“ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਸਮਗਲਰਾਂ ਦੇ ਗੈਂਗ ਹਨ, ਲੋਕ ਡਰਦੇ ਨਾਂ ਨਹੀਂ ਦੱਸਦੇ। ਹਰ ਬੰਦਾ ...”
(11 ਜੂਨ 2026)
ਪੰਜਾਬ ਦੇ ਵਿੱਚ ਨਸਿਆਂ ਦੀ ਅਜਿਹੀ ਹਨੇਰੀ ਝੁੱਲੀ, ਘਰ ਘਰ ਦੇ ਵਿੱਚ ਸੱਥਰ ਵਿਛਾ ਦਿੱਤੇ। ਸੁਹਾਗਣਾਂ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਲੱਥੀ ਹੁੰਦੀ, ਚੰਦਰੇ ਚਿੱਟੇ ਦੀ ਸਿਉਂਕ ਮੁਟਿਆਰਾਂ ਦੇ ਸਿਰਾਂ ਉੱਤੇ ਚਿੱਟੀਆਂ ਚੁੰਨੀਆਂ ਪਹਿਨਾ ਦਿੰਦੀ ਹੈ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਰੰਗਾਂ ਦੀ ਬਹੁਤ ਮਹੱਤਤਾ ਹੈ। ਸਾਡੀਆਂ ਮੁਟਿਆਰਾਂ ਵਿਆਹ ਤੋਂ ਬਾਅਦ ਵੱਖ ਵੱਖ ਰੰਗਾਂ ਦੀਆਂ ਚੁੰਨੀਆਂ ਸਿਰਾਂ ’ਤੇ ਲੈਂਦੀਆਂ ਅਤੇ ਸੂਟ ਪਾਉਂਦੀਆਂ, ਆਪਣੇ ਪਤੀਆਂ ਦੀਆਂ ਪੱਗਾਂ ਦੇ ਨਾਲ ਦੀਆਂ ਚੁੰਨੀਆਂ ਲਲਾਰੀਆਂ ਤੋਂ ਰੰਗਵਾਉਂਦੀਆਂ। ਸਾਡੀਆਂ ਧੀਆਂ ਭੈਣਾਂ ਦੇ ਰੰਗਾਂ ਵਾਲੇ ਸੁਪਨੇ ਨਸ਼ਿਆਂ ਦੀ ਹਨੇਰੀ ਨੇ ਖੋਹ ਲਏ ਹਨ। ਪਿੰਡ ਪਿੰਡ ਵਿੱਚ, ਮਾਰੂ ਨਸ਼ਿਆਂ ਨਾਲ ਰੁਜ਼ਾਨਾ ਮੌਤਾਂ ਹੋ ਰਹੀਆਂ ਹਨ। ਮੌਤਾਂ ਦਾ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਗੁਟਕਾ ਸਾਹਿਬ ਚੁੱਕ ਕੇ ਖਾਧੀ ਸਹੁੰ ਰੌਲ-ਰੱਪੇ ਵਿੱਚ ਰੁਲ ਗਈ।
ਬੀਤੇ ਦਿਨੀਂ ਜਗਰਾਉਂ ਵਿੱਚ ਚਿੱਟੇ ਨਾਲ ਮਰੇ ਨੌਜਵਾਨਾਂ ਦੀਆਂ ਮਾਵਾਂ, ਭੈਣਾਂ ਅਤੇ ਸੁਹਾਗਣਾਂ ਨੇ ਮਰੇ ਨੌਜਵਾਨਾਂ ਦੀਆਂ ਫੋਟੋਆਂ ਲੈ ਕੇ ਵੱਡੇ ਪੱਧਰ ’ਤੇ ਧਰਨਾ ਲਾਇਆ। ਸੁਹਾਗ ਦੀਆਂ ਚੂੜੀਆਂ ਤੋੜੀਆਂ, ਚਿੱਟੀਆਂ ਚੁੰਨੀਆਂ ਲੈ ਕੇ ਰੋਸ ਪ੍ਰਗਟ ਕੀਤਾ। ਪਰ ਨਸ਼ਿਆਂ ਦਾ ਪਰਨਾਲਾ, ਉੱਥੇ ਦਾ ਉੱਥੇ ਹੈ। ਨਿੱਤ ਦਿਨ ਪੰਜਾਬ ਵਿੱਚ ਨਸ਼ਿਆਂ ਦੀ ਹਨੇਰੀ ਵਧ ਰਹੀ ਹੈ। ਸਰਕਾਰ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ, ਬਜ਼ੁਰਗਾਂ ਨੇ ਵਧ ਚੜ੍ਹ ਕੇ ਸਹਿਯੋਗ ਦੇਣ ਦੀ ਗੱਲ ਕੀਤੀ ਹੈ। ਪਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਖੱਬਲ ਵਾਂਗ ਨਸ਼ਿਆਂ ਦਾ ਦੈਂਤ ਆਪਣੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਕਰ ਚੁੱਕਾ ਹੈ ਕਿ ਖੱਬਲ ਦੇ ਪੁੱਟਣ ਵਾਂਗ ਪੁੱਟਣ ਤੋਂ ਪਹਿਲਾਂ ਹਰਾ ਹੋ ਜਾਂਦਾ ਹੈ। ਹੁਣ ਸਰਕਾਰਾਂ ਦੀ ਸਮਝ ਤੋਂ ਬਾਹਰ ਦੀ ਗੱਲ ਹੋ ਗਈ ਜਾਪਦੀ ਹੈ। ਵਿਰੋਧੀ ਪਾਰਟੀਆਂ ਸਰਕਾਰ ’ਤੇ ਦੋਸ਼ ਲਾ ਰਹੀਆਂ ਹਨ। ਪਰ ਇਹ ਨਹੀਂ ਸੋਚ ਰਹੀਆਂ ਕਿ ਤੁਹਾਡੇ ਰਾਜ ਵਿੱਚ ਪਹਿਲਾਂ ਨਸ਼ਿਆਂ ਦਾ ਵਪਾਰ ਘਟਣ ਦੀ ਥਾਂ ਵੱਡੇ ਪੱਧਰ ’ਤੇ ਸਗੋਂ ਵਧਿਆ ਸੀ।
ਲੋਕਾਂ ਦਾ ਕੀ ਦੋਸ਼, ਜਿਨ੍ਹਾਂ ਦੇ ਘਰ ਉੱਜੜ ਗਏ। ਉਹ ਮਾਂ ਕਿਸ ਨੂੰ ਕੋਸੇ, ਜਿਸਦੇ ਪੰਜ ਪੁੱਤ ਚਿੱਟੇ ਦੀ ਭੇਟ ਚੜ੍ਹ ਗਏ। ਜਿਵੇਂ ਯੋਗ ਗੁਰੂ ਰਾਮਦੇਵ ਕਹਿੰਦਾ ਸੀ, ਰਿਸ਼ਵਤ ਬੰਦ ਕਰਨੀ ਹੈ ਤਾਂ ਵੱਡੇ ਨੋਟ ਬੰਦ ਕਰ ਦੇਵੋ। ਦੋ ਹਜ਼ਾਰ ਰੁਪਏ ਅਤੇ ਇੱਕ ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਪਰ ਰਿਸ਼ਵਤ ਉੱਥੇ ਦੀ ਉੱਥੇ ਰਹੀ। ਸਰਕਾਰਾਂ ਨੇ ਪੋਸਤ ਦੇ ਟਰੱਕ ਰੋਕ ਦਿੱਤੇ, ਬੋਰੀਆਂ ਵਿੱਚ ਵਿਕਦਾ ਸੀ, ਨਜ਼ਰ ਆ ਜਾਂਦਾ ਸੀ। ਚਿੱਟ ਨੂੰ ਭਾਈ ਕੌਣ ਫੜੇ, ਗਰਾਮਾਂ ਵਿੱਚ ਵਿਕਦਾ ਹੈ। ਇੱਥੋਂ ਤਕ ਕਿ ਨੌਜਵਾਨ ਚਿੱਟੇ ਦੇ ਟੀਕੇ ਲਾਉਣ ਲੱਗ ਪਏ ਹਨ। ਰੁਜ਼ਾਨਾ ਸਰਿੰਜਾਂ ਨਾੜਾਂ ਵਿੱਚ ਰਹਿ ਜਾਂਦੀਆਂ ਹਨ। ਸੱਚੀ ਸੁੱਚੀ ਕਿਰਤ ਕਰਨ ਵਾਲੇ, ਦਸ ਨਹੁੰ ਅੱਜ ਸਮੈਕ ਦੇ ਸੂਟਿਆਂ ਨਾਲ ਸੜ ਕੇ ਕਾਲੇ ਹੋ ਗਏ। ਕੌਣ ਸਾਹਿਬ ਨੂੰ ਆਖੇ, ਇਉਂ ਨਹੀਂ ਇੰਝ ਕਰ।
ਪਿੰਡਾਂ ਵਿੱਚ ਨਸ਼ਾ ਵੇਚਣ ਵਾਲੇ ਸਮਗਲਰਾਂ ਦੇ ਗੈਂਗ ਹਨ, ਲੋਕ ਡਰਦੇ ਨਾਂ ਨਹੀਂ ਦੱਸਦੇ। ਹਰ ਬੰਦਾ ਆਪਣਾ ਨੁਕਸਾਨ ਹੋਣ ਤੋਂ ਡਰਦਾ ਹੈ। ਪੰਜਾਬੀ ਦੀ ਕਹਾਵਤ ਹੈ, ਰੱਬ ਨੇੜੇ ਕਿ ਘਸੁੰਨ, ਹਰ ਇੱਕ ਨੂੰ ਜਾਨ ਪਿਆਰੀ ਹੈ। ਡਰਦੇ ਪੰਜਾਬੀ ਆਪਣੇ ਇੱਕ ਇੱਕ ਬੱਚੇ ਨੂੰ ਵਿਦੇਸ਼ਾਂ ਦੇ ਲਈ ਜਹਾਜ਼ ਚਾੜ੍ਹਨ ਲੱਗ ਪਏ। ਪ੍ਰਵਾਸ ਦੀਆਂ ਆਪਣੀਆਂ ਸਮੱਸਿਆਵਾਂ ਹਨ। ਪਰ ਭਾਈ ਅੱਖੀਂ ਦੇਖ ਕੇ ਮੱਖੀ ਨਿਗਲਣੀ ਬਹੁਤ ਔਖੀ ਹੈ। ਅੱਖਾਂ ਤੋਂ ਪਰੇ, ਕੁਝ ਵੀ ਹੋਵੇ। ਇੱਕ ਮਾਂ ਬਾਪ ਨੂੰ ਰਿਸ਼ਤੇਦਾਰ ਕਹਿਣ ਲੱਗੇ, ਤੁਸੀਂ ਬੱਚੇ ਨੂੰ ਬਾਹਰ ਨਾ ਭੇਜੋ, ਉੱਥੇ ਕੰਮ ਨਹੀਂ ਮਿਲਦਾ, ਹਾਲਾਤ ਬੁਰੇ ਹਨ। ਪਰ ਜਦੋਂ ਉਸਨੇ ਕਿਹਾ, “ਚਲੋ ਮੁੰਡਾ ਸਾਹ ਤਾਂ ਸਾਫ ਹਵਾ ਵਿੱਚ ਲਵੇਗਾ, ਪਾਣੀ ਤਾਂ ਸੁੱਧ ਪੀਵੇਗਾ।” ਰਿਸ਼ਤੇਦਾਰਾਂ ਨੂੰ ਅੱਗੋਂ ਜਵਾਬ ਨਾ ਆਵੇ।
ਪੰਜਾਬ ਨੇ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕੀਤਾ। ਪੰਜਾਬ ਦੇ ਜਵਾਨ ਅਣਖੀਲੇ ਸਨ। ਪੰਜਾਬੀ ਸਰੀਰ ਪੱਖੋਂ ਨਰੋਏ ਸਨ, ਵੱਡੀਆਂ ਜੰਗਾਂ ਲੜੀਆਂ, ਕਦੇ ਹਾਰ ਨਹੀਂ ਮੰਨੀ। ਪਰ ਅੱਜ ਸਾਮਰਾਜਵਾਦੀ ਤਾਕਤਾਂ ਨੇ ਸਾਡੀ ਨੌਜਵਾਨੀ ਨੂੰ ਖੋਖਲਾ ਕਰ ਦਿੱਤਾ, ਦੱਸੋ ਫਿਰ ਲੜੂ ਕੌਣ? ਲੜਨ ਮਰਨ ਵਾਲੇ ਪੰਜਾਬੀ, ਚਿੱਟੇ ਦੀ ਸਿਉਂਕ ਨੇ ਨਿਗਲ ਲਏ। ਪਰਮਾਤਮਾ ਹੀ ਅਜਿਹੇ ਹਾਲਾਤ ਦੇ ਵਿੱਚ ਪੰਜਾਬ ਨੂੰ ਬਚਾ ਸਕਦਾ ਹੈ। ਅੱਜ ਜੇ ਜਿਊਂਦੀ ਹੁੰਦੀ ਪੰਜਾਬ ਦੀ ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ, ਜ਼ਰੂਰ ਆਪਣੀ ਕਲਮ ਦੇ ਨਾਲ ਹਾਅ ਦਾ ਨਾਹਰਾ ਮਾਰਦੀ...
ਅੱਜ ਆਖਾਂ ਵਾਰਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ,
ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ,
ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ,
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸ ਸ਼ਾਹ ਨੂੰ ਕਹਿਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































