“ਜ਼ਿੰਦਗੀ ਇੱਕ ਸੰਘਰਸ਼ ਹੈ। ਇਸ ਸੰਘਰਸ਼ ਵਿੱਚ ਤੁਹਾਡੇ ਨਾਲ ਤੁਹਾਡੀ ਮਾਂ ਦਾ ...”
(10 ਮਈ 2026)
ਮਾਂ ਸ਼ਬਦ ਸੁਣਦਿਆਂ ਹੀ ਮਨ ਵਿੱਚ ਸਤਿਕਾਰ ਦੀ ਭਾਵਨਾ ਉਪਜਦੀ ਹੈ। ਬੱਚੇ ਦੀ ਸ਼ਖਸੀਅਤ ਦੀ ਉਸਾਰੀ ਵਿੱਚ ਸਭ ਤੋਂ ਵੱਡਾ ਰੋਲ ਮਾਂ ਦਾ ਹੁੰਦਾ ਹੈ ਕਿਉਂਕਿ ਬੱਚੇ ਦੀ ਜੀਵਨ ਪ੍ਰਕਿਰਿਆ ਮਾਂ ਦੇ ਦੁੱਧ ਨਾਲ ਸ਼ੁਰੂ ਹੁੰਦੀ ਹੈ। ਬੱਚਾ ਮਾਂ ਤੋਂ ਹੀ ਸਿੱਖਣਾ ਸ਼ੁਰੂ ਕਰਦਾ ਹੈ। ਬੱਚੇ ਦੀ ਪਹਿਲੀ ਅਧਿਆਪਕ ਮਾਂ ਹੁੰਦੀ ਹੈ। ਮਾਂ ਦੀ ਭੂਮਿਕਾ ਨੂੰ ਕਦੇ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਵੱਡੇ ਵੱਡੇ ਰਿਸ਼ੀ ਮੁਨੀ, ਰਾਜੇ, ਭਗਤ, ਸੂਰਮੇ ਮਾਂ ਦੀ ਕੁੱਖ ਤੋਂ ਹੀ ਪੈਦਾ ਹੁੰਦੇ ਹਨ। ਮਾਂ ਤੋਂ ਬਾਅਦ ਵਿਅਕਤੀ ਦੇ ਦੂਜੇ ਸਮਾਜਿਕ ਰਿਸ਼ਤੇ ਉਪਜਦੇ ਹਨ। ਹੋਰ ਰਿਸ਼ਤੇ ਭਾਵੇਂ ਕਿੰਨੇ ਵੀ ਹੋਣ ਪਰ ਮਾਂ ਦਾ ਬਦਲ ਨਹੀਂ ਹੋ ਸਕਦਾ। ਮਾਂ ਦੀ ਗੱਲ ਕਰਦਿਆਂ ਸਾਡਾ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ। ਜਦੋਂ ਇਤਿਹਾਸ ਦੇ ਝਰੋਖੇ ਵਿੱਚੋਂ ਨਿਗਾਹ ਮਾਰਦੇ ਹਾਂ ਤਾਂ ਬਾਬਾ ਸ਼ੇਖ ਫਰੀਦ ਜੀ ਨੂੰ ਗਿਆਨ ਦੀ ਗੁੜ੍ਹਤੀ ਉਸਦੀ ਮਾਂ ਨੇ ਹੀ ਦਿੱਤੀ। ਬਾਬਾ ਫਰੀਦ ਜੀ ਦੇ ਜੀਵਨ ਦੇ ਵਿੱਚ ਉਹਨਾਂ ਦੀ ਮਾਤਾ ਦਾ ਬਹੁਤ ਵੱਡਾ ਯੋਗਦਾਨ ਸੀ। ਬਾਬਾ ਸ਼ੇਖ ਫਰੀਦ ਜੀ ਦੀ ਮਾਤਾ ਦਾ ਨਾਂ ਬੀਬੀ ਮਰੀਅਮ ਸੀ। ਉਹਨਾਂ ਨੂੰ ਇਤਿਹਾਸ ਵਿੱਚ ਕਰਸੂਮ ਬੀਬੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬੀਬੀ ਮਰੀਅਮ ਜੀ ਬਹੁਤ ਹੀ ਅਧਿਆਤਮਿਕ ਵਿਚਾਰਾਂ ਦੇ ਸਨ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਹੀ ਬਾਬਾ ਫਰੀਦ ਜੀ ਨੂੰ ਬਹੁਤ ਸਾਰੀ ਅਧਿਆਤਮਿਕ ਸਿੱਖਿਆ ਦਿੱਤੀ। ਮੁਢਲੀ ਪਰਵਰਿਸ਼ ਵਿੱਚ ਹੀ ਉਹਨਾਂ ਨੇ ਸ਼ੇਖ ਫਰੀਦ ਜੀ ਨੂੰ ਕੁਰਾਨ ਸ਼ਰੀਫ ਦੀਆਂ ਬਹੁਤ ਸਾਰੀਆਂ ਆਇਤਾਂ ਪੂਰੀਆਂ ਕੰਠ ਕਰਾ ਦਿੱਤੀਆਂ ਸਨ। ਬਾਬਾ ਸ਼ੇਖ ਫਰੀਦ ਜੀ ਨੂੰ ਅਧਿਆਤਮਿਕ ਬੰਦਗੀ ਦੀ ਗੁੜ੍ਹਤੀ ਉਹਨਾਂ ਦੀ ਮਾਤਾ ਤੋਂ ਹੀ ਮਿਲੀ। ਬਹੁਤ ਸਾਰੇ ਰਾਜੇ ਰਾਣਿਆਂ ਦੀ ਜ਼ਿੰਦਗੀ ਵਿੱਚ ਮਤਾਵਾਂ ਦਾ ਰੋਲ ਬਹੁਤ ਰਿਹਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਮਾਤਾ ਰਾਜ ਕੌਰ ਦੀ ਭੂਮਿਕਾ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਜਗਤ ਮਾਤਾ ਗੁਜਰੀ ਜੀ, ਜਿਨ੍ਹਾਂ ਨੇ ਦਸਮੇਸ਼ ਪਾਤਸ਼ਾਹ ਜੀ ਨੂੰ ਆਪਣੀ ਗੋਦ ਵਿੱਚ ਹੀ ਬਹਾਦਰੀ ਦੀ ਗੁੜ੍ਹਤੀ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਜ਼ੁਲਮ ਦੇ ਖਿਲਾਫ ਲੜਨ ਅਤੇ ਸੂਬੇ ਦੀ ਈਨ ਨਾ ਮੰਨਣ ਲਈ ਮਾਤਾ ਗੁਜਰੀ ਜੀ ਨੇ ਜੋ ਸਬਕ ਸਿਖਾਏ, ਉਹ ਸਾਡੇ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਦਰਜ ਹਨ। ਜਦੋਂ ਅਸੀਂ ਕਿਸੇ ਵੀ ਸਫਲ ਇਨਸਾਨ ਦੀ ਜ਼ਿੰਦਗੀ ਦਾ ਅਧਿਐਨ ਕਰਦੇ ਹਾਂ ਤਾਂ ਉਸਦੀ ਸਫਲਤਾ ਪਿੱਛੇ ਮਾਤਾ ਦੀ ਵੱਡੀ ਭੂਮਿਕਾ ਹੁੰਦੀ ਹੈ।
ਮਾਂ ਦੇ ਨਾਂ ਦੀ ਤੁਲਨਾ ਰੱਬ ਦੇ ਨਾਂ ਨਾਲ ਕੀਤੀ ਜਾਂਦੀ ਹੈ। ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਮਾਂ ਦੀ ਸੇਵਾ ਰੱਬ ਦੀ ਬੰਦਗੀ ਦੇ ਬਰਾਬਰ ਹੈ। ਜਿਹੜਾ ਇਨਸਾਨ ਆਪਣੀ ਮਾਤਾ ਦੀ ਸੇਵਾ ਕਰਦਾ ਹੈ, ਪਰਮਾਤਮਾ ਦੀਆਂ ਦਾਤਾਂ ਉਸਦੀ ਝੋਲੀ ਪੈਂਦੀਆਂ ਹਨ। ਮਾਂ ਦੀ ਮਮਤਾ ਬਹੁਤ ਵੱਡੀ ਹੈ। ਮਾਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ। ਮਾਂ ਦੀ ਤੁਲਨਾ ਬੋਹੜ ਦੀ ਠੰਢੀ ਛਾਂ ਨਾਲ ਕੀਤੀ ਜਾਂਦੀ ਹੈ। ਜੇਕਰ ਮਾਂ ਦੀ ਅਹਿਮੀਅਤ ਪੁੱਛਣੀ ਹੋਵੇ ਤਾਂ ਉਹਨਾਂ ਬੱਚਿਆਂ ਨੂੰ ਪੁੱਛੋ ਜਿਹੜੇ ਵਿਚਾਰੇ ਬਚਪਨ ਦੇ ਵਿੱਚ ਯਤੀਮ ਹੋ ਜਾਂਦੇ ਹਨ। ਸਾਰੀ ਜ਼ਿੰਦਗੀ ਮਾਂ ਲਈ ਤਰਸਦੇ ਰਹਿੰਦੇ ਹਨ। ਮਾਵਾਂ ਠੰਢੀਆਂ ਛਾਵਾਂ ਹੁੰਦੀਆਂ ਹਨ। ਪਰ ਅੱਜ ਬਹੁਤ ਅਫਸੋਸ ਹੁੰਦਾ ਹੈ ਜਦੋਂ ਕਈ ਕਈ ਪੁੱਤਰਾਂ ਦੇ ਹੁੰਦਿਆਂ ਵਿਚਾਰੀਆਂ ਮਾਵਾਂ ਬਿਰਧ ਆਸ਼ਰਮਾਂ ਵਿੱਚ ਰੁਲਦੀਆਂ ਹਨ।
ਮਾਵਾਂ ਦੀ ਦੇਣ ਨੂੰ ਕਦੇ ਇੱਕ ਦਿਵਸ ਮਨਾਕੇ ਪੂਰਾ ਨਹੀਂ ਕੀਤਾ ਜਾ ਸਕਦਾ। ਕਹਿੰਦੇ ਮਾਂ ਦਾ ਕਰਜ਼ਾ ਬੱਚਾ ਸੱਤ ਜਨਮ ਨਹੀਂ ਦੇ ਸਕਦਾ। ਪਰ ਅੱਜ ਮਾਵਾਂ ਦੀ ਹਾਲਤ ਦੇਖ ਕੇ ਦਿਲ ਦੁਖੀ ਹੁੰਦਾ ਹੈ। ਪਿਛਲੇ ਦਿਨੀਂ ਇੱਕ ਘਟਨਾ ਵਾਪਰੀ ਕਿ ਇੱਕ ਪੜ੍ਹੀ ਲਿਖੀ ਬਜ਼ੁਰਗ ਮਾਂ, ਜੋ ਕਿ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਈ ਸੀ, ਜਦੋਂ ਘਰ ਦੇ ਕੈਮਰਿਆਂ ਵਿੱਚ ਉਸਦੀ ਤਰਾਸਦੀ ਵੇਖੀ, ਆਪ ਮੁਹਾਰੇ ਅੱਖਾਂ ਵਿੱਚ ਹੰਝੂ ਆ ਗਏ। ਜਿਹੜੇ ਪੁੱਤ ਨੂੰ ਉਸਨੇ ਲਾਡਾਂ ਦੇ ਨਾਲ ਪਾਲਿਆ ਸੀ, ਮਾਂ ਨੇ ਹੱਥੀਂ ਚੂਰੀਆਂ ਖੁਆ ਕੇ ਜਵਾਨ ਕੀਤਾ ਸੀ, ਜਿਸ ਨੂੰ ਕਦੇ ਧੁੱਪ ਦਾ ਪ੍ਰਛਾਵਾਂ ਨਹੀਂ ਲੱਗਣ ਦਿੱਤਾ ਸੀ ਕੈਮਰੇ ਮਾਂ ਦੇ ਰੋਜ਼ਾਨਾ ਥੱਪੜ ਮਾਰਦਾ ਸੀ। ਵਿਚਾਰੀ ਬਿਰਧ ਮਾਂ ਨੂੰ ਆਪਣੇ ਪੁੱਤਰ ਤੋਂ ਥੱਪੜ ਖਾਣ ਦੀ ਨੌਬਤ ਆ ਗਈ, ਦੇਖੋ ਕਿਹੋ ਜਿਹੇ ਹਾਲਾਤ ਹੋ ਗਏ। ਮਾਵਾਂ ਨੂੰ ਬਿਰਧ ਅਵਸਥਾ ਦੇ ਵਿੱਚ ਰੁਲਣਾ ਪੈ ਰਿਹਾ ਹੈ। ਧੀਆਂ ਪੁੱਤਰ ਇਹ ਨਹੀਂ ਸੋਚਦੇ ਕਿ ਬੁਢਾਪਾ ਸਭ ’ਤੇ ਆਉਣਾ ਹੈ। ਸਾਡੀਆਂ ਸੋਚਾਂ ਬਦਲ ਗਈਆਂ, ਅਸੀਂ ਮਾਵਾਂ ਨੂੰ ਪਿਆਰ ਅਤੇ ਸਤਿਕਾਰ ਦੇਣਾ ਭੁੱਲ ਗਏ।
ਜ਼ਿੰਦਗੀ ਇੱਕ ਸੰਘਰਸ਼ ਹੈ। ਇਸ ਸੰਘਰਸ਼ ਵਿੱਚ ਤੁਹਾਡੇ ਨਾਲ ਤੁਹਾਡੀ ਮਾਂ ਦਾ ਅਸ਼ੀਰਵਾਦ ਹੈ। ਮਾਂ ਦਾ ਅਸ਼ੀਰਵਾਦ ਰੱਬ ਦਾ ਆਸ਼ੀਰਵਾਦ ਹੈ। ਜਿਸਨੇ ਪਰਮਾਤਮਾ ਤੋਂ ਬਹੁਤ ਸੁੱਖਾਂ ਸੁੱਖ ਕੇ ਤੁਹਾਨੂੰ ਲਿਆ, ਮਾਂ ਦੇ ਪ੍ਰਤੀ ਤੁਹਾਡੇ ਵੀ ਕੁਝ ਫਰਜ਼ ਹਨ। ਅੱਜ ਉਹਨਾਂ ਨੂੰ ਪਛਾਣਨ ਦੀ ਲੋੜ ਹੈ। ਆਏ ਸਾਲ ਮਾਂ ਦਿਵਸ ਆਉਂਦਾ ਹੈ, ਲੰਘ ਜਾਂਦਾ ਹੈ। ਪੰਜਾਬੀ ਦੇ ਮਕਬੂਲ ਕ੍ਰਾਂਤੀਕਾਰੀ ਕਵੀ ਅਵਤਾਰ ਪਾਸ਼ ਦੀ ਕਵਿਤਾ ਚੇਤੇ ਆ ਗਈ ਕਿ ਨਵਾਂ ਸਾਲ ਆਉਂਦਾ ਹੈ, ਕੰਧਾਂ ਦੇ ਕੈਲੰਡਰ ਬਦਲ ਜਾਂਦੇ ਹਨ, ਸਾਡੇ ਘਰਾਂ ਵਿੱਚ ਭੁੱਖਮਰੀ, ਬੇਰੁਜ਼ਗਾਰੀ ਬਰਕਰਾਰ ਰਹਿੰਦੀ ਹੈ। ਸੋ ਇਸ ਤਰ੍ਹਾਂ ਹੀ ਮਾਂ ਦਿਵਸ ਨੂੰ ਇੱਕ ਦਿਵਸ ਨਾ ਮੰਨੋ, ਇਸ ਦਿਵਸ ਉੱਤੇ ਪ੍ਰਣ ਕਰੋ ਕਿ ਮਾਂ ਦੀ ਸੇਵਾ ਤੁਹਾਡਾ ਮੁਢਲਾ ਫਰਜ਼ ਹੋਣਾ ਚਾਹੀਦਾ ਹੈ। ਅੱਜ ਸਾਨੂੰ ਆਪਣੀਆਂ ਸੋਚਾਂ ਬਦਲਣ ਦੀ ਲੋੜ ਹੈ। ਮਾਂ ਦਾ ਦਿਲ ਹਮੇਸ਼ਾ ਆਪਣੇ ਬੱਚੇ ਲਈ ਤੜਫਦਾ ਹੈ। ਪੰਜਾਬੀ ਦੇ ਮਸ਼ਹੂਰ ਢਾਡੀ ਗੁਰਬਖਸ਼ ਸਿੰਘ ਅਲਬੇਲਾ ਦੀ ਰਚਨਾ ਮਾਂ ਦਾ ਦਿਲ, ਅੱਖਾਂ ਵਿੱਚ ਪਾਣੀ ਲਿਆ ਦਿੰਦੀ ਹੈ। ਮਾਂ ਅੰਤ ਤਕ ਆਪਣੇ ਬੱਚਿਆਂ ਦੀ ਸੁੱਖ ਲੋੜਦੀ ਹੈ। ਸੋ ਮਾਂ ਦਿਵਸ ਦੀਆਂ ਮੁਬਾਰਕਾਂ ਦੇਣ ਦੇ ਨਾਲ-ਨਾਲ ਭਵਿੱਖ ਵਿੱਚ ਆਪਣੀ ਮਾਂ ਦੀ ਸੇਵਾ ਨੂੰ ਆਪਣਾ ਪਹਿਲਾ ਫਰਜ਼ ਸਮਝੀਏ। ਪ੍ਰੋਫੈਸਰ ਡਾ. ਸਤੀਸ਼ ਕੁਮਾਰ ਵਰਮਾ ਜੀ ਦੀ ਇੱਕ ਕਵਿਤਾ ਦੇ ਬੋਲ ਹਨ:
ਛੋਟੇ ਸਾਂ, ਕਹਿੰਦੇ ਸਾਂ,
ਇਹ ਮਾਂ ਮੇਰੀ, ਇਹ ਮਾਂ ਮੇਰੀ,
ਵੱਡੇ ਹੋਏ ਕਹਿੰਦੇ ਹਾਂ,
ਇਹ ਮਾਂ ਤੇਰੀ, ਇਹ ਮਾਂ ਤੇਰੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































