“ਕੁੜੀ ਜਦੋਂ ਵਾਪਸ ਆਈ ਤਾਂ ਮਾਂ ਨੂੰ ਉੱਥੇ ਖੜ੍ਹੀ ਨਾ ਵੇਖ, ਉੱਥੇ ਲੱਗੀ ਦੂਜੀ ਬੱਸ ਵਿੱਚ ਚੜ੍ਹ ਗਈ। ਉਸ ਬੱਸ ਵਿੱਚ ਮਾਂ ਨੂੰ ਨਾ ਵੇਖ ...”
(22 ਫਰਵਰੀ 2024)
ਇਸ ਸਮੇਂ ਪਾਠਕ: 410.
ਲਗਭਗ 26, 27 ਸਾਲ ਉਮਰ ਤੋਂ ਬੱਸ ਦਾ ਸਫ਼ਰ ਸ਼ੁਰੂ ਹੋਇਆ ਸੀ, ਜੋ ਅੱਜ ਜ਼ਿੰਦਗੀ ਦਾ ਅਹਿਮ ਹਿੱਸਾ ਹੀ ਬਣ ਗਿਆ ਹੈ। ਬੱਸਾਂ ਵਿੱਚ ਸਫ਼ਰ ਕਰਦਿਆਂ ਜ਼ਿੰਦਗੀ ਦੇ ਚੰਗੇ ਤਜਰਬੇ ਹੋ ਜਾਂਦੇ ਹਨ। ਅਕਸਰ ਸੋਚਦੀ ਹਾਂ ਕਿ ਜੋ ਲੋਕ ਸਿਰਫ ਗੱਡੀ ਵਿੱਚ ਸਫ਼ਰ ਕਰਨਾ ਪਸੰਦ ਕਰਦੇ ਹਨ, ਉਹ ਬੱਸ ਦੇ ਖੱਟੇ ਮਿੱਠੇ ਸਫ਼ਰ ਅਤੇ ਤਜਰਬਿਆਂ ਤੋਂ ਕੋਰੇ ਰਹਿ ਜਾਂਦੇ ਹਨ। ਇਸ ਸਫ਼ਰ ਦਾ ਆਪਣਾ ਹੀ ਨਜ਼ਾਰਾ ਹੁੰਦਾ ਹੈ, ਜੋ ਕਦੇ ਹਸਾਉਣ ਵਾਲਾ ਤੇ ਕਦੇ ਰਵਾਉਣ ਵਾਲਾ ਵੀ ਹੋ ਨਿੱਬੜਦਾ ਹੈ। ਬੱਸਾਂ ਵਿੱਚ ਲਿਖੀਆਂ ਲਾਈਨਾਂ ਤੁਹਾਡਾ ਧਿਆਨ ਮੱਲੋਮੱਲੀ ਖਿੱਚ ਲੈਂਦੀਆਂ, ਉਹ ਚਾਹੇ ਰਿਸ਼ਤਿਆਂ ਦੀ ਬਾਤ ਪਾਉਂਦੀਆਂ ਹੋਣ ਜਾਂ ਡਰਾਈਵਰ ਦੀ ਜ਼ਿੰਦਗੀ ਦੀ। ਪੁੱਤਰਾਂ ਵੱਲੋਂ ਮਾਪਿਆਂ ਦੇ ਕੀਤੇ ਜਾ ਰਹੇ ਨਿਰਾਦਰ ਬਾਰੇ ‘ਦੁੱਧ ਨਾਲ ਪੁੱਤ ਪਾਲ ਕੇ, ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ’ ਆਦਿ। ਡਰਾਈਵਰੀ ਕਰਨੀ ਸੌਖੀ ਨਹੀਂ ਹੁੰਦੀ ਅਤੇ ਡਰਾਈਵਰ ਆਪਣੇ ਅੰਦਰਲੇ ਦਰਦ ਨੂੰ ਵੀ ਬਿਆਨ ਕਰਦੇ ਜਨ-‘ਇਹ ਮਸਲਾ ਸਾਰਾ ਰੋਟੀ ਦਾ, ਕੋਈ ਰੋਟੀ ਲਿਜਾਣਾ ਭੁੱਲ ਜਾਂਦਾ ਤੇ ਕੋਈ ਖਾਣਾ ਭੁੱਲ ਜਾਂਦਾ’ ਆਦਿ ਆਦਿ। ਇਸੇ ਤਰ੍ਹਾਂ ਇੱਕ ਬੱਸ ਵਿੱਚ ਲਿਖਿਆ ਹੋਇਆ ਸੀ, “ਹੇ ਵਾਹਿਗੁਰੂ ਡਰਾਈਵਰ ਉੱਤੇ ਮਿਹਰ ਭਰਿਆ ਹੱਥ ਰੱਖੀਂ।’ ਸੋਚਿਆ, ਇਸਨੇ ਸਭ ਲਈ ਮਿਹਰ ਦੀ ਗੱਲ ਕਿਉਂ ਨਹੀਂ ਕੀਤੀ? ਫਿਰ ਆਪਮੁਹਾਰੇ ਚਿਹਰੇ ਉੱਤੇ ਮੁਸਕਾਨ ਆ ਗਈ ਕਿ ਬੱਸ ਤਾਂ ਡਰਾਈਵਰ ਸਹਾਰੇ ਹੀ ਚੱਲਣੀ ਹੁੰਦੀ ਹੈ, ਤਾਂ ਹੀ ਉਸਨੇ ਇਹ ਲਿਖਵਾਇਆ ਹੈ।
ਬੱਸਾਂ ਵਿੱਚ ਐੱਮ ਐੱਲ ਏ ਲਈ ਰਾਖਵੀਂ ਸੀਟ ਬਾਰੇ ਪੜ੍ਹਦਿਆਂ ਲਗਦਾ ਜਿਵੇਂ ਇਹ ਸ਼ਬਦ ਹੁਣ ਮੂੰਹ ਚਿੜਾਉਂਦੇ ਹੋਣ। ਅੱਜਕੱਲ ਅਜਿਹੇ ਐੱਮ ਐੱਲ ਏ ਕਿੱਥੇ ਜੋ ਆਮ ਲੋਕਾਂ ਨਾਲ ਬੱਸ ਵਿੱਚ ਸਫ਼ਰ ਕਰ ਸਕਣ, ਇਹ ਤਾਂ ਭਲੇ ਵੇਲਿਆਂ ਦੀ ਗੱਲ ਸੀ, ਜਦੋਂ ਐੱਮ ਐੱਲ ਏ ਆਪਣੇ ਆਪ ਨੂੰ ਰੱਬ ਨਹੀਂ ਸਮਝਦੇ ਸਨ, ਸਗੋਂ ਲੋਕਾਂ ਦੇ ਸੇਵਕ ਸਮਝਦੇ ਸਨ। ਇਸੇ ਤਰ੍ਹਾਂ ਬੱਸਾਂ ਵਿੱਚ ਔਰਤਾਂ ਲਈ ਰਾਖਵੀਆਂ ਸੀਟਾਂ ਲਿਖਣ ਦਾ ਵੀ ਕੋਈ ਮਤਲਬ ਨਹੀਂ ਲਗਦਾ।
ਮੈਨੂੰ ਦੂਜੇ ਸੂਬਿਆਂ ਵਿੱਚ ਵੀ ਬੱਸ ਸਫ਼ਰ ਕਰਨ ਦਾ ਮੌਕਾ ਮਿਲਿਆ ਹੈ। ਉੱਥੇ ਵੇਖਿਆ, ਔਰਤਾਂ ਲਈ ਰਾਖਵੀਆਂ ਸੀਟਾਂ ਉੱਤੇ ਆਦਮੀ ਨਹੀਂ ਬੈਠਦੇ, ਜੇ ਬੈਠ ਜਾਣ ਤਾਂ ਔਰਤ ਖੜ੍ਹੀ ਵੇਖ ਕੇ ਸੀਟ ਛੱਡ ਦਿੰਦੇ ਹਨ। ਕਈ ਸ਼ਹਿਰਾਂ ਵਿੱਚ ਤਾਂ ਔਰਤਾਂ ਧੱਕੇ ਨਾਲ ਵੀ ਆਪਣੀ ਰਾਖਵੀਂ ਸੀਟ ਖਾਲੀ ਕਰਵਾ ਲੈਂਦੀਆਂ ਹਨ। ਪਰ ਪੰਜਾਬ ਵਿੱਚ ਇਹ ਸੰਭਵ ਨਹੀਂ ਲਗਦਾ।
ਰੋਜ਼ਾਨਾ ਸਫ਼ਰ ਕਰਨ ਵਾਲੇ ਨੂੰ ਇਹ ਤਜਰਬਾ ਵੀ ਬਾਖੂਬੀ ਹੋ ਜਾਂਦਾ ਕਿ ਬੱਸ ਨੇ ਕਿੱਥੇ ਨਹੀਂ ਰੁਕਣਾ, ਕਿੱਥੇ ਰੁਕਣਾ ਹੈ, ਕਿੰਨਾ ਸਮਾਂ ਰੁਕਣਾ ਹੈ। ਜੇ ਕਦੇ ਮੁੱਖ ਬੱਸ ਅੱਡੇ ਤੋਂ ਇਲਾਵਾ ਹੋਰ ਛੋਟੇ ਅੱਡੇ ਤੋਂ ਚੜ੍ਹਨਾ ਹੋਵੇ ਤਾਂ ਅਕਸਰ ਪਹਿਲਾਂ ਉੱਥੇ ਖੜ੍ਹਿਆਂ ਇਹ ਧੜਕੂ ਲੱਗਾ ਹੁੰਦਾ ਹੈ ਕਿ ਬੱਸ ਕਦੋਂ ਆਵੇਗੀ? ਫਿਰ ਆਲੇ ਦੁਆਲੇ ਵਧ ਰਹੀਆਂ ਸਵਾਰੀਆਂ ਕਾਰਨ ਦੂਜਾ ਧੜਕੂ ਲੱਗ ਜਾਂਦਾ ਕਿ ਬੱਸ ਵਿੱਚ ਚੜ੍ਹਿਆ ਜਾਵੇਗਾ ਕਿ ਨਹੀਂ। ਬੱਸਾਂ ਵਿੱਚ ਨਿੱਤ ਹੁੰਦੀ ਲੜਾਈ ਕਾਰਨ ਹੁਣ ਸੀਟਾਂ ਜਿੰਨੀਆਂ ਸਵਾਰੀਆਂ ਹੀ ਚੜ੍ਹਾਉਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਬੱਸਾਂ ਕਈ ਥਾਵਾਂ ’ਤੇ ਰੁਕਦੀਆਂ ਹੀ ਨਹੀਂ। ਸਵਾਰੀਆਂ ਲੰਮਾ ਸਮਾਂ ਖੜ੍ਹਨ ਲਈ ਮਜਬੂਰ ਹਨ। ਬੱਸਾਂ ਦੀ ਘਟਦੀ ਜਾ ਰਹੀ ਗਿਣਤੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਹੀ ਹੈ। ਸਰਕਾਰ ਵੱਲੋਂ ਬੱਸਾਂ ਦੀ ਗਿਣਤੀ ਵਧਾਉਣ ਦੀ ਥਾਂ ਕਈ ਰੂਟਾਂ ਉੱਤੇ ਬੱਸਾਂ ਬੰਦ ਹੀ ਕਰ ਦਿੱਤੀਆਂ ਗਈਆਂ ਹਨ।
ਆਧਾਰ ਕਾਰਡ ਨਾਲ ਸਬੰਧਤ ਕਈ ਘਟਨਾਵਾਂ ਤਾਂ ਯਾਦਾਂ ਦੀ ਪਟਾਰੀ ਵਿੱਚੋਂ ਕਦੇ ਧੁੰਦਲੀਆਂ ਨਹੀਂ ਹੁੰਦੀਆਂ। ਇੱਕ ਵਾਰ ਬਹੁਤ ਭੀੜ ਵਿੱਚੋਂ ਦੋ ਬਜ਼ੁਰਗ ਬੀਬੀਆਂ ਧੱਕੇ ਮਾਰ ਮੂਰ ਕੇ ਬੱਸ ਚੜ੍ਹਨ ਵਿੱਚ ਕਾਮਯਾਬ ਹੋ ਗਈਆਂ। ਪਰ ਕਡੰਕਟਰ ਜਦੋਂ ਟਿਕਟ ਕੱਟਣ ਲਈ ਕੋਲ ਆਇਆ ਤਾਂ ਉਨ੍ਹਾਂ ਬਥੇਰੇ ਹੱਥ ਪੈਰ ਮਾਰੇ ਪਰ ਉਹਨਾਂ ਨੂੰ ਆਪਣੇ ਆਧਾਰ ਕਾਰਡ ਨਾ ਲੱਭੇ। ਅਖੀਰ ਪੈਸੇ ਦੇ ਕੇ ਟਿਕਟ ਲੈਣੀ ਪਈ। ਇਹ ਵੇਖ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਈਆਂ ਹੋ। ਇੱਕ ਹੋਰ ਘਟਨਾ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾਂਦਿਆਂ ਵਾਪਰੀ। ਇੱਕ ਪਿੰਡ ਤੋਂ ਮਜ਼ਦੂਰ ਪਰਿਵਾਰ ਦੀ ਮਾਤਾ ਆਪਣੇ ਪਤੀ ਤੇ ਪੁੱਤ ਨਾਲ ਬੱਸ ਚੜ੍ਹੀ। ਆਪਸੀ ਗੱਲਬਾਤ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਫਾਜ਼ਿਲਕਾ ਕੋਲ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਚੱਲੇ ਸਨ। ਜਦੋਂ ਕਡੰਕਟਰ ਟਿਕਟ ਕੱਟਣ ਆਇਆ ਤਾਂ ਮਾਤਾ ਨੂੰ ਪਤਾ ਲੱਗਾ ਕਿ ਉਸਦਾ ਆਧਾਰ ਕਾਰਡ ਤਾਂ ਘਰ ਰਹਿ ਗਿਆ ਹੈ। ਪਰ ਉਸਨੇ ਹਿੰਮਤ ਨਾ ਹਾਰੀ, ਆਪਣੀ ਟਿਕਟ ਅਗਲੇ ਪਿੰਡ ਤਕ ਦੀ ਲੈਂਦਿਆਂ ਪਤੀ ਨੂੰ ਕਹਿ ਦਿੱਤਾ ਕਿ ਤੁਸੀਂ ਜਾਓ, ਮੈਂ ਘਰੋਂ ਆਧਾਰ ਕਾਰਡ ਲੈ ਕੇ ਮਗਰ ਆਉਂਦੀ ਹਾਂ। ਮੈਨੂੰ ਮਹਿਸੂਸ ਹੋਇਆ ਕਿ ਵਿਆਹ ਜਾਣਾ ਸੌਖਾ ਨਹੀਂ, ਬਥੇਰਾ ਖ਼ਰਚਾ ਹੋ ਜਾਂਦਾ ਹੈ। ਪਰ ਜਾਣਾ ਮਜਬੂਰੀ ਵੀ ਬਣ ਜਾਂਦਾ ਤੇ ਮਾਤਾ ਉੱਥੇ ਜਾਣ ਲਈ ਕਿਰਾਇਆ ਬਚਾ ਕੇ ਆਪਣੀ ਆਰਥਿਕ ਹਾਲਤ ਨੂੰ ਠੁੰਮਣਾ ਦੇਣ ਦੀ ਕੋਸ਼ਿਸ਼ ਕਰਦੀ ਲੱਗੀ।
ਸਫ਼ਰ ਦੌਰਾਨ ਡਰਾਈਵਰ ਕੰਡਕਟਰ ਦੀ ਗੱਲਬਾਤ ਦਾ ਸਲੀਕਾ ਵੀ ਬਹੁਤ ਮਾਇਨੇ ਰੱਖਦਾ ਹੈ। ਕਈ ਵਾਰ ਡਰਾਈਵਰ-ਕੰਡਕਟਰ ਦੀ ਬੋਲਬਾਣੀ ਤੁਹਾਨੂੰ ਅੰਦਰ ਤਕ ਛਾਨਣੀ ਕਰ ਦਿੰਦੀ ਹੈ ਪਰ ਤੁਸੀਂ ਆਪਣੇ ਆਪ ਨੂੰ ਲਾਚਾਰ ਸਮਝਦਿਆਂ ਸ਼ਰਮਿੰਦੇ ਹੋ ਕੇ ਰਹਿ ਜਾਣ ਲਈ ਮਜਬੂਰ ਹੁੰਦੇ ਹੋ। ਅਜਿਹੀ ਘਟਨਾ ਹੀ ਮੇਰੇ ਨਾਲ ਵਾਪਰੀ ਜਦੋਂ ਮੈਂ ਨਾਭੇ ਤੋਂ ਵਾਪਸ ਲੁਧਿਆਣਾ ਆ ਰਹੀ ਸੀ। ਇੱਕ ਲੜਕੀ ਨੇ ਜਿੱਥੇ ਉੱਤਰਨਾ ਸੀ, ਕੰਡਕਟਰ ਨੇ ਬੱਸ ਨਾ ਰੋਕੀ। ਉਸਦੇ ਬਹੁਤ ਰੌਲਾ ਪਾਉਣ ’ਤੇ ਬੱਸ ਰੁਕੀ ਤਾਂ ਕੁੜੀ ਨੇ ਕੰਡਕਟਰ ਨੂੰ ਗੁੱਸੇ ਵਿੱਚ ਬੱਸ ਠੀਕ ਥਾਂ ਨਾ ਰੋਕਣ ਬਾਰੇ ਪੁੱਛਿਆ। ਉੱਧਰ ਡਰਾਈਵਰ ਆਪਣੀ ਗ਼ਲਤੀ ਮੰਨਣ ਦੀ ਬਜਾਏ ਕਹਿੰਦਾ, “ਤੇਰੇ ਲਈ ਸੀਟ ਬਾਹਰ ਨਾ ਲਵਾ ਦੇਈਏ? ... ਤੁਸੀਂ ਤਾਂ ਲੰਡਰਾਂ ਵਾਂਗ ਤੁਰੀਆਂ ਫਿਰਦੀਆਂ।”
ਉਸਦੇ ਨਾਲ ਬੈਠਾ ਦੂਜਾ ਡਰਾਈਵਰ, ਜੋ ਅੰਮ੍ਰਿਤਸਰ ਵੱਲ ਬੱਸ ਚਲਾਉਂਦਾ ਸੀ, ਨੇ ਤਾਂ ਗੱਲ ਸਿਰੇ ਹੀ ਲਗਾ ਦਿੱਤੀ, “ਸਫ਼ਰ ਮੁਫ਼ਤ ਹੋਣ ਕਾਰਨ ਇਹ ਆਵਾਰਾ ਹੋ ਗਈਆਂ ਹਨ, ਰਾਤ ਦੋ ਵਜੇ ਤਕ ਵੀ ਤੁਰੀਆਂ ਫਿਰਦੀਆਂ।”
ਇਹ ਸਭ ਸੁਣ ਕੇ ਮੇਰੇ ਸੱਤੀਂ ਕੱਪੜੀਂ ਅੱਗ ਲੱਗ ਗਈ ਪਰ ਹੈਰਾਨੀ ਹੋਈ ਕਿ ਕੋਲ ਖੜ੍ਹੀਆਂ ਔਰਤਾਂ ਨੇ ਦੰਦ ਤੋਂ ਦੰਦ ਨਹੀਂ ਚੁੱਕਿਆ। ਸ਼ਾਇਦ ਉਹਨਾਂ ਨੂੰ ਆਪਣੀ ਬੇਇੱਜ਼ਤੀ ਹੋ ਜਾਣ ਦਾ ਡਰ ਸਤਾ ਰਿਹਾ ਹੋਵੇ। ਮੈਂ ਆਪਣੀ ਥਾਂ ਬੈਠੀ ਬੇਵੱਸ ਮਹਿਸੂਸ ਕਰਦਿਆਂ ਸੋਚ ਰਹੀ ਸੀ ਕਿ ਕੀ ਮੁਫ਼ਤ ਸਫ਼ਰ ਨੇ ਇਹਨਾਂ ਨੂੰ ਔਰਤਾਂ ਦੀ ਖੁੱਲ੍ਹੇਆਮ ਬੇਇੱਜ਼ਤੀ ਕਰਨ ਦਾ ਸਰਟੀਫਿਕੇਟ ਦੇ ਦਿੱਤਾ ਹੈ? ਸਾਰਾ ਸਫ਼ਰ ਸੜ ਬਲ ਕੇ ਪੂਰਾ ਕੀਤਾ। ਇਹ ਗੱਲ ਵੀ ਹੈ ਕਿ ਸਾਰੇ ਡਰਾਈਵਰ ਕੰਡਕਟਰ ਮਾੜੇ ਨਹੀਂ ਹੁੰਦੇ। ਕਈ ਬਹੁਤ ਹੀ ਪਿਆਰ, ਸਤਿਕਾਰ ਨਾਲ ਗੱਲ ਕਰਦੇ ਹਨ। ਕਦੇ ਕਿਸੇ ਸਵਾਰੀ ਦੀ ਜੇ ਕੋਈ ਮਜਬੂਰੀ ਹੋਵੇ ਤਾਂ ਬਣਦੀ ਮਦਦ ਵੀ ਕਰ ਦਿੰਦੇ ਨੇ।
ਬਹੁਤ ਠੰਢ ਅਤੇ ਧੁੰਦ ਵਿੱਚ ਸਫ਼ਰ ਕਰਨਾ ਜਦੋਂ ਮਜਬੂਰੀ ਬਣ ਜਾਂਦਾ ਹੈ ਤਾਂ ਅਕਸਰ ਡਰਾਈਵਰ ਕੰਡਕਟਰ ਬਾਰੇ ਸੋਚਦੀ ਕਿ ਇਨ੍ਹਾਂ ਦਾ ਰੋਜ਼ ਦਾ ਕੰਮ ਹੈ, ਕਿਵੇਂ ਜਾਨ ਤਲੀ ਉੱਤੇ ਰੱਖ ਕੇ ਤੁਰੇ ਫਿਰਦੇ ਹਨ। ਕਦੇ ਤਾਂ ਖਾਣਾ ਖਾਣ ਦਾ ਸਮਾਂ ਵੀ ਨਹੀਂ ਮਿਲਦਾ ਅਤੇ ਚਾਹ ਵੀ ਚਲਦਿਆਂ ਚੱਲਦਿਆਂ ਹੀ ਪੀਂਦੇ ਵੇਖਦੀ।
ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਸਮੇਂ ਦਾ ਵੀ ਫ਼ਰਕ ਹੁੰਦਾ। ਸਰਕਾਰੀ ਬੱਸਾਂ ਸਮਾਂ ਘੱਟ ਲਗਾਉਂਦੀਆਂ ਹਨ ਅਤੇ ਪ੍ਰਾਈਵੇਟ ਵੱਧ, ਕਿਉਂਕਿ ਉਹਨਾਂ ਹਰ ਥਾਂ ਤੋਂ ਸਵਾਰੀ ਚੜ੍ਹਾਉਣੀ ਹੁੰਦੀ ਹੈ। ਸਵਾਰੀਆਂ ਚੜ੍ਹਾਉਣ ਲਈ ਜੋ ਜੱਦੋਜਹਿਦ ਪ੍ਰਾਈਵੇਟ ਬੱਸਾਂ ਵਾਲੇ ਕਰਦੇ ਹਨ, ਵੇਖ ਕੇ ਕਈ ਵਾਰ ਹਾਸਾ ਆ ਜਾਂਦਾ ਹੈ। ਸਵਾਰੀ ਨੇ ਜਾਣਾ ਕਿਤੇ ਹੋਰ ਹੁੰਦਾ ਹੈ ਤੇ ਉਹ ਧੱਕੇ ਨਾਲ ਸਵਾਰੀ ਨੂੰ ਕਿਸੇ ਹੋਰ ਬੱਸ ਵਿੱਚ ਚੜ੍ਹਾਈ ਜਾਣਗੇ। ਕਈ ਵਾਰ ਉਹਨਾਂ ਦਾ ਧੱਕਾ ਸਵਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣ ਜਾਂਦਾ ਹੈ। ਇੱਕ ਵਾਰ ਮੈਂ ਜਲੰਧਰ ਬੱਸ ਅੱਡੇ ਵਿੱਚ ਮੋਗੇ ਵਾਲੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਨੇੜੇ ਹੀ ਦੋ ਮਾਂਵਾਂ-ਧੀਆਂ ਖੜ੍ਹੀਆਂ ਸਨ। ਉਹਨਾਂ ਕੋਲ ਦੋ ਬੱਚੇ ਵੀ ਸੀ। ਧੀ ਕੋਲ ਫੜੇ ਬੱਚੇ ਨੇ ਖਾਣ ਲਈ ਕੋਈ ਚੀਜ਼ ਮੰਗ ਲਈ। ਉਹ ਵਿਚਾਰੀ ਤਾਂ ਚੀਜ਼ ਲੈਣ ਤੁਰ ਪਈ ਪਰ ਅਚਾਨਕ ਬੱਸ ਵਾਲੇ ਨੇ ਮਾਂ ਤੋਂ ਕਿੱਥੇ ਜਾਣ ਬਾਰੇ ਪੁੱਛਦਿਆਂ ਧੱਕੇ ਨਾਲ ਬੱਸ ਵਿੱਚ ਚੜ੍ਹਾ ਲਿਆ ਤੇ ਬੱਸ ਤੁਰ ਪਈ। ਕੁੜੀ ਜਦੋਂ ਵਾਪਸ ਆਈ ਤਾਂ ਮਾਂ ਨੂੰ ਉੱਥੇ ਖੜ੍ਹੀ ਨਾ ਵੇਖ, ਉੱਥੇ ਲੱਗੀ ਦੂਜੀ ਬੱਸ ਵਿੱਚ ਚੜ੍ਹ ਗਈ। ਉਸ ਬੱਸ ਵਿੱਚ ਮਾਂ ਨੂੰ ਨਾ ਵੇਖ ਥੱਲੇ ਉੱਤਰ ਕੇ ਨਾਲ ਵਾਲੀ ਬੱਸ ਵਿੱਚ ਚੜ੍ਹ ਗਈ। ਮੈਂ ਇਹ ਸਭ ਵੇਖ ਰਹੀ ਸੀ ਕਿ ਇਸਦੀ ਮਾਂ ਵਾਲੀ ਬੱਸ ਤਾਂ ਤੁਰ ਗਈ ਹੈ। ਪ੍ਰੇਸ਼ਾਨੀ ਵਿੱਚ ਉਹ ਕੁੜੀ ਫਿਰ ਥੱਲੇ ਉੱਤਰ ਆਈ। ਮੈਂ ਜਲਦੀ ਨਾਲ ਉਸ ਕੋਲ ਗਈ ਤੇ ਦੱਸਿਆ ਕਿ ਤੇਰੀ ਮਾਂ ਹੋਰ ਬੱਸ ਵਿੱਚ ਚਲੀ ਗਈ ਹੈ। ਇੰਨੇ ਨੂੰ ਉਸ ਬੱਸ ਵਾਲਾ ਕਡੰਕਟਰ ਆ ਗਿਆ ਤੇ ਕੁੜੀ ਨੂੰ ਬਾਹੋਂ ਫੜ ਕਾਹਲੀ ਨਾਲ ਖਿੱਚ ਕੇ ਲੈ ਗਿਆ। ਮੈਂ ਹੈਰਾਨ ਸਾਂ ਕਿ ਇਹਨਾਂ ਵੱਲੋਂ ਕੀਤੀ ਜਾਂਦੀ ਖਿੱਚ ਧੂਹ ਸਵਾਰੀਆਂ ਨੂੰ ਕਿੰਨਾ ਪ੍ਰੇਸ਼ਾਨ ਕਰ ਦਿੰਦੀ ਹੈ।
ਬੱਸਾਂ ਵਿੱਚ ਸਵਾਰੀਆਂ ਦੀ ਆਪਸੀ ਗੱਲਬਾਤ ਵੀ ਕਈ ਵਾਰ ਤੁਹਾਡਾ ਧਿਆਨ ਮੱਲੋਮੱਲੀ ਖਿੱਚ ਲੈਂਦੀ ਹੈ। ਕਈ ਵਾਰ ਤਾਂ ਹੋ ਰਹੀ ਗੱਲਬਾਤ ਤੁਹਾਨੂੰ ਆਪਣੀ ਹੀ ਹੱਡ-ਬੀਤੀ ਲੱਗਣ ਲਗਦੀ ਹੈ। ਇੱਥੋਂ ਤਕ ਕਿ ਕਦੇ ਬਿਨਾਂ ਕਿਸੇ ਸਾਂਝ ਦੇ ਵੀ ਕੋਈ ਸਵਾਰੀ, ਆਪਣੀ ਨੇੜਲੀ ਲੱਗਣ ਲਗਦੀ ਹੈ। ਇੱਕ ਵਾਰ ਲੁਧਿਆਣਾ ਤੋਂ ਮੋਗੇ ਆਉਂਦਿਆਂ ਮਗਰ ਬੈਠੀਆਂ ਸਵਾਰੀਆਂ ਦੀ ਗੱਲਬਾਤ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ। ਉਹ ਵਿਆਹ ਲਈ ਲੁਧਿਆਣਾ ਤੋਂ ਖ਼ਰੀਦਦਾਰੀ ਕਰਕੇ ਵਾਪਸ ਆ ਰਹੀਆਂ ਸਨ। ਲੇਟ ਹੋਣ ਕਾਰਨ ਉਹ ਮੋਗੇ ਤੋਂ ਅੱਗੇ ਬੱਸ ਮਿਲਣ ਜਾਂ ਨਾ ਮਿਲਣ ਦੀ ਚਿੰਤਾ ਕਰ ਰਹੀਆਂ ਸਨ ਕਿਉਂਕਿ ਉਨ੍ਹਾਂ ਧਰਮਕੋਟ ਵੱਲ ਕਿਸੇ ਪਿੰਡ ਜਾਣਾ ਸੀ। ਉਹਨਾਂ ਵਿੱਚੋਂ 18, 19 ਸਾਲ ਦੀ ਕੁੜੀ ਦੀ ਗੱਲਬਾਤ ਨੇ ਮੈਨੂੰ ਪਿੱਛੇ ਮੁੜ ਕੇ ਵੇਖਣ ਲਈ ਮਜਬੂਰ ਕਰ ਦਿੱਤਾ। ਇੰਜ ਲੱਗਿਆ ਜਿਵੇਂ ਉਸ ਨਾਲ ਕੋਈ ਸਾਂਝ ਹੋਵੇ। ਅਸਲ ਵਿੱਚ ਉਸੇ ਕੁੜੀ ਦਾ ਵਿਆਹ ਸੀ ਤੇ ਉਹ ਬਹੁਤ ਖੁਸ਼ੀ ਨਾਲ ਉਹ ਆਪਣੇ ਸਹੁਰਿਆਂ ਬਾਰੇ ਗੱਲਾਂ ਕਰ ਰਹੀ ਸੀ। ਉਸਦੇ ਨਾਲ ਮਾਂ ਤੋਂ ਇਲਾਵਾ ਇੱਕ ਹੋਰ ਔਰਤ ਸੀ, ਜਿਸਦੀਆਂ ਗੱਲਾਂ ਵਿੱਚੋਂ ਚਲਾਕੀ ਝਲਕਦੀ ਸੀ। ਉਹ ਕੁੜੀ ਦੇ ਸਹੁਰਿਆਂ ਦੀਆਂ ਬਹੁਤ ਤਰੀਫਾਂ ਕਰਦੀ ਕਹਿ ਰਹੀ ਸੀ, “ਤੂੰ ਉੱਥੇ ਜਾ ਕੇ ਰਾਜ ਕਰੇਂਗੀ।”
ਮੈਨੂੰ ਮਹਿਸੂਸ ਹੋਇਆ, ਕੁੜੀਆਂ ਆਪਣੇ ਸਹੁਰਿਆਂ ਬਾਰੇ ਬਹੁਤ ਸੁਪਨੇ ਵੇਖਦੀਆਂ ਹਨ ਪਰ ਕਈਆਂ ਦੇ ਸਾਰੇ ਸੁਪਨੇ ਟੁੱਟ ਜਾਂਦੇ ਹਨ। ਕੁੜੀ ਦੇ ਫੁੱਟ ਫੁੱਟ ਪੈਂਦੇ ਹਾਸੇ ਨੂੰ ਸੁਣ ਮੇਰਾ ਦਿਲ ਆਪ ਮੁਹਾਰੇ ਉਸ ਨੂੰ ਦੁਆਵਾਂ ਦੇ ਰਿਹਾ ਸੀ ਕਿ ਇਸਦੇ ਹਾਸੇ ਨੂੰ ਕੋਈ ਚੰਦਰੀ ਨਜ਼ਰ ਨਾ ਲੱਗੇ। ਦਿਲ ਇਹ ਵੀ ਚਾਹੁੰਦਾ ਸੀ ਕਿ ਕੁੜੀ ਨਾਲ ਗੱਲ ਹੋ ਜਾਵੇ ਤਾਂ ਚੰਗਾ ਹੈ। ਕੁਦਰਤੀ ਇਹ ਮੌਕਾ ਮਿਲ ਗਿਆ। ਮੋਗੇ ਕੋਲ ਆਉਂਦਿਆਂ ਉਹ ਉੱਪਰੋਂ ਸਮਾਨ ਉਤਾਰਨ ਲਈ ਉੱਠੀ ਤੇ ਫਿਰ ਮੇਰੇ ਕੋਲ ਹੀ ਬੈਠ ਗਈ। ਮੈਂ ਬਿਨਾਂ ਸਮਾਂ ਗਵਾਏ ਉਸਦੇ ਵਿਆਹ, ਸਹੁਰੇ ਅਤੇ ਨਾਲ ਵਾਲੀ ਔਰਤ ਬਾਰੇ ਪੁੱਛ ਲਿਆ। ਉਸਨੇ ਦੱਸਿਆ ਕਿ ਉਸਦਾ ਵਿਆਹ ਅੰਮ੍ਰਿਤਸਰ ਹੋ ਰਿਹਾ। ਮੁੰਡਾ ਡਾਕਟਰ ਹੈ ਤੇ ਨਾਲ ਵਾਲੀ ਔਰਤ ਵਿਚੋਲਣ ਹੈ। ਮੈਂ ਦਿਲੋਂ ਉਸ ਨੂੰ ਵਿਆਹ ਦੀਆਂ ਮੁਬਾਰਕਾਂ ਦਿੰਦਿਆਂ, ਹਮੇਸ਼ਾ ਇਸੇ ਤਰ੍ਹਾਂ ਹੱਸਦੀ ਰਹੇਂ, ਕਹਿ ਕੇ ਥੱਲੇ ਉੱਤਰ ਗਈ ਤੇ ਉਹ ਹੈਰਾਨ ਖੜ੍ਹੀ ਵੇਖ ਰਹੀ ਸੀ ਤੇ ਮੈਂ ਇਹ ਸੋਚਦੀ ਤੁਰ ਪਈ ਕਿ ਵਿਚੋਲਣ ਵੱਲੋਂ ਕੀਤੀਆਂ ਗੱਲਾਂ ਸੱਚੀਆਂ ਹੋਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4743)
(ਸਰੋਕਾਰ ਨਾਲ ਸੰਪਰਕ ਲਈ: (