“ਇੱਥੇ ਹਾਲਾਤ ਨੂੰ ਕਦੇ ਵੀ ਮੋੜਾ ਦਿੱਤਾ ਜਾ ਸਕਦਾ ਹੈ। ਪੰਜਾਬ ਅੱਤਵਾਦ ਦੇ ਰੂਪ ਵਿੱਚ ਪਹਿਲਾਂ ਹੀ ਬਹੁਤ ਸੰਤਾਪ ...”
(28 ਮਈ 2022)
ਮਹਿਮਾਨ: 101.
ਹਥਿਆਰ ਨੂੰ ਸਿਰਫ ਸੁਰੱਖਿਆ ਦਾ ਪ੍ਰਤੀਕ ਨਹੀਂ ਮੰਨਿਆ ਜਾ ਸਕਦਾ। ਹਥਿਆਰ ਸਾਧਾਰਨ ਹੋਵੇ ਜਾਂ ਘਾਤਕ, ਪਤਾ ਨਹੀਂ ਕਦੋਂ ਇਹ ਵਿਗੜੀ ਮਾਨਸਿਕਤਾ ਨੂੰ ਜਨਮ ਦਿੰਦਿਆਂ, ਬੇਕਸੂਰ ਲੋਕਾਂ ਦੀ ਜਾਨ ਲੈਣ ਵਾਲਾ ਬਣ ਜਾਵੇ। ਜਾਇਜ਼ ਅਤੇ ਨਾਜਾਇਜ਼ ਹਰ ਤਰ੍ਹਾਂ ਦੇ ਹਥਿਆਰਾਂ ਪ੍ਰਤੀ ਹੁਣ ਨਜ਼ਰੀਆ ਬਦਲਣਾ ਜ਼ਰੂਰੀ ਹੈ। ਹਾਲਾਤ ਪਹਿਲਾਂ ਹੀ ਸਾਜ਼ਗਾਰ ਨਹੀਂ ਤੇ ਉੱਪਰੋਂ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਹੀ ਜਦੋਂ ਸਭ ਨੂੰ ਹਥਿਆਰ ਰੱਖਣ ਦੀ ਸਲਾਹ ਦੇਣ ਤਾਂ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ। ਪੰਜਾਬ ਵਿੱਚ ਪਹਿਲਾਂ ਹੀ ਕੋਈ ਦਿਨ ਅਜਿਹਾ ਨਹੀਂ ਜਾਂਦਾ, ਜਦੋਂ ਗੋਲੀ ਚੱਲਣ ਦੀ ਖ਼ਬਰ ਨਾ ਆਵੇ। ਲੋਕਾਂ ਵਿੱਚ ਦਿਨੋ ਦਿਨ ਗੁੱਸਾ ਵਧ ਰਿਹਾ ਜੋ ਅੱਗੇ ਕਤਲੇਆਮ ਦਾ ਕਾਰਨ ਬਣਦਾ ਹੈ। ਅਜਿਹਾ ਕਰਨ ਵਾਲੇ ਦੀ ਜਦੋਂ ਤਕ ਹੋਸ਼ ਸੰਭਲਦੀ ਹੈ, ਉਦੋਂ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ। ਜ਼ਰਾ ਜਿੰਨੀ ਗੱਲ ’ਤੇ ਹਥਿਆਰ ਕੱਢ ਲੈਣਾ ਆਮ ਬਣਦਾ ਜਾ ਰਿਹਾ ਹੈ, ਜਿਸ ਕਾਰਨ ਹਰ ਪਾਸੇ ਮੌਤ ਨੱਚਦੀ ਨਜ਼ਰ ਆਉਂਦੀ ਹੈ। ਗੀਤਕਾਰਾਂ ਅਤੇ ਗਾਇਕਾਂ ਵੱਲੋਂ ਹਥਿਆਰਾਂ ਦੀ ਖੁੱਲ੍ਹੇਆਮ ਵਰਤੋਂ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ। ਟੀਵੀ ਦਾ ਕੋਈ ਚੈਨਲ ਲਗਾਓ ਅੱਗੋਂ ਗਾਇਕ ਮੋਡੇ ’ਤੇ ਮਾਰੂ ਹਥਿਆਰ ਰੱਖਕੇ, ਦੋ ਚਾਰ ਨੂੰ ਮਾਰਨ ਦੀ ਗੱਲ ਕਰਦਾ ਸੁਣਾਈ ਦਿੰਦਾ ਹੈ। ਕਚਹਿਰੀਆਂ ਵਿੱਚ ਤਰੀਕਾਂ ਭੁਗਤਣ, ਸ਼ਰੀਕ ਮਾਰਨ ਤੇ ਗੈਂਗਸਟਰ ਬਣਨ ਵਿੱਚ ਹੀ ਮਾਣ ਮਹਿਸੂਸ ਕਰਨ ਲਈ ਉਕਸਾਇਆ ਜਾਂਦਾ ਹੈ। ਅਜਿਹੇ ਗਾਇਕਾਂ ਦੀ ਨਕਲ ਕਰਦਿਆਂ ਪਤਾ ਨਹੀਂ ਕਿਨੇ ਨੌਜਵਾਨ ਮੌਤ ਨੂੰ ਗਲੇ ਲਗਾ ਚੁੱਕੇ ਹਨ ਜਾਂ ਜੇਲ੍ਹਾਂ ਵਿੱਚ ਬੰਦ ਹਨ।
ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਹੀ ਮੁੱਖ ਮੰਤਰੀ ਨੇ ਪੰਜਾਬੀ ਗਾਇਕਾਂ ਨੂੰ ਗੰਨ ਕਲਚਰ ਤੋਂ ਦੂਰ ਰਹਿਣ ਤੇ ਭੜਕਾਊ ਗੀਤ ਨਾ ਗਾਉਣ ਲਈ ਕਿਹਾ ਹੈ। ਪੰਜਾਬੀ ਗਾਇਕਾਂ ਵੱਲੋਂ ਫੈਲਾਏ ਜਾ ਰਹੇ ਬੰਦੂਕ ਸੱਭਿਆਚਾਰ ਅਤੇ ਗੈਂਗਸਟਰਵਾਦ ਦੇ ਰੁਝਾਨ ਦੀ ਨਿਖੇਧੀ ਕਰਦਿਆਂ ਭਗਵੰਤ ਮਾਨ ਨੇ ਗੀਤਕਾਰਾਂ ਅਤੇ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਸਮਾਜ ਵਿੱਚ ਹਿੰਸਾ, ਨਫ਼ਰਤ ਅਤੇ ਦੁਸ਼ਮਣੀ ਨੂੰ ਭੜਕਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਇਹ ਜ਼ਰੂਰੀ ਵੀ ਹੈ ਕਿ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਹਿੰਸਾ ਫੈਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਜੋ ਅਕਸਰ ਨੌਜਵਾਨਾਂ, ਖਾਸ ਕਰਕੇ ਬੱਚਿਆਂ ਨੂੰ ਵਿਗਾੜ ਰਹੇ ਹਨ। ਮਾਪੇ ਬੱਚਿਆਂ ਨੂੰ ਫੋਨ ਤੋਂ ਦੂਰ ਕਰਨ ਲਈ ਟੀਵੀ ਚਲਾਉਣ ਲਈ ਕਹਿੰਦੇ ਹਨ ਤਾਂ ਟੀਵੀ ਉੱਤੇ ਚੱਲਦੇ ਮਾਰੂ ਹਥਿਆਰਾਂ ਨਾਲ ਲੈਸ ਗੀਤ ਉਹਨਾਂ ਨੂੰ ਪ੍ਰੇਸ਼ਾਨ ਕਰ ਦਿੰਦੇ ਕਿਉਂਕਿ ਅਜਿਹੇ ਦ੍ਰਿਸ਼ਾਂ ਤੋਂ ਬੱਚੇ ਸਭ ਤੋਂ ਵੱਧ ਪ੍ਰਭਾਵਤ ਹੁੰਦੇ ਹਨ। ਅੱਜ ਬੱਚਿਆਂ ਦੇ ਮੂਹੋਂ ਅਜਿਹੇ ਮਾਰਧਾੜ ਵਾਲੇ ਗੀਤ ਹੀ ਸੁਣਨ ਨੂੰ ਮਿਲ ਰਹੇ ਹਨ। ਕਿਸੇ ਨੇ ਕਿਹਾ ਸੀ, “ਮੈਨੂੰ ਦੱਸੋ ਤੁਹਾਡੇ ਦੇਸ਼ ਦੀ ਜਵਾਨੀ ਅਤੇ ਲੋਕਾਂ ਦੇ ਮੂੰਹ ’ਤੇ ਕਿਸ ਤਰ੍ਹਾਂ ਦੇ ਗੀਤ ਹਨ, ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ।” ਸਾਡਾ ਭਵਿੱਖ ਕੀ ਹੋ ਸਕਦਾ ਹੈ, ਸਮਝਿਆ ਜਾ ਸਕਦਾ। ਦੂਜੇ ਪਾਸੇ ਹਥਿਆਰਾਂ ਦਾ ਅਸਾਨੀ ਨਾਲ ਮਿਲ ਜਾਣਾ ਵੀ ਇਹਨਾਂ ਹਾਲਾਤ ਨੂੰ ਬੜ੍ਹਾਵਾ ਦੇ ਰਿਹਾ ਹੈ। ਇਹ ਬਹੁਤ ਚਿੰਤਾਜਨਕ ਸਥਿਤੀ ਹੈ, ਇਹ ਅੱਗੇ ਜਾ ਕੇ ਅਮਰੀਕਾ ਵਰਗੇ ਹਾਲਾਤ ਪੈਦਾ ਕਰ ਸਕਦੀ ਹੈ।
ਅਮਰੀਕਾ ਅਤੇ ਯੂਰਪ ਦੀ ਸਥਿਤੀ ਇਹ ਹੈ ਕਿ ਉੱਥੇ ਸਾਧਾਰਨ ਹੀ ਨਹੀਂ, ਸਗੋਂ ਮਾਰੂ ਹਥਿਆਰ ਵੀ ਆਸਾਨੀ ਨਾਲ ਮਿਲ ਜਾਂਦੇ ਹਨ। ਯੂਰਪੀ ਤੇ ਅਮਰੀਕੀ ਨਾਗਰਿਕ ਮਾਰੂ ਹਥਿਆਰ ਰੱਖਣ ਵਿੱਚ ਮਾਣ ਮਹਿਸੂਸ ਕਰਦੇ ਹਨ। ਹੈਰਾਨੀਜਨਕ ਹੈ ਕਿ ਅਮਰੀਕਾ ਦੀ ਕੁੱਲ ਅਬਾਦੀ ਨਾਲੋਂ ਰਜਿਸਟਰ ਬੰਦੂਕਾਂ ਦੀ ਸੰਖਿਆ ਵੱਧ ਹੈ। ਦੁਨੀਆਂ ਵਿੱਚ ਬੰਦੂਕਾਂ ਨਾਲ ਲੈਸ ਜਨਸੰਖਿਆ ਸਭ ਤੋਂ ਵੱਧ ਅਮਰੀਕਾ ਵਿੱਚ ਹੀ ਹੈ। ਇਸੇ ਦਾ ਸਿੱਟਾ ਹੈ ਕਿ ਉੱਥੇ ਅੱਲੜ੍ਹ ਉਮਰ ਦੇ ਬੱਚਿਆਂ ਵੱਲੋਂ ਰੋਜ਼ ਦਿਹਾੜੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ। ਹੁਣ ਤਾਜ਼ੀ ਘਟਨਾ ਟੈਕਸਾਸ ਤੋਂ ਸਾਹਮਣੇ ਆਈ ਹੈ, ਜਿੱਥੇ 18 ਸਾਲਾ ਇੱਕ ਨੌਜਵਾਨ ਨੇ ਪ੍ਰਾਇਮਰੀ ਸਕੂਲ ਵਿੱਚ ਗੋਲੀ ਮਾਰ ਕੇ 19 ਵਿਦਿਆਰਥੀ (6-10 ਸਾਲ ਦੀ ਉਮਰ ਤਕ) ਅਤੇ ਦੋ ਅਧਿਆਪਕਾਂ ਦਾ ਕਤਲ ਕਰ ਦਿੱਤਾ ਹੈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਾਤਲ ਨੇ ਆਪਣੀ ਦਾਦੀ ਨੂੰ ਵੀ ਗੋਲੀ ਮਾਰੀ ਸੀ। 2012 ਵਿੱਚ ਵੀ ਅਜਿਹੀ ਘਟਨਾ ਵਾਪਰੀ ਸੀ ਜਦੋਂ ਇੱਕ ਪ੍ਰਾਇਮਰੀ ਸਕੂਲ ਵਿੱਚ ਵੀਹ ਸਾਲਾ ਮੁੰਡੇ ਐਡਮ ਲਾਂਜਾ ਨੇ ਸਤਾਈ ਲੋਕਾਂ ਨੂੰ ਆਪਣੀਆਂ ਗੋਲ਼ੀਆਂ ਦਾ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਛੇ ਸਾਲਾਂ ਦੀ ਉਮਰ ਦੇ ਵੀਹ ਬੱਚੇ ਸ਼ਾਮਲ ਸਨ। ਇਸ ਬੇਰਹਿਮ ਵਾਰਦਾਤ ਦੇ ਇੱਕ ਘੰਟੇ ਪਹਿਲਾਂ ਐਡਮ ਲਾਂਜਾ ਨੇ ਆਪਣੀ ਮਾਂ ਨੂੰ ਵੀ ਗੋਲ਼ੀਆਂ ਨਾਲ ਭੁੰਨ ਦਿੱਤਾ ਸੀ।
ਅਮਰੀਕੀ ਮੀਡੀਆ ਮੁਤਾਬਕ ਸਾਲ 2022 ਵਿੱਚ ਹੁਣ ਤਕ 30 ਸਕੂਲਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਸ ਕਾਰਨ ਹੁਣ ਤਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹਰ ਸਾਲ ਇਸ ਕਿਸਮ ਦੀਆਂ ਘਟਨਾਵਾਂ ਕਿਸੇ ਨਾ ਕਿਸੇ ਰਾਜ ਵਿੱਚ ਘਟਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਕੋਈ ਅਣਜਾਣ ਬੰਦੂਕਧਾਰੀ ਅੰਨ੍ਹੇਵਾਹ ਗੋਲ਼ੀਆਂ ਚਲਾਕੇ ਬੇਗੁਨਾਹ ਲੋਕਾਂ ਦਾ ਕਤਲੇਆਮ ਕਰ ਦਿੰਦਾ ਹੈ। ਅਮਰੀਕੀ ਸਮਾਜ ਵਿੱਚ ਇਸ ਕਿਸਮ ਦੀਆਂ ਘਟਨਾਵਾਂ ਇਸ ਲਈ ਵੀ ਵਧ ਰਹੀਆਂ ਹਨ ਕਿਉਂਕਿ ਉੱਥੇ ਬੰਦੂਕ ਸਬੰਧੀ ਕਾਨੂੰਨ ਬਹੁਤ ਲਚਕੀਲੇ ਹਨ। ਕੋਈ ਵੀ ਨਾਗਰਿਕ ਬੜੀ ਅਸਾਨੀ ਨਾਲ ਬੰਦੂਕ ਖਰੀਦ ਸਕਦਾ ਹੈ। ਇਹ ਮੰਗ ਵੀ ਲਗਾਤਾਰ ਉੱਠਦੀ ਰਹਿੰਦੀ ਹੈ ਕਿ ਇਸ ਖ਼ਤਰਨਾਕ ਬੰਦੂਕ ਸੱਭਿਆਚਾਰ ਨੂੰ ਨੱਥ ਪਾਉਣ ਲਈ ਬੰਦੂਕ ਸਬੰਧੀ ਕਾਨੂੰਨਾਂ ਨੂੰ ਹੋਰ ਕਰੜਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਬੰਦੂਕ ਅਸਾਨੀ ਨਾਲ ਨਾ ਮਿਲੇ। ਪਰ ਉੱਥੇ ਇੱਕ ਧਿਰ ਅਜਿਹੀ ਵੀ ਹੈ ਜੋ ਇਹ ਕਹਿੰਦੀ ਹੈ ਕਿ ਹਰ ਨਾਗਰਿਕ ਨੂੰ ਆਤਮ-ਰੱਖਿਆ ਦਾ ਹੱਕ ਹੈ ਅਤੇ ਰਾਜ ਦੁਆਰਾ ਹਰ ਨਾਗਰਿਕ ਨੂੰ ਸੁਰੱਖਿਆ ਮੁਹਈਆ ਕਰਾਉਣਾ ਮੁਸ਼ਕਿਲ ਹੈ, ਇਸ ਲਈ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਦੇ ਲਈ ਰਾਜ ’ਤੇ ਨਿਰਭਰ ਹੋਣ ਦੀ ਬਜਾਏ ਖੁਦ ਹੀ ਆਪਣੀ ਰੱਖਿਆ ਕਰਨੀ ਚਾਹੀਦੀ ਹੈ। ਅਮਰੀਕੀ ਸਮਾਜ ਵਿੱਚ ਇਸ ਕਿਸਮ ਦੀ ਮਾਨਸਿਕਤਾ ਕਦੇ ਕਾਲ਼ੇ ਵਿਦਰੋਹੀਆਂ ਤੋਂ ਸਵੈ-ਰੱਖਿਆ ਦੇ ਰੂਪ ਵਿੱਚ ਜਨਮੀ ਸੀ, ਜਿਸ ਵਿੱਚ ਅਮਰੀਕਾ ਦੀਆਂ ਉੱਭਰਦੀਆਂ ਹਥਿਆਰ ਸਨਅਤਾਂ ਦੀ ਇੱਕ ਪ੍ਰਮੁੱਖ ਭੂਮਿਕਾ ਰਹੀ। ਸਰਮਾਏਦਾਰੀ ਦੇ ਢਾਂਚਾਗਤ ਸੰਕਟ ਅਤੇ ਉਸ ਦੁਆਰਾ ਜਨਮੀਆਂ ਸੰਸਾਰ ਜੰਗਾਂ ਨੇ ਇਸ ਸਨਅਤ ਨੂੰ ਚਾਰ ਚੰਦ ਲੱਗਾ ਦਿੱਤੇ ਅਤੇ ਇਸਦਾ ਮੁਨਾਫ਼ਾ ਆਪਣੀਆਂ ਪੁਰਾਣੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ। ਦੂਜੀ ਸੰਸਾਰ ਜੰਗ ਤੋਂ ਬਾਅਦ ਦੇ ਸਾਲਾਂ ਵਿੱਚ ਅਮਰੀਕੀ ਸਮਾਜ ਵਿੱਚ ਹਥਿਆਰਾਂ ਦੀਆਂ ਕੰਪਨੀਆਂ ਅਤੇ ਉਹਨਾਂ ਦੀਆਂ ਲਾਬੀਆਂ ਨੇ ਉੱਥੇ ਪਹਿਲਾਂ ਤੋਂ ਹੀ ਮੌਜੂਦ ਹਿੰਸਕ ਸੱਭਿਆਚਾਰ ਨੂੰ ਵਧਾਇਆ ਹੈ। ਇਸ ਸਭ ਦੇ ਨਤੀਜੇ ਵਜੋਂ ਬੰਦੂਕ ਰੱਖਣਾ ਅਤੇ ਬੰਦੂਕ ਚਲਾਉਣਾ ਆਮ ਗੱਲ ਹੋ ਗਈ। ਕਿਸ਼ੋਰ ਅਵਸਥਾ ਤੋਂ ਹੀ ਹੋਰ ਜ਼ਰੂਰਤਾਂ ਵਾਂਗ ਬੰਦੂਕ ਵੀ ਇੱਕ ਲਾਜ਼ਮੀ ਸਮਾਨ ਬਣ ਗਈ ਹੈ।
ਇਹਨਾਂ ਹਾਲਾਤ ਉੱਤੇ ਨਜ਼ਰ ਮਾਰਨ ਤੋਂ ਬਾਅਦ ਭਾਰਤ ਵੱਲ ਨਜ਼ਰ ਮਾਰੀਏ ਤਾਂ ਇੱਥੇ ਵੀ ਸਵੈ-ਰੱਖਿਆ ਦੇ ਨਾਮ ਉੱਤੇ ਹਥਿਆਰ ਰੱਖਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇੱਕ ਧਰਮ ਨੂੰ ਦੂਜੇ ਧਰਮ ਤੋਂ ਖ਼ਤਰਾ ਦੱਸਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਪੰਜਾਬ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਨੌਜਵਾਨਾਂ ਨੂੰ ਆਧੁਨਿਕ ਲਾਇਸੈਂਸੀ ਹਥਿਆਰ ਰੱਖਣ ਦਾ ਸੱਦਾ ਦੇਣਾ ਮੰਦਭਾਗਾ ਹੈ ਕਿਉਂਕਿ ਪੰਜਾਬ ਪਹਿਲਾਂ ਹੀ ਬਾਰੂਦ ਉੱਤੇ ਬੈਠਾ ਨਜ਼ਰ ਆਉਂਦਾ ਹੈ। ਪੰਜਾਬ ਵਿੱਚ ਇਸ ਵੇਲੇ ਲਗਭਗ ਪੰਜ ਲੱਖ ਲਾਇਸੈਂਸੀ ਹਥਿਆਰ ਹਨ (ਗ਼ੈਰ-ਕਾਨੂੰਨੀ ਹਥਿਆਰਾਂ ਦੀ ਗਿਣਤੀ ਵੱਖਰੀ) ਜਦਕਿ ਪੰਜਾਬ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਕੋਲ ਹਥਿਆਰਾਂ ਦੀ ਗਿਣਤੀ ਸਵਾ ਲੱਖ ਤੋਂ ਕੁਝ ਉੱਪਰ ਹੈ। ਆਬਾਦੀ ਅਨੁਪਾਤ ਦੇ ਪੱਖੋਂ ਉੱਤਰ ਪ੍ਰਦੇਸ਼ (12 ਲੱਖ ਤੋਂ ਵੱਧ ਲਾਇਸੈਂਸੀ ਹਥਿਆਰ) ਤੋਂ ਬਾਅਦ ਪੰਜਾਬ ਦੇਸ਼ ਵਿੱਚ ਦੂਜੇ ਨੰਬਰ ਉੱਤੇ ਹੈ, ਜਿੱਥੇ ਲੋਕਾਂ ਕੋਲ ਸਭ ਤੋਂ ਵੱਧ ਹਥਿਆਰ ਹਨ ਅਤੇ ਉਹ ਵੀ ਆਧੁਨਿਕ। ਜੋ ਅੱਗੇ ਜਾ ਕੇ ਖਤਰਨਾਕ ਹਾਲਾਤ ਨੂੰ ਜਨਮ ਦੇ ਸਕਦੇ ਹਨ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਇੱਥੇ ਹਾਲਾਤ ਨੂੰ ਕਦੇ ਵੀ ਮੋੜਾ ਦਿੱਤਾ ਜਾ ਸਕਦਾ ਹੈ। ਪੰਜਾਬ ਅੱਤਵਾਦ ਦੇ ਰੂਪ ਵਿੱਚ ਪਹਿਲਾਂ ਹੀ ਬਹੁਤ ਸੰਤਾਪ ਭੁਗਤ ਚੁੱਕਾ ਹੈ। ਗੁਰੂਆਂ ਦੀ ਧਰਤੀ ਉੱਤੇ ਹਥਿਆਰਾਂ ਦੀ ਨਹੀਂ ਸਗੋਂ ਉਹਨਾਂ ਵੱਲੋਂ ਦਿੱਤੇ ਅਮਨ-ਸ਼ਾਂਤੀ ਦੇ ਸੰਦੇਸ਼ ਨੂੰ ਅਪਣਾਉਣ ਦੀ ਲੋੜ ਹੈ ਤਾਂ ਹੀ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3592)
(ਸਰੋਕਾਰ ਨਾਲ ਸੰਪਰਕ ਲਈ: