“ਉਸਨੇ ਦਿਲ ਵਿੱਚ ਬਹੁਤ ਹੀ ਚਾਅ ਅਤੇ ਅਰਮਾਨ ਲੈ ਕੇ ਆਪਣੇ ਬੱਚਿਆਂ ਦੇ ਉੱਜਲ ਭਵਿੱਖ ...”
(12 ਅਪਰੈਲ 2026)
ਪਿਛਲੇ ਦੋ ਦਹਾਕਿਆਂ ਤੋਂ ਟਰੈਫਿਕ ਦੇ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਹਰ ਘਰ ਦੇ ਵਿੱਚ ਕਾਰ ਅਤੇ ਮੋਟਰ ਸਾਈਕਲ ਉਪਲਬਧ ਹੈ। ਕਈ ਘਰਾਂ ਵਿੱਚ ਤਾਂ ਜਿੰਨੇ ਮੈਂਬਰ ਉੰਨੀਆਂ ਹੀ ਕਾਰਾਂ ਹਨ। ਅੱਜ ਮੋਟਰਸਾਈਕਲਾਂ ਅਤੇ ਸਕੂਟਰਾਂ ਦੀ ਗਿਣਤੀ ਤਾਂ ਹੱਦਾਂ ਬੰਨੇ ਟੱਪ ਗਈ ਹੈ। ਕਾਫੀ ਲੰਬਾ ਸਮਾਂ ਪਹਿਲਾਂ ਦਿੱਲੀ ਦੇ ਅੰਕੜੇ ਜਾਰੀ ਹੋਏ ਸਨ ਕਿ ਇੱਕ ਦਿਨ ਵਿੱਚ ਚੌਦਾ ਹਜ਼ਾਰ ਵਾਹਨ ਰਜਿਸਟਰ ਹੋ ਰਹੇ ਹਨ। ਪੰਜਾਬ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਤਿਉਹਾਰਾਂ ਦੇ ਦਿਨਾਂ ਦੇ ਵਿੱਚ ਤਾਂ ਵਾਹਨ ਅੰਧਾਧੁੰਦ ਖਰੀਦੇ ਜਾਂਦੇ ਹਨ। ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਵਿੱਚ ਕਾਰ ਮੋਬਾਇਲ ਅਤੇ ਮੋਟਰਸਾਈਕਲ ਜ਼ਿੰਦਗੀ ਦੇ ਜ਼ਰੂਰੀ ਅੰਗ ਬਣ ਚੁੱਕੇ ਹਨ। ਪਿਛਲੇ ਸਮਿਆਂ ਦੀ ਯਾਦ ਚੇਤੇ ਹੈ ਕਿ ਸਾਡੇ ਸੱਤ ਪਿੰਡਾਂ ਵਿੱਚ ਇੱਕ ਮਰੂਤੀ ਕਾਰ ਹੁੰਦੀ ਸੀ, ਜਿਸਦਾ ਮਾਲਕ ਸਾਡੇ ਕੌਹਰੀਆਂ ਪਿੰਡ ਦੇ ਮੈਡੀਕਲ ਸਟੋਰ ਦਾ ਮਾਲਕ ਕੌਰ ਸੈਨ ਹੁੰਦਾ ਸੀ। ਐਮਰਜੈਂਸੀ ਸੇਵਾਵਾਂ ਲਈ ਲੋਕ ਉਸਦੀ ਕਾਰ ਕਿਰਾਏ ਤੇ ਲੈ ਕੇ ਜਾਂਦੇ ਸਨ। ਆਮ ਤਾਂ ਲੋਕ ਆਪਣੇ ਟਰੈਕਟਰਾਂ ਟਰਾਲੀਆਂ ਦੇ ਵਿੱਚ ਹੀ ਵਿਆਹ ਸ਼ਾਦੀਆਂ, ਗਮੀ ਖੁਸ਼ੀ ਦੇ ਭੋਗਾਂ ’ਤੇ ਜਾਂਦੇ ਸਨ। ਆਉਣ ਜਾਣ ਦਾ ਮੁੱਖ ਸਾਧਨ ਬੱਸਾਂ ਹੁੰਦੀਆਂ ਸਨ। ਸਮਾਂ ਬਦਲਿਆ ਆਵਾਜਾਈ ਵਿੱਚ ਅਥਾਹ ਵਾਧਾ ਹੋਇਆ। ਲੋੜ ਪੂਰੀ ਕਰਨ ਲਈ ਅਨਕੂਲ ਸੜਕਾਂ ਬਣਾਉਣ ਵਿੱਚ ਸਾਡਾ ਸਿਸਟਮ ਫੇਲ ਹੁੰਦਾ ਨਜ਼ਰ ਆ ਰਿਹਾ ਹੈ, ਜਿਸਦੇ ਸਿੱਟੇ ਵਜੋਂ ਸੜਕ ਹਾਦਸਿਆਂ ਦੀ ਗਿਣਤੀ ਹੱਦਾਂ ਬੰਨੇ ਟੱਪਦੀ ਜਾ ਰਹੀ ਹੈ।
ਸਵੇਰ ਦੇ ਸਮੇਂ ਤੋਂ ਹੀ ਟਰੈਫਿਕ ਕੀੜੀਆਂ ਦੇ ਭੌਣ ਵਾਂਗ ਸੜਕ ’ਤੇ ਨਜ਼ਰ ਆਉਂਦੀ ਹੈ। ਹਰ ਪਾਸੇ ਜਾਮ, ਗੱਡੀਆਂ ਦੇ ਕੰਨ ਪਾੜਵੇ ਹੌਰਨ, ਵਾਹਨਾਂ ਦੀਆਂ ਵੱਡੀਆਂ ਵੱਡੀਆਂ ਕਤਾਰਾਂ, ਸੜਕਾਂ ਨੂੰ ਸਾਹ ਨਹੀਂ ਲੈਣ ਦਿੰਦੀਆਂ। ਸਵੇਰ ਤੋਂ ਲੈ ਕੇ ਸ਼ਾਮ ਤਕ ਸੜਕਾਂ ਦੇ ਉੱਤੇ ਅਣਗਿਣਤ ਐਕਸੀਡੈਂਟ ਹੁੰਦੇ ਹਨ। ਇਨ੍ਹਾਂ ਭਿਆਨਕ ਐਕਸੀਡੈਂਟਾਂ ਵਿੱਚ ਬਹੁਤ ਸਾਰੇ ਲੋਕ ਸਰੀਰ ਤੋਂ ਨਕਾਰਾ ਹੋ ਜਾਂਦੇ ਹਨ ਅਤੇ ਬਹੁਤ ਸਾਰੇ ਆਪਣੀਆਂ ਕੀਮਤੀ ਜਾਨਾਂ ਗਵਾ ਦਿੰਦੇ ਹਨ। ਪਰ ਸਾਡਾ ਟਰੈਫਿਕ ਸਿਸਟਮ ਪੰਜਾਬੀ ਦੇ ਉੱਘੇ ਕਹਾਣੀਕਾਰ ਮੋਹਨ ਭੰਡਾਰੀ ਦੀ ਕਹਾਣੀ ‘“ਬਾਕੀ ਸਭ ਸੁੱਖ ਸਾਂਦ ਹੈ” ਵਾਂਗ ਨਿਰੰਤਰ ਆਮ ਵਾਂਗ ਚਲਦਾ ਹੈ।
ਸਵੇਰ ਸਮੇਂ ਲੋਕ ਘਰ ਤੋਂ ਕੰਮ ਲਈ ਤਿਆਰ ਬਰ ਤਿਆਰ ਹੋ ਕੇ ਜਾਂਦੇ ਹਨ, ਪਰ ਮੁੜਨਾ ਕਿਸ ਰੂਪ ਦੇ ਵਿੱਚ ਹੈ, ਇਹ ਰੱਬ ਦੀ ਰਜ਼ਾ ਹੈ। ਲੋਕ ਸਿਰਾਂ ’ਤੇ ਕੱਫਣ ਬੰਨ੍ਹ ਕੇ ਇਨ੍ਹਾਂ ਖੂਨੀ ਸੜਕਾਂ ਉੱਤੇ ਉੱਤਰਦੇ ਹਨ। ਧਨ ਹਨ ਟਰੱਕ ਡਰਾਈਵਰ, ਜਿਹੜੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਨ੍ਹਾਂ ਲੋਕ ਮਾਰੂ ਸੜਕਾਂ ਉੱਤੇ ਹੀ ਕੱਢ ਦਿੰਦੇ ਹਨ। ਮੈਨੂੰ ਯਾਦ ਹੈ ਕਿ ਮੇਰੇ ਨਗਰ ਦੇ ਨੌਜਵਾਨ ਰਾਜ ਸਿੰਘ, ਜੋ ਕਿ ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਨਾਲ ਸਬੰਧ ਰੱਖਦਾ ਸੀ, ਬਹੁਤ ਨਰਮ ਸੁਭਾਅ ਦਾ ਸੀ। ਉਸਨੇ ਦਿਲ ਵਿੱਚ ਬਹੁਤ ਹੀ ਚਾਅ ਅਤੇ ਅਰਮਾਨ ਲੈ ਕੇ ਆਪਣੇ ਬੱਚਿਆਂ ਦੇ ਉੱਜਲ ਭਵਿੱਖ ਲਈ ਟਰੱਕ ਦੀ ਤਾਕੀ ਨੂੰ ਹੱਥ ਪਾਇਆ, ਪਰ ਪਰਮਾਤਮਾ ਦਾ ਭਾਣਾ, ਥੋੜ੍ਹੇ ਹੀ ਦਿਨਾਂ ਬਾਅਦ ਇੱਕ ਭਿਆਨਕ ਐਕਸੀਡੈਂਟ ਤੋਂ ਬਾਅਦ ਲਾਸ ਦੇ ਰੂਪ ਦੇ ਵਿੱਚ ਘਰ ਆਇਆ। ਪੂਰੇ ਪਿੰਡ ਨੇ ਅਫਸੋਸ ਮਨਾਇਆ। ਉਸਦੀ ਜੀਵਨ ਸਾਥਣ ਨੇ ਅਜੇ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣਾ ਸੀ ਕਿ ਉਦੀਆਂ ਸੁਹਾਗ ਦੀਆਂ ਚੂੜੀਆਂ ਟੁੱਟ ਗਈਆਂ। ਸੁਪਨੇ ਚਕਨਾ ਚੂਰ ਹੋ ਗਏ। ਇਹ ਇੱਕ ਰਾਜ ਸਿੰਘ ਨਹੀਂ, ਪਤਾ ਨਹੀਂ ਕਿੰਨੇ ਰਾਜ ਸਿੰਘ ਵਰਗੇ ਨੌਜਵਾਨ ਇਸ ਮਾੜੇ ਸੜਕੀ ਸਿਸਟਮ ਦੀ ਭੇਟ ਚੜ੍ਹਦੇ ਹਨ। ਹਰ ਵਿਅਕਤੀ ਗੱਡੀ ਚਲਾਉਣ ਤੋਂ ਪਹਿਲਾਂ ਸਟੇਰਿੰਗ ’ਤੇ ਬਹਿ ਕੇ ਪਰਮਾਤਮਾ ਦਾ ਨਾਂ ਲੈਂਦਾ ਹੈ। ਹਮੇਸ਼ਾ ਅੱਗੇ ਵਾਲਾ ਗੇਅਰ ਪਾਉਂਦਾ ਹੈ। ਪਰ ਕੀ ਪਤਾ ਹੁੰਦਾ ਹੈ ਕਿ ਉਹ ਮੌਤ ਦੀ ਹੋਣੀ ਤੁਹਾਡੇ ਗੱਲ ਵਿੱਚ ਪਾਏ ਰੱਸੇ ਨੂੰ ਪਿੱਛੇ ਵੱਲ ਖਿੱਚਣ ਦੇ ਲਈ ਬਜ਼ਿੱਦ ਹੈ। ਸੋਹਣੇ ਸੁਨੱਖੇ ਗੱਭਰੂ, ਜਿਨ੍ਹਾਂ ਨੇ ਭੈਣਾਂ ਦੇ ਹੱਥੋਂ ਸਿਰਾਂ ਦੇ ਉੱਤੇ ਸਿਹਰੇ ਸਜਾਉਣੇ ਹੁੰਦੇ ਹਨ, ਜਿਨ੍ਹਾਂ ਦੀ ਜੰਝ ਚੜ੍ਹਦੀ ਸਾਰੇ ਪਿੰਡ ਨੇ ਵੇਖਣੀ ਹੁੰਦੀ ਹੈ, ਚੰਦਰੀ ਮੌਤ ਸੜਕਾਂ ਉੱਤੇ ਉਹਨਾਂ ਦੇ ਜਨਾਜ਼ੇ ਤਿਆਰ ਕਰ ਰਹੀ ਹੁੰਦੀ ਹੈ।
ਪਿਛਲੇ ਸਮੇਂ ਤੋਂ ਟਰੈਫਿਕ ਦੇ ਵਾਧੇ ਅਨੁਸਾਰ ਸੜਕੀ ਸਿਸਟਮ ਉੰਨਾ ਅੱਪਗ੍ਰੇਡ ਨਹੀਂ ਹੋ ਸਕਿਆ। ਪ੍ਰਾਈਵੇਟ ਕੰਪਨੀਆਂ ਵੱਲੋਂ ਧੜਾਧੜ ਨਵੀਂਆਂ ਗੱਡੀਆਂ ਲਾਂਚ ਕੀਤੀਆਂ ਜਾ ਰਹੀਆਂ ਹਨ। ਡੀਜ਼ਲ, ਪੈਟਰੋਲ ਦਾ ਹੱਲ ਵੀ ਕੱਢ ਲਿਆ।ਤੁਸੀਂ ਗੱਡੀ ਖਰੀਦਣ ਵਾਲੇ ਬਣੋ, ਤੁਹਾਨੂੰ ਇਲੈਕਟਰਿਕ ਵਾਹਨ ਉਡੀਕ ਰਿਹਾ ਹੈ। ਥਾਂ ਥਾਂ ’ਤੇ ਪੈਟਰੋਲ ਪੰਪ ਲੱਗ ਰਹੇ ਹਨ। ਗੈਸ ਅਤੇ ਚਾਰਜਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਰ ਇਹ ਪੈਮਾਨਾ ਕੋਈ ਨਹੀਂ ਕਿ ਸਾਡੀਆਂ ਸੜਕਾਂ ’ਤੇ ਕਿੰਨੇ ਪ੍ਰਤੀਸ਼ਤ ਵਾਹਨ ਚੱਲਣ ਲਈ ਅਨਕੂਲ ਹਨ।
ਪੰਜਾਬ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਦਾ ਪ੍ਰਬੰਧ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ। ਸਰਕਾਰ ਦਾ ਉਪਰਾਲਾ ਹੈ ਕਿ ਜਿਹੜੇ ਐਕਸੀਡੈਂਟ ਹੁੰਦੇ ਹਨ, ਉਹਨਾਂ ਵਿੱਚਲੇ ਜਖਮੀਆਂ ਨੂੰ ਹਸਪਤਾਲਾਂ ਵਿੱਚ ਪਹੁੰਚਾਉਣ ਦਾ ਵੱਡਾ ਜ਼ਿੰਮਾ ਇਸ ਫੋਰਸ ਨੂੰ ਸੌਂਪਿਆ ਗਿਆ ਹੈ। ਕਹਿੰਦੇ ਹਨ ਕਿ ਬਹੁਤ ਹੀ ਆਧੁਨਿਕ ਔਜ਼ਾਰ ਵਗੈਰਾ ਇਸ ਫੋਰਸ ਨੂੰ ਦਿੱਤੇ ਹਨ ਕਿ ਗੱਡੀਆਂ ਦੀ ਕੱਟ ਵੱਢ ਕਰਕੇ ਐਕਸੀਡੈਂਟ ਤੋਂ ਪੀੜਿਤ ਵਿਅਕਤੀਆਂ ਨੂੰ ਬਾਹਰ ਕੱਢਿਆ ਜਾਵੇ ਅਤੇ ਹਸਪਤਾਲ ਪਹੁੰਚਾ ਕੇ ਕੀਮਤੀ ਜਾਨ ਬਚਾਈ ਜਾ ਸਕੇ।
ਅਫਸੋਸ ਦੀ ਗੱਲ ਕਿ ਸਾਡੇ ਮਹਾਨ ਦੇਸ਼ ਵਿੱਚ ਇਹ ਖੋਜ ਬਹੁਤ ਘੱਟ ਹੋ ਰਹੀ ਹੈ ਕਿ ਬਿਮਾਰੀਆਂ ਪੈਦਾ ਕਿਉਂ ਹੋ ਰਹੀਆਂ ਹਨ, ਇਨ੍ਹਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਸਬੰਧੀ, ਪਾਣੀ ਵਿੱਚ ਰਲ ਰਹੇ ਰਸਾਇਣਿਕ ਤੱਤਾਂ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਸਗੋਂ ਧੜਾਧੜ ਪੰਜ ਤਾਰਾ ਹੋਟਲ ਵਰਗੇ ਮਲਟੀਪਲ ਹਸਪਤਾਲ ਉਸਾਰੇ ਜਾ ਰਹੇ ਹਨ, ਕਿਉਂਕਿ ਪੂੰਜੀਪਤੀ ਸਿਸਟਮ ਨੇ ਆਪਣੇ ਮੁਨਾਫੇ ’ਤੇ ਧਿਆਨ ਦੇਣਾ ਹੈ। ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਕਿ ਸੜਕੀ ਹਾਦਸੇ ਕਿਉਂ ਹੁੰਦੇ ਹਨ? ਇਨ੍ਹਾਂ ਨੂੰ ਕਿਵੇਂ ਰੋਕਿਆ ਜਾਵੇ? ਟਰੈਫਿਕ ਨੂੰ ਘੱਟ ਕਰਨ ਦਾ ਕੋਈ ਯਤਨ ਨਹੀਂ ਕੀਤਾ ਜਾ ਰਿਹਾ। ਬਿਨਾਂ ਵਜਾਹ ਲੋਕ ਗੱਡੀਆਂ ਭਜਾਈ ਫਿਰਦੇ ਹਨ। ਅੱਲੜ੍ਹ ਉਮਰ ਦੀ ਨੌਜਵਾਨੀ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੀ ਸੜਕਾਂ ’ ਤੇ ਮੌਤ ਦੀ ਹੋਲੀ ਸਵੇਰ ਤੋਂ ਖੇਡਣੀ ਸ਼ੁਰੂ ਕਰ ਦਿੰਦੀ ਹੈ। ਸਾਡਾ ਸਿਸਟਮ ਸੜਕ ਹਾਦਸਿਆਂ ਵਿੱਚ ਹੁੰਦੀਆਂ ਮੌਤਾਂ ਦੀ ਗਿਣਤੀ ਕਰਨ ’ਤੇ ਲੱਗਿਆ ਹੋਇਆ ਹੈ। ਇਸ ਪਾਸੇ ਕੋਈ ਧਿਆਨ ਨਹੀਂ ਕਿ ਸੜਕੀ ਹਾਦਸਿਆਂ ਦੀ ਬਾਹਰਲੇ ਦੇਸ਼ਾਂ ਵਾਂਗ, ਖੋਜ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿ ਸੜਕ ਹਾਦਸੇ ਹੋਣ ਹੀ ਨਾ।
ਸਾਡਾ ਸੜਕੀ ਸਿਸਟਮ ਅਪਗ੍ਰੇਡ ਕਰਨ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ। ਜੇਕਰ ਸੜਕੀ ਸਿਸਟਮ ਅਪਗ੍ਰੇਡ ਕਰਨ ਵਿੱਚ ਸਰਕਾਰਾਂ ਨੂੰ ਵੱਡੀ ਦਿੱਕਤ ਹੈ ਤਾਂ ਨਵੀਂਆਂ ਗੱਡੀਆਂ ਲਾਂਚ ਕਰਨ ਦੀ ਰਫਤਾਰ ਘਟਾਈ ਜਾਵੇ। ਸੜਕਾਂ ਉੱਤੇ ਟਰੈਫਿਕ ਘੱਟ ਹੋਵੇ। ਜਿਵੇਂ ਦਿੱਲੀ ਵਿੱਚ ‘ਔਡ ਈਵਨ’ ਨੰਬਰ ਪਾਲਸੀ ਲਾਗੂ ਕੀਤੀ ਗਈ ਸੀ, ਕੋਈ ਅਜਿਹਾ ਸਿਸਟਮ ਬਣੇ। ਜੇਕਰ ਕਰੋਨਾ ਵਿੱਚ ਸੜਕਾਂ ਖਾਲੀ ਹੋ ਸਕਦੀਆਂ ਹਨ ਤਾਂ ਕੀਮਤੀ ਜਾਨਾਂ ਨੂੰ ਟਰੈਫਿਕ ਕੰਟਰੋਲ ਨਾਲ ਕਿਉਂ ਨਹੀਂ ਬਚਾਇਆ ਜਾ ਸਕਦਾ? ਅੱਜ ਜ਼ਰੂਰਤ ਟ੍ਰੈਫਿਕ ਦੇ ਚਲਾਨ ਕੱਟ ਕੇ ਖਜ਼ਾਨਾ ਭਰਨ ਨਾਲੋਂ, ਚੰਗੀਆਂ ਸਾਰਥਿਕ ਨੀਤੀਆਂ ਬਣਾਉਣ ਦੀ ਹੈ ਤਾਂ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਸਕਣ। ਸਵੇਰ ਤੋਂ ਉਡੀਕਣ ਵਾਲੇ, ਆਪਣੇ ਘਰ ਦੇ ਜੀਆਂ ਨੂੰ ਪਰਿਵਾਰ ਦਾ ਮੁਖੀ ਸ਼ਾਮੀ ਹੱਸ ਕੇ ਮਿਲੇ। ਇਹ ਨਾ ਹੋਵੇ ਕਿ ਘਰੋਂ ਸਵੇਰ ਦਾ ਗਿਆ ਬੰਦਾ ਸ਼ਾਮ ਨੂੰ ਲਾਸ਼ ਬਣ ਕੇ ਘਰ ਆਵੇ। ਅੱਜ ਆਮ ਜਨਤਾ ਨੂੰ ਵੀ ਆਪਣੇ ਨਿੱਜੀ ਵਾਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਦੇ ਹੋਏ ਜਨਤਕ ਬੱਸਾਂ, ਰੇਲ ਗੱਡੀਆਂ ਵਿੱਚ ਸਫਰ ਕਰਨ ਪ੍ਰਤੀ ਧਿਆਨ ਦੇਣ ਦੀ ਜ਼ਰੂਰਤ ਹੈ। ਕਦੇ ਘਰ ਨਾ ਪਰਤਣ ਨਾਲੋਂ ਲੇਟ ਪਰਤਣਾ ਚੰਗਾ ਹੈ। ਜ਼ਿੰਦਗੀ ਬਹੁਤ ਕੀਮਤੀ ਹੈ, ਪਰਮਾਤਮਾ ਦੀ ਦਿੱਤੀ ਦਾਤ ਹੈ। ਇਸ ਨੂੰ ਸਹਿਜ ਨਾਲ ਜੀਵੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































