HarsantSDhindsa7“ਅਸ਼ਲੀਲਤਾ ਉੱਤੇ ਪਾਬੰਦੀਆਂ ਲਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਕੰਪਨੀਆਂ ਨੂੰ ਵੀ ...”
(3 ਮਈ 2026)


ਵਰਤਮਾਨ ਸਮੇਂ ਸੋਸ਼ਲ ਮੀਡੀਆ ਨੇ ਬਹੁਤ ਤਰੱਕੀ ਕੀਤੀ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਵਰਤਮਾਨ ਯੁਗ ਸੋਸ਼ਲ ਮੀਡੀਆ ਦਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਹਰ ਮਨੁੱਖ ਦੇ ਹੱਥ ਵਿੱਚ ਸਮਾਰਟ ਫੋਨ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤਕ
, ਹਰ ਵਿਅਕਤੀ ਇਸਦੀ ਗ੍ਰਿਫਤ ਵਿੱਚ ਆ ਚੁੱਕਿਆ ਹੈ। ਸੋਸ਼ਲ ਮੀਡੀਆ ਦੇ ਸਮਾਜ ਉੱਤੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਦਾ ਜਦੋਂ ਵਿਸ਼ਲੇਸ਼ਣ ਕਰਦੇ ਹਾਂ ਤਾਂ ਇੱਕ ਇੱਕ ਚੀਜ਼ ਜਿਹੜੀ ਮਨ ਨੂੰ ਬਹੁਤ ਦੁੱਖ ਪਹੁੰਚਾਉਂਦੀ ਹੈ, ਉਹ ਹੈ ਫੋਨਾਂ ਉੱਤੇ ਪਰੋਸੀ ਜਾ ਰਹੀ ਅਸ਼ਲੀਲ ਸਮਗਰੀ। ਜਦੋਂ ਬੰਦਾ ਫੋਨ ਉੱਤੇ ਕੋਈ ਵੀ ਐਪ ਖੋਲ੍ਹਦਾ ਹੈ ਤਾਂ ਅਸ਼ਲੀਲ ਸਮਗਰੀ ਐਡ ਦੇ ਰੂਪ ਵਿੱਚ ਪਹਿਲਾਂ ਆ ਜਾਂਦੀ ਹੈ। ਬੱਚਿਆਂ ਉੱਤੇ ਇਸਦਾ ਸਭ ਤੋਂ ਬੁਰਾ ਪ੍ਰਭਾਵ ਪੈ ਰਿਹਾ ਹੈ। ਕਿਸ਼ੋਰ ਅਵਸਥਾ ਵਿੱਚ ਬੱਚੇ ਕੱਚੀ ਇੱਟ ਦੀ ਤਰ੍ਹਾਂ ਹੁੰਦੇ ਹਨ, ਜਿਨ੍ਹਾਂ ਦੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹੁੰਦੀਆਂ ਹਨ। ਜੇਕਰ ਕੱਚੀ ਇੱਟ ਉੱਤੇ ਮੀਂਹ ਪੈ ਜਾਵੇ ਤਾਂ ਉਹ ਖੁਰ ਕੇ ਕਿਸੇ ਕੰਮ ਦੀ ਨਹੀਂ ਰਹਿੰਦੀ। ਇਸੇ ਤਰ੍ਹਾਂ ਦਾ ਵਰਤਾਰਾ ਅੱਜ ਸਮਾਜ ਦੇ ਵਿੱਚ ਵਾਪਰ ਰਿਹਾ ਹੈ। ਅਜਿਹੀਆਂ ਅਸ਼ਲੀਲ ਸਾਈਟਾਂ ਉੱਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ, ਜੋ ਕਿ ਹੋਣਾ ਬਹੁਤ ਜ਼ਰੂਰੀ ਚਾਹੀਦਾ ਹੈ। ਕਈ ਵਾਰ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਸੰਬੰਧਿਤ ਅਧਿਆਪਕ ਗਿਆਨ ਦੇਣ ਲਈ ਕੋਈ ਲਿੰਕ ਖੋਲ੍ਹਦੇ ਹਨ ਤਾਂ ਇਸ ਗੱਲ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਕਿ ਸਕਰੀਨ ਉੱਤੇ ਅਸ਼ਲੀਲ ਸਮਗਰੀ ਨਾ ਆ ਜਾਵੇ। ਅਜਿਹੀ ਸਥਿਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਦੋਵੇਂ ਸ਼ਰਮਸਾਰ ਮਹਿਸੂਸ ਕਰਦੇ ਹਨ। ਪੁਰਾਣੇ ਅਧਿਆਪਕਾਂ ਨੂੰ ਨਵੀਂ ਤਕਨੀਕ ਦੇ ਸਮਾਰਟ ਫੋਨਾਂ ਬਾਰੇ ਗਿਆਨ ਦੀ ਘਾਟ ਵੀ ਇਸਦਾ ਵੱਡਾ ਕਾਰਨ ਬਣਦੀ ਹੈ। ਇਸ ਲਈ ਸਰਕਾਰ ਵੱਲੋਂ ਮੁਹਈਆ ਕਰਵਾਏ ਗਏ ਮਹਿੰਗੇ ਅਤੇ ਵੱਡੇ ਪੈਨਲਾਂ ਨੂੰ ਵਰਤਣ ਤੋਂ ਪੁਰਾਣੇ ਅਧਿਆਪਕ ਸੰਕੋਚ ਕਰਦੇ ਹਨ। ਸੋਸ਼ਲ ਸਾਈਟਾਂ ਉੱਤੇ ਆ ਰਹੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਇਸਦਾ ਮੁੱਖ ਕਾਰਨ ਹਨ।

ਸੋਸ਼ਲ ਮੀਡੀਆ ਜ਼ਰੀਏ ਇਨਸਾਨ ਬਹੁਤ ਚੰਗਾ ਗਿਆਨ ਵੀ ਹਾਸਲ ਕਰ ਸਕਦਾ ਹੈ। ਪਿਛਲੇ ਸਮੇਂ ਸਿਵਿਲ ਸਰਵਿਸ ਦਾ ਨਤੀਜਾ ਆਇਆ। ਸਫਲਤਾ ਪ੍ਰਾਪਤ ਕਰਨ ਵਾਲੀਆਂ ਬੱਚੀਆਂ ਨੇ ਦੱਸਿਆ ਕਿ ਜ਼ਿਆਦਾ ਗਿਆਨ ਅਸੀਂ ਸਮਾਰਟ ਫੋਨਾਂ ਜ਼ਰੀਏ ਪ੍ਰਾਪਤ ਕੀਤਾ ਹੈ। ਬਹੁਤ ਸਾਰਾ ਸਾਹਿਤਕ ਗਿਆਨ ਅਸੀਂ ਸਮਾਰਟ ਫੋਨ ’ਤੇ ਪ੍ਰਾਪਤ ਕਰ ਸਕਦੇ ਹਾਂ। ਬਹੁਤ ਸਾਰੇ ਚੰਗੇ ਲੇਖਕਾਂ ਦੀਆਂ ਮੁਲਾਕਾਤਾਂ ਸੁਣ ਸਕਦੇ ਹਾਂ। ਚੰਗੇ ਵਿਗਿਆਨੀਆਂ ਦੀਆਂ ਖੋਜਾਂ ਬਾਰੇ ਮਿੰਟਾਂ-ਸਕਿੰਟਾਂ ਵਿੱਚ ਪਤਾ ਚੱਲ ਜਾਂਦਾ ਹੈ। ਪੁਰਾਣਾ ਗੀਤ ਸੰਗੀਤ, ਬਹੁਤ ਵੱਡਾ ਅਣਮੁੱਲਾ ਖਜ਼ਾਨਾ ਸੋਸ਼ਲ ਮੀਡੀਆ ਜ਼ਰੀਏ ਦੇਖਿਆ ਜਾ ਸਕਦਾ ਹੈ। ਬਹੁਤ ਸਾਰੀਆਂ ਪੁਰਾਣੀਆਂ ਕਿਤਾਬਾਂ, ਜਿਹੜੀਆਂ ਲਾਇਬਰੇਰੀਆਂ ਵਿੱਚ ਉਪਲਬਧ ਨਹੀਂ, ਆਪਣੀ ਉਮਰ ਵਿਹਾ ਕੇ ਖਤਮ ਹੋ ਚੁੱਕੀਆਂ ਹਨ, ਉਹ ਨੈੱਟ ਉੱਤੇ ਅਸੀਂ ਦੇਖ ਸਕਦੇ ਹਾਂ। ਧਾਰਮਿਕ ਜਾਣਕਾਰੀ, ਕਿਸੇ ਵੀ ਫਿਰਕੇ ਨਾਲ ਸੰਬੰਧਿਤ, ਮਿੰਟਾਂ ਸਕਿੰਟਾਂ ਵਿੱਚ ਇਕੱਤਰ ਕਰ ਸਕਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦਾ ਪੂਰਾ ਬਿਉਰਾ ਵਿਸਥਾਰ ਵਿੱਚ ਨੈੱਟ ਉੱਤੇ ਉਪਲਬਧ ਹੈ। ਬਹੁਤ ਸਾਰੇ ਲੋਕ ਅੱਜ ਪਾਠ ਗੁਟਕਾ ਸਾਹਿਬ ਤੋਂ ਨਹੀਂ ਕਰਦੇ। ਤੁਸੀਂ ਗੁਰੂ ਘਰਾਂ ਵਿੱਚ ਦੇਖੋ, ਹਰ ਵਿਅਕਤੀ ਆਪਣੇ ਫੋਨ ਤੋਂ ਪਾਠ ਕਰ ਰਿਹਾ ਹੁੰਦਾ ਹੈ। ਮੋਬਾਇਲ ਫੋਨ ਜ਼ਰੀਏ ਦੁਨੀਆਂ ਦੀ ਹਰ ਚੀਜ਼ ਵੇਖੀ ਜਾ ਸਕਦੀ ਹੈ। ਇਹ ਬਹੁਤ ਵੱਡਾ ਵਡਮੁੱਲਾ ਖਜ਼ਾਨਾ ਹੈ। ਅੱਜ ਬਹੁਤ ਸਾਰੀਆਂ ਅਖਬਾਰਾਂ ਆਨਲਾਈਨ ਹੋ ਗਈਆਂ ਹਨ। ਕਰੋਨਾ ਕਾਲ ਤੋਂ ਬਾਅਦ ਜ਼ਿਆਦਾ ਲੋਕ ਆਨਲਾਈਨ ਹੀ ਅਖਬਾਰ ਪੜ੍ਹਨ ਲੱਗ ਪਏ ਹਨ। ਹਰ ਖਬਰ ਛਪਣ ਤੋਂ ਪਹਿਲਾਂ ਫੋਨ ਦੇ ਜ਼ਰੀਏ ਲੋਕ ਅੱਖੀਂ ਦੇਖ ਲੈਂਦੇ ਹਨ। ਪਰ ਜੋ ਅਨੰਦ ਅਖਬਾਰ ਦਾ ਵਾਸਤਵਿਕ ਰੂਪ ਵਿੱਚ ਪੜ੍ਹ ਕੇ ਆਉਂਦਾ ਹੈ, ਉਹ ਗੱਲ ਆਨਲਾਈਨ ਨਹੀਂ ਬਣਦੀ।

ਅਖਬਾਰ ਮਾਲਕਾਂ ਦੀਆਂ ਆਪਣੀਆਂ ਮਜਬੂਰੀਆਂ ਹਨ। ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਨਵੇਂ ਚੈਨਲ ਆ ਗਏ ਹਨ। ਗਿਆਨ ਦਾ ਅਥਾਹ ਭੰਡਾਰ ਹੈ। ਪਰ ਸਭ ਤੋਂ ਵੱਡਾ ਰੋਗ ਇੱਕੋ ਹੈ, ਜਿਸਦਾ ਕੋਈ ਹੱਲ ਨਜ਼ਰ ਨਹੀਂ ਨਜ਼ਰ ਆ ਰਿਹਾ, ਅਸ਼ਲੀਲਤਾ ਪਰੋਸਣ ਦਾ ਕੰਮ ਅਮਰ ਵੇਲ ਵਾਂਗ ਵਧਦਾ ਜਾ ਰਿਹਾ ਹੈ। ਵੱਡੀਆਂ ਕੰਪਨੀਆਂ ਅੱਗੇ ਸਾਡੀਆਂ ਸਰਕਾਰਾਂ ਵੀ ਬੇਵੱਸ ਨਜ਼ਰ ਆ ਰਹੀਆਂ ਹਨ। ਕੋਈ ਨਿਯੰਤਰਣ ਨਹੀਂ। ਲੋਕ ਕਹਿੰਦੇ ਹਨ ਕਿ ਸਰਕਾਰਾਂ ਤੋਂ ਬਿਨਾਂ ਤਾਂ ਪੱਤਾ ਨਹੀਂ ਹਿੱਲ ਸਕਦਾ, ਇਹ ਸਭ ਮਿਲੀ ਭੁਗਤ ਦਾ ਨਤੀਜਾ ਹੈ। ਸਰਕਾਰਾਂ ਨੂੰ ਇਸਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਹੈ। ਸਾਡੀ ਜਵਾਨੀ ਨੂੰ ਕੁਝ ਨਸ਼ਿਆਂ ਨੇ ਖਾ ਲਿਆ, ਰਹਿੰਦੀ ਕਸਰ ਪਰੋਸੀ ਜਾ ਰਹੀ ਅਸ਼ਲੀਲਤਾ ਕੱਢ ਰਹੀ ਹੈ।

ਵਰਤਮਾਨ ਦੌਰ ਨੂੰ ਦੇਖ ਕੇ ਪੁਰਾਣੇ ਸਮੇਂ ਚੇਤੇ ਆ ਜਾਂਦੇ ਹਨ। ਮੈਨੂੰ ਯਾਦ ਹੈ ਜਦੋਂ ਘਰਾਂ ਵਿੱਚ ਨਵੇਂ ਨਵੇਂ ਟੀਵੀ ਲੱਗੇ, ਕੁੜੀਆਂ ਆਪਣੇ ਭਰਾਵਾਂ ਨਾਲ ਬਹਿਕੇ ਟੀਵੀ ਨਹੀਂ ਸੀ ਦੇਖਦੀਆਂ ਹੁੰਦੀਆਂ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਸ਼ਰਮ ਹਯਾ ਦਾ ਵੱਡਾ ਸਥਾਨ ਸੀ। ਫੋਨਾਂ ’ਤੇ ਹੁੰਦੀ ਗੱਲਬਾਤ ਨਾਲ ਰਿਸ਼ਤੇ ਜੁੜਨ ਦੀ ਬਜਾਏ ਟੁੱਟ ਰਹੇ ਹਨ। ਤਲਾਕ ਹੋਣਾ ਆਮ ਵਰਤਾਰਾ ਹੋ ਗਿਆ, ਜਦੋਂ ਕਿ ਪੰਜਾਬੀ ਸੱਭਿਆਚਾਰ ਵਿੱਚ ਤਲਾਕ ਨੂੰ ਕਾਲਾ ਧੱਬਾ ਮੰਨਿਆ ਜਾਂਦਾ ਸੀ। ਪਤਾ ਨਹੀਂ ਲੱਗ ਰਿਹਾ, ਗੁਰੂਆਂ ਪੀਰਾਂ ਦੀ ਵਰਸਾਈ ਧਰਤੀ ਉੱਤੇ ਅਸ਼ਲੀਲਤਾ ਕਿਹੜੀ ਸਾਜ਼ਿਸ਼ ਦੇ ਅਧੀਨ ਪਰੋਸੀ ਜਾ ਰਹੀ ਹੈ।

ਸਮਾਰਟ ਫੋਨ ਅਤੇ ਸੋਸ਼ਲ ਮੀਡੀਆ ਮੈਨੂੰ ਅੱਥਰੇ ਘੋੜੇ ਦੀ ਤਰ੍ਹਾਂ ਜਾਪ ਰਹੇ ਹਨ। ਘੋੜੇ ਨੂੰ ਕਾਬੂ ਕਰਨ ਲਈ ਲਗਾਮ ਹੋਣੀ ਬਹੁਤ ਜ਼ਰੂਰੀ ਹੈ। ਜੇਕਰ ਘੋੜੇ ਦੇ ਲਗਾਮ ਨਹੀਂ ਤਾਂ ਉਹ ਬੇਕਾਬੂ ਹੋ ਕੇ ਸਵਾਰ ਨੂੰ ਮੂਧੇ-ਮੂੰਹ ਹੇਠਾਂ ਸੁੱਟੇਗਾ ਅਤੇ ਦੁਲੱਤੇ ਮਾਰੇਗਾ, ਜਿਹੜੇ ਸਾਨੂੰ ਸਾਹਮਣੇ ਸਪਸ਼ਟ ਨਜ਼ਰ ਆ ਰਹੇ ਹਨ। ਅੱਜ ਇਸ ਅੱਥਰੇ ਘੋੜੇ ਨੂੰ ਸਰਕਾਰ ਵੱਲੋਂ ਲਗਾਮ ਪਾਉਣੀ ਬਹੁਤ ਜ਼ਰੂਰੀ ਹੈ। ਇਹ ਪ੍ਰਕਿਰਿਆ ਕੇਂਦਰ ਸਰਕਾਰ ਤੋਂ ਬਾਹਰ ਨਹੀਂ। ਬਹੁਤ ਸਾਰੇ ਲੋਕ ਅੱਜ ਫੋਕੀ ਸ਼ੋਹਰਤ ਅਤੇ ਪੈਸਾ ਕਮਾਉਣ ਲਈ ਪੇਸ਼ ਕੀਤੀ ਜਾਣ ਵਾਲੀ ਸਮਗਰੀ ਨੂੰ ਅਸ਼ਲੀਲ ਰੰਗਤ ਦੇ ਕੇ ਪੇਸ਼ ਕਰਦੇ ਹਨ। ਅਜਿਹੇ ਵਰਤਾਰੇ ’ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਬਚਪਨ ਅਤੇ ਜਵਾਨੀ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਸਾਡਾ ਭਵਿੱਖ ਛੁਪਿਆ ਹੋਇਆ ਹੈ। ਜਿਹੜੀ ਧਰਤੀ ਦੇ ਉੱਤੇ ਵੇਦ ਰਚੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਪਾਵਨ ਗ੍ਰੰਥ ਰਚਿਆ ਗਿਆ ਹੋਵੇ, ਜਿੱਥੇ ਤੇਤੀ ਕਰੋੜ ਦੇਵੀ ਦੇਵਤਿਆਂ ਦੀ ਗੱਲ ਹੁੰਦੀ ਹੋਵੇ, ਹਰ ਕੋਈ ਧਾਰਮਿਕ ਰਹੁ ਰੀਤਾਂ ਦੇ ਅਨੁਸਾਰ ਆਪਣਾ ਜੀਵਨ ਬਸਰ ਕਰ ਰਿਹਾ ਹੋਵੇ, ਉਸ ਧਰਤੀ ਉੱਤੇ ਅਸ਼ਲੀਲਤਾ ਪਰੋਸੀ ਜਾਵੇ - ਇਸ ਤੋਂ ਘਾਤਕ ਗੱਲ ਕੋਈ ਹੋ ਨਹੀਂ ਸਕਦੀ। ਮਾਤਾ ਪਿਤਾ ਬੱਚਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਰੁਕਣਾ, ਨਾ ਰੁਕਣਾ ਬੱਚਿਆਂ ’ਤੇ ਨਿਰਭਰ ਕਰਦਾ ਹੈ। ਅਸ਼ਲੀਲਤਾ ਉੱਤੇ ਪਾਬੰਦੀਆਂ ਲਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਕੰਪਨੀਆਂ ਨੂੰ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਬਾਕੀ ਅਜਿਹੇ ਵਰਤਾਰੇ ਦਾ ਰੱਬ ਹੀ ਰਾਖਾ ਹੈ।

ਅਜਿਹੇ ਹਾਲਾਤ ’ਤੇ ਮੇਰੇ ਪੰਜਾਬੀ ਦੀ ਮਕਬੂਲ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦਾ ਸ਼ੇਅਰ ਯਾਦ ਆ ਗਿਆ ਹੈ,

ਜ਼ਹਿਰ ਮਿਲਤਾ ਰਹਾ, ਜ਼ਹਿਰ ਪੀਤੇ ਰਹੇ,
ਰੋਜ਼ ਮਰਤੇ ਰਹੇ, ਰੋਜ਼ ਜੀਤੇ ਰਹੇ
ਜ਼ਿੰਦਗੀ ਹਮੇ ਅਜ਼ਮਾਤੀ ਰਹੀ,
ਹਮ ਜ਼ਿੰਦਗੀ ਕੋ ਅਜ਼ਮਾਤੇ ਰਹੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)

More articles from this author