“1947 ਦੀ ਵੰਡ ਦੀਆਂ ਕਹਾਣੀਆਂ ਸੁਣੀਆਂ ਜ਼ਰੂਰ ਸਨ ਪਰ ਉਹਨਾਂ ਵਿਚਲਾ ਦਰਦ ...”
(1 ਮਈ 2020)
ਜ਼ਿੰਦਗੀ ਰੋਜ਼ਾਨਾ ਦੀ ਤਰ੍ਹਾਂ ਆਪਣੀ ਤੋਰੇ ਤੁਰਦੀ ਜਾ ਰਹੀ ਸੀ। ਇੱਕ ਦਿਨ ਚੀਨ ਦੇ ‘ਵੁਹਾਨ’ ਸ਼ਹਿਰ ਵਿਖੇ ਕਿਸੇ ‘ਵਾਇਰਸ’ ਨਾਲ ਮੌਤਾਂ ਹੋਣ ਦੀ ਖ਼ਬਰ ਪੜ੍ਹੀ ਪਰ ਇਸਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ। ਭਾਰਤ ਵਿੱਚ ਰੋਜ਼ ਉਹੀ ਧਰਨੇ, ਮੁਜ਼ਾਹਰੇ, ਐੱਨ ਆਰ ਸੀ, ਸੀ ਏ ਏ ਦਾ ਵਿਰੋਧ ਕੀਤਾ ਜਾ ਰਿਹਾ ਸੀ। ਅਚਾਨਕ ‘ਕੋਰੋਨਾ ਵਾਇਰਸ’ ਨੇ ਸਾਰੀ ਦੁਨੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਲਗਭਗ 197 ਦੇਸ਼ ਇਸਦੀ ਲਪੇਟ ਵਿੱਚ ਆ ਗਏ। ਭਾਰਤ ਵੀ ਇਸ ਲਾਗ ਤੋਂ ਬਚ ਨਾ ਸਕਿਆ ਅਤੇ ਕੇਰਲਾ ਵਿੱਚ ਸਭ ਤੋਂ ਪਹਿਲਾਂ ਕੋਰੋਨਾ ਪੌਜ਼ੇਟਿਵ ਕੇਸ ਮਿਲਿਆ। ਵਾਇਰਸ ਦੀ ਵਧੇਰੇ ਲਾਗ ਤੋਂ ਬਚਣ ਲਈ ਪ੍ਰਧਾਨਮੰਤਰੀ ਨੇ ਤੁਰੰਤ ਫੁਰਮਾਨ ਜਾਰੀ ਕਰ ਦਿੱਤਾ। ਪਹਿਲਾਂ ਇੱਕ ਦਿਨ ਦਾ ‘ਜਨਤਾ ਕਰਫਿਊ’ ਦਾ ਐਲਾਨ ਹੋਇਆ, ਇਸਦੇ ਬਾਵਜੂਦ ਲੋਕਾਂ ਵੱਲੋਂ ਸਥਿਤੀ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ। ਫਿਰ ਇੱਕ ਦਿਨ ਪ੍ਰਧਾਨ ਮੰਤਰੀ ਜੀ ਟੀ ਵੀ ’ਤੇ ਪ੍ਰਗਟ ਹੋਏ ਤੇ ਬਿਨਾਂ ਕਿਸੇ ਵਿਉਂਤਬੰਦੀ ਦੇ 21 ਦਿਨਾਂ ਦਾ ਲਾਕਡਾਊਨ ਲਗਾਉਣ ਦਾ ਕਹਿ ਦਿੱਤਾ ਗਿਆ। ਰਾਤ 8 ਵਜੇ ਫੁਰਮਾਨ ਜਾਰੀ ਕਰਨ ਦੇ ਠੀਕ ਚਾਰ ਘੰਟੇ ਬਾਅਦ ਇਸ ਨੂੰ ਲਾਗੂ ਕਰਨ ਦਾ ਫੈਸਲਾ ਵੀ ਸੁਣਾ ਦਿੱਤਾ ਗਿਆ। ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਉਹਨਾਂ ਨੂੰ ਕੁਝ ਸਮਝ ਨਹੀਂ ਆਇਆ। ਆਪਣੇ ਘਰਾਂ ਤੋਂ ਦੂਰ ਕੰਮਾਂ ਕਾਰਾਂ ਲਈ ਗਏ ਲੋਕ ਜਿੱਥੇ ਸਨ ਉੱਥੇ ਹੀ ਫਸ ਗਏ। ਇਸ ਫੁਰਮਾਨ ਦੀ ਸਭ ਤੋਂ ਵੱਧ ਮਾਰ ਮਜ਼ਦੂਰਾਂ ’ਤੇ ਪਈ। ਜੋ ਰੋਜ਼ੀ ਰੋਟੀ ਕਮਾਉਣ ਲਈ ਹਰ ਸਾਲ ਆਪਣੇ ਘਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਜਾਣ ਲਈ ਮਜਬੂਰ ਹਨ। ਇਹਨਾਂ ਤਾਂ ‘ਲਾਕਡਾਊਨ’ ਦਾ ਨਾਮ ਹੀ ਪਹਿਲੀ ਵਾਰ ਸੁਣਿਆ ਸੀ, ਇਹਨਾਂ ਨੂੰ ਕੀ ਪਤਾ ਸੀ ਕਿ ਇਹ ਕੀ ਬਲਾ ਹੈ। ਟੀ ਵੀ ਜਾਂ ਫੋਨ ਵਿੱਚ ਜਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਸੀ, ਇਸ ਨੇ ਮਜ਼ਦੂਰਾਂ ਨੂੰ ਅੰਦਰ ਤਕ ਹਿਲਾ ਦਿੱਤਾ।
ਪ੍ਰਧਾਨ ਮੰਤਰੀ ਵੱਲੋਂ ‘ਸਮਾਜਿਕ ਦੂਰੀ’ ਬਣਾ ਕੇ ਰੱਖਣ ਲਈ ਕਿਹਾ ਜਾ ਰਿਹਾ ਸੀ। ਸਮਾਜਿਕ ਦੂਰੀ ਦਾ ਅਹਿਸਾਸ ਤਾਂ ਮਜ਼ਦੂਰ ਜੰਮਣ ਤੋਂ ਵੀ ਪਹਿਲਾਂ ਹੰਢਾਉਂਦੇ ਆ ਰਹੇ ਹਨ। ਹੁਣ ਵੀ ਉਹ ਇਸੇ ਸਮਾਜਿਕ ਦੂਰੀ ਦਾ ਸ਼ਿਕਾਰ ਹੋ ਰਹੇ ਹਨ। ਬਿਮਾਰੀ ਦੀ ਲਾਗ ਤੋਂ ਬਚਣ ਲਈ ਅਮੀਰਾਂ ਨੇ ਤਾਂ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਕਰ ਲਿਆ, ਪਰ ਗਰੀਬ ਮਜ਼ਦੂਰ, ਜਿਨ੍ਹਾਂ ਦੀ ਮਿਹਨਤ ਤੋਂ ਬਗੈਰ ਨਾ ‘ਘਰ’ ਹੋਂਦ ਵਿੱਚ ਆ ਸਕਦੇ ਤੇ ਨਾ ਹੀ ਹੋਰ ਜ਼ਰੂਰਤਾਂ ਪੂਰੀਆਂ ਹੋ ਸਕਦੀਆ, ਨੂੰ ਘਰਾਂ, ਸ਼ਹਿਰਾਂ ਵਿੱਚੋਂ ਬੇਦਖਲ ਕਰ ਦਿੱਤਾ ਗਿਆ। ਕੰਮ ਬੰਦ ਹੋਣ ਦਾ ਕਹਿ ਕੇ ਮਾਲਕਾਂ ਨੇ ਕੰਮ ਤੋਂ ਜਵਾਬ ਦੇ ਦਿੱਤਾ। ਕੰਮ ਕੀ ਗਿਆ, ਸਿਰ ਤੋਂ ਛੱਤ ਵੀ ਖੁੱਸ ਗਈ, ਕਿਉਂਕਿ ਵੱਡੀ ਗਿਣਤੀ ਮਜ਼ਦੂਰਾਂ ਦਾ ਰਹਿਣ ਬਸੇਰਾ ਕੰਮ ਵਾਲੀਆਂ ਥਾਵਾਂ ਹੀ ਸੀ। ਕੁਝ ਕਰਾਏ ’ਤੇ ਕਮਰੇ ਲੈਕੇ ਰਹਿੰਦੇ ਸੀ। ਉਹਨਾਂ ਨੂੰ ਮਕਾਨ ਮਾਲਕਾਂ ਨੇ ਘਰਾਂ ਵਿੱਚੋਂ ਕੱਢ ਦਿੱਤਾ। ਇਸ ਪਿੱਛੇ ਦੋ ਕਾਰਨ ਸਨ, ਇੱਕ ਕਰਾਇਆ ਨਾ ਮਿਲਣ ਦਾ ਡਰ ਤੇ ਦੂਜਾ ਬਿਮਾਰੀ ਫੈਲਣ ਦਾ।
ਮਜ਼ਦੂਰਾਂ ਵਿੱਚ ਹਫੜਾ ਦਫੜੀ ਮੱਚ ਗਈ, ਉਹ ਸਿਰਾਂ ’ਤੇ ਸਮਾਨ ਚੁੱਕ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ਵੱਲ ਦੌੜ ਪਏ। ਪਰ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਨਾ ਕੋਈ ਬੱਸ ਚੱਲਦੀ ਹੈ, ਨਾ ਟਰੇਨ। ਉਹ ਕਿਸੇ ਵੀ ਤਰ੍ਹਾਂ ਆਪਣੇ ਘਰਾਂ, ਪਰਿਵਾਰਾਂ ਕੋਲ ਪਹੁੰਚਣਾ ਚਾਹੁੰਦੇ ਸਨ। ਕਈ ਛੋਟੇ ਛੋਟੇ ਬੱਚਿਆਂ ਸਮੇਤ ਪੈਦਲ ਹੀ ਨਿਕਲ ਤੁਰੇ। ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੇ ਨਾ ਜੇਬ ਵਿੱਚ ਪੈਸੇ, ਨਾ ਕੁਝ ਖਾਣ ਪੀਣ ਨੂੰ ਕੋਲ ਸੀ। ਉਹਨਾਂ ਵਿੱਚੋਂ ਕਈ ਰਸਤੇ ਵਿੱਚ ਹੀ ਐਕਸੀਡੈਂਟ ਨਾਲ ਮਰ ਗਏ ਅਤੇ ਕਈਆਂ ਭੁੱਖ ਤੋਂ ਬਿਹਾਲ ਹੋ ਕੇ ਰਸਤੇ ਵਿੱਚ ਹੀ ਪਰਿਵਾਰਾਂ ਸਮੇਤ ਖੁਦਕੁਸ਼ੀ ਕਰ ਲਈ। ਭੁੱਖ ਨਾਲ ਮਰਨ ਵਾਲਿਆਂ ਦੀ ਤਾਂ ਹਾਲੇ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ।
ਜਿਹੜੇ ਇਹਨਾਂ ਸਭ ਹਾਲਾਤ ਤੋਂ ਬਚਕੇ ਆਪਣੇ ਸੂਬਿਆਂ ਦੀ ਹੱਦ ਤਕ ਪਹੁੰਚੇ, ਉਹਨਾਂ ਲਈ ਨਵਾਂ ਫ਼ਰਮਾਨ ਜਾਰੀ ਹੋ ਚੁੱਕਾ ਸੀ ਕਿ ਸਰਹੱਦਾਂ ਸੀਲ ਕਰ ਦਿੱਤੀਆਂ ਜਾਣ ਤੇ ਮਜ਼ਦੂਰਾਂ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ ਕਿਉਂਕਿ ਉਹ ਬਿਮਾਰੀ ਲੈ ਕੇ ਆ ਸਕਦੇ ਹਨ। ਉੱਧਰ ਬਿਮਾਰੀ ਦਾ ਡਰ ਹੀ ਬਹੁਤ ਵੱਡਾ ਬਣਾ ਦਿੱਤਾ ਗਿਆ ਕਿ ਆਪਣੇ ਹੀ ਬੇਗਾਨੇ ਨਜ਼ਰ ਆਉਣ ਲੱਗੇ। ਸੂਬਿਆਂ, ਪਿੰਡਾਂ ਨੂੰ ਹੀ ਬੰਦ ਨਹੀਂ ਕੀਤਾ ਗਿਆ ਸਗੋਂ ਕਈਆਂ ਨੇ ਤਾਂ ਆਪਣੇ ਰਿਸ਼ਤੇਦਾਰਾਂ ਦੇ ਆਉਣ ’ਤੇ ਘਰਾਂ ਦੇ ਦਰਵਾਜ਼ੇ ਵੀ ਨਾ ਖੋਲ੍ਹੇ। 1947 ਦੀ ਵੰਡ ਦੀਆਂ ਕਹਾਣੀਆਂ ਸੁਣੀਆਂ ਜ਼ਰੂਰ ਸਨ ਪਰ ਉਹਨਾਂ ਵਿਚਲਾ ਦਰਦ ਮਹਿਸੂਸ ਹੁਣ ਹੋ ਰਿਹਾ ਸੀ। ਉਦੋਂ ਵੀ ਲੋਕ ਆਪਣੇ ਹੀ ਦੇਸ਼ ਤੇ ਘਰਾਂ ਵਿੱਚ ਬੇਗਾਨੇ ਹੋ ਗਏ ਸਨ। ਉਹ ਆਪਣੇ ਸਿਰਾਂ ’ਤੇ ਸਮਾਨ ਚੁੱਕ ਕੇ ਨਿਕਲ ਤੁਰੇ ਸੀ। ਫਰਕ ਸਿਰਫ ਇਹ ਸੀ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਿੱਥੇ ਜਾਣਾ ਹੈ, ਕਿੱਥੇ ਟਿਕਾਣਾ ਮਿਲਣਾ ਹੈ, ਪਰ ਇਹ ਮਜ਼ਦੂਰ ਤਾਂ ਆਪਣੇ ਹੀ ‘ਘਰਾਂ’ ਨੂੰ, ਆਪਣੇ ਹੀ ਪਰਿਵਾਰਾਂ ਕੋਲ ਜਾ ਰਹੇ ਸੀ। ਪਰ ਜਿੱਥੇ ਵੀ ਪਹੁੰਚੇ, ਉੱਥੇ ਹੀ ਕੈਦੀ ਬਣਾ ਲਏ ਗਏ। ਉਹਨਾਂ ਕੋਲ ਆਪਣਾ ਦੁੱਖ ਦੱਸਣ ਦਾ ਕੋਈ ਰਾਸਤਾ ਵੀ ਨਹੀਂ ਬਚਿਆ ਕਿਉਂਕਿ ਇੱਕ ਪਾਸੇ ਵਿਕਾਉ ਮੀਡੀਆ ਉਹਨਾਂ ਦੀ ਅਸਲੀਅਤ ਸਾਹਮਣੇ ਨਹੀਂ ਲਿਆਉਣਾ ਚਾਹੁੰਦਾ ਤੇ ਦੂਜੇ ਪਾਸੇ ਉਹਨਾਂ ਕੋਲ ਜੋ ਸੰਚਾਰ ਦਾ ਮਾਧਿਅਮ ਸੀ, ਮੁਬਾਇਲ ਫੋਨ ਉਹ ਵੀ ਚਾਰਜ ਦੀ ਸਹੂਲਤ ਨਾ ਹੋਣ ਕਾਰਨ ਬੰਦ ਹੋ ਗਏ। ਕਈਆਂ ਕੋਲ ਫੋਨ ਰੀਚਾਰਜ਼ ਕਰਾਉਣ ਲਈ ਜੇਬ ਵਿੱਚ ਪੈਸੇ ਵੀ ਨਹੀਂ ਸਨ। ਉਹਨਾਂ ਲਈ ਤਾਂ ਫੋਨ ਵੀ ਇੱਕ ਫਾਲਤੂ ਡੱਬੇ ਦੀ ਤਰ੍ਹਾਂ ਹੀ ਹੋ ਕੇ ਰਹਿ ਗਏ ਹਨ। ਆਪਣੇ ਘਰਾਂ ਤੇ ਪਰਿਵਾਰ ਕੋਲ ਜਾਣ ਲਈ ਉਹ ਕਿੰਨੇ ਉਤਾਵਲੇ ਹਨ, ਇਸਦਾ ਅਹਿਸਾਸ ਅਸੀਂ ਗੁਜਰਾਤ ਅਤੇ ਮੁੰਬਈ ਵਿੱਚ ਵਾਪਰੀਆਂ ਘਟਨਾਵਾਂ ਤੋਂ ਸਹਿਜੇ ਕਰ ਸਕਦੇ ਹਾਂ।
ਇਹਨਾਂ ਮਜ਼ਦੂਰਾਂ ਦੀ ਹਾਲਤ ਅਤੇ ਭੁੱਖ ਨਾਲ ਹੋ ਰਹੀਆਂ ਮੌਤਾਂ ਬਾਰੇ ਅਖ਼ਬਾਰਾਂ, ਸੋਸ਼ਲ ਮੀਡੀਆ ਤੋਂ ਪ੍ਰਾਪਤ ਹੋ ਰਹੀ ਜਾਣਕਾਰੀ ਅਸਲ ਅੰਕੜਿਆਂ ਤੋਂ ਕਿਤੇ ਪਰੇ ਹੈ। ਅਸਲ ਤਸਵੀਰ ਤਾਂ ਲੌਕਡਾਊਨ ਖੁੱਲਣ ’ਤੇ ਹੀ ਸਾਹਮਣੇ ਆਵੇਗੀ। ਹੁਣ ਜਦੋਂ ਲਾਕਡਾਊਨ ਹੋਰ ਅੱਗੇ ਵਧਣ ਦੀਆਂ ਖਬਰਾਂ ਆ ਰਹੀਆਂ ਹਨ ਤਾਂ ਇਹਨਾਂ ਮਜ਼ਦੂਰਾਂ ਦੀਆਂ ਮੁਸੀਬਤਾਂ ਵਿੱਚ ਭਾਰੀ ਵਾਧਾ ਹੋ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਜਿਸ ਤਰ੍ਹਾਂ ਕਈ ਸੂਬਿਆਂ ਨੇ ਵੱਖ-ਵੱਖ ਥਾਵਾਂ ’ਤੇ ਫਸੇ ਆਪਣੇ ਵਿਦਿਆਰਥੀਆਂ ਅਤੇ ਸ਼ਰਧਾਲੂਆਂ ਨੂੰ ਆਪੋ ਆਪਣੇ ਘਰਾਂ ਵਿੱਚ ਪਹੁੰਚਾਉਣ ਲਈ ਪ੍ਰਬੰਧ ਕੀਤੇ ਹਨ, ਉਵੇਂ ਹੀ ਮਜ਼ਦੂਰਾਂ ਨੂੰ ਵੀ ਉਹਨਾਂ ਦੇ ਘਰਾਂ ਤਕ ਪਹੁੰਚਾਉਣ ਲਈ ਪ੍ਰਬੰਧ ਕੀਤੇ ਜਾਣ ਤਾਂ ਕਿ ਉਹਨਾਂ ਨੂੰ ਆਪਣੇ ਹੀ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਨਾ ਹੋਵੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2092)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)