“ਸਮੇਂ ਨੇ ਕਰਵਟ ਲਈ ਅਤੇ ਜੋ ਧੀਆਂ ਕਦੇ ਬੋਝ ਸਮਝੀਆਂ ਜਾਂਦੀਆਂ ਸਨ ਤੇ ਮਾਪਿਆਂ ਨੂੰ ...”
(30 ਜੁਲਾਈ 2021)
ਨੌਜਵਾਨ ਪੀੜ੍ਹੀ ਨੂੰ ਸਮਾਜ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਪਰ ਜਦੋਂ ਸਿਸਟਮ ਵੱਲੋਂ ਨੌਜਵਾਨਾਂ ਨੂੰ ਨਿਰਾਸ਼ਾ ਅਤੇ ਨਸ਼ਿਆਂ ਵੱਲ ਧੱਕਿਆ ਜਾ ਰਿਹਾ ਹੋਵੇ ਤਾਂ ਖੋਖਲੀ ਹੋ ਰਹੀ ਇਸ ਹੱਡੀ ਦੇ ਸਹਾਰੇ, ਸਮਾਜ ਕਦੋਂ ਤਕ ਅਡੋਲ ਖੜ੍ਹਾ ਰਹਿ ਸਕਦਾ ਹੈ? ਵਧਦੀ ਬੇਰੁਜ਼ਗਾਰੀ ਕਾਰਨ ਨੌਜਵਾਨ ਹਰ ਪਾਸੇ ਮਾਨਸਿਕ ਸੰਤਾਪ ਹੰਢਾ ਰਹੇ ਹਨ, ਜਿਸ ਕਾਰਨ ਮਾਪਿਆਂ ਦੀ ਚਿੰਤਾ ਵੀ ਵਧ ਰਹੀ ਹੈ। ਬੱਚੇ ਦੇ ਜਨਮ ਲੈਣ ਤੋਂ ਹੀ ਮਾਪੇ ਉਸਦੇ ਰੋਸ਼ਨ ਭਵਿੱਖ ਬਾਰੇ ਸੁਪਨੇ ਬੁਣਨ ਲੱਗਦੇ ਹਨ। ਜਿਉਂ ਜਿਉਂ ਬੱਚਾ ਜਵਾਨੀ ਦੀ ਦਹਿਲੀਜ਼ ਵੱਲ ਵਧਦਾ ਹੈ, ਮਾਪਿਆਂ ਦੀ ਉਹਨਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਵੀ ਵਧਣ ਲਗਦੀ ਹੈ। ਮਾਪੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ। ਪਰ ਦੁੱਖ ਤਾਂ ਉਦੋਂ ਹੁੰਦਾ ਜਦੋਂ ਕਰਜ਼ੇ ਚੁੱਕ ਪ੍ਰਾਪਤ ਕੀਤੀਆਂ ਡਿਗਰੀਆਂ ਦਾ ਮੁੱਲ ਵੀ ਨਹੀਂ ਪੈਂਦਾ। ਸਰਕਾਰਾਂ ਵੱਲੋਂ ਨੌਕਰੀ ਪ੍ਰਾਪਤ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ ਪੂਰੀਆਂ ਕਰਨ ਦੇ ਬਾਵਜੂਦ ਨੌਜਵਾਨ ਸੜਕਾਂ ਉੱਤੇ ਜ਼ਲੀਲ ਹੋ ਰਹੇ ਹਨ। ਠੇਕੇਦਾਰੀ ਸਿਸਟਮ ਤਹਿਤ ਵੱਡੀ ਗਿਣਤੀ ਦਾ ਨਿਗੂਣੀਆਂ ਤਨਖਾਹਾਂ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਹਨਾਂ ਹਾਲਾਤ ਤੋਂ ਪ੍ਰੇਸ਼ਾਨ ਮਾਪੇ ਆਪਣੀ ਜ਼ਮੀਨ-ਜਾਇਦਾਦ ਵੇਚ ਕੇ ਬੱਚਿਆਂ ਨੂੰ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਭੇਜਣ ਲਈ ਮਜਬੂਰ ਹਨ। ‘ਸਟਡੀ ਵੀਜ਼ੇ’ ਨੇ ਹਰ ਪਰਿਵਾਰ ਨੂੰ ਆਪਣੇ ‘ਸੁਪਨੇ’ ਸੌਖਿਆਂ ਹੀ ਪੂਰੇ ਕਰਨ ਦਾ ਰਸਤਾ ਮੁਹਈਆ ਕਰਵਾਇਆ ਹੈ। ਬੇਸ਼ਕ ਇਸ ਸਬੰਧੀ ਕਿਹਾ ਇਹ ਜਾਂਦਾ ਹੈ ਕਿ ਬੱਚੇ ਪੜ੍ਹਾਈ ਕਰਨ ਜਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਵੱਡੀ ਗਿਣਤੀ ਪੜ੍ਹਾਈ ਬਹਾਨੇ ਚੰਗੇ ਭਵਿੱਖ ਲਈ ਪ੍ਰਦੇਸੀ ਬਣ ਰਹੀ ਹੈ। ਅੱਜ ਹਰ ਕੋਈ ਕਾਨੂੰਨੀ ਜਾਂ ਗੈਰ ਕਾਨੂੰਨੀ ਹਰ ਹੀਲਾ ਵਰਤ ਕੇ ਬਾਹਰਲੇ ਮੁਲਕ ਵਿੱਚ ਪਰਵਾਸ ਕਰਨ ਲਈ ਉਤਾਵਲਾ ਹੈ। ਅਸਲ ਵਿੱਚ ਨੌਜਵਾਨ ਪੀੜ੍ਹੀ ਆਪਣਾ ਭਵਿੱਖ ਵਿਦੇਸ਼ੀ ਧਰਤੀ ’ਤੇ ਹੀ ਸੁਰੱਖਿਅਤ ਵੇਖ ਰਹੀ ਹੈ ਜਿਸ ਕਾਰਨ ਵਧੇਰੇ ਪਰਿਵਾਰਾਂ ਦੀਆਂ ਜ਼ਮੀਨਾਂ ਵੀ ਗਿਰਵੀ ਰੱਖੀਆਂ ਹੋਈਆਂ ਹਨ। ਇਸ ਪਿੱਛੇ ਇਹ ਧਾਰਨਾ ਵੀ ਕੰਮ ਕਰਦੀ ਹੈ ਕਿ ਬੱਚੇ ਦੇ ਵਿਦੇਸ਼ੀ ਧਰਤੀ ’ਤੇ ਪੱਕਾ ਹੁੰਦਿਆਂ ਹੀ ਸਾਰੀ ਜ਼ਮੀਨ ਛੁਡਾ ਲਈ ਜਾਵੇਗੀ। ਜਦਕਿ ਵਿਦੇਸ਼ੀ ਧਰਤੀ ’ਤੇ ਵਾਪਰਦੀਆਂ ਕੁਝ ਦੁਖਦਾਇਕ ਘਟਨਾਵਾਂ ਮਾਪਿਆਂ ਨੂੰ ਵੱਡੀ ਸੱਟ ਮਾਰਦੀਆਂ ਹਨ। ਉਹ ਬੱਚਿਆਂ ਦੇ ਨਾਲ-ਨਾਲ ਜ਼ਮੀਨ ਜਾਇਦਾਦ ਤੋਂ ਵੀ ਵਾਂਝੇ ਹੋ ਜਾਂਦੇ ਹਨ।
ਇਸ ਸਭ ਦੇ ਬਾਵਜੂਦ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਰੁਝਾਨ ਹੁਣ ਸਿਖਰ ’ਤੇ ਪਹੁੰਚ ਚੁੱਕਾ ਹੈ। ਸਟਡੀ ਵੀਜ਼ੇ ਤੋਂ ਇਲਾਵਾ ਆਈਲੈਟਸ ਪਾਸ ਕੁੜੀਆਂ ਨਾਲ ਮੁੰਡਿਆਂ ਨੂੰ ਵਿਆਹ ਕੇ ਬਾਹਰ ਭੇਜਣ ਦਾ ਰਸਤਾ ਵੀ ਅਪਣਾਇਆ ਜਾ ਰਿਹਾ ਹੈ। ਪੰਦਰਾਂ ਵੀਹ ਸਾਲ ਪਹਿਲਾਂ ਦੇ ਹਾਲਾਤ ਉੱਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਦੋਂ ਵੀ ਵਿਦੇਸ਼ੀ ਧਰਤੀ ਉੱਤੇ ਪਹੁੰਚਣ ਲਈ ਕਈ ਹੱਥਕੰਡੇ ਅਪਣਾਏ ਜਾਂਦੇ ਸਨ। ਜਿਵੇਂ ਮਾਪੇ ਧੀਆਂ ਦੇ ਵਿਆਹ ਬੁੱਢਿਆਂ ਨਾਲ ਕਰਨ ਨੂੰ ਵੀ ਤਿਆਰ ਹੋ ਜਾਂਦੇ ਸਨ। ਵੱਡੀ ਉਮਰ ਦੇ ਮੁੰਡੇ ਬਾਹਰੋਂ ਆ ਕੇ ਮਨਪਸੰਦ ਕੁੜੀਆਂ ਨਾਲ ਵਿਆਹ ਕਰਵਾਉਂਦੇ ਅਤੇ ਇੱਕ ਦੋ ਮਹੀਨੇ ਰਹਿ ਕੇ ਚਲੇ ਜਾਂਦੇ। ਮੁੜ ਵਿਆਹੀਆਂ ਕੁੜੀਆਂ ਦੀ ਸਾਰ ਨਾ ਲੈਂਦੇ ਅਤੇ ਉਹ ਪਤੀਆਂ ਨੂੰ ਉਡੀਕਦੀਆਂ ਇੱਥੇ ਹੀ ਬੁੱਢੀਆਂ ਹੋ ਜਾਂਦੀਆਂ। ਮੋਟਾ ਦਹੇਜ਼ ਲੈ ਕੇ ਉਡਾਰੀ ਮਾਰਨ ਵਾਲੇ ਪਤੀਆਂ ਨੇ ਅਣਗਿਣਤ ਧੀਆਂ ਦਾ ਭਵਿੱਖ ਖਰਾਬ ਕਰ ਦਿੱਤਾ। ਪਰ ਬਾਹਰ ਜਾਣ ਦੇ ਰੁਝਾਨ ਨੂੰ ਠੱਲ੍ਹ ਨਹੀਂ ਪਈ।
ਸਮੇਂ ਨੇ ਕਰਵਟ ਲਈ ਅਤੇ ਜੋ ਧੀਆਂ ਕਦੇ ਬੋਝ ਸਮਝੀਆਂ ਜਾਂਦੀਆਂ ਸਨ ਤੇ ਮਾਪਿਆਂ ਨੂੰ ਇਹ ਬੋਝ ਉਤਾਰਨ ਲਈ ਮੋਟਾ ਦਹੇਜ਼ ਦੇਣਾ ਪੈਂਦਾ ਸੀ, ਉਹਨਾਂ ਧੀਆਂ ਦੀ ਹੁਣ ਕਦਰ ਪੈਣ ਲੱਗੀ ਹੈ। ਦਾਜ ਦਹੇਜ ਮੰਗਣ ਵਾਲੇ ਖੁਦ 25-30 ਲੱਖ ਚੁੱਕੀ ‘ਆਈਲੈਟਸ’ ਪਾਸ ਕੁੜੀਆਂ ਦੇ ਮਗਰ ਤੁਰੇ ਫਿਰਦੇ ਨਜ਼ਰ ਆਉਣ ਲੱਗੇ। ਮੁੰਡੇ ਵਾਲਿਆਂ ਦੀ ਮੁੱਖ ਸ਼ਰਤ ਕੁੜੀ ਦਾ ਆਈਲੈਟਸ ਪਾਸ ਹੋਣਾ ਹੀ ਹੁੰਦੀ ਹੈ। ਇਸ ਮਾਮਲੇ ਵਿੱਚ ਅਮੀਰ-ਗਰੀਬ ਅਤੇ ਜਾਤ-ਪਾਤ ਵੀ ਨਹੀਂ ਵੇਖੀ ਜਾਂਦੀ। ਕੁੜੀ ਨੂੰ ਬਾਹਰ ਭੇਜਣ ਦਾ ਸਾਰਾ ਖਰਚਾ, ਇੱਥੋਂ ਤਕ ਕਿ ਵਿਆਹ ਦਾ ਖਰਚਾ ਵੀ ਮੁੰਡੇ ਵਾਲੇ ਹੀ ਕਰਦੇ ਹਨ। ਮਕਸਦ ਸਿਰਫ ਇੱਕ ਹੀ ਹੁੰਦਾ ਹੈ ਕਿ ਉਹਨਾਂ ਦੇ ਪੁੱਤ ਕਿਸੇ ਤਰ੍ਹਾਂ ਵਿਦੇਸ਼ੀ ਧਰਤੀ ਉੱਤੇ ਪਹੁੰਚ ਜਾਣ (ਇਹ ਸਿਰਫ ਉਹਨਾਂ ਮੁੰਡਿਆਂ ਦੀ ਕਹਾਣੀ ਹੈ ਜੋ ਖੁਦ ਆਈਲੈਟਸ ਨਹੀਂ ਕਰ ਪਾਉਂਦੇ)। ਉੱਧਰ ਕੁੜੀ ਵਾਲਿਆਂ ਦੀ ਮਾੜੀ ਆਰਥਿਕ ਹਾਲਤ ਇਸ ਵਿੱਚ ਮੁੱਖ ਰੋਲ ਅਦਾ ਕਰਦੀ ਹੈ। ਮਾਪਿਆਂ ਦੇ ਸਿਰ ਤੋਂ ਆਈਲੈਟਸ ਦੇ ਖਰਚੇ ਵਿੱਚ ਹੀ ਕੁੜੀ ਦਾ ਸਾਰਾ ਬੋਝ ਲੱਥ ਜਾਂਦਾ ਹੈ। ਪਰ ਇਹਨਾਂ ਵਧੇਰੇ ਵਿਆਹਾਂ ਵਿੱਚ ਕੋਈ ਅਪਣੱਤ ਨਜ਼ਰ ਨਹੀਂ ਆਉਂਦੀ ਕਿਉਂਕਿ ਇਸ ਪਵਿੱਤਰ ਬੰਧਨ ਵਿੱਚ ਸੌਦੇਬਾਜ਼ੀ ਹੋਣ ਲੱਗ ਪਈ ਹੈ। ਇਨ੍ਹਾਂ ਹਾਲਾਤ ਨੇ ਰਿਸ਼ਤਿਆਂ ਵਿੱਚਲੇ ਨਿੱਘ ਨੂੰ ਹੀ ਖਤਮ ਕਰ ਦਿੱਤਾ ਹੈ। ਅਸਲ ਵਿੱਚ ਵਿਦੇਸ਼ ਭੇਜਣ ਦੇ ਮਕਸਦ ਨਾਲ ਮਾਪਿਆਂ ਵੱਲੋਂ +2 ਕਰਨ ਦੇ ਤੁਰੰਤ ਬਾਅਦ ਬੱਚਿਆਂ ਨੂੰ ਵਿਆਹ ਵਰਗੇ ਅਹਿਮ ਬੰਧਨ ਵਿੱਚ ਬੰਨ੍ਹਿਆ ਜਾ ਰਿਹਾ ਹੈ। ਜਦੋਂ ਅਜੇ ਉਹਨਾਂ ਆਪਣੇ ਪੈਰਾਂ ਉੱਤੇ ਖੜ੍ਹੇ ਹੋਣਾ ਵੀ ਨਹੀਂ ਸਿੱਖਿਆ ਹੁੰਦਾ ਤੇ ਅਹਿਮ ਰਿਸ਼ਤੇ ਵਿੱਚ ਬੰਨ੍ਹ ਦਿੱਤੇ ਜਾਂਦੇ ਹਨ। 18-20 ਸਾਲ ਦੇ ਬੱਚੇ ਦੇ ਸਿਰ ਉੱਤੇ 25,30 ਲੱਖ ਦੇ ਕਰਜ਼ੇ ਦੀ ਪੰਡ ਧਰ ਦਿੱਤੀ ਜਾਂਦੀ ਹੈ। ਉਹ ਚਾਹੇ ਸਟਡੀ ਵੀਜ਼ੇ ਤਹਿਤ ਵਿਦੇਸ਼ੀ ਧਰਤੀ ਉੱਤੇ ਪਹੁੰਚ ਗਿਆ ਹੋਵੇ ਜਾਂ ਇੱਥੇ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਬਾਹਰ ਜਾਣ ਦੀ ਉਡੀਕ ਵਿੱਚ ਬੈਠਾ ਹੋਵੇ। ਕਦੇ ਵੀ ਕਿਸੇ ਨੇ ਅਜਿਹੇ ਨੌਜਵਾਨਾਂ ਦੀ ਹਾਲਤ ਬਾਰੇ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਉਹਨਾਂ ਉੱਤੇ ਕੀ ਬੀਤਦੀ ਹੈ, ਉਹਨਾਂ ਨੂੰ ਕੀ ਕੁਝ ਸਹਿਣਾ ਪੈ ਰਿਹਾ ਹੈ, ਉਹ ਕਿਹੋ ਜਿਹੀ ਮਾਨਸਿਕ ਅਵਸਥਾ ਵਿੱਚੋਂ ਗੁਜ਼ਰ ਰਹੇ ਹਨ? ਜਿਵੇਂ ਦੂਰ ਦੇ ਢੋਲ ਸੁਹਾਵਣੇ ਲੱਗਦੇ ਹਨ, ਉਵੇਂ ਵਿਦੇਸ਼ ਦੀ ਧਰਤੀ ਵੀ ਦੂਰੋਂ ਪਿਆਰੀ ਲਗਦੀ ਹੈ ਪਰ ਅਸਲੀਅਤ ਤਾਂ ਉੱਥੇ ਜਾ ਕੇ ਹੀ ਪਤਾ ਲਗਦੀ ਹੈ।
ਇੱਥੇ ਅਸੀਂ ਬੱਚਿਆਂ ਨੂੰ ਲਾਡਾਂ ਨਾਲ ਰੱਖਿਆ ਹੁੰਦਾ, ਉਹ ਪਾਣੀ ਦਾ ਗਲਾਸ ਵੀ ਆਪ ਚੁੱਕ ਕੇ ਨਹੀਂ ਪੀਂਦੇ। ਪਰ ਵਿਦੇਸ਼ੀ ਧਰਤੀ ਉੱਤੇ ਕਰਜ਼ਾ ਉਤਾਰਨ ਲਈ ਲੇਬਰ ਕਰਨੀ ਪੈਂਦੀ ਹੈ ਅਤੇ ਦੋ ਦੋ ਸ਼ਿਫਟਾਂ ਵੀ ਲਗਾਉਣੀਆਂ ਪੈਂਦੀਆਂ ਹਨ। ਜੇ ਕੰਮ ਦੇ ਹਾਲਾਤ ਸਾਜ਼ਗਾਰ ਨਾ ਹੋਣ ਤਾਂ ਉਹ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਉੱਥੇ ਵੀ ਮਜਬੂਰ ਹੋ ਜਾਂਦੇ ਹਨ। ਯਾਦ ਕਰੋ ਬਰਨਾਲੇ ਵਾਲੇ ਲਵਪ੍ਰੀਤ ਦੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਮੋਗੇ ਦੇ ਪਿੰਡ ਚੜਿੱਕ ਦਾ ਲਵਪ੍ਰੀਤ ਵਿਦੇਸ਼ ਵਿੱਚ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਗਿਆ ਸੀ। ਕਾਰਨ ਇਹੀ ਸੀ ਕਿ ਮਾਪਿਆਂ ਵੱਲੋਂ ਜ਼ਮੀਨ ਵੇਚ ਕੇ ਅਤੇ ਕਰਜ਼ ਚੁੱਕ ਕੇ ਪੁੱਤ ਨੂੰ ਬਾਹਰ ਭੇਜਿਆ ਸੀ। ਪਰ ਉੱਥੇ ਕਰਜ਼ੇ ਦੇ ਬੋਝ ਅਤੇ ਕੰਮ ਕਰਨ ਦੇ ਹਾਲਾਤ ਠੀਕ ਨਾ ਹੋਣ ਕਾਰਨ, ਉਹ ਮਾਨਸਿਕ ਸੰਤਾਪ ਹੰਢਾਉਂਦਿਆਂ ਮੌਤ ਨੂੰ ਗਲੇ ਲਗਾ ਗਿਆ ਕਿਉਂਕਿ ਛੋਟੀ ਜਿਹੀ ਉਮਰ ਵਿੱਚ ਉਹ ਐਨਾ ਵੱਡਾ ਬੋਝ ਚੁੱਕਣ ਦੇ ਸਮਰੱਥ ਹੀ ਨਹੀਂ ਸੀ। ਸੋਚੋ, ਹੱਸਣ ਖੇਡਣ ਦੀ ਉਮਰ ਬੋਝ ਥੱਲੇ ਆਈ ਆਤਮ-ਹੱਤਿਆ ਨਹੀਂ ਕਰੂ ਤਾਂ ਕੀ ਕਰੂ? ਉਹ ਚਾਹੇ ਇੱਥੇ ਹੋਵੇ ਜਾਂ ਵਿਦੇਸ਼ ਵਿੱਚ ਅਤੇ ਨਾ ਹੀ ਇਹ ਪਹਿਲੀ ਘਟਨਾ ਸੀ ਤੇ ਨਾ ਹੀ ਆਖਰੀ। ਇਹ ਸਾਡੀ ਤ੍ਰਾਸਦੀ ਹੈ ਕਿ ਕਰਜ਼ੇ ਦਾ ਬੋਝ ਜਿੱਥੇ ਪਹਿਲਾਂ ਕਿਸਾਨਾਂ ਨੂੰ ਨਿਗਲ ਰਿਹਾ ਸੀ, ਹੁਣ ਸਾਡੀ ਨੌਜਵਾਨ ਪੀੜ੍ਹੀ ਨੂੰ ਵੀ ਨਿਗਲ ਰਿਹਾ ਹੈ। ਇਹ ਸਾਡੇ ਸਿਸਟਮ ਵੱਲੋਂ ਕੀਤੇ ਕਤਲ ਹੀ ਕਹੇ ਜਾ ਸਕਦੇ ਹਨ।
ਪਰ ਅਫਸੋਸ, ਸੋਸ਼ਲ ਮੀਡੀਆ ’ਤੇ ਬੈਠੇ ਵਿਦਵਾਨਾਂ ਨੇ ਸਿਸਟਮ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਉਹਨਾਂ ਸੋਸ਼ਲ ਮੀਡੀਆ ਉੱਤੇ ਕੁੜੀਆਂ ਦੀਆਂ ਤਸਵੀਰਾਂ ਪਾ-ਪਾ ਕੇ ਲਾਹਣਤਾਂ ਪਾਈਆਂ ਅਤੇ ਕੈਨੇਡਾ ਤੋਂ ਵਾਪਸ ਮੋੜਨ ਦਾ ਰੌਲਾ ਪਾਉਣ ਲੱਗੇ। ਕੀ ਕੁਝ ਲੜਕੀਆਂ ਦੇ ਵਾਪਸ ਆਉਣ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ? ਕੀ ਫਿਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨੀਆਂ ਬੰਦ ਹੋ ਜਾਣਗੀਆਂ? ਨਹੀਂ, ਅਜਿਹਾ ਵਾਪਰਦਾ ਰਹੇਗਾ ਜਦੋਂ ਤਕ ਅਸੀਂ ਜਾਗਰੂਕ ਨਹੀਂ ਹੁੰਦੇ। ਹੈਰਾਨੀਜਨਕ ਹੈ ਕਿ ਕਈਆਂ ਨੇ ਮੁੰਡਿਆਂ ਨੂੰ ਅਤੇ ਕਈਆਂ ਨੇ ਮਾਪਿਆਂ ਨੂੰ ਦੋਸ਼ੀ ਠਹਿਰਾਇਆ। ਮਤਲਬ ਉਹਨਾਂ ਵੱਲੋਂ ਬੱਚਿਆਂ ਅਤੇ ਮਾਪਿਆਂ ਨੂੰ ਹੀ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਪਰ ਕੀ ਅਸਲ ਵਿੱਚ ਮੁੱਖ ਦੋਸ਼ੀ ਸਾਡਾ ਸਿਸਟਮ ਨਹੀਂ ਹੈ ਜੋ ਨੌਜਵਾਨ ਪੀੜ੍ਹੀ ਨੂੰ ਜਾਣ ਬੁੱਝ ਕੇ ਨਜ਼ਰ ਅੰਦਾਜ਼ ਕਰ ਰਿਹਾ ਹੈ। ਜਦਕਿ ਚੋਣਾਂ ਵਿੱਚ ਮੁੱਖ ਭੂਮਿਕਾ ਨੌਜਵਾਨ ਪੀੜ੍ਹੀ ਦੀ ਹੀ ਹੁੰਦੀ ਹੈ ਕਿਉਂਕਿ ਨੌਜਵਾਨ ਵੋਟਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਸੱਤਾ ਪ੍ਰਾਪਤ ਕਰਨ ਲਈ ਰਾਜਨੀਤਕ ਪਾਰਟੀਆਂ ਵੱਲੋਂ ਨੌਜਵਾਨਾਂ ਨੂੰ ਲੁਭਾਉਣ ਲਈ ਜ਼ਰੂਰ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਸੱਤਾ ਵਿੱਚ ਆਉਂਦਿਆਂ ਹੀ ਸਭ ਕੁਝ ਭੁੱਲ ਭੁਲਾ ਦਿੱਤਾ ਜਾਂਦਾ ਹੈ। ਇਹ ਸਿਸਟਮ ਸਾਡੇ ਨੌਜਵਾਨਾਂ ਨੂੰ ਨਸ਼ਈ, ਅੱਤਵਾਦੀ ਜਾਂ ਗੈਂਗਸਟਰ ਤਾਂ ਬਣਾ ਸਕਦਾ ਹੈ ਪਰ ਇੱਜ਼ਤ ਮਾਣ ਨਾਲ ਜੀਣ ਦਾ ਹੱਕ ਨਹੀਂ ਦਿੰਦਾ।
ਇਸ ਲਈ ਸਿਸਟਮ ਨੂੰ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਿੰਨੇ ਲਵਪ੍ਰੀਤ ਖੁਦਕੁਸ਼ੀ ਕਰ ਜਾਣ। ਪਤਾ ਨਹੀਂ ਕਿੰਨੀਆਂ ਲੜਕੀਆਂ ਅਤੇ ਮਾਪੇ ਜ਼ਲੀਲ ਹੋਣ। ਲੋੜ ਹੈ ਆਪਣੇ ਸ਼ਾਨਾਮੱਤੇ ਇਤਿਹਾਸ ਉੱਤੇ ਝਾਤੀ ਮਾਰਨ ਦੀ ਜੋ ਸਾਨੂੰ ਆਪਣੇ ਹੱਕਾਂ ਲਈ ਲੜਨ ਦੀ ਤਾਕਤ ਦਿੰਦਾ ਹੈ। ਯਾਦ ਕਰੋ ਉਹ ਵੀ ਨੌਜਵਾਨ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਹਨਾਂ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਭਵਿੱਖ, ਨੌਜਵਾਨ ਪੀੜ੍ਹੀ ਨੂੰ ਇਸ ਮਾਨਸਿਕ ਸੰਤਾਪ ਵਿੱਚੋਂ ਬਾਹਰ ਕੱਢਣ ਲਈ ਆਪ ਯਤਨ ਕਰੀਏ। ਹੁਣ ਸਮਾਂ ਹੈ ਕਿ ਆਪਾਂ ਮੁਫ਼ਤ ਸਹੂਲਤਾਂ ਦੇਣ ਦੀ ਗੱਲ ਕਰਨ ਵਾਲੀਆਂ ਧਿਰਾਂ ਅੱਗੇ ਸਵਾਲ ਚੁੱਕੀਏ ਕਿ ਸਾਨੂੰ ਮੁਫ਼ਤ ਸਹੂਲਤਾਂ ਦੇਣ ਦੀ ਬਜਾਏ, ਇੱਜ਼ਤ ਮਾਣ ਨਾਲ ਜੀਣ ਦੇ ਕਾਬਲ ਬਣਾਓ। ਸਾਡੇ ਬੱਚਿਆਂ ਨੂੰ ਯੋਗਤਾ ਮੁਤਾਬਿਕ ਕੰਮ ਅਤੇ ਕੰਮ ਮੁਤਾਬਕ ਤਨਖਾਹ ਦੇਣ ਦਾ ਕਾਨੂੰਨੀ ਹੱਕ ਦਿਓ ਤਾਂ ਕਿ ਸਾਨੂੰ ਜਿਗਰ ਦੇ ਟੁਕੜੇ ਕਿਸੇ ਸੌਦੇਬਾਜ਼ੀ ਤਹਿਤ ਵਿਦੇਸ਼ਾਂ ਵੱਲ ਤੋਰਨ ਲਈ ਮਜਬੂਰ ਨਾ ਹੋਣਾ ਪਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2925)
(ਸਰੋਕਾਰ ਨਾਲ ਸੰਪਰਕ ਲਈ: