HarsantSDhindsa7ਜਦੋਂ ਪ੍ਰਵਾਸੀ ਵੀਰ ਕਦੇ ਪੰਜਾਬ ਦੀ ਧਰਤੀ ਦਾ ਫੇਰਾ ਪਾਉਂਦੇ ਹਨ ਤਾਂ ਪੇਕੇ ਆਈਆਂ ...
(27 ਮਈ 2027)


ਪਰਵਾਸ ਸਾਡੇ ਪੰਜਾਬੀ ਸੱਭਿਆਚਾਰ ਦਾ ਅੰਗ ਰਿਹਾ ਹੈ
ਮੁੱਢ ਕਦੀਮ ਤੋਂ ਲੋਕ ਆਪਣੀ ਰੋਜ਼ੀ ਰੋਟੀ ਦੇ ਲਈ ਦੇਸ਼ ਵਿਦੇਸ਼ ਜਾਂਦੇ ਰਹੇ ਹਨਪੰਜਾਬੀ ਕੌਮ ਮਿਹਨਤੀ ਕੌਮ ਕਰਕੇ ਜਾਣੀ ਜਾਂਦੀ ਹੈਪੰਜਾਬੀ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਦੀਆਂ ਪੈੜਾਂ ਪਾਉਂਦੇ ਰਹੇ ਹਨਪਹਿਲਾਂ ਲੋਕ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਿਦੇਸ਼ ਜਾਂਦੇ ਸਨਆਪਣੇ ਜੀਵਨ ਦੇ ਮੁਢਲੇ ਸਾਲਾਂ ਵਿੱਚ ਸਿਰ ਤੋੜ ਮਿਹਨਤ ਕਰਦੇ ਅਤੇ ਧਨ ਕਮਾ ਕੇ ਆਪਣੀ ਮਾਤਭੂਮੀ ’ਤੇ ਆ ਜਾਂਦੇ ਸਨਆਪਣੇ ਬੱਚਿਆਂ ਵਿੱਚ ਰਹਿੰਦੇ, ਧੀਆਂ ਦੇ ਵਿਆਹ ਕਰਨੇ, ਜ਼ਿੰਦਗੀ ਦੇ ਹੋਰ ਕਾਰਜ ਕਰਨ ਲਈ ਉਹਨਾਂ ਨੂੰ ਕਿਸੇ ਪਾਸੇ ਹੋਰ ਦੇਖਣ ਦੀ ਲੋੜ ਨਹੀਂ ਸੀ ਕਿਉਂਕਿ ਵਿਦੇਸ਼ਾਂ ਦੇ ਕਮਾਏ ਨੋਟ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਹੁੰਦੇ ਸਨਉਸ ਸਮੇਂ ਧਨ ਇਕੱਠਾ ਕਰਨ ਦੀ ਹੋੜ ਨਹੀਂ ਲੱਗੀ ਸੀਪੰਜਾਬੀ ਅਮੀਰ ਸੱਭਿਆਚਾਰ ਵਜੋਂ ਜਾਣੇ ਜਾਂਦੇ ਸਨ ਲੋਕ ਆਪਣੇ ਗੁਰੂਆਂ ਪੀਰਾਂ ਦੀ ਵਿਰਾਸਤ ਉੱਤੇ ਮਾਣ ਕਰਦੇ ਸਨ

ਜੇਕਰ ਮੁਢਲੇ ਪ੍ਰਵਾਸ ਦੀ ਗੱਲ ਕਰੀਏ ਤਾਂ ਸਾਡਾ ਬਾਬਾ ਨਾਨਕ ਵੀ ਦੇਸਾਂ ਵਿਦੇਸ਼ਾਂ ਦੀਆਂ ਧਰਤੀਆਂ ਘੁੰਮਿਆ, ਚਾਰ ਉਦਾਸੀਆਂ ਕੀਤੀਆਂਪਰ ਉਹਨਾਂ ਦਾ ਆਦੇਸ਼ ਗਿਆਨ ਦਾ ਵਪਾਰ ਕਰਨਾ ਸੀਉਹਨਾਂ ਦੁਨੀਆਂ ਦਾ ਗਿਆਨ ਹਾਸਲ ਕੀਤਾ ਅਤੇ ਆਪਣੇ ਚੰਗੇ ਵਿਚਾਰਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਇਆਪਰ ਅੱਜ ਸਾਡੇ ਬੱਚੇ ਸਕੂਲੀ ਪੜ੍ਹਾਈ ਤੋਂ ਬਾਅਦ ਹੀ ਆਪਣੇ ਮਾਪਿਆਂ ਨੂੰ ਛੱਡ ਕੇ ਦੇਸਾਂ ਵਿਦੇਸ਼ਾਂ ਦੀ ਧਰਤੀ ’ਤੇ ਪਹੁੰਚ ਗਏਪੰਜਾਬ ਦੇ ਸਰਦੇ ਪੁੱਜਦੇ ਘਰਾਂ ਦੇ ਲੋਕ, ਜਿਨ੍ਹਾਂ ਦੀ ਆਮਦਨ ਕਰੋੜਾਂ ਅਰਬਾਂ ਦੇ ਵਿੱਚ ਹੈ, ਪਰ ਉਹਨਾਂ ਦੇ ਬੱਚੇ ਬਰਫੀਲੀਆਂ ਧਰਤੀਆਂ ਉੱਤੇ, ਮਤਰੇਆ ਜੀਵਨ ਜਿਊਣ ਲਈ ਆਪਣੀਆਂ ਮਾਵਾਂ ਤੋਂ ਦੂਰ ਪ੍ਰਵਾਸ ਦਾ ਦਸੌਂਟਾ ਕੱਟ ਰਹੇ ਹਨਭਲਿਓ, ਇੱਥੇ ਅਰਬਾਂ ਦਾ ਟੈਕਸ ਭਰ ਰਹੇ ਹੋ, ਆਪਣੀ ਧਰਤੀ ਦੇ ਮਾਲਕ ਹੋ ਕੇ, ਵਿਦੇਸ਼ਾਂ ਦੀ ਧਰਤੀ ਦੇ ਉੱਤੇ ਦਿਹਾੜੀਆਂ ਕਰਦੇ ਕੀ ਚੰਗੇ ਲਗਦੇ ਹੋ? ਪਰ ਜਿਵੇਂ ਕਹਿੰਦੇ ਕਿ ਸਬਰ ਸੰਤੋਖ ਵੀ ਕੋਈ ਚੀਜ਼ ਹੈ, ਸਬਰ ਤੋਂ ਬਿਨਾਂ ਅੱਜ ਤਕ ਰਾਜੇ ਨਹੀਂ ਰੱਜੇ, ਜਿਨ੍ਹਾਂ ਨੇ ਦੁਨੀਆਂ ’ਤੇ ਰਾਜ ਕੀਤਾਜਿਸ ਇਨਸਾਨ ਨੂੰ ਸਬਰ ਸੰਤੋਖ ਆ ਗਿਆ, ਉਸਦੇ ਲਈ ਜ਼ਿੰਦਗੀ ਫੁੱਲਾਂ ਦੀ ਸੇਜ ਬਣ ਜਾਂਦੀ ਹੈਪਰ ਜਿਨ੍ਹਾਂ ਲੋਕਾਂ ਨੇ ਧਨ ਇਕੱਠਾ ਕਰਨ ਲਈ ਦਿਨ ਰਾਤ ਇੱਕ ਕੀਤੀ ਹੋਈ ਹੈ, ਉਨ੍ਹਾਂ ਲੋਕਾਂ ਨੂੰ ਜੀਵਨ ਜਾਂਚ ਨਹੀਂ, ਉਹਨਾਂ ਲਈ ਇਹ ਜ਼ਿੰਦਗੀ ਕੰਡਿਆਂ ਦਾ ਤਾਜ ਹੈਇੱਕ ਕਹਾਣੀ ਬਹੁਤ ਮਕਬੂਲ ਹੋਈਇਹ ਸੁਣੀ ਸਭ ਨੇ ਹੋਵੇਗੀ ਪਰ ਅਸਰ ਕੋਈ ਵਿਰਲਾ ਸਤਯੁਗੀ ਵਿਅਕਤੀ ਹੀ ਕਰਦਾ ਹੈਦੁਨੀਆਂ ਦਾ ਮਹਾਨ ਰਾਜਾ ਸਿਕੰਦਰ ਕਹਿੰਦੇ ਦੁਨੀਆ ਜਿੱਤਣ ਲਈ ਜਾ ਰਿਹਾ ਸੀ ਰਸਤੇ ਵਿੱਚ ਇੱਕ ਸਾਧੂ ਦੀ ਕੁਟੀਆ ਕੋਲ ਰੁਕਿਆਸਾਧੂ ਨਾਲ ਵਿਚਾਰ ਵਟਾਂਦਰਾ ਹੋਇਆਸਾਧੂ ਮਹਾਰਾਜ ਨੇ ਫਰਮਾਇਆ, “ਰਾਜਾ ਸਾਹਿਬ ਇੰਨਾ ਵੱਡਾ ਫੌਜਾਂ ਦਾ ਕਾਫਲਾ, ਕਿਹੜੀ ਜੰਗ ਜਿੱਤਣ ਲਈ ਜਾ ਰਹੇ ਹੋ?

ਸਿਕੰਦਰ ਨੇ ਬੜੇ ਜੋਸ਼ ਨਾਲ ਸਾਧੂ ਨੂੰ ਜਵਾਬ ਦਿੱਤਾ, “ਮੈਂ ਦੁਨੀਆ ਜਿੱਤਾਂਗਾ, ਮੇਰਾ ਦੁਨੀਆਂ ’ਤੇ ਰਾਜ ਹੋਵੇਗਾਮੇਰੇ ਰਾਜ ਵਿੱਚ ਕਦੇ ਸੂਰਜ ਨਹੀਂ ਛਿਪੇਗਾ

ਸਾਧੂ ਨੇ ਸਹਿਜ ਵਿੱਚ ਗੱਲ ਕੀਤੀ, ਬੋਲੇ, “ਰਾਜਾ ਸਾਹਿਬ, ਇੰਨੀ ਕਟਾ-ਵਢੀ ਕਰਕੇ, ਦੁਨੀਆ ਜਿੱਤ ਕੇ, ਫਿਰ ਤੁਸੀਂ ਕੀ ਕਰੋਗੇ?

ਸਿਕੰਦਰ ਮਹਾਨ ਬੋਲਿਆ, “ਮਹਾਤਮਾ ਜੀ, ਤੁਹਾਨੂੰ ਪਤਾ ਨਹੀਂ, ਦੁਨੀਆ ਜਿੱਤਣ ਤੋਂ ਬਾਅਦ ਮੈਂ ਆਰਾਮ ਕਰਾਗਾਂ

ਸੰਤ ਜੀ ਬੋਲੇ, “ਰਾਜਾ ਜੀ, ਜੋ ਆਰਾਮ ਤੁਸੀਂ ਕਰੋਗੇ, ਉਸ ਤੋਂ ਚੰਗਾ ਆਰਾਮ ਤਾਂ ਮੈਂ ਹੁਣ ਕਰ ਰਿਹਾ ਹਾਂ

ਇੱਕ ਸ਼ੇਅਰ ਹੈ:

ਫੁੱਲ ਦੀ ਪੱਤੀ ਵੀ ਕਰ ਸਕਦੀ ਹੈ ਹਾਦਸਾ,
ਠੋਕਰ ਦੇ ਲਈ ਪੱਥਰ ਹੀ ਜ਼ਰੂਰੀ ਨਹੀਂ ਹੁੰਦਾ

ਸਾਧੂ ਮਹਾਤਮਾ ਦੀ ਗੱਲ, ਬਹੁਤ ਵੱਡੇ ਅਰਥ ਰੱਖਦੀ ਸੀਜਿਸਦਾ ਮਹਾਨ ਸਿਕੰਦਰ ’ਤੇ ਬਹੁਤ ਡੂੰਘਾ ਅਸਰ ਹੋਇਆਕਹਿੰਦੇ ਦੁਨੀਆ ਜਿੱਤਣ ਤੋਂ ਬਾਅਦ ਮਹਾਨ ਸਿਕੰਦਰ ਨੇ ਕਿਹਾ ਕਿ ਸੰਤ ਮਹਾਤਮਾ ਜੀ ਬਿਲਕੁਲ ਸਹੀ ਫਰਮਾ ਰਹੇ ਸਨਮੈਂ ਜ਼ਿੰਦਗੀ ਵਿੱਚ ਆਰਾਮ ਕਰ ਹੀ ਨਹੀਂ ਸਕਿਆ ਜੋ ਧਨ ਲੁੱਟਿਆ, ਉਸਨੇ ਮੈਨੂੰ ਬੇ-ਆਰਾਮ ਕੀਤਾਸਿਕੰਦਰ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਜਦੋਂ ਮੇਰਾ ਜਨਾਜ਼ਾ, ਬਾਹਰ ਭੀੜ ਵਿੱਚ ਨਿਕਲੇਗਾ, ਤੁਸੀਂ ਇੱਕ ਕੰਮ ਕਰਨਾ ਕਿ ਮੇਰੇ ਖਾਲੀ ਹੱਥ, ਅਰਥੀ ਤੋਂ ਬਾਹਰ ਲਟਕਾ ਦੇਣੇ, ਤਾਂ ਕਿ ਦੁਨੀਆ ਸਮਝ ਜਾਵੇ, ਇਨਸਾਨ ਦੇ ਨਾਲ ਕੁਝ ਵੀ ਨਹੀਂ ਜਾਂਦਾਸੋ ਹਰ ਇੱਕ ਇਨਸਾਨ ਨੇ ਦੁਨੀਆਂ ਤੋਂ ਖਾਲੀ ਹੱਥ ਰੁਖਸਤ ਹੋਣਾ ਹੈ

ਦੁਨੀਆਂ ਦੇ ਪ੍ਰਵਾਸ ਦੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਪ੍ਰਸਿੱਧ ਨਾਟਕਕਾਰ ਆਤਮਜੀਤ ਦਾ ਲਿਖਿਆ ਨਾਟਕ ਕੈਂਮਲੂਪਸ ਦੀਆਂ ਮੱਛੀਆਂ, ਪੜ੍ਹਨ ਵਾਲਾ ਹੈਪਤਾ ਲੱਗ ਜਾਂਦਾ ਹੈ ਕਿ ਬੁਢਾਪੇ ਵਿੱਚ ਕਿਸ ਤਰ੍ਹਾਂ ਲੋਕ ਵਿਦੇਸ਼ਾਂ ਦੀਆਂ ਧਰਤੀਆਂ ਉੱਤੇ ਬਿਰਧ ਆਸ਼ਰਮਾਂ ਵਿੱਚ ਰੁਲਦੇ ਹਨਨਾਟਕ ਦਾ ਪਾਤਰ ਜਦੋਂ ਕਹਿੰਦਾ ਹੈ ਕਿ ਵਿਦੇਸ਼ ਦੀ ਧਰਤੀ ’ਤੇ ਤਾਂ ਜਾਨ ਵੀ ਨਹੀਂ ਨਿਕਲਦੀ, ਤਾਂ ਮਨ ਬਹੁਤ ਭਾਵੁਕ ਹੋ ਜਾਂਦਾ ਹੈਨਾਟਕ ਦੀ ਕਹਾਣੀ ਵੀ ਬੜੀ ਦਿਲਚਸਪ ਹੈ, ਬਹੁਤ ਹੀ ਖੋਜ ਤੋਂ ਬਾਅਦ ਲਿਖੀ ਗਈ ਹੈ ਕਿ ਸਮੁੰਦਰ ਦੇ ਵਿੱਚ ਕੈਮਲੂਪਸ ਨਾਂ ਦਾ ਇੱਕ ਟਾਪੂ ਹੈਜਿਹੜੀਆਂ ਮੱਛੀਆਂ ਦਾ ਉਸ ਟਾਪੂ ’ਤੇ ਜਨਮ ਹੁੰਦਾ ਹੈ, ਉਹ ਮੱਛੀਆਂ ਜਨਮ ਲੈਣ ਤੋਂ ਬਾਅਦ ਸਾਰਾ ਸਮੁੰਦਰ ਘੁੰਮ ਲੈਂਦੀਆਂ ਹਨ ਪਰ ਉਹ ਮੱਛੀਆਂ ਅੰਤਲੇ ਸਮੇਂ ਆਪਣੀ ਜਨਮ ਭੂਮੀ ਉੱਤੇ ਆ ਕੇ ਆਪਣੇ ਪ੍ਰਾਣ ਤਿਆਗਦੀਆਂ ਹਨਸਾਡੇ ਪ੍ਰਵਾਸੀ ਵੀਰ ਜਦੋਂ ਵਿਚਾਰ ਗੋਸ਼ਟੀਆਂ ਕਰਦੇ ਹਨ, ਵੱਡੇ ਵੱਡੇ ਉਦਯੋਗਪਤੀ ਇਹ ਗੱਲ ਬੜੇ ਦੁੱਖ ਨਾਲ ਸਾਂਝੀ ਕਰਦੇ ਹਨ ਕਿ ਸੱਚਮੁੱਚ ਵਿਦੇਸ਼ੀ ਧਰਤੀ ਉੱਤੇ ਸਾਨੂੰ ਸੁਪਨੇ ਵੀ ਪੰਜਾਬ ਦੇ ਪੁਰਾਣੇ ਘਰਾਂ ਦੇ ਆਉਂਦੇ ਹਨਅਸੀਂ ਭਾਵੇਂ ਅਰਬਪਤੀ ਹੋ ਗਏ, ਧਨ ਬਹੁਤ ਹੈ ਪਰ ਅਸੀਂ ਅੰਦਰੋਂ ਲੁੱਟੇ ਲੁੱਟੇ ਮਹਿਸੂਸ ਕਰਦੇ ਹਾਂ, ਕਿਉਂਕਿ ਸਾਡੇ ਕੋਲ ਸਾਡਾ ਸੱਭਿਆਚਾਰ, ਸਾਡੇ ਸੁਪਨਿਆਂ ਦੀ ਧਰਤੀ ਨਹੀਂ ਰਹੀ

ਕਦੇ ਪੰਜਾਬੀ ਦੇ ਲੋਕ ਕਵੀ ਸੰਤ ਰਾਮ ਉਦਾਸੀ ਨੇ ਗਾਇਆ ਸੀ...

ਮਾਂ ਧਰਤੀਏ ਤੇਰੀ ਗੋਦ ਨੂੰ
ਚੰਨ ਹੋਰ ਬਥੇਰੇ
,
ਤੂੰ ਮਘਦਾ ਰਹੀਂ ਵੇ ਸੂਰਜਾ
ਕਮੀਆਂ ਦੇ ਵਿਹੜੇ

ਪਰ ਅੱਜ ਸਾਡੀ ਧਰਤੀ ਮਾਂ ਦੇ ਚੰਨ ਪਰਦੇਸੀ ਹੋ ਗਏ ਹਨਹੁਣ ਤਾਂ ਇਹ ਸਇਬੇਰੀਆ ਦੀਆਂ ਕੂੰਜਾਂ ਵਾਂਗ ਕਈ ਸਾਲਾਂ ਮਗਰੋਂ ਕਦੇ ਚੱਕਰ ਮਾਰਨਗੇਹੁਣ ਭੁੱਲ ਗਏ ਇਹ ਆਪਣੀ ਜਨਮ ਭੋਏ ਨੂੰ, ਭੁੱਲ ਗਏ ਇਹ ਆਪਣੀ ਮਾਂ ਬੋਲੀ ਪੰਜਾਬੀ ਨੂੰ, ਹੁਣ ਪੰਜਾਬੀ ਬੋਲੀ ਇਨ੍ਹਾਂ ਦੀ ਮਾਂ ਨਹੀਂ ਰਹੀਜਦੋਂ ਇਨ੍ਹਾਂ ਦੇ ਬੱਚੇ ਤੋਤਲੀਆਂ ਆਵਾਜ਼ਾਂ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਤੋਤਿਆਂ ਵਾਂਗ ਬੋਲਦੇ ਹਨ ਤਾਂ ਸੱਚਮੁੱਚ ਸਾਡੀ ਮਾਂ ਬੋਲੀ ਪੰਜਾਬੀ ਦੀਆਂ ਅੱਖਾਂ ਵਿੱਚੋਂ ਹੰਝੂ ਛਲਕਦੇ ਹੋਣਗੇਪ੍ਰਵਾਸੀਆਂ ਦੀ ਮਜਬੂਰੀ ਹੈ ਕਿਉਂਕਿ ਰੁਜ਼ਗਾਰ ਦੀ ਭਾਸ਼ਾ ਅੰਗਰੇਜ਼ੀ ਬਣ ਗਈ ਹੈਸਾਡੇ ਪ੍ਰਵਾਸੀ ਵੀਰ ਚਾਹੁੰਦੇ ਹੋਏ ਵੀ ਨਹੀਂ ਆ ਸਕਦੇ ਆਪਣੀ ਮਾਤ ਭੋਏਂ ’ਤੇ ਕਿਉਂਕਿ ਕਦੇ ਪੜ੍ਹਿਓ ਪੰਜਾਬੀ ਸਾਹਿਤ ਜਗਤ ਦੀ ਕਹਾਣੀ, “ਆਪਣਾ ਆਪਣਾ ਦੇਸ਼"ਜਦੋਂ ਬੱਚੇ ਆਪਣੇ ਸਿੱਖ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਚਾਇਲਡ ਗੁਰੂ ਕਹਿੰਦੇ ਹਨ ਤਾਂ ਪਿਤਾ ਦਾ ਦਰਦ ਛਲਕਦਾ ਹੈਹਨੂਮਾਨ ਜੀ ਦੀ ਮੂਰਤ ਨੂੰ ਦੇਖ ਕੇ ਬੱਚੇ ਕਹਿੰਦੇ ਨੇ ਕਿ ਪਾਪਾ, ਇੰਡੀਆ ਵਿੱਚ ਕੀ ਪੂਛਾਂ ਵਾਲੇ ਬੰਦੇ ਰਹਿੰਦੇ ਨੇ... ਦੇਖੋ ਸਾਡੀ ਵਿਰਾਸਤ ਕਿੱਧਰ ਨੂੰ ਜਾ ਰਹੀ ਹੈਪਰ ਭਾਈ ਪੈਸਾ ਮੁੱਖ ਹੈ, ਐਵੇਂ ਤਾਂ ਨਹੀਂ ਕਿਹਾ ਕਿ ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮਮਾਇਆ ਹੈ, ਇਹ ਪਾਪਾਂ ਬਾਝੋਂ ਇਕੱਠੀ ਨਹੀਂ ਹੁੰਦੀ ਅਤੇ ਮੋਇਆ ਕਦੇ ਨਾਲ ਨਹੀਂ ਜਾਂਦੀ

ਪਰਵਾਸ ਨੇ ਕਦੇ ਦੁਆਬੇ ਦੇ ਪਿੰਡਾਂ ਨੂੰ ਸੰਨ੍ਹ ਲਾਈ ਸੀਪਰ ਅੱਜ ਪ੍ਰਵਾਸ ਦੀ ਸਮੱਸਿਆ ਪੰਜਾਬ ਦੇ ਪਿੰਡ ਪਿੰਡ ਨੂੰ ਨਿਗਲ ਰਹੀ ਹੈਪਿੰਡਾਂ ਵਿੱਚ ਘਰਾਂ ਨੂੰ ਜਿੰਦਰੇ ਲੱਗ ਰਹੇ ਹਨਬੱਚਿਆਂ ਦੇ ਨਾਲ ਮਾਪੇ ਚਲੇ ਗਏਬੱਚਿਆਂ ਦੀਆਂ ਮਜਬੂਰੀਆਂ ਹਨ ਅਤੇ ਮਾਪੇ ਵਿਚਾਰੇ ਵਿਦੇਸ਼ੀ ਬਰਫੀਲੀਆਂ ਧਰਤੀਆਂ ’ਤੇ ਮੁਰਗਿਆਂ ਵਾਂਗ ਖੁੱਡਿਆਂ ਵਿੱਚ ਬੰਦ ਕੀਤੇ ਹੋਏ ਪ੍ਰਤੀਤ ਹੁੰਦੇ ਹਨਬਹੁਤ ਸਾਰੇ ਮਿੱਤਰਾਂ ਦੋਸਤਾਂ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਹੈ, ਉਹ ਇੱਕ ਗੱਲ ਦਾ ਢਾਰਸ ਆਪਣੇ ਆਪ ਨੂੰ ਦਿੰਦੇ ਹਨ ਕਿ ਯਾਰ ਇੱਥੇ ਮੌਸਮ ਵਧੀਆ ਹੈ, ਸਾਫ ਸਫਾਈ ਹੈ ਪਰ ਪੰਜਾਬ ਵਰਗੀ ਮੌਜ ਨਹੀਂ

ਪੰਜਾਬ ਵਰਗਾ ਸੱਭਿਆਚਾਰ, ਅਮੀਰ ਵਿਰਾਸਤ ਸੱਚਮੁੱਚ ਦੁਨੀਆਂ ਦੇ ਕਿਸੇ ਕੋਨੇ ਵਿੱਚ ਨਹੀਂ ਲੱਭਦੀਪਰ ਅੱਜ ਡਾਲਰਾਂ ਦੀ ਚਕਾਚੌਂਧ ਨੇ ਸਾਡੇ ਪੰਜਾਬੀਆਂ ਦਾ ਪੰਜਾਬ ਵੱਲੋਂ ਮੂੰਹ ਫਿਰ ਦਿੱਤਾ ਹੈਜੇਕਰ ਦੇਖਿਆ ਜਾਵੇ ਤਾਂ ਪੈਸਾ ਸਭ ਕੁਝ ਨਹੀਂ, ਜੇਕਰ ਪੈਸਾ ਵੱਡੀ ਚੀਜ਼ ਹੁੰਦਾ ਤਾਂ ਦੁਨੀਆਂ ਦਾ ਮਹਾਨ ਰਾਜਾ, ਅਸ਼ੋਕ ਸਮਰਾਟ ਆਪਣਾ ਰਾਜਭਾਗ ਤਿਆਗ ਕੇ ਭਿਕਸ਼ੂ ਨਾ ਬਣਦਾਜ਼ਿੰਦਗੀ ਬਹੁਤ ਛੋਟੀ ਹੈ ਪਰ ਅਸੀਂ ਪਲਾਂ ਦੀ ਖੇਡ ਲਈ, ਸਦੀਆਂ ਦਾ ਪ੍ਰਬੰਧ ਕਰ ਰਹੇ ਹਾਂ

ਜਦੋਂ ਪ੍ਰਵਾਸੀ ਵੀਰ ਕਦੇ ਪੰਜਾਬ ਦੀ ਧਰਤੀ ਦਾ ਫੇਰਾ ਪਾਉਂਦੇ ਹਨ ਤਾਂ ਪੇਕੇ ਆਈਆਂ ਕੁੜੀਆਂ ਵਾਂਗ ਖੁਸ਼ੀਆਂ ਵਿੱਚ ਫੁੱਲੇ ਨਹੀਂ ਸਮਾਉਂਦੇਪਰ ਇਹ ਖੁਸ਼ੀ ਕੁਝ ਦਿਨਾਂ ਦੀ ਹੁੰਦੀ ਹੈਜਦੋਂ ਕਦੇ ਏਅਰਪੋਰਟ ਦਾ ਦ੍ਰਿਸ਼ ਦੇਖਦੇ ਹਾਂ, ਮਾਂ ਬਾਪਾਂ ਕੋਲੋਂ ਵਿਛੜਦੇ ਬੱਚੇ ਰੋਂਦੇ ਨਹੀਂ ਝੱਲੇ ਜਾਂਦੇਜ਼ਿੰਦਗੀ ਦੀਆਂ ਮਜਬੂਰੀਆਂ ਵੱਡੀਆਂ ਹਨਵਿਦੇਸ਼ਾਂ ਦੀ ਧਰਤੀ ’ਤੇ ਸਾਡੇ ਬੱਚਿਆਂ ਦਾ ਰੁਲਣਾ ਕੋਈ ਸ਼ੌਕ ਨਹੀਂਸਾਡੀ ਪੰਜਾਂ ਪਾਣੀਆਂ ਦੀ ਧਰਤੀ ਰਹਿਣਯੋਗ ਨਹੀਂ ਰਹੀਪਾਣੀਆਂ ਵਿੱਚ ਮਿਲਦੀਆਂ ਜ਼ਹਿਰਾਂ, ਸਾਡੇ ਦੇਸੀ ਅਨਾਜ ਦਾ ਖਤਮ ਹੋਣਾ, ਸਾਡੀਆਂ ਦੇਸੀ ਫਸਲਾਂ ਬੀਤੇ ਵੇਲੇ ਦੀ ਗੱਲ ਹੋ ਗਈਆਂ ਹਨਘਰ ਘਰ ਵਿੱਚ ਸ਼ੂਗਰ ਦਾ ਮਰੀਜ਼ ਹੈਕਾਲਾ ਪੀਲੀਆ, ਨਾ ਮੁਰਾਦ ਬਿਮਾਰੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਜਿਸਦਾ ਸਿਆਣੇ ਨਾਂ ਨਹੀਂ ਸਨ ਲੈਂਦੇਸਾਮਰਾਜਵਾਦ ਅੱਜ ਇਹ ਖੋਜ ਨਹੀਂ ਕਰ ਰਿਹਾ ਕਿ ਬਿਮਾਰੀਆਂ ਕਿਉਂ ਹੋ ਰਹੀਆਂ ਹਨ, ਜੇਕਰ ਖੋਜ ਹੋਵੇਗੀ ਤਾਂ ਲੋਕਾਂ ਨੂੰ ਚਾਨਣ ਹੋਵੇਗਾ ਕਿਉਂਕਿ ਕੈਮੀਕਲ ਪਾਣੀ ਵਿੱਚ ਲੋਕਾਂ ਨੇ ਨਹੀਂ ਪਾਏਪੈਸਟੇਸਾਈਡ ਲੋਕਾਂ ਦੇ ਘਰ ਨਹੀਂ ਬਣਦੇਬੀਟੀ ਕਾਟਨ ਅਤੇ ਬੀਟੀ ਬੈਂਗਨ ਦੇ ਬੀਜ ਕਿਸਾਨ ਨੇ ਆਪ ਨਹੀਂ ਤਿਆਰ ਕੀਤੇਨੱਬੇ ਦੇ ਦਹਾਕੇ ਵਿੱਚ ਸਾਡੇ ਦੇਸ਼ ਵਿੱਚ ਆਏ ਸਾਮਰਾਜਵਾਦ ਅਤੇ ਆਰਥਿਕ ਉਦਾਰੀਕਰਨ ਨੇ ਸਾਡੇ ਪੰਜਾਬ ਨੂੰ ਖੇਰੂੰ ਖੇਰੂੰ ਕਰ ਦਿੱਤਾਅੱਧਾ ਪੰਜਾਬ ਪਰਵਾਸ ਕਰ ਗਿਆ, ਕੁਝ ਨਸ਼ਿਆਂ ਨੇ ਖਾ ਲਿਆ, ਕੁਝ ਭਿਆਨਕ ਬਿਮਾਰੀਆਂ ਦੀ ਭੇਟ ਚੜ੍ਹ ਗਿਆਪੰਜਾਂ ਪਾਣੀਆਂ ਦੀ ਧਰਤੀ ਬੰਜਰ ਹੋ ਗਈਵਪਾਰੀਆਂ ਨੂੰ ਖੁੱਲ੍ਹੀਆਂ ਖੇਡਾਂ ਹਨਪਰ ਗੁਰੂਆਂ ਪੀਰਾਂ ਦੀ ਧਰਤੀ ਹੈ, ਪੰਜਾਬ ਕਈ ਵਾਰੀ ਖਤਮ ਹੋਣ ਦੀ ਕਗਾਰ ਤੇ ਆਇਆਪਰ ਬਾਬੇ ਨਾਨਕ ਦਾ ਅਸ਼ੀਰਵਾਦ ਹੈਪੰਜਾਬੀ ਵੀਰੋ ਅੱਜ ਆਪਣੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈਅੱਜ ਪੰਜਾਬ ਦੇ ਲਈ ਸੋਚਣ ਦੀ ਲੋੜ ਹੈਧਨ ਕਿਸੇ ਦੇ ਨਾਲ ਨਹੀਂ ਗਿਆਜੇ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭੇ ਵਰਗੇ ਧਨ ਇਕੱਤਰ ਕਰਨ ਦੀ ਸੋਚ ਰੱਖਦੇ, ਤਾਂ ਅਸੀਂ ਅਜ਼ਾਦੀ ਬਾਰੇ ਸੋਚ ਨਹੀਂ ਸਕਦੇ ਸੀਆਪਣੀ ਅਮੀਰ ਵਿਰਾਸਤ ਨੂੰ ਸੰਭਾਲੋਪੰਜਾਬੀ ਕਦੇ ਹਾਰ ਨਹੀਂ ਮੰਨਦੇ, ਅਸੀਂ ਜਿੱਤਾਂ ਜਿੱਤਣ ਵਾਲੇ ਲੋਕ ਹਾਂ, ਪਿਆਰੇ ਪੰਜਾਬੀਓ ਜਿੱਤਾਂ ਜਿੱਤਣ ਦੀ ਜੰਗ ਜਾਰੀ ਰੱਖਿਓ, ਅਸੀਂ ਜ਼ਿੰਦਗੀ ਦੀ ਜੰਗ ਜ਼ਰੂਰ ਜਿੱਤਾਂਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)

More articles from this author