“ਆਪਣੇ ਛੋਟੇ ਭਰਾ ਹਰਿਆਣਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਵੀ ਪੰਜਾਬੀਆਂ ਨੇ ਪੂਰਾ ਸਹਿਯੋਗ ਦਿੱਤਾ। ਇਹ ਜਜ਼ਬਾ ...”
(27 ਜੁਲਾਈ 2023)
ਇਸ ਸਮੇਂ ਪਾਠਕ: 199.
ਉੱਤਰੀ ਭਾਰਤ ਦੇ ਕਈ ਸੂਬੇ ਹੜ੍ਹਾਂ ਅਤੇ ਭਿਆਨਕ ਤਬਾਹੀ ਦੀ ਮਾਰ ਝੱਲ ਰਹੇ ਹਨ। ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਉਤਰਾਖੰਡ ਆਦਿ ਦੇ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਪੰਜਾਬ ਭਾਰਤ ਦਾ ਅਜਿਹਾ ਸੂਬਾ ਹੈ ਜਿਸਦੇ ਸਿਰ ਉੱਤੇ ਕਈ ਆਫ਼ਤਾਂ ਆਉਂਦੀਆਂ ਰਹਿੰਦੀਆਂ ਹਨ ਪਰ ਇਹ ਕਦੇ ਡੋਲਿਆ ਨਹੀਂ, ਸਗੋਂ ਵਧੇਰੇ ਹੌਸਲੇ ਨਾਲ ਮੁਕਾਬਲਾ ਕਰਦਾ ਰਿਹਾ ਹੈ। ਹੁਣ ਫਿਰ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ। ਲਗਭਗ ਦਰਜ਼ਨ ਤੋਂ ਉੱਪਰ ਜ਼ਿਲ੍ਹਿਆਂ ਦੇ ਹਜ਼ਾਰਾਂ ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ। ਲੋਕ ਬਹੁਤ ਮਾੜੇ ਹਾਲਾਤ ਵਿੱਚੋਂ ਲੰਘ ਰਹੇ ਹਨ। ਸਤਲੁਜ, ਬਿਆਸ, ਭਾਖੜਾ, ਘੱਗਰ, ਧੁੱਸੀ ਬੰਨ੍ਹ, ਹਰੀਕੇ ਪੱਤਣ ਆਦਿ ਨਾਲ ਲੱਗਦੇ ਇਲਾਕੇ ਭਾਵ ਮਾਝਾ, ਮਾਲਵਾ, ਦੁਆਬਾ ਸਾਰੇ ਹੀ ਪ੍ਰਭਾਵਿਤ ਹੋਏ ਹਨ। ਸੈਂਕੜੇ ਪਿੰਡਾਂ, ਕਸਬਿਆਂ, ਸ਼ਹਿਰੀ ਇਲਾਕਿਆਂ, ਖੇਤਾਂ ਆਦਿ ਵਿੱਚ ਚਾਰ-ਪੰਜ ਫੁੱਟ ਤੋਂ ਵੀ ਉੱਪਰ ਪਾਣੀ ਆ ਗਿਆ। ਵੱਡੀ ਪੱਧਰ ਉੱਤੇ ਫਸਲਾਂ ਤਬਾਹ ਹੋ ਗਈਆਂ, ਘਰਾਂ ਦਾ ਸਾਰਾ ਸਾਮਾਨ ਬਰਬਾਦ ਹੋ ਗਿਆ, ਇੱਥੋਂ ਤਕ ਕੇ ਖਾਣ ਲਈ ਦਾਣੇ ਵੀ ਨਹੀਂ ਬਚੇ। ਕਈ ਥਾਂਈਂ ਲੋਕਾਂ ਨੇ ਆਪਣਾ ਸਮਾਨ ਛੱਤਾਂ ’ਤੇ ਚੜ੍ਹਾ ਕੇ ਬਚਾ ਕੀਤਾ। ਡੰਗਰਾਂ ਦਾ ਬੁਰਾ ਹਾਲ ਹੋਇਆ ਤੇ ਕੁਝ ਬੰਨ੍ਹੇ ਹੋਏ ਹੀ ਅਚਾਨਕ ਆਈ ਆਫ਼ਤ ਕਾਰਨ ਮੌਤ ਦੇ ਮੂੰਹ ਜਾ ਪਏ। ਬਹੁਤ ਸਾਰੇ ਪਸ਼ੂ ਪਾਣੀ ਵਿੱਚ ਵੀ ਰੁੜ੍ਹ ਗਏ। ਬਹੁਤ ਦੁਖਦਾਇਕ ਘਟਨਾਵਾਂ ਵਾਪਰੀਆਂ, ਕਈ ਜਵਾਨ ਪੁੱਤ ਹੜ੍ਹਾਂ ਦੀ ਭੇਟ ਚੜ੍ਹ ਗਏ। ਕਈ ਥਾਂਈਂ ਮਿਹਨਤ ਨਾਲ ਬਣਾਏ ਘਰ ਸਮਾਨ ਸਮੇਤ ਮਿੰਟਾਂ ਵਿੱਚ ਪਾਣੀ ਵਿੱਚ ਸਮਾਅ ਗਏ। ਬਹੁਤ ਸਾਰੇ ਘਰਾਂ ਨੂੰ ਤਰੇੜਾਂ ਆ ਗਈਆਂ। ਪੂਰੀ ਜ਼ਿੰਦਗੀ ਮਿਹਨਤ ਕਰਕੇ ਮਨੁੱਖ ਇੱਕ ਵਾਰ ਹੀ ਘਰ ਬਣਾ ਪਾਉਂਦਾ ਹੈ, ਪਰ ਅਜਿਹੀ ਮਾਰ ਸਾਰੇ ਸੁਪਨੇ ਤੋੜ ਦਿੰਦੀ ਹੈ। ਪਰਿਵਾਰਾਂ ਦੀਆਂ ਅੱਖਾਂ ਵਿੱਚ ਹੰਝੂ ਵੇਖੇ ਨਹੀਂ ਜਾਂਦੇ।
ਪਰ ਧੰਨ ਹਨ ਪੰਜਾਬ ਦੇ ਉਹ ਲੋਕ ਜਿਹੜੇ ਮੁਸੀਬਤ ਵਿੱਚ ਇਹਨਾਂ ਨਾਲ ਚਟਾਨ ਵਾਂਗ ਖੜ੍ਹ ਗਏ। ਪੰਜਾਬੀਆਂ ਨੇ ਪੀੜਤਾਂ ਦੇ ਖਾਣ-ਪੀਣ, ਡੰਗਰਾਂ ਲਈ ਪੱਠੇ-ਦੱਥੇ ਅਤੇ ਹੋਰ ਲੋੜੀਂਦੇ ਸਾਮਾਨ ਨੂੰ ਇਕੱਠਾ ਕਰਨ ਲਈ ਪਿੰਡ ਪਿੰਡ ਹੋਕਾ ਦਿੱਤਾ, ਗੁਰਦੁਵਾਰਿਆਂ ਦੇ ਸਪੀਕਰਾਂ ਤੋਂ ਅਪੀਲਾਂ ਕੀਤੀਆਂ, ਜਿਸਦਾ ਲੋਕਾਂ ਨੇ ਭਰਵਾਂ ਹੁੰਗਾਰਾ ਭਰਿਆ। ਪਿੰਡਾਂ ਵਿੱਚੋਂ ਲੰਗਰ, ਪਾਣੀ, ਪਸ਼ੂਆਂ ਲਈ ਹਰਾ ਚਾਰਾ ਅਤੇ ਹੋਰ ਲੋੜੀਂਦੇ ਸਾਮਾਨ ਨਾਲ ਭਰੀਆਂ ਟਰਾਲੀਆਂ ਘੰਟਿਆਂ ਵਿੱਚ ਹੀ ਲੋੜਵੰਦਾਂ ਤਕ ਪਹੁੰਚ ਗਈਆਂ। ਇਹ ਮਦਦਗਾਰ ਭੁੱਖੇ ਪਿਆਸੇ ਘਰੋਂ ਬੇਘਰ ਹੋਏ ਲੋਕਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਸਨ। ਆਪਣੀਆਂ ਫ਼ਸਲਾਂ ਪਾਣੀ ਨਾਲ ਡੁੱਬੀਆਂ ਹੋਣ ਦੇ ਬਾਵਜੂਦ ਵੀ ਜਦੋਂ ਇਹ ਖਬਰ ਸੁਣਦੇ ਕਿ ਕਰੋੜਾਂ ਦੀਆਂ ਕੋਠੀਆਂ ਵਾਲੇ ਵੀ ਪਾਣੀ, ਦੁੱਧ ਰੋਟੀ ਖੁਣੋ ਔਖੇ ਨੇ ਤਾਂ ਇਹ ਸੂਰਮੇ ਆਪਣੇ ਦਸ ਦਸ ਲੱਖ ਦੇ ਟਰੈਕਟਰ ਲੈ ਕੇ ਉਹਨਾਂ ਦੀ ਸੇਵਾ ਵਿੱਚ ਪਹੁੰਚ ਗਏ। 6-6 ਫੁੱਟ ਪਾਣੀ ਵਿੱਚ ਟਰੈਕਟਰ ਟੈਕਾਂ ਵਾਂਗ ਚਲਦੇ ਰਹੇ ਅਤੇ ਕਈ ਪਾਣੀ ਵਿੱਚ ਖਰਾਬ ਵੀ ਹੋ ਗਏ। ਪਰ ਇਹਨਾਂ ਨੂੰ ਦੇਖ ਕੇ ਹੋਰ ਮਦਦ ਕਰਨ ਤੋਂ ਰੁਕੇ ਨਹੀਂ ਜਦਕਿ ਪਤਾ ਸੀ, ਜੇ ਖਰਾਬ ਹੋ ਗਏ ਹਜ਼ਾਰਾਂ ਦਾ ਖਰਚ ਵੀ ਪੱਲਿਓਂ ਕਰਨਾ ਪੈਣਾ। ਪਰ ਸਲਾਮ ਹੈ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਲੱਕ ਤੋਂ ਵੀ ਉੱਪਰ ਤਕ ਦੇ ਪਾਣੀ ਨੂੰ ਚੀਰਦਿਆਂ, ਹੜ੍ਹ ਵਿੱਚ ਫਸੇ ਲੋਕਾਂ ਤਕ ਪਹੁੰਚਣ ਦਾ ਜੋਖਮ ਉਠਾਇਆ। ਫਸੇ ਹੋਏ ਪਰਿਵਾਰਾਂ, ਬੱਚਿਆਂ ਅਤੇ ਪਸ਼ੂਆਂ ਨੂੰ ਸਹੀ-ਸਲਾਮਤ ਬਾਹਰ ਕੱਢਣ ਲਈ ਬੇਝਿਜਕ ਮਦਦ ਕੀਤੀ।
ਨੌਜਵਾਨਾਂ ਵੱਲੋਂ ਦਲੇਰੀ ਨਾਲ ਤੇਜ਼ ਪਾਣੀ ਵਿੱਚ ਰੁੜ੍ਹੇ ਜਾਂਦੇ ਬੰਦਿਆਂ ਅਤੇ ਪਸ਼ੂਆਂ ਨੂੰ ਬਚਾਉਣ ਲਈ ਪਾਣੀ ਵਿੱਚ ਕੁੱਦ ਪੈਣ ਦੀਆਂ ਮਿਸਾਲਾਂ ਪੰਜਾਬ ਵਿੱਚ ਹੀ ਮਿਲ ਸਕਦੀਆਂ ਹਨ। ਆਪਣੇ ਛੋਟੇ ਭਰਾ ਹਰਿਆਣਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਵੀ ਪੰਜਾਬੀਆਂ ਨੇ ਪੂਰਾ ਸਹਿਯੋਗ ਦਿੱਤਾ। ਇਹ ਜਜ਼ਬਾ ਪੰਜਾਬ ਦੇ ਸੁਨਹਿਰੀ ਇਤਿਹਾਸ ਦੀ ਦੇਣ ਹੈ। ਇੱਥੋਂ ਦੀ ਮਿੱਟੀ ਧੁਰ ਅੰਦਰੋਂ ਧੂਹ ਪਾਉਂਦੀ ਅਤੇ ਪ੍ਰੇਰਦੀ ਹੈ ਕਿ ‘ਸਰਬੱਤ ਦਾ ਭਲਾ’ ਕਰਨਾ ਹੀ ਸਾਡਾ ਫਰਜ਼ ਹੈ। ਅਚਾਨਕ ਆਏ ਹੜ੍ਹ ਨੇ ਪੰਜਾਬੀਆਂ ਦੀ ਸੁੱਤੀ ਪਈ ਚੇਤਨਾ ਨੂੰ ਜਗਾਇਆ ਨਹੀਂ, ਸਗੋਂ ਹਲੂਣਾ ਵੀ ਦਿੱਤਾ ਹੈ। ਪੰਜਾਬੀਆਂ ਨੇ ਆਪਣੀ ਵਿਰਾਸਤੀ ਪਰੰਪਰਾ ਨੂੰ ਸੰਭਾਲਦਿਆਂ, ਦਿੱਲੀ ਦੇ ਤਖਤ ਨੂੰ ਦੁਬਾਰਾ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਇੱਥੇ ਹੀ ਬੱਸ ਨਹੀਂ, ਸਗੋਂ ਸੰਤ ਸੀਚੇਵਾਲ ਦੀ ਅਗਵਾਈ ਵਿੱਚ ਨੌਜਾਵਨਾਂ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ 300 ਫੁੱਟ ਤੋਂ ਵੱਧ ਚੌੜੇ ਪਾੜ ਨੂੰ ਪੰਜ ਦਿਨ ਵਿੱਚ ਪੂਰ ਕੇ ਇਤਿਹਾਸ ਸਿਰਜ ਦਿੱਤਾ। ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਲੋਕ ਮਿੱਟੀ ਦੇ ਬੋਰਿਆਂ ਦੀਆਂ ਟਰਾਲੀਆਂ ਭਰ ਭਰ ਕੇ ਲਗਾਤਾਰ ਲਿਆਉਂਦੇ ਰਹੇ, ਜਿਸ ਨਾਲ ਇਹ ਕੰਮ ਤੇਜ਼ੀ ਨਾਲ ਮੁਕੰਮਲ ਹੋ ਗਿਆ। ਹੋਰ ਕਈ ਥਾਂ ਪਏ ਪਾੜ ਪੂਰਨ ਲਈ ਲੋਕਾਂ ਨੇ ਦਿਨ ਰਾਤ ਇੱਕ ਕਰ ਦਿੱਤਾ। ਹੁਣ 900 ਫੁੱਟ ਪਾੜ ਨੂੰ ਪੂਰਿਆ ਜਾ ਰਿਹਾ ਹੈ। ਚੰਗੀ ਗੱਲ ਹੈ ਕਿ ਇਸ ਵਾਰ ਪਾਕਿਸਤਾਨ ਨੇ ਵੀ ਚੰਗੇ ਗੁਆਂਢੀ ਵਾਲਾ ਵਿਵਹਾਰ ਦਿਖਾਇਆ ਹੈ। ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵੇਖ ਕੇ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ, ਜਿਸ ਕਾਰਨ ਦੱਖਣੀ ਮਾਲਵੇ ਦਾ ਪਾਣੀ ਦੇ ਕਹਿਰ ਤੋਂ ਬਚਾ ਹੋ ਗਿਆ। ਪਰ ਹਾਲੇ ਵੀ ਖ਼ਤਰਾ ਟਲਿਆ ਨਹੀਂ ਹੈ।
ਕੁਦਰਤ ਵਾਰ ਵਾਰ ਅਹਿਸਾਸ ਕਰਾ ਰਹੀ ਹੈ ਕਿ ਉਸਦੇ ਸਾਹਮਣੇ ਸਭ ਮਨੁੱਖ ਬਰਾਬਰ ਹਨ ਤੇ ਉਹ ਸਮਤੋਲ ਬਣਾ ਕੇ ਚੱਲਦੀ ਹੈ। ਪਰ ਜਦੋਂ ਮਨੁੱਖ ਆਪਣੇ ਲਾਲਚਵੱਸ ਕੁਦਰਤ ਨਾਲ ਬੇਲੋੜੀ ਛੇੜਛਾੜ ਕਰਦਾ ਹੈ ਤਾਂ ਫਿਰ ਇਸਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਹੜ੍ਹ ਕੁਦਰਤੀ ਕਰੋਪੀ ਘੱਟ ਤੇ ਮਨੁੱਖੀ ਗਲਤੀਆਂ ਦਾ ਨਤੀਜਾ ਵੱਧ ਹਨ। ਪਹਾੜਾਂ ਅਤੇ ਉੱਥੋਂ ਦੇ ਦਰਖ਼ਤਾਂ ਦੀ ਹੋਈ ਅੰਨ੍ਹੇ ਵਾਹ ਕਟਾਈ ਦੇ ਕਾਰਨ ਮੀਂਹ ਦਾ ਪਾਣੀ ਸੜਕਾਂ ਅਤੇ ਇਮਾਰਤਾਂ ਦੀ ਬਰਬਾਦੀ ਕਰਦਾ ਬਹੁਤ ਤੇਜ਼ੀ ਨਾਲ ਹੇਠਾਂ ਆਉਂਦਾ ਹੈ। ਸਰਕਾਰਾਂ ਦੀ ਲਾਪ੍ਰਵਾਹੀ ਕਰਕੇ ਡੈਮਾਂ ਅਤੇ ਨਹਿਰੀ ਪ੍ਰਬੰਧ ਵਿੱਚ ਵੀ ਕੋਈ ਸੁਚੱਜਾ ਤਾਲਮੇਲ ਨਹੀਂ ਹੈ, ਜਿਸ ਕਰਕੇ ਕੁਝ ਇਲਾਕਿਆਂ ਵਿੱਚ ਪਾਣੀ ਲੋਕਾਂ ਦੀ ਜਾਨ ਦਾ ਖੌਅ ਬਣ ਜਾਂਦਾ ਹੈ, ਜਦਕਿ ਕੁਝ ਇਲਾਕੇ ਪਾਣੀ ਨੂੰ ਤਰਸਦੇ ਰਹਿੰਦੇ ਹਨ। ਨਦੀਆਂ ਨਾਲ਼ਿਆਂ ਦੇ ਕਿਨਾਰਿਆਂ ’ਤੇ ਹੋਣ ਵਾਲ਼ੀਆਂ ਗੈਰ ਯੋਜਨਾਬੱਧ ਉਸਾਰੀਆਂ ਕਾਰਨ ਵੀ ਇਨ੍ਹਾਂ ਦੇ ਕੰਢੇ ਬਹੁਤ ਤੰਗ ਹੋ ਜਾਂਦੇ ਹਨ ਅਤੇ ਪਿੱਛੋਂ ਬਹੁਤੀ ਮਾਤਰਾ ਵਿੱਚ ਆਉਣ ਵਾਲੇ ਪਾਣੀ ਨੂੰ ਇਹ ਸੰਭਾਲ ਨਹੀਂ ਸਕਦੇ। ਦਰਿਆਵਾਂ ਅੰਦਰ ਹੋਏ ਨਜਾਇਜ਼ ਕਬਜ਼ੇ ਵੀ ਹੜ੍ਹ ਦਾ ਵੱਡਾ ਕਾਰਨ ਬਣ ਰਹੇ ਹਨ। ਜੇ ਸਰਕਾਰਾਂ ਸਮੇਂ ਸਿਰ ਉਚਿਤ ਪ੍ਰਬੰਧ ਕਰਦੀਆਂ ਤਾਂ ਇਸ ਭਿਆਨਕ ਤਬਾਹੀ ਨੂੰ ਰੋਕਿਆ ਜਾ ਸਕਦਾ ਸੀ ਜਾਂ ਕਈ ਗੁਣਾਂ ਘਟਾਇਆ ਜਾ ਸਕਦਾ ਸੀ। ਬੇਸ਼ਕ ਆਲਮੀ ਪੱਧਰ ’ਤੇ ਆਏ ਜਲਵਾਯੂ ਪਰਿਵਰਤਨ ਨੇ ਵੀ ਸਾਡੀਆਂ ਰੁੱਤਾਂ ਅਤੇ ਮੌਸਮ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ।
ਚਾਂਦਪੁਰ ਤੇ ਸਰਦੂਲਗੜ੍ਹ ਵਿੱਚ ਜਦੋਂ ਪਾਣੀ ਆਉਣ ਦੀਆਂ ਖਬਰਾਂ ਆ ਰਹੀਆਂ ਸਨ ਤਾਂ ਲੋਕ ਘਰ ਖਾਲੀ ਕਰਕੇ ਇੰਜ ਜਾ ਰਹੇ ਸਨ ਜਿਵੇਂ ਜੰਗ ਸਮੇਂ ਪਿੰਡਾਂ ਨੂੰ ਖਾਲੀ ਕਰਨ ਲਈ ਕਿਹਾ ਜਾਂਦਾ ਹੈ। ਜਿੱਥੇ ਪਾਣੀ ਨੇ ਸਮਾਨ ਚੁੱਕਣ ਦਾ ਮੌਕਾ ਹੀ ਨਹੀਂ ਦਿੱਤਾ, ਉੱਥੇ ਬੈੱਡ, ਸੋਫੇ, ਫਰਿੱਜ ਆਦਿ ਹਰ ਚੀਜ਼ ਪਾਣੀ ਵਿੱਚ ਤੈਰਨ ਲੱਗ ਗਏ, ਜਿਸ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਸਮਾਨ ਖਰਾਬ ਹੋ ਗਿਆ। ਅਜਿਹੀ ਇੱਕ ਘਟਨਾ ਸਾਡੇ ਨਾਲ ਵੀ ਵਾਪਰੀ ਸੀ। ਕੁਝ ਸਾਲ ਪਹਿਲਾਂ ਜਦੋਂ ਅਸੀਂ ਜਿਸ ਕਰਾਏ ਦੇ ਘਰ ਵਿੱਚ ਰਹਿੰਦੇ ਸੀ, ਉਹ ਬਹੁਤ ਨੀਵਾਂ ਸੀ। ਬਾਹਰ ਵਿਹੜੇ ਨੂੰ ਗਲੀ ਨਾਲੋਂ ਥੋੜ੍ਹਾ ਉੱਚਾ ਕੀਤਾ ਗਿਆ ਸੀ ਜਦਕਿ ਕਮਰੇ ਬਹੁਤ ਨੀਵੇਂ ਸੀ। ਪਹਿਲੇ ਮੀਂਹ ਨਾਲ ਹੀ ਵਿਹੜਾ ਭਰ ਗਿਆ ਸੀ। ਥੋੜ੍ਹੀ ਦੇਰ ਬਾਅਦ ਦੁਬਾਰਾ ਆਏ ਮੀਂਹ ਨਾਲ ਪਾਣੀ ਉਛਲਕੇ ਅੰਦਰਾਂ ਤਕ ਪਹੁੰਚ ਗਿਆ। ਜ਼ਿਆਦਾ ਨੁਕਸਾਨ ਨਾ ਹੋਵੇ, ਇਸ ਕਰਕੇ ਸਾਰਾ ਦਿਨ ਅਸੀਂ ਬਾਲਟੀਆਂ ਨਾਲ ਪਾਣੀ ਕੱਢਣ ਵਿੱਚ ਲੱਗੇ ਰਹੇ। ਮੀਂਹ ਹਟਿਆ ਤਾਂ ਸ਼ੁਕਰ ਕੀਤਾ ਕਿ ਬਚਾ ਹੋ ਗਿਆ ਪਰ ਸਾਫ ਸਫਾਈ ਕਰਨ ਵਿੱਚ ਦੋ ਦਿਨ ਲੱਗ ਗਏ। 15-20 ਦਿਨ ਬਾਅਦ ਜਦੋਂ ਗਰਮ ਕੱਪੜਿਆਂ ਦੀ ਲੋੜ ਪਈ ਤਾਂ ਉਹ ਟੈਚੀ ਖੋਲ੍ਹਿਆ, ਜਿਸ ਵਿੱਚ ਪੂਰੇ ਪਰਿਵਾਰ ਦੇ ਗਰਮ ਕੱਪੜੇ ਰੱਖੇ ਹੋਏ ਸਨ। ਹੈਰਾਨੀਜਨਕ ਸੀ ਕਿ ਜੋ ਥੋੜ੍ਹਾ ਪਾਣੀ ਕਮਰੇ ਅੰਦਰ ਆਇਆ ਸੀ, ਉਹ ਟੈਚੀ ਵਿਚਲੇ ਗਰਮ ਕੱਪੜਿਆਂ ਵੱਲੋਂ ਸੋਖ ਲੈਣ ਕਰਕੇ ਸਭ ਸਵੈਟਰ, ਜੈਕਟਾਂ, ਛਾਲ, ਕੋਟ ਪੈਂਟ ਲੀਰਾਂ ਬਣ ਕੇ ਹੱਥਾਂ ਵਿੱਚ ਆ ਗਏ। ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ, ਬਹੁਤ ਸਦਮਾ ਲੱਗਿਆ ਸੀ। ਇਸ ਕਰਕੇ ਜਦੋਂ ਮੈਂ ਹੜ੍ਹਾਂ ਦੀ ਮਾਰ ਵਾਲੇ ਘਰ ਵੇਖਦੀ ਹਾਂ ਤਾਂ ਪਰਿਵਾਰ ਦੀ ਮਾਨਸਿਕ ਸਥਿਤੀ ਸਮਝ ਜਾਂਦੀ ਹਾਂ ਕਿ ਉਹਨਾਂ ਉੱਤੇ ਕੀ ਬੀਤਦੀ ਹੋਵੇਗੀ।
ਜਦੋਂ ਹੜ੍ਹਾਂ ਦਾ ਪਾਣੀ ਹੇਠਾਂ ਵੀ ਉੱਤਰ ਜਾਵੇਗਾ ਤਾਂ ਵੀ ਲੋਕਾਂ ਨੂੰ ਇਸ ਭਿਆਨਕ ਤਬਾਹੀ ਵਿੱਚੋਂ ਉੱਭਰਨ ਲਈ ਬਹੁਤ ਲੰਬਾ ਸਮਾਂ ਲੱਗੇਗਾ, ਬੇਸ਼ਕ ਬਹੁਤ ਲੋਕਾਂ ਨੇ ਇਹਨਾਂ ਦੀ ਹਰ ਮਦਦ ਕਰਨ ਦੀ ਗੱਲ ਕਹੀ ਹੈ। ਨਵੇਂ ਸਿਰੇ ਤੋਂ ਖੇਤੀ ਲਈ ਪਨੀਰੀ ਦੀ ਬਿਜਾਈ ਕਰ ਰਹੇ ਹਨ ਤਾਂ ਕਿ ਜਦੋਂ ਪਾਣੀ ਉੱਤਰੇ ਤਾਂ ਫਿਰ ਝੋਨਾ ਬੀਜਿਆ ਜਾ ਸਕੇ। ਕਿਸੇ ਵੱਲੋਂ ਆਪਣਾ ਝੋਨਾ ਵਾਹ ਕੇ ਵੀ ਹੜ੍ਹ ਪੀੜਤਾਂ ਲਈ ਪਨੀਰੀ ਬੀਜਣਾ ਤੇ ਕੋਈ ਜ਼ਮੀਨ ਦਾ ਠੇਕਾ ਨਾ ਲੈ ਕੇ ਪੀੜਤ ਭਰਾਵਾਂ ਦੀ ਮਦਦ ਕਰ ਰਿਹਾ ਹੈ। ਕੋਈ ਵੀਰ ਆਪਣੀ ਸਾਰੀ ਜ਼ਮੀਨ ਮਿੱਟੀ ਪੁੱਟਣ ਲਈ ਦੇ ਰਿਹਾ। ਫਿਰ ਵੀ ਸਥਿਤੀ ਹਾਲੇ ਠੀਕ ਨਹੀਂ ਹੋ ਸਕਣੀ ਕਿਉਂਕਿ ਕਈ ਖੇਤਾਂ ਵਿੱਚ ਤਾਂ ਰੇਤ ਦੀ ਵੱਡੀ ਪਰਤ ਬਣ ਗਈ ਹੈ ਅਤੇ ਕਈ ਥਾਂ ਖੇਤ ਹੀ ਰੁੜ੍ਹ ਗਏ ਹਨ ਭਾਵ ਮਿੱਟੀ ਰੁੜ੍ਹਨ ਕਾਰਨ ਸੜਕ ਨਾਲੋਂ ਬਹੁਤ ਨੀਵੇਂ ਹੋ ਗਏ ਹਨ।
ਪੰਜਾਬੀਆਂ ਦੇ ਹੌਸਲੇ ਬੁਲੰਦ ਹਨ, ਉਹ ਕਈ ਵਾਰ ਉੱਜੜੇ ਤੇ ਕਈ ਵਾਰ ਵਸੇ ਹਨ। ਔਖੇ ਸਮੇਂ ਹਰ ਇੱਕ ਨੇ ਇੱਕ ਦੂਜੇ ਦੀ ਬਾਂਹ ਫੜੀ ਹੈ। ਜਦੋਂ ਇੱਕ ਪਾਸੇ ਪੰਜਾਬੀ ਮਦਦਗਾਰ ਬਣੇ ਹੋਏ ਸਨ ਤਾਂ ਦੂਜੇ ਪਾਸੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਪਾਣੀ ਵਿੱਚ ਫੋਟੋ ਸੈਸ਼ਨ ਕਰਵਾਇਆ ਜਾ ਰਿਹਾ ਸੀ। ਕੁਝ ਵਿਧਾਇਕ ਤਾਂ ਬੇਸ਼ਰਮੀ ਦੀਆਂ ਹੱਦਾਂ ਹੀ ਪਾਰ ਕਰ ਗਏ। ਉਹਨਾਂ ਨੂੰ ਜਦੋਂ ਲੋਕਾਂ ਨੇ ਲਾਹਨਤਾਂ ਪਾਈਆਂ ਤਾਂ ਭੱਜਦੇ ਨਜ਼ਰ ਆਏ। ਸੂਬਾਈ ਹਕੂਮਤ ਅਤੇ ਵਿਰੋਧੀ ਪਾਰਟੀਆਂ ਸਿਆਸਤ ਦੀਆਂ ਰੋਟੀਆਂ ਸੇਕਣ ਦੇ ਆਹਰੇ ਲੱਗੀਆਂ ਹੋਈਆਂ ਸਨ। ਉਹਨਾਂ ਹੜ੍ਹ-ਪੀੜਤਾਂ ਦੀ ਬਾਂਹ ਤਾਂ ਕੀ ਫੜਨੀ ਸੀ, ਉਲਟਾ ਇਸ ਆਫ਼ਤ ਨੂੰ ਆਪਣਾ ਆਪਣਾ ਵੋਟ ਬੈਂਕ ਬਣਾਉਣ ਲਈ ਇੱਕ ਨਿਆਮਤੀ ਮੌਕਾ ਸਮਝ ਰਹੇ ਸਨ। ਲੋਕਾਂ ਨੂੰ ਕੁਦਰਤ ਦੇ ਰਹਿਮੋ-ਕਰਮ ’ਤੇ ਛੱਡ ਦਿੱਤਾ ਗਿਆ। ਹੜ੍ਹਾਂ ਨਾਲ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਹੁਣ ਸਰਕਾਰ ਨੂੰ ਲੋਕਾਂ ਦੇ ਮੁੜ-ਵਸੇਬੇ ਦਾ ਤੁਰੰਤ ਅਤੇ ਉਚਿਤ ਇੰਤਜ਼ਾਮ ਕਰਨਾ ਚਾਹੀਦਾ। ਜਾਨੀ-ਮਾਲੀ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਫੌਰੀ ਦਿੱਤਾ ਜਾਵੇ ਤਾਂ ਕਿ ਜ਼ਿੰਦਗੀ ਨੂੰ ਲੀਹ ਤੇ ਲਿਆਂਦਾ ਜਾ ਸਕੇ। ਬਰਸਾਤਾਂ ਤੋਂ ਬਾਅਦ ਦਰਿਆਵਾਂ ਵਿੱਚੋਂ ਮਿੱਟੀ ਕੱਢਣੀ ਬੇਹੱਦ ਜ਼ਰੂਰੀ ਹੈ। ਨਜਾਇਜ਼ ਕਬਜ਼ੇ ਹਟਾਏ ਜਾਣ ਲਈ ਵੀ ਸਰਕਾਰ ਨੂੰ ਯਤਨ ਕਰਨੇ ਚਾਹੀਦੇ। ਬਰਸਾਤਾਂ ਦੇ ਪਾਣੀ ਨੂੰ ਸੰਭਾਲਣ ਦੀ ਵੀ ਵਿਆਪਕ ਯੋਜਨਾ ਬਣਾਉਣ ਦੀ ਲੋੜ ਹੈ ਤਾਂ ਕਿ ਹਰ ਸਾਲ ਹੁੰਦੀ ਤਬਾਹੀ ਤੋਂ ਬਚਿਆ ਜਾ ਸਕੇ। ਪੰਜਾਬੀਆਂ ਦੀ ਭਾਈਚਾਰਕ ਸਾਂਝ ਇਸੇ ਤਰ੍ਹਾਂ ਹਮੇਸ਼ਾ ਬਰਕਰਾਰ ਰਹੇ, ਪੰਜਾਬ ਹਰਿਆ ਭਰਿਆ ਤੇ ਚੜ੍ਹਦੀ ਕਲਾ ਵਿੱਚ ਆਬਾਦ ਰਹੇ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4115)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)