਾਰਟੀ ਦਾ ਹਰ ਇਮਤਿਹਾਨ ਪਾਸ ਕਰ ਚੁੱਕਾ ਹੋਵੇ, ਜਿਹੜਾ ਜਿੱਤਣ ਅਤੇ ਹਾਰਨ ਤੋਂ ਇਲਾਵਾ ਵੀ ਪਾਰਟੀ ਦਾ ਲੜ ਨਾ ਛੱਡਣ ਵਾਲਾ ਹੋਵੇ, ਜਿਹੜਾ ਆਪਣੇ ’ਤੇ ਸ਼ਰਾਬ ਪੀਣ ਸੰਬੰਧੀ ਲੱਗੇ ਦੋਸ਼ਾਂ ਖਾਤਰ ਭਰੀ ਸਭਾ ਵਿੱਚ ਆਪਣੀ ਮਾਂ ਦੇ ਸਿਰ ’ਤੇ ਹੱਥ ਰੱਖ ਕੇ, ਇਸ ਤੋਂ ਤੌਬਾ ਕਰਨ ਵੱਲ ਵਧਿਆ ਹੋਵੇ, ਜਿਹੜਾ ਕਿਸਾਨੀ ਮੰਗਾਂ ਕਰਕੇ 9 ਵਾਰ ਲੋਕ ਸਭਾ ਵਿੱਚ ਕੰਮ ਰੋਕੂ ਮਤਾ ਪੇਸ਼ ਕਰ ਚੁੱਕਾ ਹੋਵੇ - ਅਜਿਹੇ ਨੌਜਵਾਨ ਨੂੰ ਪੰਜਾਬ ਵਿੱਚ ਪਾਰਟੀ ਦਾ ਮੁਖੀ ਅਤੇ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਹੋਰ ਕਿਹੜੇ-ਕਿਹੜੇ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਪਊ? ਇਸ ਬਾਬਤ ਜਨਤਾ ਜਾਣਨਾ ਚਾਹੁੰਦੀ ਹੈ।
ਜ਼ਰਾ ਹੋਰ ਸੋਚੋ, ਉਹ ਤੁਹਾਡੇ ਮੈਂਬਰ ਅਤੇ ਲੋਕ ਸਭਾ ਮੈਂਬਰ ਕਿੱਥੇ ਗਏ, ਜਿਹੜੇ ਆਖਿਆ ਕਰਦੇ ਸਨ ਕਿ ਮੇਰੀ ਸੀਟ ਬਦਲ ਦਿਓ, ਮੈਂਨੂੰ ਸ਼ਰਾਬ ਦੀ ਬੋ ਆਉਂਦੀ ਹੈ? ਜਨਤਾ ਨੇ ਉਨ੍ਹਾਂ ਦੀ ਅਜਿਹੀ ਸੀਟ ਬਦਲੀ ਕਿ ਉਹ ਮੁੜ ਨਜ਼ਰ ਨਹੀਂ ਆਏ। ਅੱਜ ਦੇ ਦਿਨ ਸ਼ਰਾਬ ਦਾ ਦੋਸ਼ ਉਹ ਲਾਉਂਦੇ ਹਨ, ਜਿਹੜੇ ਆਪਣੀਆਂ ਕਈ ਨਿੱਜੀ ਘਾਟਾਂ ਕਰਕੇ ਭਗਵੰਤ ਮਾਨ ਵਿਰੋਧੀ ਹਨ। ਜਿਹੜੇ ਪੱਠੀ ਕੁਕੜੀ ਵਾਂਗ ਅੰਡਾ ਦੇਣ ਦੀ ਖਾਤਰ ਰੋਜ਼ ਖੁੱਡੇ ਬਦਲਦੇ ਹੋਣ। ਅੱਜ ਦੇ ਦਿਨ ਇਹ ਦੋਸ਼ ਜਨਤਾ ਨਹੀਂ, ਦਲ ਬਦਲੂ ਕਿਸਮ ਦੇ ਲੋਕ ਲਗਾਉਂਦੇ ਹਨ, ਘਬਰਾਉਣ ਦੀ ਲੋੜ ਨਹੀਂ।
ਅਖੀਰ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਚੋਣ ਯੁੱਧ ਵਿੱਚ ਸਭ ਪਾਰਟੀਆਂ ਆਪੋ-ਆਪਣੇ ਵਿੱਤ ਮੁਤਾਬਕ ਲੜਨਗੀਆਂ। ਫਿਰ ਵੀ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਰਹਿਣ ਵਾਲਾ ਹੈ। ਮੁੱਖ ਮੰਤਰੀ ਦਾ ਚਿਹਰਾ ਐਲਾਨਣ ਵਿੱਚ ਤੁਹਾਡੀ ਜੱਕੋ-ਤਕੀ ਪਾਰਟੀ ਦਾ ਹੋਰ ਨੁਕਸਾਨ ਕਰਾਏਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2928)
(ਸਰੋਕਾਰ ਨਾਲ ਸੰਪਰਕ ਲਈ: