“ਇਸ ਅੰਦੋਲਨ ਨੇ ਜਿੱਤ ਦਾ ਸ਼ਾਨਦਾਰ ਇਤਿਹਾਸ ਹੀ ਨਹੀਂ ਸਿਰਜਿਆ, ਸਗੋਂ ਰਿਸ਼ਤਿਆਂ ਨੂੰ ਵੀ ...”
(14 ਦਸੰਬਰ 2021)
ਜਵਾਕ ਨੇ ਅੱਖਾਂ ਭਰਦਿਆਂ ਬਜ਼ੁਰਗ ਨੂੰ ਕਿਹਾ “ਤੁਸੀਂ ਨਾ ਜਾਓ, ਫਿਰ ਹਮੇਂ ਰੋਟੀ ਕੌਣ ਦੇਗਾ।” ਬਜ਼ੁਰਗ ਨੇ ਵੀ ਭਾਵੁਕ ਹੋ ਕੇ ਜਵਾਕ ਨੂੰ ਕਲਾਵੇ ਵਿੱਚ ਲੈਂਦਿਆਂ ਕਿਹਾ, “ਪੁੱਤਰਾ ਰੋਟੀ ਬਚਾਉਣ ਦੀ ਲੜਾਈ ਲੜਨ ਆਏ ਸੀ, ਇਹ ਤਾਂ ਜਿੱਤ ਲਈ ਪਰ ਸਭ ਨੂੰ ਪੇਟ ਭਰਕੇ ਰੋਟੀ ਮਿਲੇ, ਉਹ ਲੜਾਈ ਅਜੇ ਜਾਰੀ ਹੈ, ਉਹ ਵੀ ਜ਼ਰੂਰ ਜਿੱਤਾਂਗੇ।”
ਦਿੱਲੀ ਦੇ ਬਾਰਡਰਾਂ ਉੱਤੇ ਲੜੇ ਮੋਰਚੇ ਤੋਂ ਇਹ ਕਹਾਣੀ ਕਿਸੇ ਇੱਕ ਜਵਾਕ ਦੀ ਨਹੀਂ ਸਗੋਂ ਅਣਗਿਣਤ ਪਰਿਵਾਰਾਂ ਦੀ ਏ ਜਿਨ੍ਹਾਂ ਨੂੰ ਕਿਸਾਨ ਅੰਦੋਲਨ ਦੌਰਾਨ ਪੇਟ ਭਰ ਕੇ ਰੋਟੀ ਮਿਲੀ। ਬੇਸ਼ਕ ਪਿਛਲੇ ਇੱਕ ਸਾਲ ਤੋਂ ਦਿੱਲੀ ਬਾਰਡਰਾਂ ਉੱਤੇ ਚੱਲਦਾ ਕਿਸਾਨ ਮੋਰਚਾ ਫਤਿਹ ਹੋ ਗਿਆ ਹੈ ਪਰ ਇਹ ਅਜਿਹਾ ਬਹੁਤ ਕੁਝ ਹਾਂ-ਪੱਖੀ ਸਾਡੀ ਝੋਲੀ ਵਿੱਚ ਪਾ ਗਿਆ ਹੈ ਜੋ ਕਦੇ ਖਤਮ ਨਹੀਂ ਹੋਵੇਗਾ। ਵਾਪਸੀ ਲਈ ਜਦੋਂ ਕਿਸਾਨ ਭਰਾਵਾਂ ਨੇ ਆਪੋ ਆਪਣਾ ਸਮਾਨ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਅਣਗਿਣਤ ਅੱਥਰੂਆਂ ਭਿੱਜੀਆਂ ਅੱਖਾਂ ਇੱਕ ਉਮੀਦ ਨਾਲ ਤੱਕਦੀਆਂ ਨਜ਼ਰ ਆਈਆਂ ਜਿਵੇਂ ਕਹਿ ਰਹੀਆਂ ਹੋਣ, ਫਿਰ ਕਦੋਂ ਆਓਗੇ? ਅਸਲ ਵਿੱਚ ਇਸ ਉਮੀਦ ਪਿੱਛੇ ਬਹੁਤ ਕੁਝ ਹੈ ਜੋ ਸ਼ਾਇਦ ਬਿਆਨ ਨਹੀਂ ਕੀਤਾ ਜਾ ਸਕਣਾ।
ਕਿਸਾਨਾਂ ਦੇ ਦਿੱਲੀ ਬਾਰਡਰਾਂ ਉੱਤੇ ਆ ਕੇ ਬੈਠਣ ਅਤੇ ਲੰਗਰਾਂ ਦੇ ਦਿਨ ਰਾਤ ਚੱਲਣ ਨੇ ਮਜ਼ਦੂਰ ਪਰਿਵਾਰਾਂ ਨੂੰ ਬਹੁਤ ਸਕੂਨ ਦਿੱਤਾ ਸੀ। ਇਸ ਦੌਰਾਨ ਉਹਨਾਂ ਦੇ ਢਿੱਡ ਭਰਨ ਦਾ ਫ਼ਿਕਰ ਹੀ ਨਹੀਂ ਮੁੱਕਿਆ ਸੀ ਸਗੋਂ ਉਹਨਾਂ ਨੂੰ ਇਲਾਜ ਤੇ ਖੁੱਲ੍ਹੇ ਆਸਮਾਨ ਹੇਠ ਰਾਤਾਂ ਗੁਜ਼ਾਰਨ ਦਾ ਫ਼ਿਕਰ ਵੀ ਨਾ ਰਿਹਾ। ਕਿਸਾਨਾਂ ਦੇ ਟੈਂਟ ਇਹਨਾਂ ਦਾ ਬਹੁਤ ਵੱਡਾ ਸਹਾਰਾ ਬਣੇ। ਮੁਫ਼ਤ ਦਵਾਈਆਂ ਦੇ ਸਟਾਲ ਤੇ ਕਿਸਾਨ ਹਸਪਤਾਲ, ਇਹਨਾਂ ਦਾ ਦਰਦ ਹਰਨ ਲੱਗੇ। ਦਿਨ ਰਾਤ ਚੱਲਦੇ ਲੰਗਰ ਪੇਟ ਅੰਦਰਲੀ ਅੱਗ ਨੂੰ ਬੁਝਾਉਣ ਵਿੱਚ ਸਹਾਈ ਹੋਏ। ਜਿਹੜੇ ਲੋਕ ਕਦੇ ਖਾਲੀ ਢਿੱਡ ’ਤੇ ਹੱਥ ਰੱਖ ਕੇ ਸੌਣ ਲਈ ਮਜਬੂਰ ਸਨ, ਹੁਣ ਭਰੇ ਢਿੱਡ ਨਾਲ ਸਕੂਨ ਦੀ ਨੀਂਦ ਸੌਣ ਲੱਗੇ। ਛੋਟੇ ਛੋਟੇ ਬੱਚਿਆਂ ਨਾਲ ਜਦੋਂ ਮੀਡੀਆ ਵਾਲੇ ਲੰਗਰ ਬਾਰੇ ਗੱਲ ਕਰਦੇ ਤਾਂ ਉਹਨਾਂ ਦੀ ਖੁਸ਼ੀ ਨਾ ਸੰਭਾਲੀ ਜਾਂਦੀ। ਉਹਨਾਂ ਦਾ ਕਹਿਣਾ ਹੁੰਦਾ ਕਿ ਐਨਾ ਪੇਟ ਭਰਕੇ ਤਾਂ ਅਸੀਂ ਕਦੇ ਖਾਧਾ ਹੀ ਨਹੀਂ ਸੀ। ਖਾਣੇ ਦੇ ਐਨੇ ਰੰਗ ਵੀ ਹੁੰਦੇ ਨੇ, ਪਤਾ ਨਹੀਂ ਸੀ। ਜਿਹੜੇ ਬੱਚਿਆਂ ਨੇ ਕਦੇ ਸਕੂਲ ਦਾ ਮੂੰਹ ਨਹੀਂ ਵੇਖਿਆ ਸੀ, ਉਹਨਾਂ ਨੂੰ ਇੱਥੇ ਕੁਝ ਨੌਜਵਾਨਾਂ ਵੱਲੋਂ ਪੜ੍ਹਾਇਆ ਜਾਣ ਲੱਗਾ। ਇਸ ਨਾਲ ਉਹਨਾਂ ਨੂੰ ਬਹੁਤ ਕੁਝ ਸਿੱਖਣ ਸਿਖਾਉਣ ਨੂੰ ਮਿਲਿਆ। ਜਵਾਕ ਕਹਿੰਦੇ ਸਾਨੂੰ ਐਨਾ ਪਿਆਰ ਮਿਲਿਆ ਸੀ ਕਿ ਅੱਜ ਕਿਸਾਨਾਂ ਦੇ ਜਾਣ ਨਾਲ ਅਸੀਂ ਆਪਣੇ ਆਪ ਨੂੰ ਅਨਾਥ ਹੋਏ ਮਹਿਸੂਸ ਕਰ ਰਹੇ ਹਾਂ।
ਇਸੇ ਤਰ੍ਹਾਂ ਜਦੋਂ ਮੀਡੀਆ ਵਾਲੇ ਔਰਤਾਂ ਨਾਲ ਗੱਲ ਕਰਦੇ ਤਾਂ ਉਹ ਅੱਖਾਂ ਭਰਦੀਆਂ ਕਹਿੰਦੀਆਂ, “ਕਿਸਾਨਾਂ ਦੇ ਇੱਥੇ ਆਉਣ ਨਾਲ ਅਸੀਂ ਸੁਰੱਖਿਅਤ ਮਹਿਸੂਸ ਕਰਦੀਆਂ ਸੀ। ਐਨਾ ਮਾਣ ਸਨਮਾਨ ਤਾਂ ਸਾਨੂੰ ਕਦੇ ਮਿਲਿਆ ਹੀ ਨਹੀਂ ਸੀ, ਜਿੰਨਾ ਇਹਨਾਂ ਨੇ ਦਿੱਤਾ। ਫੈਕਟਰੀ ਵਿੱਚ ਕੰਮ ਕਰਦਿਆਂ ਵੀ ਅਸੀਂ ਕਦੇ ਰੱਜ ਕੇ ਰੋਟੀ ਨਹੀਂ ਸੀ ਖਾਧੀ। ਪਰ ਇਹਨਾਂ ਦੇ ਆਉਣ ਨਾਲ ਰੁਜ਼ਗਾਰ ਦੇ ਨਾਲ ਨਾਲ ਇੱਜ਼ਤ ਮਾਣ, ਰੱਜਵੀਂ ਰੋਟੀ ਅਤੇ ਹੋਰ ਜ਼ਰੂਰਤਾਂ ਵੀ ਪੂਰੀਆਂ ਹੋਈਆਂ ਸਨ। ਲਾਕਡਾਊਨ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ ਸੀ ਪਰ ਕਿਸਾਨਾਂ ਦੇ ਇੱਥੇ ਆਉਣ ਨਾਲ ਬਹੁਤ ਕੁਝ ਮਿਲਿਆ ਸੀ। ਜਿਵੇਂ ਸਾਨੂੰ ਡਰਾਇਆ ਜਾਂਦਾ ਰਿਹਾ ਸੀ, ਉਂਝ ਦੇ ਤਾਂ ਇਹ ਬਿਲਕੁਲ ਨਹੀਂ ਸਨ।”
ਅਸਲ ਵਿੱਚ ਕਿਸਾਨਾਂ ਵੱਲੋਂ ਇੱਥੇ ਲੰਗਰ ਪਕਾਉਣ, ਬਰਤਨ ਸਾਫ਼ ਕਰਨ ਅਤੇ ਸਾਫ਼ ਸਫ਼ਾਈ ਆਦਿ ਲਈ ਔਰਤਾਂ ਕੋਲੋਂ ਦਿਹਾੜੀ ਉੱਤੇ ਕੰਮ ਕਰਵਾਇਆ ਜਾਂਦਾ ਸੀ। ਦਿਹਾੜੀ ਤੋਂ ਇਲਾਵਾ ਉਹਨਾਂ ਦੀ ਹੋਰ ਵੀ ਬਹੁਤ ਮਦਦ ਕੀਤੀ ਜਾਂਦੀ ਸੀ, ਜਿਸ ਕਾਰਨ ਹੁਣ ਫਿਰ ਇਹਨਾਂ ਨੂੰ ਹਰ ਪੱਖੋਂ ਫ਼ਿਕਰ ਸਤਾਉਣ ਲੱਗਾ ਹੈ।
ਇੱਕ ਹਰਿਆਣੇ ਦੇ ਲੰਗਰ ਵਾਲਿਆਂ ਨੇ ਆਪਣੇ ਕੋਲ ਕੰਮ ਕਰਦੀ ਔਰਤ ਨੂੰ ਜਦੋਂ ਵਾਪਸੀ ਸਮੇਂ ਬਹੁਤ ਸਾਰਾ ਸਮਾਨ ਭਾਂਡੇ, ਮਸ਼ੀਨ, ਕੂਲਰ, ਕੰਬਲ਼ ਵਗੈਰਾ ਦਿੱਤੇ ਤਾਂ ਉਹ ਭਾਵੁਕ ਹੋਈ ਰੋਂਦਿਆਂ ਕਹਿਣ ਲੱਗੀ ਸਾਨੂੰ ਸਮਾਨ ਨਹੀਂ, ਤੁਹਾਡੀ ਲੋੜ ਹੈ। ਉਸ ਦੀਆਂ ਗੱਲਾਂ ਸੁਣ ਤਾਊ ਦੀਆਂ ਅੱਖਾਂ ਵੀ ਭਰ ਆਈਆਂ। ਇਸੇ ਤਰ੍ਹਾਂ ਟਰਾਲੀ ਵਿੱਚ ਬੈਠੇ ਬਾਪੂ ਨੇ ਜਦੋਂ ਇੱਕ ਲੜਕੀ ਨੂੰ ਕਿਹਾ ਕਿ ਅਸੀਂ ਹੁਣ ਵਾਪਸ ਜਾ ਰਹੇ ਹਾਂ ਤਾਂ ਉਸਦੇ ਜਜ਼ਬਾਤ ਅੱਖਾਂ ਰਾਹੀਂ ਵਹਿ ਤੁਰੇ। ਉਹ ਬਾਪੂ ਦੇ ਗਲ਼ ਲੱਗ ਕੇ ਉੱਚੀ ਉੱਚੀ ਰੋਣ ਲੱਗੀ ਜਿਵੇਂ ਆਪਣੇ ਪਰਿਵਾਰ ਦਾ ਕੋਈ ਜੀਅ ਕਿਤੇ ਦੂਰ ਚੱਲਿਆ ਹੋਵੇ। ਅਸਲ ਵਿੱਚ ਇਹ ਬੱਚੇ ਰੋਜ਼ ਇਹਨਾਂ ਬਜ਼ੁਰਗਾਂ ਕੋਲ ਆ ਬੈਠਦੇ ਸਨ ਤੇ ਇਹ ਬਜ਼ੁਰਗ ਉਹਨਾਂ ਦੇ ਖਾਣ-ਪੀਣ ਦਾ ਧਿਆਨ ਰੱਖਦਿਆਂ, ਕੱਪੜੇ ਤੇ ਹੋਰ ਚੀਜ਼ਾਂ ਵਗੈਰਾ ਵੀ ਦਿੰਦੇ ਸਨ। ਇਹਨਾਂ ਬੱਚਿਆਂ ਦਾ ਕਿਸਾਨਾਂ ਨਾਲ ਬਹੁਤ ਮੋਹ ਪਿਆਰ ਬਣ ਗਿਆ ਸੀ। ਇੱਕ ਗੱਲ ਹੋਰ ਪਤਾ ਲੱਗੀ ਕਿ ਜੇ ਕਿਸੇ ਗਲੀ ਮਹੱਲੇ ਵਿੱਚ ਹੋ ਰਹੇ ਵਿਆਹ ਸਮੇਂ ਉਸ ਪਰਿਵਾਰ ਨੂੰ ਕੋਈ ਮੁਸ਼ਕਲ ਆਈ ਤਾਂ ਕਿਸਾਨਾਂ ਨੇ ਉਹਨਾਂ ਦੀ ਵੀ ਪੂਰੀ ਮਦਦ ਕੀਤੀ। ਇੱਥੋਂ ਤਕ ਕਿ ਆਪਣੇ ਟੈਂਟ ਤਕ ਉਹਨਾਂ ਨੂੰ ਵਿਆਹ ਦਾ ਪ੍ਰਬੰਧ ਕਰਨ ਲਈ ਭੇਂਟ ਕਰ ਦਿੱਤੇ।
ਬਾਰਡਰਾਂ ਉੱਤੇ ਦੁਕਾਨਾਂ ਲੰਮਾ ਸਮਾਂ ਬੰਦ ਰਹੀਆਂ ਸਨ ਪਰ ਅੰਦੋਲਨ ਲੰਮਾ ਚੱਲਣ ਕਾਰਨ ਕੁਝ ਕੁ ਦੁਕਾਨਦਾਰ ਦੁਕਾਨਾਂ ਖੋਲ੍ਹਣ ਲੱਗ ਪਏ ਸਨ। ਹੁਣ ਜਦੋਂ ਬਾਰਡਰ ਖਾਲੀ ਹੋ ਚੁੱਕੇ ਹਨ ਤਾਂ ਦੁਕਾਨਦਾਰ ਸੁੰਨੇ ਸੁੰਨੇ ਮਹਿਸੂਸ ਕਰ ਰਹੇ ਹਨ। ਇੱਕ ਦੁਕਾਨਦਾਰ ਤਾਂ ਇਹ ਕਹਿੰਦਾ ਭਾਵੁਕ ਹੋ ਗਿਆ ਕਿ ਸਾਡਾ ਦੁਕਾਨ ਵਿੱਚ ਵੜਨ ਨੂੰ ਦਿਲ ਨਹੀਂ ਕਰਦਾ। ਬਾਰਡਰਾਂ ਉੱਤੇ ਵਸਣ ਵਾਲਿਆਂ ਤੋਂ ਇਲਾਵਾ ਦਿੱਲੀ ਵਾਸੀ ਹੋਰ ਉਹ ਲੋਕ ਜੋ ਨਿੱਤ ਇੱਥੇ ਆਉਂਦੇ ਤੇ ਮਦਦਗਾਰ ਬਣਦੇ ਰਹੇ, ਉਹ ਵੀ ਉਦਾਸ ਸਨ।
ਦਿੱਲੀ ਦੀਆਂ ਲਾਡੋ ਰਾਣੀਆਂ ਰੋ ਰੋ ਕੇ ਵਿਛੜਣ ਦਾ ਦਰਦ ਬਿਆਨ ਕਰ ਰਹੀਆਂ ਸਨ। ਇਹਨਾਂ ਦਾ ਕਹਿਣਾ ਸੀ ਕਿ ਸਾਨੂੰ ਇੱਥੇ ਬਹੁਤ ਸਾਰਾ ਪਿਆਰ ਹੀ ਨਹੀਂ ਮਿਲਿਆ ਸਗੋਂ ਨਵੇਂ ਰਿਸ਼ਤੇ ਵੀ ਮਿਲੇ ਹਨ। ਇਹਨਾਂ ਰਿਸ਼ਤਿਆਂ ਦਾ ਨਿੱਘ ਮਾਣਦਿਆਂ, ਇਸ ਸਾਂਝ ਨੂੰ ਹਮੇਸ਼ਾ ਦਿਲਾਂ ਵਿੱਚ ਸਮੋਈ ਰੱਖਣ ਲਈ ਇਹਨਾਂ ਨੇ ਪੰਜਾਬੀ ਬੋਲੀ ਅਤੇ ਖਾਣਾ ਬਣਾਉਣਾ ਵੀ ਸਿੱਖ ਲਿਆ ਹੈ। ਹੈਰਾਨੀ ਤਾਂ ਉਦੋਂ ਹੋਈ ਜਦੋਂ ਇਸ ਅੰਦੋਲਨ ਦੌਰਾਨ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਕਰਵਾਉਣ ਵਾਲੇ ਵੀ ਵਿਦਾਇਗੀ ਸਮੇਂ ਭਾਵੁਕ ਹੋਏ ਤੋਂ ਬਿਨਾਂ ਨਾ ਰਹਿ ਸਕੇ। ਕਮਾਲ! ਇਸ ਅੰਦੋਲਨ ਨੇ ਜਿੱਤ ਦਾ ਸ਼ਾਨਦਾਰ ਇਤਿਹਾਸ ਹੀ ਨਹੀਂ ਸਿਰਜਿਆ, ਸਗੋਂ ਰਿਸ਼ਤਿਆਂ ਨੂੰ ਵੀ ਨਵੇਂ ਅਰਥ ਦਿੱਤੇ ਹਨ, ਜੋ ਨਫ਼ੇ ਨੁਕਸਾਨ ਤੋਂ ਕਿਤੇ ਉੱਚੇ ਉੱਠੇ ਨਜ਼ਰ ਆਉਂਦੇ ਹਨ। ਕਿਸਾਨਾਂ ਨੇ ਦਿੱਲੀ ਹੀ ਨਹੀਂ ਜਿੱਤੀ, ਸਗੋਂ ਦਿਲ ਜਿੱਤਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ।
ਪਿੱਛੇ ਝਾਤ ਮਾਰੀਏ ਤਾਂ ਯਾਦ ਆਉਂਦਾ ਕਿ ਇੱਕ ਕਾਲਾ ਦੌਰ ਅਜਿਹਾ ਵੀ ਆਇਆ ਸੀ ਜਦੋਂ ਪੱਗਾਂ ਤੋਂ ਲੋਕ ਡਰਨ ਲੱਗੇ ਸਨ। ਦੇਸ਼ ਵਿਦੇਸ਼ ਵਿੱਚ ਵੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਸੀ। ਪੰਜਾਬ ਵਿੱਚਲੇ ਅੱਤਵਾਦ ਨੇ ਤਾਂ ਜੋ ਨੁਕਸਾਨ ਕੀਤਾ ਹੀ, ਸਿਆਸੀ ਰੋਟੀਆਂ ਸੇਕਣ ਵਾਲਿਆਂ ਨੇ ਉਸ ਤੋਂ ਵੀ ਵਧੇਰੇ ਨੁਕਸਾਨ ਕੀਤਾ ਸੀ। ਬਹੁਤ ਗ਼ਲਤ ਪ੍ਰਚਾਰ ਕਰਕੇ ਸਾਰੀ ਕੌਮ ਨੂੰ ਭੰਡਿਆ ਜਾਂਦਾ ਰਿਹਾ। ਪਰ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਕਿਸਾਨ ਅੰਦੋਲਨ ਨੇ ਪੰਜਾਬੀਆਂ ਦੀ ਪੱਗ ਦੀ ਸ਼ਾਨ ਨੂੰ ਬਹੁਤ ਉੱਚਾ ਕਰ ਦਿੱਤਾ ਹੈ। ਇਹ ਡਰਾਉਣ ਦੀ ਬਜਾਏ ਸਗੋਂ ਰੋਟੀ ਤੇ ਇੱਜ਼ਤ ਦੇਣ ਦੀ ਪ੍ਰਤੀਕ ਬਣ ਗਈ ਹੈ। ਸ਼ਾਲਾ ਇਹ ਕੌਮ ਇਸੇ ਤਰ੍ਹਾਂ ਗੁਰੂਆਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਹਰ ਜ਼ਰੂਰਤਮੰਦ ਦੀ ਮਦਦਗਾਰ ਬਣਕੇ ਮਾਣ ਵਧਾਉਂਦੀ ਰਹੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3205)
(ਸਰੋਕਾਰ ਨਾਲ ਸੰਪਰਕ ਲਈ: