“ਅਜਿਹੇ ਸ਼ਰਾਰਤੀ ਅਨਸਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਅਮਨ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ...”
(4 ਮਈ 2022)
ਮਹਿਮਾਨ: 144.
ਪੰਜਾਬੀ ਜਦੋਂ ਵੀ ਆਪਣੇ ਇਤਿਹਾਸ ’ਤੇ ਝਾਤ ਮਾਰਦੇ ਹਨ ਤਾਂ ਉਹਨਾਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਕਿਉਂਕਿ ਉਹ ਉਸ ਧਰਤੀ ਦੇ ਵਸਨੀਕ ਹਨ ਜਿਸਨੇ ਦੁਸ਼ਮਣ ਦਾ ਹਮੇਸ਼ਾ ਹਿੱਕ ਠੋਕ ਕੇ ਸਾਹਮਣਾ ਕੀਤਾ ਹੈ। ਪੰਜਾਬ ਨੂੰ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਰਿਹਾ ਹੈ। ਭੂਗੋਲਿਕ ਖਿੱਤੇ ਕਰਕੇ ਪੰਜਾਬ ’ਤੇ ਲਗਾਤਾਰ ਹਮਲੇ ਹੁੰਦੇ ਰਹੇ ਹਨ, ਜਿਸਦਾ ਇੱਥੋਂ ਦੀ ਕੌਮ ਵੱਲੋਂ ਬਹਾਦਰੀ ਤੇ ਦਲੇਰੀ ਨਾਲ ਮੁਕਾਬਲਾ ਕੀਤਾ ਜਾਂਦਾ ਰਿਹਾ ਹੈ। ਇਸੇ ਕਰਕੇ ਕਿਹਾ ਜਾਂਦਾ ਸੀ ਕਿ “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।“ ਉਥਲ ਪੁਥਲ ਦੇ ਬਾਵਜੂਦ ਪੰਜਾਬ ਨੇ ਵੱਖ ਵੱਖ ਧਰਮਾਂ, ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਆਪਣੀ ਝੋਲੀ ਦਾ ਨਿੱਘ ਦਿੱਤਾ ਹੈ। ਆਪਣੇ ਧਰਮ ਦੇ ਨਾਲ ਨਾਲ ਹੋਰ ਧਰਮਾਂ ਦਾ ਆਦਰ ਸਤਿਕਾਰ ਇੱਥੋਂ ਦੇ ਲੋਕਾਂ ਦੀ ਖੁੱਲ੍ਹਦਿਲੀ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਪੰਜਾਬ ਗੁਰੂਆਂ ਦੀ ਧਰਤੀ ਹੈ, ਜਿਨ੍ਹਾਂ ਸਰਬ ਸਾਂਝੀਵਾਲਤਾ ਦੀ ਬਾਤ ਪਾਉਂਦਿਆਂ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦਾ ਸੰਦੇਸ਼ ਦਿੱਤਾ। ਪੰਜਾਬ ਵਾਸੀਆਂ ਨੂੰ ਮਹਾਨ ਗੁਰੂ ਸਾਹਿਬਾਨ, ਮਹਾਂਪੁਰਖਾਂ, ਪੀਰਾਂ ਅਤੇ ਪੈਗੰਬਰਾਂ ਪਾਸੋਂ ਸਦਭਾਵਨਾ, ਅਮਨ, ਸ਼ਾਂਤੀ ਅਤੇ ਏਕਤਾ ਦਾ ਸੰਦੇਸ਼ ਮਿਲਦਾ ਹੈ। ਕੁਰਬਾਨੀ ਦਾ ਜਜ਼ਬਾ ਵੀ ਸਾਡੇ ਮਹਾਨ ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਗੁੜ੍ਹਤੀ ਵਿਚ ਮਿਲਿਆ ਹੈ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਨੂੰ ਪਿਆਰ, ਸ਼ਹਿਣਸ਼ੀਲਤਾ ਦੀ ਸਿੱਖਿਆ ਦੇਣ ਤੋਂ ਇਲਾਵਾ ਅਨਿਆਂ ਅਤੇ ਜ਼ੁਲਮ ਦੇ ਖਿਲਾਫ ਸਿਰ ਨਾ ਝੁਕਾਉਣ ਦਾ ਸੰਦੇਸ਼ ਦਿੱਤਾ ਸੀ। ਲੋੜ ਪੈਣ ਉੱਤੇ ਆਪਣਾ ਆਪ ਵਾਰ ਕੇ ਵੀ ਦੂਜੇ ਧਰਮ ਦੀ ਰੱਖਿਆ ਕਰਨਾ, ਸਾਡੇ ਗੁਰੂ ਸਾਹਿਬਾਨ ਨੇ ਸਿਖਾਇਆ ਹੈ। ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਸੀਸ ਕਟਾਇਆ ਤੇ ਹਿੰਦ ਦੀ ਚਾਦਰ ਕਹਿਲਾਏ।
ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵੀ ਲਗਭਗ 80ਫੀਸਦੀ ਪੰਜਾਬੀਆਂ ਨੇ ਕੁਰਬਾਨੀ ਦਿੱਤੀ, ਜਿਨ੍ਹਾਂ ਵਿੱਚ ਸਭ ਧਰਮਾਂ, ਜਾਤਾਂ ਦੇ ਲੋਕ ਸ਼ਾਮਿਲ ਸਨ। ਮਹਾਨ ਗ਼ਦਰੀ ਬਾਬੇ, ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਇਸੇ ਧਰਤੀ ਦੇ ਜਾਏ ਸਨ। ਸ਼ਹੀਦ ਊਧਮ ਸਿੰਘ ਨੇ ਸਭ ਧਰਮਾਂ ਦਾ ਸਤਿਕਾਰ ਕਰਦਿਆਂ ਆਪਣਾ ਨਾਮ ‘ਰਾਮ ਮਹੁੰਮਦ ਸਿੰਘ ਆਜ਼ਾਦ’ ਦੱਸਿਆ ਸੀ ਕਿਉਂਕਿ ਉਸ ਸਮੇਂ ਵੀ ਫਿਰਕੂ ਰੰਗਤ ਰਾਹੀਂ ਭਾਈਚਾਰਕ ਸਾਂਝ ਨੂੰ ਤੋੜਨ ਦੇ ਯਤਨ ਹੋ ਰਹੇ ਸਨ। ਦੇਸ਼ ਦੀ ਵੰਡ ਵੀ ਇਸੇ ਦਾ ਸਿੱਟਾ ਸੀ, ਜਿਸਦਾ ਦਰਦ ਅਸੀਂ ਅੱਜ ਤਕ ਮਹਿਸੂਸ ਕਰ ਸਕਦੇ ਹਾਂ। ਇਹਨਾਂ ਹਾਲਾਤ ਵਿੱਚੋਂ ਉੱਭਰ ਹੀ ਰਹੇ ਸਾਂ ਕਿ ਪੰਜਾਬ ਵਿੱਚ ਅੱਤਵਾਦ ਦੀ ਹਨ੍ਹੇਰੀ ਚੱਲ ਪਈ। ਇਹ ਫਿਰ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਵਿੱਚ ਸਾਡੀ ਨੌਜਵਾਨ ਪੀੜ੍ਹੀ ਦੇ ਵਿਹਲੇ ਹੱਥਾਂ ਦਾ ਫਾਇਦਾ ਉਠਾਇਆ ਗਿਆ। ਉਹਨਾਂ ਨੂੰ ਅੱਗ ਵਿੱਚ ਝੋਕ ਦਿੱਤਾ ਗਿਆ। ਘਰਾਂ ਦੇ ਘਰ ਉੱਜੜ ਗਏ, 20 ਹਜ਼ਾਰ ਤੋਂ ਉੱਪਰ ਲੋਕਾਂ ਨੂੰ ਜਾਨਾਂ ਗਵਾਉਣੀਆਂ ਪਈਆਂ। ਜਾਨੀ ਨੁਕਸਾਨ ਦੇ ਨਾਲ ਨਾਲ਼ ਆਰਥਿਕ ਨੁਕਸਾਨ ਵੀ ਬਹੁਤ ਵੱਡਾ ਹੋਇਆ ਸੀ। ਪਰ ਪੰਜਾਬੀਆਂ ਦੀ ਸਿਆਣਪ ਨੇ ਭਾਈਚਾਰਕ ਏਕਤਾ ਨੂੰ ਟੁੱਟਣ ਨਹੀਂ ਦਿੱਤਾ।
ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜ਼ੁਲਮ ਹੋਵੇ, ਉਸਦੇ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਪੰਜਾਬ ਵਿੱਚੋਂ ਹੀ ਉੱਠਦੀ ਹੈ। ਪਿਛਲੇ ਦੋ ਸਾਲਾਂ ਉੱਤੇ ਹੀ ਨਜ਼ਰ ਮਾਰੀਏ ਤਾਂ ਨਜ਼ਰ ਆਉਂਦਾ ਹੈ ਕਿ ਐੱਨ ਆਰ ਸੀ, ਸੀ ਏ ਏ ਦੇ ਵਿਰੁੱਧ ਦਿੱਲੀ ਵਿੱਚ ਉੱਸਰੇ ਸ਼ਹੀਨ ਬਾਗ਼ ਦਾ ਸਾਥ ਦਿੰਦਿਆਂ ਪੰਜਾਬ ਵਿੱਚ ਵੀ ਕਈ ਥਾਂ ਸ਼ਹੀਨ ਬਾਗ਼ ਉਸਾਰ ਦਿੱਤੇ। ਕਸ਼ਮੀਰੀਆਂ ਦਾ ਦਰਦ ਸਮਝਿਆ ਤੇ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਲਾਕਡਾਊਨ ਸਮੇਂ ਸੜਕਾਂ ਉੱਤੇ ਬੇਵੱਸ ਪੈਦਲ ਆਪਣੇ ਘਰਾਂ ਨੂੰ ਜਾਂਦੇ ਮਜ਼ਦੂਰਾਂ ਲਈ ਆਵਾਜ਼ ਬੁਲੰਦ ਕੀਤੀ। ਕਾਲੇ ਕਾਨੂੰਨਾਂ ਦੇ ਵਿਰੁੱਧ ਦੇਸ਼ ਦੇ ਅੰਨਦਾਤੇ ਨੂੰ ਬਚਾਉਣ ਲਈ ਝੰਡਾ ਚੁੱਕ ਕੇ ਤੁਸੀਂ ਮੈਦਾਨ ਵਿੱਚ ਆ ਖੜ੍ਹੇ, ਕਰੋਨਾ ਵਰਗੀ ਮਹਾਂਮਾਰੀ ਦੀ ਵੀ ਪ੍ਰਵਾਹ ਨਹੀਂ ਕੀਤੀ। ਦਿੱਲੀ ਦੇ ਹਾਕਮਾਂ ਦੇ ਕੰਨਾਂ ਤਕ ਆਵਾਜ਼ ਪਹੁੰਚਾਉਣ ਲਈ, ਉਸ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਤੇ ਹਾਕਮ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਲੜਾਈ ਲੜੀ ਤੇ ਜਿੱਤੀ। ਹਾਕਮ ਉਹਨਾਂ ਅੱਖਾਂ ਨੂੰ ਨੀਵੀਆਂ ਕਰਨ ਲਈ ਉਤਾਵਲਾ ਹੈ ਕਿਉਂਕਿ ਇਹਨਾਂ ਸਭ ਗੱਲਾਂ ਕਾਰਨ ਪੰਜਾਬ ਅਤੇ ਪੰਜਾਬੀ ਲਗਾਤਾਰ ਉਸਦੀਆਂ ਅੱਖਾਂ ਵਿੱਚ ਰੜਕ ਰਹੇ ਹਨ। ਯਾਦ ਕਰੋ ਜਦੋਂ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਵਿੱਚੋਂ ਜਾਨ ਬਚਾ ਕੇ ਜਾਣ ਦੀ ਗੱਲ ਕੀਤੀ ਗਈ ਸੀ ਤਾਂ ਉਹ ਤੁਹਾਨੂੰ ਬਦਨਾਮ ਕਰਨ ਤੇ ਨੀਵਾਂ ਕਰਨ ਲਈ ਹੀ ਸੀ। ਬੇਸ਼ਕ ਤੁਹਾਡੀ ਸਿਆਣਪ ਅਤੇ ਸ਼ਾਂਤੀ ਨੇ ਉਹਨਾਂ ਦੇ ਇਰਾਦੇ ਕਾਮਯਾਬ ਨਹੀਂ ਹੋਣ ਦਿੱਤੇ ਪਰ ਉਹ ਆਨੇ ਬਹਾਨੇ ਪੰਜਾਬ ਨੂੰ ਨਿਸ਼ਾਨਾ ਬਣਾ ਰਹੇ ਹਨ। ਸਾਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਕਦੇ ਪਾਣੀਆਂ ਦੇ ਨਾਮ ਤੇ, ਕਦੇ ਧਰਮਾਂ ਦੇ ਨਾਮ ਉੱਤੇ। ਕਿਸਾਨ ਅੰਦੋਲਨ ਦੌਰਾਨ ਹਰਿਆਣੇ ਤੇ ਪੰਜਾਬ ਦੀ ਬਣੀ ਗੂੜ੍ਹੀ ਸਾਂਝ ਤੇ ਜਿੱਤ ਕੇ ਵਾਪਸ ਆਉਂਦਿਆਂ ਦਾ ਛੋਟੇ ਭਰਾ ਵੱਲੋਂ ਵੱਡੇ ਭਰਾ ਦਾ ਭਰਵਾਂ ਸਵਾਗਤ ਕਰਨਾ, ਜਿਨ੍ਹਾਂ ਨੂੰ ਰੜਕਦਾ ਹੈ, ਉਹ ਫਿਰ ਪਾਣੀ ਦਾ ਮੁੱਦਾ ਚੁੱਕ ਕੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੀਆਂ ਸਾਜ਼ਿਸ਼ਾਂ ਲਗਾਤਾਰ ਜਾਰੀ ਹਨ, ਇਸੇ ਤਰ੍ਹਾਂ ਪਟਿਆਲਾ ਵਿਖੇ ਵਾਪਰੀ ਘਟਨਾ ਨਾ ਤਾਂ ਪਹਿਲੀ ਏ ਤੇ ਨਾ ਆਖਰੀ ਹੈ। ਅਜਿਹਾ ਬਹੁਤ ਕੁਝ ਭਵਿੱਖ ਦੀ ਕੁੱਖ ਵਿੱਚ ਪਿਆ ਹੋ ਸਕਦਾ ਹੈ।
ਸਾਡੇ ਸਿਰ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਨਾਂ ਚਿਹਰਿਆਂ ਦੀ ਨਿਸ਼ਾਨਦੇਹੀ ਕਰੀਏ ਜੋ ਸਾਡੇ ਆਪਣੇ ਬਣਕੇ ਪਿੱਠ ਪਿੱਛੇ ਛੁਰਾ ਮਾਰਨ ਲਈ ਉਤਾਵਲੇ ਹਨ। ਇਹ ਫਿਰਕੂ ਕੱਟੜਤਾ ਫੈਲਾਉਣ ਵਾਲੇ ਹਮੇਸ਼ਾ ਸਮੁੱਚੀ ਮਨੁੱਖਤਾ ਲਈ ਖਤਰਾ ਹੁੰਦੇ ਹਨ। ਅਜਿਹੇ ਸ਼ਰਾਰਤੀ ਅਨਸਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਅਮਨ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਵਿਚ ਜ਼ਹਿਰ ਘੋਲਣ ਲਈ ਯਤਨਸ਼ੀਲ ਰਹਿੰਦੇ ਹਨ। ਇਹ ਜਿਸ ਮਰਜ਼ੀ ਧਾਰਮਿਕ ਪਹਿਰਾਵੇ ਵਿੱਚ ਆਉਣ, ਜਿਹੜੀ ਮਰਜ਼ੀ ਥਾਂ ਉੱਤੇ ਹੋਣ, ਇਨ੍ਹਾਂ ਨੂੰ ਨਕਾਰਨਾ ਹੀ ਵਾਜਿਬ ਹੈ। ਹੁਣ ਵੀ ਆਪਸ ਵਿੱਚ ਲੜਾਉਣ ਵਾਲੇ ਕੁਝ ਚਿਹਰੇ ਪਹਿਚਾਣ ਕੇ ਲੋਕਾਂ ਉਹਨਾਂ ਨੂੰ ਸਬਕ ਸਿਖਾਇਆ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਆਪੇ ਬਣੇ ਧਰਮ ਦੇ ਠੇਕੇਦਾਰਾਂ ਨੂੰ ਲੋਕਾਂ ਨੇ ਨਕਾਰਨਾ ਸ਼ੁਰੂ ਕਰ ਦਿੱਤਾ ਹੈ। ਇਹ ਸ਼ੁਭ ਸੰਕੇਤ ਹੈ। ਪੰਜਾਬੀਆਂ ਵਿੱਚ ਵੰਡੀਆਂ ਨਾ ਕਦੇ ਪਈਆਂ ਤੇ ਨਾ ਪੈ ਸਕਦੀਆਂ ਹਨ। ਬੇਸ਼ਕ ਸਿਆਸੀ ਲੋਕਾਂ ਵਲੋਂ ਭਾਸ਼ਾ, ਧਰਮ ਅਤੇ ਜਾਤ ਦੇ ਨਾਮ ’ਤੇ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹਿੰਦੀਆਂ ਹਨ। ਪਰ ਪੰਜਾਬ ਸਦਾ ਹੀ ਏਕਤਾ ਤੇ ਅਮਨ ਸ਼ਾਂਤੀ ਦਾ ਹਾਮੀ ਰਿਹਾ ਹੈ ਅਤੇ ਸਮੇਂ ਸਮੇਂ ’ਤੇ ਸਮਾਜ ਵਿਰੋਧੀ ਤੱਤਾਂ ਵੱਲੋਂ ਇਸ ਸ਼ਾਂਤੀ ਨੂੰ ਭੰਗ ਕਰਨ ਲਈ ਯਤਨ ਕਰਨ ਦੇ ਬਾਵਜੂਦ ਪੰਜਾਬੀਆਂ ਨੇ ਹਮੇਸ਼ਾ ਹੀ ਇਸ ’ਤੇ ਡਟ ਕੇ ਪਹਿਰਾ ਦਿੱਤਾ ਹੈ। ਅਜਿਹੀਆਂ ਘਟਨਾਵਾਂ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਵਾਪਰਦੀਆਂ ਹਨ। ਪਰ ਸਾਨੂੰ ਪਤਾ ਹੈ ਕਿ ਪੰਜਾਬ ਦੇ, ਦੇਸ਼ ਦੇ ਅਸਲ ਮੁੱਦੇ ਆਰਥਿਕਤਾ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਹਨ। ਇਹਨਾਂ ਮੁੱਦਿਆਂ ਉੱਤੇ ਇਕਜੁੱਟ ਹੋਣ ਵਿੱਚ ਹੀ ਦੁਸ਼ਮਣ ਦੀ ਹਾਰ ਯਕੀਨੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3545)
(ਸਰੋਕਾਰ ਨਾਲ ਸੰਪਰਕ ਲਈ: