“ਇੱਥੇ ਭਾਈਚਾਰਕ ਸਾਂਝ ਵੇਖਿਆ ਹੀ ਬਣਦੀ ਹੈ। ਮੁਸਲਮਾਨ, ਸਿੱਖ ਅਤੇ ਹਿੰਦੂ ਸਭ ...”
(14 ਦਸੰਬਰ 2020)
ਛੋਟੇ ਹੁੰਦਿਆਂ ਪੜ੍ਹਦੇ ਸੁਣਦੇ ਹੁੰਦੇ ਸੀ ਕਿ ਜਿਸਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ। ਪਰ ਸਿੰਘੂ ਬਾਰਡਰ ਉੱਤੇ ਜਾ ਕੇ ਮਹਿਸੂਸ ਹੋਇਆ ਕਿ ਜੋ ਇੱਥੇ ਨਹੀਂ ਆਇਆ, ਉਹ ਜੰਮਿਆ ਹੀ ਨਹੀਂ। ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਕਾਰਨ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਲਗਭਗ ਦੋ ਮਹੀਨੇ ਰੇਲਵੇ ਸਟੇਸ਼ਨਾਂ ’ਤੇ ਦਿਨ ਰਾਤ ਦੇ ਧਰਨੇ ਦੇਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ 26, 27 ਨਵੰਬਰ ਨੂੰ ਦਿੱਲੀ ਵੱਲ ਵਹੀਰਾਂ ਘੱਤਣ ਦਾ ਐਲਾਨ ਕਰ ਦਿੱਤਾ। ਪਿੰਡਾਂ ਵਿੱਚੋਂ ਕਿਸਾਨਾਂ ਨੇ ਆਪ ਮੁਹਾਰੇ ਫੰਡ ਅਤੇ ਰਾਸ਼ਨ ਇਕੱਠਾ ਕੀਤਾ। ਦਿੱਲੀ ਪੱਕੇ ਧਰਨੇ ਲਗਾਉਣ ਲਈ ਸਪੈਸ਼ਲ ਟਰਾਲੀਆਂ ਤਿਆਰ ਕੀਤੀਆਂ ਗਈਆਂ। ਕਿਸਾਨਾਂ ਨੇ 25 ਨਵੰਬਰ ਨੂੰ ਹੀ ਦਿੱਲੀ ਵੱਲ ਚਾਲੇ ਪਾ ਦਿੱਤੇ। ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕਣ ਲਈ ਹਰ ਹੱਥਕੰਡਾ ਵਰਤਿਆ ਪਰ ਕਿਸਾਨਾਂ ਦੇ ਹੌਸਲੇ ਤੇ ਸਿਦਕ ਅੱਗੇ ਸਰਕਾਰ ਵੱਲੋਂ ਲਗਾਈਆਂ ਸਾਰੀਆਂ ਰੋਕਾਂ ਢਹਿ-ਢੇਰੀ ਹੋ ਗਈਆਂ। ਸਰਕਾਰ ਵੱਲੋਂ ਕਿਸਾਨਾਂ ਨੂੰ ਬੁਰਾੜੀ ਵਿਖੇ ਇਕੱਠੇ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀ ਚਾਲ ਨੂੰ ਸਮਝਦਿਆਂ ਇਸ ਨੂੰ ਖੁੱਲ੍ਹੀ ਜੇਲ ਐਲਾਨ ਦਿੱਤਾ। ਉਹਨਾਂ ਦਿੱਲੀ ਵਿੱਚ ਦਾਖਲ ਹੋਣ ਵਾਲੇ ਬਾਰਡਰਾਂ ’ਤੇ ਹੀ ਧਰਨੇ ਦੇਣ ਦਾ ਫੈਸਲਾ ਕਰ ਲਿਆ। ਸਿੰਘੂ ਅਤੇ ਟਿਕਰੀ ਬਾਰਡਰ ’ਤੇ ਕਿਸਾਨ ਵੱਡੀ ਗਿਣਤੀ ਵਿੱਚ ਧਰਨੇ ਲਗਾ ਕੇ ਬੈਠ ਗਏ। ਹਰ ਕੋਈ ਉਤਸ਼ਾਹ ਨਾਲ ਭਰਿਆ ਦਿਖਾਈ ਦੇ ਰਿਹਾ ਸੀ। ਚਾਰੇ ਪਾਸੇ ਕਿਸਾਨ ਅੰਦੋਲਨ ਦੀਆਂ ਹੀ ਗੱਲਾਂ ਸੁਣਨ ਨੂੰ ਮਿਲਦੀਆਂ, ਬੱਸ ਅੱਡੇ ਹੋਣ ਜਾਂ ਹੋਰ ਜਨਤਕ ਥਾਵਾਂ। ਇੰਜ ਲੱਗ ਰਿਹਾ ਸੀ ਜਿਵੇਂ ਚਾਚਾ ਅਜੀਤ ਸਿੰਘ ਵੱਲੋਂ ਚਲਾਈ ‘ਪਗੜੀ ਸੰਭਾਲ ਜੱਟਾ’ ਲਹਿਰ ਫਿਰ ਦੁਹਰਾਈ ਜਾ ਰਹੀ ਹੋਵੇ। ਅਜ਼ਾਦੀ ਤੋਂ ਬਾਅਦ ਇਹੀ ਅੰਦੋਲਨ ਹੈ, ਜਿਸਨੇ ਸਭ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਹੈ। ਜੋ ਪਹਿਲੇ ਦਿਨ ਨਹੀਂ ਜਾ ਸਕੇ ਸੀ, ਸੋਸ਼ਲ ਮੀਡੀਆ ਤੇ ਸਭ ਕੁਝ ਵੇਖ ਕੇ ਉਹਨਾਂ ਅੰਦਰ ਵੀ ਉੱਥੇ ਪਹੁੰਚਣ ਦੇ ਵੱਲਵੱਲੇ ਉੱਠ ਰਹੇ ਸਨ।
ਅਖੀਰ ਸਾਡਾ ਵੀ ਸਿੰਘੂ ਬਾਰਡਰ ’ਤੇ ਜਾਣ ਦਾ ਪ੍ਰੋਗਰਾਮ ਬਣ ਹੀ ਗਿਆ। ਆਂਗਨਵਾੜੀ ਵਾਲੀਆਂ ਭੈਣਾਂ ਨੇ ਦਿੱਲੀ ਜਾਣ ਲਈ ਸਪੈਸ਼ਲ ਕੈਂਟਰ ਤਿਆਰ ਕਰਵਾਇਆ ਹੋਇਆ ਸੀ, ਜਿਸ ਵਿੱਚ ਸਮਾਨ ਰੱਖਣ ਤੇ ਬੈਠਣ ਲਈ ਵੱਖ-ਵੱਖ ਪ੍ਰਬੰਧ ਕੀਤਾ ਹੋਇਆ ਸੀ। ਮੋਗੇ ਤੋਂ ਸਵੇਰੇ ਛੇ ਵਜੇ ਕੈਂਟਰ ਤੁਰਿਆ। ਹਰ ਕੋਈ ਬਹੁਤ ਖੁਸ਼ ਤੇ ਉਤਸ਼ਾਹਿਤ ਸੀ ਤੇ ਸਾਰੇ ਰਸਤੇ ਸੰਘਰਸ਼ ਬਾਰੇ ਹੀ ਗੱਲਾਂ ਚੱਲਦੀਆਂ ਰਹੀਆਂ। ਰਸਤੇ ਵਿੱਚ ਬਹੁਤ ਸਾਰੇ ਸਾਧਨ ਉੱਥੇ ਜਾਣ ਵਾਲਿਆਂ ਤੇ ਉੱਥੋਂ ਵਾਪਸ ਆਉਣ ਵਾਲਿਆਂ ਦੇ ਮਿਲਦੇ ਰਹੇ। ਦੋ ਵਜੇ ਦੇ ਕਰੀਬ ਅਸੀਂ ਸੋਨੀਪਤ ਪਹੁੰਚ ਗਏ ਅਤੇ ਉੱਥੋਂ ਹੀ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲਣ ਲੱਗਾ। ਨੈਸ਼ਨਲ ਹਾਈਵੇ ਦੇ ਦੋਵੇਂ ਪਾਸੇ ਵਿਸ਼ੇਸ਼ ਤਿਆਰ ਕੀਤੀਆਂ ਟਰਾਲੀਆਂ ਹੀ ਟਰਾਲੀਆਂ ਨਜ਼ਰ ਆਉਂਦੀਆਂ ਹਨ। ਕੁਝ ਕੁ ਟਰੱਕ, ਕਾਰਾਂ ਜੀਪਾਂ ਅਤੇ ਕੈਂਟਰ ਵੀ ਹਨ। ਟਰੈਕਟਰ ਟਰਾਲੀਆਂ ਉੱਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਝੰਡੇ, ਬੈਨਰ, ਪਿੰਡਾਂ ਦੇ ਨਾਂ ਅਤੇ ਨਾਲ ਹੀ ਕਿਸਾਨਾਂ ਦੇ ਹੱਕ ਵਿੱਚ ਨਾਅਰੇ ਲਿਖੇ ਹੋਏ ਹਨ। ਜਿਵੇਂ “ਖੇਤੀ ਕਾਨੂੰਨ ਵਾਪਸ ਕਰਵਾ ਕੇ ਵਾਪਿਸ ਜਾਵਾਂਗੇ”, “ਨੋ ਫਾਰਮਰ, ਨੋ ਫੂਡ, ਨੋ ਲਾਈਫ”, “ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ”, “ਕਾਲੇ ਕਾਨੂੰਨ ਰੱਦ ਕਰੋ” ਆਦਿ। ਬੇਸ਼ਕ ਸਭ ਦਾ ਆਪੋ ਆਪਣਾ ਝੰਡਾ ਹੈ ਪਰ ਨਿਸ਼ਾਨਾ ਸਭ ਦਾ ਇੱਕ ਹੀ ਹੈ, ਕਾਲੇ ਕਾਨੂੰਨ ਰੱਦ ਕਰਵਾਉਣੇ। ਸਫ਼ਾਈ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਕੂੜਾ ਟਰਾਲੀ ਨਾਲ ਲੱਗੇ ਪਲਾਸਟਿਕ ਦੇ ਵੱਡੇ ਲਿਫਾਫਿਆਂ ਵਿੱਚ ਪਾਉਣ ਦਾ ਪ੍ਰਬੰਧ ਹੈ।
ਥੋੜ੍ਹੀ ਥੋੜ੍ਹੀ ਵਿੱਥ ਤੇ ਲੰਗਰ ਚੱਲ ਰਹੇ ਹਨ।, ਕਿਤੇ ਚਾਹ ਪਕੌੜੇ, ਕਿਤੇ ਚਾਹ ਰਸ ਤੇ ਬਿਸਕੁਟ ਪਏ ਹਨ। ਕੋਈ ਮਿੱਠੇ ਚੌਲ ਤੇ ਕੋਈ ਖੀਰ ਖਾਣ ਲਈ ਬੇਨਤੀ ਕਰ ਰਿਹਾ ਹੈ।ਤੇ ਕੋਈ ਕੌਫੀ ਵਿੱਚ ਦੇਸੀ ਘਿਓ ਪਾ ਕੇ ਪੀਣ ਦੀਆਂ ਬੇਨਤੀਆਂ ਕਰ ਰਿਹਾ ਹੈ। ਅਜੇ ਅਸੀਂ ਇਹ ਨਜ਼ਾਰੇ ਵੇਖ ਕੇ ਗਦਗਦ ਹੋ ਹੀ ਰਹੇ ਸੀ ਕਿ ਕੁਝ ਬਜ਼ੁਰਗ ਸਾਡੇ ਕੈਂਟਰ ਕੋਲ ਆ ਕੇ ਮੁੰਗਫਲੀ ਤੇ ਪਾਣੀ ਦੀਆਂ ਬੋਤਲਾਂ ਫੜਾਉਣ ਲੱਗੇ। ਸਾਡੇ ਵੱਲੋਂ ਨਾਂਹ ਨਾਂਹ ਕਰਦਿਆਂ ਵੀ ਉਹ ਫੜਾ ਕੇ ਖੁਸ਼ੀ ਜ਼ਾਹਰ ਕਰਨ ਲੱਗੇ ਕਿ ਸਾਡੀਆਂ ਭੈਣਾਂ ਆਈਆਂ ਨੇ। ਭੀੜ ਹੋਣ ਕਾਰਨ ਕੈਂਟਰ ਵੀ ਹੌਲੀ ਹੌਲੀ ਚੱਲ ਰਿਹਾ ਸੀ। ਇੱਕ ਹੋਰ ਸੇਵਾਦਾਰ ਕੈਂਟਰ ਵਿੱਚ ਪੈਕਟ ਸੁੱਟਣ ਲੱਗ ਗਿਆ, ਜਿਸ ਵਿੱਚ ਬਦਾਮ, ਸੌਗੀ ਅਤੇ ਛਵਾਰੇ ਵਗੈਰਾ ਸਨ। ਇਹ ਵੇਖ ਹਰ ਕੋਈ ਹੈਰਾਨ ਹੋ ਰਿਹਾ ਸੀ।
ਫਿਰ ਇੱਕ ਚੈਨਲ ਵਾਲਿਆਂ ਸਾਨੂੰ ਰੋਕ ਲਿਆ ਪਰ ਉਹਨਾਂ ਲਈ ਸੰਘਰਸ਼ ਨਾਲ਼ੋਂ ‘ਕੰਗਣਾ’ ਵਧੇਰੇ ਅਹਿਮ ਸੀ। ਅਸੀਂ ਆਪਣੀ ਗੱਲਬਾਤ ਕਰਦਿਆਂ ਕਿਹਾ ਕਿ ਜੋ ਸੰਘਰਸ਼ ਚੱਲ ਰਿਹਾ ਇਸ ਬਾਰੇ ਵਧੇਰੇ ਗੱਲ ਕਰਨੀ ਚਾਹੀਦੀ ਹੈ। ਉਹ ਔਖੇ ਜਿਹੇ ਹੋ ਕੇ ਤੁਰ ਪਏ। ਇੱਥੇ ਹੀ ਚਾਹ ਦਾ ਲੰਗਰ ਲੱਗਾ ਹੋਣ ਕਾਰਨ ਅਸੀਂ ਚਾਹ ਪੀਤੀ ਤੇ ਫਿਰ ਕੈਂਟਰ ਵਿੱਚ ਬੈਠ ਗਏ। ਰਸਤੇ ਵਿੱਚ ਨਾਹਰੇਬਾਜ਼ੀ ਕਰਦੇ ਹੋਏ ਨੌਜਾਵਾਨਾਂ ਦੀਆਂ ਟੋਲੀਆਂ ਵੀ ਮਿਲ ਰਹੀਆਂ ਸਨ, ਜੋ ਉਤਸ਼ਾਹਜਨਕ ਨਜ਼ਾਰਾ ਪੇਸ਼ ਕਰ ਰਹੇ ਸਨ ਅਤੇ ਭੈਣਾਂ ਖੁਸ਼ੀ ਪ੍ਰਗਟ ਕਰਦਿਆਂ ਕਹਿ ਰਹੀਆਂ ਸਨ, “ਜਿਉਂਦੇ ਰਹੋ ਜਵਾਨੋ, ਤੁਸੀਂ ਪੰਜਾਬ ਦੀ ਜਵਾਨੀ ਨਸ਼ੇੜੀ ਹੋਣ ਦਾ ਦਾਗ ਧੋ ਦਿੱਤਾ ਹੈ।”
ਹਰ ਪਾਸੇ ਨਜ਼ਰ ਮਾਰਦਿਆਂ ਇੰਜ ਲੱਗਦਾ ਜਿਵੇਂ ਮੇਲਾ ਲੱਗਾ ਹੋਵੇ। ਪਰ ਜੋ ਆਮ ਮੇਲਿਆਂ ਤੋਂ ਬਿਲਕੁਲ ਵੱਖਰਾ ਹੈ। ਦੋਵੇਂ ਪਾਸੀਂ ਸਾਧਨਾਂ ਦੀਆਂ ਲੰਮੀਆਂ ਕਤਾਰਾਂ ਜਾਰੀ ਹਨ। ਆਵਾਜ਼ਾਂ ਆ ਰਹੀਆਂ ਹਨ ਕਿ ਗੁਰੂ ਦਾ ਲੰਗਰ ਛਕ ਕੇ ਜਾਓ। ਕੋਈ ਕਹਿ ਰਿਹਾ ਹੈ ਕਿ ਇਹ ਬਾਬੇ ਨਾਨਕ ਦਾ ਲੰਗਰ ਹੈ, ਕੋਈ ਤੋਟ ਨਹੀਂ ਆਉਂਦੀ। ਸਾਰੇ ਪ੍ਰਬੰਧ ਬਾਰੇ ਪੁੱਛਣ ਤੇ ਪਤਾ ਲੱਗਿਆ ਕਿ ਦੁੱਧ, ਸਬਜ਼ੀਆਂ ਲਿਆਉਣ ਲਈ ਸਪੈਸ਼ਲ ਗੱਡੀਆਂ ਵੀ ਲੱਗੀਆਂ ਹੋਈਆਂ ਹਨ ਜੋ ਰੋਜ਼ਾਨਾ ਮੋਹਾਲੀ ਤੇ ਹੋਰਾਂ ਥਾਵਾਂ ਤੋਂ ਇਹ ਸਭ ਲੈ ਕੇ ਆਉਂਦੀਆਂ ਹਨ। ਗਾਜਰਾਂ, ਗੋਭੀ ਤੇ ਆਲੂਆਂ ਦੇ ਭੰਡਾਰ ਲੱਗੇ ਹੋਏ ਹਨ। ਟਰਾਲੀਆਂ ਵਿੱਚ ਝਾਤ ਮਾਰਨ ’ਤੇ ਘਰ ਵਰਗਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਇੱਕ ਪਾਸੇ ਰਾਸ਼ਨ ਦਾਲਾਂ, ਆਟਾ, ਸਬਜ਼ੀਆਂ ਆਦਿ ਹੈ ਤਾਂ ਦੂਜੇ ਪਾਸੇ ਭਾਂਡੇ, ਚੁੱਲ੍ਹੇ, ਸਿਲੰਡਰ ਪਏ ਹਨ। ਕਈ ਟਰਾਲੀਆਂ ਲੱਕੜਾਂ ਅਤੇ ਪਾਥੀਆਂ ਦੀਆਂ ਭਰੀਆਂ ਹੋਈਆਂ ਹਨ। ਕੁਝ ਟਰਾਲੀਆਂ ਵਿੱਚ ਗੱਦੇ ਲੱਗੇ ਹੋਏ ਹਨ ਤੇ ਟੀ ਵੀ ਦਾ ਵੀ ਪ੍ਰਬੰਧ ਹੈ ਅਤੇ ਉੱਪਰ ਤਰਪਾਲ ਦੀਆਂ ਵਾਟਰਪਰੂਫ ਛੱਤਾਂ ਹਨ। ਕਿਤੇ ਸੌਣ ਲਈ ਦੋ ਟਰਾਲੀਆਂ ਦੀ ਵਿਚਲੀ ਥਾਂ ’ਤੇ ਤਰਪਾਲ ਪਾ ਕੇ ਛੱਤ ਬਣਾਈ ਹੋਈ ਹੈ ਤਾਂ ਕਿ ਤ੍ਰੇਲ ਨਾ ਪਵੇ। ਕਈ ਜਗਾਹ ਕਿਸਾਨਾਂ ਵੱਲੋਂ ਸੜਕ ’ਤੇ ਹੀ ਇਸ਼ਨਾਨ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ। ਸੜਕ ਦੇ ਦੋਵੇਂ ਪਾਸੇ ਕੁਝ ਮੋਬਾਇਲ ਪਬਲਿਕ ਟਾਇਲਟ ਵੀ ਖੜ੍ਹੀਆਂ ਹਨ। ਟਰੈਕਟਰਾਂ ਉੱਤੇ ਡੈੱਕ ਅਤੇ ਵੱਡੇ ਸਪੀਕਰ ਲੱਗੇ ਹੋਏ ਹਨ ਅਤੇ ਬੈਟਰੀਆਂ ਨਾਲ ਹੀ ਮੋਬਾਇਲ ਚਾਰਜ ਕਰਨ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਇਸੇ ਤਰ੍ਹਾਂ ਤਾਰਾਂ ਬੰਨ੍ਹ ਕੇ ਕੱਪੜੇ ਸੁਕਣੇ ਪਾਏ ਹੋਏ ਹਨ। ਟਰੈਕਟਰਾਂ ’ਤੇ ਲੱਗੇ ਸ਼ੀਸ਼ੇ ਅਤੇ ਫੋਨ ਦੀਆਂ ਸਕਰੀਨਾਂ ਪੱਗਾਂ ਬੰਨ੍ਹਣ ਦੇ ਕੰਮ ਆ ਰਹੇ ਹਨ।
ਹਰਿਆਣੇ ਵਾਲੇ ਕਿਸਾਨ ਭਰਾ ਵੀ ਮੂੜ੍ਹੇ ਡਾਹ ਕੇ ਬੈਠੇ ਹਨ। ਉਹਨਾਂ ਨੇ ਵਿਚਾਲੇ ਹੁੱਕਾ ਰੱਖਿਆ ਹੋਇਆ ਹੈ। ਇੱਥੇ ਭਾਈਚਾਰਕ ਸਾਂਝ ਵੇਖਿਆ ਹੀ ਬਣਦੀ ਹੈ। ਮੁਸਲਮਾਨ, ਸਿੱਖ ਅਤੇ ਹਿੰਦੂ ਸਭ ਰਲਕੇ ਨਾਹਰੇ ਲਗਾ ਰਹੇ ਅਤੇ ਲੰਗਰ ਤਿਆਰ ਕਰ ਰਹੇ ਹਨ। ਵੱਖ-ਵੱਖ ਚੈਨਲਾਂ ਵਾਲੇ ਸਭ ਦੀ ਇੰਟਰਵਿਊ ਲੈ ਰਹੇ ਹਨ। ਦੋ ਬਜ਼ੁਰਗ ਟਰਾਲੀ ਵਿੱਚ ਬੈਠੇ ਹਨ, ਇੱਕ ਚੈਨਲ ਵਾਲਾ ਆ ਕੇ ਸਵਾਲ ਕਰਦਾ ਕਿ “ਐਨੇ ਦਿਨ ਹੋਗੇ ਇੱਥੇ ਬੈਠਿਆਂ, ਕੀ ਮਹਿਸੂਸ ਕਰਦੇ ਹੋ? ਬਜ਼ੁਰਗ ਪੂਰੇ ਉਤਸ਼ਾਹ ਵਿੱਚ ਹਨ ਤੇ ਜਵਾਬ ਦਿੰਦੇ ਹਨ, “ਜਿੱਤ ਕੇ ਹੀ ਵਾਪਸ ਮੁੜਨਾ, ਚਾਹੇ ਕੁਝ ਹੋਜੇ।” ਅਗਲਾ ਸਵਾਲ ਹੈ, “ਪਿੱਛੇ ਘਰਾਂ ਦੀ ਫਿਕਰਮੰਦੀ ਨਹੀਂ ਹੁੰਦੀ?” ਫਿਰ ਉਤਸ਼ਾਹ ਜਨਕ ਜਵਾਬ ਹੈ, “ਬਿਲਕੁਲ ਨਹੀਂ, ਸਾਡੀਆਂ ਔਰਤਾਂ ਸਭ ਸੰਭਾਲੀ ਬੈਠੀਆਂ। ਆਪ ਗੱਡੇ ਲੈ ਕੇ ਖੇਤਾਂ ਵਿੱਚ ਜਾਂਦੀਆਂ, ਪੱਠੇ ਵੱਢ ਕੇ ਲਿਆਉਣ ਦੇ ਨਾਲ-ਨਾਲ ਫਸਲਾਂ ਦਾ ਵੀ ਪੂਰਾ ਧਿਆਨ ਰੱਖ ਰਹੀਆਂ। ਉਹ ਸਾਨੂੰ ਫੋਨ ਕਰਕੇ ਕਹਿੰਦੀਆਂ ਹਨ, ਘਰਾਂ ਦਾ ਫ਼ਿਕਰ ਨਹੀਂ ਕਰਨਾ, ਬੱਸ ਜਿੱਤ ਕੇ ਹੀ ਵਾਪਸ ਆਇਓ।” ਫਿਰ ਸਵਾਲ ਕੀਤਾ ਜਾਂਦਾ ਹੈ, “ਪਿੰਡਾਂ ਵਿੱਚ ਕਿਸਾਨਾਂ ਦੇ ਆਪਸੀ ਮਤਭੇਦ ਹੁੰਦੇ ਹਨ, ਹੁਣ ਕਿਵੇਂ ਆ?” ਬਜ਼ੁਰਗ ਹੱਸ ਕੇ ਕਹਿੰਦਾ ਹੈ, “ਮੋਦੀ ਨੇ ਇੱਕ ਕੰਮ ਤਾਂ ਚੰਗਾ ਕੀਤਾ ਸਾਨੂੰ ਸਾਰਿਆਂ ਨੂੰ ਇੱਕ ਕਰ ਦਿੱਤਾ। ਮਾੜੇ ਮੋਟੇ ਜੋ ਮਤਭੇਦ ਸੀ ਉਹ ਤਾਂ ਬਹੁਤ ਪਿੱਛੇ ਰਹਿ ਗਏ। ਹੁਣ ਲੜਾਈ ਤਾਂ ਮੁੱਖ ਦੁਸ਼ਮਣ ਨਾਲ ਹੈ, ਜੋ ਸਾਡੀਆਂ ਜ਼ਮੀਨਾਂ ਖੋਹਣ ਲੱਗਾ ਹੈ। ਜੇ ਜ਼ਮੀਨ ਹੀ ਨਾ ਰਹੀ ਫਿਰ ਮਤਭੇਦ ਕਿਸ ਗੱਲ ਦੇ?” ਕਮਾਲ ਹੈ ਕਿ ਬਾਬਿਆਂ ਨੂੰ ਦਿੱਲੀ ਨੇ ਹਿੰਦੀ ਬੋਲਣ ਹੀ ਨਹੀਂ ਲਾਇਆ ਸਗੋਂ ਬੁਲਾਰੇ ਵੀ ਬਣਾ ਦਿੱਤਾ ਹੈ।
ਅੱਗੇ ਜਾ ਕੇ ਮੁੱਖ ਸਟੇਜ ਲੱਗੀ ਹੋਈ ਹੈ, ਜਿਸ ਉੱਤੇ ਕਿਸਾਨ ਜਥੇਬੰਦੀਆਂ ਦਾ ਸਾਂਝਾ ਫਲੈਕਸ ਲੱਗਾ ਹੋਇਆ ਹੈ ਤੇ ਇੱਕ ਪਾਸੇ ਬਾਬਾ ਬੰਦਾ ਬਹਾਦਰ ਦੀ ਤਸਵੀਰ ਵੀ ਲੱਗੀ ਹੋਈ ਹੈ। ਪੰਡਾਲ ਵਿੱਚ ਬੈਠ ਕੇ ਸਾਰੇ ਬੁਲਾਰਿਆਂ ਨੂੰ ਧਿਆਨ ਨਾਲ ਸੁਣਿਆ ਜਾ ਰਿਹਾ ਹੈ। ਹਰ ਧਿਰ ਦੇ ਨੁਮਾਇੰਦੇ ਆਪਣੀ ਆਪਣੀ ਗੱਲ ਸਾਂਝੀ ਕਰਨ ਤੇ ਕਿਸਾਨਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਵੀ ਕਰ ਰਹੇ ਹਨ। ਕੁਝ ਨੌਜਵਾਨ ਨੇੜਲੀਆਂ ਇਮਾਰਤਾਂ ਤੇ ਚੜ੍ਹੇ ਹੋਏ ਹਨ, ਸਟੇਜ ਵੱਲੋਂ ਉਹਨਾਂ ਨੂੰ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਇਮਾਰਤਾਂ ਕਮਜ਼ੋਰ ਹੋਣ ਕਾਰਨ ਕੋਈ ਮਾੜੀ ਘਟਨਾ ਨਾ ਵਾਪਰ ਜਾਵੇ, ਇਸਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।
ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧਿਤ ਕਲਾਕਾਰ ਵੀ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕਰਕੇ ਕਿਸਾਨਾਂ ਵਿੱਚ ਹੋਰ ਜੋਸ਼ ਭਰ ਰਹੇ ਹਨ। ਇੱਥੇ ਕਿਤਾਬਾਂ ਦੇ ਸਟਾਲ ਵੀ ਲੱਗੇ ਹੋਏ ਹਨ ਜੋ ਬਜ਼ੁਰਗਾਂ ਲਈ ਸਮਾਂ ਲਗਾਉਣ ਦਾ ਵਧੀਆ ਸਾਧਨ ਹਨ। ਉਹ ਇਤਿਹਾਸ ਨੂੰ ਪੜ੍ਹਦਿਆਂ ਮਾਣ ਮਹਿਸੂਸ ਕਰ ਰਹੇ ਹਨ ਕਿ ਅੱਜ ਉਹਨਾਂ ਨੂੰ ਵੀ ਇਤਿਹਾਸ ਲਿਖਣ ਦਾ ਮੌਕਾ ਮਿਲਿਆ ਹੈ। ਉੱਧਰ ਵੱਖ-ਵੱਖ ਸੰਸਥਾਵਾਂ ਕੁਝ ਨਾ ਕੁਝ ਵੰਡੀ ਜਾ ਰਹੀਆਂ ਹਨ। ਫਲ ਫਰੂਟ, ਬਿਸਕੁਟ ਆਦਿ ਸਾਰਾ ਦਿਨ ਵੰਡਿਆ ਜਾਂਦਾ ਹੈ। ਇੱਥੋਂ ਤਕ ਕਿ ਠੰਢ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਜੁਰਾਬਾਂ, ਬੂਟ ਤੇ ਕੋਈ ਗਰਮ ਕੱਪੜੇ ਵੰਡ ਰਿਹਾ ਹੈ। ਮਤਲਬ ਹਰ ਕੋਈ ਇਸ ਸੰਘਰਸ਼ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਹੈ। ਬਹੁਤ ਸਾਰੇ ਨੌਜਵਾਨ ਟਰੈਕਟਰਾਂ ਦੇ ਡੈੱਕ ਉੱਤੇ ਕਿਸਾਨ ਪੱਖੀ ਗੀਤ ‘ਪੇਚਾ ਪੈ ਗਿਆ ਸੈਂਟਰ ਨਾਲ’, ‘ਤੈਨੂੰ ਦਿੱਲੀਏ ਇਕੱਠ ਪ੍ਰੇਸ਼ਾਨ ਕਰੂਗਾ’ ਅਤੇ ‘ਜੱਟਾ ਤਕੜਾ ਹੋ ਜਾ’ ਉੱਚੀ ਆਵਾਜ਼ ਵਿੱਚ ਲਗਾ ਕੇ ਗੇੜੇ ਲਾਉਂਦੇ ਫਿਰ ਰਹੇ ਹਨ। ਇਹ ਸਿਲਸਿਲਾ ਰਾਤ ਤਕ ਚਲਦਾ ਰਹਿੰਦਾ ਹੈ, ਜੋ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਿਹਾ ਹੈ।
ਅਸੀਂ ਥੱਕੇ ਹੋਣ ਕਾਰਨ ਰਾਤ ਜਲਦੀ ਲੰਗਰ ਛਕ ਕੇ ਕੈਂਟਰ ਵਿੱਚ ਪੈ ਗਏ। ਕਿਸੇ ਨੇ ਆ ਆਵਾਜ਼ ਦਿੱਤੀ ਕਿ ਜਿਨ੍ਹਾਂ ਨੂੰ ਤੁਸੀਂ ਟੀ ਵੀ ਵਿੱਚ ਹੀ ਵੇਖਦੇ ਹੋ ਉਹ ਤੁਹਾਨੂੰ ਆਪ ਮਿਲਣ ਆਏ ਹਨ। ਅਸੀਂ ਉੱਠਕੇ ਵੇਖਿਆ ਤਾਂ ਪੰਜਾਬੀ ਸਿਨੇਮਾ ਦੀ ਇੱਕ ਹੀਰੋਇਨ ਆਪਣੇ ਕੁਝ ਸਾਥੀਆਂ ਨਾਲ ਆਈ ਹੋਈ ਸੀ। ਉਹ ਸਭ ਔਰਤਾਂ ਨਾਲ ਗੱਲਬਾਤ ਕਰਕੇ ਮੁਸ਼ਕਲਾਂ ਪੁੱਛ ਰਹੀ ਸੀ। ਮਤਲਬ ਇੱਥੇ ਕੋਈ ਖਾਸ ਨਹੀਂ ਏ ਸਭ ਇੱਕ ਸਮਾਨ ਨਜ਼ਰ ਆਉਂਦੇ ਹਨ। ਜਿਨ੍ਹਾਂ ਗਾਇਕਾਂ ਨੂੰ ਲੋਕ ਲੱਖਾਂ ਰੁਪਏ ਦੇ ਕੇ ਸੱਦਦੇ ਹੁੰਦੇ ਸੀ, ਹੁਣ ਉਹ ਉੱਥੇ ਆਮ ਤੁਰੇ ਫਿਰਦੇ ਨਜ਼ਰੀਂ ਪੈਂਦੇ ਹਨ। ਕੋਈ ਵੀ ਇਸ ਸੰਘਰਸ਼ ਤੋਂ ਪਾਸੇ ਨਹੀਂ ਰਹਿਣਾ ਚਾਹੁੰਦਾ। ਸਾਨੂੰ ਕੈਂਟਰ ਵਿੱਚ ਬੈਠੀਆਂ ਵੇਖ ਕੁਝ ਵਲੰਟੀਅਰ ਆ ਕੇ ਪੁੱਛਦੇ ਹਨ ਕਿ ਕਿਸੇ ਚੀਜ਼ ਦੀ ਲੋੜ ਤਾਂ ਨਹੀਂ, ਜਿਵੇਂ ਕੰਬਲ ਗੱਦਾ ਵਗੈਰਾ? ਇਸੇ ਤਰ੍ਹਾਂ ਕੁਝ ਔਰਤਾਂ ਸਾਡੇ ਕੋਲ ਆ ਕੇ ਪੁੱਛਦੀਆਂ ਹਨ ਕਿ ਕੋਈ ਮੁਸ਼ਕਲ ਹੈ ਤਾਂ ਦੱਸੋ। ਸਾਡੇ ਪੁੱਛਣ ’ਤੇ ਪਤਾ ਲੱਗਾ ਕਿ ਉਹ ਦਿੱਲੀ ਦੀਆਂ ਹੀ ਵਸਨੀਕ ਨੇ। ਉਲਟਾ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਆ ਰਹੀ, ਕਿਸਾਨ ਇਸ ਤਰ੍ਹਾਂ ਰਸਤਾ ਰੋਕ ਕੇ ਬੈਠੇ ਹਨ? ਉਹ ਪੂਰੇ ਉਤਸ਼ਾਹ ਵਿੱਚ ਹਨ ਕਿ ਨਹੀਂ, ਸਾਨੂੰ ਕੋਈ ਤਕਲੀਫ ਨਹੀਂ। ਅਸੀਂ ਹਰ ਰੋਜ਼ ਸੈਰ ਕਰਨ ਆਉਂਦੀਆਂ ਹਾਂ ਤੇ ਇਹਨਾਂ ਬਜ਼ੁਰਗਾਂ ਦੀ ਤਕਲੀਫ ਵੇਖ ਦੁਖੀ ਹੁੰਦੀਆਂ ਹਾਂ। ਮੋਦੀ ਨੂੰ ਹੁਣ ਮੰਨ ਜਾਣਾ ਚਾਹੀਦਾ ਹੈ, ਠੰਢ ਵਧ ਰਹੀ ਹੈ। ਉਹ ਸਾਨੂੰ ਆਪਣੇ ਘਰ ਨੇੜੇ ਹੀ ਹੋਣ ਬਾਰੇ ਦੱਸਦੀਆਂ ਹਨ ਕਿ ਤੁਹਾਨੂੰ ਕੋਈ ਮੁਸ਼ਕਲ ਆ ਰਹੀ ਤਾਂ ਸਾਡੇ ਘਰ ਆ ਜਾਓ। ਉਹ ਆਪਣਾ ਫੋਨ ਨੰਬਰ ਵੀ ਦਿੰਦੀਆਂ ਹਨ।
ਅਸੀਂ ਹੈਰਾਨ ਹਾਂ ਕਿ ਕਿਵੇਂ ਹਰ ਕੋਈ ਆਪਣਾ ਆਪਣਾ ਹਿੱਸਾ ਪਾ ਰਿਹਾ ਹੈ। ਇੱਥੇ ਹਰ ਹੱਥ ਮਦਦ ਲਈ ਉਤਾਵਲਾ ਹੈ। ਕੁਝ ਸੰਸਥਾਵਾਂ ਵੱਲੋਂ ਮੈਡੀਕਲ ਕੈਂਪ ਵੀ ਲਗਾਏ ਗਏ ਹਨ। ਇੱਥੇ ਵੀ ਇੱਕ ਗੱਲ ਨੇ ਹੈਰਾਨ ਕਰ ਦਿੱਤਾ ਜਿਵੇਂ ਪੰਜਾਬ ਵਿੱਚ ਛਬੀਲ ਪੀਣ ਲਈ ਰੋਕਿਆ ਜਾਂਦਾ ਹੈ, ਉਵੇਂ ਮੈਡੀਕਲ ਕੈਂਪ ਵਾਲੇ ਸਾਨੂੰ ਬੇਨਤੀਆਂ ਕਰੀ ਜਾਣ ਕਿ ਕੋਈ ਵੀ ਤਕਲੀਫ ਹੈ ਤਾਂ ਦਵਾਈ ਲੈ ਜਾਓ। ਔਰਤਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੈਨਟਰੀ ਪੈਡ ਵਗੈਰਾ ਵੀ ਵੰਡੇ ਜਾ ਰਹੇ ਹਨ।
ਸਵੇਰੇ ਸਵੇਰੇ ਤੁਹਾਡੇ ਕੰਨਾਂ ਵਿੱਚ ਗੁਰਬਾਣੀ ਰਸ ਘੋਲਦੀ ਹੈ। ਅਰਦਾਸ ਵਿੱਚ ਤਿੰਨੇ ਕਾਲੇ ਕਾਨੂੰਨਾਂ ਦੇ ਰੱਦ ਹੋਣ ਅਤੇ ਮੋਦੀ ਦੀ ਹਾਰ ਤੇ ਕਿਸਾਨਾਂ ਦੀ ਜਿੱਤ ਹੋਣ ਦਾ ਜ਼ਿਕਰ ਕੀਤਾ ਜਾ ਰਿਹਾ। ਸਾਨੂੰ ਇੰਜ ਲੱਗਦਾ ਹੈ ਜਿਵੇਂ ਕਿਸੇ ਪਿੰਡ ਦੇ ਗੁਰਦੁਆਰੇ ਵਿੱਚੋਂ ਆਵਾਜ਼ ਆ ਰਹੀ ਹੋਵੇ। ਸਵੇਰ ਸਮੇਂ ਆਮ ਘਰਾਂ ਵਾਂਗ ਇੱਥੇ ਹਰ ਟਰਾਲੀ ਵਿੱਚ ਅਖ਼ਬਾਰ ਪਹੁੰਚ ਜਾਂਦਾ ਹੈ। ‘ਬੱਲੇ’ ਕਿਸਾਨ ਤਾਂ ਹਰ ਤਰ੍ਹਾਂ ਦਾ ਪ੍ਰਬੰਧ ਕਰਕੇ ਆਏ ਹਨ। ਉਹਨਾਂ ਦਿੱਲੀ ਦੀਆਂ ਸੜਕਾਂ ਉੱਤੇ ਹੀ ਪਿੰਡ ਵਸਾ ਲਏ ਹਨ ਜੋ ਤੁਹਾਨੂੰ ਇਹਸਾਸ ਹੀ ਨਹੀਂ ਹੋਣ ਦਿੰਦੇ ਕਿ ਤੁਸੀਂ ਆਪਣੇ ਘਰਾਂ ਤੋਂ ਬਾਹਰ ਹੋ।
ਇੱਥੇ ਚੌਕਸੀ ਨਾਲ ਸਬੰਧਤ ਇੱਕ ਘਟਨਾ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਸਾਡੇ ਨਾਲ ਆਈ ਸਾਡੀ ਇੱਕ ਭੈਣ ਬੀਤੀ ਰਾਤ ਆਦਤ ਅਨੁਸਾਰ ਟਰਾਲੀਆਂ ਕੋਲ ਸੈਰ ਕਰਨ ਲੱਗ ਪਈ। ਇੱਕ ਵਲੰਟੀਅਰ ਨੇ ਫ਼ਿਕਰਮੰਦੀ ਨਾਲ ਆਪਣੇ ਸੀਨੀਅਰ ਨੂੰ ਜਾ ਦੱਸਿਆ ਕਿ ਕੋਈ ਸ਼ੱਕੀ ਔਰਤ ਟਰਾਲੀਆਂ ਕੋਲ ਤੁਰੀ ਫਿਰਦੀ ਹੈ। ਉਹ ਜਲਦੀ ਨਾਲ ਉਠਕੇ ਉਸ ਭੈਣ ਕੋਲ ਗਿਆ ਤੇ ਪੁੱਛਗਿੱਛ ਕਰਨ ਲੱਗਾ। ਉਸਦੀ ਉਦੋਂ ਤਕ ਤਸੱਲੀ ਨਾ ਹੋਈ ਜਦੋਂ ਤਕ ਉਸਨੇ ਸਾਨੂੰ ਕੈਂਟਰ ਵਿੱਚ ਪਈਆਂ ਨੂੰ ਉਸ ਭੈਣ ਦੇ ਸਾਡੇ ਨਾਲ ਹੋਣ ਬਾਰੇ ਪੁੱਛ ਨਹੀਂ ਲਿਆ। ਮਤਲਬ ਜੇ ਆਪਣੇ ਹੱਕਾਂ ਲਈ ਜੋਸ਼ ਹੈ ਤਾਂ ਹੋਸ਼ ਵੀ ਬਰਕਰਾਰ ਹੈ।
ਮੁੱਖ ਸਟੇਜ ਦੇ ਪਿਛਲੇ ਪਾਸੇ ਨਾਕੇਬੰਦੀ ਕੀਤੀ ਹੋਈ ਦਿਖਾਈ ਦਿੰਦੀ ਹੈ। ਪਹਿਲਾਂ ਬੈਰੀਅਰ ਅਤੇ ਕੰਡਿਆਲੀ ਤਾਰ ਲੱਗੀ ਹੋਈ ਹੈ, ਅੱਗੇ ਮਿੱਟੀ ਦੇ ਭਰੇ ਟਰੱਕ ਖੜ੍ਹੇ ਹਨ। ਫਿਰ ਵੱਡੀ ਗਿਣਤੀ ਵਿੱਚ ਪੁਲਿਸ ਖੜ੍ਹੀ ਹੈ। ਅੱਗੇ ਫਿਰ ਬੈਰੀਅਰ ਹੀ ਬੈਰੀਅਰ ਨਜ਼ਰ ਆਉਂਦੇ ਹਨ। ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਵਾਲੀਆਂ ਗੱਡੀਆਂ ਖੜ੍ਹੀਆਂ ਹਨ। ਇੱਥੇ ਆ ਕੇ ਇੱਕ ਵਾਰ ਤਾਂ ਭੁਲੇਖਾ ਪੈ ਜਾਂਦਾ ਕਿ ਭਾਰਤ ਦੀ ਰਾਜਧਾਨੀ ਵਿੱਚ ਹਾਂ ਜਾਂ ਪਾਕਿਸਤਾਨ ਦੀ ਸਰਹੱਦ ’ਤੇ ਖੜ੍ਹੇ ਹਾਂ। ਸਰਕਾਰ ਵੱਲੋਂ ਕਿਸਾਨਾਂ ਨੂੰ ਡਰਾਉਣ ਲਈ ਕੀਤਾ ਹਰ ਪ੍ਰਬੰਧ ਨਕਾਰਾ ਹੋ ਕੇ ਰਹਿ ਗਿਆ ਹੈ।
ਸੰਘਰਸ਼ ਵਿੱਚ ਫੁੱਟ ਪਾਉਣ ਲਈ ‘ਖਾਲਿਸਤਾਨ’ ‘ਅੱਤਵਾਦ’ ਦਾ ਕੀਤਾ ਜਾ ਰਿਹਾ ਪ੍ਰਚਾਰ ਵੀ ਕੋਈ ਅਸਰ ਨਹੀਂ ਪਾ ਸਕਿਆ। ਫਿਰ ਵੀ ਕਿਸਾਨ ਅੰਦੋਲਨ ਜਿੱਥੇ ਪਹੁੰਚ ਚੁੱਕਾ ਹੈ, ਉੱਥੇ ਗੰਭੀਰਤਾ ਬਣਾਈ ਰੱਖਣੀ ਬੜੀ ਜ਼ਰੂਰੀ ਹੈ। ਕਿਸੇ ਵੱਲੋਂ ਵੀ ਕੀਤੀ ਨਿੱਕੀ ਜਿਹੀ ਸ਼ਰਾਰਤ ਵੱਡਾ ਨੁਕਸਾਨ ਕਰ ਸਕਦੀ ਹੈ। ਜਵਾਨੀ ਦਾ ਜੋਸ਼ ਸ਼ੰਘਰਸ ਦੀ ਵੱਡੀ ਤਾਕਤ ਹੈ ਪਰ ਹੋਸ਼ ਸੰਭਾਲੀ ਰੱਖਣਾ ਵੀ ਅਤਿ ਜ਼ਰੂਰੀ ਹੈ। ਅਸਲ ਵਿੱਚ ਇਹ ਅੰਨ੍ਹੇ ਮੁਨਾਫ਼ੇ ਖੱਟਣ ਵਾਲੇ ਕਾਰਪੋਰੇਟੀ ਘਰਾਣਿਆਂ ਨੂੰ ਚੁਣੌਤੀ ਦੇਣ ਵਾਲਾ ਅੰਦੋਲਨ ਹੈ। ਇਸ ਲਈ ਕਿਸਾਨ ਅੰਦੋਲਨ ਦੀ ਜਿੱਤ ਨਵਾਂ ਇਤਿਹਾਸ ਸਿਰਜੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2464)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)