“ਫਿਰ ਵਿਹੜੇ ਵਿੱਚ ਸਾਰੇ ਪਰਿਵਾਰ ਉੱਤੇ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਹੋਣ ਕਾਰਨ ਸਾਡੀ ਮਾਂ, ਦਾਦੀ ਤੇ ਛੋਟੀ ਭੈਣ ...”
(24 ਜੁਲਾਈ 2022)
ਮਹਿਮਾਨ: 589.
ਅੱਜ ਜਦੋਂ ਸ਼ਹੀਦ ਕਾਮਰੇਡ ਸਵਰਨ ਸਿੰਘ ਸੋਹਲ ਅਤੇ ਪਰਿਵਾਰਕ ਮੈਂਬਰਾਂ ਦੀ 35ਵੀਂ ਬਰਸੀ ’ਤੇ ਉਹਨਾਂ ਨੂੰ ਯਾਦ ਕਰ ਰਹੇ ਤਾਂ ਦੇਸ਼ ‘ਅਗਨੀਪਥ ਯੋਜਨਾ’ ਦਾ ਸੇਕ ਹੰਢਾ ਰਿਹਾ ਹੈ, ਜਿਸ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਜਵਾਨਾਂ ਦੀ ਸਿੱਧੀ ਤੇ ਪੱਕੀ ਭਰਤੀ ਨੂੰ ਰੋਕ ਦਿੱਤਾ ਗਿਆ ਹੈ। ਹੁਣ ਤੋਂ ਫੌਜ ਵਿੱਚ ਭਰਤੀ ਸਿਰਫ 4 ਸਾਲ ਲਈ ਠੇਕੇ ’ਤੇ ਹੀ ਹੋਵੇਗੀ। ਇਹਨਾਂ ‘ਅਗਨੀਵੀਰਾਂ’ ਨੂੰ ਨਾ ਕੋਈ ਰੈਂਕ ਅਤੇ ਨਾ ਹੀ ਕੋਈ ਪੈਨਸ਼ਨ ਮਿਲੇਗੀ। ਚਾਰ ਸਾਲ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਸਿਰਫ਼ ਇੱਕ ਚੌਥਾਈ ਨੂੰ ਹੀ ਫ਼ੌਜ ਵਿੱਚ ਪੱਕੀ ਨੌਕਰੀ ਦਿੱਤੀ ਜਾਵੇਗੀ ਤੇ ਬਾਕੀ ਘਰਾਂ ਨੂੰ ਤੋਰ ਦਿੱਤੇ ਜਾਣਗੇ, ਜਿਸ ਨਾਲ ਛਾਲਾਂ ਮਾਰਕੇ ਵਧ ਰਹੀ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਹੋਵੇਗਾ।
ਦੇਸ਼ ਵਿਆਪੀ ਚਰਚਾ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਇਹ ਯੋਜਨਾ ਰਾਸ਼ਟਰੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹੈ। ਸੋਚਣ ਵਾਲੀ ਗੱਲ ਹੈ ਕਿ ਇੱਕ ਫੌਜੀ ਨੂੰ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨ ਵਿੱਚ 7,8 ਸਾਲ ਲੱਗ ਜਾਂਦੇ ਹਨ। ਫਿਰ ਕੀ ਅਗਨੀਵੀਰ 4 ਸਾਲਾਂ ਦੇ ਅਰਸੇ ਵਿੱਚ ਉਹ ਤਕਨੀਕੀ ਹੁਨਰ ਅਤੇ ਸੰਸਕਾਰ ਹਾਸਲ ਕਰ ਸਕੇਗਾ, ਜਿਸਦੇ ਆਧਾਰ ’ਤੇ ਉਹ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਤਕ ਕੁਰਬਾਨ ਕਰ ਸਕੇ? ਸੱਚ ਇਹੀ ਹੈ ਕਿ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਫੌਜ ਦੇ ਮਾਣ ਸਨਮਾਨ ਅਤੇ ਕੌਮੀ ਜਜ਼ਬੇ ਨੂੰ ਢਾਹ ਲਾਈ ਜਾ ਰਹੀ ਹੈ। ਪਿਛਲੇ ਸਮੇਂ ’ਤੇ ਝਾਤ ਮਾਰੀਏ ਤਾਂ ਯਾਦ ਆਉਂਦਾ ਹੈ ਕਿ ਉਦੋਂ ਇੱਕ ਫੌਜੀ ਦੀ ਪਿੰਡ ਵਿੱਚ ਪੂਰੀ ਟੌਹਰ ਹੁੰਦੀ ਸੀ। ਲੋਕ ਬਹੁਤ ਮਾਣ ਸਨਮਾਨ ਦਿੰਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਸਰਹੱਦਾਂ ਉੱਤੇ ਰਾਖੀ ਕਰਨ ਵਾਲੇ ਇਹਨਾਂ ਫੌਜੀਆਂ ਦੀ ਬਦੌਲਤ ਹੀ ਅਸੀਂ ਸੁਖ ਦੀ ਨੀਂਦ ਸੌਂਦੇ ਹਾਂ। ਫੌਜੀ ਵੀ ਆਪਣੇ ਦੇਸ਼ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਸਨ। ਨਵੀਂ ਯੋਜਨਾ ਨਾਲ ਸਮਾਜ ਵਿੱਚੋਂ ਇਹ ਸਭ ਕੁਝ ਮਨਫੀ ਹੋ ਜਾਵੇਗਾ।
ਕਾਮਰੇਡ ਸੋਹਲ ਵੀ ਇੱਕ ਸਾਬਕਾ ਫੌਜੀ ਸਨ। ਉਹਨਾਂ ਫੌਜ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। 1965 ਦੀ ਜੰਗ ਵਿੱਚ ਉਹ ਸ਼ਾਮਲ ਸਨ। ਵੱਡੀ ਭੂਆ ਦੱਸਦੀ ਸੀ ਕਿ ਉੱਧਰੋਂ ਜੰਗ ਲੱਗਣ ਵਾਲੀ ਸੀ ਤੇ ਇੱਧਰ ਘਰ ਵਿੱਚ ਵਿਆਹ ਰੱਖਿਆ ਹੋਇਆ ਸੀ। ਸਾਡੇ ਦਾਦੇ ਨੂੰ ਪੁੱਤ ਦਾ ਫ਼ਿਕਰ ਵੱਢ ਵੱਢ ਖਾਂਦਾ, ਉਹ ਸਵੇਰੇ ਜਲਦੀ ਡੰਗਰਾਂ ਲਈ ਪੱਠੇ ਵੱਢ ਕੇ ਫੌਜੀਆਂ ਦੀ ਯੂਨਿਟ ਵਿੱਚ ਜਾ ਬੈਠਦਾ ਤੇ ਪੁੱਤ ਦੀ ਸਭ ਖਬਰ ਸਾਰ ਰੱਖਦਾ। ਘਰ ਵਿੱਚ ਸਭ ਤੋਂ ਵੱਡੀ ਧੀ, ਸਾਡੀ ਭੂਆ ‘ਪ੍ਰਕਾਸ਼ ਕੌਰ’ ਦਾ ਵਿਆਹ ਰੱਖਿਆ ਹੋਇਆ ਸੀ ਪਰ ਪਾਪਾ ਨੂੰ ਜੰਗ ਦੇ ਹਾਲਾਤ ਹੋਣ ਕਾਰਨ ਛੁੱਟੀ ਨਹੀਂ ਮਿਲੀ ਸੀ। ਉਸ ਸਮੇਂ ਬਰਾਤਾਂ ਰਾਤ ਰਹਿੰਦੀਆਂ ਸਨ ਅਤੇ ਭੂਆ ਦੀ ਬਰਾਤ ਵੀ ਘਰੇ ਆਈ ਬੈਠੀ ਸੀ। ਪਾਪਾ ਦੀ ਯੂਨਿਟ ਤਰਨਤਾਰਨ ਕੋਲ ਪਿੰਡ ‘ਕਦੀਂ’ ਬੈਠੀ ਹੋਈ ਸੀ। ਬਾਪੂ ਦੇ ਜ਼ਿਆਦਾ ਕਹਿਣ ’ਤੇ ਉਹਨਾਂ ਆਪਣੇ ਅਫਸਰ ਦੇ ਮਿਨਤਾਂ ਤਰਲੇ ਕਰਕੇ ਕੁਝ ਘੰਟਿਆਂ ਦੀ ਛੁੱਟੀ ਲੈ ਲਈ ਅਤੇ ਸਾਈਕਲ ’ਤੇ ਰਾਤ 12 ਵਜੇ ਆਪਣੇ ਘਰ ਪਹੁੰਚ ਗਏ। ਅਗਲੇ ਦਿਨ ਜਲਦੀ ਭੈਣ ਦੇ ਅਨੰਦ ਕਾਰਜ ਕਰਾ ਕੇ 10 ਕੁ ਵਜੇ ਆਪਣੀ ਮੁੱਖ ਡਿਊਟੀ ’ਤੇ ਜਾ ਹਾਜ਼ਰ ਹੋਏ।
ਫਿਰ ਜੰਗ ਖਤਮ ਹੋਣ ਤੋਂ ਬਾਅਦ, ਆਪਣੀ ਇੱਛਾ ਨਾਲ ਬਿਨਾਂ ਪੈਨਸ਼ਨ ਦੇ ਨੌਕਰੀ ਛੱਡ ਕੇ ਘਰ ਆ ਗਏ ਕਿਉਂਕਿ ਚਾਰ ਭੈਣਾਂ ਤੇ ਧੀਆਂ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਇਕੱਲਿਆਂ ਦੇ ਸਿਰ ’ਤੇ ਸੀ। ਬੇਸ਼ਕ ਘਰ ਦੀਆਂ ਮਜਬੂਰੀਆਂ ਨੇ ਉਹਨਾਂ ਨੂੰ ਫੌਜ ਵਿੱਚੋਂ ਵਾਪਸ ਆਉਣ ਲਈ ਮਜਬੂਰ ਕਰ ਦਿੱਤਾ ਸੀ ਪਰ ਦੇਸ਼ ਸੇਵਾ ਦਾ ਜਜ਼ਬਾ ਉਸੇ ਤਰ੍ਹਾਂ ਕਾਇਮ ਰਿਹਾ। ਉਹ ਜਲਦੀ ਹੀ ਪਿੰਡ ਦੇ ਕਾਮਰੇਡ ਕੁੰਦਨ ਲਾਲ ਤੇ ਕਾਮਰੇਡ ਹੰਸ ਰਾਜ ਦੇ ਸੰਪਰਕ ਵਿੱਚ ਆ ਕੇ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ। ਉਹ ਬਹੁਤ ਜਲਦੀ ਹੀ ਇੱਕ ਨਿਧੜਕ ਆਗੂ ਵਜੋਂ ਉੱਭਰੇ ਅਤੇ ਜ਼ਿਲ੍ਹਾ ਕਿਸਾਨ ਸਭਾ ਤੇ ਇਲਾਕਾ ਪਾਰਟੀ, ਦੋਹਾਂ ਦੇ ਸਹਾਇਕ ਸਕੱਤਰ ਬਣ ਗਏ। ਪਾਰਟੀ ਅਤੇ ਕਿਸਾਨ ਸਭਾ ਵੱਲੋਂ ਲੜੇ ਜਾਂਦੇ ਹਰ ਘੋਲ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਹੁੰਦੇ। ਕਈ ਮੋਰਚਿਆਂ ਦੌਰਾਨ ਭਾਵੇਂ ਜੇਲ੍ਹ ਵੀ ਜਾਣਾ ਪਿਆ ਪਰ ਉਹਨਾਂ ਕਦੇ ਹਿੰਮਤ ਅਤੇ ਹੌਸਲਾ ਕਮਜ਼ੋਰ ਨਾ ਪੈਣ ਦਿੱਤਾ। ਲੋਕਾਂ ਵਿੱਚ ਕੰਮ ਕਰਦਿਆਂ ਉਹਨਾਂ ਦੀ ਵਧ ਰਹੀ ਹਰਮਨਪਿਆਰਤਾ ਨੂੰ ਇਲਾਕੇ ਅਤੇ ਪਿੰਡ ਦੇ ਧਨਾਢ ਪਸੰਦ ਨਹੀਂ ਕਰਦੇ ਸਨ। ਅਸਲ ਵਿੱਚ ਉਹ ਕਮਿਊਨਿਸਟਾਂ ਦੇ ਵਧਦੇ ਆਧਾਰ ਨੂੰ ਰਾਜਨੀਤਕ ਤੌਰ ’ਤੇ ਆਪਣੇ ਲਈ ਖਤਰਾ ਮਹਿਸੂਸ ਕਰਦੇ ਸਨ।
ਇਸੇ ਦੌਰਾਨ ਪੰਜਾਬ ਵਿੱਚ ਅੱਤਵਾਦ ਦਾ ਦੌਰ ਸ਼ੁਰੂ ਹੋ ਗਿਆ। ਸਰਮਾਏ ਦੀ ਸਿਆਸਤ ਨੇ ਬੇਰੁਜ਼ਗਾਰੀ ਦਾ ਲਾਹਾ ਲੈਂਦਿਆਂ, ਨੌਜਾਵਨਾਂ ਨੂੰ ਗੁਮਰਾਹ ਕੀਤਾ ਤੇ ਉਹਨਾਂ ਦੇ ਹੱਥਾਂ ਵਿੱਚ ਹਥਿਆਰ ਫੜਾ ਦਿੱਤੇ। ਪੰਜਾਬ ਚਾਰੇ ਪਾਸੇ ਤੋਂ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਘਰਾਂ ਵਿੱਚ ਗ਼ਮ ਦਾ ਪਸਾਰਾ ਹੋ ਚੁੱਕਾ ਸੀ। ਖ਼ੁਸ਼ੀਆਂ ਤਾਂ ਇੰਜ ਲੱਗਦਾ ਸੀ ਜਿਵੇਂ ਖੰਭ ਲਾ ਕੇ ਕਿਤੇ ਦੂਰ ਉੱਡ ਗਈਆਂ ਹੋਣ। ਲਗਭਗ 12 ਸਾਲ ਚੱਲੇ ਇਸ ਕਾਲੇ ਦੌਰ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤਕ 25 ਹਜ਼ਾਰ ਤੋਂ ਉੱਪਰ ਜਾਨਾਂ ਗਈਆਂ, ਜਿਨ੍ਹਾਂ ਵਿੱਚ ਵਧੇਰੇ ਗਿਣਤੀ ਨੌਜਵਾਨਾਂ ਦੀ ਸੀ। ਇਸ ਮਾਹੌਲ ਦੇ ਖਿਲਾਫ ਤੇ ਭਾਈਚਾਰਕ ਸਾਂਝ ਦੇ ਹੱਕ ਵਿੱਚ ਬੋਲਣ ਵਾਲਿਆਂ ਨੇ ਬੇਸ਼ਕ ਸੀਨਿਆਂ ਉੱਪਰ ਗੋਲੀਆਂ ਖਾਧੀਆਂ ਪਰ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟੇ। ਉਦੋਂ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਵੱਲੋਂ ਇਸ ਮਾਹੌਲ ਖਿਲਾਫ ਜੂਨ ਵਿੱਚ ਇਤਿਹਾਸਕ ਦਸ ਦਿਨਾਂ ਮਾਰਚ ਕੀਤਾ ਗਿਆ ਸੀ। ਪਿੰਡ ਸੋਹਲ ਵਿੱਚ ਵੀ ਭਾਰੀ ਜਲਸਾ ਹੋਇਆ, ਜਿਸ ਕਾਰਨ ਕਾਮਰੇਡ ਸੋਹਲ ਦੁਸ਼ਮਣਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਏ। 21 ਜੁਲਾਈ 1987 ਨੂੰ ਪਿੰਡ ਵਿੱਚ ਖਰਾਬ ਹੋਈ ਫਸਲ ਦਾ ਮੁਆਵਜਾ ਵੰਡਿਆ ਜਾ ਰਿਹਾ ਸੀ। ਕਿਸਾਨ ਸਭਾ ਦੇ ਆਗੂ ਵਜੋਂ ਕਾਮਰੇਡ ਸੋਹਲ ਸਾਰਾ ਦਿਨ ਮੰਡੀ ਵਿੱਚ ਹਾਜ਼ਰ ਰਹੇ। ਹਨੇਰਾ ਹੋਣ ਕਾਰਨ ਉਸ ਰਾਤ ਆਪਣੇ ਘਰ ਹੀ ਠਹਿਰ ਗਏ। (ਵੈਸੇ ਜ਼ਿਆਦਾਤਰ ਉਹ ਸੁਰੱਖਿਆ ਵਜੋਂ ਝਬਾਲ ਸ਼ੈਲਰ ਉੱਤੇ ਠਹਿਰਦੇ ਸਨ।) ਇਸੇ ਗੱਲ ਦਾ ਫਾਇਦਾ ਉਠਾ ਕੇ ਅੱਤਵਾਦੀਆਂ ਨੇ ਰਾਤ 11 ਵਜੇ ਦੇ ਕਰੀਬ ਘਰ ਉੱਤੇ ਹਮਲਾ ਕਰ ਦਿੱਤਾ। ਉਸ ਸਮੇਂ ਕਾਮਰੇਡ ਸੋਹਲ ਅਤੇ ਘਰ ਦਾ ਕਾਮਾ ਹੀਰਾ ਸਿੰਘ ਛੱਤ ਉੱਤੇ ਤੇ ਬਾਕੀ ਸਾਰਾ ਪਰਿਵਾਰ ਵਿਹੜੇ ਵਿੱਚ ਸੁੱਤਾ ਪਿਆ ਸੀ। ਸਭ ਤੋਂ ਪਹਿਲਾਂ ਉਹਨਾਂ ਛੱਤ ਉੱਤੇ ਚੜ੍ਹ ਕੇ ਕਾਮਰੇਡ ਸੋਹਲ ’ਤੇ ਹੀ ਹਮਲਾ ਕੀਤਾ ਕਿਉਂਕਿ ਉਹ ਜਾਣਦੇ ਸਨ ਕਿ ਕਾਮਰੇਡ ਕੋਲ ਹਥਿਆਰ ਵੀ ਹੈ। ਫਿਰ ਵਿਹੜੇ ਵਿੱਚ ਸਾਰੇ ਪਰਿਵਾਰ ਉੱਤੇ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਹੋਣ ਕਾਰਨ ਸਾਡੀ ਮਾਂ, ਦਾਦੀ ਤੇ ਛੋਟੀ ਭੈਣ ਗੋਲੀਆਂ ਦਾ ਨਿਸ਼ਾਨਾ ਬਣ ਕੇ ਮੌਤ ਦੇ ਮੂੰਹ ਜਾ ਪਈਆਂ ਅਤੇ ਅਸੀਂ ਦੋ ਭੈਣਾਂ ਜ਼ਖ਼ਮੀ ਵੀ ਹੋਈਆਂ। ਬਾਕੀ ਪਰਿਵਾਰ ਨੇ ਲੁਕ ਕੇ ਜਾਨ ਬਚਾਈ। ਅੱਤਵਾਦੀਆਂ ਨੇ ਘਰ ਦੇ ਬਾਹਰੋਂ, ਪੂਰਾ ਪਰਿਵਾਰ ਖਤਮ ਕਰਨ ਦੀ ਤਸੱਲੀ ਤਕ ਗੋਲੀ ਚਲਾਈ। ਪਰ ਉਹ ਘਰ ਦੇ ਅੰਦਰ ਆਉਣ ਦੀ ਹਿੰਮਤ ਨਾ ਕਰ ਸਕੇ।
ਅੱਤਵਾਦੀਆਂ ਦੇ ਜਾਣ ਤੋਂ ਬਾਅਦ ਵੀ ਛੱਤ ’ਤੇ ਕੀ ਵਾਪਰ ਚੁੱਕਾ ਸੀ, ਕਿਸੇ ਨੂੰ ਕੁਝ ਪਤਾ ਨਹੀਂ ਸੀ ਅਤੇ ਨਾ ਹੀ ਵੇਖਣ ਦਾ ਹੌਸਲਾ। ਅਸੀਂ ਸਾਰੀ ਰਾਤ ਸਾਹ ਰੋਕੀ ਕਦੀ ਅੰਦਰ ਅਤੇ ਕਦੀ ਬਾਹਰ ਤੁਰੇ ਫਿਰਦੇ ਰਹੇ। ਉਸ ਸਮੇਂ ਇੰਜ ਲੱਗਦਾ ਸੀ ਜਿਵੇਂ ਰਾਤ ਬਹੁਤ ਲੰਮੀ ਹੋ ਗਈ ਹੋਵੇ। ਸਵੇਰੇ ਚਾਰ ਕੁ ਵਜੇ ਪਿੰਡ ਦੇ ਕੁਝ ਮੋਹਤਬਰ ਬੰਦੇ ਘਰ ਆਏ ਤੇ ਸਾਡੇ ਭਰਾ ਨੂੰ ਆਪਣੇ ਨਾਲ ਲੈ ਗਏ। ਫਿਰ ਜਿਉਂ ਜਿਉਂ ਦਿਨ ਚੜ੍ਹ ਰਿਹਾ ਸੀ, ਇਕੱਠ ਵਧਦਾ ਜਾ ਰਿਹਾ ਸੀ। ਸਾਨੂੰ ਜ਼ਖ਼ਮੀ ਭੈਣਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਅਸੀਂ ਪਰਿਵਾਰ ਦਾ ਆਖਰੀ ਵਾਰ ਮੂੰਹ ਵੀ ਨਾ ਵੇਖ ਸਕੀਆਂ। ਇੰਜ ਇੱਕ ਹੱਸਦਾ ਖੇਡਦਾ ਪਰਿਵਾਰ ਮਿੰਟਾਂ ਵਿੱਚ ਹੀ ਉੱਜੜ ਗਿਆ।
ਬੇਸ਼ਕ ਅੱਤਵਾਦ ਦਾ ਉਹ ਕਾਲਾ ਦੌਰ ਆਇਆ ਤੇ ਚਲਾ ਗਿਆ ਪਰ ਜੋ ਜ਼ਖ਼ਮ ਉਹ ਸਾਨੂੰ ਦੇ ਗਿਆ, ਉਹ ਕਦੇ ਭਰੇ ਨਹੀਂ ਜਾ ਸਕੇ। ਮਾਂ ਬਾਪ ਦੀ ਘਾਟ ਕਦੇ ਪੂਰੀ ਨਹੀਂ ਹੁੰਦੀ। ਅੱਜ ਵੀ ਕਈ ਮੌਕੇ ਅਜਿਹੇ ਆਉਂਦੇ ਹਨ ਜਦੋਂ ਦਿਲ ਕਰਦਾ ਹੈ ਕਿ ਮਾਂ ਦੇ ਮੋਢੇ ਉੱਤੇ ਸਿਰ ਰੱਖ ਕੇ ਆਪਣਾ ਮਨ ਹਲਕਾ ਕਰੀਏ। ਬਾਪ ਦੇ ਉਸ ਮਜ਼ਬੂਤ ਮੋਡੇ ਦੀ ਲੋੜ ਮਹਿਸੂਸ ਹੁੰਦੀ, ਜਿਸ ਉੱਪਰ ਸਿਰ ਰੱਖਣ ਨਾਲ ਸਾਰੀਆਂ ਚਿੰਤਾਵਾਂ ਦੂਰ ਹੋ ਜਾਣੀਆਂ ਸਨ। ਸਾਡੇ ਬੱਚੇ ਨਾਨਾ ਨਾਨੀ ਦੇ ਦੁਲਾਰ ਤੋਂ ਤੇ ਭਤੀਜਾ, ਭਤੀਜੀ ਦਾਦਾ ਦਾਦੀ ਦੇ ਪਿਆਰ ਤੋਂ ਸੱਖਣੇ ਨੇ। ਅਫਸੋਸ ਮੌਤ ਇਨਸਾਨ ਨੂੰ ਹੀ ਖਤਮ ਨਹੀਂ ਕਰਦੀ ਸਗੋਂ ਜਾਣ ਵਾਲੇ ਨਾਲ ਹੋਰ ਵੀ ਬਹੁਤ ਕੁਝ ਖ਼ਤਮ ਹੋ ਜਾਂਦਾ ਹੈ। ਪਰ ਇਸ ਗੱਲ ਦਾ ਸਾਨੂੰ ਮਾਣ ਹੈ ਕਿ ਕਾਮਰੇਡ ਸਵਰਨ ਸਿੰਘ ਸੋਹਲ ਵਰਗੇ ਅਨੇਕਾਂ ਯੋਧਿਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਹਾਦਤਾਂ ਦਿੱਤੀਆਂ, ਜਿਸਦੀ ਬਦੌਲਤ ਪੰਜਾਬ ਵਿੱਚ ਮੁੜ ਸ਼ਾਂਤੀ ਬਹਾਲ ਹੋਈ ਤੇ ਭਾਈਚਾਰਕ ਏਕਤਾ ਬਰਕਰਾਰ ਰਹੀ।
ਪਾਰਟੀ ਅਤੇ ਪਾਪਾ ਦੇ ਨੇੜਲੇ ਸਾਥੀ ਕਾਮਰੇਡ ਹਰਭਜਨ ਸਿੰਘ, ਕਾਮਰੇਡ ਨਰਿੰਦਰਪਾਲ ਪਾਲੀ, ਕਾਮਰੇਡ ਸੁਖਚੈਨ ਸਿੰਘ (ਪਾਪਾ ਦੇ ਪੱਗ ਵੱਟ ਭਰਾ), ਕਾਮਰੇਡ ਰਜਿੰਦਰਪਾਲ ਕੌਰ, ਕਾਮਰੇਡ ਪ੍ਰਿਥੀਪਾਲ ਮਾੜੀਮੇਘਾ, ਕਾਮਰੇਡ ਦਵਿੰਦਰ ਸੋਹਲ ਤੇ ਸੀਮਾ ਸੋਹਲ (ਕਾਮਰੇਡ ਕੁੰਦਨ ਲਾਲ ਜੀ ਦੇ ਪੁੱਤਰ ਤੇ ਨੂੰਹ) ਹਮੇਸ਼ਾ ਸਾਡੇ ਪਰਿਵਾਰ ਦੇ ਨਾਲ ਖੜ੍ਹੇ ਰਹੇ ਤੇ ਸਾਨੂੰ ਡੋਲਣ ਨਹੀਂ ਦਿੱਤਾ। ਸ਼ਾਇਦ ਇਸੇ ਕਰਕੇ ਅੱਜ ਵੀ ਸਾਡਾ ਪਰਿਵਾਰ ਆਪਣੇ ਫ਼ਰਜ਼ ਤੋਂ ਪਿੱਛੇ ਨਹੀਂ ਹਟਿਆ। ਕਾਮਰੇਡ ਸੋਹਲ ਦਾ ਬੇਟਾ ਗੁਰਬਿੰਦਰ ਸੋਹਲ, ਧੀਆਂ ਭੁਪਿੰਦਰ, ਵੀਰਇੰਦਰ, ਨਰਿੰਦਰ ਸੋਹਲ ਤੇ ਕੁਲਵਿੰਦਰ ਸੋਹਲ ਸਭ ਅੱਜ ਵੀ ਪਾਰਟੀ ਦੇ ਨਾਲ ਖੜ੍ਹੇ ਹਨ। ਕਾਮਰੇਡ ਸੋਹਲ ਦੇ ਵੱਡੇ ਜਵਾਈ ਕਾਮਰੇਡ ਬਲਕਾਰ ਵਲਟੋਹਾ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਹਨ। ਸਾਡੀ ਅਗਲੀ ਪੀੜ੍ਹੀ, ਸਾਡੇ ਬੱਚੇ ਵੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਬਣਦਾ ਯੋਗਦਾਨ ਪਾ ਰਹੇ ਹਨ। ਆਰਥਿਕ ਪੱਖੋਂ ਵੀ ਹਮੇਸ਼ਾ ਮਦਦਗਾਰ ਰਹਿੰਦੇ ਹਨ।
ਚਾਹੇ ਪੰਜਾਬ ਵਿੱਚੋਂ ਅੱਤਵਾਦ ਖਤਮ ਹੋ ਗਿਆ ਪਰ ਹਾਲਾਤ ਅੱਜ ਵੀ ਸਾਜ਼ਗਾਰ ਨਹੀਂ ਹਨ। ਦਿਨੋ ਦਿਨ ਵਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ। ਜਵਾਨੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਦਿੱਤੀ ਗਈ ਹੈ। ਭਵਿੱਖ ਦੀ ਚਿੰਤਾ ਵਿੱਚ ਡੁੱਬੇ ਨੌਜਵਾਨ ਵਿਦੇਸ਼ਾਂ ਵੱਲ ਜਾਣ ਲਈ ਮਜਬੂਰ ਹਨ ਅਤੇ ਕੁਝ ਗ਼ਲਤ ਅਲਾਮਤਾਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦਾ ਇਹ ਵੱਡਾ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਇੱਕ ਪੀੜ੍ਹੀ ਅੱਤਵਾਦ ਨਿਗਲ ਗਿਆ, ਦੂਜੀ ਪੀੜ੍ਹੀ ਨਸ਼ਿਆਂ ਤੇ ਗੈਂਗਸਟਰਾਂ ਨੇ ਨਿਗਲ ਲਈ ਤੇ ਤੀਜੀ ਪੀੜ੍ਹੀ ਵਿਦੇਸ਼ ਨਿਗਲ ਰਿਹਾ ਹੈ। ਅਫਸੋਸ ਜਿੱਥੇ ਕੋਰੋਨਾ ਵਰਗੀ ਕੁਦਰਤੀ ਆਫ਼ਤ ਕਾਰਨ ਬਣੇ ਹਾਲਾਤ ਨੇ ਕਰੋੜਾਂ ਹੱਥਾਂ ਤੋਂ ਰੁਜ਼ਗਾਰ ਖੋ ਲਿਆ, ਉੱਥੇ ਸਰਕਾਰਾਂ ਦੀਆਂ ਮਾਰੂ ਨੀਤੀਆਂ ਵੀ ਬੇਰੁਜ਼ਗਾਰੀ ਵਿੱਚ ਵਾਧਾ ਕਰ ਰਹੀਆਂ ਹਨ। ਸਰਕਾਰ ਵੱਲੋਂ ਸਾਰੀਆਂ ਪੱਕੀਆਂ ਨੌਕਰੀਆਂ ਨੂੰ ਠੇਕੇ ’ਤੇ ਦਿੱਤਾ ਜਾ ਰਿਹਾ ਹੈ। ਦੇਸ਼ ਦੀ ਸੰਪਤੀ ਨਿੱਜੀ ਕੰਪਨੀਆਂ ਨੂੰ ਵੇਚੀ ਜਾ ਰਹੀ ਅਤੇ ਪੂਰੇ ਦੇਸ਼ ਦੇ ਫੈਸਲੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਨੂੰ ਸਾਹਮਣੇ ਰੱਖ ਕੇ ਕੀਤੇ ਜਾ ਰਹੇ ਹਨ। ‘ਅਗਨੀਪਥ ਯੋਜਨਾ’ ਵੀ ਇਸੇ ਦਾ ਅਗਲਾ ਕਦਮ ਹੈ, ਜਿਸ ਤਹਿਤ ਚਾਰ ਸਾਲ ਦੀ ਸੇਵਾ ਤੋਂ ਬਾਅਦ ‘ਅਗਨੀਵੀਰ’ ਸੜਕ ’ਤੇ ਆ ਜਾਣਗੇ। ਅਫਸੋਸਜਨਕ ਪਹਿਲੂ ਇਹ ਵੀ ਹੈ ਕਿ ਇੱਥੇ ਸਿਆਸੀ ਨੇਤਾ ਤਾਂ ਕਬਰ ਵਿੱਚ ਲੱਤਾਂ ਹੋਣ ਦੇ ਬਾਵਜੂਦ ਕੁਰਸੀ ’ਤੇ ਬੈਠੇ ਰਹਿੰਦੇ ਪਰ ਦੇਸ਼ ਦੀ ਸੇਵਾ ਕਰਨ ਵਾਲਾ ਜਵਾਨ ਛੋਟੀ ਉਮਰ ਵਿੱਚ ਹੀ ਰਿਟਾਇਰ ਕਰ ਦਿੱਤਾ ਜਾਵੇਗਾ। ਉਹ ਵੀ ਬਿਨਾਂ ਪੈਨਸ਼ਨ ਤੋਂ ਜਿੱਥੇ ਨੇਤਾ ਸੱਤ ਸੱਤ ਪੈਨਸ਼ਨਾਂ ਲੈਣ ਦੇ ਹੱਕਦਾਰ ਬਣੇ ਹੋਏ ਹਨ। ਇਹ ਵੀ ਡਰ ਹੈ ਕਿ ਹਥਿਆਰ ਸਿਖਲਾਈ ਪ੍ਰਾਪਤ ਨੌਜਵਾਨ ਫੌਜ ਵਿੱਚੋਂ ਵਾਪਸ ਆ ਕੇ ਪਤਾ ਨਹੀਂ ਹਾਲਾਤ ਨੂੰ ਕੀ ਮੋੜਾ ਦੇ ਦੇਣ। ਪਰ ਸਰਕਾਰਾਂ ਨੂੰ ਇਹਨਾਂ ਗੱਲਾਂ ਦੀ ਚਿੰਤਾ ਨਹੀਂ, ਸਗੋਂ ਉਸ ਵੱਲੋਂ ਤਾਂ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਉੱਪਰ ਘਿਨਾਉਣਾ ਤਸ਼ੱਦਦ ਢਾਹਿਆ ਜਾ ਰਿਹਾ ਹੈ। ਵਿਰੋਧ ਵਿੱਚ ਉੱਠਣ ਵਾਲੀ ਹਰ ਆਵਾਜ਼ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਜਾਂ ਬੁਲਡੋਜ਼ਰਾਂ ਨਾਲ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਦੋਂ ਸੱਤਾਧਾਰੀ ਧਿਰ ਵੱਲੋਂ ਦੇਸ਼ ਨੂੰ ਵੰਡਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹੋਣ ਤਾਂ ਕਾਮਰੇਡ ਸੋਹਲ ਵਰਗੇ ਯੋਧਿਆਂ ਦੀ ਲੋੜ ਵਧੇਰੇ ਮਹਿਸੂਸ ਹੁੰਦੀ ਹੈ। ਆਓ ਆਪਣੀ ਵਿਰਾਸਤ ਤੋਂ ਸੇਧ ਲੈ ਕੇ ਅੱਗੇ ਵਧੀਏ, ਤਾਂ ਹੀ ਦੇਸ਼ ਦੀ ਭਾਈਚਾਰਕ ਏਕਤਾ ਬਰਕਰਾਰ ਰੱਖੀ ਜਾ ਸਕਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3705)
(ਸਰੋਕਾਰ ਨਾਲ ਸੰਪਰਕ ਲਈ: