HarsantSDhindsa7ਨਕਾਰਾਤਮਕ ਸੋਚ ਵਾਲੇ ਲੋਕ ਕਦੇ ਸੰਤੁਸ਼ਟ ਨਹੀਂ ਹੁੰਦੇ ਕਿਉਂਕਿ ਸੰਤੁਸ਼ਟੀ ...
(18 ਫਰਵਰੀ 2026)


ਇਨਸਾਨ ਦੀ ਜ਼ਿੰਦਗੀ ਉਸਦੀ ਸੋਚ ’ਤੇ ਆਧਾਰਿਤ ਹੁੰਦੀ ਹੈ। ਜਿਸ ਤਰ੍ਹਾਂ ਦਾ ਮਨੁੱਖ ਦਾ ਨਜ਼ਰੀਆ ਹੋਵੇਗਾ
, ਉਸ ਤਰ੍ਹਾਂ ਦੇ ਹੀ ਉਹ ਰਸਤੇ ਸਿਰਜੇਗਾ। ਕਈ ਮਨੁੱਖ ਬਹੁਤ ਥੋੜ੍ਹੇ ਨਾਲ ਵੀ ਸੰਤੁਸ਼ਟ ਹੁੰਦੇ ਹਨ, ਬਹੁਤੇ ਲੱਖਾਂ ਕਰੋੜਾਂ ਨਾਲ ਵੀ ਭੁੱਖ ਭੁੱਖ ਪੁਕਾਰਦੇ ਹਨ। ਇਹ ਮਨੁੱਖ ਦੀ ਸੋਚ ’ਤੇ ਅਧਾਰਿਤ ਹੈ। ਪੁਰਾਤਨ ਸਮਿਆਂ ਵਿੱਚ ਲੋਕਾਂ ਦੇ ਕੋਲ ਬਹੁਤ ਥੋੜ੍ਹੇ ਸਾਧਨ ਸਨ। ਕਿਸਾਨ ਦੀ ਖੇਤੀ ਮੌਸਮ ’ਤੇ ਅਧਾਰਤ ਸੀ। ਪਾਣੀ ਦੇ ਸਾਧਨ ਨਹੀਂ ਸਨ। ਮਣਾਂ ਦੇ ਰੂਪ ਦੇ ਵਿੱਚ ਅਨਾਜ ਪੈਦਾ ਹੁੰਦਾ। ਸਧਾਰਨ ਭਾਸ਼ਾ ਵਿੱਚ ਮਣ 40 ਸੇਰ (37.32 ਕਿਲੋ) ਦਾ ਹੁੰਦਾ। ਮਨੁੱਖ ਦੇ ਖਾਣ ਪੀਣ ਜੋਗਾ ਅਨਾਜ ਪੈਦਾ ਹੁੰਦਾ, ਬਲਦਾਂ ਨਾਲ ਖੇਤੀ ਹੁੰਦੀ। ਮੱਕੀ, ਬਾਜਰੇ, ਛੋਲੇ, ਸਰ੍ਹੋਂ, ਤਾਰਾਮੀਰਾ, ਤਿਲ, ਜਵਾਰ ਅਜਿਹੇ ਹੋਰ ਬਹੁਤ ਸਾਰੇ ਅਨਾਜ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਦੇ। ਕਿਸਾਨ ਦੁੱਧ ਲਈ ਗਾਈਆਂ ਮੱਝਾਂ ਰੱਖਦੇ। ਦੇਸੀ ਖੁਰਾਕਾਂ, ਅੰਮ੍ਰਿਤ ਵਰਗਾ ਪਾਣੀ ਅਤੇ ਦੁੱਧ ਪੀਂਦੇ। ਉਸ ਸਮੇਂ ਵੱਡੇ ਵਪਾਰੀ ਨਹੀਂ ਸਨ, ਛੋਟੇ ਛੋਟੇ ਸ਼ਾਹੂਕਾਰ ਸ਼ਹਿਰਾਂ ਅਤੇ ਪਿੰਡਾਂ ਵਿੱਚ ਆਪਣੀਆਂ ਹੱਟੀਆਂ ਕਰਦੇ ਸਨ, ਜਿੱਥੋਂ ਕਿਸਾਨ ਅਤੇ ਮਜ਼ਦੂਰ ਲੋੜੀਂਦਾ ਸਮਾਨ ਖਰੀਦਦੇ ਸਨ। ਕੋਈ ਸਮਾਂ ਸੀ ਕਿ ਕਿਸਾਨ ਸਿਰਫ ਲੂਣ ਹੀ ਖਰੀਦਦਾ ਸੀ ਕਿਉਂਕਿ ਲੂਣ ਪੈਦਾ ਕਰਨ ਦਾ ਉਸ ਕੋਲ ਕੋਈ ਸਾਧਨ ਨਹੀਂ ਸੀ ਪ੍ਰੰਤੂ ਜੀਵਨ ਉਸ ਸਮੇਂ ਬਹੁਤ ਖੁਸ਼ਹਾਲ ਸੀ

ਜ਼ਿੰਦਗੀ ਦਾ ਮਤਲਬ ਧਨ ਦੇ ਅੰਬਾਰ ਇਕੱਠੇ ਕਰਨਾ ਨਹੀਂ, ਜ਼ਿੰਦਗੀ ਜਿਊਣਾ ਹੈ। ਪਰ ਅੱਜ ਇਸਦਾ ਉਲਟਾ ਰੂਪ ਹੋ ਗਿਆ ਹੈ। ਜ਼ਿੰਦਗੀ ਦਾ ਮਕਸਦ ਧਨ ਕਮਾਉਣਾ ਬਣ ਗਿਆ ਹੈਉਹ ਸਤਯੁਗੀ ਲੋਕ ਅੱਜ ਅਲੋਪ ਹੋ ਗਏ, ਹਰ ਪਾਸੇ ਗੰਧਲਾ ਸਿਸਟਮ ਬਣ ਗਿਆਇਨਸਾਨ ਦੀ ਸੋਚ ਨਕਾਰਾਤਮਕ ਬਣ ਗਈ ਹੈ। ਕੋਈ ਕਿਸੇ ਨੂੰ ਖੁਸ਼ ਦੇਖ ਕੇ ਜਰ ਨਹੀਂ ਸਕਦਾ। ਕਿਸੇ ਨੇ ਕਿਹਾ ਹੈ ਕਿ ਉਹ ਸਭ ਤੋਂ ਦੁਖੀ ਹੈ, ਜਿਸਦਾ ਗਵਾਂਢੀ ਸੁਖੀ ਹੈਮੇਰੇ ਇੱਕ ਕਹਾਣੀ ਯਾਦ ਆ ਗਈ, ਕਹਿੰਦੇ ਮਹਾਂਭਾਰਤ ਸਮੇਂ ਗੁਰੂ ਦਰੋਣਾਚਾਰੀਆ ਨੇ ਯੁਧਿਸ਼ਟਰ ਅਤੇ ਦੁਰਦੋਜਨ ਨੂੰ ਆਪਣੇ ਕੋਲ ਬੁਲਾ ਲਿਆ। ਉਹਨਾਂ ਯੁਧਿਸ਼ਟਰ ਨੂੰ ਕਿਹਾ ਕਿ ਤੂੰ ਦੁਨੀਆ ਵਿੱਚੋਂ ਕੋਈ ਮਾੜਾ ਬੰਦਾ ਲੱਭ ਕੇ ਲੈ ਕੇ ਆਓ ਜਿਸਦੀ ਸੋਚ ਨਕਾਰਾਤਮਕ ਹੋਵੇ। ਯੁਧਿਸ਼ਟਰ ਨੇ ਗੁਰੂ ਦਾ ਹੁਕਮ ਸਿਰ ਮੱਥੇ ਮੰਨਿਆ ਅਤੇ ਦੁਨੀਆਂ ਵਿੱਚੋਂ ਮਾੜੀ ਸੋਚ ਦਾ ਬੰਦਾ ਲੱਭਣ ਲਈ ਤੁਰ ਪਿਆ। ਆਪਣਾ ਕਰਤਵ ਕਰਕੇ ਵਾਪਸ ਆਇਆ। ਗੁਰੂ ਜੀ ਨੇ ਪੁੱਛਿਆ ਕਿ ਕੀ ਨਤੀਜਾ ਕੀ ਨਿਕਲਿਆ? ਯੁਧਿਸਟਰ ਕਹਿੰਦਾ, ਗੁਰੂ ਜੀ ਮੈਨੂੰ ਸਾਰੀ ਦੁਨੀਆ ਵਿੱਚੋਂ ਕੋਈ ਵੀ ਬੁਰੀ ਸੋਚ ਦਾ ਬੰਦਾ ਨਹੀਂ ਮਿਲਿਆ, ਸਾਰੀ ਦੁਨੀਆ ਚੰਗੇ ਇਨਸਾਨਾਂ ਦੀ ਹੈਗੁਰੂ ਦਰੋਣਾਚਾਰੀਆ ਨੇ ਦੁਰਜੋਧਨ ਨੂੰ ਬੁਲਾਇਆ ਕਿ ਜਾ ਬੇਟਾ, ਤੂੰ ਵੀ ਸੰਸਾਰ ਵਿੱਚ ਜਾ ਅਤੇ ਮੈਨੂੰ ਕੋਈ ਚੰਗੀ ਸੋਚ ਦਾ ਬੰਦਾ ਲੱਭ ਕੇ ਲੈ ਕੇ ਆ। ਦੁਰਜੋਧਨ ਸੰਸਾਰ ਘੁੰਮਿਆ ਅਤੇ ਵਾਪਸ ਆ ਕੇ ਗੁਰੂ ਜੀ ਨੂੰ ਕਹਿਣ ਲੱਗਿਆ, ਕਿ ਗੁਰੂ ਜੀ ਮੈਨੂੰ ਤਾਂ ਪੂਰੇ ਸੰਸਾਰ ਦੇ ਵਿੱਚ ਕੋਈ ਵੀ ਚੰਗਾ ਬੰਦਾ ਨਹੀਂ ਲੱਭਿਆ। ਸੰਸਾਰ ਬੁਰੀ ਸੋਚ ਦੇ ਲੋਕਾਂ ਨਾਲ ਭਰਿਆ ਪਿਆ ਹੈਸੋ ਇਹ ਦੋਨਾਂ ਦਾ ਨਜ਼ਰੀਆ ਸੀ। ਪੂਰੀ ਮਹਾਂਭਾਰਤ ਦੇ ਵਿੱਚ ਯੁਧਿਸ਼ਟਰ ਦਾ ਰੋਲ ਸਿਆਣਪ ਅਤੇ ਹਾਂ ਪੱਖੀ ਰਿਹਾ ਹੈ, ਪਰ ਦੁਰਜੋਧਨ ਨੇ ਪੂਰੀ ਮਹਾਂਭਾਰਤ ਦੇ ਵਿੱਚ ਨਕਾਰਾਤਮਕ ਸੋਚ ਨੂੰ ਅਪਣਾਇਆਅੱਜ ਸਮਾਜ ਵਿੱਚ ਇੰਜ ਲਗਦਾ ਹੈ ਕਿ ਦੁਰਜੋਧਨ ਦੀ ਸੋਚ ਬਹੁਤ ਜ਼ਿਆਦਾ ਭਾਰੂ ਹੈ, ਕੋਈ ਕਿਸੇ ਦੇ ਚੰਗੇ ਗੁਣਾਂ ਦੀ ਗੱਲ ਨਹੀਂ ਕਰਦਾ। ਜਦੋਂ ਕਿਸੇ ਬਾਰੇ ਵਿਚਾਰ ਵਟਾਂਦਰਾ ਹੁੰਦਾ ਹੈ ਤਾਂ ਹਮੇਸ਼ਾ ਨੁਕਤਾਚੀਨੀ ਹੁੰਦੀ ਹੈ

ਪੰਜਾਬੀ, ਅੰਗਰੇਜ਼ੀ, ਹਿੰਦੀ ਹਰ ਤਰ੍ਹਾਂ ਦੇ ਸਾਹਿਤ ਵਿੱਚ ਆਲੋਚਨਾ ਦਾ ਅਹਿਮ ਸਥਾਨ ਹੈਪਰ ਆਲੋਚਨਾ ਸਾਰਥਿਕ ਹੁੰਦੀ ਹੈ, ਆਲੋਚਕ ਤੇ ਚੁਗਲੀਵਾਜ਼ ਇਨਸਾਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈਕਿਉਂਕਿ ਆਲੋਚਕ ਚੰਗੇ ਮਾੜੇ ਵਿਚਾਰਾਂ ਦਾ ਵਿਸ਼ਲੇਸ਼ਣ ਕਰਕੇ ਲੇਖਕ ਦੀ ਹੌਸਲਾ ਅਫਜ਼ਾਈ ਕਰਦਾ ਹੈ। ਉਸ ਨੂੰ ਭਵਿੱਖ ਵਿੱਚ ਗਲਤੀਆਂ ਕਰਨ ਤੋਂ ਚੇਤਨ ਕਰਦਾ ਹੈਪਰ ਨਕਾਰਾਤਮਕ ਸੋਚ ਦੇ ਲੋਕ ਹਰ ਸਮੇਂ ਨਕਾਰਾਤਮਕ ਗੱਲਾਂ ਹੀ ਕਰਦੇ ਹਨਚੰਗੀ ਗੱਲ ਕਰਨਾ ਉਹਨਾਂ ਦੇ ਸੁਭਾਅ ਵਿੱਚੋਂ ਹੀ ਮਨਫੀ ਹੋ ਜਾਂਦਾ ਹੈਬਹੁਤੀਆਂ ਬਿਮਾਰੀਆਂ ਮਨੁੱਖ ਨੇ ਨਕਾਰਾਤਮਕ ਸੋਚ ਕਾਰਨ ਸਹੇੜੀਆਂ ਹਨ ਕਿਉਂਕਿ ਨਕਾਰਾਤਮਕ ਸੋਚ ਵੀ ਆਪਣੇ ਆਪ ਵਿੱਚ ਵੱਡੀ ਬਿਮਾਰੀ ਹੈ। ਜਿਵੇਂ ਕਿਸੇ ਕਿਹਾ ਕਿ ਮਨੁੱਖ ਦਾ ਆਪਣਾ ਆਪਣਾ ਨਜ਼ਰੀਆ ਹੈ, ਕਿਸੇ ਨੂੰ ਸਾਹਮਣੇ ਪਿਆ ਗਲਾਸ ਪਾਣੀ ਦਾ ਭਰਿਆ ਨਜ਼ਰ ਆਉਂਦਾ ਹੈ, ਕਿਸੇ ਨੂੰ ਪਾਣੀ ਦਾ ਭਰਿਆ ਹੋਇਆ ਗਿਲਾਸ ਸਾਹਮਣੇ ਪਿਆ ਖਾਲੀ ਲਗਦਾ ਹੈ। ਇਹ ਮਨੁੱਖ ਦੀ ਸੋਚ ’ਤੇ ਅਧਾਰਿਤ

ਨਕਾਰਾਤਮਕ ਸੋਚ ਵਾਲੇ ਲੋਕ ਕਦੇ ਸੰਤੁਸ਼ਟ ਨਹੀਂ ਹੁੰਦੇ ਕਿਉਂਕਿ ਸੰਤੁਸ਼ਟੀ ਕਦੇ ਨਕਾਰਾਤਮਕ ਸੋਚ ਵਿੱਚੋਂ ਉਪਜ ਹੀ ਨਹੀਂ ਸਕਦੀ। ਜਿਵੇਂ ਕਿਸੇ ਸਾਧੂ ਨੇ ਮਹਾਨ ਸਿਕੰਦਰ ਨੂੰ ਕਿਹਾ ਸੀ, ਕਿ ਬਾਦਸ਼ਾਹ ਤੂੰ ਦੁਨੀਆ ਜਿੱਤ ਕੇ ਕੀ ਕਰੇਂਗਾ? ਬਾਦਸ਼ਾਹ ਨੇ ਫਰਮਾਇਆ ਕਿ ਵੱਡਾ ਰਾਜਭਾਗ ਕਾਇਮ ਕਰਕੇ ਮੈਂ ਉਸ ਤੋਂ ਬਾਅਦ ਆਰਾਮ ਦੀ ਜ਼ਿੰਦਗੀ ਜੀਵਾਂਗਾ। ਮਹਾਨ ਤਪੱਸਵੀ ਸਾਧੂ ਨੇ ਕਿਹਾ ਕਿ ਬਾਦਸ਼ਾਹ ਉਹ ਜ਼ਿੰਦਗੀ ਤਾਂ ਮੈਂ ਆਪਣੀ ਝੁੱਗੀ ਝੌਂਪੜੀ ਦੇ ਵਿੱਚ ਬਹੁਤ ਹੀ ਸ਼ਾਂਤੀ ਨਾਲ ਹੁਣ ਜੀ ਰਿਹਾ ਹਾਂ। ਇਹ ਹੈ ਸੰਤੁਸ਼ਟ ਜੀਵਨਜੇਕਰ ਧਨ ਇੰਨਾ ਜ਼ਿਆਦਾ ਮਹੱਤਵਪੂਰਨ ਹੁੰਦਾ ਤਾਂ ਅਸ਼ੋਕ ਸਮਰਾਟ ਰਾਜ ਭਾਗ ਤਿਆਗ ਕੇ ਭਿਕਸ਼ੂ ਨਾ ਬਣਦਾ। ਧਨ ਨਾਲ ਕਦੇ ਸੰਤੁਸ਼ਟੀ ਨਹੀਂ ਆ ਸਕਦੀ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਧਰਤੀ ਮਨੁੱਖ ਦੀਆਂ ਲੋੜਾਂ ਤੋਂ ਬਹੁਤ ਜ਼ਿਆਦਾ ਹੈ ਪਰ ਮਨੁੱਖ ਦੇ ਲਾਲਚ ਤੋਂ ਬਹੁਤ ਘੱਟ ਹੈ। ਮਨੁੱਖ ਨੇ ਲਾਲਚ ਦੀ ਤਖਤੀ ਕੁੱਤੇ ਦੇ ਸਿਰ ਮੜ੍ਹ ਦਿੱਤੀ ਪਰ ਪਸ਼ੂ ਪੰਛੀ ਕਦੇ ਲਾਲਚੀ ਨਹੀਂ ਹੁੰਦੇ। ਕਦੇ ਦੇਖਿਆ ਕਿ ਕੋਈ ਜਾਨਵਰ ਦੂਜੇ ਤੀਜੇ ਡੰਗ ਲਈ ਭੋਜਨ ਜਮਝਾਂ ਕਰਦਾ ਹੋਵੇ। ਇਹ ਮਨੁੱਖ ਹੀ ਹੈ ਜੋ ਕਈ ਕਈ ਪੀੜ੍ਹੀਆਂ ਬਾਰੇ ਸੋਚਦਾ ਹੈ। ਆਪਣੀ ਔਲਾਦ ਲਈ ਠੱਗੀਆਂ, ਚੋਰੀਆਂ, ਝੂਠ, ਫਰੇਬ ਦਾ ਜੀਵਨ ਜਿਊਂਦਾ ਹੈ ਪਰ ਇਹ ਨਹੀਂ ਪਤਾ ਕਿ ਉਸਦੀ ਔਲਾਦ ਨੇ ਉਸ ਨੂੰ ਕਿਹੜੇ ਬਿਰਧ ਆਸ਼ਰਮਾਂ ਦੇ ਦਰਸ਼ਨ ਕਰਾਉਣੇ ਹਨਸੋ ਜ਼ਿੰਦਗੀ ਚੰਗੇ ਸੰਸਕਾਰਾਂ ਦੇ ਨਾਲ, ਚੰਗੀ ਸੋਚ ਦੇ ਨਾਲ ਹੀ ਜਿਊਣੀ ਚਾਹੀਦੀ ਹੈ।

ਅਧਿਆਤਮਵਾਦ ਦੇ ਅਨੁਸਾਰ ਹਰ ਇੱਕ ਮਨੁੱਖ ਦੇ ਅੰਦਰ ਰੱਬ ਵਸਦਾ ਹੈ। ਫਿਰ ਅਸੀਂ ਕਿਉਂ ਕਿਸੇ ਦੀ ਬੁਰਾਈ ਕਰੀਏ? ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਬਾਰੇ ਪੜ੍ਹੋ, ਤੁਹਾਡੀ ਸੋਚ ਜ਼ਰੂਰ ਬਦਲੇਗੀ। ਸੋ ਆਉ ਪਿਆਰ ਮੁਹੱਬਤ ਦਾ ਹੋਕਾ ਦਿੰਦੇ ਹੋਏ ਇੱਕ ਦੂਜੇ ਲਈ ਦਵਾ ਦਾਰੂ ਬਣੀਏ, ਨਾ ਕਿ ਕਿਸੇ ਦੇ ਜੀਵਨ ਵਿੱਚ ਜ਼ਹਿਰ ਘੋਲੀਏਇਸ ਸਮੇਂ ਮੈਨੂੰ ਪੁਸਤਕ ਉਮੀਦਾਂ ਦੇ ਚਿਰਾਗ” ਵਿੱਚੋਂ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਲੇਖਕ ਦੇਬੀ ਮਖਸੂਸਪੁਰੀ ਦੀਆਂ ਲਿਖੀਆਂ ਸਤਰਾਂ ਚੇਤੇ ਆ ਗਈਆਂ ਹਨ,

ਜ਼ਿੰਦਗੀ ਥੋੜ੍ਹੀ ਏ, ਰੂਹ ਨਾਲ ਹੰਢਾਓ ਦੋਸਤੋ,
ਜ਼ਿੰਦਗੀ ਦੇਣ ਵਾਲੇ ਦਾ ਸ਼ੁਕਰ ਮਨਾਓ ਦੋਸਤੋ,
ਗੁੱਸੇ, ਨਫਰਤ, ਦੁਸ਼ਮਣੀ ਨਾਲੋਂ ਨਾਤਾ ਤੋੜ ਕੇ,
ਮੁਹੱਬਤ ਨਾਲ ਜਿੰਨੀ ਵੀ ਨਿਭਦੀ, ਨਿਭਾਓ ਦੋਸਤੋ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)
 

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)