“ਬਲਜੀਤ ਵਰਗੇ ਚੰਗੇ ਵਿਦਿਆਰਥੀ ਵੀ ਚੰਗੀ ਕਿਸਮਤ ਨਾਲ ਹੀ ...”
(5 ਮਾਰਚ 2026)
ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਅਤੇ ਪ੍ਰੇਮ ਪਿਆਰ ਵਾਲਾ ਹੁੰਦਾ ਹੈ। ਕਈ ਵਿਦਿਆਰਥੀ ਅਧਿਆਪਕ ਦੇ ਦਿਲ ਦੇ ਇੰਨੇ ਨਜ਼ਦੀਕ ਹੋ ਜਾਂਦੇ ਹਨ ਕਿ ਉਹ ਸਦਾ ਯਾਦ ਰਹਿੰਦੇ ਹਨ। ਅਧਿਆਪਕ ਨੂੰ ਦੋ ਤਰ੍ਹਾਂ ਦੇ ਵਿਦਿਆਰਥੀ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲਦੇ। ਪਹਿਲੇ, ਜੋ ਪੜ੍ਹਾਈ ਦੇ ਵਿੱਚ ਪੂਰੇ ਹੁਸ਼ਿਆਰ ਹੁੰਦੇ ਹਨ ਅਤੇ ਦੂਜੇ, ਜੋ ਸਕੂਲ ਵਿੱਚ ਸਿਰੇ ਦੇ ਸ਼ਰਾਰਤੀ ਹੁੰਦੇ ਹਨ। ਅਧਿਆਪਕ ਮਾਪਿਆਂ ਦੀ ਤਰ੍ਹਾਂ ਪਿਆਰ ਸਾਰੇ ਹੀ ਵਿਦਿਆਰਥੀਆਂ ਨੂੰ ਕਰਦੇ ਹਨ ਪਰ ਕਈ ਵਿਦਿਆਰਥੀ ਅਧਿਆਪਕ ਦੇ ਦਿਲ ਵਿੱਚ ਅਜਿਹੀ ਥਾਂ ਬਣਾ ਲੈਂਦੇ ਹਨ ਕਿ ਸੱਚਮੁੱਚ ਧੀਆਂ ਪੁੱਤਰਾਂ ਵਾਂਗ ਹੀ ਜਾਪਣ ਲਗ ਜਾਂਦੇ ਹਨ। ਮੇਰਾ ਅਜਿਹਾ ਹੀ ਇੱਕ ਪਿਆਰਾ ਵਿਦਿਆਰਥੀ ਬਲਜੀਤ ਸ਼ਰਮਾ ਜਦੋਂ ਮੇਰੇ ਕੋਲ ਗਿਆਰ੍ਹਵੀਂ ਜਮਾਤ ਵਿੱਚ ਦਾਖਲ ਹੋਇਆ ਤਾਂ ਉਸਦੇ ਚਿਹਰੇ ਉੱਤੇ ਮਾਸੂਮੀਅਤ ਸਾਫ ਝਲਕਦੀ ਸੀ। ਜਦੋਂ ਮੈਂ ਹਾਜ਼ਰੀ ਰਜਿਸਟਰ ਉੱਤੇ ਵਿਦਿਆਰਥੀਆਂ ਦੀ ਹਾਜ਼ਰੀ ਲਾਉਂਦਾ ਤਾਂ ਬਲਜੀਤ ਸ਼ਰਮਾ, ਜਿਸਦੇ ਪਿਤਾ ਦਾ ਨਾਂ ਸ੍ਰੀ ਚੋਖਾ ਰਾਮ ਸੀ, ਉਸ ਨਾਲ ਮੇਰਾ ਵੱਖਰਾ ਹੀ ਲਗਾਓ ਹੋ ਗਿਆ। ਮੈਨੂੰ ਜਾਪਣ ਲੱਗਾ ਕਿ ਇਹ ਵਿਦਿਆਰਥੀ ਜ਼ਿੰਦਗੀ ਵਿੱਚ ਆਪਣੇ ਪਿਤਾ ਦੇ ਨਾਂ ਵਾਂਗ ਕੋਈ ਚੋਖਾ ਕਾਰਜ ਵੀ ਕਰੇਗਾ। ਉਹ ਪੜ੍ਹਨ ਵਿੱਚ ਪੂਰਾ ਮਿਹਨਤੀ, ਅਨੁਸ਼ਾਸਨ ਦਾ ਪੱਕਾ, ਮਿੱਠੀ ਬੋਲੀ, ਹਰ ਸਮੇਂ ਸਕੂਲ ਦੇ ਨਿੱਕੇ ਮੋਟੇ ਕੰਮਾਂ ਲਈ ਤਿਆਰ ਬਰ ਤਿਆਰ ਰਹਿੰਦਾ। ਉਹ ਮੈਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਹਰ ਸਮੇਂ ਕੁਝ ਨਾ ਕੁਝ ਪੁੱਛਦਾ ਰਹਿੰਦਾ। ਉਹ ਮੇਰਾ ਬਹੁਤ ਨਜ਼ਦੀਕੀ ਵਿਦਿਆਰਥੀ ਹੋਣ ਕਾਰਨ ਕਈ ਅਧਿਆਪਕ ਮੈਨੂੰ ਸਲਾਹ ਦਿੰਦੇ, ਹਰਸੰਤ ਸਿੰਘ ਜੀ ਵਿਦਿਆਰਥੀਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਤੁਹਾਡੀ ਨਵੀਂ ਸਰਵਿਸ ਹੈ, ਇਹ ਸਿਰ ਚੜ੍ਹ ਜਾਂਦੇ ਹਨ। ਮੈਨੂੰ ਮੇਰੇ ਸਾਥੀਆਂ ਦੀ ਰਾਇ ਕੋਈ ਬਹੁਤੀ ਵਧੀਆ ਨਾ ਲਗਦੀ। ਕਈ ਵਾਰ ਮੈਂ ਉਹਨਾਂ ਨੂੰ ਕਹਿ ਵੀ ਦਿੰਦਾ ਕਿ ਅਜਿਹੇ ਬੱਚੇ ਸਿਰ ਚੜ੍ਹਨ ਵਾਲੇ ਨਹੀਂ, ਅਧਿਆਪਕ ਦਾ ਸਿਰ ਮਾਣ ਨਾਲ ਉੱਚਾ ਕਰਨ ਵਾਲੇ ਹੁੰਦੇ ਹਨ।
ਸੱਚਮੁੱਚ ਮੇਰੇ ਪਿਆਰੇ ਵਿਦਿਆਰਥੀ ਬਲਜੀਤ ਨੇ ਮੇਰਾ ਸਿਰ ਮਾਣ ਨਾ ਲ ਉੱਚਾ ਕੀਤਾ ਹੈ। ਕਦੇ ਭਾਸ਼ਾ ਵਿਭਾਗ ਦੇ ਮੁਕਾਬਲਿਆਂ ਦੇ ਵਿੱਚ ਪੁਜ਼ੀਸ਼ਨਾਂ ਪ੍ਰਾਪਤ ਕਰਦਾ, ਕਬੱਡੀ ਟੂਰਨਾਮੈਂਟਾਂ ਦੀ ਕੁਮੈਂਟਰੀ ਵਿੱਚ ਵਿਹਲੇ ਸਮੇਂ ਹੱਥ ਅਜ਼ਮਾਈ ਕਰਦਾ। ਪਰ ਮੈਂ ਬਲਜੀਤ ਨੂੰ ਸਲਾਹ ਦਿੰਦਾ, ਬੇਟਾ ਪੜ੍ਹਾਈ ਨੂੰ ਸਭ ਤੋਂ ਪਹਿਲ ਦੇ, ਇਹ ਤੇਰੇ ਲਈ ਆਕਸੀਜਨ ਅਤੇ ਪਾਣੀ ਦੇ ਵਾਂਗ ਹੈ। ਰੋਟੀ ਤੋਂ ਬਿਨਾਂ ਬੰਦਾ ਕੁਝ ਸਮਾਂ ਜਿਊਂਦਾ ਰਹਿ ਸਕਦਾ ਹੈ ਪਰ ਪਾਣੀ ਅਤੇ ਸਾਹ ਤਾਂ ਸਾਡੀ ਜ਼ਿੰਦਗੀ ਹੈ। ਬਲਜੀਤ ਮੇਰੇ ਹਰੇਕ ਵਿਚਾਰ ਨੂੰ ਸਿਰ ਮੱਥੇ ਮੰਨਦਾ। ਉਸਨੇ ਬਾਰ੍ਹਵੀਂ ਦੀ ਪੜ੍ਹਾਈ ਵਿੱਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਕੇ ਪੰਜਾਬੀ ਯੂਨੀਵਰਸਿਟੀ ਦੇ ਕਾਲਜ ਮੂਨਕ ਵਿਖੇ ਗ੍ਰੈਜੂਏਸ਼ਨ ਵਿੱਚ ਦਾਖਲਾ ਲੈ ਲਿਆ। ਉੱਥੇ ਵੀ ਉਹ ਪਹਿਲੀ ਕਤਾਰ ਦਾ ਵਿਦਿਆਰਥੀ ਰਿਹਾ। ਮੇਰੇ ਜਾਣ ਪਛਾਣ ਵਾਲੇ ਅਧਿਆਪਕ ਮੈਨੂੰ ਖਬਰਸਾਰ ਦਿੰਦੇ ਰਹਿੰਦੇ ਕਿ ਤੇਰਾ ਬਲਜੀਤ ਬਹੁਤ ਵਧੀਆ ਵਿਦਿਆਰਥੀ ਹੈ। ਸਾਰੇ ਪ੍ਰੋਫੈਸਰ ਉਸ ਨੂੰ ਬਹੁਤ ਪਿਆਰ ਕਰਦੇ। ਉਹ ਗ੍ਰੈਜੂਏਸ਼ਨ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਇਆ, ਸਕਾਲਰਸ਼ਿੱਪ ਪ੍ਰਾਪਤ ਕੀਤੀ। ਉਚੇਰੀ ਸਿੱਖਿਆ ਲਈ ਪੰਜਾਬੀ ਯੂਨੀਵਰਸਿਟੀ ਵਿੱਚ ਪਬਲਿਕ ਐਡਮਨਿਸਟਰੇਸ਼ਨ ਵਿੱਚ ਜਾ ਦਾਖਲਾ ਲਿਆ। ਉਸਦੇ ਮਨ ਦਾ ਸੁਪਨਾ ਸਿਵਲ ਸਰਵਿਸ ਅਤੇ ਕੋਈ ਹੋਰ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਕੇ ਚੰਗੇ ਰੁਤਬੇ ’ਤੇ ਪਹੁੰਚਣ ਦਾ ਸੀ ਪਰ ਆਪਣੀ ਰਾਇ ਅਨੁਸਾਰ ਮੈਂ ਕਿਹਾ, ਬੇਟਾ ਬਲਜੀਤ, ਕੰਪੀਟੀਸ਼ਨ ਲਈ ਤਿਆਰੀ ਕਰਨ ਲਈ ਤੇਰੇ ਕੋਲ ਬਹੁਤ ਸਮਾਂ ਹੈ। ਇਹ ਤਿਆਰੀ ਵੀ ਕਰ ਪਰ ਪਹਿਲਾਂ ਆਪਣਾ ਭਵਿੱਖ ਸੁਰੱਖਿਅਤ ਕਰ। ਤਦ ਹੀ ਉਸਨੇ ਬੀਐੱਡ ਕੀਤੀ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲੜਨ ਕਾਰਨ ਟੈੱਟ ਦੀ ਪ੍ਰੀਖਿਆ ਬੜੇ ਸੌਖੇ ਤਰੀਕੇ ਨਾਲ ਚੰਗੇ ਨੰਬਰ ਲੈ ਕੇ ਪਾਸ ਕਰ ਲਈ। ਰਾਜਨੀਤੀ ਵਿਗਿਆਨ ਵਿਸ਼ੇ ਵਿੱਚ ਉਸਨੇ ਮਾਸਟਰ ਡਿਗਰੀ ਵੀ ਪ੍ਰਾਪਤ ਕਰ ਲਈ। ਮੈਂ ਅਰਦਾਸ ਕਰਦਾ ਕਿ ਕਦੋਂ ਮੇਰਾ ਪਿਆਰਾ ਵਿਦਿਆਰਥੀ ਮੈਨੂੰ ਇਹ ਖਬਰ ਦੇਵੇ ਕਿ ਸਰ ਮੈਨੂੰ ਨੌਕਰੀ ਮਿਲ ਗਈ ਹੈ। ਬੇਰੁਜ਼ਗਾਰੀ ਇੱਕ ਅਜਿਹਾ ਦੌਰ ਹੈ ਜੋ ਤਕਰੀਬਨ ਹਰ ਵਿਦਿਆਰਥੀ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ। ਜਿਹੜੇ ਵਿਅਕਤੀ ਅਜਿਹੇ ਸਮੇਂ ਵਿਦਿਆਰਥੀ ਨੂੰ ਹੌਸਲਾ ਦਿੰਦੇ ਹਨ ਕਿ ਕੋਈ ਗੱਲ ਨਹੀਂ ਸਫਲਤਾ ਤੈਨੂੰ ਜ਼ਰੂਰ ਮਿਲੇਗੀ, ਉਹ ਮਨ ਨੂੰ ਚੰਗੇ ਵੀ ਲਗਦੇ ਹਨ ਪਰ ਕਈ ਨਿਰਾਸ਼ਾਵਾਦੀ ਵਿਦਿਆਰਥੀਆਂ ਦਾ ਮਨ ਤੋੜਨ ਵਾਲੀਆਂ ਗੱਲਾਂ ਕਰਦੇ ਹਨ। ਕਹਿਣਗੇ, ਬੇਰੁਜ਼ਗਾਰੀ ਦਾ ਦੌਰ ਹੈ, ਕੌਣ ਪੁੱਛਦਾ ਪੜ੍ਹਾਈ ਨੂੰ? ਚੰਗਾ ਸੀ ਦਸਵੀਂ ਬਾਰ੍ਹਵੀਂ ਤੋਂ ਬਾਅਦ ਹੱਥੀਂ ਕੰਮ ਸਿੱਖ ਲੈਂਦਾ। ਜਨਰਲ ਕੈਟਾਗਰੀ ਦੇ ਲੋਕਾਂ ਨੂੰ ਨੌਕਰੀ ਕਿੱਥੇ ਧਰੀ ਪਈ ਹੈ। ਮੈਂ ਬਲਜੀਤ ਨੂੰ ਹੌਸਲਾ ਦਿੰਦਾ ਕਿ ਬੇਟਾ ਪਰਮਾਤਮਾ ਤੈਨੂੰ ਜ਼ਰੂਰ ਸਫਲਤਾ ਬਖਸ਼ੇਗਾ, ਫਿਕਰ ਨਹੀਂ ਕਰਨਾ।
ਪਰਮਾਤਮਾ ਦੀ ਅਪਾਰ ਕਿਰਪਾ ਸਦਕਾ ਉਹ ਭਾਗਾਂ ਭਰਿਆ ਦਿਨ ਆ ਗਿਆ, ਜਿਸਦੀ ਮੈਂ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਬਲਜੀਤ ਨੇ ਬਤੌਰ ਪੰਜਾਬੀ ਅਧਿਆਪਕ ਆਰਡਰ ਲੈਣ ਸਬੰਧੀ ਫੋਨ ਉੱਤੇ ਮੈਨੂੰ ਫੋਟੋ ਭੇਜੀ ਅਤੇ ਕਿਹਾ ਕਿ ਸਰ, ਮੈਨੂੰ ਅਧਿਆਪਕ ਦੀ ਨੌਕਰੀ ਮਿਲ ਗਈ ਹੈ। ਮੈਂ ਕਿਹਾ, ਬਲਜੀਤ ਮੈਨੂੰ ਅਥਾਹ ਖੁਸ਼ੀ ਹੈ। ਮੈਨੂੰ ਤੇਰੇ ਮੁਢਲੇ ਦਿਨਾਂ ਤੋਂ ਹੀ ਯਕੀਨ ਸੀ ਕਿ ਮੇਰਾ ਪਿਆਰਾ ਬੱਚਾ ਜ਼ਰੂਰ ਜ਼ਿੰਦਗੀ ਵਿੱਚ ਮੇਰਾ ਅਤੇ ਮੇਰੇ ਸੀਨੀਅਰ ਸੈਕੰਡਰੀ ਸਕੂਲ ਰਾਏਧਰਾਣਾ-ਸਾਦੀਹਰੀ (ਸੰਗਰੂਰ) ਦਾ ਨਾਂ ਰੌਸ਼ਨ ਕਰੇਗਾ। ਪਿਆਰੇ ਬੱਚੇ, ਤੈਨੂੰ ਬਹੁਤ ਬਹੁਤ ਮੁਬਾਰਕਾਂ! ਪਰ ਤੇਰੀ ਮੰਜ਼ਿਲ ਇਹ ਨਹੀਂ, ਤੂੰ ਜ਼ਿੰਦਗੀ ਵਿੱਚ ਹੋਰ ਅੱਗੇ ਵੱਧ, ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਤੇਰੇ ਨਾਲ ਹਨ।
ਅੱਜ ਬਲਜੀਤ, ਮੇਰਾ ਪਿਆਰਾ ਵਿਦਿਆਰਥੀ, ਛੋਟਾ ਭਰਾ, ਬੱਚਾ ਅਤੇ ਬਹੁਤ ਹੀ ਦਿਲ ਦੇ ਨਜ਼ਦੀਕੀ ਇੱਕ ਪੱਕਾ ਮਿੱਤਰ ਵੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਚੰਗੇ ਅਧਿਆਪਕ ਚੰਗੀ ਕਿਸਮਤ ਨਾਲ ਮਿਲਦੇ ਹਨ, ਮੈਂ ਕਹਾਂਗਾ ਕਿ ਬਲਜੀਤ ਵਰਗੇ ਚੰਗੇ ਵਿਦਿਆਰਥੀ ਵੀ ਚੰਗੀ ਕਿਸਮਤ ਨਾਲ ਹੀ ਅਧਿਆਪਕਾਂ ਨੂੰ ਨਸੀਬ ਹੁੰਦੇ ਹਨ। ਕਾਸ਼! ਸਾਰੇ ਹੀ ਵਿਦਿਆਰਥੀ ਬਲਜੀਤ ਵਰਗੇ ਆਗਿਆਕਾਰ ਹੋਣ। ਪਰਮਾਤਮਾ ਮੇਰੇ ਹੋਣਹਾਰ ਵਿਦਿਆਰਥੀ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ।
ਅੰਤ ਵਿੱਚ ਪੰਜਾਬੀ ਦੇ ਬਹੁਤ ਹੀ ਮਕਬੂਲ ਸ਼ਾਇਰ ਗੁਰਤੇਜ ਕੁਹਾਰ ਵਾਲੇ ਦਾ ਲਿਖਿਆ ਸ਼ੇਅਰ ਚੇਤੇ ਆ ਗਿਆ ਹੈ:
ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ,
ਮਿਲੇ ਕਿਤੇ ਕੁਝ ਗਹਿਰਾ ਲਿਖਿਆ, ਤਾਂ ਵਰਕਾ ਮੋੜ ਲੈਂਦਾ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (