HarsantSDhindsa 7“ਚੋਣਾਂ ਨੇੜੇ ਹਨ, ਚੋਣਾਂ ਜਿੱਤਣ ਲਈ ਸਿਆਸੀ ਪਾਰਟੀਆਂ ਤਰ੍ਹਾਂ ਤਰ੍ਹਾਂ ਦੇ ਵਾਅਦੇ ...”
(20 ਨਵੰਬਰ 2026)

 

ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਵਰਤਮਾਨ ਸਮੇਂ ਤਕ ਪੰਜਾਬ ਨੇ ਬਹੁਤ ਸਾਰੇ ਸਿਆਸੀ ਦ੍ਰਿਸ਼ ਵੇਖੇ ਹਨ। ਮੁੱਖ ਤੌਰ ਦੇ ਉੱਤੇ ਪੰਜਾਬ ਦੀ ਸਿਆਸਤ ਦੋ ਹੀ ਰਾਜਨੀਤਿਕ ਪਾਰਟੀਆਂ ਦੁਆਲੇ ਘੁੰਮਦੀ ਰਹੀ ਹੈ। ਜ਼ਿਆਦਾ ਸਮਾਂ ਸਾਡੇ ਸੂਬੇ ਦੀ ਵਾਂਗ ਡੋਰ ਕਾਂਗਰਸ ਦੇ ਹੱਥ ਵਿੱਚ ਰਹੀ, ਦੂਜੇ ਸਥਾਨ ’ਤੇ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੁੰਦਾ ਰਿਹਾ ਹੈ। ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਹੈ, ਜਿਸ ਨੂੰ ਸਭ ਤੋਂ ਵੱਧ ਰਾਸ਼ਟਰਪਤੀ ਰਾਜ ਦੀ ਮਾਰ ਸਹਿਣ ਕਰਨੀ ਪਈ। ਪੰਜਾਬ ਦਾ ਇਤਿਹਾਸ ਗੌਰਵਮਈ ਰਿਹਾ ਹੈ। ਦੇਸ਼ ਦੀ ਵੰਡ ਵੇਲੇ ਮਹਾ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਅੱਧਾ ਪਾਕਿਸਤਾਨ ਵਿੱਚ ਚਲਾ ਗਿਆ ਅਤੇ ਅੱਧਾ ਸਾਡੇ ਭਾਰਤ ਵਾਲੇ ਪਾਸੇ ਆ ਗਿਆ।

ਪੰਜਾਬ ਨੇ ਦੇਸ਼ ਵੰਡ ਦਾ ਜੋ ਦੁੱਖ ਭੋਗਿਆ, ਉਹ ਦੁਖਾਂਤ ਕਦੇ ਭੁੱਲਿਆ ਨਹੀਂ ਜਾ ਸਕਦਾ। ਇਹ ਭਰਾ ਮਾਰੂ ਜੰਗ ਸੀ, ਅਸੀਂ ਅੰਗਰੇਜ਼ਾਂ ਸਿਰ ਮੜ੍ਹ ਦਿੱਤੀ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਵੀ ਪੰਜਾਬ ਨੂੰ ਜ਼ਖਮ ਹੀ ਮਿਲੇ। ਪੰਜਾਬ ਦੇ ਅੱਲ੍ਹੇ ਜਖਮਾਂ ’ਤੇ ਮੱਲ੍ਹਮ ਲਾਉਣ ਦੀ ਕਿਸੇ ਨੇ ਕੋਸ਼ਿਸ਼ ਨਾ ਕੀਤੀ। ਪੰਜਾਬੀ ਦੇ ਮਕਬੂਲ ਲੇਖਕ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਖੱਬਲ’ ਦੇ ਅਨੁਸਾਰ, ਹਾਲਾਤ ਬਦਲੇ, ਪੰਜਾਬੀਆਂ ਨੇ ਦੁਬਾਰਾ ਨੇ ਰੱਬ ਦਾ ਭਾਣਾ ਮੰਨਦਿਆਂ ਜੀਵਨ ਜਿਊਣਾ ਸ਼ੁਰੂ ਕਰ ਦਿੱਤਾ।

ਜਿਵੇਂ ਸੌਣ ਦੇ ਮਹੀਨੇ ਵਿੱਚ ਸੁੱਕਾ ਖੱਬਲ ਹਰਾ ਹੋ ਜਾਂਦਾ ਹੈ; ਪੰਜਾਬੀਆਂ ਨੇ ਮਿਹਨਤ ਕਰਕੇ ਬੰਜਰ ਜ਼ਮੀਨਾਂ ਨੂੰ ਵਾਹੀ ਯੋਗ ਬਣਾਇਆ। ਪੰਜਾਬੀ ਭਾਈਚਾਰਾ ਗੁਰੂ ਦੇ ਭਾਣੇ ਵਿੱਚ ਰਹਿਣ ਲੱਗਿਆ। ਪਰ ਉਹ ਸਿਆਸਤ ਕੀ ਹੋਈ ਜਿਹੜੀ ਲੋਕਾਂ ਦੇ ਵਿੱਚ ਵੰਡੀਆਂ ਨਾ ਪਾਵੇ? ਧਰਮਾਂ ਦੀ ਸਿਆਸਤ ਸ਼ੁਰੂ ਹੋ ਗਈ। ਅਕਾਲੀਆਂ ਨੇ ਪੰਜਾਬੀਆਂ ਲਈ ਵੱਖਰੇ ਸੂਬੇ ਪੰਜਾਬ ਦੀ ਮੰਗ ਕੀਤੀ, ਹਿੰਦੀ ਭਾਸ਼ਾ ਬੋਲਣ ਵਾਲਿਆਂ ਨੇ ਹਰਿਆਣੇ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਭਾਈਚਾਰਾ ਸਿਆਸਤ ਦੀ ਭੇਟ ਚੜ੍ਹ ਗਿਆ।

1966 ਦੇ ਵਿੱਚ ਪੰਜਾਬ ਅਤੇ ਹਰਿਆਣਾ ਦੋ ਵੱਖਰੇ ਵੱਖਰੇ ਸੂਬੇ ਬਣ ਗਏ। ਸਿਆਸੀ ਲੋਕਾਂ ਦੀ ਭੁੱਖ ਪੂਰੀ ਹੋ ਗਈ। ਜਿੱਥੇ ਇੱਕ ਮੁੱਖ ਮੰਤਰੀ ਬਣਦਾ ਸੀ, ਉੱਥੇ ਦੋਂਹ ਮੁੱਖ ਮੰਤਰੀਆਂ ਦੇ ਸਿਰ ’ਤੇ ਤਾਜ ਸਜਣੇ ਸ਼ੁਰੂ ਹੋ ਗਏ। ਝੰਡੀਆਂ ਵਾਲੀਆਂ ਕਾਰਾਂ ਦੁੱਗਣੀਆਂ ਹੋ ਗਈਆਂ। ਅਫਸਰਸ਼ਾਹੀ ਨੂੰ ਵੱਡੇ ਭਾਗ ਲੱਗੇ। ਚੰਡੀਗੜ੍ਹ ਵਿੱਚ ਦੋਵੇਂ ਰਾਜਾਂ ਦੇ ਮੰਤਰੀਆਂ ਅਤੇ ਅਫਸਰਾਂ ਦੇ ਲਈ ਕੋਠੀਆਂ ਬਣਨੀਆਂ ਸ਼ੁਰੂ ਹੋਈਆਂ। ਟੈਕਸ ਦੇ ਰੂਪ ਵਿੱਚ ਖਰਚਾ ਲੋਕਾਂ ’ਤੇ ਪਿਆ, ਰਾਜਨੀਤਿਕ ਲੋਕਾਂ ਨੇ ਕਿਹੜਾ ਜੇਬ ਵਿੱਚੋਂ ਖਰਚ ਕਰਨਾ ਸੀ।

ਪੰਜਾਬੀਆਂ ਦੇ ਜਜ਼ਬਾਤਾਂ ਨੂੰ ਰਾਜਨੀਤਿਕ ਲੋਕਾਂ ਨੇ ਖੂਬ ਵਰਤਿਆ, ਇੱਕ ਪਾਰਟੀ ਰਾਜ ਕਰਦੀ, ਦੂਜੀ ਰਾਜਨੀਤਿਕ ਪਾਰਟੀ ਲੋਕਾਂ ਦੇ ਮਨਾਂ ਲਾਂਬੂ ਲਾਉਣ ਦਾ ਕੰਮ ਸ਼ੁਰੂ ਕਰ ਦਿੰਦੀ। ਪੰਜਾਬ ਦੇ ਭੋਲੇ ਭਾਲੇ ਲੋਕਾਂ ਦੇ ਹੱਥਾਂ ਦੇ ਵਿੱਚ ਪਤਾ ਹੀ ਨਹੀਂ ਚੱਲਿਆ, ਕਦੋਂ ਸਿਆਸਤ ਦੇ ਅਧੀਨ ਹਥਿਆਰ ਫੜਾ ਦਿੱਤੇ। ਗਰਮ ਖੂਨ, ਚੜ੍ਹਦੀ ਜਵਾਨੀ, ਕਦੇ ਹੋਸ਼ ਤੋਂ ਕੰਮ ਲੈ ਲਵੇ, ਇਹ ਹੋ ਸਕਦਾ ਹੈ? ਬਾਕੀ ਸੇਧ ਦੇਣ ਵਾਲੀ ਲੀਡਰਸ਼ਿੱਪ ਜਦੋਂ ਆਪਣੇ ਸਿਆਸੀ ਹਿਤ ਪੂਰੇ ਕਰਨ ਲੱਗ ਪਵੇ ਤਾਂ ਸੂਬੇ ਵਿੱਚ ਸ਼ਾਂਤੀ ਰਹਿਣੀ ਸੰਭਵ ਨਹੀਂ ਸੀ। ਪੰਜਾਬ ਦੀ ਧਰਤੀ ’ਤੇ ਖਾੜਕੂਵਾਦ ਦੀ ਹਨੇਰੀ ਝੁੱਲੀ, ਮਾਵਾਂ ਦੇ ਪੁੱਤਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਮਰ ਦੋਵੇਂ ਪਾਸੇ ਪੰਜਾਬੀ ਹੀ ਰਹੇ ਸਨ। ਪੁਲਿਸ ਵਾਲੇ ਵੀ ਪੰਜਾਬੀ ਮੁੰਡੇ, ਖਾੜਕੂ ਜਜ਼ਬਾਤੀ ਮੁੰਡੇ ਵੀ ਸਾਡੇ ਗਰੀਬ ਘਰਾਂ ਦੇ ਹੀ ਸਨ। ਸਿਆਸੀ ਰਸੂਖਵਾਨ ਲੋਕਾਂ ਦੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਨ ਚਲੇ ਗਏ। ਕਿਸੇ ਨੂੰ ਝਰੀਟ ਤਕ ਨਹੀਂ ਆਈ। ਮਾਝੇ ਦੇ ਪਿੰਡਾਂ ਵਿੱਚ ਲਗਭਗ 25 ਸਾਲ ਬਰਾਤ ਨਹੀਂ ਚੜ੍ਹੀ, ਨੌਜਵਾਨੀ ਦਾ ਵੱਡੇ ਪੱਧਰ ’ਤੇ ਘਾਣ ਹੋਇਆ। ਫਿਰ ਪੰਜਾਬ ਵਿੱਚ ਸ਼ਾਂਤੀ ਲਿਆਉਣ ਤਹਿਤ ਸਿਆਸਤ ਸ਼ੁਰੂ ਹੋ ਗਈ।

ਪੰਜਾਬ ਦੀ ਨੌਜਵਾਨੀ ਨੂੰ ਨਕਾਰਾ ਕਰਨ ਦੀਆਂ ਚਾਲਾਂ ਸ਼ੁਰੂ ਹੋ ਗਈਆਂ। ਇਸ ਲਈ ਅਸ਼ਲੀਲਤਾ ਦਾ ਦੌਰ ਹੀ ਕਾਫੀ ਸੀ, ਪਰ ਦੁਸ਼ਮਣ ਨੇ ਮਚਦੀ ਦੇ ਉੱਤੇ ਪੈਟਰੋਲ ਛਿੜਕਿਆ। ਗੁਰੂਆਂ ਪੀਰਾਂ ਦੀ ਧਰਤੀ ’ਤੇ ਚਿੱਟੇ ਵਰਗੇ ਨਸ਼ੇ ਦਾ ਹੜ੍ਹ ਵਗਾ ਦਿੱਤਾ ਜਿਵੇਂ ਕਿਸੇ ਸਮੇਂ ਪਲੇਗ ਦੀ ਮਹਾਂਮਾਰੀ ਫੈਲੀ ਸੀ। ਘਰ ਘਰ ਵਿੱਚ ਸੱਥਰ ਵਿਛਣ ਗਏ। ਸਿਆਸੀ ਲੋਕ ਇੱਕ ਦੂਜੇ ’ਤੇ ਚਿੱਕੜ ਸੁੱਟਣ ਲੱਗੇ। ਜੇ ਇਸ ਟੋਲੇ ਨੂੰ ਪੰਜਾਬ ਦੇ ਲੋਕਾਂ ਦਾ ਜ਼ਰਾ ਵੀ ਖਿਆਲ ਹੁੰਦਾ ਤਾਂ ਇਹ ਪਿਛਲੇ ਤਿੰਨ ਦਹਾਕਿਆਂ ਵਿੱਚ ਸਰਬ ਪਾਰਟੀ ਸੱਦ ਕੇ ਸੂਬੇ ਨੂੰ ਬਚਾਉਣ ਲਈ ਕੋਈ ਚੰਗੀ ਨੀਤੀ ਨਾ ਬਣਾਉਂਦੇ? ਅੱਜਕਲ ਸਿਆਸਤ ਤਾਂ ਅਜਿਹੀ ਹੈ, ਸਿਆਣੇ ਕਹਿੰਦੇ ਹਨ, ਜਿਸ ਘਰ ਵਿੱਚ ਵੜ ਜਾਵੇ, ਤਾਂਘਰ ਦੀਆਂ ਕੰਧਾਂ ਪਾੜ ਦਿੰਦੀ ਹੈ।

ਫਿਰ ਤੀਜੇ ਬਦਲ ਦੀਆਂ ਗੱਲਾਂ ਹੋਣ ਲੱਗੀਆਂ। ਲੋਕਾਂ ਨੇ ਸੋਚਿਆ, ਵੱਡੀ ਕ੍ਰਾਂਤੀ ਆਉਣ ਲੱਗੀ ਹੈ। ਲੋਕਾਂ ਨੇ ਵੱਡਾ ਫਤਵਾ ਦਿੱਤਾ, ਪਰ ਕ੍ਰਾਂਤੀ ਇੱਕ ਝਲਕ ਬਣ ਕੇ ਰਹਿ ਗਈ। ਜਿਸ ਸਿਸਟਮ ਨੂੰ ਖਰਾਬ ਕਰਨ ਲਈ ਇੰਨਾ ਲੰਬਾ ਸਮਾਂ ਲੱਗਿਆ ਹੈ, ਉਸ ਨੂੰ ਠੀਕ ਕਰਨਾ ਦਿਨਾਂ ਦੀ ਖੇਡ ਨਹੀਂ। ਖੁਦ ਨਸ਼ੇ ਨਾਲ ਰੋਤ ਧੁੱਤ ਹੋਣ ਵਾਲੇ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਤਈ ਨਹੀਂ ਕਰ ਸਕਦੇ; ਨਸ਼ੇ ਖਤਮ ਕਰਨ ਲਈ ਦੂਰਅੰਦੇਸ਼ੀ ਸੋਚ ਦੀ ਜ਼ਰੂਰਤ ਹੈ। ਕਿਸੇ ਰਾਜਨੀਤਿਕ ਵਿਦਵਾਨ ਨੇ ਲਿਖਿਆ ਹੈ ਕਿ ਜਿੱਥੇ ਅਨਪੜ੍ਹਤਾ ਅਤੇ ਬੇਈਮਾਨੀ ਹੋਵੇ, ਝੂਠੇ-ਮਕਾਰ ਲੀਡਰ ਹੋਣ, ਉੱਥੇ ਲੋਕਤੰਤਰ ਵੀ ਸਰਾਪ ਬਣ ਜਾਂਦਾ ਹੈ। ਇਸਦੀ ਉਦਾਹਰਨ ਅੱਜ ਸਾਡੇ ਸਾਹਮਣੇ ਹੈ। ਚੋਣਾਂ ਨੇੜੇ ਹਨ, ਚੋਣਾਂ ਜਿੱਤਣ ਲਈ ਸਿਆਸੀ ਪਾਰਟੀਆਂ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਨਗੀਆਂ। ਪੰਜਾਬ ਦੀ ਭੇਡਾਂ ਦੀ ਤਰ੍ਹਾਂ ਉੰਨ ਮੁੰਨਣ ਦਾ ਸਮਾਂ ਆ ਗਿਆ ਹੈ।

ਪੰਜਾਬੀਓ, ਤੁਹਾਨੂੰ ਸਬਜ਼ਬਾਗ ਦਿਖਾਉਣ ਲਈ ਦੰਭੀ ਸਿਆਸਤਦਾਨਾਂ ਦੇ ਟੋਲੇ ਤੁਹਾਡੇ ਬੂਹੇ ’ਤੇ ਆ ਰਹੇ ਹਨ; ਅਜੇ ਵੀ ਸਮਾਂ ਹੈ ਕਿ ਦੂਰਅੰਦੇਸ਼ੀ ਸੋਚ ਵਾਲੇ ਨੇਤਾਵਾਂ ਦੀ ਚੋਣ ਕਰ ਲਵੋ, ਦੰਭੀਆਂ ਦੇ ਬਥੇਰੇ ਦੰਭ ਦੇਖ ਲਏ; ਆਪਣਾ ਸਭ ਕੁਝ ਬਰਬਾਦ ਕਰ ਲਿਆ। ਬਹਾਦਰੀ ਦੇ ਨਾਲ ਲੜਦੇ ਹੋਏ ਅਸੀਂ ਸਾਰੇ ਆਪ ਵੀ ਦੂਰਅੰਦੇਸ਼ੀ ਸੋਚ ਦੇ ਨਾਲ ਫੈਸਲੇ ਲੈਣੇ ਸ਼ੁਰੂ ਕਰੀਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author