“ਫਿਰਕੂ, ਫਾਸ਼ੀ, ਨਫਰਤੀ ਸਿਆਸਤ ਦਾ ਸੌਖਾ ਨਿਸ਼ਾਨਾ ਔਰਤਾਂ ਹੀ ਬਣਦੀਆਂ ਆਈਆਂ ਹਨ। ਇਹ ਘਟਨਾ ਪਹਿਲੀ ਨਹੀਂ ...”
(5 ਅਗਸਤ 2023)
ਔਰਤ ਜਨਮਦਾਤੀ ਹੈ, ਸੰਸਾਰ ਨੂੰ ਚਲਦਾ ਰੱਖਣ ਲਈ ਆਪਣੀ ਜ਼ਿੰਦਗੀ ਤਕ ਦਾਅ ਉੱਤੇ ਲਾ ਦਿੰਦੀ ਹੈ। ਪਰ ਮਰਦ ਜਿਨ੍ਹਾਂ ਅੰਗਾਂ ਦੀ ਪੈਦਾਇਸ਼ ਹੁੰਦਾ, ਉਸਦਾ ਹੀ ਬੇਰਹਿਮੀ ਨਾਲ ਨਿਰਾਦਰ ਕਰਦਾ। ਅਜਿਹਾ ਹੀ ਵਾਪਰਿਆ ਮਨੀਪੁਰ ਵਿੱਚ, ਜਿੱਥੇ ਹਜੂਮ ਵੱਲੋਂ ਦੋ ਔਰਤਾਂ ਨੂੰ ਨੰਗਾ ਕਰਕੇ ਸੜਕਾਂ ਉੱਤੇ ਘੁਮਾਉਣ ਦੀ ਇੱਕ ਵੀਡੀਓ ਸਾਹਮਣੇ ਆਈ ਹੈ। (ਇਹਨਾਂ ਵਿੱਚੋਂ ਇੱਕ ਕਾਰਗਿਲ ਦੀ ਜੰਗ ਲੜਨ ਵਾਲੇ ਸਾਬਕਾ ਫੌਜੀ ਦੀ ਪਤਨੀ ਸੀ) ਭੂਤਰੀ ਹਿੰਸਕ ਭੀੜ ਉਹਨਾਂ ਦੇ ਨਾਜ਼ੁਕ ਅੰਗਾਂ ਨਾਲ ਛੇੜਛਾੜ ਕਰਦੀ ਵੀ ਨਜ਼ਰ ਆਉਂਦੀ ਹੈ। ਇਹ ਵੇਖ ਕੇ ਲੂ-ਕੰਢੇ ਹੀ ਖੜ੍ਹੇ ਨਹੀਂ ਹੁੰਦੇ ਸਗੋਂ ਮਨ ਗੁੱਸੇ ਨਾਲ ਭਰ ਜਾਂਦਾ ਹੈ। ਇਸ ਘਟਨਾ ਨੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਅਫਸੋਸ ਆਪਣੇ ਆਪ ਨੂੰ ਸੱਭਿਅਕ ਅਖਵਾਉਣ ਵਾਲਾ ਮਨੁੱਖ, ਕਿੰਨੀ ਅਣਮਨੁੱਖਤਾ ਨਾਲ ਭਰਿਆ ਪਿਆ। 4 ਮਈ ਤੋਂ ਲੈ ਕੇ ਵੀਡੀਓ ਸਾਹਮਣੇ ਆਉਣ ਤਕ ਦੋਸ਼ੀਆਂ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਇਸ ਅਪਰਾਧ ਵਿਰੁੱਧ ਨਾ ਤਾਂ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਨਾ ਹੀ ਮੀਡੀਆ ਵੱਲੋਂ ਇਸ ਮਸਲੇ ਨੂੰ ਸਾਹਮਣੇ ਲਿਆਂਦਾ ਗਿਆ। ਪਰ ਜਦੋਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ, ਚਾਰੇ ਪਾਸੇ ਥੂਹ-ਥੂਹ ਹੋਣੀ ਸ਼ੁਰੂ ਹੋ ਗਈ। ਸਰਵਉੱਚ ਅਦਾਲਤ ਵੱਲੋਂ ਝਾੜ ਪਾਉਣ ਬਾਅਦ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੇ ਮਗਰਮੱਛ ਵਾਲੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਕਰਨੀ ਪਈ ਜਦਕਿ ਪਹਿਲਾਂ ਮੁੱਖ ਮੰਤਰੀ ਨੇ ਸ਼ਰਮਿੰਦਗੀ ਮਹਿਸੂਸ ਕਰਨ ਦੀ ਥਾਂ ਕਿਹਾ ਕਿ ਇਹੋ ਜਿਹੀਆਂ ਸੈਂਕੜੇ ਘਟਨਾਵਾਂ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਤਾਂ ਮੋਨ ਧਾਰੀ ਰੱਖਿਆ ਸੀ ਕਿਉਂਕਿ ਸੱਤਾ ਲਈ ਇਹ ਸਭ ਰਾਸ ਆਉਂਦਾ ਸੀ। ਸੂਬਾ ਸਰਕਾਰ ਅਤੇ ਕੌਮੀ ਮਹਿਲਾ ਕਮਿਸ਼ਨ ਨੂੰ ਇਸ ਘਟਨਾ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਦੋ ਮਹੀਨੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ, ਜੋ ਮਿਲੀਭੁਗਤ ਵੱਲ ਇਸ਼ਾਰਾ ਕਰਦੀ ਹੈ। ਇਹ ਘਟਨਾ ਤਾਂ ਸੈਂਕੜੇ ਘਟਨਾਵਾਂ ਵਿੱਚੋਂ ਸਿਰਫ਼ ਇੱਕ ਹੈ ਜੋ ਤਿੰਨ ਮਈ ਤੋਂ ਬਾਅਦ ਮਨੀਪੁਰ ਵਿੱਚ ਵਾਪਰੀਆਂ। ਤਿੰਨ ਮਹੀਨਿਆਂ ਤੋਂ ਮਨੀਪੁਰ ਉਸ ਫਿਰਕੂ ਹਿੰਸਾ ਦੀ ਅੱਗ ਵਿੱਚ ਲਟ-ਲਟ ਬਲ਼ ਰਿਹਾ ਹੈ ਜੋ ਦੋ ਭਾਈਚਾਰਿਆਂ ਮੈਤੇਈ ਤੇ ਕੁਕੀਆਂ ਵਿਚਾਲੇ ਭੜਕੀ ਹੋਈ ਹੈ ਜਾਂ ਕਹਿ ਲਓ ਜਾਣਬੁੱਝ ਕੇ ਭੜਕਾਈ ਗਈ ਹੈ।
ਅਸਲ ਵਿੱਚ ਕੁੱਕੀ ਤੇ ਹੋਰਾਂ ਕਬੀਲਿਆਂ ਦੇ ਲੋਕਾਂ ਨੂੰ ਲੱਗਦਾ ਹੈ ਕਿ ਮੈਤੇਈਆਂ ਨੂੰ ਅਨੁਸੂਚਿਤ ਕਬੀਲਿਆਂ ਦਾ ਦਰਜਾ ਮਿਲਣ ਨਾਲ ਉਹਨਾਂ ਦੀ ਆਰਥਿਕ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ। ਪਰ ਦੂਜੇ ਪਾਸੇ ਭਾਜਪਾ ਦੀ ਸੂਬਾ ਸਰਕਾਰ ਮੈਤੇਈਆਂ ਨੂੰ ਇਹ ਦਰਜਾ ਦਿਵਾਉਣ ਲਈ ਪੱਬਾਂ ਭਾਰ ਹੋਈ ਪਈ ਸੀ। ਇਸ ਲਈ ਕਬੀਲਾਈ ਲੋਕ ਜੋ ਮੁੱਖ ਤੌਰ ਉੱਤੇ ਇਸਾਈ ਤੇ ਹੋਰਾਂ ਧਰਮਾਂ ਵਿੱਚੋਂ ਆਉਂਦੇ ਹਨ, ਉਹਨਾਂ ਵਿਰੁੱਧ ਜ਼ੋਰ-ਸ਼ੋਰ ਨਾਲ ਇਹ ਨਫਰਤੀ ਪ੍ਰਚਾਰ ਕੀਤਾ ਗਿਆ ਕਿ ਮਿਆਂਮਾਰ ਤੋਂ ਆਉਣ ਵਾਲ਼ੇ ਕੁੱਕੀ ਜਲਦ ਹੀ ਮੈਤੇਈਆਂ ਦੀਆਂ ਜ਼ਮੀਨਾਂ, ਨੌਕਰੀਆਂ ਤੇ ਆਰਥਿਕ ਵਸੀਲਿਆਂ ਉੱਤੇ ਕੰਟਰੋਲ ਹਾਸਲ ਕਰ ਲੈਣਗੇ। ਇਸ ਪੂਰੇ ਮਸਲੇ ਨੂੰ ਜਾਣਬੁੱਝ ਕੇ ਫਿਰਕੂ ਰੰਗਤ ਦੇਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ। ਵੈਸੇ ਮਨੀਪੁਰ ਦੇ ਅਰਥਚਾਰੇ ਅਤੇ ਸਿਆਸਤ ਉੱਤੇ ਮੈਤੇਈ ਸਰਮਾਏਦਾਰਾਂ ਦਾ ਹੀ ਦਬਦਬਾ ਹੈ। ਵਧੇਰੇ ਵਿਧਾਇਕ ਮੈਤੇਈ ਭਾਈਚਾਰੇ ਨਾਲ ਹੀ ਸਬੰਧ ਰੱਖਦੇ ਹਨ। 2022 ਨੂੰ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਬੀਰੇਨ ਸਿੰਘ ਦੀ ਸਰਕਾਰ ਨੇ ਕਈ ਅਜਿਹੇ ਕਦਮ ਚੁੱਕੇ ਹਨ ਜਿਸ ਨਾਲ ਕੁੱਕੀਆਂ ਵਿੱਚ ਇਸ ਭਾਵਨਾ ਨੇ ਜ਼ੋਰ ਫੜਿਆ ਹੈ ਕਿ ਸਰਕਾਰ ਵੱਲੋਂ ਉਹਨਾਂ ਨਾਲ ਵਿਤਕਰੇ ਦੀ ਨੀਤੀ ਅਪਣਾਈ ਜਾ ਰਹੀ ਹੈ। ਪਿਛਲੇ ਸਮਿਆਂ ਵਿੱਚ ਇਹ ਰੋਸ ਹੋਰ ਵੀ ਵਧੇਰੇ ਤਿੱਖਾ ਹੋਇਆ ਹੈ ਜਦੋਂ ਭਾਜਪਾ ਸਰਕਾਰ ਨੇ ਆਪਣੇ ਮੈਤੇਈ ਹਾਕਮਾਂ ਲਈ ਕੁੱਕੀ ਕਬੀਲੇ ਦੀ ਜ਼ਮੀਨ ਹੜੱਪਣ ਦੇ ਯਤਨ ਤੇਜ਼ ਕੀਤੇ ਹਨ। ਮੈਤੇਈਆਂ ਨੂੰ ਪਹਾੜੀ ਇਲਾਕੇ ਵਿੱਚ ਸੰਵਿਧਾਨਕ ਤੌਰ ’ਤੇ ਜ਼ਮੀਨ ਖਰੀਦਣ ਦੀ ਮਨਾਹੀ ਹੈ ਪਰ ਭਾਜਪਾ ਸਰਕਾਰ ਰਾਖਵੇਂ ਜੰਗਲ਼ ਵਧਾਉਣ, ਨਸ਼ਾ ਤਸਕਰਾਂ ਉੱਤੇ ਕਾਬੂ ਪਾਉਣ ਦੇ ਨਾਂਅ ਉੱਤੇ ਕੁਕੀਆਂ ਦੀ ਜ਼ਮੀਨ ਹੜੱਪ ਕੇ, ਉਹਨਾਂ ਨੂੰ ਉਜਾੜ ਕੇ ਮੈਤੇਈ ਸਰਮਾਏਦਾਰਾਂ ਦਾ ਮਨੀਪੁਰ ਦੇ ਆਰਥਿਕ ਵਸੀਲਿਆਂ ਉੱਤੇ ਕੰਟਰੋਲ ਵਧਾਉਣ ਦੇ ਹੱਕ ਵਿੱਚ ਭੁਗਤ ਰਹੀ ਹੈ। ਕੁੱਕੀਆਂ ਵੱਲੋਂ ਜਦੋਂ ਅਜਿਹੇ ਕਦਮਾਂ ਦਾ ਵਿਰੋਧ ਸ਼ੁਰੂ ਕੀਤਾ ਗਿਆ ਤਾਂ ਸਰਕਾਰ ਨੇ ਉਹਨਾਂ ਉੱਤੇ ਦਹਿਸ਼ਤਗਰਦ, ਦੂਜੇ ਮੁਲਕ ਤੋਂ ਆ ਕੇ ਹਿੰਸਾ ਭੜਕਾਉਣ ਵਾਲ਼ੇ (ਕੁਕੀਆਂ ਦਾ ਇੱਕ ਹਿੱਸਾ ਮਿਆਂਮਾਰ ਵਿੱਚ ਵੀ ਵਸਦਾ ਹੈ) ਨਸ਼ਾ ਤਸਕਰ ਆਦਿ ਦੇ ਠੱਪੇ ਜੜੇ ਤੇ ਧਾਰਾ 144 ਲਗਾਉਣ ਦੇ ਨਾਲ ਨਾਲ ਇੰਟਰਨੈੱਟ ਸੇਵਾਵਾਂ ਵੀ ਬਹੁਤੀ ਥਾਵੇਂ ਮੁਕੰਮਲ ਰੂਪ ਵਿੱਚ ਬੰਦ ਕਰ ਦਿੱਤੀਆਂ।
ਲਗਾਤਾਰ ਹਿੰਸਕ ਘਟਨਾਵਾਂ ਵਾਪਰਦੀਆਂ ਰਹੀਆਂ ਪਰ ਸੂਬਾ ਸਰਕਾਰ ਅਤੇ ਪੁਲੀਸ ਹਿੰਸਾ ਉੱਤੇ ਕਾਬੂ ਪਾਉਣ ਵਿੱਚ ਅਸਫਲ ਰਹੀਆਂ। ਇਹ ਉਦੋਂ ਹੀ ਵਾਪਰਦਾ ਜਦੋਂ ਉਨ੍ਹਾਂ ਵਿਚਲੇ ਕੁਝ ਤੱਤ ਹਿੰਸਾ ਕਰਨ ਵਾਲਿਆਂ ਦੀ ਹਿਮਾਇਤ ਕਰ ਰਹੇ ਹੋਣ। ਇਸ ਦੌਰਾਨ ਪੁਲਿਸ ਦੇ ਅਸਲਾਖਾਨਿਆਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਥਿਆਰ ਲੁੱਟੇ ਗਏ। ਅੰਦਰੂਨੀ ਸੁਰੱਖਿਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਹਥਿਆਰ ਲੁੱਟੇ ਨਹੀਂ ਗਏ ਸਗੋਂ ਇੱਕ ਖ਼ਾਸ ਭਾਈਚਾਰੇ ਦੇ ਲੋਕਾਂ ਵਿੱਚ ਵੰਡੇ ਗਏ। ਅਜਿਹੇ ਸਮੇਂ ਸੱਤਾਧਾਰੀ ਧਿਰਾਂ ਚੁੱਪ ਰਹਿੰਦੀਆਂ ਹਨ, ਹਿੰਸਾ ਨੂੰ ਜਾਣਬੁੱਝ ਕੇ ਵਧਣ ਦਿੱਤਾ ਜਾਂਦਾ ਹੈ ਤਾਂ ਕਿ ਨਿਸ਼ਾਨੇ ’ਤੇ ਲਏ ਭਾਈਚਾਰੇ ਦੇ ਲੋਕਾਂ ਨੂੰ ਸਬਕ ਸਿਖਾਇਆ ਜਾ ਸਕੇ। ਘੱਟਗਿਣਤੀਆਂ, ਆਦਿਵਾਸੀ ਕਬੀਲਿਆਂ ਤੇ ਭਾਈਚਾਰਿਆਂ ਦੀ ਹੱਕ ਸੱਚ ਦੀ ਆਵਾਜ਼ ਨੂੰ ਦਰੜਨ ਲਈ ਵਿਰੋਧੀ ਭਾਈਚਾਰੇ ਨਾਲ ਸਬੰਧਿਤ ਔਰਤਾਂ ਉੱਤੇ ਜਿਣਸੀ ਹਿੰਸਾ ਨੂੰ ਹਵਾ ਦਿੱਤੀ ਜਾਂਦੀ। ਮਨੀਪੁਰ ਦੀ ਘਟਨਾ ਵਿੱਚ ਦੋਵੇਂ ਔਰਤਾਂ ਕੁੱਕੀ ਭਾਈਚਾਰੇ ਨਾਲ ਸਬੰਧਿਤ ਹਨ। ਭੀੜ ਨੂੰ ਸ਼ਹਿ ਦੇ ਕੇ ਹੀ ਇਹਨਾਂ ਔਰਤਾਂ ਨਾਲ ਇਸ ਜ਼ਾਲਮਾਨਾ ਹਰਕਤ ਨੂੰ ਅੰਜਾਮ ਦਿੱਤਾ ਗਿਆ। ਔਰਤ ਦੀ ਬੇਪੱਤੀ ਇੱਕ ਔਰਤ ਹੋਣ ਵਜੋਂ ਵੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਕੇ ਦੋਸ਼ੀ ਜਿਤਾਉਂਦੇ ਹਨ ਕਿ ਉਨ੍ਹਾਂ ਨੇ ਵਿਰੋਧੀ ਭਾਈਚਾਰੇ ਦੇ ਲੋਕਾਂ ਦੀ ਸਮੂਹਿਕ ਬੇਪੱਤੀ ਕੀਤੀ ਹੈ। ਉਸ ਬੇਪੱਤੀ ਨੂੰ ਔਰਤਾਂ ਦੇ ਜਿਸਮਾਂ ਉੱਤੇ ਉੱਕਰ ਦਿੱਤਾ ਜਾਂਦਾ ਹੈ। ਅਜਿਹਾ ਕਰਨ ਵਾਲੇ ਨਾਮਰਦਾਂ ਲਈ ਔਰਤ ਦਾ ਸਰੀਰ ਹੀ ਜੰਗ ਦਾ ਮੈਦਾਨ ਬਣ ਜਾਂਦਾ ਹੈ।
ਫਿਰਕੂ, ਫਾਸ਼ੀ, ਨਫਰਤੀ ਸਿਆਸਤ ਦਾ ਸੌਖਾ ਨਿਸ਼ਾਨਾ ਔਰਤਾਂ ਹੀ ਬਣਦੀਆਂ ਆਈਆਂ ਹਨ। ਇਹ ਘਟਨਾ ਪਹਿਲੀ ਨਹੀਂ, 1947 ਦੇਸ਼ ਦੀ ਵੰਡ, 1984 ਦਿੱਲੀ ਅਤੇ 2002 ਗੁਜਰਾਤ ਦੰਗਿਆਂ ਸਮੇਂ ਵੀ ਅਜਿਹਾ ਹੀ ਵਾਪਰਿਆ ਸੀ। ਪਰ ਹਮੇਸ਼ਾ ਹਕੂਮਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੋਂ ਪਾਸਾ ਵੱਟੀ ਰੱਖਿਆ ਜਾਂਦਾ ਰਿਹਾ ਹੈ। ਆਮ ਲੋਕਾਂ ਅਤੇ ਪੀੜਤਾਂ ਦੇ ਲੰਮਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਹੀ ਕੁਝ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ। ਗੁਜਰਾਤ ਦੀ ਮੁਸਲਿਮ ਔਰਤ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਪਿਛਲੇ ਸਾਲ ਅਜ਼ਾਦੀ ਦੇ ਜਸ਼ਨਾਂ ਸਮੇਂ ‘ਚੰਗੇ ਚਰਿੱਤਰ’ ਦਾ ਸਰਟੀਫਿਕੇਟ ਦੇ ਕੇ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਅਜ਼ਾਦ ਕਰ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਆਉਣ ਸਮੇਂ ਦੋਸ਼ੀਆਂ ਦਾ ਹਾਰ ਪਾ ਕੇ ਜਿਵੇਂ ਸਵਾਗਤ ਕੀਤਾ ਗਿਆ, ਇਹ ਦੋਸ਼ੀਆਂ ਨੂੰ ਹੱਲਾਸ਼ੇਰੀ ਦੇਣ ਬਰਾਬਰ ਹੀ ਸੀ ਕਿ ਜੋ ਮਰਜ਼ੀ ਕਰੋ, ਸਾਡਾ ਹੱਥ ਤੁਹਾਡੀ ਪਿੱਠ ’ਤੇ ਹੈ। ਕੀ ਇਨਸਾਫ਼ ਲੈਣ ਲਈ ਹਰ ਪੀੜਤ ਔਰਤ ਨੂੰ ਫੂਲਨ ਦੇਵੀ ਬਣਨਾ ਪਵੇਗਾ? ਹਾਂ ਉਹੀ ਫੂਲਨ ਦੇਵੀ ਜਿਸਦੀ ਪਿੰਡ ਦੇ ਵੀਹ ਇੱਜ਼ਤਦਾਰ ਚੌਧਰੀਆਂ ਵੱਲੋਂ ਸ਼ਰੇਆਮ ਇੱਜ਼ਤ ਲੁੱਟੀ ਗਈ ਤੇ ਸਾਰੇ ਪਿੰਡ ਵਿੱਚ ਨੰਗੀ ਕਰਕੇ ਘੁਮਾਇਆ ਗਿਆ। ਉਸਦੇ ਪਿਤਾ ਤੇ ਭਰਾ ਨੂੰ ਕਤਲ ਕਰ ਦਿੱਤਾ ਗਿਆ। ਫੂਲਨ ਦੇਵੀ ਦੇ ਅੰਦਰ ਬਦਲੇ ਦੀ ਅੱਗ ਭੜਕ ਉੱਠੀ ਤੇ ਉਹ ਡਾਕੂਆਂ ਨਾਲ ਜਾ ਰਲੀ। ਅਖੀਰ ਉਸਨੇ ਬਲਾਤਕਾਰੀ ਚੌਧਰੀਆਂ ਨੂੰ ਸਦਾ ਦੀ ਨੀਂਦੇ ਸੁਲਾ ਦਿੱਤਾ ਸੀ, ਜਿਸ ਕਾਰਨ ਉਸ ਨੂੰ ਜੇਲ੍ਹ ਵੀ ਕੱਟਣੀ ਪਈ ਪਰ ਉਸਨੇ ਆਪਣੇ ਅੰਦਰਲੀ ਬਦਲੇ ਦੀ ਅੱਗ ਨੂੰ ਸ਼ਾਂਤ ਜ਼ਰੂਰ ਕਰ ਲਿਆ ਸੀ।
ਹੁਣ ਮਨੀਪੁਰ ਵਿੱਚ ਵਾਪਰੇ ਕਹਿਰ ਸੰਬੰਧੀ 42 ਸਾਲਾਂ ਪੀੜਤ ਔਰਤ ਨੇ ਜੋ ਬਿਆਨ ਦਿੱਤਾ, ਉਹ ਗਹਿਰਾ ਦਰਦ ਦੇਣ ਅਤੇ ਸ਼ਰਮਸਾਰ ਕਰਨ ਵਾਲਾ ਹੈ। ਉਸ ਅਨੁਸਾਰ ਪਿੰਡ ਦੇ ਕੁਝ ਲੋਕ ਦਹਿਸ਼ਤੀ ਟੋਲੇ ਹੱਥੋਂ ਆਪਣੀ ਇੱਜ਼ਤ ਆਬਰੂ ਤੇ ਜਾਨ ਬਚਾਉਣ ਲਈ ਲੁਕੇ ਹੋਏ ਸਨ। ਪਰ ਦਹਿਸ਼ਤਗਰਦੀ ਟੋਲੇ ਲਲਕਾਰੇ ਮਾਰਦੇ ਆ ਗਏ। ਇਸ ਦੌਰਾਨ ਪੀੜਤਾਂ ਨੇ ਪੁਲਿਸ ਕੋਲੋਂ ਮਦਦ ਦੀ ਆਸ ਕੀਤੀ ਪਰ ਪੁਲਿਸ ਨੇ ਉਹਨਾਂ ਨੂੰ ਬਚਾਉਣ ਦੀ ਥਾਂ ਦਰਿੰਦਿਆਂ ਦੇ ਹਵਾਲੇ ਕਰ ਦਿੱਤਾ। ਦੋਸ਼ੀਆਂ ਨੇ ਔਰਤਾਂ ਨੂੰ ਨਿਰਵਸਤਰ ਕਰਕੇ ਆਪਣੇ ਅੱਗੇ ਲਾ ਲਿਆ। ਇਹਨਾਂ ਵਿੱਚ ਇੱਕ 21 ਸਾਲਾਂ ਦੀ ਮੁਟਿਆਰ ਵੀ ਸੀ। ਜਦੋਂ ਉਸਦੇ ਭਰਾ ਤੇ ਬਾਪ ਉਸ ਨੂੰ ਬਚਾਉਣ ਲਈ ਨਫ਼ਰਤ ਦੀ ਅੱਗ ਵਿੱਚ ਕੁੱਦ ਪਏ ਤਾਂ ਭੀੜ ਨੇ ਉਹਨਾਂ ਨੂੰ ਕੁਟ ਕੁਟ ਕੇ ਮਾਰ ਦਿੱਤਾ। ਫਿਰ ਔਰਤਾਂ ਦੇ ਅੰਗਾਂ ਨਾਲ ਜੋ ਹੋਇਆ, ਕਿਸੇ ਦੁਸ਼ਮਣ ਦੀ ਧੀ ਨਾਲ ਵੀ ਕਦੇ ਨਾ ਹੋਵੇ। ਅਫਸੋਸ, ਬੇਹੱਦ ਅਫਸੋਸ ਕਿ ਨੌਜਵਾਨ ਬੇਟੀ ਨੂੰ ਨੋਚਣ ਲਈ ਉਸ ਦੇ ਦਾਦਿਆਂ ਪੜਦਾਦਿਆਂ ਵਰਗੇ ਕਤਾਰ ਵਿੱਚ ਖੜ੍ਹੇ, ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਓ ਹੋ ਬੇਹੱਦ ਸ਼ਰਮਨਾਕ ਬੇਸ਼ਰਮੋਂ ਉਸ ਧੀ ਵਿੱਚੋਂ ਤੁਹਾਨੂੰ ਆਪਣੇ ਪਰਿਵਾਰ ਦੀਆਂ ਧੀਆਂ ਭੈਣਾਂ ਨਜ਼ਰ ਕਿਉਂ ਨਹੀਂ ਆਈਆਂ? ਜੇ ਸਾਡਾ ਇਹ ਪੜ੍ਹ ਸੁਣ ਕੇ ਦਿਲ ਰੋ ਉੱਠਿਆ ਹੈ ਤੇ ਜਿਨ੍ਹਾਂ ਨੇ ਸਭ ਕੁਝ ਆਪਣੇ ਪਿੰਡੇ ਹੰਢਾਇਆ ਹੈ, ਉਨ੍ਹਾਂ ਉੱਤੇ ਕੀ ਬੀਤੀ ਹੋਵੇਗੀ? ਔਰਤ ਨੂੰ ਦੇਵੀ ਕਹਿਣ ਵਾਲਿਓ, ਦੱਸੋ ਔਰਤ ਸਿਰਫ ਔਰਤ ਹੋਣ ਦੀ ਸਜ਼ਾ ਕਦੋਂ ਤਕ ਭੁਗਤਦੀ ਰਹੇਗੀ? ਕਦੋਂ ਤਕ ਔਰਤਾਂ ਦੇ ਜਿਸਮ ਜੰਗ ਦੇ ਮੈਦਾਨ ਬਣਦੇ ਰਹਿਣਗੇ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4132)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)