NarinderKSohal711 ਵਜੇ ਦੇ ਲਗਭਗ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ...
(4 ਸਤੰਬਰ 2018)

 

21 ਜੁਲਾਈ ਮੇਰੇ ਪਾਪਾ ਕਾਮਰੇਡ ਸਵਰਨ ਸੋਹਲ ਅਤੇ ਪਰਵਾਰ ਦੇ ਚਾਰ ਹੋਰ ਮੈਂਬਰਾਂ ਦੀ 27ਵੀਂ ਬਰਸੀ ਸੀਹਰ ਸਾਲ ਜਦੋਂ ਵੀ ਇਹ ਦਿਨ ਨੇੜੇ ਆਉਂਦਾ ਹੈ, ਬੀਤੇ ਸਮੇਂ ਦੀ ਹੋਰ ਵੀ ਵਧੇਰੇ ਯਾਦ ਦਿਵਾਉਂਦਾ ਹੈਇਹ ਕਦੇ ਵੀ ਭੁਲਇਆ ਨਹੀਂ ਜਾ ਸਕਿਆਕਾਮਰੇਡ ਸਵਰਨ ਸੋਹਲ ਇੱਕ ਫੌਜੀ ਸਨਉਹ 1965 ਦੀ ਜੰਗ ਤੋਂ ਐਨ੍ਹ ਪਹਿਲਾਂ ਆਪਣੀ ਭੈਣ ਦੇ ਵਿਆਹ ਵਿੱਚ ਵੀ ਸ਼ਾਮਲ ਨਾ ਹੋ ਸਕੇਬਾਅਦ ਵਿੱਚ ਆਪਣੀ ਇੱਛਾ ਨਾਲ ਬਿਨਾਂ ਪੈਨਸ਼ਨ ਦੇ ਨੌਕਰੀ ਛੱਡ ਕੇ ਆ ਗਏਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ (ਪਹਿਲਾਂ ਅੰਮਿਤਸਰ) ਜਿੱਥੇ ਸਾਡਾ ਜਨਮ ਹੋਇਆ, ਸਾਡੇ ਪਾਪਾ ਦਾ ਨਾਨਕਾ ਪਿੰਡ ਸੀਇੱਥੇ ਇੱਕ ਮੱਧਵਰਗੀ ਸਫਲ ਕਿਸਾਨ ਵਜੋਂ ਖੇਤੀ ਕਰਦਿਆਂ ਜ਼ਿੰਦਗੀ ਵਧੀਆ ਗੁਜ਼ਰ ਰਹੀ ਸੀਪਿੰਡ ਵਿੱਚ ਹੀ ਕਾਮਰੇਡ ਕੁੰਦਨ ਲਾਲ (ਕਾ ਦਵਿੰਦਰ ਸੋਹਲ ਅਤੇ ਅਸ਼ੋਕ ਸੋਹਲ ਦੇ ਪਿਤਾ) ਨਾਲ ਨੇੜਤਾ ਹੀ ਮੇਰੇ ਪਾਪਾ ਨੂੰ ਕਮਿਊਨਿਸਟ ਬਣਨ ਵੱਲ ਲੈ ਆਈਉਹ ਬਹੁਤ ਜਲਦੀ ਹੀ ਇੱਕ ਨਿਧੜਕ ਆਗੂ ਵਜੋਂ ਉੱਭਰੇਉਹ ਜ਼ਿਲ੍ਹਾ ਕਿਸਾਨ ਸਭਾ ਅਤੇ ਇਲਾਕਾ ਪਾਰਟੀ ਦੋਹਾਂ ਦੇ ਸਹਾਇਕ ਸਕੱਤਰ ਬਣ ਗਏ ਉਹ ਪਾਰਟੀ ਅਤੇ ਕਿਸਾਨ ਸਭਾ ਵੱਲੋਂ ਲੜੇ ਜਾਂਦੇ ਹਰ ਘੋਲ ਦੀ ਮੂਹਰਲੀ ਕਤਾਰ ਵਿੱਚ ਹੁੰਦੇਕਈ ਮੋਰਚਿਆਂ ਦੌਰਾਨ ਭਾਵੇਂ ਜੇਲ ਵੀ ਜਾਣਾ ਪਿਆ ਪਰ ਉਹਨਾਂ ਕਦੇ ਹਿੰਮਤ ਅਤੇ ਹੌਂਸਲਾ ਕਮਜ਼ੋਰ ਨਾ ਪੈਣ ਦਿੱਤੇ ਲੋਕਾਂ ਵਿੱਚ ਕੰਮ ਕਰਦਿਆਂ ਉਹਨਾਂ ਦੀ ਵਧ ਰਹੀ ਹਰਮਨਪਿਆਰਤਾ ਨੂੰ ਇਲਾਕੇ ਅਤੇ ਪਿੰਡ ਦੇ ਧਨਾਢ ਪਸੰਦ ਨਹੀਂ ਕਰਦੇ ਸਨਉਹ ਕਮਿਊਨਿਸਟਾਂ ਦੇ ਵਧਦੇ ਆਧਾਰ ਨੂੰ ਰਾਜਨੀਤਕ ਤੌਰ ’ਤੇ ਆਪਣੇ ਲਈ ਖਤਰਾ ਮਹਿਸੂਸ ਕਰਨ ਲੱਗੇ

ਪੰਜਾਬ ਅੰਦਰ ਅੱਤਵਾਦ ਦਾ ਦੌਰ ਚੱਲਿਆਨੌਜਵਾਨਾਂ ਨੂੰ ਡਾਕਟਰ, ਅਧਿਆਪਕ, ਖਿਡਾਰੀ, ਇੰਜਨੀਅਰ, ਵਿਗਿਆਨੀ ਅਤੇ ਹੋਰ ਹੁਨਰਮੰਦ ਕਾਮੇ ਬਣਾ ਕੇ, ਸੂਬੇ ਦੀ ਤਰੱਕੀ ਲਈ ਉਹਨਾਂ ਦੀਆਂ ਸੇਵਾਵਾਂ ਲੈਣ ਦੀ ਥਾਂ, ਸਰਮਾਏ ਦੀ ਸਿਆਸਤ ਨੇ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੱਤੇਪੈਸੇ ਅਤੇ ਹਥਿਆਰਾਂ ਦਾ ਲਾਲਚ ਦੇ ਕੇ ਉਹਨਾਂ ਨੂੰ ਗੁੰਮਰਾਹ ਕੀਤਾਘਰਾਂ ਦੀ ਕਮਜ਼ੋਰ ਆਰਥਿਕ ਸਥਿਤੀ ਨੇ ਬਲਦੀ ’ਤੇ ਤੇਲ ਪਾਇਆਪੰਜਾਬ ਦੇ ਹੱਸਦੇ-ਵਸਦੇ ਘਰਾਂ ਵਿੱਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂਘਰਾਂ ਵਿੱਚ ਖੁਸ਼ੀਆਂ ਦੀ ਥਾਂ ਮਾਤਮ ਛਾ ਗਿਆਜਦੋਂ ਆਮ ਪੰਜਾਬੀ ਇਸਦਾ ਸੰਤਾਪ ਭੋਗ ਰਹੇ ਸਨ, ਉੱਜੜ ਰਹੇ ਸਨ ਤਾਂ ਕਈ ਪੁਲਿਸ ਮੁਲਾਜ਼ਮਾਂ, ਸਮਗਲਰਾਂ, ਸਿਆਸਤਦਾਨਾਂ, ਕਾਰੋਬਾਰੀਆਂ ਨੇ ਇਸ ਦੌਰ ਨੂੰ ਕਮਾਈ ਦਾ ਸਾਧਨ ਬਣਾ ਲਿਆ

1986 ਵਿੱਚ ਜਦੋਂ ਕਾਮਰੇਡ ਮਸਤਾਨਾ ਨੂੰ ਸ਼ਹੀਦ ਕੀਤਾ ਗਿਆ, ਮੇਰੀ ਉਮਰ ਮਸਾਂ 9-10 ਸਾਲ ਦੀ ਸੀਮੇਰੇ ਪਾਪਾ ਆਪਣਾ ਟਰੱਕ ਲੈ ਕੇ ਸ਼ਰਧਾਂਜਲੀ ਸਮਾਗਮ ਵਿੱਚ ਗਏ ਅਤੇ ਮੈਂ ਵੀ ਨਾਲ ਸੀਮੈਨੂੰ ਨਹੀਂ ਯਾਦ ਕਿ ਮੈਂ ਉਹਨਾਂ ਨਾਲ ਕਿਵੇਂ ਚਲੀ ਗਈ, ਪਰ ਜ਼ਿੰਦਗੀ ਵਿੱਚ ਇਹ ਪਹਿਲਾ ਮੌਕਾ ਸੀ ਜਦ ਇੰਨਾ ਇਕੱਠ ਦੇਖਿਆ। ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀਟਰੱਕ, ਟਰੈਕਟਰ-ਟਰਾਲੀਆਂ, ਪੀਟਰ ਰੇਹੜੇ, ਟੈਕਸੀਆਂ ਦੀਆਂ ਹਰ ਪਾਸੇ ਲਾਈਨਾਂ ਸਨਇਕੱਠ, ਜੋ ਖੇਤਾਂ ਵਿੱਚ ਸੀ, ਉਸਦੇ ਚਾਰੇ ਪਾਸੇ ਹਥਿਆਰਬੰਦ ਕਾਮਰੇਡ ਵੱਡੀ ਗਿਣਤੀ ਵਿੱਚ ਸਨਹਰ ਅੱਖ ਅੱਥਰੂ ਭਿੱਜੀ ਲੱਗਦੀ ਸੀਇਕੱਠ ਵੱਲੋਂ ਬਹੁਤ ਜੋਸ਼ ਨਾਲ ਨਾਅਰੇ ਲਗਾਏ ਜਾ ਰਹੇ ਸਨ; ‘ਸ਼ਹੀਦੋ ਤੁਹਾਡੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’, ‘ਸ਼ਹੀਦੋ ਤੁਹਾਡੇ ਕਾਜ ਅਧੂਰੇ, ਲਾ ਕੇ ਜਿੰਦੜੀਆਂ ਕਰਾਂਗੇ ਪੂਰੇ’ ਆਦਿਪਹਿਲੀ ਵਾਰ ਜੋਸ਼ ਵਿੱਚ ਨਾਅਰੇ ਇੱਥੇ ਹੀ ਲਾਏ ਸਨ, ਜਦਕਿ ਮੈਨੂੰ ਪਤਾ ਵੀ ਨਹੀਂ ਸੀ ਕੀ ਹੋਇਆ, ਕਿਉਂ ਹੋਇਆ? ਅੱਤਵਾਦ ਕੀ ਬਲਾ ਹੈ, ਕੁਝ ਵੀ ਪਤਾ ਨਹੀਂ ਸੀਉਦੋਂ ਸੋਚਿਆ ਨਹੀਂ ਸੀ ਕਿ ਸਾਡੇ ਘਰ ਵੀ ਇੰਝ ਦਾ ਇਕੱਠ ਹੋਵੇਗਾ

ਕਮਿਊਨਿਸਟ ਪਾਰਟੀ ਵੱਲੋਂ ਮਾੜੇ ਮਾਹੌਲ ਖਿਲਾਫ ਜੂਨ 1987 ਵਿੱਚ ਇਤਿਹਾਸਕ ਦਸ ਦਿਨਾਂ ਮਾਰਚ ਕੀਤਾ ਗਿਆਜਦੋਂ ਪਿੰਡ ਸੋਹਲ ਜਲਸਾ ਕੀਤਾ ਜਾ ਰਿਹਾ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਘੁਰ-ਘੁਰ ਕਰਨੀ ਸ਼ੁਰੂ ਕਰ ਦਿੱਤੀਪਾਪਾ ਨੇ ਸਟੇਜ ਤੋਂ ਸਿੱਧਾ ਵੰਗਾਰਦਿਆਂ ਕਿਹਾ, ‘ਏਥੇ ਸ਼ਰਾਰਤ ਨਹੀਂ ਚੱਲੇਗੀ। ਜਿਸ ਕਿਸੇ ਨੂੰ ਜਿਆਦਾ ਤੰਗੀ ਹੈ, ਬਾਹਰ ਨਿੱਕਲ ਕੇ ਵੇਖ ਲਵੇ’ ਸ਼ਰਾਰਤੀਆਂ ਨੇ ਉੱਥੋਂ ਖਿਸਕਣਾ ਹੀ ਠੀਕ ਸਮਝਿਆਇਵੇਂ ਹੀ ਇੱਕ ਵਾਰ ਜਦੋਂ ਅਜਿਹੇ ਸ਼ਰਾਰਤੀ ਅਨਸਰਾਂ ਨੇ ਕਾ. ਕੁੰਦਨ ਲਾਲ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਪਾਪਾ ਨੇ ਬੇਖੌਫ ਹੋ ਕੇ ਕਿਹਾ, ‘ਜਦ ਤੱਕ ਮੈਂ ਜਿਊਂਦਾ ਹਾਂ, ਇਹਨਾਂ ਨੂੰ ਕੋਈ ਹੱਥ ਨੀ ਲਾ ਸਕਦਾ’ ਪਾਪਾ ਭਾਵੇਂ ਕਾ. ਕੁੰਦਨ ਲਾਲ ਤੋਂ ਉਮਰ ਵਿੱਚ ਛੋਟੇ ਸਨ, ਪਰ ਉਹਨਾਂ ਦਾ ਆਪਸੀ ਰਿਸ਼ਤਾ ਹਾਣੀਆਂ ਵਰਗਾ ਸੀ

ਅਸੀਂ ਪਿੰਡ ਤੋਂ ਦੂਰ ਖੇਤਾਂ ਵਿੱਚ ਬਣੇ ਆਪਣੇ ਘਰ ਵਿੱਚ ਇਸ ਸਭ ਤੋਂ ਬੇਫਿਕਰ ਆਪਣੀ ਹੀ ਮਸਤੀ ਵਿੱਚ ਰਹਿੰਦੇ ਸੀਸਾਡੇ ਪਰਿਵਾਰ ਵਿੱਚ ਅਸੀਂ ਪੰਜ ਭੈਣਾਂ ਤੇ ਇੱਕ ਭਰਾ, ਮੰਮੀ-ਪਾਪਾ, ਦਾਦਾ-ਦਾਦੀ, ਸਭ ਤੋਂ ਛੋਟੀ ਭੂਆ ਪ੍ਰਸਿੰਨ ਕੌਰ ਤੇ ਉਹਨਾਂ ਦੇ ਤਿੰਨ ਬੱਚੇ ਵੀ ਸਾਡੇ ਨਾਲ ਹੀ ਰਹਿੰਦੇ ਸੀ (ਕਿਉਂਕਿ ਫੁੱਫੜ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਸੀ)। ਪਰਿਵਾਰ ਵਿੱਚ ਘਟਨਾ ਵਾਪਰਨ ਤੋਂ ਕੁਝ ਦਿਨ ਪਹਿਲਾਂ, ਮੇਰੀ ਮਾਮੀ ਅਤੇ ਉਸਦਾ ਬੇਟਾ ਘਰ ਆਏ ਸਨ, ਜਿਨ੍ਹਾਂ ਕੋਲ ਇਕ ਅਖਬਾਰ ਸੀ। ਇਸ ਅਖਬਾਰ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਪਰਿਵਾਰ ਦੀਆਂ ਫੋਟੋਆਂ ਸਨਮੈਂ ਪਹਿਲੀ ਵਾਰ ਇੰਨਾ ਡਰਾਉਣਾ ਦ੍ਰਿਸ਼ ਦੇਖਿਆਸਾਡਾ 14-15 ਜੀਆਂ ਦਾ ਇੰਨਾ ਵੱਡਾ ਟੱਬਰ, ਜੋ ਖੁਸ਼ੀ ਨਾਲ ਰਹਿ ਰਿਹਾ ਸੀ ਕਿ ਅਚਾਨਕ ਉਹ ਮਨਹੂਸ ਰਾਤ ਆ ਪਹੁੰਚੀ ਜੋ ਸਾਡਾ ਸਭ ਕੁਝ ਖੋਹ ਕੇ ਲੈ ਗਈ21 ਜੁਲਾਈ 1987 ਨੂੰ ਦਿਨ ਵੇਲੇ ਪਿੰਡ ਵਿੱਚ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਵੰਡਿਆ ਜਾ ਰਿਹਾ ਸੀਇਸਦੀ ਵੰਡ ਵਿੱਚ ਹੇਰਾ ਫੇਰੀ ਨਾ ਹੋਵੇ, ਪਾਪਾ ਕਿਸਾਨ ਸਭਾ ਦੇ ਆਗੂ ਵਜੋਂ ਉੱਥੇ ਹਾਜ਼ਰ ਰਹੇਅੱਤਵਾਦੀ, ਜੋ ਉਹਨਾਂ ਨਾਲ ਸਿੱਧੇ ਮੁਕਾਬਲੇ ਵਿੱਚ ਨਹੀਂ ਸਨ ਪੈਣਾ ਚਾਹੁੰਦੇ, ਪਾਪਾ ਦੇ ਸਿਰਫ ਉਸ ਦਿਨ ਅਵੇਸਲੇ ਹੋਣ ’ਤੇ ਹਨੇਰੇ ਦਾ ਲਾਹਾ ਉਠਾ ਗਏਰਾਤ ਰੋਜ਼ ਦੀ ਤਰ੍ਹਾਂ ਮੇਰੇ ਪਾਪਾ ਅਤੇ ਸਾਡੇ ਘਰ ਵਿੱਚ ਕੰਮ ਕਰਦਾ ਕਾਮਾ ਹੀਰਾ ਸਿੰਘ (ਜਿਸਨੂੰ ਪਾਪਾ ਆਪਣੇ ਪੁੱਤ ਵਾਂਗ ਹੀ ਸਮਝਦੇ ਸਨ) ਛੱਤ ਉੱਤੇ ਤੇ ਬਾਕੀ ਸਾਰਾ ਪਰਿਵਾਰ ਵਿਹੜੇ ਵਿੱਚ ਸੁੱਤਾ ਪਿਆ ਸੀ। 11 ਵਜੇ ਦੇ ਲਗਭਗ ਅੱਤਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂਮੈਂ ਇਸ ਸਭ ਤੋਂ ਬੇਖਬਰ ਆਪਣੇ ਮੰਜੇ ’ਤੇ ਪਈ ਸੋਚ ਰਹੀ ਸੀ ਕਿ ਬੱਦਲ ਗਰਜ ਰਹੇ ਹਨ, ਬਿਜਲੀ ਚਮਕ ਰਹੀ ਹੈ ਅਤੇ ਬਾਹਰ ਕੋਈ ਆਵਾਜ਼ਾਂ ਮਾਰ ਰਿਹਾ ਹੈ ਪਰ ਕੋਈ ਗੇਟ ਕਿਉਂ ਨਹੀਂ ਖੋਲ੍ਹ ਰਿਹਾ! ਜਦ ਹੀ ਮੈਂ ਇਹ ਸੋਚਦਿਆਂ ਪਾਸਾ ਲਿਆ ਤਾਂ ਛੱਤ ਤੇ ਖੜ੍ਹੇ ਇੱਕ ਬੰਦੇ ਨੇ ਗੋਲੀ ਚਲਾ ਦਿੱਤੀ, ਜੋ ਮੇਰੀ ਸੱਜੀ ਲੱਤ ਵਿੱਚ ਵੱਜੀ ਅਤੇ ਮੈਨੂੰ ਇੰਝ ਲੱਗਾ ਜਿਵੇਂ ਲੋਹੇ ਦੀ ਬਹੁਤ ਭਾਰੀ ਚੀਜ ਮੇਰੇ ਉੱਪਰ ਡਿੱਗ ਪਈ ਹੋਵੇਮੇਰੀਆਂ ਚੀਕਾਂ ਨਿੱਕਲ ਗਈਆਂਮੇਰੀ ਸਭ ਤੋਂ ਵੱਡੀ ਭੈਣ ਭੁਪਿੰਦਰ ਨੇ ਭੱਜ ਕੇ ਮੈਨੂੰ ਚੁੱਕ ਲਿਆ ਤੇ ਵਿਹੜੇ ਦੇ ਇੱਕ ਪਾਸੇ ਰੁੱਖ ਕੋਲ ਖੜ੍ਹੀ ਟਰਾਲੀ ਦੀ ਓਟ ਵਿੱਚ ਲੈ ਗਈਇੱਥੇ ਮੇਰੀਆਂ ਦੋ ਭੈਣਾਂ - ਸਭ ਤੋਂ ਛੋਟੀ ਕੁਲਵਿੰਦਰ ਅਤੇ ਮੇਰੇ ਤੋਂ ਵੱਡੀ ਵੀਰਇੰਦਰ, ਜਿਸਦੀ ਰੀੜ੍ਹ ਦੀ ਹੱਡੀ ਕੋਲ ਗੋਲੀ ਲੱਗੀ ਸੀ, ਵੀ ਲੁਕ ਕੇ ਬੈਠੀਆਂ ਸਨਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਪਰ ਵੱਡੀ ਭੈਣ ਵੱਲੋਂ ਕੀਤਾ ਚੁੱਪ ਰਹਿਣ ਦਾ ਇਸ਼ਾਰਾ ਅਸੀਂ ਜਰੂਰ ਸਮਝ ਗਈਆਂ ਸਾਂ

ਤਕਰੀਬਨ ਅੱਧਾ ਘੰਟਾ ਗੋਲੀਆਂ ਚੱਲਦੀਆਂ ਰਹੀਆਂ, ਫਿਰ ਸ਼ਾਂਤੀ ਹੋ ਗਈਮੇਰੀ ਭੂਆ ਦੇ 8-9 ਸਾਲ ਦੇ ਮੁੰਡੇ ‘ਭੇਜੇ’ ਨੇ ਅਚਾਨਕ ਖੇਸ ਮੰਗ ਲਿਆ ਤੇ ਸ਼ਾਇਦ ਇਹ ਆਵਾਜ਼ ਅੱਤਵਾਦੀਆਂ ਨੂੰ ਸੁਣ ਗਈਉਹ ਦੁਬਾਰਾ ਆ ਕੇ ਗੋਲੀਆਂ ਚਲਾਉਣ ਲੱਗ ਪਏਉਹਨਾਂ ਆਪਣੇ ਵੱਲੋਂ ਪੂਰਾ ਪਰਿਵਾਰ ਖਤਮ ਕਰਨ ਦੀ ਤਸੱਲੀ ਤੱਕ ਗੋਲੀ ਚਲਾਈ ਪਰ ਉਹ ਘਰ ਦੇ ਅੰਦਰ ਆਉਣ ਦੀ ਹਿੰਮਤ ਨਾ ਕਰ ਸਕੇ

ਜਦੋਂ ਕਾਫੀ ਦੇਰ ਤੱਕ ਸ਼ਾਂਤੀ ਰਹੀ ਤਾਂ ਅਸੀਂ ਉੱਠ ਖੜ੍ਹੀਆਂਮੇਰੇ ਨਾਲ ਦੇ ਮੰਜੇ ’ਤੇ ਪਈ ਛੋਟੀ ਭੈਣ ਰਾਜਵਿੰਦਰ ਦਰਦ ਨਾਲ ਹੂੰਗ ਰਹੀ ਸੀ। ਉਸਦੇ ਸਿਰ ਅਤੇ ਸਰੀਰ ਉੱਪਰ ਅਣਗਿਣਤ ਗੋਲੀਆਂ ਵੱਜੀਆਂ ਸਨ। ਉਸਦੀ ਹਾਲਤ ਬੜੀ ਗੰਭੀਰ ਸੀਅਸੀਂ ਉਸਦੇ ਮੂੰਹ ਵਿੱਚ ਪਾਣੀ ਪਾਉਣ ਲੱਗੇ। ਅਖੀਰ ਉਸਨੇ ਦਮ ਤੋੜ ਦਿੱਤਾ ਮੇਰੀ ਮੰਮੀ ਜਮੀਨ ’ਤੇ ਡਿੱਗੀ ਪਈ ਸੀ। ਉਸਦੀ ਛਾਤੀ ਗੋਲੀਆਂ ਨਾਲ ਛਨਣੀ ਸੀਦਾਦੀ, ਜੋ ਸ਼ਾਇਦ ਉੱਠਣ ਦੀ ਕੋਸ਼ਿਸ਼ ਕਰਦਿਆਂ ਗੋਲੀਆਂ ਦਾ ਸ਼ਿਕਾਰ ਹੋਈ ਹੋਵੇਗੀ, ਉਸਦਾ ਬੇਜਾਨ ਸਰੀਰ ਅੱਧਾ ਮੰਜੇ ਤੋਂ ਉੱਪਰ ਅਤੇ ਅੱਧਾ ਥੱਲੇ ਸੀ

ਭੂਆ ਅਤੇ ਸਾਡੀ ਸਭ ਤੋਂ ਵੱਡੀ ਭੈਣ ਨੇ ਸਭ ਤੋਂ ਪਹਿਲਾ ਕੰਮ ਵੀਰ ਨੂੰ ਲੱਭਣ ਦਾ ਕੀਤਾ, ਕਿਉਂਕਿ ਉਸਦਾ ਮੰਜਾ ਖਾਲੀ ਸੀਸਾਰੇ ਕਮਰਿਆਂ ਵਿੱਚ ਲੱਭਦਿਆਂ ਜਦੋਂ ਉਹ ਮੋਟਰ ਵਾਲੀ ਕੋਠੜੀ ਵਿੱਚ ਜਾ ਕੇ ਹੌਲੀ-ਹੌਲੀ ਆਵਾਜਾਂ ਮਾਰ ਰਹੀਆਂ ਸਨ ਤਾਂ ਵੀਰ ਨੇ ਭੂਆ ਦੀ ਸਲਵਾਰ ਦਾ ਪੌਂਚਾ ਫੜ ਲਿਆ ਤੇ ਹੌਲੀ ਜਿਹੇ ਕਿਹਾ, ‘ਮੈਂ ਠੀਕ ਹਾਂ ਮੇਰਾ ਫਿਕਰ ਨਾ ਕਰੋ, ਦੂਜਿਆਂ ਨੂੰ ਦੇਖੋ’ (ਵੀਰ ਨੂੰ ਪਾਪਾ ਨੇ ਪਹਿਲਾਂ ਹੀ ਇਸ ਬਾਰੇ ਸੁਚੇਤ ਕੀਤਾ ਹੋਇਆ ਸੀ, ਕਿ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ, ਤੂੰ ਮੇਰੀ ਚਿੰਤਾ ਨਾ ਕਰੀਂ, ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰੀਂ)

ਛੱਤ ਉੱਤੇ ਕੀ ਵਾਪਰ ਚੁੱਕਾ ਸੀ, ਕਿਸੇ ਨੂੰ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਵੇਖਣ ਦਾ ਹੌਸਲਾਭੂਆ ਅਤੇ ਵੱਡੀ ਭੈਣ ਉਸ ਸਮੇਂ ਹੀ ਜਿਸ ਬੈਠਕ ਦੇ ਦਰਵਾਜੇ ਸਹਾਰੇ ਅੱਤਵਾਦੀ ਛੱਤ ’ਤੇ ਚੜ੍ਹ ਸਨ, ਉਸ ਵੱਲ ਦੀ ਹੀ ਬਾਹਰ ਨਿੱਕਲੀਆਂ ਤੇ ਨਾਲ ਦੀ ਬਹਿਕ ’ਤੇ ਜਾ ਦੱਸਿਆ ਕਿ ਸਾਡੇ ਘਰ ਹਮਲਾ ਹੋ ਗਿਆ ਹੈ। ਕੌਣ ਬਚਿਆ ਕੌਣ ਨਹੀਂ, ਕੁਝ ਪਤਾ ਨਹੀਂਅੱਗੋਂ ਉਹਨਾਂ ਇਹ ਕਹਿ ਕੇ ਤੋਰ ਦਿੱਤਾ ਕਿ ‘ਤੁਸੀਂ ਜਾਓ, ਅਸੀਂ ਇਕੱਠੇ ਹੋ ਕੇ ਆਉਂਦੇ ਹਾਂ

ਭੈਣ ਹੁਰਾਂ ਵਾਪਸ ਆ ਕੇ ਸਾਨੂੰ ਸਾਰਿਆਂ ਨੂੰ ਦੁੱਧ, ਜੋ ਸਾਡੀ ਮਾਂ ਨੇ ਸਵੇਰ ਲਈ ਰੱਖਿਆ ਸੀ, ਪਿਆਇਆਅਸੀਂ ਚੁੱਪ ਚਾਪ ਪੀ ਲਿਆਸਾਡੇ ਦੋਵਾਂ ਭੈਣਾਂ ਦੇ ਜਖਮਾਂ ਵਿੱਚੋਂ ਖੂਨ ਬਹੁਤ ਵਹਿ ਰਿਹਾ ਸੀਵੱਡੀ ਭੈਣ ਅਤੇ ਭੂਆ ਨੇ ਆਪਣੇ ਸਿਰਾਂ ਤੋਂ ਚੁੰਨੀਆਂ ਲਾਹ ਕੇ ਜਖਮਾਂ ’ਤੇ ਬੰਨ੍ਹ ਦਿੱਤੀਆਂਅਸੀਂ ਸਾਰੀ ਰਾਤ ਕਦੀ ਅੰਦਰ ਅਤੇ ਕਦੀ ਬਾਹਰ ਤੁਰੇ ਫਿਰਦੇ ਰਹੇ। ਖੁੱਲ੍ਹ ਕੇ ਰੋ ਵੀ ਨਹੀਂ ਸਾਂ ਸਕਦੇਸਵੇਰੇ ਚਾਰ ਕੁ ਵਜੇ ਪਿੰਡ ਦੇ ਕੁਝ ਮੋਹਤਬਰ ਬੰਦੇ ਘਰ ਆਏ, ਗੱਲਬਾਤ ਕਰਕੇ ਵੀਰ ਨੂੰ ਆਪਣੇ ਨਾਲ ਲੈ ਗਏ

ਇੱਧਰ ਇੰਨੀ ਵੱਡੀ ਘਟਨਾ ਵਾਪਰ ਚੁੱਕੀ ਸੀ ਤੇ ਉੱਧਰ ਪਿੰਡ ਦੇ ਦੂਜੇ ਪਾਸੇ ਕਾਮਰੇਡ ਕੁੰਦਨ ਲਾਲ ਇਸ ਗੱਲ ਤੋਂ ਬੇਖ਼ਬਰ ਸਨਸੁਬ੍ਹਾ ਜਦੋਂ ਉਹਨਾਂ ਦਾ ਕਿਸੇ ਨੇ ਗੇਟ ਖੜਕਾਇਆ ਤਾਂ ਉਹਨਾਂ ਸਮਝਿਆ ਕਿ ਸ਼ਾਇਦ ਕਾਮਰੇਡ ਸਵਰਨ ਆਇਆ ਹੈ। ਰਾਤ ਚੱਲੀਆਂ ਗੋਲੀਆਂ ਨੂੰ ਉਹ ‘ਕਿਤੇ ਮੁਕਾਬਲਾ ਹੋਇਆ’ ਸਮਝਦੇ ਰਹੇਪਰ ਗੇਟ ਖੋਹਲਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਜਿਸਦੀ ਉਡੀਕ ਕਰ ਰਿਹਾ ਹਾਂ, ਉਹ ਤਾਂ ਸਾਥ ਛੱਡ ਕੇ ਬਹੁਤ ਦੂਰ ਜਾ ਚੁੱਕਾ ਹੈ, ਜਿੱਥੋਂ ਕੋਈ ਵਾਪਸ ਨਹੀਂ ਆਉਂਦਾਤੁਰੰਤ ਹਰ ਪਾਸੇ ਸੁਨੇਹੇ ਭੇਜ ਦਿੱਤੇ ਗਏ ਤੇ ਜਿਉਂ-ਜਿਉਂ ਦਿਨ ਚੜ੍ਹਦਾ ਜਾ ਰਿਹਾ ਸੀ, ਸਾਡੇ ਘਰ, ਪਿੰਡ ਅਤੇ ਇਲਾਕੇ ਦੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ ਸਾਨੂੰ ਜਖਮੀ ਭੈਣਾਂ ਨੂੰ ਇੱਕ ਟੈਕਸੀ ਵਿੱਚ ਬਿਠਾ ਲਿਆ ਗਿਆ ਤੇ ਮੈਂ ਵੇਖ ਰਹੀ ਸੀ ਸ਼ਹੀਦ ਕਾਮਰੇਡ ਅਰਜਨ ਸਿੰਘ ਮਸਤਾਨੇ ਦੇ ਸ਼ਰਧਾਂਜਲੀ ਸਮਾਗਮ ਵਰਗਾ ਇਕੱਠ ਅੱਜ ਸਾਡੇ ਘਰ ਹੋਇਆ ਪਿਆ ਸੀ

ਅਸੀਂ ਅਜੇ ਟੈਕਸੀ ਵਿੱਚ ਬੈਠੀਆਂ ਘਰ ਵੱਲ ਵੇਖ ਹੀ ਰਹੀਆਂ ਸੀ ਕਿ ਸਾਡੇ ਪਾਪਾ ਦੇ ਮੰਜੇ ਨੂੰ ਰੱਸਿਆਂ ਨਾਲ ਬੰਨ੍ਹ ਕੇ ਥੱਲੇ ਲਾਹਿਆ ਜਾ ਰਿਹਾ ਸੀਸਾਡਾ ਰੋਣ ਨਿੱਕਲ ਗਿਆਮਨ ਵਿੱਚ ਆਇਆ ਕਿ ਉਹ ਦਲੇਰ ਵਿਅਕਤੀ, ਜਿਸ ਤੋਂ ਜਾਲਮ ਤ੍ਰਬਕਦੇ ਸਨ, ਅੱਜ ਮੰਜੇ ’ਤੇ ਬੇਜਾਨ ਪਿਆ ਹੈਸਾਨੂੰ ਰੋਂਦਿਆਂ ਦੇਖ ਟੈਕਸੀ ਉਸੇ ਵੇਲੇ ਹਸਪਤਾਲ ਨੂੰ ਤੁਰ ਪਈ ਤੇ ਅਸੀਂ ਆਪਣੇ ਸ਼ਹੀਦ ਪਰਵਾਰ ਵਿੱਚੋਂ ਕਿਸੇ ਦਾ ਮੂੰਹ ਵੀ ਨਾ ਵੇਖ ਸਕੀਆਂ

ਮੇਰੇ ਦਾਦਾ ਜੀ, ਜੋ ਉਸ ਰਾਤ ਘਰ ਨਹੀਂ ਸੀ, ਆਪਣੇ ਜੱਦੀ ਪਿੰਡ ‘ਭੈਣੀ ਮੱਟੂਆਂ’ ਗਏ ਹੋਏ ਸਨਉਹਨਾਂ ਨੂੰ ਉੱਥੋਂ ਲਿਆਂਦਾ ਗਿਆਇਸ ਘਟਨਾ ਬਾਰੇ ਅਜੇ ਉਹਨਾਂ ਨੂੰ ਪੂਰਾ ਪਤਾ ਨਹੀਂ ਸੀ, ਉਹ ਭੁਲੇਖੇ ਵਿੱਚ ਸਨ ਕਿ ਉਹਨਾਂ ਦੀ ਨੂੰਹ (ਮੇਰੀ ਮੰਮੀ) ਜਿੰਦਾ ਹੈਉਹਨਾਂ ਨੂੰ ਇਹ ਯਕੀਨ ਸੀ ਕਿ ਉਹ ਬਾਕੀ ਪਰਵਾਰ ਨੂੰ ਸੰਭਾਲ ਲਵੇਗੀ ਪਰ ਜਦੋਂ ਉਹਨਾਂ ਨੂੰ ਸੱਚ ਪਤਾ ਲੱਗਾ ਤਾਂ ਉਹ ਪੂਰੀ ਤਰ੍ਹਾਂ ਟੁੱਟ ਗਏਉਹਨਾਂ ਨੂੰ ਲੱਗੇ ਇੰਨੇ ਵੱਡੇ ਸਦਮੇ ਕਾਰਨ ਹੀ ਉਹ ਇਸ ਘਟਨਾ ਤੋਂ ਬਾਅਦ ਛੇ ਮਹੀਨੇ ਤੋਂ ਵੱਧ ਜਿਊਂਦੇ ਨਾ ਰਹਿ ਸਕੇ

ਉੱਧਰ ਹਸਪਤਾਲ ਵਿੱਚ ਗੋਲੀ ਕੱਢ ਕੇ ਮੇਰੀ ਲੱਤ ’ਤੇ ਪਲੱਸਰ ਲੱਗ ਚੁੱਕਾ ਸੀ, ਜਿਸਦਾ ਦਰਦ ਮੈਂ ਅੱਜ ਵੀ ਮਹਿਸੂਸ ਕਰ ਸਕਦੀ ਹਾਂਅਗਲੇ ਦਿਨ ਰਿਸ਼ਤੇ ਵਿੱਚੋਂ ਲੱਗਦੀ ਮਾਸੀ, ਜੋ ਅੰਮ੍ਰਿਤਸਰ ਹੀ ਰਹਿੰਦੀ ਸੀ, ਸਾਨੂੰ ਹਸਪਤਾਲ ਵਿੱਚੋਂ ਆਪਣੇ ਘਰ ਲੈ ਗਈਉੱਥੇ ਹੀ ਅਸੀਂ ਆਪਣੇ ਪਰਿਵਾਰ ਦੀ ਤ੍ਰਾਸਦੀ ਅਤੇ ਸਭ ਦੇ ਮੂੰਹ ਅਖਬਾਰ ਵਿੱਚ ਦੇਖੇਉਹ ਅਖਬਾਰ ਅੱਜ ਵੀ ਮੇਰੇ ਕੋਲ ਹੈ

ਹਫਤੇ ਬਾਅਦ ਜਦੋਂ ਸਾਨੂੰ ਸਾਡੇ ਘਰ ਲਿਆਂਦਾ ਗਿਆ ਤਾਂ ਆਲੇ-ਦੁਆਲੇ ਖੜ੍ਹੀ ਚਰੀ ਵਿੱਚ ਇਹ ਘਰ ਵੀਰਾਨ ਲੱਗ ਰਿਹਾ ਸੀਉਹ ਘਰ ਜਿੱਥੇ ਹਰ ਪਾਸੇ ਰੌਣਕ ਅਤੇ ਖੁਸ਼ੀਆਂ ਸਨ, ਹੁਣ ਉਦਾਸ ਸੀਅਸੀਂ ਰੱਜ ਕੇ ਰੋਈਆਂਵੱਡੀ ਭੈਣ ਨੇ ਸ਼ਹੀਦ ਜੀਆਂ ਦੀਆਂ ਚੀਜਾਂ ਥਾਂ-ਟਿਕਾਣੇ ਸਾਂਭ ਦਿੱਤੀਆਂ ਸਨਪਾਪਾ ਦੀ ਰੋਜ ਪਾਉਣ ਵਾਲੀ ਜੁੱਤੀ ਬਾਰੀ ਦੇ ਉੱਤੇ ਪਈ ਸੀ, ਜੋ ਉਹਨਾਂ ਦੇ ਮੁੱਕ ਚੁੱਕੇ ਸਫਰ ਨੂੰ ਦਰਸਾਉਂਦੀ ਸੀ, ਜਿਸ ਨੂੰ ਵੇਖ ਕੇ ਰੋਣਾ ਰੁਕ ਨਹੀਂ ਸੀ ਰਿਹਾਸ਼ਰਧਾਂਜਲੀ ਸਮਾਗਮ ਕਿਵੇਂ ਹੋਇਆ, ਕਿੰਨਾ ਇਕੱਠ ਹੋਇਆ, ਮੈਨੂੰ ਕੁਝ ਯਾਦ ਨਹੀਂ ਰਿਹਾ, ਪਤਾ ਨਹੀਂ ਕਿਉਂ

ਪਾਪਾ ਦੇ ਸਭ ਤੋਂ ਨੇੜਲੇ ਮਿੱਤਰ ਅਤੇ ਪੱਗ ਵੱਟ ਭਰਾ ਕਾਮਰੇਡ ਸੁਖਚੈਨ ਸਿੰਘ, ਜੋ ਹਮੇਸ਼ਾ ਇਕੱਠੇ ਰਹਿੰਦੇ ਹੁੰਦੇ ਸਨ, ਉਹ ਪਰਿਵਾਰ ਸਮੇਤ ਝਬਾਲ ਸ਼ੈਲਰ ’ਤੇ ਰਹਿੰਦੇ ਸਨ। ਇਹ ਇਲਾਕੇ ਦੇ ਕਮਿਊਨਿਸਟਾਂ ਲਈ ਸਰਗਰਮੀਆ ਦਾ ਕੇਂਦਰ ਸੀਇੱਥੇ ਵੱਡੀ ਗਿਣਤੀ ਵਿੱਚ ਹਥਿਆਰ ਸਨ ਅਤੇ 24 ਘੰਟੇ ਕਮਿਊਨਿਸਟ ਨੌਜਵਾਨ ਮੋਰਚਾ ਸੰਭਾਲੀ ਰੱਖਦੇ ਸਨਕਾ. ਸੁਖਚੈਨ ਸਿੰਘ ਅਤੇ ਉਹਨਾਂ ਦੀ ਪਤਨੀ ਕਾ. ਰਜਿੰਦਰਪਾਲ ਕੌਰ ਨੇ ਘਟਨਾ ਤੋਂ ਬਾਅਦ ਸਾਡੇ ਪਰਵਾਰ ਦੀ ਜ਼ਿੰਮੇਵਾਰੀ ਸੰਭਾਲੀਵੀਰ ਨੂੰ ਜਲੰਧਰ ਹੋਸਟਲ ਵਿੱਚ ਭੇਜ ਦਿੱਤਾਸਭ ਤੋਂ ਵੱਡੀ ਭੈਣ ਦਾ ਵਿਆਹ ਛੇ ਮਹੀਨੇ ਦੇ ਅੰਦਰ-ਅੰਦਰ ਕਰ ਦਿੱਤਾ ਗਿਆਮੇਰੇ ਤੋਂ ਵੱਡੀ ਭੈਣ ਨੂੰ ਸਕੂਲ ਵਿੱਚ ਨੌਕਰੀ ਮਿਲ ਗਈ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਉਹ ਝਬਾਲ ਸ਼ੈਲਰ ’ਤੇ ਉਹਨਾਂ ਕੋਲ ਰਹਿਣ ਲੱਗ ਪਈਸਭ ਤੋਂ ਛੋਟੀ ਭੈਣ ਨੂੰ ਪਟਿਆਲੇ ਅਨਾਥ ਆਸ਼ਰਮ ਵਿੱਚ ਭੇਜ ਦਿੱਤਾ ਗਿਆਸਾਡਾ ਪਰਿਵਾਰ ਤੀਲਾ-ਤੀਲਾ ਕਰਕੇ ਬਿਖਰ ਚੁੱਕਾ ਸੀਸਿਰਫ ਮੈਂ ਅਤੇ ਭੂਆ ਦਾ ਪਰਵਾਰ ਹੀ ਘਰ ਵਿੱਚ ਰਹਿ ਗਏ। ਪਰ ਇੱਥੇ ਰਹਿਣ ਨੂੰ ਹੁਣ ਦਿਲ ਨਹੀਂ ਸੀ ਕਰਦਾ

ਸਮੱਸਿਆਵਾਂ ਅਜੇ ਖਤਮ ਨਹੀਂ ਸਨ ਹੋਈਆਂਇੱਕ ਰਾਤ ਮੈਂ, ਮੇਰੀ ਭੂਆ ਦਾ ਪਰਿਵਾਰ ਅਤੇ ਖਡੂਰ ਸਾਹਿਬ ਵਾਲੀ ਸਭ ਤੋਂ ਵੱਡੀ ਭੂਆ ਪ੍ਰਕਾਸ਼ ਦੀ ਬੇਟੀ, ਜੋ ਸਾਡੇ ਕੋਲ ਆਈ ਹੋਈ ਸੀ, ਅਸੀਂ ਅੰਦਰ ਸੌਣ ਲੱਗੇ ਸਾਂ ਕਿ ਬਾਹਰ ਸਾਡੇ ਪਰਵਾਸੀ ਮਜ਼ਦੂਰ ਦੀ ਚੀਕ ਸੁਣਾਈ ਦਿੱਤੀਸਾਡੇ ਦਿਲ ਕੰਬ ਗਏ। ਅਸੀਂ ਉਹ ਕਮਰਾ ਛੱਡ ਕੇ ਦੂਜੇ ਕਮਰੇ ਵਿੱਚ ਚਲੇ ਗਏਇੱਥੇ ਇੱਕ ਹੀ ਮੰਜਾ ਅਤੇ ਇੱਕ ਹੀ ਰਜਾਈ ਸੀਮੈਂ ਅਤੇ ਭੂਆ ਦੇ ਬੱਚੇ ਉਸ ਰਜਾਈ ਵਿੱਚ ਦੁਬਕ ਗਏਬਾਹਰ ਕਿਸੇ ਨੇ ਦਰਵਾਜੇ ਨੂੰ ਇੰਨੀ ਜੋਰ ਦੀ ਠੁੱਡ ਮਾਰਿਆ, ਇੰਝ ਲੱਗਾ ਜਿਵੇਂ ਬੰਬ ਚੱਲਿਆ ਹੋਵੇਭੂਆ ਨੇ ਡਰਦਿਆਂ ਪੁੱਛਿਆ, ‘ਕੌਣ ਏਂ?’ ਉਹਨਾਂ ਦਰਵਾਜਾ ਖੋਹਲਣ ਲਈ ਕਿਹਾਡਰਦਿਆਂ-ਡਰਦਿਆਂ ਭੂਆ ਨੇ ਦਰਵਾਜਾ ਖੋਹਲਿਆ ਤਾਂ ਦੋ ਆਦਮੀ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅੰਦਰ ਆਏਟਾਰਚ ਜਗਾਉਂਦੇ-ਬੁਝਾਉਂਦੇ ਇਹਨਾਂ ਬੰਦਿਆਂ ਦੀਆਂ ਸਿਰਫ ਅੱਖਾਂ ਹੀ ਦਿਖਾਈ ਦਿੰਦੀਆਂ ਸਨਸਾਨੂੰ ਲੱਗਾ, ਅੱਜ ਮੌਤ ਸਿਰ ’ਤੇ ਖੜ੍ਹੀ ਹੈਉਹਨਾਂ ਪੈਸੇ ਮੰਗੇ, ਟਰੰਕ, ਪੇਟੀ, ਸੰਦੂਕ ਦੀ ਫਰੋਲਾ-ਫਰਾਲੀ ਕਰਾਈ ਤੇ ਜਿੰਨੇ ਵੀ ਪੈਸੇ ਮਿਲੇ, ਲੈ ਕੇ ਚਲੇ ਗਏ, ਪਰ ਸਾਡੇ ’ਤੇ ਛੱਡ ਗਏ ਇੱਕ ਹੋਰ ਦਹਿਸ਼ਤਮੈਂ ਬਹੁਤ ਡਰ ਚੁੱਕੀ ਸੀ ਤੇ ਮੈਨੂੰ ਇਸ ਗੱਲ ਦਾ ਦੁੱਖ ਵੀ ਸੀ ਕਿ ਜੋ ਤੁਰ ਗਏ, ਉਹਨਾਂ ਤਾਂ ਵਾਪਸ ਨਹੀਂ ਆਉਣਾ ਪਰ ਜੋ ਜਿੰਦਾ ਭੈਣਾਂ-ਭਰਾ ਸਨ ਉਹ ਵੀ ਮੇਰੇ ਤੋਂ ਦੂਰ ਨੇਸਾਰੀ ਰਾਤ ਅਸੀਂ ਕਮਰੇ ਵਿੱਚੋਂ ਬਾਹਰ ਨਹੀਂ ਨਿੱਕਲੇ। ਜਦੋਂ ਦਿਨ ਚੜ੍ਹਿਆ ਤਾਂ ਮੈਂ ਆਪਣੇ ਸਾਰੇ ਕੱਪੜੇ ਇੱਕ ਲਿਫਾਫੇ ਵਿੱਚ ਪਾ ਲਏ ਕਿ ਹੁਣ ਇੱਥੇ ਨਹੀਂ ਰਹਿਣਾ

ਅਸੀਂ ਕਾਮਰੇਡ ਕੁੰਦਨ ਲਾਲ ਦੇ ਘਰ ਚਲੇ ਗਏ ਤੇ ਮੈਂ ਆਪਣੇ ਕੱਪੜੇ ਵੀ ਨਾਲ ਲੈ ਗਈਮੈਂ ਕਾਮਰੇਡ ਕੁੰਦਨ ਲਾਲ ਨੂੰ ਕਿਹਾ, “ਬਾਪੂ, ਮੈਂ ਨੀਂ ਹੁਣ ਉਸ ਘਰ ਰਹਿਣਾ’ ਉਹਨਾਂ ਸਾਰਾ ਦਿਨ ਸਾਨੂੰ ਆਪਣੇ ਘਰ ਬਿਠਾ ਰੱਖਿਆ ਤੇ ਸ਼ਾਮ ਨੂੰ ਕਿਹਾ ਕਿ ਰਵੇਲ ਸਿੰਘ (ਮੇਰਾ ਨਾਗੋਕੇ ਵਾਲਾ ਫੁੱਫੜ, ਜਿਨ੍ਹਾਂ ਨੂੰ ਬਾਅਦ ਵਿੱਚ ਅੱਤਵਾਦੀਆਂ ਨੇ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਸੀ।) ਬੰਦੂਕ ਲੈ ਕੇ ਆ ਰਿਹਾ ਹੈ, ਤੁਸੀਂ ਘਰ ਚੱਲੋ

ਬਿਨਾਂ ਮਨ ਮੰਨੇ ਮੈਨੂੰ ਫਿਰ ਉਸ ਘਰ ਆਉਣਾ ਪਿਆਰਾਤ ਨੂੰ ਜਦ ਦੁਬਾਰਾ ਬਾਹਰ ਖੜਕਾ ਹੋਇਆ ਤਾਂ ਮੇਰੇ ਫੁੱਫੜ ਨੇ ਅੰਦਰੋਂ ਅਵਾਜ ਦਿੱਤੀ, ‘ਕੌਣ ਏਂ? ਤਾਂ ਉਹ ਭੱਜ ਗਏਅਗਲੇ ਦਿਨ ਇਹ ਫੈਸਲਾ ਕੀਤਾ ਕਿ ਰਾਤ ਨੂੰ ਘਰ ਨਾ ਰਿਹਾ ਜਾਵੇਅਸੀਂ ਗੁਆਂਢ ਸ਼ਰੀਕੇ ਵਿੱਚੋਂ ਲੱਗਦੇ ਤਾਏ ਦੇ ਘਰ ਰਾਤਾਂ ਗੁਜਾਰਨੀਆਂ ਸ਼ੁਰੂ ਕਰ ਦਿੱਤੀਆਂਸ਼ਾਮ ਨੂੰ ਵੇਲੇ ਨਾਲ ਰੋਟੀ ਖਾ ਕੇ ਉਹਨਾਂ ਦੇ ਘਰ ਚਲੇ ਜਾਣਾ ਤੇ ਸਵੇਰੇ ਜਲਦੀ ਆ ਜਾਣਾਇੱਕ ਸ਼ਾਮ ਤਾਈ ਬਹੁਤ ਘਬਰਾਈ ਹੋਈ ਸਾਡੇ ਘਰ ਆਈ। ਉਸਨੇ ਮੇਰੀ ਭੂਆ ਨੂੰ ਕਿਹਾ ਕਿ ਅਸੀਂ ਝਬਾਲ ਤੋਂ ਆ ਰਹੇ ਸਾਂ ਕਿ ਰਸਤੇ ਵਿੱਚ ‘ਮੁਕਾਬਲਾ’ ਹੋ ਰਿਹਾ ਸੀ। ਅਸੀਂ ਮਸਾਂ ਜਾਨ ਬਚਾ ਕੇ ਆਏ ਹਾਂ, ਤੁਸੀਂ ਜਲਦੀ ਆ ਜੋ ਰੋਟੀ ਖਾ ਕੇ

ਇਹ ਸੁਣ ਕੇ ਮੇਰੀਆਂ ਤਾਂ ਲੱਤਾਂ ਹੀ ਜਾਮ ਹੋ ਗਈਆਂਭੂਆ ਨੇ ਜਲਦੀ-ਜਲਦੀ ਕੰਮ ਸਮੇਟਣਾ ਸ਼ੁਰੂ ਕਰ ਦਿੱਤਾਭੂਆ ਜਦੋਂ ਮੈਨੂੰ ਕੁਝ ਅੰਦਰੋਂ ਲੈ ਕੇ ਆਉਣ ਨੂੰ ਕਹਿੰਦੀ ਤਾਂ ਮੈਂ ਮਨ ਹੀ ਮਨ ਭੂਆ ਨੂੰ ਕੋਸਦੀ, ਕਿਉਂਕਿ ਉਹਨਾਂ ਕਮਰਿਆਂ ਵਿੱਚ ਵੜਦਿਆਂ ਮੈਨੂੰ ਦਿਨੇ ਹੀ ਡਰ ਲੱਗਦਾ ਸੀਅਸੀਂ ਜਲਦੀ ਨਾਲ ਕੰਮ ਨਿਬੇੜ ਕੇ ਤਾਏ ਦੇ ਘਰ ਵੱਲ ਤੁਰ ਪਈਆਂਹਨੇਰਾ ਹੋ ਚੁੱਕਾ ਸੀ ਅਤੇ ਝੋਨਾ ਲਗਾਉਣ ਲਈ ਖੇਤਾਂ ਵਿੱਚ ਹਰ ਪਾਸੇ ਪਾਣੀ ਲੱਗਾ ਹੋਇਆ ਸੀਜਦੋਂ ਅਸੀਂ ਕਾਹਲੀ-ਕਾਹਲੀ ਤੁਰੇ ਜਾ ਰਹੇ ਸੀ ਕਿ ਅਚਾਨਕ ਪੁਲਿਸ ਵੱਲੋਂ ਛੱਡੇ ਰਾਕਟ ਲਾਂਚਰ ਨੇ ਚਾਰ-ਚੁਫੇਰੇ ਮਣਾਂ ਮੂੰਹੀਂ ਚਾਨਣ ਕਰ ਦਿੱਤਾਸਾਡੇ ਸਭ ਦੇ ਸਾਹ ਰੁਕ ਗਏ ਤੇ ਮੈਨੂੰ ਲੱਗਾ ਕਿ ਉਹਨਾਂ ਸਾਨੂੰ ਦੇਖ ਲਿਆ ਹੈ, ਹੁਣ ਅਸੀਂ ਨਹੀਂ ਬਚਦੇਲੱਤਾਂ ਭਾਰ ਨਹੀਂ ਸਨ ਚੁੱਕ ਰਹੀਆਂ। ਅਸੀਂ ਡਿੱਗਦੇ ਢਹਿੰਦੇ ਜਦ ਤਾਏ ਦੇ ਘਰ ਪਹੁੰਚੇ ਤਾਂ ਕਮਰ ਤੱਕ ਚਿੱਕੜ ਨਾਲ ਲਿੱਬੜ ਚੁੱਕੇ ਸੀ

ਮੈਨੂੰ ਰੋਜ ਰਾਤ ਨੂੰ ਕਿਸੇ ਦੇ ਘਰ ਜਾ ਕੇ ਸੌਣਾ ਚੰਗਾ ਨਹੀਂ ਸੀ ਲੱਗਦਾਮੈਂ ਆਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ਲੁਕ-ਲੁਕ ਰੋਂਦੀ ਰਹਿਣਾ(ਕਿਉਂਕਿ ਮੈਂ ਕਿਸੇ ਸਹਾਮਣੇ ਆਪਣੇ-ਆਪ ਨੂੰ ਤਰਸ ਦੀ ਪਾਤਰ ਨਹੀਂ ਬਣਾਉਣਾ ਚਾਹੁੰਦੀ ਸੀ) ਇਸੇ ਕਾਰਨ ਸੋਹਲ ਪਿੰਡ ਰਹਿ ਸਕਣਾ ਮੇਰੇ ਲਈ ਬਹੁਤ ਔਖਾ ਹੋ ਗਿਆਮੈਂ ਨਿੱਕੀ-ਨਿੱਕੀ ਗੱਲ ’ਤੇ ਭੂਆ ਨਾਲ ਝਗੜਾ ਕਰਦੀ ਤੇ ਜਦੋਂ ਦਿਲ ਕਰਦਾ ਝਬਾਲ ਸ਼ੈਲਰ ’ਤੇ ਪਹੁੰਚ ਜਾਂਦੀਅਖੀਰ ਮੈਨੂੰ ਵੀ ਭੈਣ ਜੀ ਵਿਮਲਾ ਡਾਂਗ ਹੁਰਾਂ ਪਟਿਆਲੇ ਅਨਾਥ ਆਸ਼ਰਮ ਵਿੱਚ ਛੋਟੀ ਭੈਣ ਕੋਲ ਪਹੁੰਚਾਉਣ ਦਾ ਪ੍ਰਬੰਧ ਕਰ ਦਿੱਤਾਕਾਮਰੇਡ ਦਵਿੰਦਰ ਸੋਹਲ ਅਤੇ ਕਾਮਰੇਡ ਕਮਲ ਕ੍ਰਾਂਤੀ ਮੈਨੂੰ ਉੱਥੇ ਛੱਡ ਆਏਆਸ਼ਰਮ ਦੇ ਵਿੱਚ ਅਨਾਥ ਬੱਚਿਆਂ ਦੇ ਨਾਲ ਕੀਤੇ ਜਾਂਦੇ ਵਿਹਾਰ ਨੇ ਵੀ ਮੈਨੂੰ ਪ੍ਰੇਸ਼ਾਨ ਕਰ ਦਿੱਤਾ, ਜਿਸ ਕਾਰਨ ਮੈਂ ਵੀਰ ਗੁਰਬਿੰਦਰ ਅਤੇ ਭੈਣ ਵੀਰਇੰਦਰ ਨੂੰ ਚਿੱਠੀਆਂ ਲਿਖ-ਲਿਖ ਕੇ ਆਸ਼ਰਮ ਵਿੱਚੋਂ ਸਾਨੂੰ ਲੈ ਜਾਣ ਲਈ ਮਜਬੂਰ ਕਰ ਦਿੱਤਾ

ਬਾਰ੍ਹਵੀਂ ਕਰਨ ਤੋਂ ਬਾਅਦ ਮੈਂ ਭਾਜੀ ਬਲਕਾਰ ਵਲਟੋਹਾ (ਜੋ ਮੇਰੀ ਭੈਣ ਵਰਿੰਦਰ ਦੇ ਪਤੀ ਅਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਪ੍ਰਧਾਨ ਨੇ) ਦੀ ਸਲਾਹ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾਖਲਾ ਲੈ ਲਿਆਦਸੰਬਰ 1996 ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗੇ ਲੱਗੇ ਇੱਕ ਸਿਧਾਂਤਕ ਕੈਂਪ ਵਿੱਚ ਭਾਜੀ ਬਲਕਾਰ ਪਹਿਲੀ ਵਾਰ ਮੈਨੂੰ ਲੈ ਕੇ ਗਏਇਹ ਕੈਂਪ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਲਗਾਇਆ ਗਿਆ ਸੀਇਸ ਭਵਨ ਦੀਆਂ ਪੌੜੀਆਂ ਕੀ ਚੜ੍ਹੀ, ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ

ਏ.ਆਈ.ਐੱਸ.ਐੱਫ. ਅਤੇ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਪਹਿਲੀ ਵਾਰ 28 ਸਤੰਬਰ 1997 ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਪਰਮਗੁਣੀ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆਅਗਲੇ ਸਾਲ ਇਸੇ ਦਿਨ ਵੱਡੀ ਰੈਲੀ ਮੋਗੇ ਕਰਕੇ ‘ਰੁਜ਼ਗਾਰ ਪ੍ਰਾਪਤੀ ਚੇਤਨਾ ਮੁਹਿੰਮ’ ਦਾ ਆਰੰਭ ਕੀਤਾਇਸ ਮੁਹਿੰਮ ਨੂੰ ਕਾਮਯਾਬੀ ਨਾਲ ਚਲਾਉਣ ਲਈ ਵੱਡੀ ਗਿਣਤੀ ਵਿੱਚ ਆਗੂ ਮੁੰਡੇ ਕੁੜੀਆਂ ਦੀ ਲੋੜ ਸੀਇਸ ਲੋੜ ਨੂੰ ਪੂਰਾ ਕਰਨ ਲਈ ਮੋਗੇ ਭਵਨ ਵਿੱਚ ਬਾਈ ਜਗਰੂਪ ਵੱਲੋਂ ਪੂਰੀ-ਪੂਰੀ ਰਾਤ ਦੇ ਕੈਂਪ ਲਗਾ ਕੇ ਮੁੰਡੇ-ਕੁੜੀਆਂ ਨੂੰ ਸਟੇਜ ’ਤੇ ਬੋਲਣਾ ਸਿਖਾਉਣ ਦੀ ਸਖਤ ਮਿਹਨਤ ਕੀਤੀ ਗਈਉਹਨਾਂ ਵੱਲੋਂ ਨੌਜਵਾਨਾਂ ਨੂੰ ਸਿਧਾਂਤਕ ਤੌਰ ’ਤੇ ਪ੍ਰਪੱਕ ਕਰਨ ਦੇ ਯਤਨ ਅੱਜ ਵੀ ਜਾਰੀ ਹਨ‘ਨਛੱਤਰ ਭਵਨ’ ਵਿੱਚ ਹੀ ਮੈਂ ਸਟੇਜ ’ਤੇ ਬੋਲਣਾ ਸਿੱਖਿਆ

ਏ.ਆਈ.ਐੱਸ.ਐੱਫ. ਦੀ ਸੂਬਾ ਕੌਂਸਲ ਮੈਂਬਰ ਬਨਣ ਤੋਂ ਬਾਅਦ ਅੱਗੇ ਚੱਲਦਿਆਂ ਦਲਵੀਰ ਕੌਰ ਧੂੜਕੋਟ ਤੋਂ ਮਗਰੋਂ ਸੂਬਾ ਪ੍ਰਧਾਨ ਦੇ ਤੌਰ ’ਤੇ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਭਾਜੀ ਬਲਕਾਰ ਮੈਨੂੰ ਇਸ ਪਾਸੇ ਤੋਰਨ ਵਾਲੇ ਪਹਿਲੇ ਇਨਸਾਨ ਹਨ ਤਾਂ ਕਾ. ਪ੍ਰਿਥੀਪਾਲ ਮਾੜੀਮੇਘਾ ਬਹੁਤ ਸਾਰੇ ਪ੍ਰੋਗਰਾਮਾਂ ’ਤੇ ਨਾਲ ਲੈ ਕੇ ਜਾਂਦੇ ਅਤੇ ਇਕੱਲੀ ਜਾਣ ਦਾ ਹੌਸਲਾ ਵੀ ਦਿੰਦੇਜਿਵੇਂ ਪਰਵਾਰ ਵਿੱਚ ਸਾਨੂੰ ਪੰਜਾਂ ਭੈਣਾਂ ਨੂੰ ਪਾਪਾ ਨੇ ਕਦੇ ਇਹ ਅਹਿਸਾਸ ਨਾ ਹੋਣ ਦਿੱਤਾ ਕਿ ਅਸੀਂ ਕੁੜੀਆਂ ਹਾਂ, ਪੁੱਤਾਂ ਵਾਂਗ ਹੀ ਉਹਨਾਂ ਸਾਨੂੰ ਬਹੁਤ ਪਿਆਰ ਦਿੱਤਾਜਦੋਂ ਬਚਪਨ ਵਿੱਚ ਮੇਰੀ ਲੱਤ ਟੁੱਟ ਗਈ ਤਾਂ ਸ਼ਰੀਕੇ ਵਿੱਚੋਂ ਕਈਆਂ ਨੇ ਕਿਹਾ ਕਿ ਸਵਰਨ ਤੇਰੀਆਂ ਵਾਧੂ ਧੀਆਂ, ਇਹਨੂੰ ਬੱਜਾ-ਰੱਤੀ ਨੂੰ ਕਿੱਥੇ ਚੱਕੀ ਫਿਰੇਂਗਾ, ਕਿਸੇ ਖੂਹ ਖਾਤੇ ਵਿੱਚ ਧੱਕਾ ਦੇ ਦੇ’ ਪਰ ਪਾਪਾ ਨੇ ਸਭ ਨੂੰ ਠੋਕਵਾਂ ਜਵਾਬ ਦਿੰਦਿਆਂ ਕਹਿਣਾ, ‘ਇਹ ਮੇਰੀ ਧੀ ਨਹੀਂ, ਮੇਰਾ ਪੁੱਤ ਈ ਆ ਉਹਨਾਂ ਦੋ-ਤਿੰਨ ਮਹੀਨੇ ਪੂਰੀ ਭੱਜ-ਨੱਠ ਕਰਕੇ ਮੇਰਾ ਵਧੀਆ ਇਲਾਜ ਕਰਵਾਇਆਮੈਂ ਜਿਵੇਂ ਪਰਵਾਰ ਵਿੱਚ ਵੇਖਿਆ ਤੇ ਕਮਿਊਨਿਸਟਾਂ ਬਾਰੇ ਸੁਣਿਆ ਸੀ ਕਿ ਉਹ ਮੁੰਡੇ ਕੁੜੀ ਵਿੱਚ ਭੇਦਭਾਵ ਨਹੀਂ ਕਰਦੇ, ਇਵੇਂ ਹੀ ਜਥੇਬੰਦੀਆਂ ਵਿੱਚ ਵਿਚਰਦਿਆਂ ਮੈਂ ਮਹਿਸੂਸ ਕੀਤਾਮੈਨੂੰ ਕਦੇ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਇੱਕ ਲੜਕੀ ਹਾਂਇੱਕ ਲੜਕੀ ਹੋਣ ਦੇ ਬਾਵਜੂਦ ਲੜਕਿਆਂ ਦੇ ਬਰਾਬਰ ਕੰਮ ਕਰਨ ਦਾ ਮੌਕਾ ਮਿਲਿਆ

2004 ਵਿੱਚ ਮੇਰਾ ਵਿਆਹ ਮੋਗੇ ਸਾਥੀ ਬਲਵਿੰਦਰ ਮਿੱਠਾ ਨਾਲ ਹੋ ਗਿਆਜਥੇਬੰਦੀ ਵਿੱਚ ਜਿਵੇਂ ਮੈਂ ਵਿਆਹ ਤੋਂ ਪਹਿਲਾਂ ਕੰਮ ਕਰਦੀ ਸੀ, ਸਾਥੀ ਨੇ ਉਸ ਤੋਂ ਵੀ ਵੱਧ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀਮੇਰੇ ਨਾਲ ਕੰਮ ਕਰਦੀਆਂ ਜ਼ਿਆਦਾਤਰ ਲੜਕੀਆਂ ਦੀ ਵਿਆਹ ਤੋਂ ਬਾਅਦ ਜਥੇਬੰਦੀ ਵਿੱਚ ਓਨੀ ਸਰਗਰਮੀ ਨਾ ਰਹੀਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਂ ਅੱਜ ਵੀ ਲਹਿਰ ਵਿੱਚ ਆਪਣਾ ਬਣਦਾ ਰੋਲ ਅਦਾ ਕਰ ਰਹੀ ਹਾਂਜਥੇਬੰਦੀ ਵਿੱਚ ਵਿਚਰਦਿਆਂ ਅਣਗਿਣਤ ਅਜਿਹੇ ਰਿਸ਼ਤੇ ਮਿਲੇ ਜਿਨ੍ਹਾਂ ਨੇ ਬਚਪਨ ਵਿੱਚ ਰਿਸ਼ਤਿਆਂ ਦੀ ਪਈ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ ਕੀਤੀਆਮ ਕੁੜੀਆਂ ਦੇ ਪੇਕੇ ਤਾਂ ਉਸ ਘਰ ਹੀ ਹੁੰਦੇ ਨੇ, ਜਿੱਥੇ ਉਹਨਾਂ ਜਨਮ ਲਿਆ ਹੋਵੇ ਪਰ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੈਨੂੰ ਕਈ ਘਰਾਂ ਵਿੱਚ ਪੇਕਿਆਂ ਵਰਗਾ ਪਿਆਰ ਮਿਲਿਆਪ੍ਰਿਥੀਪਾਲ ਮਾੜੀਮੇਘਾ ਤੇ ਭਾਬੀ ਰੁਪਿੰਦਰ, ਦਵਿੰਦਰ ਸੋਹਲ ਤੇ ਸੀਮਾ ਸੋਹਲ, ਕਾ. ਗੁਰਮੇਲ ਮੋਗਾ, ਹਰਲਾਭ ਦੂਹੇਵਾਲਾ (ਮੁਕਤਸਰ), ਹੰਸ ਰਾਜ ਗੋਲਡਨ ਆਦਿਸੀਨੀਅਰ ਸਾਥੀਆਂ ਵੱਲੋਂ ਵਧੀਆ ਸਾਥ ਅਤੇ ਹੌਸਲਾ ਹਫਜਾਈ ਮਿਲੀਬਰਾਬਰ ਦੇ ਅਤੇ ਛੋਟਿਆਂ ਵੱਲੋਂ ਵੀ ਬਹੁਤ ਇੱਜ਼ਤ ਮਾਣ ਮਿਲਿਆਨਵਿਆਂ ਵਿੱਚੋਂ ਸੁਖਜਿੰਦਰ ਮਹੇਸਰੀ (ਸੂਬਾ ਸਕੱਤਰ ਸਰਵ ਭਾਰਤ ਨੌਜਵਾਨ ਸਭਾ, ਪੰਜਾਬ) ਜਿਸਦਾ ਸਾਥੀ ਬਲਵਿੰਦਰ ਮਿੱਠੇ ਨਾਲ ਰਿਸ਼ਤਾ ਦੋਸਤੀ ਤੋਂ ਸ਼ੁਰੂ ਹੋ ਕੇ ਅੱਜ ਭਰਾਵਾਂ ਤੋਂ ਵੀ ਵੱਧ ਹੈਪਤਾ ਹੀ ਨਹੀਂ ਲੱਗਾ ਕਦੋਂ ਉਹ ਸਾਡੇ ਪਰਵਾਰ ਦਾ ਅਟੁੱਟ ਅੰਗ ਬਣ ਗਿਆਉਹ ਹਮੇਸ਼ਾ ਸਾਨੂੰ ਪੜ੍ਹਨ-ਲਿਖਣ ਲਈ ਪ੍ਰੇਰਦਾ ਰਹਿੰਦਾ

ਜੇ ਮੈਂ ਬਹੁਤ ਕੁਝ ਖੋਇਆ ਹੈ ਤਾਂ ਬਹੁਤ ਕੁਝ ਪਾਇਆ ਵੀ ਹੈਜਥੇਬੰਦੀਆਂ ਵਿੱਚ ਵਿਚਰਦਿਆਂ ਹੀ ਸੀ.ਪੀ.ਆਈ. ਦੀ 2002 ਸੰਗਰੂਰ ਹੋਈ ਸੂਬਾ ਕਾਨਫਰੰਸ ਵਿੱਚ ਪਹਿਲੀ ਵਾਰ ਸ਼ਾਮਲ ਹੋ ਕੇ ਵਿੱਦਿਆ ਬਾਰੇ ਮਤਾ ਪੇਸ਼ ਕਰਨ ਦਾ ਮੌਕਾ ਮਿਲਿਆਇੱਥੇ ਹੀ ਪਹਿਲੀ ਵਾਰ ਪਾਰਟੀ ਦੀ ਸੂਬਾ ਕੌਂਸਲ ਮੈਂਬਰ ਚੁਣੀ ਗਈਜਲੰਧਰ ਵਿੱਚ ਹੋਈ ਪਾਰਟੀ ਦੀ ਕਾਨਫਰੰਸ ਵਿੱਚ ਸਭ ਤੋਂ ਛੋਟੀ ਉਮਰ ਦੀ ਸੂਬਾ ਕਾਰਜਕਰਨੀ ਮੈਂਬਰ ਬਣੀਜਦੋਂ ਹਰ ਇਕੱਠ ਵਿੱਚ ਸ਼ਾਮਲ ਹੋਏ ਅਣਗਿਣਤ ਹੱਥਾਂ ਦਾ ਸਿਰ ’ਤੇ ਪਿਆਰ ਮਿਲਦਾ ਹੈ ਤਾਂ ਹੋਰ ਅੱਗੇ ਵਧ ਕੇ ਕੰਮ ਕਰਨ ਦਾ ਉਤਸ਼ਾਹ ਮਿਲਦਾ ਹੈ

ਇੱਕੀ ਸਾਲ ਬਾਅਦ ਪੀੜ੍ਹੀ ਬਦਲ ਜਾਂਦੀ ਹੈਸਾਡੇ ਪਰਵਾਰ ਦੀ ਪੀੜ੍ਹੀ ਵੀ ਬਦਲ ਚੁੱਕੀ ਹੈਉਦੋਂ ਅਸੀਂ ਬੱਚੇ ਸੀ, ਅੱਜ ਸਾਡੇ ਬੱਚੇ ਨੇਬੱਚਿਆਂ ਨੂੰ ਜਦ ਉਸ ਘਟਨਾ ਬਾਰੇ ਦੱਸਦੇ ਹਾਂ ਤਾਂ ਉਹਨਾਂ ਨੂੰ ਯਕੀਨ ਨਹੀਂ ਆਉਂਦਾ। ਉਹ ਇਸ ਨੂੰ ਇੱਕ ਕਹਾਣੀ ਵਾਂਗ ਹੀ ਸਮਝਦੇ ਨੇ। ਜਿਵੇਂ ਅਸੀਂ ਛੋਟੇ ਹੁੰਦਿਆਂ 1947 ਦੀਆਂ ਘਟਨਾਵਾਂ ਬਾਰੇ ਸੁਣਦੇ ਹੁੰਦੇ ਸੀ ਤਾਂ ਸਾਨੂੰ ਵੀ ਉਹ ਸੱਚ ਨਹੀਂ ਲੱਗਦੀਆਂ ਸਨਪਰ ਆਪਣੇ ਨਾਲ ਵਾਪਰੀ ਘਟਨਾ ਤੋਂ ਬਾਅਦ ਯਕੀਨ ਆਇਆ ਕਿ ਜਿਹੜਾ ਹੱਢੀਂ ਹੰਢਾਉਂਦਾ ਹੈ, ਉਹੀ ਇਸਦਾ ਦਰਦ ਮਹਿਸੂਸ ਕਰ ਸਕਦਾ ਹੈ

ਹੁਣ ਫਿਰ ਸਾਡਾ ਸਮਾਜ ਕਈ ਸਮੱਸਿਆਵਾਂ ਵਿੱਚ ਉਲਝਿਆ ਹੋਇਆ ਹੈ। ਖਾਸ ਕਰ ਜਵਾਨੀ ਕੋਈ ਕੰਮ ਨਾ ਮਿਲਣ ਕਾਰਨ ਆਤਮ ਹੱਤਿਆ ਜਾਂ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ। ਹਜ਼ਾਰਾਂ ਘਰ ਇਸਦੀ ਲਪੇਟ ਵਿੱਚ ਆ ਚੁੱਕੇ ਹਨ। ਜੇ ਇਹਨਾਂ ਵਿਹਲੇ ਹੱਥਾਂ ਨੂੰ ਯੋਗ ਕੰਮ ’ਤੇ ਨਾ ਲਗਾਇਆ ਗਿਆ ਤਾਂ ਸਾਡੇ ਸਮਾਜ ਲਈ ਇਸਦੇ ਨਤੀਜੇ ਬਹੁਤ ਮਾੜੇ ਨਿੱਕਲਣਗੇਅਸੀਂ ਪਹਿਲਾਂ ਹੀ ਘਰਾਂ ਦੀ ਮਾੜੀ ਹਾਲਤ ਅਤੇ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਕੰਮ ਦੇ ਯੋਗ ਮੌਕੇ ਨਾ ਦੇਣ ਕਾਰਨ, ਤਵਾਦ ਦੇ ਰੂਪ ਵਿੱਚ ਇਸਦਾ ਸੰਤਾਪ ਹੰਢਾ ਚੁੱਕੇ ਹਾਂ, ਜਿਸ ਵਿੱਚ ਹਜਾਰਾਂ ਬੇਕਸੂਰ ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਔਰਤਾਂ ਦੀ ਜਾਨ ਗਈ - ਪੰਜਾਬ ਦੀ ਇੱਜ਼ਤ, ਅਣਖ ਦਾ ਘਾਣ ਹੋਇਆਆਰਥਿਕ ਪੱਖੋਂ ਵੀ ਮਾਰ ਸਹਿਣੀ ਪਈਇਸ ਦੌਰ ਵਿੱਚ ਹੋਏ ਵੱਡੇ ਜਾਨੀ-ਮਾਲੀ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ

ਅੱਜ ਕਿਸਾਨਾਂ ਦੀ ਜ਼ਮੀਨ ਦੀ ਢੇਰੀ ਹਰ ਰੋਜ਼ ਛੋਟੀ ਹੋ ਰਹੀ ਹੈ ਤੇ ਕਰਜੇ ਦੀ ਪੰਡ ਭਾਰੀ, ਜਿਸ ਕਾਰਨ ਉਹ ਖੁਦਕਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨਮਜਦੂਰਾਂ ਨੂੰ ਰੱਜਵੀਂ ਰੋਟੀ ਲਈ ਆਪਣਾ ਆਪ ਵੇਚਣਾ ਪੈ ਰਿਹਾ ਹੈਇਲਾਜ ਖੁਣੋਂ ਲੋਕ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨਨੌਜਵਾਨਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਕੰਮ ਨਾ ਦੇ ਕੇ, ਯੋਗਤਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈਉਹ ਸਰਕਾਰਾਂ ਦਾ ਆਪਣੇ ਵੱਲ ਧਿਆਨ ਖਿੱਚਣ ਲਈ ਜਾਨ ਜੋਖਮ ਵਿੱਚ ਪਾ ਕੇ ਟੈਂਕੀਆਂ ’ਤੇ ਚੜ੍ਹ ਰਹੇ ਹਨਠੇਕੇਦਾਰੀ ਸਿਸਟਮ ਅਧੀਨ ਆਰਜ਼ੀ ਰੁਜ਼ਗਾਰ ਵਿੱਚ ਲੱਗੇ ਲੱਖਾਂ ਨੌਜਵਾਨ ਮਜਬੂਰੀ ਵੱਸ ਬਹੁਤ ਘੱਟ ਤਨਖਾਹਾਂ ’ਤੇ ਆਪਣਾ ਸ਼ੋਸ਼ਣ ਕਰਵਾ ਰਹੇ ਹਨ ਸਵਾਰਥੀ ਘਰਾਣੇ/ਸਰਕਾਰਾਂ ਲੋਕਾਂ ਦਾ ਇਹਨਾਂ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਕਰਨ ਲਈ, ਖਾਸ ਕਰ ਜਵਾਨੀ ਨੂੰ ਇੰਟਰਨੈੱਟ ਅਤੇ ਹੋਰ ਸਾਧਨਾਂ ਰਾਹੀਂ ਕੁਰਾਹੇ ਪਾਉਣ ਲਈ ਯਤਨਸ਼ੀਲ ਹਨਉਹਨਾਂ ਨੂੰ ਭਾੜੇ ਦੇ ਗੁੰਡੇ ਬਣਨ ਅਤੇ ਹੋਰ ਸਮਾਜਿਕ ਬੁਰਾਈਆਂ ਵੱਲ ਤੋਰਿਆ ਜਾ ਰਿਹਾਇਸ ਸਭ ਦਾ ਮੁੱਖ ਕਾਰਨ ਹੈ ਬੇਰੁਜ਼ਗਾਰੀਸਭ ਨੂੰ ਰੁਜ਼ਗਾਰ ਦੇਣਾ ਹੀ ਇਸਦਾ ਇੱਕੋ ਇੱਕ ਹੱਲ ਹੈਇਸ ਲਈ ਪਾਰਲੀਮੈਂਟ ਦੁਆਰਾ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ (BNEGA) ਪਾਸ ਕਰਵਾਉੇਣ ਲਈ ਯਤਨ ਤੇਜ਼ ਕਰੀਏਇਸ ਕਾਨੂੰਨ ਤਹਿਤ ਹਰ ਇੱਕ ਨੂੰ ਉਸਦੀ ਯੋਗਤਾ ਅਨੁਸਾਰ ਕੰਮ ਜਾਂ ਕੰਮ ਇੰਤਜ਼ਾਰ ਭੱਤਾ ਹਾਸਲ ਕਰਨ ਦੀ ਗਰੰਟੀ ਬਣੇਅਸੀਂ ਨੌਜਵਾਨ-ਵਿਦਿਆਰਥੀਆਂ ਨੇ ‘ਰੁਜ਼ਗਾਰ ਪ੍ਰਾਪਤੀ ਮੁਹਿੰਮ’ ਵੱਲੋਂ ਇਸ ਕਾਨੂੰਨ ਦੀ ਪ੍ਰਾਪਤੀ ਲਈ, ਨੌਜਵਾਨਾਂ ਨੂੰ ਚੇਤਨ ਅਤੇ ਲਾਮਬੰਦ ਕਰਦਿਆਂ 23 ਮਾਰਚ 2015 ਹੁਸੈਨੀਵਾਲਾ ਤੋਂ ਦਸਤਖਤੀ ਮੁਹਿੰਮ ਆਰੰਭੀ ਹੋਈ ਹੈਆਓ ਇਸ ਵਿੱਚ ਬਣਦਾ ਯੋਗਦਾਨ ਪਾਉਂਦਿਆਂ, ਰਲ ਕੇ ਇਸ ਸਮਾਜ ਨੂੰ ਬਦਲਣ ਦਾ ਤਹੱਈਆ ਕਰੀਏ

*****

(1289)

About the Author

ਨਰਿੰਦਰ ਕੌਰ ਸੋਹਲ

ਨਰਿੰਦਰ ਕੌਰ ਸੋਹਲ

Phone: (91 - 94641 - 13255)
Email: (sohalnarinder35@gmail.com)

More articles from this author