“ਅਜੇ ਅਜਿਹੇ ਸਪਸ਼ਟੀਕਰਨ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਸੱਚ ਸਭ ਦੇ ਸਾਹਮਣੇ ...”
(12 ਜੁਲਾਈ 2020)
ਲਗਭਗ ਚਾਰ ਹਫ਼ਤੇ ਪਹਿਲਾਂ ਭਾਰਤ-ਚੀਨ ਸਰਹੱਦ ’ਤੇ ਜੋ ਵਰਤਾਰਾ ਵਰਤਿਆ, ਉਹ ਅਤੀ ਨਿੰਦਣਯੋਗ ਕਿਹਾ ਜਾ ਸਕਦਾ ਹੈ। ਜਿਹੜੀ ਭਾਰਤ-ਚੀਨ ਸਰਹੱਦ ਲਗਭਗ ਚਾਰ ਦਹਾਕਿਆ ਤੋਂ ਖਾਮੋਸ਼ੀ ਦੇ ਆਲਮ ਵਿੱਚ ਸੀ, ਅਚਾਨਕ ਕੀ ਹੋ ਗਿਆ ਕਿ ਸਾਡੇ ਵੀਹ ਜਵਾਨ ਸ਼ਹੀਦੀਆਂ ਪ੍ਰਾਪਤ ਕਰ ਗਏ। ਨਾਲ ਹੀ ਇਹ ਵੀ ਆਖਿਆ ਜਾ ਰਿਹਾ ਕਿ ਸਾਡੇ ਤੋਂ ਦੁੱਗਣੇ ਫੌਜੀ ਚੀਨੀਆਂ ਵੀ ਮਾਰੇ ਗਏ। ਚੀਨੀ ਭਾਵੇਂ ਹੋਰ ਵੀ ਮਾਰੇ ਜਾਂਦੇ ਉਸ ਨਾਲ ਭਾਰਤ ਮਾਂ ਦੇ ਸ਼ਹੀਦ ਹੋਏ ਸਪੂਤ ਵਾਪਸ ਨਹੀਂ ਆ ਸਕਦੇ। ਕੋਈ ਧਿਰ ਵੀ ਆਪਣਾ ਕਸੂਰ ਮੰਨਣ ਨੂੰ ਤਿਆਰ ਨਹੀਂ। ਅਜਿਹੀ ਸਥਿਤੀ ਵਿੱਚ ਪਹਿਲੇ ਦਿਨਾਂ ਦੀ ਪ੍ਰਧਾਨ ਮੰਤਰੀ ਦੀ ਖਾਮੋਸ਼ੀ ਕਾਫੀ ਰਾਜ਼ਦਾਰ ਬਣੀ ਰਹੀ। ਘਟਨਾ ਤੋਂ ਦੋ ਦਿਨ ਬਾਅਦ ਆਪਣੇ ਸੰਬੋਧਨ ਵਿੱਚ ਜਦ ਇਹ ਕਿਹਾ ਗਿਆ ਕਿ ਚੀਨੀ ਫੌਜੀ ਸਾਡੀ ਧਰਤੀ ’ਤੇ ਪੈਰ ਤਕ ਨਹੀਂ ਧਰ ਸਕੇ ਤਾਂ ਇਹ ਰਾਜ਼ ਹੋਰ ਵੀ ਡੂੰਘਾ ਹੋ ਗਿਆ। ਵਿਰੋਧੀ ਸਿਆਸੀ ਪਾਰਟੀਆਂ ਨੇ ਜਦ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਉਨ੍ਹਾਂ ਦੇ ਕੀਤੇ ਸਵਾਲਾਂ ਨੂੰ ਗਦਾਰਾਂ ਦੀ ਟੋਕਰੀ ਵਿੱਚ ਪਾ ਦਿੱਤਾ ਜਾਂਦਾ ਰਿਹਾ। ਹਰ ਕੋਈ ਸੋਚ ਰਿਹਾ ਸੀ ਕਿ ਅਗਰ ਚੀਨੀਆਂ ਨੇ ਭਾਰਤੀ ਜਗ੍ਹਾ ’ਤੇ ਕਬਜ਼ਾ ਵਗੈਰਾ ਨਹੀਂ ਕੀਤਾ ਤਾਂ ਕੀ ਸਾਡੇ ਫੌਜੀ ਚੀਨੀ ਜਗ੍ਹਾ ’ਤੇ ਕਬਜ਼ਾ ਕਰਨ ਗਏ ਝਗੜੇ ਵਿੱਚ ਮਾਰੇ ਗਏ? ਅਜੇ ਅਜਿਹੇ ਸਪਸ਼ਟੀਕਰਨ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਸੱਚ ਸਭ ਦੇ ਸਾਹਮਣੇ ਆਣ ਖਲੋਤਾ। ਦਰਅਸਲ ਸੱਚ ਇਹ ਸੀ ਕਿ ਚੀਨੀ ਫੌਜੀਆਂ ਨੇ ਪੂਰੀ ਤਿਆਰੀ ਨਾਲ ਗਲਵਾਨ ਘਾਟੀ ’ਤੇ ਆਪਣਾ ਕਬਜ਼ਾ ਜਮਾ ਲਿਆ, ਜਿਸਦੇ ਸੰਬੰਧ ਵਿੱਚ ਝੜਪ ਹੋਈ ਅਤੇ ਵੀਹ ਭਾਰਤੀ ਜਵਾਨਾਂ ਨੇ ਵੀਰਗਤੀ ਨੂੰ ਪ੍ਰਾਪਤ ਕੀਤਾ। ਜਦ ਸੱਚ ਸਪਸ਼ਟ ਹੋ ਜਾਵੇ ਤਾਂ ਫਿਰ ਹੋਰ ਕਿਸੇ ਬਦਲ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਇਸ ਕਰਕੇ ਵਿਰੋਧੀਆਂ ਵੱਲੋਂ ਫਿਰ ਸਵਾਲ ਕੀਤੇ ਗਏ, ਜਿਸ ਨਾਲ ਦੁਬਾਰਾ ਬਵਾਲ ਖੜ੍ਹਾ ਹੋ ਗਿਆ।
ਉਪਰੋਕਤ ਸਾਰੇ ਪ੍ਰਸ਼ਨਾਂ ਬਾਰੇ ਉੱਤਰ ਮੋਦੀ ਨੇ ਆਪਣੇ ਤਰੀਕੇ ਨਾਲ ਦਿੱਤਾ। ਇੱਕ ਦਿਨ ਮੋਦੀ ਨੇ ਲੱਦਾਖ ਦੀ ਅਚਾਨਕ ਯਾਤਰਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਉੱਥੇ ਜਾ ਕੇ ਉਸ ਨੇ ਜ਼ਖਮੀ ਫੌਜੀਆਂ ਦੀ ਖ਼ਬਰਸਾਰ ਲਈ। ਸ਼ਾਬਾਸ਼ ਦਿੱਤੀ, ਉਨ੍ਹਾਂ ਦੀ ਪਿੱਠ ਥਾਪੜੀ। ਇਸ ਤੋਂ ਇਲਾਵਾ ਫੌਜੀਆਂ ਨੂੰ ਵੀ ਸੰਬੋਧਨ ਕੀਤਾ। ਮੋਦੀ ਨੇ ਬਿਨਾ ਚੀਨ ਦਾ ਨਾਂਅ ਲਏ ਆਖਿਆ ਕਿ ਸਮਾਂ ਵਿਸਥਾਰਵਾਦ ਦਾ ਨਹੀਂ ਰਿਹਾ, ਸਗੋਂ ਵਿਕਾਸਵਾਦ ਦਾ ਹੈ। ਇਹ ਗੱਲ ਸਭ ਨੂੰ ਸਮਝ ਲੈਣੀ ਚਾਹੀਦੀ ਹੈ। ਜਿਸਦਾ ਅਸਰ ਚੀਨ ਨੇ ਵੀ ਨੋਟ ਕੀਤਾ ਅਤੇ ਉਹ ਦੁਬਾਰਾ ਗੱਲਬਾਤ ਦੇ ਰਾਹ ਪੈ ਕੇ ਸਮਝੌਤੇ ਮੁਤਾਬਕ ਕਾਬਜ਼ ਜਗ੍ਹਾ ਤੋਂ ਦੋ ਕਿਲੋਮੀਟਰ ਪਿੱਛੇ ਹਟ ਗਿਆ ਅਤੇ ਭਾਰਤ ਵੀ ਪਿੱਛੇ ਹਟਿਆ ਹੈ।
ਇਸ ਬਾਰੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਸ ਵਿੱਚ ਸਹਿਮਤ ਹੁੰਦਿਆਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਦੋਹਾਂ ਧਿਰਾਂ ਨੇ ਐੱਲ ਏ ਸੀ ਦਾ ਸਨਮਾਨ ਸਖ਼ਤੀ ਨਾਲ ਕਰਨ ਲਈ ਸਹਿਮਤੀ ਪ੍ਰਗਟ ਕੀਤੀ। ਜਿਸ ਜਗ੍ਹਾ ਤੋਂ ਦੋਹਾਂ ਦੇਸ਼ਾਂ ਨੇ ਆਪਣੇ ਫੌਜੀ ਵਾਪਸ ਬੁਲਾਏ ਹਨ, ਉਸ ਜਗ੍ਹਾ ਨੂੰ ਬਫਰ ਇਲਾਕਾ ਘੋਸ਼ਿਤ ਕਰਕੇ ਇਸ ਜਗ੍ਹਾ ਦੀ ਨਿਗਰਾਨੀ ਇਲੈਕਟਰੌਨਿਕ ਤਰੀਕੇ ਨਾਲ ਕੀਤੀ ਜਾਵੇਗੀ। ਅਜਿਹਾ ਫੈਸਲਾ ਦੋਹਾਂ ਦੇਸ਼ਾਂ ਦੇ ਹਿਤ ਵਿੱਚ ਹੈ। ਅਜਿਹੇ ਯਤਨ ਦੋਹਾਂ ਦੇਸ਼ਾਂ ਵੱਲੋਂ ਭਵਿੱਖ ਵਿੱਚ ਵੀ ਜਾਰੀ ਰਹਿਣੇ ਚਾਹੀਦੇ ਹਨ। ਦੋਹਾਂ ਦੇਸ਼ਾਂ ਨੂੰ ਉਸ ਪੁਰਾਤਨ ਅਤੇ ਸਹੀ ਅਖਾਣ ਦੀ ਪਾਲਣਾ ਕਰਨੀ ਚਾਹੀਦੀ ਹੈ ਕਿ ਸਿਆਣੇ ਕਹਿੰਦੇ ਹਨ, ‘ਕੁੜਮ ਕੁਪੱਤੇ ਹੋਈਏ, ਗਵਾਂਢ ਕੁਪੱਤੇ ਨਹੀਂ।’
ਅਗਰ ਸਭ ਦੇਸ਼ ਆਪਣੀ ਵਿਦੇਸ਼ ਨੀਤੀ ਬਣਾਉਂਦੇ ਸਮੇਂ ਆਪਣੇ ਗਵਾਂਢੀ ਦੇਸਾਂ ਨਾਲ ਸੁਖਾਵਾਂ ਮਾਹੌਲ ਬਣਾਉਣ ਨੂੰ ਪਹਿਲ ਦੇਣਾ ਸ਼ੁਰੂ ਕਰਨਗੇ ਤਾਂ ਹੀ ਅਮਨ ਵੱਲ ਵਧਿਆ ਜਾ ਸਕਦਾ ਹੈ।
ਪਰ ਅਸਲ ਵਿੱਚ ਹੋ ਕੀ ਰਿਹਾ ਹੈ, ਚੀਨ ਦੇ ਇਸ ਵਕਤ ਆਪਣੇ ਗਵਾਂਢੀਆਂ ਅਤੇ ਹੋਰ ਨੇੜਲੇ ਲਗਭਗ ਦੋ ਦਰਜਨ ਦੇਸ਼ਾਂ ਨਾਲ ਝਗੜੇ ਚੱਲ ਰਹੇ ਹਨ। ਇਵੇਂ ਹੀ ਅੱਜ ਦੇ ਦਿਨਾਂ ਵਿੱਚ ਭਾਰਤ ਦਾ ਵੀ ਆਪਣੇ ਗਵਾਂਢੀਆਂ ਨਾਲ “ਸਭ ਠੀਕ ਹੈ” ਨਹੀਂ ਚੱਲ ਰਿਹਾ। ਅੱਜ ਦੁਨੀਆ ਵਿੱਚ ਭਾਰਤ ਅਤੇ ਚੀਨ ਵੱਡੇ ਦੇਸ਼ਾਂ ਵਿੱਚ ਆਉਂਦੇ ਹਨ। ਇਸ ਕਰਕੇ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਆਪਣੇ ਆਂਢੀਆਂ ਗਵਾਂਢੀਆਂ ਨਾਲ ਵੱਡੇ ਭਰਾ ਦੇ ਰੂਪ ਵਿੱਚ ਪੇਸ਼ ਆਉਣਾ ਚਾਹੀਦਾ ਹੈ। ਇਨ੍ਹਾਂ ਦੋਹਾਂ ਦੇਸ਼ਾਂ ਨੂੰ ਆਪਣੀ ਹੈਂਕੜਬਾਜ਼ੀ ਛੱਡਣੀ ਹੋਵੇਗੀ ਤਾਂ ਹੀ ਅਸੀਂ ਸੰਸਾਰ ਸ਼ਾਂਤੀ ਕਾਇਮ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹੋਵਾਂਗੇ। ਸਮੇਂ-ਸਮੇਂ ਸਿਰ ਸੰਬੰਧਤ ਸਰਕਾਰਾਂ ਨੂੰ ਦੁਵੱਲੀ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ ਤਾਂ ਕਿ ਹਾਲਾਤ ਕਤਲੋਗਾਰਤ ਤਕ ਨਾ ਪਹੁੰਚਣ ਨਾ ਹੀ ਕਿਸੇ ਧਿਰ ਦਾ ਜਾਨੀ ਨੁਕਸਾਨ ਹੋਵੇ; ਜਿਵੇਂ ਜੂਨ ਦੇ ਮੱਧ ਵਿੱਚ ਦੋਹਾਂ ਦੇਸ਼ਾਂ ਦਾ ਹੋਇਆ ਹੈ। ਤੁਸੀਂ ਦੇਖਿਆ ਹੈ ਕਿ ਮੱਧ ਜੂਨ ਵਿੱਚ ਜਿਸ ਨੇ ਵੀ ਵਾਧਾ ਕੀਤਾ ਹੈ, ਉਸ ਨੂੰ ਥੁੱਕ ਕੇ ਚੱਟਣਾ ਪਿਆ ਹੈ।
ਮੋਦੀ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਿਹਾਰ ਵਿੱਚ ਤਬਦੀਲੀ ਲਿਆਵੇ। ਅਜਿਹੀ ਹਰਕਤ ਤੋਂ ਬਚਣਾ ਚਾਹੀਦਾ ਹੈ ਜਿਹੜੀ ਬਾਅਦ ਵਿੱਚ ਮਜ਼ਾਕ ਦਾ ਕਾਰਨ ਬਣੇ। ਜਿਵੇਂ ਤੁਸੀਂ ਦੇਖਿਆ ਹੋਵੇਗਾ ਪਹਿਲਾਂ ਮੋਦੀ ਨੇ ਪਾਕਿਸਤਾਨ ਖ਼ਿਲਾਫ਼ ਧੂੰਆਂਧਾਰ ਪ੍ਰਚਾਰ ਕੀਤਾ। ਇੱਕ ਸਿਰ ਬਦਲੇ ਦਸ ਸਿਰ ਕੱਟਣ ਦੀ ਗੱਲ ਕੀਤੀ। ਛਪੰਜਾ ਇੰਚ ਦੀ ਛਾਤੀ ਦਿਖਾਈ। ਗਵਾਂਢੀ ਨੂੰ ਮੁੱਖ ਦੁਸ਼ਮਣ ਦੱਸਿਆ। ਚੋਣਾਂ ਦੀ ਜੰਗ ਮੋਦੀ ਜਿੱਤ ਗਿਆ। ਸਹੁੰ ਚੁੱਕ ਸਮਾਗਮ ਹੋਇਆ। ਉਹੀ ਗਵਾਂਢੀ ਦੁਸ਼ਮਣ ਦੇਸ਼ ਦਾ ਮੁਖੀ ਮੁੱਖ ਪ੍ਰਾਹੁਣਾ ਸੀ। ਸਭ ਲੋਕ ਹੈਰਾਨ ਰਹਿ ਗਏ। ਇੱਥੇ ਹੀ ਬੱਸ ਨਹੀਂ, ਜਦ ਜੀਅ ਕੀਤਾ ਜਹਾਜ਼ ਮੋੜ ਕੇ ਪਾਕਿਸਤਾਨ ਵਿੱਚ, ਬਰਿਆਨੀ ਜਾ ਖਾਧੀ। ਫਿਰ ਕੁਝ ਸਮੇਂ ਬਾਅਦ ਗੋਦੀ ਮੀਡੀਆ ਉਹੀ ਪੁਰਾਣਾ ਰਾਗ ਹਿੰਦੂ-ਮੁਸਲਮਾਨ ਦਾ ਅਲਾਪਣ ਲੱਗ ਪਿਆ ਕਿ ਮੁਸਲਮਾਨ ਗਦਾਰ ਹਨ।
ਚੀਨ ਦਾ ਮੁਖੀ ਸ਼ੀ ਆਉਂਦਾ ਹੈ। ਖੂਬ ਆਓ ਭਗਤ ਕੀਤੀ ਜਾਂਦੀ ਹੈ। ਖੂਬ ਜੱਫ਼ੀਆਂ ਪਾਈਆਂ ਜਾਂਦੀਆਂ ਹਨ। ਸਵਾਗਤ ਵਿੱਚ ਝੂਲਿਆਂ ’ਤੇ ਬਿਠਾ ਕੇ ਹੂਟੇ ਦਿੱਤੇ ਜਾਂਦੇ ਹਨ। ਪਰ ਆਪਸ ਵਿੱਚ ਚੰਗੇ ਗਵਾਂਢੀਆਂ ਵਾਂਗ ਰਹਿਣਾ ਚਾਹੀਦਾ ਹੈ, ਇਸ ਬਾਰੇ ਘੱਟ ਗੱਲ ਕੀਤੀ ਜਾਂਦੀ ਹੈ। ਘੱਟ ਚਰਚਾ ਹੁੰਦੀ ਹੈ। ਦੋਵੇਂ ਧਿਰਾਂ ਆਪੋ ਆਪਣਾ ਲਾਮ ਲਸ਼ਕਰ ਇੱਕ-ਦੂਜੇ ਨੂੰ ਦਿਖਾਉਂਦੇ ਹਨ, ਪਰ ਗੰਭੀਰ ਮਸਲਿਆਂ ’ਤੇ ਅਸਲ ਵਿੱਚ ਗੰਭੀਰਤਾ ਨਾਲ ਨਹੀਂ ਸੋਚਿਆ ਵਿਚਾਰਿਆ ਜਾਂਦਾ। ਅਸਲ ਮੁੱਦੇ ਉੱਥੇ ਦੇ ਉੱਥੇ ਹੀ ਰਹਿੰਦੇ ਹਨ।
ਸਾਨੂੰ ਆਪਣੇ ਛੋਟੇ-ਛੋਟੇ ਗਵਾਂਢੀਆਂ ਨਾਲ, ਵੱਡੇ ਭਰਾ ਵਾਂਗ ਪੇਸ਼ ਆ ਕੇ ਸਾਰੇ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ। ਜਿਵੇਂ ਨੇਪਾਲ ਦੀ ਤਾਜ਼ੀ ਉਲਝਣ ਨਵੇਂ ਨਕਸ਼ਿਆਂ ਬਾਰੇ ਹੈ। ਕਈ ਵਾਰ ਇਸ ’ਤੇ ਵਿਚਾਰ ਹੋਇਆ ਹੈ। ਸੀਮਤ ਸਮੇਂ ਵਿੱਚ ਇਸ ਨੂੰ ਹੱਲ ਕਰਨ ਦੇ ਇਕਰਾਰ ਹੋਏ ਹਨ, ਪਰ ਪਿਛਲੇ ਕਈ ਸਾਲਾਂ ਤੋਂ ਹੱਲ ਨਾ ਹੋਣ ਕਰਕੇ ਹੁਣ ਉਸ ਨੇਪਾਲ ਨੇ ਝਗੜੇ ਵਾਲੀ ਜਗ੍ਹਾ ਨੂੰ ਆਪਣਾ ਦਰਸਾ ਦਿੱਤਾ ਹੈ, ਜਿਸ ਨੇਪਾਲ ਦਾ ਭਾਰਤ ਨਾਲ ਨਹੁੰ-ਮਾਸ ਦਾ ਰਿਸ਼ਤਾ ਹੈ। ਨੇਪਾਲੀ ਭਾਰਤੀ ਫ਼ੌਜ ਵਿੱਚ ਭਰਤੀ ਹੋ ਕੇ ਭਾਰਤ ਲਈ ਆਪਣੀਆਂ ਜਾਨਾਂ ਵਾਰ ਰਹੇ ਹਨ। ਜਿਹੜੇ ਨੇਪਾਲੀ ਸਾਡੇ ਦਫਤਰਾਂ-ਘਰਾਂ ਦੀ ਰਾਖੀ ਕਰਦੇ ਹਨ, ਜਿਹੜੇ ਸਾਡੀ ਰਸੋਈ ਤਕ ਪਹੁੰਚੇ ਹੋਏ ਹਨ, ਅਗਰ ਕਿਸੇ ਦੁਸ਼ਟ ਪ੍ਰਚਾਰ ਨੇ ਉਨ੍ਹਾਂ ਦੇ ਮਨਾਂ ਅੰਦਰ ਭਾਰਤ ਵਿਰੋਧੀ ਘ੍ਰਿਣਾ ਪੈਦਾ ਕਰ ਦਿੱਤੀ ਤਾਂ ਭਾਰਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਸਕਦਾ ਹੈ।
ਅਖੀਰ ਵਿੱਚ ਅਸੀਂ ਬਿਨਾਂ ਪੁੱਛਿਆਂ ਹੀ ਇਹ ਰਾਏ ਦੇਵਾਂਗੇ ਕਿ ਸਾਨੂੰ ਆਪਣੀ ਵਿਦੇਸ਼ ਨੀਤੀ ’ਤੇ ਮੁੜ ਵਿਚਾਰ ਕਰਦੇ ਹੋਏ ਆਪਣੇ ਗਵਾਂਢੀਆਂ ਪ੍ਰਤੀ ਨਵੀਂ ਮਿੱਤਰਤਾ ਵਾਲੀ ਪਾਲਿਸੀ ਬਣਾਉਣੀ ਚਾਹੀਦੀ ਹੈ ਤਾਂ ਕਿ ਸਾਡੇ ਆਪਣੇ ਗਵਾਂਢੀਆਂ ਨਾਲ ਖਾਸ ਕਰਕੇ ਛੋਟੇ ਗਵਾਂਢੀਆਂ ਨਾਲ ਸੰਬੰਧ ਮਿੱਤਰਤਾ ਪੂਰਵਕ ਬਣੇ ਰਹਿਣ। ਜੋ ਗਵਾਂਢੀ ਦਾ ਹੱਕ ਹੈ, ਉਹ ਉਸ ਦੇ ਹਵਾਲੇ ਕਰੀਏ। ਜੋ ਸਾਡਾ ਹੱਕ ਬਣਦਾ ਹੈ, ਉਸ ’ਤੇ ਆਪਣਾ ਦਲੀਲ ਸਹਿਤ ਹੱਕ ਦਰਸਾਈਏ ਅਤੇ ਪ੍ਰਾਪਤ ਕਰੀਏ। ਜਿਵੇਂ ਤੁਸੀਂ ਸਭ ਜਾਣਦੇ ਹੋ ਕਿ ਵਧੀਆ ਜਰਨੈਲ ਉਹ ਹੁੰਦਾ ਹੈ, ਜੋ ਘੱਟ ਤੋਂ ਘੱਟ ਨੁਕਸਾਨ ਕਰਾ ਕੇ ਵੱਧ ਤੋਂ ਵੱਧ ਜਿੱਤਾਂ ਪ੍ਰਾਪਤ ਕਰੇ। ਸਾਨੂੰ ਆਪਸੀ ਗੱਲਬਾਤ ਦਾ ਸਿਧਾਂਤ ਕਦੀ ਵੀ ਛੱਡਣਾ ਨਹੀਂ ਚਾਹੀਦਾ ਕਿਉਂਕਿ ਲੜਾਈਆਂ, ਜੰਗਾਂ ਤੋਂ ਬਾਅਦ ਨਿਪਟਾਰੇ ਅਖੀਰ ਗੱਲਬਾਤ ਰਾਹੀ ਹੀ ਹੁੰਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2248)
(ਸਰੋਕਾਰ ਨਾਲ ਸੰਪਰਕ ਲਈ: