“ਬਾਬਾ ਜੀ, ਹਰ ਸਾਲ ਦੀ ਤਰ੍ਹਾਂ ਅਸੀਂ ਤੇਰਾ ਗੁਰਪੁਰਬ ਇਸ ਸਾਲ ਵੀ ਪੂਰੀ ਸ਼ਰਧਾ ...”
(24 ਨਵੰਬਰ 2026)

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹਰ ਸਾਲ ਸੰਗਤਾਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ। ਵੱਡੀ ਗਿਣਤੀ ਵਿੱਚ ਲੋਕ ਵੀਜ਼ੇ ਲਵਾ ਕੇ, ਗੁਰੂ ਸਾਹਿਬ ਦੀ ਜਨਮ ਭੋਏਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਲਈ ਪਾਕਿਸਤਾਨ ਜਾਂਦੇ ਹਨ। ਹਰ ਸ਼ਰਧਾਵਾਨ ਸਿੱਖ ਦੀ ਇੱਛਾ ਹੁੰਦੀ ਹੈ, ਕਿ ਗੁਰੂ ਸਾਹਿਬ ਦੇ ਜਨਮ ਸਥਾਨ ਦੇ ਦਰਸ਼ਨ ਕੀਤੇ ਜਾਣ, ਪਰ ਰਾਜਨੀਤਿਕ ਲੋਕਾਂ ਦੁਆਰਾ ਕੱਢੀਆਂ ਕੰਧਾਂ, ਸੰਗਤਾਂ ਦੇ ਜਜ਼ਬਾਤਾਂ ਦੀ ਘੱਟ ਹੀ ਕਦਰ ਕਰਦੀਆਂ ਹਨ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਨਾਲ ਪੂਰੀ ਦੁਨੀਆ ਵਿੱਚ ਸਿੱਖ ਸੰਗਤਾਂ ਨੇ ਖੁਸ਼ੀਆਂ ਮਨਾਈਆਂ ਸਨ। ਸੰਗਤਾਂ ਦੇ ਜਥੇ ਜਾਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਜਾਪਿਆ ਜਿਵੇਂ ਸਰਕਾਰਾਂ ਦੀ ਰਾਜਨੀਤੀ ਉੱਤੇ ਬਾਬੇ ਨਾਨਕ ਦੀ ਸਰਬੱਤ ਦੇ ਭਲੇ ਵਾਲੀ ਸੋਚ ਦਾ ਛਾਅ ਗਈ ਹੋਵੇ। ਲੋਕਾਂ ਨੇ ਪਾਕਿਸਤਾਨ ਦੇ ਵਜ਼ੀਰੇ ਆਲਮ ਅਤੇ ਭਾਰਤ ਦੇ ਪ੍ਰਧਾਨ ਮੰਤਰੀ, ਦਾ ਕੋਟਿਨ ਕੋਟਿ ਧੰਨਵਾਦ ਕੀਤਾ। ਪਰ ਸਰਕਾਰਾਂ ਦੀ ਆਪਣੀ ਰਾਜਨੀਤੀ ਹੁੰਦੀ ਹੈ। ਜੇਕਰ ਰਾਜਨੀਤੀ ਲੋਕਾਂ ਦੇ ਜਜ਼ਬਾਤਾਂ ਅਨੁਸਾਰ ਚੱਲਣ ਲੱਗ ਪਵੇ ਤਾਂ ਇਸਨੂੰ ਰਾਜਨੀਤੀ ਕੌਣ ਕਹੇ। ਜਜ਼ਬਾਤੀ ਬੰਦੇ ਕਦੇ ਨੇਤਾ ਨਹੀਂ ਬਣ ਸਕਦੇ, ਨੇਤਾ ਬਣਨ ਲਈ ਪੱਥਰ ਦਿਲ ਹੋਣਾ ਪੈਂਦਾ ਹੈ। ਦੋਵੇਂ ਦੇਸ਼ਾਂ ਦੇ ਆਪਸੀ ਰਿਸ਼ਤਿਆਂ ਵਿੱਚ ਖਟਾਸ ਪੈਦਾ ਹੋਈ, ਸਭ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਬੰਦ ਕਰਨ ਦੀ ਖਬਰ ਆਈ। ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ। ਬਾਬੇ ਨਾਨਕ ਦੇ ਖੇਤਾਂ ਦੀ ਮਿੱਟੀ ਦੀ ਮਹਿਕ ਸਾਡੇ ਕੋਲੋਂ ਦੂਰ ਹੋ ਗਈ।
ਪਰ ਹਰ ਸ਼ਰਧਾਵਾਨ ਸਿੱਖ, ਬਾਬੇ ਨਾਨਕ ਦੀ ਫੋਟੋ ਆਪਣੇ ਘਰ ਵਿੱਚ ਲਾ ਕੇ ਰੱਖਦਾ ਹੈ। ਸਤਿਕਾਰ ਵਿੱਚ ਬਹੁਤ ਸਾਰੇ ਸੱਜਣ ਬਾਬੇ ਨਾਨਕ ਦੀਆਂ ਤਸਵੀਰਾਂ ਉੱਤੇ ਹਾਰ ਵੀ ਪਾਉਂਦੇ ਹਨ, ਧੂਪ ਬੱਤੀ ਵੀ ਕਰਦੇ ਹਨ। ਬਾਬਾ ਨਾਨਕ ਦੁਨੀਆ ਦਾ ਮਹਾਨ ਕ੍ਰਾਂਤੀਕਾਰੀ ਫਿਲਾਸਫਰ ਹੋਇਆ ਹੈ, ਜਿਸਦੀ ਸੋਚ ਨੂੰ ਸਾਰੇ ਹੀ ਧਰਮ ਅਦਬ ਅਤੇ ਸਤਿਕਾਰ ਦਿੰਦੇ ਹਨ। ਪਰ, ਅਸੀਂ ਬਾਬੇ ਨਾਨਕ ਦੀ ਤਸਵੀਰ ਨੂੰ ਸਤਿਕਾਰ ਦੇਣ ਤਕ ਸੀਮਿਤ ਹੋ ਗਏ, ਬਾਬੇ ਨਾਨਕ ਦੀ ਵਿਚਾਰਧਾਰਾ, ਸਾਡੇ ਤੋਂ ਕੋਹਾਂ ਦੂਰ ਹੋ ਗਈ।
ਬਾਬੇ ਨਾਨਕ ਦਾ ਜਨਮ ਹਨੇਰ ਭਰੇ ਸਮਾਜ ਵਿੱਚ ਇੱਕ ਪ੍ਰਕਾਸ਼ ਦੀ ਕਿਰਨ ਸੀ। ਬਾਬੇ ਨਾਨਕ ਦੇ ਵਿਚਾਰਾਂ ਦੀ ਲੋਅ ਨੇ ਹਨੇਰੇ ਸਮਾਜ ਨੂੰ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਪ੍ਰਕਾਸ਼ਮਾਨ ਕੀਤਾ; ਸਮਾਜ ਵਿੱਚ ਵਾਪਰ ਰਹੇ ਮਾੜੇ ਵਰਤਾਰੇ ਦਾ ਆਪਣੇ ਵਿਚਾਰਾਂ ਦੇ ਨਾਲ ਵਿਰੋਧ ਕੀਤਾ। ਬਾਬਰ ਨੂੰ ਜਾਬਰ ਕਿਹਾ, ਰਾਜਿਆਂ ਨੂੰ ਕਸਾਈ। ਮੌਕੇ ਦੀ ਹਕੂਮਤ ਨਾਲ ਟੱਕਰ ਲਈ, ਜੇਲ੍ਹ ਕੱਟੀ। ਮੂਰਤੀ ਪੂਜਾ ਦਾ ਖੰਡਨ ਕੀਤਾ। ਸਭ ਤੋਂ ਵੱਡਾ, ਔਰਤ ਲਈ ਹਾਅ ਦਾ ਨਾਅਰਾ ਮਾਰਨਾ ਸੀ; ਜਿਸ ਨੂੰ ਪੈਰ ਦੀ ਜੁੱਤੀ ਕਿਹਾ ਜਾ ਰਿਹਾ ਸੀ। ਪਰ ਬਾਬਾ ਜੀ ਨੇ ਕਿਹਾ, ਭਾਈ ਇਹ ਜੱਗ ਜਣਨੀ ਹੈ। ਰਾਜਿਆਂ ਦਾ ਜਨਮ ਔਰਤ ਦੀ ਕੁੱਖ ਵਿੱਚੋਂ ਹੁੰਦਾ ਹੈ। ਸਿੱਧ ਜੋਗੀਆਂ ਨੂੰ ਕਿਹਾ, ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਮੰਗ ਕੇ ਖਾਂਦੇ ਹੋ, ਉਨ੍ਹਾਂ ਗ੍ਰਹਿਸਤੀ ਲੋਕਾਂ ਨੂੰ ਹੀ ਤੁਸੀਂ ਭੰਡ ਰਹੇ ਹੋ। ਗ੍ਰਹਿਸਤੀ ਜੀਵਨ ਨੂੰ ਬਾਬੇ ਨਾਨਕ ਨੇ ਸਭ ਤੋਂ ਉੱਪਰ ਦੱਸਿਆ। ਗਿਆਨ ਦੀ ਗੱਲ ਕੀਤੀ, ਵਿੱਦਿਆ ਵਿਚਾਰਨ ਦੀ ਗੱਲ ਕੀਤੀ। ਗਿਆਨ ਵਿਗਿਆਨ ਦੇ ਸੁਮੇਲ ਦੀ ਗੱਲ ਕੀਤੀ। ਲੱਖਾਂ ਧਰਤੀਆਂ, ਲੱਖਾਂ ਆਕਾਸ਼ਾਂ ਦੀ ਗੱਲ ਬਾਬਾ ਨਾਨਕ ਕਿੰਨੀਆਂ ਸਦੀਆਂ ਪਹਿਲਾਂ ਕਰ ਗਿਆ।
ਜਦੋਂ ਵਪਾਰ ਦੀ ਗੱਲ ਆਈ ਤਾਂ ਬਾਬਾ ਨਾਨਕ ਨੇ ਸੱਚਾ ਸੌਦਾ ਕੀਤਾ, ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ। ਸੱਚੀ ਸੁੱਚੀ ਕਿਰਤ ਕਰਨ ਦਾ ਹੋਕਾ ਦਿੱਤਾ। ਪਰ ਅਫਸੋਸ, ਅਸੀਂ ਬਾਬੇ ਨਾਨਕ ਦੀਆਂ ਤਸਵੀਰਾਂ ਆਪਣੇ ਘਰਾਂ ਅਤੇ ਦਫਤਰਾਂ ਦੇ ਵਿੱਚ ਸਜ਼ਾ ਲਈਆਂ; ਪੂਰਾ ਸਨਮਾਨ ਦਿੱਤਾ, ਗਲ ਵਿੱਚ ਹਾਰ ਪਾਏ। ਸ਼ਤਾਬਦੀਆਂ ਮਨਾਉਣ ’ਤੇ ਪੂਰੀ ਰਾਜਨੀਤੀ ਹੋਈ, ਪਾਣੀ ਵਾਂਗ ਪੈਸਾ ਵਹਾਇਆ ਗਿਆ। ਪਰ ਬਾਬਾ ਨਾਨਕ ਸਾਡੀ ਸੋਚ ਦੇ ਵਿੱਚ ਨਹੀਂ ਵਸ ਸਕਿਆ। ਸਾਨੂੰ ਬਾਬੇ ਦੇ ਵਿਚਾਰ ਸੁਣਨ ਨੂੰ ਚੰਗੇ ਹਨ ਪਰ ਅਪਣਾਉਣ ਲਈ ਚੰਗੇ ਨਹੀਂ ਲਗਦੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਹਰ ਪ੍ਰਾਣੀ ਦੇ ਮੂੰਹ ’ਤੇ ਚੜ੍ਹਿਆ ਹੋਇਆ ਹੈ ਪਰ ਕਿਰਤੀ ਵਰਗ ਦੀ ਦੁਰਦਸ਼ਾ ਕਿਸੇ ਨੂੰ ਨਜ਼ਰ ਨਹੀਂ ਆਉਂਦੀ। ਕਿਰਤੀ ਦੀ ਕੁੱਲੀ ਨੂੰ ਭਾਗ ਨਹੀਂ ਲੱਗੇ, ਨਾਮ ਜਪਣ ਦਾ ਢੌਂਗ ਰਚਿਆ ਗਿਆ। ਪਰ ਨਾਮ ਦੀ ਰੰਗਤ ਕਿਧਰੇ ਨਜ਼ਰ ਨਾ ਆਈ। ਵੰਡ ਛਕਣ ਤੋਂ ਤਾਂ ਅਸੀਂ ਕੋਹਾਂ ਦੂਰ ਹੋ ਗਏ। ਵੰਡਣਾ ਤਾਂ ਦੂਰ ਦੀ ਗੱਲ, ਅਸੀਂ ਤਾਂ ਲੋੜਵੰਦਾਂ ਤੋਂ ਖੋਹਣਾ ਸ਼ੁਰੂ ਕਰ ਦਿੱਤਾ। ਬਾਬੇ ਨਾਨਕ ਦੇ ਨਾਂ ਉੱਤੇ ਵੱਡੇ ਵੱਡੇ ਸਟੋਰ ਖੁੱਲ੍ਹ ਗਏ। ਗੁਰੂ ਨਾਨਕ ਸਾਈਕਲ ਸਟੋਰ, ਗੁਰੂ ਨਾਨਕ ਕਰਿਆਨਾ ਸਟੋਰ, ਗੁਰੂ ਨਾਨਕ ਮੈਡੀਕਲ ਸਟੋਰ, ਹੋਰ ਪਤਾ ਨਹੀਂ ਕਿੰਨੇ, ਉਦਯੋਗਾਂ ’ਤੇ ਬਾਬੇ ਨਾਨਕ ਦੀ ਕਿਰਪਾ ਹੋਈ ਪਰ ਕਿਸੇ ਵੀ ਵਪਾਰੀ ਦੇ ਹੱਥ ਵਿੱਚ ਬਾਬੇ ਨਾਨਕ ਦੀ ਤੇਰਾਂ-ਤੇਰਾਂ ਤੋਲਣ ਵਾਲੀ ਤੱਕੜੀ ਨਜ਼ਰ ਨਾ ਆਈ। ਲੁੱਟ ਦਾ ਮਾਲ ਹਜ਼ਮ ਕਰਨ ਲਈ ਬਾਬੇ ਨਾਨਕ ਦਾ ਓਟ ਆਸਰਾ ਲਿਆ।
ਬਾਬੇ ਨਾਨਕ ਨੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਿਤ ਦੇ ਸਿਧਾਂਤ ’ਤੇ ਪਹਿਰਾ ਦੇਣ ਲਈ ਕਿਹਾ, ਪਰ ਅਸੀਂ ਕੁਦਰਤ ਵੱਲੋਂ ਬਖਸ਼ੇ ਸੋਮੇ, ਪਲੀਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਜ਼ਹਿਰਾਂ ਪਾ ਪਾ ਕੇ ਧਰਤੀ ਮਾਂ ਬੰਜਰ ਕਰ ਦਿੱਤੀ। ਪਾਣੀ ਸਾਡਾ ਪੀਣ ਯੋਗ ਨਹੀਂ ਰਿਹਾ, ਹਵਾ ਸਾਹ ਲੈਣ ਯੋਗ ਨਹੀਂ ਰਹੀ। ਫਿਰ ਅਸੀਂ ਬਾਬੇ ਨਾਨਕ ਦੇ ਕੀ ਲੱਗੇ? ਜਸਵੰਤ ਜਫਰ ਸੱਚ ਹੀ ਕਹਿੰਦਾ ਹੈ, ਬਾਬੇ ਨਾਨਕ ਦੀ ਸੋਚ ਨਹੀਂ ਚਾਹੀਦੀ ਸਾਨੂੰ, ਇਹ ਤਾਂ ਸਾਡੇ ਬੱਚਿਆਂ ਨੂੰ ਵਿਗਾੜ ਦੇਵੇਗੀ। ਸਾਡੇ ਬੱਚੇ ਸਰਕਾਰੀ ਜਬਰ ਦਾ ਵਿਰੋਧ ਕਰਕੇ ਜੇਲ੍ਹਾਂ ਵਿੱਚ ਜਾਣ ਲਈ ਥੋੜ੍ਹੀ ਪੈਦਾ ਹੋਏ ਹਨ। ਜੇ ਰਿਸ਼ਵਤ ਦਾ ਪੈਸਾ ਘਰ ਨਾ ਆਇਆ ਤਾਂ ਸਾਡੇ ਸ਼ੌਕ ਕਿੱਥੋਂ ਪੂਰੇ ਹੋਣੇ ਹਨ। ਹੱਕ ਸੱਚ ਦੀ ਕਮਾਈ ਨਾਲ ਤਾਂ ਸਕੂਟਰ ਵਿੱਚ ਤੇਲ ਨਹੀਂ ਪੈਂਦਾ, ਮਰਸਡੀਜ਼ ਦੇ ਝੂਟੇ ਕਿੱਥੋਂ ਲਵਾਂਗੇ।
ਕ੍ਰਾਂਤੀ ਸ਼ਬਦ ਸੁਣਨ ਨੂੰ ਚੰਗਾ ਲਗਦਾ ਹੈ, ਕ੍ਰਾਂਤੀਕਾਰੀ ਵਿਚਾਰਾਂ ਵਾਲੇ ਲੋਕ ਸੱਤਾ ਦੇ ਗਲਿਆਰਿਆਂ ਵਿੱਚ ਨਹੀਂ ਬੈਠਦੇ ਹੁੰਦੇ, ਉਹ ਤਾਂ ਸਿਸਟਮ ਦੇ ਨਾਲ ਲੜਾਈ ਲੈਣ ਲਈ ਹੀ ਪੈਦਾ ਹੁੰਦੇ ਹਨ। ਨਹੀਂ ਚਾਹੀਦੀ ਸਾਨੂੰ ਅਜਿਹੀ ਵਿਚਾਰਧਾਰਾ, ਅਸੀਂ ਤਾਂ ਬਾਬੇ ਦੀਆਂ ਫੋਟੋਆਂ ਉੱਤੇ ਹਾਰ ਪਾਉਣ ਤਕ ਹੀ ਸੀਮਿਤ ਹਾਂ, ਸਾਡੇ ਤਾਂ ਗੀਤ ਬਾਬੇ ਨਾਨਕ ਦੀਆਂ ਖੁਸ਼ੀਆਂ ਲਿਆਉਣ ਲਈ ਹੀ ਬਣੇ ਹਨ।
ਆਈਂ ਬਾਬਾ ਨਾਨਕਾ,
ਜਾਈਂ ਬਾਬਾ ਨਾਨਕਾ,
ਇਹੋ ਜਿਹੀਆਂ ਖੁਸ਼ੀਆਂ
ਲਿਆਈਂ ਬਾਬਾ ਨਾਨਕਾ।
ਬਾਬਾ ਨਾਨਕਾ ਸਾਡੇ ਘਰਾਂ ਉੱਤੇ ਕਿਰਪਾ ਦ੍ਰਿਸ਼ਟੀ ਰੱਖੀ, ਸਾਡੇ ਘਰ ਲੜਕਿਆਂ ਨੂੰ ਜਨਮ ਦੇਵੀ, ਰਾਜਿਆਂ ਦੀ ਜਣਨੀ ਦਾ ਸਾਇਆ ਸਾਡੇ ਤੋਂ ਦੂਰ ਹੀ ਰਹੇ। ਜੇ ਅਸੀਂ ਬਾਬੇ ਨਾਨਕ ਦੀ ਸੋਚ ਮੰਨਦੇ ਹੋਈਏ ਤਾਂ ਕੁੜੀਆਂ ਕੁੱਖਾਂ ਵਿੱਚ ਕਤਲ ਨਾ ਹੋਣ। ਬਾਬਾ ਜੀ, ਹਰ ਸਾਲ ਦੀ ਤਰ੍ਹਾਂ ਅਸੀਂ ਤੇਰਾ ਗੁਰਪੁਰਬ ਇਸ ਸਾਲ ਵੀ ਪੂਰੀ ਸ਼ਰਧਾ ਦੇ ਨਾਲ ਮਨਾਵਾਂਗੇ, ਦੀਪ ਮਾਲਾ ਕਰਾਂਗੇ, ਪਟਾਕੇ ਚਲਣਗੇ। ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਹੋਵੇਗਾ, ਪਰ ਮੁਆਫ ਕਰੀਂ, ਤੇਰੇ ਵਿਚਾਰਾਂ ’ਤੇ ਪਹਿਰਾ ਦੇਣ ਦੀ ਸਾਡੇ ਵਿੱਚ ਹਿੰਮਤ ਨਹੀਂ ਹੈ। ਸਾਡੇ ਧਨ ਦੇ ਭੰਡਾਰੇ ਭਰਪੂਰ ਕਰੀਂ, ਘਰਾਂ ਵਿੱਚ ਬਰਕਤਾਂ ਪਾਵੀਂ, ਪਰ ਸਾਨੂੰ ਤੇਰੀ ਸੋਚ ’ਤੇ ਪਹਿਰਾ ਦੇਣ ਯੋਗ ਬਣਾਉਣ ਲਈ ਅਜੇ ਤੈਨੂੰ ਕਈ ਵਾਰ ਅਵਤਾਰ ਧਾਰਨਾ ਪਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































