“ਇਸ ਮਾਰੂ ਫੈਸਲੇ ਨੇ ਕੌਮ ਦੇ ਨਿਰਮਾਤਿਆਂ ਨੂੰ ਸੰਘਰਸ਼ਾਂ ਦੇ ਰਾਹ ਪੈਣ ਲਈ ਮਜਬੂਰ ...”
(21 ਫਰਵਰੀ 2026)
ਅਧਿਆਪਕ ਕੌਮ ਦਾ ਨਿਰਮਾਤਾ ਹੈ। ਪੁਰਾਤਨ ਸਮੇਂ ਤੋਂ ਹੀ ਸਮਾਜ ਵਿੱਚ ਅਧਿਆਪਕ ਦਾ ਸਤਿਕਾਰ ਬਹੁਤ ਜ਼ਿਆਦਾ ਰਿਹਾ ਹੈ। ਮਹਾਭਾਰਤ ਵਿੱਚ ਗੁਰੂ ਦਰੋਣਾਚਾਰੀਆ ਨੂੰ ਕੌਰਵਾਂ ਅਤੇ ਪਾਂਡਵਾਂ ਦੁਆਰਾ ਦਿੱਤਾ ਸਤਿਕਾਰ ਇੱਕ ਮਿਸਾਲ ਸੀ। ਏਕਲਵਿਆ ਵੱਲੋਂ ਆਪਣੇ ਗੁਰੂ ਨੂੰ ਦਾਨ ਦਕਸਨਾ ਵਿੱਚ ਹੱਥ ਦਾ ਅੰਗੂਠਾ ਭੇਟ ਕਰਨਾ ਦਰਸਾਉਂਦਾ ਹੈ ਕਿ ਗੁਰੂ ਦਾ ਉਸ ਸਮੇਂ ਕਿੰਨਾ ਉੱਤਮ ਦਰਜਾ ਸੀ। ਅਧਿਆਪਕ ਉਹ ਦੀਵਾ ਹੈ, ਜੋ ਸਮਾਜ ਨੂੰ ਰੌਸ਼ਨੀ ਪ੍ਰਦਾਨ ਕਰਦਾ ਹੈ। ਵਿਦਿਆਰਥੀਆਂ ਲਈ ਅਧਿਆਪਕ ਉਸ ਪੌੜੀ ਦੇ ਵਾਂਗ ਹੈ, ਜਿਸ ਉੱਤੇ ਚੜ੍ਹ ਕੇ ਵਿਦਿਆਰਥੀ ਆਪਣੀਆਂ ਮੰਜ਼ਿਲਾਂ ਸਰ ਕਰਦੇ ਹਨ। ਵੱਡੇ ਵੱਡੇ ਅਹੁਦਿਆਂ ਉੱਤੇ ਪਹੁੰਚ ਕੇ ਇਨਸਾਨ ਆਪਣੇ ਅਧਿਆਪਕਾਂ ਨੂੰ ਹਮੇਸ਼ਾ ਯਾਦ ਰੱਖਦੇ ਹੈ। ਵਿਦਿਆਰਥੀ ਦੀ ਸਫਲਤਾ ਦੀ ਸਭ ਤੋਂ ਜ਼ਿਆਦਾ ਖੁਸ਼ੀ ਉਸਦੇ ਅਧਿਆਪਕ ਨੂੰ ਹੁੰਦੀ ਹੈ।
ਦੇਸ਼ ਦੀ ਅਜ਼ਾਦੀ ਤੋਂ ਬਾਅਦ ਵਿਦਿਆਰਥੀਆਂ ਨੂੰ ਗਿਆਨ ਦੇਣ ਲਈ ਸਰਕਾਰਾਂ ਵੱਲੋਂ ਪਿੰਡ ਪਿੰਡ ਸਕੂਲ ਖੋਲ੍ਹੇ ਗਏ। ਸਰਕਾਰੀ ਸਕੂਲਾਂ ਵਿੱਚੋਂ ਬਹੁਤ ਉੱਚ ਕੋਟੀ ਦੇ ਵਿਦਵਾਨ ਪੈਦਾ ਹੋਏ, ਜਿਨ੍ਹਾਂ ਨੇ ਦੇਸ਼ ਦਾ ਨਾ ਰੌਸ਼ਨ ਕੀਤਾ। ਸਾਰੇ ਪਿੰਡ ਦੇ ਬੱਚੇ ਇੱਕ ਹੀ ਸਕੂਲ ਵਿੱਚ ਪੜ੍ਹਦੇ। ਵਿਦਿਆਰਥੀਆਂ ਵਿੱਚ ਪਿਆਰ ਮੁਹੱਬਤ, ਆਪਸੀ ਸਾਂਝਾ, ਪ੍ਰੇਮ ਪਿਆਰ ਦਾ ਸੱਭਿਆਚਾਰ ਸਿਰਜਿਆ ਜਾਂਦਾ। ਪ੍ਰੰਤੂ ਜਿਵੇਂ ਕਹਿੰਦੇ ਹਨ ਕਿ ਇਨਸਾਨ ਦੀਆਂ ਲਾਲਚੀ ਪ੍ਰਵਿਰਤੀਆਂ ਅਧੀਨ ਪੂੰਜੀਵਾਦੀ ਲੋਕਾਂ ਵੱਲੋਂ ਨਿੱਜੀਕਰਨ ਦਾ ਅਜਿਹਾ ਦੈਂਤ ਪੈਦਾ ਕੀਤਾ ਗਿਆ, ਜਿਸਨੇ ਸਾਡੀਆਂ ਮਾਣਮੱਤੀਆਂ ਸਰਕਾਰੀ ਸੰਸਥਾਵਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ। ਭਾਰਤ ਵਿੱਚ 1990-91 ਵਿੱਚ ਲਿਆਂਦੀਆਂ ਆਰਥਿਕ ਉਦਾਰਵਾਦੀ ਨੀਤੀਆਂ ਨੇ ਸਰਕਾਰੀ ਅਦਾਰਿਆਂ ਨੂੰ ਘੁਣ ਵਾਂਗ ਖਾਣਾ ਸ਼ੁਰੂ ਕਰ ਦਿੱਤਾ। ਆਮ ਲੋਕਾਂ ਨੂੰ ਭੁਲੇਖਾ ਪਾਇਆ ਗਿਆ ਕਿ ਇਸ ਨਾਲ ਬਹੁਤ ਸੁਧਾਰ ਹੋਵੇਗਾ, ਪ੍ਰੰਤੂ ਉਸ ਸਮੇਂ ਤੋਂ ਹੀ ਸਾਡੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਇਨ੍ਹਾਂ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੀਆਂ ਹਨ। ਆਰਥਿਕ ਉਦਾਰਵਾਦੀ ਨੀਤੀਆਂ ਦੇ ਅਸਲੀ ਸਿੱਟੇ ਤਿੰਨ ਕਿਸਾਨੀ ਕਾਨੂੰਨ ਲਿਆਉਣ ਨਾਲ ਸਾਹਮਣੇ ਆਏ। ਉਸ ਸਮੇਂ ਪਤਾ ਚੱਲਿਆ ਕਿ ਦੇਸ਼ ਦੇ ਲੋਕਤੰਤਰੀ ਆਰਥਿਕ ਢਾਂਚੇ ਨੂੰ ਨਿੱਜੀਕਰਨ ਦਾ ਦੈਂਤ ਕਿਵੇਂ ਨਿਗਲਣ ਲੱਗਿਆ ਹੋਇਆ ਹੈ। ਪਰ ਜਿਵੇਂ ਕਿਹਾ ਜਾਂਦਾ ਹੈ ਕਿ ਸੰਘਰਸ਼ ਦੇ ਅੱਗੇ ਵੱਡੇ ਵੱਡੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਢਾਂਚੇ ਗੋਡੇ ਟੇਕ ਦਿੰਦੇ ਹਨ, ਜਿਸਦੀ ਉਦਾਹਰਨ ਕਿਸਾਨ ਘੋਲ ਜੇਤੂ ਰਿਹਾ। ਆਖਰ ਨੂੰ ਸਾਡੇ ਅੰਨਦਾਤੇ ਹਾਰ ਵੀ ਕਿਵੇਂ ਜਾਂਦੇ, ਕਿਉਂਕਿ ਪੂਰੀ ਲੋਕਾਈ ਨੇ ਸਾਥ ਦਿੱਤਾ।
ਉਦਾਰੀਕਰਨ, ਨਿੱਜੀਕਰਨ, ਵਿਸਵੀਕਰਨ, ਇਹ ਤਿੰਨੋਂ ਹੀ ਅਜਿਹੇ ਟਰਮ ਹਨ, ਜਿਨ੍ਹਾਂ ਨੇ ਪੂਰੇ ਭਾਰਤ ਦੇ ਰਾਜਨੀਤਿਕ ਢਾਂਚੇ ਨੂੰ ਬਦਲ ਕੇ ਰੱਖ ਦਿੱਤਾ। ਰਾਜਨੀਤੀ ਵਿਗਿਆਨ ਵਿੱਚ ਵਿਦਿਆਰਥੀਆਂ ਨੂੰ ਇਹ ਪੜ੍ਹਾਇਆ ਜਾਂਦਾ ਸੀ ਕਿ ਸਰਕਾਰ ਦੇ ਤਿੰਨ ਅੰਗ ਹਨ, ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਪਾਲਿਕਾ, ਅਤੇ ਇਨ੍ਹਾਂ ਤਿੰਨਾਂ ਦਾ ਆਪਣਾ ਆਪਣਾ ਖੇਤਰ ਹੈ। ਵਿਧਾਨ ਪਾਲਿਕਾ ਕਾਨੂੰਨ ਬਣਾਉਂਦੀ ਹੈ, ਕਾਰਜਪਾਲਿਕਾ ਕਾਨੂੰਨ ਨੂੰ ਲਾਗੂ ਕਰਦੀ ਹੈ, ਨਿਆਪਾਲਿਕਾ ਕਾਨੂੰਨ ਦੀ ਵਿਆਖਿਆ ਕਰਦੀ ਹੈ ਅਤੇ ਲੋਕਾਂ ਨੂੰ ਨਿਆਂ ਪ੍ਰਦਾਨ ਕਰਦੀ ਹੈ। ਪਰ ਵਰਤਮਾਨ ਸਮੇਂ ਲੋਕਤੰਤਰ ਵਿੱਚ ਇਹ ਸਮਝ ਹੀ ਨਹੀਂ ਆ ਰਿਹਾ ਕਿ ਇਹ ਤਿੰਨੋਂ ਸੰਵਿਧਾਨਿਕ ਅਦਾਰੇ ਕਿਹੋ ਜਿਹੀ ਭੂਮਿਕਾ ਨਿਭਾ ਰਹੇ ਹਨ। ਮੇਰੇ ਚੇਤੇ ਹੈ ਕਿ ਇੱਕ ਵਾਰ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਕਾਨੂੰਨ ਬਣਾਉਣਾ ਵਿਧਾਨ ਪਾਲਿਕਾ ਦਾ ਕੰਮ ਹੈ, ਪ੍ਰੰਤੂ ਵਿਧਾਨਿਕ ਕੰਮਾਂ ਵਿੱਚ ਦੂਜੇ ਸੰਵਿਧਾਨਿਕ ਅਦਾਰਿਆਂ ਦੀ ਦਖਲ ਅੰਦਾਜ਼ੀ ਲੋਕਤੰਤਰ ਦੇ ਲਈ ਸ਼ੁਭ ਸੰਕੇਤ ਨਹੀਂ ਹੈ।
ਭਾਰਤ ਵਿੱਚ ਸਿੱਖਿਆ ਸੁਧਾਰ ਢਾਂਚੇ ਦੇ ਨਵੀਨੀਕਰਨ ਲਈ 2009 ਦੇ ਵਿੱਚ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ। ਸੰਘੀ ਢਾਂਚੇ ਅਨੁਸਾਰ ਬਹੁਤ ਸਾਰੇ ਰਾਜਾਂ ਨੇ ਇਸ ਨਵੀਂ ਸਿੱਖਿਆ ਨੀਤੀ ਨੂੰ ਅਪਣਾਉਣ ਤੋਂ ਇਨਕਾਰ ਕੀਤਾ। ਕਈ ਰਾਜਾਂ ਨੇ ਇਸ ਨੀਤੀ ਨੂੰ ਬਹੁਤ ਜਲਦੀ ਨਾਲ ਲਾਗੂ ਕੀਤਾ। ਨਵੀਂ ਸਿੱਖਿਆ ਨੀਤੀ ਅਨੁਸਾਰ ਅਧਿਆਪਕ ਭਰਤੀ ਦੇ ਨਿਯਮ ਬਣਾਏ ਗਏ, ਜਿਸ ਤਹਿਤ ਅਧਿਆਪਕ ਭਰਤੀ ਲਈ ਅਧਿਆਪਕ ਯੋਗਤਾ ਟੈੱਸਟ ਦੀ ਸ਼ੁਰੂਆਤ ਕੀਤੀ ਗਈ। ਸਾਰੇ ਰਾਜਾਂ ਨੇ ਅਧਿਆਪਕ ਯੋਗਤਾ ਟੈੱਸਟ ਰਾਹੀਂ ਅਧਿਆਪਕ ਭਰਤੀ ਕਰਨੇ ਸ਼ੁਰੂ ਕੀਤੇ। ਵਿਚਾਰਿਆ ਜਾਵੇ ਤਾਂ ਟੈੱਸਟ ਸਮੇਂ ਦੀ ਜ਼ਰੂਰਤ ਵੀ ਹੈ ਕਿਉਂਕਿ ਵਿੱਦਿਅਕ ਡਿਗਰੀਆਂ ਦਾ ਪੂਰੇ ਦੇਸ਼ ਵਿੱਚ ਵਪਾਰੀਕਰਨ ਹੋ ਰਿਹਾ ਹੈ। ਪ੍ਰਾਈਵੇਟ ਯੂਨੀਵਰਸਿਟੀਆਂ ਗ੍ਰੈਜੂਏਸ਼ਨ ਤੋਂ ਲੈ ਕੇ ਡਾਕਟਰੇਟ ਤਕ ਦੀਆਂ ਡਿਗਰੀਆਂ ਬੋਲੀ ਲਾ ਕੇ ਧੜਾਧੜ ਵੇਚ ਰਹੀਆਂ ਹਨ। ਵਰਤਮਾਨ ਸਮੇਂ ਮੈਰਿਟ ਅਨੁਸਾਰ ਭਰਤੀ ਨੂੰ ਤਰਕਸੰਗਤ ਨਹੀਂ ਮੰਨਿਆ ਜਾ ਸਕਦਾ। ਦੂਜੇ ਰਾਜਾਂ ਦੀ ਤਰਜ਼ ਉੱਤੇ ਪੰਜਾਬ ਵਿੱਚ ਵੀ ਅਧਿਆਪਕ ਯੋਗਤਾ ਟੈੱਸਟ ਰਾਹੀਂ ਅਧਿਆਪਕ ਭਰਤੀਆਂ ਦਾ ਰਾਹ ਖੁੱਲ੍ਹਿਆ। ਸੰਘੀ ਢਾਂਚੇ ਤਹਿਤ ਪੰਜਾਬ ਨੇ ਨਵੀਂ ਸਿੱਖਿਆ ਨੀਤੀ ਨੂੰ ਅਪਣਾਇਆ। ਪੀ ਐੱਮ ਸ੍ਰੀ ਯੋਜਨਾ ਤਹਿਤ ਸਕੂਲਾਂ ਦਾ ਨਵੀਨੀਕਰਨ ਕੀਤਾ ਗਿਆ। ਰਾਜ ਸਰਕਾਰ ਕੇਂਦਰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਨੂੰ ਵਿੱਦਿਅਕ ਸੰਸਥਾਵਾਂ ਦੇ ਵਿੱਚ ਲਾਗੂ ਕਰ ਰਹੀ ਹੈ। ਪਰ ਇਨ੍ਹਾਂ ਕੇਂਦਰੀ ਸ਼ਰਤਾਂ ਦਾ ਮਾਰੂ ਪ੍ਰਭਾਵ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਲੰਬੇ ਸਮੇਂ ਤੋਂ ਵਿੱਦਿਅਕ ਸੰਸਥਾਵਾਂ ਵਿੱਚ ਸੇਵਾਵਾਂ ਨਿਭਾ ਰਹੇ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਨੂੰ ਪ੍ਰਮੋਸ਼ਨ ਸਮੇਂ ਸਰਵ ਉੱਚ ਅਦਾਲਤ ਦੇ ਫੈਸਲੇ ਦਾ ਹਵਾਲਾ ਦੇ ਕੇ ਅਧਿਆਪਕ ਯੋਗਤਾ ਟੈੱਸਟ ਪਾਸ ਕਰਨ ਲਈ ਬਹੁਤ ਹੀ ਮਾਰੂ ਸ਼ਰਤ ਸਬੰਧਿਤ ਅਧਿਆਪਕਾਂ ਦੇ ਸਾਹਮਣੇ ਰੱਖ ਦਿੱਤੀ। ਇਸ ਮਾਰੂ ਸ਼ਰਤ ਅਨੁਸਾਰ ਪੂਰੇ ਭਾਰਤ ਵਿੱਚ 25 ਲੱਖ ਦੇ ਕਰੀਬ ਅਧਿਆਪਕ ਪ੍ਰਭਾਵਿਤ ਹੋ ਰਹੇ ਹਨ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੰਕੜਾ ਹੈ। ਪੁਰਾਣੇ ਅਧਿਆਪਕਾਂ, ਜੋ ਕਿ ਲੰਬੇ ਸਮੇਂ ਤੋਂ ਸਿੱਖਿਆ ਵਿਭਾਗ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਨ, ਉੱਤੇ ਅਧਿਆਪਕ ਯੋਗਤਾ ਟੈੱਸਟ ਥੋਪਣਾ ਸਰਾਸਰ ਬਹੁਤ ਵੱਡਾ ਧੱਕਾ ਹੈ ਕਿਉਂਕਿ ਜਿਹੜੇ ਅਧਿਆਪਕ ਆਪਣੇ ਸਮੇਂ ਦੇ ਵਿਭਾਗ ਵੱਲੋਂ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਕੇ ਭਰਤੀ ਹੋਏ ਹਨ, ਆਪਣਾ ਸਮੁੱਚਾ ਜੀਵਨ ਵਿਦਿਆਰਥੀ ਵਰਗ ਨੂੰ ਸਮਰਪਿਤ ਕੀਤਾ ਹੈ, ਉਹਨਾਂ ਨਾਲ ਅਜਿਹਾ ਧੱਕਾ ਕਰਨਾ, ਆਪਣੇ ਆਪ ਵਿੱਚ ਬਹੁਤ ਹੀ ਕੋਝਾ ਮਜ਼ਾਕ ਹੈ। ਅਜਿਹੇ ਤਰਕਹੀਣ ਫੈਸਲੇ ਦੇ ਨਾਲ ਪੀੜਿਤ ਅਧਿਆਪਕ ਅਤੇ ਉਹਨਾਂ ਦੇ ਪਰਿਵਾਰ ਫਿਕਰਮੰਦੀ ਵਿੱਚ ਡੁੱਬ ਗਏ ਹਨ। ਜੇਕਰ ਅਧਿਆਪਕ ਹੀ ਚਿੰਤਾਗ੍ਰਸਤ ਹੋ ਗਏ ਤਾਂ ਉਹ ਕਿਹੋ ਜਿਹੇ ਭਵਿੱਖ ਦੇ ਵਾਰਸ ਸਿਰਜਣਗੇ, ਅੱਜ ਸਰਕਾਰ ਨੂੰ ਇਸ ਬਾਰੇ ਸੋਚਣ ਦੀ ਜ਼ਰੂਰਤ ਹੈ।
ਵਰਤਮਾਨ ਸਮਾਂ ਸਿੱਖਿਆ ਸੰਸਥਾਵਾਂ ਲਈ ਬਹੁਤ ਹੀ ਉਪਯੋਗੀ ਸਮਾਂ ਹੈ ਕਿਉਂਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਇਮਤਿਹਾਨ ਚੱਲ ਰਹੇ ਹਨ। ਸਮੁੱਚਾ ਅਧਿਆਪਕ ਵਰਗ ਤਨਦੇਹੀ ਦੇ ਨਾਲ ਆਪਣੀਆਂ ਡਿਊਟੀਆਂ ਨਿਭਾ ਰਿਹਾ ਹੈ ਪਰ ਇਸ ਮਾਰੂ ਫੈਸਲੇ ਨੇ ਕੌਮ ਦੇ ਨਿਰਮਾਤਿਆਂ ਨੂੰ ਸੰਘਰਸ਼ਾਂ ਦੇ ਰਾਹ ਪੈਣ ਲਈ ਮਜਬੂਰ ਕਰ ਦਿੱਤਾ ਹੈ, ਜਿਸਦਾ ਨਤੀਜਾ ਸਾਹਮਣੇ ਹੈ ਕਿ ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ ਵਿਖੇ ਮਿਤੀ 22 ਫਰਵਰੀ 2026 ਨੂੰ ਅਧਿਆਪਕ ਸਾਂਝੇ ਫਰੰਟ ਵੱਲੋਂ ਬਹੁਤ ਵੱਡਾ ਵਿਸ਼ਾਲ ਇਕੱਠ ਰੱਖਿਆ ਗਿਆ ਹੈ, ਸਮੁੱਚੇ ਅਧਿਆਪਕ ਵਰਗ ਨੂੰ ਅਧਿਆਪਕ ਯੋਗਤਾ ਟੈੱਸਟ ਦਾ ਬਾਈਕਾਟ ਕਰਨ ਲਈ ਕਿਹਾ ਗਿਆ ਹੈ। ਅਜਿਹੇ ਨਾਜ਼ਕ ਮੋੜ ਉੱਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਨੂੰ ਇਸ ਸਮੱਸਿਆ ਦਾ ਸਾਰਥਿਕ ਹੱਲ ਕੱਢਦੇ ਹੋਏ ਅਧਿਆਪਕ ਵਰਗ ਵਿੱਚ ਮਚੀ ਖਲਬਲੀ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਕਿ ਸਾਡੀਆਂ ਵਿੱਦਿਅਕ ਸੰਸਥਾਵਾਂ ਦਾ ਮਾਹੌਲ ਸੁਖਾਵਾਂ ਰਹਿ ਸਕੇ।
ਪਿਛਲੇ ਸਮੇਂ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਸਲਾਹੁਣਯੋਗ ਫੈਸਲਿਆਂ ਤਹਿਤ ਸਾਡੇ ਸਰਕਾਰੀ ਕਾਲਜਾਂ ਨੂੰ ਪੱਕੀ ਭਰਤੀ ਤਹਿਤ ਪ੍ਰੋਫੈਸਰ ਨਸੀਬ ਹੋਏ ਸਨ, ਪ੍ਰੰਤੂ ਸਾਡੀ ਮਾਨਯੋਗ ਸਰਬ ਉੱਚ ਅਦਾਲਤ ਦੇ ਫੈਸਲੇ ਤਹਿਤ ਉਸ ਭਰਤੀ ਦਾ ਵੀ ਭੋਗ ਪੈ ਗਿਆ ਹੈ। ਪਰ ਚਲੋ ਸਾਡੀ ਪੰਜਾਬ ਸਰਕਾਰ ਦੀ ਬੇਨਤੀ ਤਹਿਤ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਅਧਿਆਪਕਾਂ ਦੇ ਚੁੱਲ੍ਹੇ ਬਲਦੇ ਰੱਖਣ ਲਈ ਅਗਲੇ ਹੁਕਮਾਂ ਤਕ ਉਹਨਾਂ ਅਧਿਆਪਕਾਂ ਨੂੰ ਕਾਲਜਾਂ ਵਿੱਚ ਕੰਮ ਕਰਨ ਦੇ ਲਈ ਮਨਜ਼ੂਰੀ ਦਿੱਤੀ ਹੈ। ਇਹ ਚੰਗਾ ਫੈਸਲਾ ਹੈ, ਰਾਹਤ ਮਿਲੀ ਹੈ ਭਾਵੇਂ ਵਕਤੀ ਹੀ ਸਹੀ। ਅੱਜ ਵੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਮਿਲ ਕੇ ਕੋਈ ਅਜਿਹੇ ਸਾਰਥਿਕ ਫੈਸਲੇ ਕਰਨ ਦੀ ਜ਼ਰੂਰਤ ਹੈ, ਜਿਨ੍ਹਾਂ ਨਾਲ ਸਾਡੇ ਦੇਸ਼ ਦਾ ਅਕਾਦਮਿਕ ਮਾਹੌਲ ਚੰਗਾ ਬਣ ਸਕੇ, ਵਿੱਦਿਅਕ ਢਾਂਚਾ ਬੁਲੰਦੀਆਂ ਛੂਹੇ, ਨਾ ਕਿ ਵੱਡੀ ਨਫਰੀ ਵਿੱਚ ਅਧਿਆਪਕ ਸੰਘਰਸ਼ਾਂ ਦੇ ਰਾਹ ’ਤੇ ਚੱਲਣ ਲਈ ਮਜਬੂਰ ਹੋਣ। ਵਰਤਮਾਨ ਪੰਜਾਬ ਸਰਕਾਰ ਤੋਂ ਵੱਡੀਆਂ ਆਸਾਂ ਹਨ ਕਿ ਪੀੜਿਤ ਅਧਿਆਪਕਾਂ ਦੇ ਜਖਮਾਂ ਦੇ ਉੱਤੇ ਜਲਦੀ ਮੱਲ੍ਹਮ ਲਾਵੇਗੀ, ਅਧਿਆਪਕਾਂ ਦਾ ਪੱਖ ਮਾਨਯੋਗ ਸਰਵ ਉੱਚ ਅਦਾਲਤ ਵਿੱਚ ਰੱਖੇਗੀ, ਜਿਸ ਨਾਲ ਅਧਿਆਪਕਾਂ ਨੂੰ ਬਣਦੇ ਲਾਭ ਮਿਲਣਗੇ ਅਤੇ ਉਹਨਾਂ ਦੀਆਂ ਨੌਕਰੀਆਂ ਉੱਤੇ ਲਟਕਦੀ ਤਲਵਾਰ ਹਟੇਗੀ।
ਅਧਿਆਪਕ ਦਾ ਰੁਤਬਾ ਬਹੁਤ ਹੀ ਸਤਿਕਾਰਯੋਗ ਹੈ। ਜੇਕਰ ਅਧਿਆਪਕ ਹੀ ਦੇ ਵਿੱਚ ਧਰਨਿਆਂ ਮੁਜ਼ਾਰਿਆਂ ਉੱਤੇ ਬੈਠਣਗੇ ਤਾਂ ਉਸ ਦੇਸ਼ ਦਾ ਭਵਿੱਖ ਕਦੇ ਵੀ ਉੱਜਲ ਨਹੀਂ ਹੋ ਸਕਦਾ। ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਜੀ ਮਾਨ ਖੁਦ ਆਪ ਅਧਿਆਪਕ ਦੇ ਬੇਟੇ ਹਨ। ਅਧਿਆਪਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਉਹਨਾਂ ਪਹਿਲ ਕਦਮੀ ਕਰਦਿਆਂ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ, ਜੋ ਕਿ ਬਹੁਤ ਹੀ ਸ਼ਲਾਘਾਯੋਗ ਫੈਸਲਾ ਸੀ। ਅੱਜ ਵੀ ਅਧਿਆਪਕ ਵਰਗ ਨੂੰ ਉਹਨਾਂ ਉੱਤੇ ਮਾਣ ਹੈ ਕਿ ਉਹ ਜ਼ਰੂਰ ਸਾਡੇ ਮਸਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਗੁਰਬਾਣੀ ਵਿੱਚ ਗੁਰੂ ਦੀ ਮਹਿਮਾ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ...
ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜਾਰ,
ਏਤੇ ਚਾਨਣ ਹੋਦਿਆਂ, ਗੁਰ ਬਿਨੁ ਘੋਰ ਅੰਧਾਰ॥
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































