“ਏਜੰਟ ਮਾਪਿਆਂ ਦੇ ਰੀਝਾਂ ਨਾਲ ਪਾਲੇ ਪੁੱਤਰਾਂ ਨੂੰ ਪਨਾਮਾ ਵਰਗੇ ਦੇਸ਼ਾਂ ਦੇ ਖਤਰਨਾਕ ਜੰਗਲਾਂ ਵਿੱਚ ...”
(7 ਜੁਲਾਈ 2022)
ਮਹਿਮਾਨ: 22
ਜੋ ਦਾਣਿਆਂ ਖਾਤਰ ਆਲ੍ਹਣਿਆਂ ਤੋਂ ਦੂਰ ਗਏ
ਰਾਜ਼ੀ ਵਸਣ ਤੇ ਕਿਰਤਾਂ ਨੂੰ ਬੂਰ ਪਵੇ
ਕੁਝ ਦਿਨ ਪਹਿਲਾਂ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਅਮਰੀਕਾ ਜਾ ਰਹੇ 46 ਪ੍ਰਵਾਸੀਆਂ ਦੀ ਟਰੱਕ ਅੰਦਰ ਦਮ ਘੁਟਣ ਕਾਰਨ ਮੌਤ ਹੋਣ ਦੀ ਘਟਨਾ ਸਾਹਮਣੇ ਆਈ। ਜਾਣਕਾਰੀ ਮੁਤਾਬਕ 100 ਤੋਂ ਵੱਧ ਪ੍ਰਵਾਸੀਆਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਟ੍ਰੇਲਰ ਵਿਚ ਤੁੰਨਕੇ ਮੈਕਸੀਕੋ ਤੋਂ ਅਮਰੀਕਾ ਲਿਜਾਇਆ ਜਾ ਰਿਹਾ ਸੀ ਪਰ ਅਤਿ ਦੀ ਗਰਮੀ ਦੇ ਬਾਵਜੂਦ ਨਾ ਪਾਣੀ ਅਤੇ ਨਾ ਹੀ ਹਵਾ ਦੀ ਨਿਕਾਸੀ ਲਈ ਕੋਈ ਪ੍ਰਬੰਧ ਕੀਤਾ ਗਿਆ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦੀ ਮੌਤ ਹੋ ਗਈ। ਇਹ ਚਾਹੇ ਕਿਸੇ ਵੀ ਦੇਸ਼ ਦੇ ਨਾਗਰਿਕ ਹੋਣ ਪਰ ਇਸ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗੈਰਕਾਨੂੰਨੀ ਪ੍ਰਵਾਸ ਦੌਰਾਨ ਅਜਿਹੇ ਹਾਦਸੇ ਅਣਗਿਣਤ ਮਾਵਾਂ ਦੇ ਪੁੱਤਾਂ ਨੂੰ ਮੌਤ ਦੀ ਨੀਂਦ ਸੁਆ ਦਿੰਦੇ ਹਨ। ਇਸੇ ਤਰ੍ਹਾਂ 1996 ਨੂੰ ਮਾਲਟਾ ਕਿਸ਼ਤੀ ਕਾਂਡ ਵਾਪਰਿਆ ਸੀ ਜਦੋਂ ਕ੍ਰਿਸਮਸ ਵਾਲੇ ਦਿਨ ਅਫ਼ਰੀਕਾ ਤੋਂ ਯੂਰਪ ਜਾਣ ਦੀ ਕੋਸ਼ਿਸ਼ ਕਰਦੇ ਲਗਭਗ 280 ਮੁੰਡਿਆਂ ਦੀ ਕਿਸ਼ਤੀ ਸਮੁੰਦਰ ਵਿੱਚ ਸਮਾ ਗਈ ਸੀ। ਇਹਨਾਂ ਡੁੱਬ ਕੇ ਮਰਨ ਵਾਲੇ ਮੁੰਡਿਆਂ ਵਿੱਚ ਅੱਧ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਸੀ। ਇਸ ਖਬਰ ਨੇ ਪੰਜਾਬੀਆਂ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਸੀ। ਪਰ ਗੈਰਕਾਨੂੰਨੀ ਪ੍ਰਵਾਸ ਦਾ ਇਹ ਸਿਲਸਿਲਾ ਰੁਕਿਆ ਨਹੀਂ ਸਗੋਂ ਹਰ ਸਾਲ ਮੈਕਸੀਕੋ ਦੇ ਰਸਤੇ ਅਮਰੀਕਾ ਪਹੁੰਚਣ ਵਾਲਿਆਂ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ।
ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ ਇੱਕ ਦੁਖਾਂਤ ਹੈ। ਅੱਜ ਹਰੇਕ ਪੰਜਾਬੀ ਆਪਣੀ ਆਰਥਿਕਤਾ ਦੀ ਮਜ਼ਬੂਤੀ ਤੇ ਰੁਜ਼ਗਾਰ ਲਈ ਵਿਦੇਸ਼ਾਂ ਵੱਲ ਝਾਕ ਰਿਹਾ। ਇਸ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਵਿੱਚ ਸਨਅਤੀਕਰਨ ਦਾ ਉਜਾੜਾ ਹੋ ਚੁੱਕਾ ਹੈ। ਖੇਤੀਬਾੜੀ ਲਾਹੇਵੰਦ ਧੰਦਾ ਨਹੀਂ ਰਹੀ। ਪੜ੍ਹੇ-ਲਿਖਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਇਸ ਕਰਕੇ ਪੰਜਾਬੀ ਵਿਦੇਸ਼ ਜਾਣ ਦੇ ਚੱਕਰ ਵਿੱਚ ਆਪਣੇ ਘਰ ਬਾਰ ਅਤੇ ਜ਼ਮੀਨ ਵੇਚ ਰਹੇ ਹਨ। ਮਾਂ ਬਾਪ ਵੀ ਇਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਵਿਦੇਸ਼ ਵਿੱਚ ਪੜ੍ਹਾਈ ਲਈ ਜਾਵੇ ਤੇ ਉੱਥੇ ਹੀ ਸੈਟਲ ਹੋ ਜਾਵੇ, ਕਿਉਂਕਿ ਇੱਥੇ ਉਨ੍ਹਾਂ ਨੂੰ ਆਪਣੇ ਬੱਚੇ ਦਾ ਭਵਿੱਖ ਦਿਖਾਈ ਨਹੀਂ ਦੇ ਰਿਹਾ। ਬਜ਼ੁਰਗ ਮਾਂ ਬਾਪ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣਾ ਬੁਢਾਪਾ ਖਰਾਬ ਕਰ ਰਹੇ ਹਨ ਤੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਬੇਗਾਨਗੀ ਭੋਗਣ ਲਈ ਮਜਬੂਰ ਹਨ।
ਹਾਲਾਂਕਿ ਨੌਜਵਾਨਾਂ ਨੂੰ ਵੀ ਅਹਿਸਾਸ ਹੈ ਕਿ ਵਿਦੇਸ਼ਾਂ ਵਿੱਚ ਨਸਲੀ ਵਿਤਕਰਾ ਹੈ, ਜਾਹਲੀ ਕਾਗਜ਼ਾਂ ਕਰਕੇ ਜੇਲ੍ਹਾਂ ਵਿੱਚ ਸੜਨਾ ਵੀ ਪੈਂਦਾ ਹੈ, ਪਰ ਫਿਰ ਵੀ ਪੱਛਮੀ ਦੇਸ਼ਾਂ ਵਿਚ ਪੁੱਜਣ ਲਈ ਉਹ ਹਰੇਕ ਜਾਇਜ਼ ਨਾਜਾਇਜ਼ ਤਰੀਕੇ ਦੀ ਵਰਤੋਂ ਕਰ ਰਹੇ ਹਨ। ਇਸ ਪ੍ਰਵਾਸ ਕਾਰਨ ਪੰਜਾਬ ਵਿਚ ਠੱਗ ਟਰੈਵਲ ਏਜੰਟ ਪੂਰੀ ਤਰ੍ਹਾਂ ਸਰਗਰਮ ਹਨ, ਜੋ ਭੋਲੇ-ਭਾਲੇ ਲੋਕਾਂ ਕੋਲੋਂ ਵਿਦੇਸ਼ ਭੇਜਣ ਦੇ ਨਾਂਅ ’ਤੇ ਲੱਖਾਂ ਰੁਪਏ ਠੱਗ ਰਹੇ ਹਨ। ਜਾਅਲੀ ਟਰੈਵਲ ਏਜੰਟ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਪੰਜਾਬੀਆਂ ਨੂੰ ਆਪਣੀਆਂ ਹਵਾਈ ਗੱਲਾਂ ਵਿੱਚ ਫਸਾ ਕੇ ਉਨ੍ਹਾਂ ਦੇ ਘਰ ਦਾ ਉਜਾੜਾ ਕਰ ਦਿੰਦੇ ਹਨ। ਅਜਿਹੇ ਗੈਰਕਾਨੂੰਨੀ ਦੁਖਾਂਤ ਨੂੰ ਰੂਪਮਾਨ ਕਰਦੀ ਇੱਕ ਪੰਜਾਬੀ ਫਿਲਮ ਵੀ ਬਣ ਕੇ ਸਾਹਮਣੇ ਆਈ ਹੈ “ਆ ਜਾ ਮੈਕਸੀਕੋ ਚੱਲੀਏ”। ਵੈਸੇ ਤਾਂ ਫਿਲਮੀ ਦੁਨੀਆਂ ਨੂੰ ਸੁਪਨਿਆਂ ਦੀ ਦੁਨੀਆ ਕਿਹਾ ਜਾਂਦਾ ਪਰ ਕਈ ਫਿਲਮਾਂ ਵੇਖਦਿਆਂ ਤੁਸੀਂ ਨਾਲ ਨਾਲ ਤੁਰਨ ਲੱਗਦੇ ਹੋ। ਉਸ ਵਿੱਚਲੀਆਂ ਘਟਨਾਵਾਂ ਤੁਹਾਨੂੰ ਆਪਣੀ ਜ਼ਿੰਦਗੀ ਜਾਂ ਆਲੇ ਦੁਆਲੇ ਨਾਲ ਮੇਲ ਖਾਂਦੀਆਂ ਲੱਗਦੀਆਂ ਹਨ। ਅਜਿਹੀਆਂ ਫਿਲਮਾਂ ਸਮਾਜ ਦਾ ਸ਼ੀਸ਼ਾ ਵੀ ਹੁੰਦੀਆਂ ਨੇ, ਜਿਨ੍ਹਾਂ ਨੂੰ ਵੇਖਦਿਆਂ ਕਈ ਵਾਰ ਤੁਹਾਡੀਆਂ ਅੱਖਾਂ ਗਿੱਲੀਆਂ ਹੋਣੋਂ ਨਹੀਂ ਰਹਿੰਦੀਆਂ। “ਆਜਾ ਮੈਕਸੀਕੋ ਚੱਲੀਏ” ਅਜਿਹੀ ਹੀ ਫਿਲਮ ਹੈ ਜੋ ਤੁਹਾਨੂੰ ਆਪਣੇ ਨਾਲ ਤੋਰ ਲੈਂਦੀ ਹੈ। ਸਾਡੀ ਨੌਜਵਾਨ ਪੀੜ੍ਹੀ ਦੇ ਦੁਖਾਂਤ ਨੂੰ ਪੇਸ਼ ਕਰਦੀ ਇਹ ਫਿਲਮ ਕਈ ਸਵਾਲ ਖੜ੍ਹੇ ਕਰਦੀ ਹੈ। ਕੀ ਇਸ ਦੁਖਾਂਤ ਲਈ ਨੌਜਵਾਨ ਜ਼ਿੰਮੇਵਾਰ ਨੇ ਜਾਂ ਉਹਨਾਂ ਦੇ ਮਾਪੇ? ਕੀ ਏਜੰਟ ਮੁੱਖ ਦੋਸ਼ੀ ਹਨ ਜਾਂ ਸਾਡੀਆਂ ਸਰਕਾਰਾਂ? ਪਹਿਲੀ ਨਜ਼ਰੇ ਕਦੇ ਨੌਜਵਾਨ ਪੀੜ੍ਹੀ ਦੋਸ਼ੀ ਨਜ਼ਰ ਆਉਂਦੀ, ਜੋ ਬਾਹਰ ਜਾਣ ਦੀ ਜ਼ਿਦ ਕਰਦੀ ਤੇ ਕਦੇ ਮਾਪੇ, ਜੋ ਜ਼ਮੀਨਾਂ ਵੇਚ ਕੇ ਬੱਚਿਆਂ ਦੀ ਜ਼ਿੱਦ ਪੂਰੀ ਕਰਦੇ ਹਨ। ਕਦੇ ਏਜੰਟ ਤੇ ਕਦੇ ਸਰਕਾਰਾਂ ਦੋਸ਼ੀ ਨਜ਼ਰ ਆਉਂਦੀਆਂ ਹਨ।
ਨੌਜਵਾਨ ਪੀੜ੍ਹੀ ਆਪਣੇ ਮਾਪਿਆਂ ਸਿਰ ਚੜ੍ਹੇ ਕਰਜ਼ੇ ਦਾ ਭਾਰ ਉਤਾਰਨ ਲਈ ਕਿਸੇ ਵੀ ਢੰਗ ਨਾਲ ਬਾਹਰ ਜਾਣ ਲਈ ਮਜਬੂਰ ਹੋ ਜਾਂਦੀ ਹੈ ਕਿਉਂਕਿ ਇੱਥੇ ਉਸ ਕੋਲ ਕੋਈ ਰੁਜ਼ਗਾਰ ਨਹੀਂ ਹੈ। ਇਸੇ ਬੇਵੱਸੀ ਕਾਰਨ ਉਹ ਗ਼ਲਤ ਏਜੰਟਾਂ ਦੇ ਹੱਥੀਂ ਚੜ੍ਹ ਜਾਂਦੇ ਜੋ ਢੇਰ ਰੁਪਏ ਲੈ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਹਨ। ਵਿਦੇਸ਼ ਭੇਜਣ ਲਈ ਖੁੰਬਾਂ ਵਾਂਗ ਉਸਰੇ ਸੈਂਟਰ ਕਈ ਤਰ੍ਹਾਂ ਦੇ ਸਬਜ਼ਬਾਗ ਵਿਖਾਉਂਦੇ ਹਨ। ਆਲੀਸ਼ਾਨ ਇਮਾਰਤਾਂ ਵਿੱਚ ਬੈਠੇ ਏਜੰਟ ਕਿਸੇ ਬੁੱਚੜਾਂ ਨਾਲੋਂ ਘੱਟ ਨਹੀਂ ਜੋ ਸਿਰਫ ਪੈਸੇ ਨੂੰ ਪਿਆਰ ਕਰਦੇ ਹਨ। ਇਨਸਾਨੀਅਤ ਉਹਨਾਂ ਦੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਉਂਦੀ। ਸਿੱਧਾ ਵਿਦੇਸ਼ ਦੀ ਧਰਤੀ ’ਤੇ ਪੁਚਾਉਣ ਦੇ ਨਾਮ ’ਤੇ ਮੋਟੀ ਰਕਮ ਲੈ ਕੇ, ਡੋਂਕੀ ਲਗਾ ਦਿੱਤੀ ਜਾਂਦੀ ਹੈ, ਜਿਸ ਬਾਰੇ ਬਹੁਤੇ ਨੌਜਵਾਨ ਅਣਜਾਨ ਹੁੰਦੇ ਹਨ। ਜਦੋਂ ਤੱਕ ਸਚਾਈ ਪਤਾ ਲੱਗਦੀ ਵਾਹੈ, ਵਾਪਸ ਮੁੜਨ ਦੇ ਸਭ ਰਸਤੇ ਬੰਦ ਹੋ ਚੁੱਕੇ ਹੁੰਦੇ ਹਨ। ਏਜੰਟ ਮਾਪਿਆਂ ਦੇ ਰੀਝਾਂ ਨਾਲ ਪਾਲੇ ਪੁੱਤਰਾਂ ਨੂੰ ਪਨਾਮਾ ਵਰਗੇ ਦੇਸ਼ਾਂ ਦੇ ਖਤਰਨਾਕ ਜੰਗਲਾਂ ਵਿੱਚ ਮਰਨ ਲਈ ਤੋਰ ਦਿੰਦੇ ਹਨ। ਜੰਗਲਾਂ ਵਿੱਚ ਭੁੱਖ, ਪਿਆਸ ਤੇ ਜ਼ਹਿਰੀਲੇ ਜਾਨਵਰ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਹਨ। ਕਈ ਵਾਰ ਉਹ ਲੁਟੇਰੇ ਗੈਂਗਾਂ ਦਾ ਨਿਸ਼ਾਨਾ ਵੀ ਬਣ ਜਾਂਦੇ ਹਨ। ਸਾਰੇ ਖ਼ਤਰੇ ਹੰਢਾਉਂਦਿਆਂ ਉਹਨਾਂ ਦਾ ਇੱਕੋ ਮਕਸਦ ਹੈ ਮੈਕਸੀਕੋ ਵਾਲੀ ਕੰਧ ਟੱਪਣੀ ਹੁੰਦਾ ਹੈ, ਜਿਸ ਤੋਂ ਅੱਗੇ ਸੁਪਨਿਆਂ ਦੀ ਉਹ ਧਰਤੀ ਹੈ, ਜਿੱਥੇ ਪਹੁੰਚਣ ਲਈ ਜ਼ਮੀਨਾਂ ਵੇਚ ਕੇ 30-30 ਲੱਖ ਤੱਕ ਏਜੰਟਾਂ ਨੂੰ ਦਿੱਤੇ ਹੁੰਦੇ ਹਨ। ਪਰ ਉਸ ਕੰਧ ਨੂੰ ਟੱਪ ਸਕਣਾ ਹਰ ਕਿਸੇ ਦੇ ਹਿੱਸੇ ਨਹੀਂ ਹੁੰਦਾ। ਅਜਿਹੇ ਦਰਦ ਨੂੰ ਹੀ ਇਸ ਫਿਲਮ ਵਿੱਚ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਰਾਹੀਂ ਏਜੰਟਾਂ ਦੇ ਮੱਕੜਜਾਲ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ ਨੱਥ ਪਾਉਣ ਦੀ ਬਜਾਏ ਸਗੋਂ ਵਧਣ ਫੁੱਲਣ ਦਿੱਤਾ ਜਾ ਰਿਹਾ।
ਪਰਵਾਸ ਹੈ ਹੀ ਦੁਖਦਾਇਕ, ਚਾਹੇ ਗੈਰਕਾਨੂੰਨੀ ਢੰਗ ਨਾਲ ਜਾਣਾ ਪਵੇ ਜਾਂ ਕਾਨੂੰਨੀ ਢੰਗ ਨਾਲ। ਅਸੀਂ ਇਸ ਦੁਖਾਂਤ ਨੂੰ ਰੋਜ਼ ਹੰਢਾ ਰਹੇ ਹਾਂ। ਵਿਦੇਸ਼ਾਂ ਵਿੱਚ ਗਏ ਬੱਚਿਆਂ ਨਾਲ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ਸਾਨੂੰ ਝੰਜੋੜ ਰਹੀਆਂ ਹਨ। ਪਤਾ ਨਹੀਂ ਕਦੋਂ ਕਿਸੇ ਸਿਰ ਫਿਰੇ ਨੇ ਕਿਸੇ ਬੱਚੇ ਨੂੰ ਗੋਲੀ ਦਾ ਨਿਸ਼ਾਨਾ ਬਣਾ ਦੇਣਾ ਹੈ। ਰੋਜ਼ਾਨਾ ਪਾਣੀ ਵਿੱਚ ਡੁੱਬਣ ਅਤੇ ਹਾਰਟ ਅਟੈਕ ਨਾਲ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਐਕਸੀਡੈਂਟਾਂ ਵਿੱਚ ਵੀ ਕਈ ਵਾਰ ਚਾਰ ਪੰਜ ਨੌਜਵਾਨ ਇਕੱਠੇ ਮੌਤ ਦੇ ਮੂੰਹ ਜਾ ਪੈਂਦੇ ਹਨ, ਜਿਨ੍ਹਾਂ ਦੀ ਉਮਰ ਹੁੰਦੀ 18 ਤੋਂ 22 ਸਾਲਾਂ ਦਰਮਿਆਨ ਹੁੰਦੀ ਹੈ। ਬੇਸ਼ੱਕ ਭਾਰਤ ਵਿਚ ਵੀ ਐਕਸੀਡੈਂਟ ਪੂਰੇ ਦਾ ਪੂਰਾ ਪਰਿਵਾਰ ਨਿਗਲ ਜਾਂਦੇ ਪਰ ਪਰਦੇਸਾਂ ਵਿੱਚ ਵਾਪਰਦੀਆਂ ਘਟਨਾਵਾਂ ਵਧੇਰੇ ਸੱਟ ਮਾਰਦੀਆਂ। ਕੋਹਾਂ ਦੂਰ ਵਾਪਰੀ ਘਟਨਾ ਆਪਣੇ ਪਿਆਰੇ ਦਾ ਆਖਰੀ ਵਾਰ ਮੂੰਹ ਵੇਖਣ ਦੀ ਚਿੰਤਾ ਵਿੱਚ ਡੁਬੋ ਦਿੰਦੀ ਹੈ। ਵੇਚੀਆਂ ਜ਼ਮੀਨਾਂ ਵੀ ਕੰਮ ਨਹੀਂ ਆਉਂਦੀਆਂ। ਪਰਿਵਾਰ ਨੂੰ ਅਜਿਹੀ ਦੋਹਰੀ ਸੱਟ ਉੱਠਣ ਜੋਗਾ ਨਹੀਂ ਛੱਡਦੀ। ਪੰਜਾਬ ਦਾ ਇਹ ਵੱਡਾ ਦੁਖਾਂਤ ਹੈ ਕਿ ਇੱਕ ਪੀੜ੍ਹੀ ਅੱਤਵਾਦ ਨਿਗਲ ਗਿਆ, ਦੂਜੀ ਪੀੜ੍ਹੀ ਨਸ਼ਿਆਂ ਤੇ ਗੈਂਗਸਟਰਾਂ ਨੇ ਨਿਗਲ ਲਈ। ਤੀਜੀ ਪੀੜ੍ਹੀ ਵਿਦੇਸ਼ ਨਿਗਲ ਰਿਹਾ ਹੈ।
ਪਰ ਅਫਸੋਸ ਸਾਡੀਆਂ ਸਰਕਾਰਾਂ ਨੂੰ ਇਹ ਦਰਦ ਨਜ਼ਰ ਹੀ ਨਹੀਂ ਆਉਂਦਾ ਜਾਂ ਸ਼ਾਇਦ ਉਹ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਮੁਫ਼ਤ ਸਹੂਲਤਾਂ ਦੇ ਲਾਲਚ ਦੇ ਕੇ ਸਾਡੇ ਹੱਥਾਂ ਨੂੰ ਪੱਕੀਆਂ ਗੰਢਾਂ ਮਾਰ ਦਿੱਤੀਆਂ ਜਾਂਦੀਆਂ। ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਹੱਥਾਂ ਵਿੱਚ ਕੰਮ ਦੀ ਜ਼ਰੂਰਤ ਹੁੰਦੀ ਹੈ ਤਾਂ ਹੀ ਹਰ ਲੋੜ ਪੂਰੀ ਕੀਤੀ ਜਾ ਸਕਦੀ। ਪਰ ਸਰਕਾਰਾਂ ਕੰਮ ਹੀ ਤਾਂ ਦੇਣਾ ਨਹੀਂ ਚਾਹੁੰਦੀਆਂ। ਹੁਣ ਕੇਂਦਰ ਦੀ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ‘ਅਗਨੀਪਥ’ ਨਾਮ ਦੀ ਸਕੀਮ ਅਮਲ ਵਿੱਚ ਲਿਆਂਦੀ ਜਾ ਰਹੀ ਹੈ, ਜਿਸ ਦਾ ਦੇਸ਼ ਭਰ ਵਿੱਚ ਤਿੱਖਾ ਵਿਰੋਧ ਹੋ ਰਿਹਾ ਹੈ ਕਿਉਂਕਿ ਇਹ ਸਕੀਮ ਰੁਜ਼ਗਾਰ ਵਿਰੋਧੀ ਹੋਣ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ ਵਿਰੋਧੀ ਵੀ ਹੈ। ਬੇਰੁਜ਼ਗਾਰੀ ਪਹਿਲਾਂ ਹੀ ਸਭ ਹੱਦਾਂ ਬੰਨੇ ਟੱਪ ਚੁੱਕੀ ਹੈ ਤੇ ਇਹ ਸਕੀਮ ਇਸ ਵਿੱਚ ਹੋਰ ਵਾਧਾ ਕਰੇਗੀ। ਇਹ ਨੌਜਵਾਨ ਪੀੜ੍ਹੀ ਨਾਲ ਬਹੁਤ ਵੱਡਾ ਧੋਖਾ ਹੈ। ਪੱਕੇ ਰੁਜ਼ਗਾਰ ਦੀ ਬਜਾਏ ਸਿਰਫ 4 ਸਾਲ ਲਈ ਫੌਜ ਵਿੱਚ ਭਰਤੀ ਕੀਤੀ ਜਾਵੇਗੀ। ਇਹ ਸਕੀਮ ਗੈਰਕਾਨੂੰਨੀ ਪ੍ਰਵਾਸ ਵਿੱਚ ਹੋਰ ਵਾਧਾ ਕਰੇਗੀ ਕਿਉਂਕਿ ਫੌਜ ਵਿੱਚ ਪੱਕੀ ਭਰਤੀ ਕੁਝ ਹੱਦ ਤੱਕ ਨੌਜਵਾਨਾਂ ਲਈ ਆਸ ਦੀ ਕਿਰਨ ਸੀ। ਪਰ ਸਰਕਾਰ ਇਸ ਸਕੀਮ ਜ਼ਰੀਏ ਅੱਗ ਨਾਲ ਖੇਡ ਰਹੀ ਹੈ ਜੋ ਸਭ ਕੁਝ ਰਾਖ ਕਰ ਦੇਵੇਗੀ। ਇਸ ਅੱਗ ਉੱਤੇ ਕਾਬੂ ਪਾਉਣ ਦਾ ਕੰਮ ਬੇਰੁਜ਼ਗਾਰਾਂ ਦੀ ਬਹੁਗਿਣਤੀ ਹੀ ਕਰ ਸਕਦੀ ਹੈ। ‘ਅਗਨੀਪਥ’ ਨੂੰ ਰੱਦ ਕਰਵਾਉਣ ਅਤੇ ਦੇਸ਼ ਦੀ ਪਾਰਲੀਮੈਂਟ ਵਿੱਚ ਰੁਜ਼ਗਾਰ ਦੀ ਪੱਕੀ ਗਰੰਟੀ ਦਾ ਕਾਨੂੰਨ ਪਾਸ ਕਰਵਾਉਣ ਲਈ ਨੌਜਵਾਨਾਂ ਨੂੰ ਇੱਕ ਮੁੱਠ ਹੋ ਕੇ ਮੋਰਚਾ ਲਗਾਉਣਾ ਪਵੇਗਾ ਤਾਂ ਹੀ ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ, ਨਹੀਂ ਤਾਂ ਗੈਰਕਾਨੂੰਨੀ ਪ੍ਰਵਾਸ ਹੋਰ ਪਤਾ ਨਹੀਂ ਕਿੰਨੀਆਂ ਮਾਵਾਂ ਦੀਆਂ ਕੁੱਖਾਂ ਸੁੰਨੀਆਂ ਕਰ ਦੇਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3672)
(ਸਰੋਕਾਰ ਨਾਲ ਸੰਪਰਕ ਲਈ: