NarinderKSohal7ਕਰੋਨਾ ਮਹਾਂਮਾਰੀ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ, ਜਿਸ ਕਾਰਨ ਹਰ ਪਾਸੇ ...
(25 ਮਈ 2021)

 

26 ਮਈ ਨੂੰ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਲਈ ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਛੇ ਮਹੀਨੇ ਪੂਰੇ ਹੋ ਗਏ ਹਨਵੈਸੇ ਤਾਂ ਕਿਸਾਨੀ ਸੰਘਰਸ਼ ਨੂੰ ਚੱਲਦਿਆਂ ਜੂਨ ਵਿੱਚ ਪੂਰਾ ਇੱਕ ਸਾਲ ਹੋ ਜਾਵੇਗਾਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨਾਂ ਉੱਤੇ ਚਲਦੇ ਦਿਨ ਰਾਤ ਦੇ ਧਰਨੇ ਤੋਂ ਅੱਗੇ 26, 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਸੱਦਾ ਦਿੱਤਾ ਗਿਆ ਸੀਇਸ ਸਬੰਧੀ ਕਿਸਾਨਾਂ ਨੇ ਜਦੋਂ ਪਿੰਡਾਂ ਵਿੱਚੋਂ ਤਿਆਰੀ ਆਰੰਭੀ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਛੇ ਮਹੀਨੇ ਦਾ ਰਾਸ਼ਨ ਨਾਲ ਲੈ ਕੇ ਚੱਲੇ ਹਾਂ, ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਆਉਣਾਉਦੋਂ ਬਹੁਤਿਆਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਕਿ ਸੰਘਰਸ਼ ਐਨਾ ਲੰਮਾ ਸਮਾਂ ਚੱਲੇਗਾਪਰ ਕਿਸਾਨ ਟਰਾਲੀਆਂ ਨੂੰ ਘਰ ਬਣਾ ਕੇ ਬਾਰਡਰਾਂ ਉੱਤੇ ਜਾ ਬੈਠੇ

ਪੰਜਾਬ ਤੋਂ ਸ਼ੁਰੂ ਹੋਏ ਇਸ ਅੰਦੋਲਨ ਨੇ ਪੂਰੇ ਦੇਸ਼ ਨੂੰ ਆਪਣੇ ਕਲਾਵੇ ਵਿੱਚ ਲੈ ਲਿਆਹਰਿਆਣਾ, ਯੂ ਪੀ ਅਤੇ ਰਾਜਸਥਾਨ ਆਦਿ ਦੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਬਾਰਡਰਾਂ ਉੱਤੇ ਆਣ ਬੈਠੇਦਿੱਲੀ ਬਾਰਡਰਾਂ ਉੱਤੇ ਵਧਦੀ ਰੌਣਕ ਨੂੰ ਵੇਖਦਿਆਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਗੱਲਬਾਤ ਲਈ ਟੇਬਲ ਉੱਤੇ ਆਉਣ ਲਈ ਮਜਬੂਰ ਹੋ ਗਈਸਰਕਾਰੀ ਨੁਮਾਇੰਦੇ ਗੱਲਬਾਤ ਰਾਹੀਂ ਹੱਲ ਕੱਢਣ ਲਈ ਯਤਨ ਕਰਦੇ ਰਹੇ ਪਰ ਹਰ ਵਾਰ ਕਿਸਾਨਾਂ ਨਾਲ ਹੁੰਦੀ ਮੀਟਿੰਗ ਬੇਸਿੱਟਾ ਹੀ ਰਹਿੰਦੀ ਰਹੀਇਸਦਾ ਮੁੱਖ ਕਾਰਨ ਇਹੀ ਸੀ ਕਿ ਕਿਸਾਨ ਜਥੇਬੰਦੀਆਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਹੋਰ ਗੱਲ ਸੁਣਨ ਲਈ ਤਿਆਰ ਨਹੀਂ ਸਨ ਪਰ ਸਰਕਾਰ ਕੋਈ ਵਿਚਲਾ ਰਸਤਾ ਕੱਢਣ ਲਈ ਜ਼ੋਰ ਲਗਾ ਰਹੀ ਸੀ

ਇਸ ਦੌਰਾਨ ਬਹੁਤ ਸਾਰੇ ਦੇਸ਼ਾਂ ਵਿੱਚ ਅੰਦੋਲਨ ਦੀ ਹਮਾਇਤ ਵਿੱਚ ਪ੍ਰਦਰਸ਼ਨ ਹੋਣ ਲੱਗੇਕਿਸਾਨ ਅੰਦੋਲਨ ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆਅਸਲ ਵਿੱਚ ਇਹ ਸੰਘਰਸ਼ ਸਿਰਫ ਮੋਦੀ ਸਰਕਾਰ ਦੇ ਵਿਰੁੱਧ ਹੀ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਵੀ ਹੈਇਸੇ ਕਰਕੇ ਸਾਰੀ ਦੁਨੀਆਂ ਵਿੱਚੋਂ ਇਸ ਨੂੰ ਵੱਡਾ ਹੁੰਗਾਰਾ ਮਿਲਿਆ ਹੈਦਿਲ ਖੋਲ੍ਹ ਕੇ ਇਸਦੀ ਆਰਥਿਕ ਮਦਦ ਕੀਤੀ ਜਾਣ ਲੱਗੀਵੱਖ-ਵੱਖ ਸੰਸਥਾਵਾਂ ਵੱਲੋਂ ਕਈ ਤਰ੍ਹਾਂ ਦੇ ਲੰਗਰ ਲਗਾਉਣ ਦੇ ਨਾਲ-ਨਾਲ ਹੋਰ ਜ਼ਰੂਰਤ ਦੀਆਂ ਚੀਜ਼ਾਂ ਦੀ ਘਾਟ ਵੀ ਨਹੀਂ ਆਉਣ ਦਿੱਤੀ ਗਈਬਾਰਡਰਾਂ ਉੱਤੇ ਹਾਜ਼ਰੀ ਲਗਵਾਉਣੀ ਹਰ ਕੋਈ ਜ਼ਰੂਰੀ ਸਮਝਣ ਲੱਗਾ ਇੱਥੋਂ ਤਕ ਕਿ ਵਿਦੇਸ਼ਾਂ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਲੋਕ ਇਹ ਸਥਾਨ ਵੇਖਣ ਲਈ ਪਹੁੰਚੇ

ਗਾਇਕਾਂ ਨੇ ਆਪਣੇ ਗੀਤਾਂ ਰਾਹੀਂ ਕਿਸਾਨ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾਇਹ ਗੀਤ ਬਾਰਡਰਾਂ ਉੱਤੇ ਹੀ ਨਹੀਂ ਸਗੋਂ ਹਰ ਪ੍ਰੋਗਰਾਮ ਵਿੱਚ ਵੱਜਦੇ ਸੁਣਾਈ ਦੇਣ ਲੱਗੇ, ਜੋ ਉਤਸ਼ਾਹਜਨਕ ਮਾਹੌਲ ਸਿਰਜਣ ਵਿੱਚ ਬਹੁਤ ਸਹਾਈ ਹੋਏਅੰਦੋਲਨ ਪੂਰੇ ਸਿਖਰ ਉੱਤੇ ਪਹੁੰਚ ਚੁੱਕਾ ਸੀ ਜਦੋਂ 26 ਜਨਵਰੀ ਵਾਲੀ ਘਟਨਾ ਵਾਪਰੀਇਹ ਇੱਕ ਗਿਣੀ ਮਿਥੀ ਸਾਜ਼ਿਸ਼ ਦਾ ਹੀ ਹਿੱਸਾ ਸੀਇਸ ਘਟਨਾ ਨੇ ਇੱਕ ਵਾਰ ਤਾਂ ਸੰਘਰਸ਼ ਨੂੰ ਵੱਡੀ ਸੱਟ ਮਾਰੀਹਰ ਪਾਸੇ ਨਿਰਾਸ਼ਾਜਨਕ ਮਾਹੌਲ ਨਜ਼ਰ ਆਉਣ ਲੱਗਾਗਾਜ਼ੀਪੁਰ ਬਾਰਡਰ ਦਾ ਧਰਨਾ ਤਾਂ ਤਕਰੀਬਨ ਉੱਖੜ ਹੀ ਗਿਆ ਸੀਪਰ ਐੱਨ ਮੌਕੇ ’ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਰਾਕੇਸ਼ ਟਕੈਤ ਵੱਲੋਂ ਭਾਵੁਕ ਹੋ ਕੇ ਕੀਤੀ ਤਕਰੀਰ ਨੇ ਬਾਜ਼ੀ ਪਲਟ ਦਿੱਤੀਰਾਤੋ-ਰਾਤ ਹਜ਼ਾਰਾਂ ਕਿਸਾਨ ਧਰਨੇ ਵੱਲ ਤੁਰ ਪਏ ਅਤੇ ਸਰਕਾਰ ਦੇ ਮਨਸੂਬੇ ਧਰੇ ਧਰਾਏ ਰਹਿ ਗਏ

ਅਸਲ ਵਿੱਚ ਸਰਕਾਰ ਨੇ ਲਾਲ ਕਿਲੇ ਦੀ ਘਟਨਾ, ਕਿਸਾਨੀ ਅੰਦੋਲਨ ਨੂੰ ਕਮਜ਼ੋਰ ਅਤੇ ਬਦਨਾਮ ਕਰਨ ਲਈ ਵਰਤੀਸਰਕਾਰ ਇਸਦੀ ਆੜ ਵਿੱਚ ਅੰਦੋਲਨ ਨੂੰ ਖਤਮ ਕਰਨ ਲਈ ਉਤਾਵਲੀ ਸੀਕਿਸਾਨਾਂ ਉੱਤੇ ਹਮਲੇ ਵੀ ਕਰਵਾਏ ਗਏ ਪਰ ਕਿਸਾਨ ਆਗੂਆਂ ਦੀ ਸਿਆਣਪ ਅਤੇ ਬਹਾਦਰ ਯੋਧਿਆਂ ਦੀ ਇਕਮੁੱਠਤਾ ਨੇ ਅੰਦੋਲਨ ਨੂੰ ਖਿੰਡਣ ਤੋਂ ਬਚਾ ਲਿਆਇਹ ਵੀ ਸਚਾਈ ਹੈ ਕਿ ਜੇ ਸੰਘਰਸ਼ ਢਹਿ ਜਾਂਦਾ ਤਾਂ ਮੁੜ ਲੜਾਈ ਇਸ ਪੱਧਰ ਦੀ ਖੜ੍ਹੀ ਨਹੀਂ ਹੋ ਸਕਣੀ ਸੀਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਾਲ ਕਿਲੇ ਦੀ ਘਟਨਾ ਨੇ ਦੋਸਤ ਤੇ ਦੁਸ਼ਮਣ ਦੀ ਪਹਿਚਾਣ ਜ਼ਰੂਰ ਕਰਾ ਦਿੱਤੀ

ਇਹਨਾਂ ਛੇ ਮਹੀਨਿਆਂ ਵਿੱਚ ਕਿਸਾਨੀ ਅੰਦੋਲਨ ਨੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈਐਨਾ ਲੰਮਾ ਸਮਾਂ ਸ਼ਾਂਤੀਪੂਰਵਕ ਢੰਗ ਨਾਲ ਚੱਲਣ ਵਾਲਾ ਇਹ ਪਹਿਲਾ ਇਤਿਹਾਸਕ ਅੰਦੋਲਨ ਹੈਇਸਦੇ ਸਬਰ, ਸੰਤੋਖ ਉੱਤੇ ਟਿਕੇ ਹੋਣ ਕਰਕੇ, ਇਸਨੇ ਸਭ ਨੂੰ ਹੈਰਾਨ ਕਰ ਦਿੱਤਾ ਹੈਪੰਜਾਬੀ ਸੱਭਿਆਚਾਰ ਫਿਰ ਦੁਨੀਆਂ ਪੱਧਰ ਉੱਤੇ ਨਿੱਖਰਕੇ ਸਾਹਮਣੇ ਆਇਆ ਹੈ ਅਤੇ ‘ਪਗੜੀ’ ਦੇ ਮਾਣ ਸਨਮਾਨ ਵਿੱਚ ਵਾਧਾ ਹੋਇਆ ਹੈਇਸ ਵਿੱਚ ਵੀ ਦੋ ਰਾਵਾਂ ਨਹੀਂ ਕਿ ਜਵਾਨੀ ਦੇ ਜੋਸ਼ ਸਦਕਾ ਹੀ ਮੌਜੂਦਾ ਕਿਸਾਨ ਅੰਦੋਲਨ ਆਪਣੀਆਂ ਸਿਖਰਾਂ ਛੋਹ ਸਕਿਆ ਹੈ। ਇਸ ਜੋਸ਼ ਨੂੰ ਕਾਬੂ ਅਤੇ ਜ਼ਾਬਤੇ ਵਿੱਚ ਰੱਖਣ ਲਈ ਬਜ਼ੁਰਗਾਂ ਦੇ ਹੋਸ਼ ਦੀ ਬਹੁਤ ਅਹਿਮੀਅਤ ਰਹੀ ਹੈਇਸ ਅੰਦੋਲਨ ਨੇ ਬੇਰੁਜ਼ਗਾਰੀ ਅਤੇ ਨਸ਼ਿਆਂ ਕਾਰਨ ਨਿਰਾਸ਼ ਹੋਈ ਜਵਾਨੀ ਨੂੰ ਇੱਕ ਮਕਸਦ ਦਿੱਤਾ ਹੈਨੌਜਵਾਨ ਆਪਣੇ ਇਤਿਹਾਸਕ ਵਿਰਸੇ ਬਾਰੇ ਜਾਨਣ ਲੱਗੇ ਹਨਲੰਗਰ ਦੀ ਸੇਵਾ ਤੋਂ ਲੈ ਕੇ ਸਫ਼ਾਈ ਤਕ ਹਰ ਕੰਮ ਵਿੱਚ ਰੁੱਝੇ ਨੌਜਵਾਨ ਸਾਡਾ ਰੌਸ਼ਨ ਭਵਿੱਖ ਹਨ

ਅੰਦੋਲਨ ਦੌਰਾਨ ਪਹਿਲੀ ਵਾਰ ਐਨੀ ਵੱਡੀ ਪੱਧਰ ਉੱਤੇ ਗੱਡੀਆਂ ਅਤੇ ਘਰਾਂ ਉੱਤੇ ਝੂਲਦੇ ਕਿਸਾਨੀ ਝੰਡਿਆਂ ਨੇ ਉਤਸ਼ਾਹ ਜਨਕ ਮਾਹੌਲ ਸਿਰਜਦੇ ਹੋਏ ਹਰ ਪਾਸੇ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕੀਤਾ ਹੈ ਇੱਥੋਂ ਤਕ ਕਿ ਵਿਆਹ ਸਮਾਗਮਾਂ ਵਿੱਚ ਵੀ ਕਿਸਾਨੀ ਝੰਡਿਆਂ ਨੂੰ ਚੁੱਕ ਕੇ ਤੁਰਨ ਵਿੱਚ ਮਾਣ ਮਹਿਸੂਸ ਕੀਤਾ ਜਾਣ ਲੱਗਾਇਸ ਦੌਰਾਨ ਸਾਰੇ ਇਤਿਹਾਸਕ ਦਿਹਾੜੇ ਵੀ ਉਤਸ਼ਾਹ ਨਾਲ ਮਨਾਏ ਗਏ ਅਤੇ ਇਹ ਪਹਿਲੀ ਵਾਰ ਸੀ ਕਿ ਇਹਨਾਂ ਦਿਹਾੜਿਆਂ ਦਾ ਅਸਲ ਇਤਿਹਾਸ ਤੇ ਮਨਾਉਣ ਦਾ ਮਕਸਦ ਵੱਡੀ ਪੱਧਰ ’ਤੇ ਆਮ ਲੋਕਾਂ ਤਕ ਪਹੁੰਚਿਆ

ਇਸ ਅੰਦੋਲਨ ਦੀ ਇਹ ਵੀ ਵੱਡੀ ਪ੍ਰਾਪਤੀ ਹੈ ਕਿ ਇਸਨੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਅਤੇ ਸਰਕਾਰ ਦੀਆਂ ਵੰਡ ਪਾਊ ਸਾਜ਼ਿਸ਼ਾਂ ਨੂੰ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾਅੰਦੋਲਨ ਨੇ ਔਰਤਾਂ ਨੂੰ ਵੀ ਪੂਰਾ ਮਾਣ ਸਨਮਾਨ ਦਿੱਤਾ ਹੈਇਸਨੇ ਔਰਤਾਂ ਨੂੰ ਖੁੱਲ੍ਹ ਕੇ ਅੱਗੇ ਆਉਣ ਦਾ ਮੌਕਾ ਦਿੱਤਾ ਤੇ ਔਰਤਾਂ ਨੇ ਵੀ ਇਸ ਮੌਕੇ ਨੂੰ ਬਾਖੂਬੀ ਵਰਤਿਆ ਹੈਔਰਤਾਂ ਸਿਰਫ ਇਕੱਠਾਂ ਦਾ ਹਿੱਸਾ ਹੀ ਨਹੀਂ ਬਣੀਆਂ ਸਗੋਂ ਉਹ ਹਰ ਪ੍ਰਬੰਧ ਕਰਨ ਦੇ ਨਾਲ-ਨਾਲ, ਸਟੇਜ ਤੋਂ ਮੋਦੀ ਸਰਕਾਰ ਨੂੰ ਵੰਗਾਰਦੀਆਂ ਵੀ ਨਜ਼ਰ ਆਈਆਂ

ਬੇਸ਼ਕ ਹੁਣ ਬਾਰਡਰਾਂ ਉੱਤੇ ਮੇਲੇ ਵਰਗਾ ਮਾਹੌਲ ਨਹੀਂ ਰਿਹਾ ਪਰ ਸੰਘਰਸ਼ ਦੀ ਮਜ਼ਬੂਤ ਇਮਾਰਤ ਖੜ੍ਹੀ ਨਜ਼ਰ ਆਉਂਦੀ ਹੈ ਇੱਥੇ ਵੱਡੀ ਗਿਣਤੀ ਵਿੱਚ ਉਹ ਯੋਧੇ ਹੀ ਬੈਠੇ ਨਜ਼ਰ ਆਉਂਦੇ ਹਨ, ਜਿਨ੍ਹਾਂ ਆਪਣੀਆਂ ਉਮਰਾਂ ਸੰਘਰਸ਼ਾਂ ਵਿੱਚ ਲੰਘਾਈਆਂ ਹਨਉਹਨਾਂ ਦੇ ਸਿਰੜ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਰ ਮੌਸਮ ਦਾ ਮੁਕਾਬਲਾ ਕਰਨਾ ਵੀ ਜਾਣਦੇ ਹਨਪੋਹ-ਮਾਘ ਦੀਆਂ ਠੰਢੀਆਂ ਰਾਤਾਂ ਦੀ ਮਾਰ ਖੁੱਲ੍ਹੇ ਅਸਮਾਨ ਥੱਲੇ ਝੱਲਣ ਤੋਂ ਬਾਅਦ ਹੁਣ ਗਰਮੀ ਅਤੇ ਬਰਸਾਤੀ ਮੌਸਮ ਵਿੱਚ ਵੀ ਉਹਨਾਂ ਦੇ ਹੌਸਲੇ ਬੁਲੰਦ ਹਨ ਬੇਸ਼ਕ ਸਰਕਾਰ ਸੋਚਦੀ ਸੀ ਕਿ ਬਦਲਦਾ ਮੌਸਮ ਕਿਸਾਨਾਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦੇਵੇਗਾ ਕਿਉਂਕਿ ਗਰਮੀ ਵਿੱਚ ਤਪਦੀਆਂ ਸੜਕਾਂ ਉੱਤੇ ਰਹਿਣਾ ਬਹੁਤ ਮੁਸ਼ਕਲ ਹੈਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਗੁਰੂਆਂ ਨੇ ਦੁਸ਼ਮਣ ਦੀ ਈਨ ਮੰਨਣ ਦੀ ਬਜਾਏ ਤੱਤੀਆਂ ਤਵੀਆਂ ’ਤੇ ਬੈਠਣਾ ਮਨਜ਼ੂਰ ਕੀਤਾ ਸੀ, ਫਿਰ ਇਹ ਸੜਕਾਂ ਸਾਡਾ ਕੀ ਵਗਾੜ ਲੈਣਗੀਆਂ

ਕਿਸਾਨਾਂ ਨੇ ਹਰ ਮੌਸਮ ਅਨੁਸਾਰ ਰਹਿਣ ਦੇ ਯੋਗ ਪ੍ਰਬੰਧ ਵੀ ਕੀਤੇ ਹਨਗਰਮੀ ਤੋਂ ਬਚਾਅ ਲਈ ਜਿੱਥੇ ਵੱਡੀ ਗਿਣਤੀ ਵਿੱਚ ਬਾਂਸ ਤੇ ਕਾਨਿਆਂ ਦੇ ਬਣੇ ਰਹਿਣ ਬਸੇਰੇ ਹਨ, ਉੱਥੇ ਮਜ਼ਬੂਤ ਕੈਬਨ ਵੀ ਬਣਾਏ ਗਏ ਹਨਇਹਨਾਂ ਕੈਬਨਾਂ ਵਿੱਚ 10 ਤੋਂ ਲੈ ਕੇ 20 ਲੋਕ ਆਰਾਮ ਨਾਲ ਪੈ ਜਾਂਦੇ ਹਨਪੱਖੇ, ਕੂਲਰ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਇਹਨਾਂ ਵਿੱਚ ਸਮਾਨ ਵੀ ਸੁਰੱਖਿਅਤ ਰਹਿੰਦਾ ਹੈਕਈ ਕਿਸਾਨਾਂ ਨੇ ਪਹਿਲੇ ਸਮਿਆਂ ਵਾਂਗ ਸਪੈਸ਼ਲ ‘ਛੰਨਾਂ’ ਵੀ ਤਿਆਰ ਕਰਵਾਈਆਂ ਹਨ ਜੋ ਅੰਦਰੋਂ ਮਿੱਟੀ ਨਾਲ ਲਿੱਪੀਆਂ ਹੋਣ ਕਾਰਨ ਠੰਢੀਆਂ ਹੁੰਦੀਆਂ ਹਨਹਰ ਤਰ੍ਹਾਂ ਦੀ ਖ਼ਬਰਸਾਰ ਲਈ ਹੁਣ ਟੀ ਵੀ ਦਾ ਪ੍ਰਬੰਧ ਵੀ ਹਰ ਥਾਂ ਨਜ਼ਰ ਆਉਂਦਾ ਹੈਪਾਣੀ ਦੀ ਵਧੇਰੇ ਖਪਤ ਨੂੰ ਵੇਖਦਿਆਂ ਵੱਡੀਆਂ ਟੈਂਕੀਆਂ ਨਾਲ ਵਾਟਰ ਕੂਲਰ ਤੇ ਆਰ ਓ ਸਿਸਟਮ ਲਗਾਏ ਗਏ ਹਨਡਿਸਪੋਜ਼ਲ ਦੀ ਬਜਾਏ ਸਟੀਲ ਦੇ ਭਾਂਡੇ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨਕੁਲ ਮਿਲਾ ਕੇ ਕਿਹਾ ਜਾ ਸਕਦਾ ਕਿ ਕੂੜਾ ਕਚਰਾ ਘਟਾਇਆ ਗਿਆ ਹੈ ਤਾਂ ਕਿ ਸਫਾਈ ਰਹੇ ਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ

ਇਸੇ ਤਰ੍ਹਾਂ ਲੰਗਰ ਵਾਲਿਆਂ ਵੀ ਸੁਚੱਜੇ ਪ੍ਰਬੰਧ ਕੀਤੇ ਹਨ ਮੱਛਰ ਮੱਖੀ ਤੋਂ ਬਚਾ ਲਈ ਹਰ ਪਾਸੇ ਜਾਲੀ ਲਗਾਈ ਗਈ ਹੈਆਰਜ਼ੀ ਬਾਥਰੂਮ ਦੀ ਜਗ੍ਹਾ ਪੱਕੇ ਬਾਥਰੂਮ ਤਿਆਰ ਹੋ ਰਹੇ ਹਨ ਕਿਉਂਕਿ ਸਰਕਾਰ ਦੇ ਅੜੀਅਲ ਵਤੀਰੇ ਨੂੰ ਵੇਖਦਿਆਂ ਇਹ ਪ੍ਰਬੰਧ ਕਰਨੇ ਮਜਬੂਰੀ ਹਨ ਦੂਜੇ ਪਾਸੇ ਐਨੇ ਪ੍ਰਬੰਧ ਕਰਨ ਦੇ ਬਾਵਜੂਦ ਮੀਂਹ ਅਤੇ ਹਨੇਰੀ ਭਾਰੀ ਨੁਕਸਾਨ ਕਰ ਰਹੇ ਹਨਜਿਸ ਕਾਰਨ ਲੰਗਰ ਦੇ ਪ੍ਰਬੰਧ ਅਤੇ ਕਿਸਾਨਾਂ ਦੇ ਰਹਿਣ-ਸਹਿਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਕਿਉਂਕਿ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ ਖੜ੍ਹੇ ਪਾਣੀ ਵਿੱਚ ਮੱਛਰ ਮੱਖੀਆਂ ਦੀ ਭਰਮਾਰ ਹੁੰਦੀ ਹੈ ਜੋ ਬਿਮਾਰੀਆਂ ਨੂੰ ਸੱਦਾ ਦੇਣ ਬਰਾਬਰ ਹੈਤੇਜ਼ ਹਨੇਰੀ ਵੱਲੋਂ ਵਾਰ ਵਾਰ ਟੈਂਟ ਉਖਾੜ ਕੇ ਸੁੱਟ ਦੇਣ ਦੇ ਬਾਵਜੂਦ ਕਿਸਾਨਾਂ ਦੇ ਸਿਦਕ ਅਤੇ ਹੌਸਲੇ ਵਿੱਚ ਕਮੀ ਨਹੀਂ ਆਈ

ਕਰੋਨਾ ਮਹਾਂਮਾਰੀ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ, ਜਿਸ ਕਾਰਨ ਹਰ ਪਾਸੇ ਡਰ ਦਾ ਮਾਹੌਲ ਹੈਸੰਘਰਸ਼ੀ ਯੋਧਿਆਂ ਦੇ ਪਰਿਵਾਰ ਵੀ ਫ਼ਿਕਰਮੰਦ ਹਨ ਕਿਉਂਕਿ ਸਰਕਾਰ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਅਤੇ ਨਾ ਹੀ ਕਰੋਨਾ ਤੋਂ ਬਚਾ ਲਈ ਅੰਦੋਲਨ ਵਾਲੀਆਂ ਥਾਂਵਾਂ ਉੱਤੇ ਯੋਗ ਪ੍ਰਬੰਧ ਕੀਤੇ ਜਾ ਰਹੇ ਹਨਪਹਿਲਾਂ ਹੀ ਵੱਖ ਵੱਖ ਹਾਦਸਿਆਂ ਸਮੇਤ ਹੁਣ ਤਕ 450 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨਪਰ ਪਿਛਲੇ ਚਾਰ ਮਹੀਨੇ ਤੋਂ ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈਕਿਸਾਨ ਆਗੂਆਂ ਨਾਲ ਗੱਲਬਾਤ ਬਿਲਕੁਲ ਬੰਦ ਕੀਤੀ ਹੋਈ ਹੈਸਰਕਾਰ ਦਾ ਅੜੀਅਲ ਰਵਈਆ ਦਰਸਾਉਂਦਾ ਹੈ ਕਿ ਸਰਕਾਰ ਕਿੰਨੀ ਅਣਮਨੁੱਖੀ ਅਤੇ ਲਾਪਰਵਾਹੀ ਵਾਲੀ ਹੈ, ਜੋ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕਰੋਨਾ ਦੀ ਆੜ ਵਿੱਚ ਸੰਘਰਸ਼ ਖਤਮ ਕਰਨ ਨੂੰ ਤਰਜੀਹ ਦੇ ਰਹੀ ਹੈਪਰ ਕਿਸਾਨਾਂ ਵੱਲੋਂ 26 ਮਈ ਨੂੰ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋਣ ’ਤੇ ਪੂਰੇ ਦੇਸ਼ ਵਿੱਚ ਕਾਲੇ ਝੰਡੇ ਲਹਿਰਾ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ ਘਰਾਂ, ਗੱਡੀਆਂ, ਕੰਮਕਾਜੀ ਥਾਂਵਾਂ ਅਤੇ ਸੰਘਰਸ਼ ਵਾਲੇ ਸਥਾਨਾਂ ਉੱਤੇ ਕਾਲੇ ਝੰਡੇ ਲਹਿਰਾ ਕੇ ਵਿਰੋਧ ਕੀਤਾ ਜਾਵੇਗਾਇਸੇ ਦਿਨ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ’ਤੇ ਇਸਦੇ ਪੁਤਲੇ ਫੂਕੇ ਜਾਣ ਦਾ ਸੱਦਾ ਵੀ ਦਿੱਤਾ ਗਿਆ ਹੈਆਓ ਕਿਸਾਨ ਭਰਾਵਾਂ ਨਾਲ ਇਕਮੁੱਠਤਾ ਪ੍ਰਗਟ ਕਰਦਿਆਂ ਇਸ ਇਤਿਹਾਸਕ ਅੰਦੋਲਨ ਦਾ ਹਿੱਸਾ ਬਣ ਕੇ ਆਪਣਾ ਫਰਜ਼ ਨਿਭਾਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2804)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਰਿੰਦਰ ਕੌਰ ਸੋਹਲ

ਨਰਿੰਦਰ ਕੌਰ ਸੋਹਲ

Phone: (91 - 94641 - 13255)
Email: (sohalnarinder35@gmail.com)

More articles from this author