“ਮਜ਼ਦੂਰਾਂ ਦੇ ਕੰਮ ਕਰਨ ਦੀ ਅਜਿਹੀ ਸਥਿਤੀ ਦੇ ਵਿਰੁੱਧ ਤੇ ਜ਼ਿਆਦਾ ਤਨਖਾਹ ...”
(8 ਮਾਰਚ 2020)
8 ਮਾਰਚ “ਕੌਮਾਂਤਰੀ ਮਹਿਲਾ ਦਿਵਸ” ਸਾਰੇ ਸੰਸਾਰ ਵਿੱਚ ਔਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਜੋਂ ਮਨਾਇਆ ਜਾਂਦਾ ਹੈ। ਪਰ ਇਹ ਸ਼ੁਰੂ ਕਿਵੇਂ ਤੇ ਕਿਉਂ ਹੋਇਆ? ਬਹੁਤ ਘੱਟ ਲੋਕ ਜਾਣਦੇ ਹਨ। ਅਸਲ ਵਿੱਚ ਮਹਿਲਾ ਦਿਵਸ ਇੱਕ ਮਜ਼ਦੂਰ ਅੰਦੋਲਨ ਦੀ ਉਪਜ ਹੈ। ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਸਦੀ ਸ਼ੁਰੂਆਤ ਸਾਲ 1908 ਵਿੱਚ ਹੋਈ ਜਦੋਂ 15 ਹਜ਼ਾਰ ਔਰਤਾਂ ਨੇ ਨਿਊਯਾਰਕ ਸ਼ਹਿਰ ਵਿੱਚ ਮਾਰਚ ਕੱਢਿਆ ਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀ। ਇਸਦੇ ਨਾਲ ਹੀ ਉਨ੍ਹਾਂ ਦੀ ਇੱਕ ਮੰਗ ਇਹ ਸੀ ਕਿ ਉਨ੍ਹਾਂ ਦੀ ਤਨਖਾਹ ਵਧਾਉਣ ਦੇ ਨਾਲ-ਨਾਲ ਵੋਟ ਪਾਉਣ ਦਾ ਹੱਕ ਵੀ ਦਿੱਤਾ ਜਾਵੇ। ਇਸ ਤੋਂ ਠੀਕ ਇੱਕ ਸਾਲ ਬਾਅਦ ਅਮਰੀਕਾ ਦੀ ‘ਸੋਸ਼ਲਿਸਟ ਪਾਰਟੀ’ ਨੇ ਇਸ ਦਿਨ ਨੂੰ ‘ਕੌਮੀ ਮਹਿਲਾ ਦਿਵਸ’ ਐਲਾਨ ਦਿੱਤਾ। 1910 ਵਿੱਚ ਜਰਮਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਕਲਾਰਾ ਜੇਟਕਿਨ ਨੇ ‘ਕੋਪਨਹੇਗਨ’ ਵਿੱਚ ਕੰਮਕਾਜੀ ਔਰਤਾਂ ਦੀ ਇੱਕ ‘ਕੌਮਾਂਤਰੀ ਕਾਨਫਰੰਸ’ ਦੌਰਾਨ ਇਸ ਦਿਨ ਨੂੰ ਵਿਸ਼ਵ ਪੱਧਰ ਉੱਤੇ ਮਨਾਉਣ ਦਾ ਸੁਝਾਅ ਦਿੱਤਾ। ਉਸ ਸਮੇਂ ਉੱਥੇ 17 ਦੇਸਾਂ ਦੀਆਂ ਲਗਭਗ 100 ਔਰਤਾਂ ਹਾਜ਼ਰ ਸਨ ਅਤੇ ਉਹਨਾਂ ਨੇ ਇਸ ਮਤੇ ਦੀ ਪੂਰਨ ਹਮਾਇਤ ਕੀਤੀ।
ਸਭ ਤੋਂ ਪਹਿਲਾਂ 1911 ਵਿੱਚ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਪਹਿਲਾਂ ਇਸ ਨੂੰ ‘ਕੌਮਾਂਤਰੀ ਕੰਮਕਾਜੀ ਔਰਤ ਦਿਵਸ’ ਵਜੋਂ ਹੀ ਜਾਣਿਆ ਜਾਂਦਾ ਸੀ। 25 ਮਾਰਚ 1911 ਨੂੰ ਨਿਊਯਾਰਕ ਦੀ ਟਰਾਇੰਗਲ ਕੱਪੜਾ ਫੈਕਟਰੀ ਵਿੱਚ ਅੱਗ ਲੱਗ ਗਈ ਤੇ ਫੈਕਟਰੀ ਵਿੱਚ ਸੁਰੱਖਿਆ ਦੀ ਘਾਟ ਕਾਰਨ 140 ਤੋਂ ਜ਼ਿਆਦਾ ਔਰਤ ਮਜਦੂਰਾਂ ਦੀ ਸੜ ਕੇ ਮੌਤ ਹੋ ਗਈ। ਕਿਉਂਕਿ ਕੰਮ ਦੌਰਾਨ ਪ੍ਰਬੰਧਕ ਸਾਰੇ ਦਰਵਾਜ਼ੇ ਬੰਦ ਰੱਖਦੇ ਸਨ, ਜਿਸ ਕਾਰਨ ਅੱਗ ਲੱਗਣ ਉੱਤੇ ਔਰਤਾਂ ਬਾਹਰ ਨਾ ਨਿਕਲ ਸਕੀਆ। ਮਜ਼ਦੂਰਾਂ ਦੇ ਕੰਮ ਕਰਨ ਦੀ ਅਜਿਹੀ ਸਥਿਤੀ ਦੇ ਵਿਰੁੱਧ ਤੇ ਜ਼ਿਆਦਾ ਤਨਖਾਹ ਦੇ ਕਾਨੂੰਨ ਦੀ ਮੰਗ, ਹੁਣ ਔਰਤਾਂ ਦੇ ਅੰਦੋਲਨ ਦਾ ਮੁੱਖ ਮੁੱਦਾ ਬਣ ਗਈ। ਇਸ ਨਾਲ ਔਰਤਾਂ ਵਿੱਚ ਆਪਣੇ ਕੰਮਕਾਜੀ ਹਾਲਤਾਂ ਨੂੰ ਲੈ ਕੇ ਬਗਾਵਤ ਹੋਰ ਤੇਜ਼ ਹੋਈ ਤੇ ਔਰਤਾਂ ਲਈ ਵੋਟ ਦੇ ਅਧਿਕਾਰ ਦੀ ਮੰਗ ਵੀ ਤੇਜ਼ੀ ਨਾਲ ਉੱਠੀ।
1917 ਵਿੱਚ ਵਿਸ਼ਵ ਜੰਗ ਦੌਰਾਨ ਰੂਸ ਦੀਆਂ ਔਰਤਾਂ ਨੇ “ਬ੍ਰੈੱਡ ਐਂਡ ਪੀਸ” (ਖਾਣਾ ਤੇ ਸ਼ਾਂਤੀ) ਦੀ ਮੰਗ ਕੀਤੀ। ਉਸ ਸਮੇਂ ਰੂਸ ਵਿੱਚ ‘ਜੂਲੀਅਨ ਕੈਲੰਡਰ’ ਵਰਤਿਆ ਜਾਂਦਾ ਸੀ, ਜਿਸ ਅਨੁਸਾਰ ਹੜਤਾਲ ਵਾਲੇ ਦਿਨ 23 ਫਰਵਰੀ ਸੀ ਪਰ ਗ੍ਰੇਗੋਰੀਅਨ ਕੈਲੰਡਰ ਵਿੱਚ ਇਹ ਦਿਨ 8 ਮਾਰਚ ਸੀ। 1975 ਵਿੱਚ ‘ਸੰਯੁਕਤ ਰਾਸ਼ਟਰ ਮਹਾਂਸੰਘ’ ਨੇ 8 ਮਾਰਚ ਨੂੰ “ਅੰਤਰਰਾਸ਼ਟਰੀ ਮਹਿਲਾ ਦਿਵਸ” ਘੋਸ਼ਿਤ ਕਰ ਦਿੱਤਾ। ਉਸ ਮਗਰੋਂ ਪੂਰੀ ਦੁਨੀਆ ਵਿੱਚ ਇਹ ਦਿਨ ਮਨਾਇਆ ਜਾਣ ਲੱਗਿਆ ਹੈ।
ਕਈ ਦੇਸਾਂ ਵਿੱਚ ਤਾਂ ਇਸ ਦਿਨ ਕੌਮੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਰੂਸ ਅਤੇ ਕਈ ਹੋਰ ਦੇਸਾਂ ਵਿੱਚ ਇਸ ਦਿਨ ਫੁੱਲਾਂ ਦੀ ਕੀਮਤ ਵਧ ਜਾਂਦੀ ਹੈ ਕਿਉਂਕਿ ਔਰਤਾਂ ਤੇ ਮਰਦ ਇੱਕ ਦੂਜੇ ਨੂੰ ਫੁੱਲ ਦਿੰਦੇ ਹਨ। ਚੀਨ ਦੇ ਵਧੇਰੇ ਦਫਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਮਾਰਚ ਦਾ ਪੂਰਾ ਮਹੀਨਾ ਹੀ “ਵਿਮੇਨ ਹਿਸਟਰੀ ਮੰਥ” ਵਜੋਂ ਮਨਾਇਆ ਜਾਂਦਾ ਹੈ।
ਐਨਾ ਕੁਝ ਹਾਂ ਪੱਖੀ ਹੋਣ ਦੇ ਬਾਵਜੂਦ ਵੀ ਔਰਤਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਸਮਾਜ ਅੰਦਰ ਘਰ ਕਰੀ ਬੈਠੀ ਔਰਤ ਵਿਰੋਧੀ ਮਾਨਸਿਕਤਾ, ਪਿਤਰ ਸੱਤਾ ਅਤੇ ਕੁੱਟਮਾਰ ਕਾਰਨ ਉਸ ਨੂੰ ਗੁਲਾਮੀ ਸਹਿਣੀ ਪੈਂਦੀ ਹੈ। ਅੱਜ ਵੀ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਹੁੰਦਾ ਹੈ। ਉਹ ਘਰੇਲੂ ਹਿੰਸਾ, ਅਗਵਾ, ਤੇਜ਼ਾਬੀ ਹਮਲੇ, ਦਾਜ ਅਤੇ ਭਰੂਣ ਹੱਤਿਆ ਆਦਿ ਵਰਗੀਆਂ ਸਮੱਸਿਆਵਾਂ ਵਿੱਚ ਘਿਰੀ ਹੋਈ ਹੈ। ਬੇਸ਼ੱਕ ਕੁਦਰਤ ਨੇ ਔਰਤ ਨੂੰ ਜ਼ਿੰਦਗੀ ਸਿਰਜਣ, ਪਾਲਣ ਅਤੇ ਤਰਾਸ਼ਣ ਦਾ ਬਲ ਬਖਸ਼ਿਆ ਹੈ। ਪਰ ਸਮਾਜ ਵਿੱਚ ਔਰਤ ਨੂੰ ਦਬਾ ਕੇ ਰੱਖਣ ਦੀ ਸੋਚ ਹਮੇਸ਼ਾ ਹਾਵੀ ਰਹਿੰਦੀ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਔਰਤਾਂ ਪੱਖੀ ਬਹੁਤ ਸਾਰੇ ਕਾਨੂੰਨ ਹੋਂਦ ਵਿੱਚ ਆਏ ਹਨ ਪਰ ਉਹ ਕਨੂੰਨ ਵੀ ਸਿਰਫ ਡੱਬਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ‘ਬਲਾਤਕਾਰੀਆਂ ਨੂੰ ਫਾਂਸੀ’ ਦੇਣ ਦਾ ਕਾਨੂੰਨ ਬਣਨ ਦੇ ਬਾਵਜੂਦ ਵੀ ਔਰਤਾਂ ਪ੍ਰਤੀ ਅਪਰਾਧਾਂ ਵਿੱਚ ਬੇਹਤਾਸ਼ਾ ਵਾਧਾ ਹੋਇਆ ਹੈ। ਅਪਰਾਧੀਆਂ ਨੂੰ ਸਜ਼ਾਵਾਂ ਦੇਣ ਵਿੱਚ ਕੀਤੀ ਜਾਂਦੀ ਦੇਰੀ ਵੀ ਇਸਦਾ ਮੁੱਖ ਕਾਰਨ ਹੈ। ਸਮਾਜ ਵਿੱਚ ਲੈਂਗਿਕ ਅਸਮਾਨਤਾ, ਘਰੇਲੂ ਹਿੰਸਾ ਅਤੇ ਯੌਨ ਸ਼ੋਸ਼ਣ ਦੇ ਅੰਕੜੇ ਡਰਾਉਣ ਵਾਲੇ ਹਨ। ਦੇਸ਼ ਵਿੱਚ ਧੀਆਂ ਦੀ ਸੁਰੱਖਿਆ ਦੇ ਵਿਸ਼ੇ ਉੱਤੇ ਚਿੰਤਾ ਅਤੇ ਚਿੰਤਨ ਹੋ ਰਿਹਾ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਪਰ ਹਕੀਕਤ ਬਹੁਤ ਡਰਾਉਣੀ ਹੈ।
ਅਸਲ ਵਿੱਚ ਔਰਤ ਇਕੱਲੇ ‘ਪੁਰਸ਼ ਸਮਾਜ’ ਦੀ ਗੁਲਾਮ ਨਹੀਂ (ਜਿਵੇਂ ਕਿ ਭੁਲੇਖਾ ਪਾਇਆ ਜਾਂਦਾ ਹੈ) ਸਗੋਂ ਪੂੰਜੀਵਾਦ ਪ੍ਰਬੰਧ ਦੀ ਵੀ ਗੁਲਾਮ ਹੈ। ਇਹ ਸ਼ੋਸ਼ਣ ਉੱਤੇ ਅਧਾਰਤ ਸਮਾਜ ਔਰਤਾਂ ਨੂੰ ਕਦੇ ਵੀ ਬਰਾਬਰਤਾ ਨਹੀਂ ਦੇ ਸਕਦਾ। ਇਹ ਮਸਲਾ ਇਕੱਲੀ ਔਰਤ ਦੀ ਅਜ਼ਾਦੀ ਦਾ ਨਹੀਂ, ਸਗੋਂ ਮਨੁੱਖ ਦੀ ਅਜ਼ਾਦੀ ਦਾ ਹੈ। ਇਸ ਲਈ ਇਸ ਪ੍ਰਬੰਧ ਨੂੰ ਬਦਲਣਾ ਬਹੁਤ ਜ਼ਰੂਰੀ ਹੈ।
ਹੁਣ ਜਦੋਂ ਦੇਸ਼ ਵਿੱਚ ਸੀ ਏ ਏ ਵਰਗੇ ਕਾਨੂੰਨਾਂ ਕਾਰਨ ਨਾਗਰਿਕਤਾ ਸਾਬਿਤ ਕਰਨ ਦਾ ਸਵਾਲ ਉੱਠ ਖੜ੍ਹਾ ਹੋਇਆ ਹੈ ਤਾਂ ਔਰਤਾਂ ਨੇ ਸੰਗਠਤ ਹੋ ਕੇ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਦਿੱਲੀ ਦਾ ‘ਸ਼ਾਹੀਨ ਬਾਗ਼’ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਹੁਣ ਪੂਰੇ ਦੇਸ਼ ਵਿੱਚ ਕਈ’ ਸ਼ਾਹੀਨ ਬਾਗ਼’ ਬਣ ਗਏ ਹਨ, ਜੋ ਇਸ ਪ੍ਰਬੰਧ ਲਈ ਇੱਕ ਚਣੌਤੀ ਬਣ ਰਹੇ ਹਨ। ਔਰਤਾਂ ਵਲੋਂ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। 8 ਮਾਰਚ ਸੰਘਰਸ਼ੀ ਔਰਤਾਂ ਦਾ ਤਿਉਹਾਰ ਹੈ, ਜਿਸਦੇ ਅਸਲੀ ਰੂਪ ਨੂੰ ਪਿਛਲੇ ਕੁਝ ਸਮੇਂ ਤੋਂ ਵਿਗਾੜਨ ਦਾ ਕੰਮ ਕੀਤਾ ਗਿਆ ਹੈ। ਜਿਸ ਨੂੰ ਸਿਰਫ ਤੋਹਫੇ ਦੇਣ ਤੇ ਖਾਣ-ਪੀਣ ਤੱਕ ਸੀਮਤ ਕੀਤਾ ਜਾ ਰਿਹਾ ਹੈ। ਪਰ ਇਸ ਵਾਰ 8 ਮਾਰਚ ਆਪਣਾ ਇਤਿਹਾਸਕ ਰੋਲ ਅਦਾ ਕਰ ਰਿਹਾ ਹੈ, ਜਦੋਂ ਦੇਸ਼ ਭਰ ਦੀਆਂ ਔਰਤਾਂ ਇੱਕਮੁੱਠ ਹੋ ਕੇ, ਨਿਊਯਾਰਕ ਦੀਆਂ ਔਰਤਾਂ ਵਾਂਗ ਆਪਣੇ ਹੱਕਾਂ ਲਈ ਸੜਕਾਂ ਉੱਤੇ ਉੱਤਰ ਰਹੀਆਂ ਹਨ। ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈ। ‘ਕੌਮਾਂਤਰੀ ਮਹਿਲਾ ਦਿਵਸ’ ਦੀਆਂ ਸਭ ਨੂੰ ਢੇਰ ਸਾਰੀਆਂ ਇਨਕਲਾਬੀ ਮੁਬਾਰਕਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1976)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)