NarinderKSohal7ਅਸੀਂ ਆਪਣੇ ਆਲੇ-ਦੁਆਲੇ ਵੱਜਦੀਆਂ ਖ਼ਤਰੇ ਦੀਆਂ ਘੰਟੀਆਂ ਹਾਲੇ ਵੀ ਨਹੀਂ ਸੁਣ ਰਹੇ ...
(23 ਅਪਰੈਲ 2020)

 

“ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ"

ਗੁਰਬਾਣੀ ਵਿੱਚ ਦਰਜ ਉਪਰੋਕਤ ਸਤਰ ਦੀ ਮਹਾਨਤਾ ਅਤੇ ਮਹੱਤਤਾ ਨੂੰ ਜਾਣਨਾ ਅੱਜ ਬਹੁਤ ਜ਼ਰੂਰੀ ਹੈਇਸ ਵਿੱਚ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਜਿਸਦੇ ਕਰਕੇ ਹੀ ਧਰਤੀ ’ਤੇ ਜੀਵਨ ਪਾਇਆ ਜਾਂਦਾ ਹੈ ਪਾਣੀ ਦੀ ਅਣਹੋਂਦ ਕਰਕੇ ਹੋਰ ਗ੍ਰਹਿਆਂ ਉੱਤੇ ਜੀਵਨ ਨਹੀਂ ਲੱਭਿਆ ਜਾ ਸਕਿਆਪਾਣੀ ਸਾਡੇ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਵਿੱਚੋਂ ਇੱਕ ਅਤਿ ਜ਼ਰੂਰੀ ਤਰਲ ਪਦਾਰਥ ਹੈ, ਜਿਸ ਤੋਂ ਬਿਨਾਂ ਕੋਈ ਵੀ ਪ੍ਰਾਣੀ ਜੀਵਿਤ ਨਹੀਂ ਰਹਿ ਸਕਦਾਪਾਣੀ ਪੀਣ ਤੋਂ ਬਿਨਾ ਹੋਰ ਅਨੇਕਾਂ ਹੀ ਰੋਜ਼-ਮਰਾ ਦੇ ਕੰਮਾਂ ਲਈ ਵਰਤਿਆ ਜਾਂਦਾ ਹੈਹੁਣ ਦੇਸ਼ ਭਰ ਵਿੱਚ ਜਿਉਂ-ਜਿਉਂ ਪਾਣੀ ਦੀ ਕਮੀ ਜ਼ੋਰ ਫੜਦੀ ਜਾ ਰਹੀ ਹੈ, ਤਿਉਂ-ਤਿਉਂ ਪਾਣੀ ਦੇ ਸੰਕਟ ਉੱਪਰ ਵੀ ਵਿਚਾਰਾ ਹੋਣ ਲੱਗ ਪਈਆਂ ਹਨਖ਼ਾਸ ਕਰਕੇ ਵੱਡੇ-ਵੱਡੇ ਸ਼ਹਿਰਾਂ ਵਿੱਚ ਪਾਣੀ ਦੀ ਸਮੱਸਿਆ ਪੈਦਾ ਹੋਣ ਲੱਗੀ ਹੈ, ਜਿਸ ਸਬੰਧੀ ਆਏ ਦਿਨ ਅਖਬਾਰਾਂ ਵਿੱਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਰਹਿੰਦੀਆਂ ਹਨਜੇਕਰ ਅਸੀਂ ਪਾਣੀ ਦੀ ਇਵੇਂ ਹੀ ਦੁਰਵਰਤੋਂ ਕਰਦੇ ਰਹੇ ਅਤੇ ਸਹੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਪੀਣ ਵਾਲੇ ਪਾਣੀ ਦਾ ਗਭੀਰ ਸੰਕਟ ਪੈਦਾ ਹੋ ਸਕਦਾ ਹੈਸਾਡਾ ਦੇਸ਼ ਤੇਜ਼ੀ ਨਾਲ ਪਾਣੀ ਦੇ ਇੱਕ ਵੱਡੇ ਸੰਕਟ ਵਲ ਵਧ ਰਿਹਾ ਹੈਵਿਗਿਆਨੀਆਂ ਵਲੋਂ ਰਿਪੋਰਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਜ਼ਮੀਨ ਹੇਠਾਂ ਪਾਣੀ ਬੇਹੱਦ ਘਟ ਚੁੱਕਾ ਹੈਬੇਸ਼ਕ ਮਨੁੱਖ ਬਾਕੀ ਪ੍ਰਾਣੀਆਂ ਦੇ ਮੁਕਾਬਲੇ ਬਿਹਤਰ ਦਿਮਾਗ ਰੱਖਦਾ ਹੈ ਅਤੇ ਆਪਣੇ ਭਵਿੱਖ ਬਾਰੇ ਸੋਚ ਸਕਦਾ ਹੈ ਪਰ ਜਾਪਦਾ ਹੈ ਕਿ ਭ੍ਰਿਸ਼ਟ ਪੂੰਜੀਵਾਦੀ ਮਾਡਲ ਨੇ ਸਾਡੀ ਸੋਚ ਹੀ ਮਾਰ ਦਿੱਤੀ ਹੈਅਸੀਂ ਆਪਣੇ ਆਲੇ-ਦੁਆਲੇ ਵੱਜਦੀਆਂ ਖ਼ਤਰੇ ਦੀਆਂ ਘੰਟੀਆਂ ਹਾਲੇ ਵੀ ਨਹੀਂ ਸੁਣ ਰਹੇ

ਪੰਜਾਂ ਪਾਣੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਸੂਬੇ ਪੰਜਾਬ ਵਿੱਚ ਕੁਦਰਤੀ ਪਾਣੀ ਦੇ ਡਿਗਦੇ ਪੱਧਰ ਨੂੰ ਵੇਖਦਿਆਂ ਕੇਂਦਰੀ ਭੂ-ਜਲ ਬੋਰਡ ਵੱਲੋਂ ਸੂਬੇ ਦੇ 146 ਬਲਾਕਾਂ ਵਿੱਚੋਂ 115 ਨੂੰ ਕਾਲੇ ਖੇਤਰ ਵਾਲੇ ਜ਼ੋਨ ਐਲਾਨਿਆ ਗਿਆ ਹੈਮੋਗੇ ਜ਼ਿਲ੍ਹੇ ਦਾ ਬਲਾਕ ‘ਨਿਹਾਲ ਸਿੰਘ ਵਾਲਾ', ਡਾਰਕ ਜੋਨ ਵਾਲੇ ਬਲਾਕਾਂ ਵਿੱਚੋਂ ਪਹਿਲਾ ਬਲਾਕ ਹੈਧਰਤੀ ਹੇਠਲੇ ਜਲ-ਭੰਡਾਰਾਂ ਵਿੱਚ ਪਾਣੀ ਲਗਾਤਾਰ ਘਟ ਰਿਹਾ ਹੈ ਕਿਉਂਕਿ ਇੱਕ ਪਾਸੇ ਧਰਤੀ ਵਿੱਚੋਂ ਬੇਹਤਾਸ਼ਾ ਪਾਣੀ ਕੱਢਿਆ ਜਾ ਰਿਹਾ ਹੈਦੂਜੇ ਪਾਸੇ ਦਰਖਤਾਂ ਦੀ ਅੰਨ੍ਹੇਵਾਹ ਕਟਾਈ ਅਤੇ ਜੰਗਲਾਂ ਹੇਠ ਰਕਬਾ ਦਿਨੋ-ਦਿਨ ਘਟ ਰਿਹਾ ਹੈ, ਜਿਸ ਕਾਰਨ ਮੀਂਹ ਪੈਣੇ ਬਹੁਤ ਘਟ ਗਏ ਹਨਮੀਂਹ ਘਟਣ ਕਰਕੇ ਖੇਤੀ ਵੀ ਜ਼ਿਆਦਾਤਰ ਧਰਤੀ ਹੇਠਲੇ ਪਾਣੀ ਨਾਲ ਹੀ ਕੀਤੀ ਜਾਣ ਲੱਗੀ ਹੈਪੰਜਾਬ ਵਿੱਚ ਇਸ ਸਮੇਂ ਪਾਣੀ ਦੀ ਪ੍ਰਾਪਤੀ ਲਈ ਬੋਰ ਕਿਤੇ 400 ਫੁੱਟ ਤੇ ਕਿਤੇ 600 ਫੁੱਟ ਤੱਕ ਵੀ ਹੋ ਰਹੇ ਹਨ, ਜਦਕਿ ਪਾਣੀ ਦਿਨੋ-ਦਿਨ ਥੱਲੇ ਹੀ ਜਾ ਰਿਹਾ ਹੈਪੰਜਾਬ ਦੀ ਖੁਸ਼ਹਾਲੀ ਸਿਰਫ ਤੇ ਸਿਰਫ ਪਾਣੀ ਅੱਤੇ ਹੀ ਨਿਰਭਰ ਕਰਦੀ ਹੈ, ਜੇਕਰ ਇਹ ਦਾਤ ਵੀ ਪੰਜਾਬ ਤੋਂ ਖੋਹ ਲਈ ਜਾਵੇ ਤਾਂ ਪੰਜਾਬ ਨੂੰ ਬਰਬਾਦ ਹੋਣ ਤੋਂ ਕੋਈ ਨਹੀਂ ਬਚਾ ਪਾਏਗਾ

ਕਈ ਥਾਵਾਂ ਉੱਤੇ ਕਾਰਖਾਨਿਆਂ ਵਾਲੇ ਜ਼ਮੀਨ ਵਿੱਚ ਟੋਏ ਪੁੱਟ ਕੇ ਗੰਦੇ ਪਾਣੀ ਨੂੰ ਜਮੀਨੀ ਪਾਣੀ ਵਿੱਚ ਮਿਲਾ ਰਹੇ ਹਨ, ਜਿਸ ਨਾਲ ਜਮੀਨ ਹੇਠਲਾ ਪਾਣੀ ਵੀ ਤੇਜ਼ੀ ਨਾਲ ਜ਼ਹਿਰੀਲਾ ਹੋ ਰਿਹਾ ਹੈਨਹਿਰਾਂ, ਸੂਇਆਂ ਵਿੱਚ ਵੀ ਤੇਜ਼ਾਬੀ ਪਾਣੀ ਵਗਦਾ ਰਹਿੰਦਾ ਹੈਇਸ ਤੋਂ ਇਲਾਵਾ ਖੇਤੀ ਲਈ ਵਰਤੇ ਜਾ ਰਹੇ ਜ਼ਹਿਰ ਵੀ ਪਾਣੀ ਦੇ ਸੋਮਿਆਂ ਨੂੰ ਜ਼ਹਿਰੀਲਾ ਕਰ ਰਹੇ ਹਨਇੱਕ ਅੰਦਾਜ਼ੇ ਮੁਤਾਬਕ ਵਧੇਰੇ ਲੋਕ ਪੀਣ ਲਈ ਸੀਵਰੇਜ ਨਾਲ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਹੈਜ਼ਾ, ਟਾਈਫਡ, ਪੇਚਸ ਆਦਿ ਬਿਮਾਰੀਆਂ ਕਾਰਨ ਹਰ ਸਾਲ ਮੌਤਾਂ ਦੀ ਗਿਣਤੀ ਵਧ ਰਹੀ ਹੈਵਿਸ਼ਵ ਪੱਧਰ ’ਤੇ ਤਕਰੀਬਨ 40 ਹਜ਼ਾਰ ਤੋਂ 60 ਹਜ਼ਾਰ ਵਰਗ ਕਿੱਲੋਮੀਟਰ ਰਕਬੇ ਵਿੱਚ ਪ੍ਰਦੂਸ਼ਤ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ, ਜੋ ਕਿਸਾਨਾਂਅ ਤੇ ਖਪਤਕਾਰਾਂ ਦੀ ਸਿਹਤ ਲਈ ਖਤਰਨਾਕ ਹੈਜਦਕਿ ਦੂਜੇ ਪਾਸੇ ਅੱਜ ਅਜਿਹੀ ਤਕਨੀਕ ਵੀ ਮੌਜੂਦ ਹੈ ਕਿ ਪ੍ਰਦੂਸ਼ਿਤ-ਵਿਅਰਥ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ

ਵਿਸ਼ਵ ਵਿੱਚ ਪਾਣੀ ਦੀ ਕੀ ਮਹੱਤਤਾ ਹੈ, ਇਸਦਾ ਅੰਦਾਜ਼ਾ ਅੰਤਰਰਾਸ਼ਟਰੀ ਪਾਣੀ ਪ੍ਰਬੰਧ ਸੰਸਥਾ ਦੀ ਰਿਪੋਰਟ ਤੋਂ ਲਾਇਆ ਜਾ ਸਕਦਾ ਹੈ ਕਿ ‘ਅਗਲੇ 25 ਸਾਲਾਂ ਵਿੱਚ ਇਹ ਸਥਿਤੀ ਇੰਨੀ ਗੰਭੀਰ ਹੋ ਜਾਵੇਗੀ ਕਿ ਵਿਸ਼ਵ ਦੀ 1/3 ਜਨਸੰਖਿਆ ਨੂੰ ਪੀਣ ਲਈ ਪਾਣੀ ਹੀ ਨਹੀਂ ਮਿਲ ਸਕੇਗਾਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈਦੂਜੀ ਪਰਤ ਲਗਭਗ 100 ਤੋਂ 200 ਫੁੱਟ ਉੱਤੇ ਹੈ, ਇਹ ਵੀ ਕੁਝ ਸਾਲ ਪਹਿਲਾਂ ਸੁੱਕ ਗਈ ਸੀਹੁਣ ਪੰਜਾਬ ਤੀਜੀ ਪਰਤ, ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ ਜੋ ਕਿ ਅਗਲੇ ਦਹਾਕੇ ਤੱਕ ਖਾਲੀ ਹੋ ਜਾਵੇਗੀਇਸ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਦੀ ਵੀ ਨਹੀਂ ਰਹੇਗੀਸਾਇੰਸ ਅਨੁਸਾਰ ਤਿੰਨਾਂ ਪਰਤਾਂ ਵਿੱਚੋਂ ਕੇਵਲ ਉੱਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁਝ ਕੁਝ ਭਰ ਸਕਦੀ ਹੈਜੇ ਪਾਣੀ ਭਰ ਵੀ ਜਾਵੇ ਤਾਂ ਵੀ ਇਹ ਪਾਣੀ ਕਈ ਦਹਾਕਿਆਂ ਤੱਕ ਪੀਣ ਯੋਗ ਨਹੀਂ ਹੋਵੇਗਾ

ਪਾਣੀ ਦੇ ਸੰਕਟ ਨੂੰ ਲੈਕੇ ਦੁਨੀਆਂ ਭਰ ਦੇ ਵਿਗਿਆਨੀ ਕਈ ਦਹਾਕਿਆਂ ਤੋਂ ਚਿਤਾਵਣੀਆਂ ਦੇ ਰਹੇ ਹਨ ਕਿ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕੀਤਾ ਜਾਵੇ ਕਿਉਂਕਿ ਧਰਤੀ ਹੇਠਲਾ ਪਾਣੀ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈਦਰਿਆਈ ਪਾਣੀ ਵਿੱਚ ਸੌ ਤੋਂ ਵੱਧ ਤਰ੍ਹਾਂ ਦੇ ਵੱਖ ਵੱਖ mineral ਅਤੇ sediment ਹੁੰਦੇ ਹਨ, ਜੋ ਕਿ ਕੁਦਰਤੀ ਤੌਰ ਉੱਤੇ ਵਧੀਆ ਫਸਲਾਂ ਲਈ ਧਰਤੀ ਨੂੰ ਉਪਜਾਊ ਬਣਾ ਕੇ ਰੱਖਦੇ ਹਨਪਰ ਪੰਜਾਬ ਦੇ ਦਰਿਆਵਾਂ ਦਾ ਕੀਮਤੀ ਪਾਣੀ ਹਰ ਸਾਲ ਅਜਾਈਂ ਵਹਿ ਜਾਂਦਾ ਹੈ, ਜਿਸ ਕਾਰਨ ਕਿਸਾਨ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹਨਪੰਜਾਬ ਦੇ 13 ਲੱਖ ਟਿਊਬਵੈੱਲ ਪੰਜਾਬ ਨੂੰ ਲਗਾਤਾਰ ਖ਼ਾਤਮੇ ਵੱਲ ਲਿਜਾ ਰਹੇ ਹਨਪੰਜਾਬ ਕੇਵਲ ਰੇਗਿਸਤਾਨ ਹੀ ਨਹੀਂ ਬਲਕੇ ਜ਼ਹਿਰੀਲਾ ਰੇਗਿਸਤਾਨ ਬਣਨ ਵੱਲ ਵਧ ਰਿਹਾਅਜਿਹੇ ਹਾਲਾਤ ਵਿੱਚ ਕਿਸਾਨਾਂ ਨੂੰ ‘ਝੋਨਾ ਲਾਉਣ’ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ

ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਆਦਿ ਭਾਰਤ ਦੇ ਰਾਜਾ ਵਿੱਚ ਪਾਣੀ ਨੂੰ ਲੈ ਕੇ ਅਕਸਰ ਰਾਜਨੀਤਕ ਜੰਗ ਚਲਦੀ ਰਹਿੰਦੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਗੰਭੀਰ ਰੂਪ ਧਾਰਨ ਕਰ ਸਕਦੀ ਹੈਯੂ. ਐੱਨ. ਓ. ਦੀ ਇੱਕ ਰਿਪੋਰਟ ਵਿੱਚ ਇਹ ਪ੍ਰਗਟਾਵਾ ਹੋਇਆ ਹੈ ਕਿ ਜੇ ਸੰਸਾਰ ਦੀ ‘ਤੀਜੀ ਵਿਸ਼ਵ ਜੰਗ’ ਹੋਈ ਤਾਂ ਉਹ ‘ਪਾਣੀਆਂ’ ਦੇ ਮਸਲੇ ’ਤੇ ਹੀ ਹੋਵੇਗੀਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈਪਾਣੀ ਕੁਦਰਤ ਦੀ ਅਨਮੋਲ ਦੇਣ ਹੈ ਅਤੇ ਇਸਦੀ ਸੰਭਾਲ ਆਪਣੀ ਅਣਸਰਦੀ ਲੋੜ ਹੈਲੋਕਾਂ ’ਤੇ ਰਾਜ ਕਰਦੀਆਂ ਸਰਕਾਰਾਂ ਆਪਣੇ ਰਾਜਸੀ ਫਾਇਦਿਆਂ ਖ਼ਾਤਰ ਪਾਣੀ ਦੀ ਸੰਭਾਲ ਪ੍ਰਤੀ ਕੋਈ ਠੋਸ ਉਪਰਾਲੇ ਨਹੀਂ ਕਰ ਰਹੀਆਂਸਿੱਟੇ ਵਜੋਂ ਵੱਡੇ-ਵੱਡੇ ਕਾਰਖਾਨਿਆਂ ਵਿੱਚੋਂ ਨਿਕਲਦਾ ਅੱਤ ਦਰਜੇ ਦਾ ਦੂਸ਼ਿਤ ਪਾਣੀ ਸ਼ਰੇਆਮ ਸਾਡੇ ਦਰਿਆਵਾਂ ਵਿੱਚ ਸੁੱਟ ਕੇ ਜੀਵਨ ਨੂੰ ਮੌਤ ਦੇ ਰਾਹ ਤੋਰਿਆ ਜਾ ਰਿਹਾ ਹੈ

ਕੁਦਰਤ ਨਾਲ ਕੀਤੀ ਜਾਂਦੀ ਛੇੜਛਾੜ ਬਹੁਤ ਹਾਨੀਕਾਰਕ ਹੁੰਦੀ ਹੈਮਨੁੱਖ ਦੁਆਰਾ ਕੁਦਰਤੀ ਸੰਤੁਲਨ ਵਿੱਚ ਵਿਗਾੜ, ਪਾਣੀ ਕੱਢਣ ’ਤੇ ਜ਼ੋਰ, ਧਰਤੀ ਨੂੰ ਮੁੜ ਸਿੰਜਣ (Recharge) ਵੱਲ ਬੇਧਿਆਨੀ, ਕੁਦਰਤ ਉੱਤੇ ਹਮਲਾ ਹੈਜਦੋਂ ਮਨੁੱਖ ਕੁਦਰਤ ਉੱਤੇ ਹਮਲਾ ਕਰਦਾ ਹੈ, ਕੁਦਰਤ ਮੋੜਵਾਂ ਹਮਲਾ ਕਰਦੀ ਹੈਮਨੁੱਖ ਤੋਂ ਬਦਲਾ ਲੈਂਦੀ ਹੈ ਅਤੇ ਮੁੜ ਆਪਣਾ ਸੰਤੁਲਨ ਸਥਾਪਤ ਕਰਦੀ ਹੈਹੁਣ ਸੰਸਾਰ ਪੱਧਰ ’ਤੇ ਫੈਲੀ ਮਹਾਂਮਾਰੀ ‘ਕੋਰੋਨਾ ਵਾਇਰਸ’ (Covid19) ਇਸੇ ਦਾ ਸਿੱਟਾ ਹੈਮਨੁੱਖ ਬੇਸ਼ਕ ਚੰਦ ਤੱਕ ਪਹੁੰਚ ਗਿਆ ਹੈ ਪਰ ਫਿਰ ਵੀ ਕੁਦਰਤ ਤੋਂ ਬਲਵਾਨ ਨਹੀਂ ਹੋ ਸਕਦਾਇਸ ਮਹਾਂਮਾਰੀ ਦੌਰਾਨ ਜਦੋਂ ਸਭ ਕੁਝ ਥੰਮ੍ਹ ਗਿਆ ਹੈ ਤੇ ਮਨੁੱਖ ਘਰਾਂ ਵਿੱਚ ਕੈਦ ਹੋ ਕੇ ਰਹਿ ਗਿਆ ਹੈ ਤਾਂ ਕੁਦਰਤ ਆਪਣੇ ਅਸਲ ਰੰਗ ਵਿੱਚ ਰੰਗੀ ਦਿਖਾਈ ਦੇਣ ਲੱਗੀ ਹੈਵਾਤਾਵਰਨ ਸਾਫ ਹੋਣ ਦੇ ਨਾਲ-ਨਾਲ, ਨਦੀਆਂ, ਨਾਲਿਆਂ ਦੇ ਪਾਣੀ ਦਾ ਰੰਗ ਵੀ ਬਦਲ ਗਿਆ ਹੈਇਹ ਸੱਚ ਹੈ ਕਿ ਕੁਦਰਤ, ਸੰਤੁਲਨ ਦਾ ਨਾਮ ਹੈਜੇ ਇਸ ਭੇਦ ਨੂੰ ਮਨੁੱਖ ਨਹੀਂ ਸਮਝਦਾ ਤਾਂ ਕੁਦਰਤ ਆਪ ਸੰਤੁਲਨ ਬਣਾਉਣ ਲਈ ਹਿਲਜੁਲ ਕਰਦੀ ਹੈ, ਜਿਸਦਾ ਹਰਜਾਨਾ ਅਖੀਰ ਮਨੁੱਖ ਨੂੰ ਹੀ ਭਰਨਾ ਪੈਂਦਾ ਹੈਡਾਕਟਰਾਂ ਨੇ ਇਸ ਮਹਾਂਮਾਰੀ ਤੋਂ ਬਚਣ ਲਈ ਹੋਰ ਸਾਵਧਾਨੀਆਂ ਦੇ ਨਾਲ-ਨਾਲ ਹੱਥ ਵੀ ਵਾਰ ਵਾਰ ਧੋਣ ਨੂੰ ਕਿਹਾ ਹੈਜਿਨ੍ਹਾਂ ਕੋਲ ਪੀਣ ਲਈ ਪਾਣੀ ਨਹੀਂ, ਉਹ ਹੱਥ ਕਿੱਥੋਂ ਧੋ ਸਕਦੇ ਹਨਜਿਨ੍ਹਾਂ ਕੋਲ ਹੈ, ਉੱਥੇ ਪਾਣੀ ਦੀ ਖਪਤ ਵਧੀ ਹੈਇਸ ਮਹਾਂਮਾਰੀ ਰਾਹੀਂ ਸ਼ਾਇਦ ਕੁਦਰਤ ਮਨੁੱਖ ਨੂੰ ਉਸਦੀਆਂ ਗਲਤੀਆਂ ਦਾ ਅਹਿਸਾਸ ਕਰਾਉਣ ਦੇ ਨਾਲ-ਨਾਲ, ਉਸ ਨੂੰ ਜੀਵਨ ਲਈ ਪਾਣੀ ਦੀ ਕੀਮਤ ਦੱਸ ਰਹੀ ਹੈ

ਆਪਾਂ ਜਾਣਦੇ ਹਾਂ ਕਿ ਦੁਨੀਆਂ ਵਿੱਚ ਕਈ ਸਭਿਅਤਾਵਾਂ ਦਾ ਖਾਤਮਾ ਪਾਣੀ ਦੇ ਸੰਕਟ ਕਾਰਨ ਹੀ ਹੋਇਆ ਹੈਅੱਜ ਵੀ ਸਾਡੇ ਸਾਹਮਣੇ ‘ਅਰਾਲ ਸਾਗਰ’ ਦੇ ਸੁੱਕਣ ਦੀ ਉਦਾਹਰਣ ਮੌਜੂਦ ਹੈਅਰਾਲ ਸਾਗਰ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸਾਗਰ ਹੈ, ਜੋ 68000 ਵਰਗ ਕਿਲੋਮੀਟਰ (ਅਜੋਕੇ ਪੰਜਾਬ ਤੋਂ 18, 000 ਵਰਗ ਕਿਲੋਮੀਟਰ ਜ਼ਿਆਦਾ) ਏਰੀਏ ਵਿੱਚ ਉਜ਼ਬੇਕਿਸਤਾਨ-ਕਜ਼ਾਕਿਸਤਾਨ ਦੇ ਵਿਚਕਾਰ ਫੈਲਿਆ ਹੋਇਆ ਸੀ, ਅੱਜ ਬਿਲਕੁਲ ਸੁੱਕ ਚੱਲਿਆ ਹੈ

ਇਸ ਸਾਗਰ ਦੇ ਸੁੰਗੜਨ ਦੀ ਦਾਸਤਨ 1960 ਦੇ ਦਹਾਕੇ ਵਿੱਚ ਸ਼ੁਰੂ ਹੋਈਜਦੋਂ ਸੋਵੀਅਤ ਸੰਘ ਵਲੋਂ ਖੇਤੀ ਤੇ ਸਿੰਜਾਈ ਲਈ ਜਲ ਯੋਜਨਾ ਤਹਿਤ ਅਮੂ ਦਰਿਆ ਦਾ ਪਾਣੀ ਕੈਸਪੀਅਨ ਸਾਗਰ ਵੱਲ ਮੋੜ ਦਿੱਤਾ ਗਿਆਇੱਥੇ ਹੀ ਬੱਸ ਨਹੀਂ ਝੋਨੇ, ਕਪਾਹ ਦੀ ਪੈਦਾਵਾਰ ਹੋਰ ਵਧਾਉਣ ਲਈ ਅਰਾਲ ਸਾਗਰ ਦਾ ਪਾਣੀ ਵਰਤਣਾ ਸ਼ੁਰੂ ਕਰ ਦਿੱਤਾ ਗਿਆਸਿੱਟੇ ਵਜੋਂ ਇਹ ਸਾਗਰ ਸੁੰਗੜਦਾ ਚਲਾ ਗਿਆਜਦੋਂ ਸਥਾਨਕ ਸਰਕਾਰਾਂ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ ਤਾਂ ਉਨ੍ਹਾਂ ਇਸ ਸਾਗਰ ਨੂੰ ਬਚਾਉਣ ਲਈ ਕਈ ਯੋਜਨਾਵਾਂ ਬਣਾਈਆਂ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀਤਮਾਮ ਕੋਸ਼ਿਸ਼ਾਂ ਦੇ ਬਾਵਯੂਦ ਵੀ ਸਥਿਤੀ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆਸਦੀਆਂ ਤੋਂ ਆਪਣੀ ਹੋਂਦ ਕਾਇਮ ਰੱਖਣ ਵਾਲਾ ਇੱਕ ਸਾਗਰ ਕੁਝ ਦਹਾਕਿਆ ਵਿੱਚ ਹੀ ਦਮ ਤੋੜ ਗਿਆ60, 000 ਤੋਂ ਵੱਧ ਅਰਾਲ ਸਾਗਰ ਦੇ ਕੰਢਿਆਂ ’ਤੇ ਵਸੇ ਵਸ਼ਿੰਦੇ ਇੱਥੋਂ ਪਰਵਾਸ ਕਰਨ ਲਈ ਮਜਬੂਰ ਹੋ ਰਹੇ ਹਨਕੁਝ ਇਸ ਤਰ੍ਹਾਂ ਦੀ ਹੀ ਤਰਾਸਦੀ ਵਿੱਚੋਂ ਗੁਜਰ ਰਿਹਾ ਹੈ ਪੰਜਾਬਇਸ ਲਈ ਧਰਤੀ ਵਿਚਲੇ ਪਾਣੀ ਦਾ ਤੁਬਕਾ ਤੁਬਕਾ ਮਨੁੱਖੀ ਜੀਵਨ ਲਈ ਬੇਹੱਦ ਕੀਮਤੀ ਅਤੇ ਕੁਦਰਤ ਦਾ ਅਨਮੋਲ ਤੋਹਫ਼ਾ ਹੈ

ਪੰਜਾਬ ਦਰਿਆਵਾਂ ਦੀ ਧਰਤੀ ਹੈ ਇੱਥੇ ਕਦੇ ਸੇਮ ਸੀ, ਜਿਸ ਕਾਰਨ ਉਦੋਂ ਸੇਮ ਨਾਲੇ ਕੱਢੇ ਗਏਹੁਣ ਦਰਿਆਵਾਂ ਵਿੱਚ ਵੀ ਪਾਣੀ ਘੱਟ ਹੈ ਅਤੇ ਸੇਮ ਨਾਲੇ ਵੀ ਸੁੱਕੇ ਪਏ ਹਨ240 ਕਿਲੋਮੀਟਰ ਲੰਬਾ ਸਤਿਲੁਜ ਪੰਜਾਬ ਦੇ ਵਿਚਕਾਰੋਂ ਲੰਘਦਾ ਹੈ, ਜੋ ਕੇਵਲ ਬਾਰਸ਼ਾਂ ਵੇਲੇ ਹੀ ਪੰਦਰਾਂ ਦਿਨ ਤੇਜ਼ ਵਗਦਾ ਹੈ, ਮੁੜ ਸਾਰਾ ਸਾਲ ਸੁੱਕਾ ਰਹਿੰਦਾ ਹੈਪਰ ਬਾਰਸ਼ਾਂ ਦੌਰਾਨ ਇਹ ਹੜ੍ਹਾਂ ਦਾ ਕਾਰਨ ਵੀ ਬਣ ਜਾਂਦਾ ਹੈ ਤੇ ਆਲੇ-ਦੁਆਲੇ ਵੱਡਾ ਨੁਕਸਾਨ ਕਰਦਾ ਹੈਜੇ ਸਰਕਾਰ ਪਾਣੀ ਸੰਕਟ ਨੂੰ ਵੇਖਦਿਆਂ ਯਤਨ ਕਰੇ ਤਾਂ ਇਸ ਨੂੰ ਚੌੜਾ ਕਰਕੇ ‘ਪਾਣੀ ਭੰਡਾਰ’ (Water bank) ਬਣਾਇਆ ਜਾ ਸਕਦਾ ਹੈਇਸਦੀ 15-20 ਫੁੱਟ ਪੁਟਾਈ ਕੀਤੀ ਜਾਵੇ ਅਤੇ ਹਰ ਕਿੱਲੋਮੀਟਰ ’ਤੇ ਪਾਣੀ ਰੋਕਣ ਲਈ ਗੇਟ ਬਣਾਏ ਜਾਣਇਸ ਤਰ੍ਹਾਂ ਕਰਨ ਨਾਲ ਬਾਰਸ਼ਾਂ ਦਾ ਪਾਣੀ ਸੰਭਾਲਿਆ ਜਾ ਸਕਦਾ ਹੈਇਹ ਪਾਣੀ ਭੰਡਾਰ ਧਰਤੀ ਨੂੰ ਮੁੜ ਸਿੰਜਣ ਦਾ ਕੰਮ ਵੀ ਕਰੇਗਾ ਅਤੇ ਸਿੰਜਾਈ ਲਈ ਵੀ ਵਰਤਿਆ ਜਾ ਸਕਦਾ ਹੈਇਸ ਨੂੰ ਆਧੁਨਿਕ ਮੱਛੀ ਪੈਦਾ ਕਰਨ ਦੇ ਸਥਾਨ ਵਜੋਂ ਵੀ ਵਿਕਸਿਤ ਕੀਤਾ ਜਾ ਸਕਦਾ ਹੈ, ਜਿਸ ਰਾਹੀਂ ਪੰਜਾਬ ਵਿੱਚ ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾ ਸਕਦੇ ਹਨ

ਇਸੇ ਤਰ੍ਹਾਂ ਸੇਮ ਨਾਲੇ ਜੋ ਕਦੇ ਵਾਧੂ ਪਾਣੀ ਸਮੇਂ ਨਿਕਾਸ ਦੇ ਕੰਮ ਆਏ ਸਨ, ਹੁਣ ਬਦਲੇ ਹਾਲਾਤ ਵਿੱਚ, ਸੋਕੇ ਵੇਲੇ ਡੂੰਘੇ ਕਰਕੇ ਧਰਤੀ ਨੂੰ ਮੁੜ ਸਿੰਜਣ ਦੇ ਕੰਮ ਆ ਸਕਦੇ ਹਨਇਹਨਾਂ ਵਿੱਚ ਪਾਣੀ ਖੜ੍ਹਾ ਕਰਨ ਦੀ ਵਿਉਂਤਬੰਦੀ ਕਰਨ ਦੇ ਨਾਲ, “ਛੋਟੇ ਮੱਛੀ ਘਰ” ਬਣਾਏ ਜਾਣ ਦੀ ਵਿਉਂਤਬੰਦੀ ਵੀ ਕੀਤੀ ਜਾ ਸਕਦੀ ਹੈ

ਇਸੇ ਤਰ੍ਹਾਂ ਪੰਜਾਬ ਵਿੱਚ ਛੱਪੜਾਂ ਦੀ ਵੀ ਨਿਵੇਕਲੀ ਥਾਂ ਹੈਇਨ੍ਹਾਂ ਨੂੰ ਸਵਾਰਨ, ਸੰਭਾਲਣ ਲਈ ਪੰਚਾਇਤਾਂ ਨਾਲ ਮਿਲ ਕੇ ਕੰਮ ਕੀਤਾ ਜਾਣਾ ਚਾਹੀਦਾ ਹੈਇਹ ਪਾਣੀ ਮੁੜ ਸਿੰਜਾਈ ਲਈ ਵਰਤਿਆ ਜਾ ਸਕਦਾ ਹੈਛੱਪੜ, ਸੇਮ ਨਾਲੇ ਅਤੇ ਦਰਿਆਵਾਂ ਵਿੱਚ ਸ਼ਹਿਰਾਂ, ਕਾਰਖਾਨਿਆਂ, ਫੈਕਟਰੀਆਂ ਆਦਿ ਦਾ ਗੰਦਾ ਪਾਣੀ ਪੈਣ ਤੋਂ ਫ਼ੌਰੀ ਰੋਕਿਆ ਜਾਵੇ ਅਤੇ ਇਸ ਨੂੰ ਸਖ਼ਤ ਸਜ਼ਾ ਵਾਲਾ ਅਪਰਾਧ ਬਣਾਇਆ ਜਾਵੇਦਰਿਆਵਾਂ, ਨਦੀਆਂ, ਝਰਨਿਆਂ ਅਤੇ ਪਾਣੀ ਦੇ ਹੋਰ ਸਰੋਤਾਂ ਨੂੰ ਕਿਸੇ ਵੀ ਕੀਮਤ ਉੱਤੇ, ਨਿੱਜੀ ਮੁਨਾਫ਼ੇਖੋਰਾਂ ਹਵਾਲੇ ਨਾ ਕੀਤਾ ਜਾਵੇਪਾਣੀ ਜੀਵਨ ਹੈ, ਪਾਣੀ ਦੀ ਸੰਭਾਲ ਸੱਭਿਆ ਮਨੁੱਖ ਦੀ ਜ਼ਿੰਮੇਵਾਰੀ ਹੈਆਓ ਸੱਭਿਆ ਮਨੁੱਖ ਬਣੀਏ, ਪਾਣੀ ਦੀ ਸੰਭਾਲ ਕਰੀਏ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2076)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਨਰਿੰਦਰ ਕੌਰ ਸੋਹਲ

ਨਰਿੰਦਰ ਕੌਰ ਸੋਹਲ

Phone: (91 - 94641 - 13255)
Email: (sohalnarinder35@gmail.com)

More articles from this author