HarsantSDhindsa 7“ਪੰਜਾਬ ਦੀ ਉਪਜਾਊ ਜ਼ਮੀਨ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸਾਨੂੰ ...”
(12 ਅਕਤੂਬਰ 2026)

 

ਸਮਾਜ ਵਿੱਚ ਆਦਿ ਕਾਲ ਤੋਂ ਪਦਾਰਥਵਾਦ ਲਈ ਮਨੁੱਖਤਾ ਦੀ ਦੌੜ ਹਮੇਸ਼ਾ ਬਣੀ ਰਹੀ ਹੈ। ਸਮਾਜ ਦੀ ਵਿਆਖਿਆ ਕਰਦਿਆਂ ਜਦੋਂ ਕਾਰਲ ਮਾਰਕਸ ਨੇ ਸ਼੍ਰੇਣੀ ਯੁੱਧ ਦਾ ਸਿਧਾਂਤ ਦਿੱਤਾ ਤਾਂ ਯੁੱਧ ਦਾ ਮੁੱਖ ਕਾਰਨ ਪਦਾਰਥਵਾਦ ਨੂੰ ਹੀ ਦੱਸਿਆ। ਪਦਾਰਥਵਾਦ ਦੇ ਲਈ ਮਨੁੱਖ ਨੇ ਸ਼ੁਰੂ ਤੋਂ ਲੜਾਈ ਲੜੀ, ਕਦੇ ਵੀ ਮਨੁੱਖ ਦੀ ਸੋਚ ਪਦਾਰਥਵਾਦ ਤੋਂ ਉੱਪਰ ਨਹੀਂ ਉੱਠ ਸਕੀ, ਭਾਵੇਂ ਕਿ ਸਾਡੇ ਗੁਰੂਆਂ ਨੇ ਭੌਤਿਕਵਾਦੀ ਸੋਚ ਅਤੇ ਪਦਾਰਥਵਾਦ ਨੂੰ ਨਕਾਰਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਇੱਥੋਂ ਤਕ ਕਿਹਾ, ਕਿ ਪਾਪਾਂ ਬਾਝੋਂ ਮਾਇਆ ਇਕੱਠੀ ਨਹੀਂ ਹੁੰਦੀ, ਅਤੇ ਮਰਿਆਂ ਸਾਥ ਨਹੀਂ ਜਾਂਦੀ। ਮਾਇਆਧਾਰੀ ਨੂੰ ਅੰਨਾ ਬੋਲਾ ਕਿਹਾ। ਪੰਜਾਬੀਆਂ ਨੂੰ ਸੱਚੀ ਸੁੱਚੀ ਕਿਰਤ ਕਰਨ ਪ੍ਰਤੀ ਪ੍ਰੇਰਿਤ ਕੀਤਾ। ਪਰ ਜੋ ਵਰਤਾਰਾ ਅੱਜ ਚੱਲ ਰਿਹਾ ਹੈ, ਇਸ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ ਸੀ। ਸਾਡੇ ਕਿਸਾਨ ਅਤੇ ਮਜ਼ਦੂਰ ਸੱਚੀ ਸੁੱਚੀ ਕਿਰਤ ਕਰਦੇ ਸਨ। ਸੇਠ ਲੋਕ ਵਣਜ ਵਪਾਰ ਕਰਦੇ, ਅਤੇ ਸਮਾਜ ਦੇ ਹੋਰ ਵਰਗ ਹੋਰ ਵੱਖ-ਵੱਖ ਸਹਾਇਕ ਧੰਦੇ ਕਰਦੇ ਸਨ, ਜੋ ਕਿ ਸਮਾਜ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੁੰਦੇ ਸਨ।

ਖੇਤੀਯੋਗ ਜ਼ਮੀਨਾਂ ਅਨਾਜ ਦੀ ਪੈਦਾਵਾਰ ਕਰਨ ਲਈ ਵਰਤੀਆਂ ਜਾਂਦੀਆਂ ਸਨ। ਪੁਰਾਣੇ ਸਮਿਆਂ ਤੋਂ ਕਿਸਾਨਾਂ ਦੀਆਂ ਪੁਸ਼ਤਾਂ ਅਜਿਹੀਆਂ ਵਾਹੀਯੋਗ ਜ਼ਮੀਨਾਂ ਦੇ ਨਾਲ ਜੁੜੀਆਂ ਰਹੀਆਂ ਹਨ। ਕਿਸਾਨ ਜ਼ਮੀਨ ਨੂੰ ਆਪਣੀ ਔਲਾਦ ਨਾਲੋਂ ਪਿਆਰੀ ਸਮਝਦੇ ਸਨ। ਸਿਆਣੇ ਕਹਿੰਦੇ ਸਨ ਕਿ ਜ਼ਮੀਨ ਨੇ ਕਿਸਾਨ ਨੂੰ ਕਿਹਾ, ਦੇਖੀ ਕਿਤੇ ਪੁੱਤ ਮੈਨੂੰ ਵੇਚ ਨਾ ਦੇਵੀਂ; ਭਾਵੇਂ ਆਪ ਵਿਕ ਜਾਵੀਂ, ਮੈਂ ਤੈਨੂੰ ਛੁਡਵਾ ਲਵਾਂਗੀ। ਮੈਂ ਤੇਰੀ ਦੂਜੀ ਮਾਂ ਹਾਂ, ਭਾਵੇਂ ਤੈਨੂੰ ਜਨਮ ਨਹੀਂ ਦਿੱਤਾ, ਪਰ ਤੈਨੂੰ ਰਿਜ਼ਕ ਦਿੰਦੀ ਹਾਂ, ਮੇਰਾ ਤੇ ਤੇਰਾ ਰਿਸ਼ਤਾ ਸਦੀਆਂ ਦਾ ਹੈ। ਕਿਸਾਨਾਂ ਦੇ ਛੋਟੇ ਛੋਟੇ ਬੱਚੇ ਜਦੋਂ ਮਾਵਾਂ ਦੇ ਨਾਲ ਖੇਤਾਂ ਵਿੱਚ ਰੋਟੀ ਦੇਣ ਜਾਂਦੇ, ਉਸ ਸਮੇਂ ਤੋਂ ਹੀ ਖੇਤਾਂ ਨਾਲ ਉਨ੍ਹਾਂ ਦਾ ਰਿਸ਼ਤਾ ਜੁੜ ਜਾਂਦਾ। ਉਨ੍ਹਾਂ ਲਈ ਉਹ ਜ਼ਮੀਨ ਦਿਲ ਦਾ ਟੁਕੜਾ ਅਤੇ ਭਵਿੱਖ ਦਾ ਸੁਪਨਾ ਹੋ ਜਾਂਦੀ ਸੀ। ਪਰ ਅਫਸੋਸ, ਅੱਜ ਜ਼ਮੀਨਾਂ, ਵਪਾਰੀਆਂ ਦੇ ਧੱਕੇ ਚੜ੍ਹ ਗਈਆਂ ਹਨ। ਹੁਣ ਕੋਈ ਇਹ ਨਹੀਂ ਪੁੱਛਦਾ, ਕਿ ਤੇਰੀ ਜ਼ਮੀਨ ਦੀ ਕੀ ਪੈਦਾਵਾਰ ਹੈ? ਤੇਰੇ ਖੇਤ ਦਾ ਕੀ ਹਾਲ ਹੈ? ਹੁਣ ਤਾਂ ਇਹ ਪੁੱਛਿਆ ਜਾਂਦਾ ਹੈ ਕਿ ਤੇਰੀ ਜ਼ਮੀਨ ਦੇ ਕਿੱਲੇ ਦਾ ਕੀ ਰੇਟ ਹੈ। ਕਿਤੇ ਪੰਜ, ਦਸ ਕਿੱਲਿਆਂ ਦੀ ਢੇਰੀ ਵਿਕਿਆਊ ਹੋਵੇ, ਤਾਂ ਜ਼ਰੂਰ ਦੱਸਣਾ, ਸਾਡੇ ਕੋਲ ਪਾਰਟੀ ਹੈ, ਮੂੰਹ ਮੰਗਿਆ ਰੇਟ ਦੇਵਾਂਗੇ। ਕਿਸਾਨਾਂ ਦੇ ਪੁੱਤ ਦੱਸੋ ਕਿਵੇਂ ਕਰਨਗੇ ਖੇਤੀ? ਉਨ੍ਹਾਂ ਨੂੰ ਸਬਜ਼ਬਾਗ ਦਿਖਾ ਦਿੱਤੇ ਜਾਂਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਤੁਹਾਡੀ ਸਾਰੀ ਉਮਰ ਲੰਘ ਗਈ, ਮਿੱਟੀ ਨਾਲ ਮਿੱਟੀ ਹੁੰਦਿਆਂ ਦੀ। ਤੁਹਾਡੀਆਂ ਪੁਸ਼ਤਾਂ ਚਲੀਆਂ ਗਈਆਂ, ਪਰ ਤੁਹਾਡੀ ਜੂਨ ਨਹੀਂ ਸੁਧਰੀ। ਜ਼ਮੀਨ ਵੇਚ ਦੇਵੋ, ਕੰਮ ਹੋਰ ਬਹੁਤ ਨੇ। ਤੁਸੀਂ ਦੇਖਿਓ, ਤੁਹਾਡੇ ਕੋਲੋਂ ਤਾਂ ਬਿਆਜ ਦੇ ਪੈਸੇ ਹੀ ਨਹੀਂ ਮੁੱਕਣੇ, ਮੂਲ ਬਾਕੀ ਬਚਿਆ ਰਹਿਣਾ।

ਧਾੜਵੀਆਂ ਦੀਆਂ ਗੱਡੀਆਂ ਧੂੜ ਉਡਾਉਂਦੀਆਂ, ਰਜਿਸਟਰੀ ਲਈ ਉਤਾਵਲੀਆਂ ਹੁੰਦੀਆਂ ਹਨ। ਤਹਿਸੀਲਦਾਰ ਦੇ ਰਜਿਸਟਰੀ ਹੁੰਦੀ ਹੈ, ਨੰਬਰਦਾਰ ਅਤੇ ਗਵਾਹਾਂ ਦੇ ਅੰਗੂਠੇ ਲੱਗ ਜਾਂਦੇ ਨੇ, ਦੁੱਧ ਦੇ ਨਾਲ ਬਰਫੀ ਖਾਂਦਾ ਕਿਸਾਨ ਫਿਕਰਾਂ ਵਿੱਚ ਪੈ ਜਾਂਦਾ ਹੈ। ਹੱਥ ਦੇ ਅੰਗੂਠੇ ਦੀ ਸਿਆਹੀ, ਕਿਸਾਨ ਦੀ ਤਕਦੀਰ ਨੂੰ ਮੇਟ ਦਿੰਦੀ ਹੈ। ਦਿਨਾਂ  ਵਿੱਚ ਤਾਸ਼ ਦੇ ਪੱਤਿਆਂ ਵਾਂਗ ਉਡ ਜਾਂਦੇ ਹਨ ਨੋਟ, ਫਿਰ ਕਿਸਾਨ ਦੇ ਸਿਰ ’ਤੇ ਹੁੰਦਾ ਹੈ ਸੀਮਿੰਟ ਦਾ ਤਸਲਾ, ਮਿਸਤਰੀਆਂ ਦੇ ਨਾਲ ਸ਼ਹਿਰ ਦੇ ਵਿੱਚ। ਪਿੰਡ ਦੇ ਭਾਈਚਾਰੇ ਤੋਂ ਚੋਰੀ ਦਿਹਾੜੀਆਂ ਕਰਦਾ ਹੈ। ਜਦੋਂ ਆਪਣੇ ਖੇਤਾਂ ਦੇ ਕੋਲੋਂ ਗੁਜ਼ਰਦਾ ਹੈ ਤਾਂ ਦਿਲ ਵਿੱਚੋਂ ਭੁੱਬ ਨਿਕਲਦੀ ਹੈ। ਸੱਚਮੁੱਚ ਜ਼ਮੀਨ, ਕਹਿ ਰਹੀ ਹੁੰਦੀ ਹੈ, ਪੁੱਤਰਾ ਤੂੰ ਮੈਨੂੰ ਸਮਝ ਨਹੀਂ ਸਕਿਆ। ਸਮਝਣਾ ਕਿੱਥੇ ਹੈ, ਤੂੰ ਤਾਂ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਰੋਲ ਰਿਹਾ ਹੈਂ ਜਿਸਨੇ ਤੈਨੂੰ ਕੁੱਖੋਂ ਜਾਇਆ, ਮੇਰਾ ਤੂੰ ਕੀ ਲੱਗਿਆ?

ਅੱਜ ਉਪਜਾਊ ਜ਼ਮੀਨਾਂ ਧੜਾਧੜ ਮੁੱਕ (ਵਿੱਕ) ਰਹੀਆਂ ਹਨ। ਰੁਜ਼ਾਨਾ ਧੱਕੇਸ਼ਾਹੀ ਨਾਲ ਧਾੜਵੀਆਂ ਵੱਲੋਂ ਸਰਕਾਰ ਦੀ ਸ਼ਹਿ ਨਾਲ ਵੱਡੇ ਵੱਡੇ ਉਦਯੋਗਿਕ ਪਲਾਂਟ ਉਸਾਰੇ ਜਾ ਰਹੇ ਹਨ। ਲੋਕਾਂ ਅੱਗੇ ਮੁਰਾਰੀ ਲਾਲ ਦੇ ਸੁਪਨੇ ਪੇਸ਼ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਅਸੀਂ ਤਾਂ ਤੁਹਾਡੇ ਰਹਿਣ ਲਈ, ਚੰਗੀਆਂ ਕਲੋਨੀਆਂ ਤਹਿਤ ਰਹਿਣ ਬਸੇਰੇ ਉਸਾਰ ਰਹੇ ਹਾਂ। ਪਿੰਡਾਂ ਦੀਆਂ ਹਵੇਲੀਆਂ ਛੱਡੋ, ਹੁਣ ਤੁਹਾਨੂੰ ਗਜ਼ਾਂ ਵਿੱਚ ਰਹਿਣ ਲਈ ਅਸੀਂ ਪਲਾਟ ਦੇਵਾਂਗੇ। ਖਤਮ ਕਰ ਦੇਵਾਂਗੇ ਤੁਹਾਡਾ ਪੇਂਡੂ ਭਾਈਚਾਰਾ, ਨੀਂਹ ਰੱਖਾਂਗੇ ਨਵੇਂ ਸ਼ਹਿਰੀਕਰਨ ਦੀ। ਅੱਜ ਭਾਰਤ ਮਾਲਾ ਵਰਗੇ ਵੱਡੇ ਵੱਡੇ ਰੋਡ ਸਾਡੀਆਂ ਉਪਜਾਊ ਜ਼ਮੀਨਾਂ ਨੂੰ ਮਗਰਮੱਛ ਦੀ ਤਰ੍ਹਾਂ ਹੜੱਪ ਰਹੇ ਹਨ। ਪੰਜਾਬ ਵਿੱਚ ਸੜਕਾਂ ਦਾ ਜਾਲ਼ ਵਿਛਾਇਆ ਜਾ ਰਿਹਾ ਹੈ। ਪੰਜਾਬੀਆਂ ਦੇ ਅੱਖੀਂ ਘੱਟਾ ਪਾਉਂਦਿਆਂ ਕਿਹਾ ਜਾ ਰਿਹਾ ਹੈ, “ਤੁਹਾਡੀਆਂ ਜ਼ਮੀਨਾਂ ਦੇ ਰੇਟ ਅਸਮਾਨ ਨੂੰ ਛੂਹਣ ਲੱਗੇ ਹਨ। ਹੁਣ ਤੁਸੀਂ ਜ਼ਮੀਨ ਵੱਡੇ ਵਪਾਰੀ ਵਰਗ ਦੇ ਹਵਾਲੇ ਕਰ ਦੇਵੋ। ਸਾਨੂੰ ਤੁਹਾਡੇ ਅਨਾਜ ਦੀ ਲੋੜ ਨਹੀਂ, ਅੱਜ ਸਾਨੂੰ ਸਸਤੇ ਰੇਟਾਂ ਦੇ ਉੱਤੇ ਵਿਦੇਸ਼ੀ ਅਨਾਜ ਮਿਲ ਰਿਹਾ ਹੈ। ਜੇਕਰ ਜ਼ਮੀਨਾਂ ਨਹੀਂ ਵੇਚੋਗੇ ਤਾਂ ਸਾਡੇ ਕੋਲ ਹੋਰ ਬਥੇਰੇ ਢੰਗ ਹਨ। ਜਿਹੜੇ ਕਿਸਾਨਾਂ ਨੇ ਮਹਿੰਗੇ ਰੇਟਾਂ ਉੱਤੇ ਆਪਣੀਆਂ ਜ਼ਮੀਨਾਂ ਬਿਲਡਰਾਂ ਨੂੰ ਵੇਚੀਆਂ, ਉਹ ਵਿਚਾਰੇ ਕੰਪਨੀਆਂ ਵੱਲੋਂ ਉਸਾਰੇ ਮਲਟੀਪਲ ਮਾਲ ਦੇ ਅੱਗੇ ਚੌਕੀਦਾਰੀ ਦੀ ਨੌਕਰੀ ਕਰ ਰਹੇ ਹਨ। ਅੱਜ ਕਿਸਾਨ ਦੀ ਜ਼ਮੀਨ ਉੱਤੇ ਕੰਪਨੀਆਂ ਦੇ ਡਰੋਨ ਗਿਰਜਾ ਵਾਂਗ ਮੰਡਲਾਉਂਦੇ ਫਿਰ ਰਹੇ ਹਨ। ਪੰਜਾਬ ਦੀ ਉਪਜਾਊ ਜ਼ਮੀਨ ਨੂੰ ਬਚਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਪਦਾਰਥਵਾਦੀ ਸੋਚ ਤਿਆਗਣ ਦੀ ਲੋੜ ਹੈ। ਜ਼ਮੀਨ ਉਸ ਮੁਰਗੀ ਵਾਂਗ ਹੈ, ਜੋ ਸੋਨੇ ਦਾ ਆਂਡਾ ਦਿੰਦੀ ਸੀ। ਅਸੀਂ ਆਂਡਿਆਂ ਦੇ ਲਾਲਚ ਵਿੱਚ ਕਿਤੇ ਮੁਰਗੀ ਨਾ ਮਾਰ ਦੇਈਏ। ਪਿਆਰੇ ਪੰਜਾਬੀ ਵੀਰੋ, ਸਾਡੇ ਬਜ਼ੁਰਗਾਂ ਨੇ ਸੰਜਮ ਨਾਲ ਸੱਚੀ ਸੁੱਚੀ ਕਿਰਤ ਕੀਤੀ, ਜ਼ਮੀਨ ਨਾਲ ਜੁੜ ਕੇ ਰਹੇ। ਆਪਣੀ ਅਮੀਰ ਵਿਰਾਸਤ ਨੂੰ ਸਾਂਭ ਕੇ ਰੱਖਿਆ। ਸੋ ਆਉ ਆਪਾਂ ਪੁਰਖਿਆਂ ਵੱਲੋਂ ਦਿੱਤੀ ਵਿਰਾਸਤ ਦੇ ਵਾਰਸ ਬਣੀਏ। ਪੰਜਾਬੀ ਦੇ ਸ਼ਾਇਰ ਗੁਰਭਜਨ ਗਿੱਲ ਦਾ ਸ਼ੇਅਰ ਹੈ:

ਬੰਦੇ ਕੋਲੋਂ ਸੰਭਾਲੀ ਨਾ ਗਈ ਧਰਤੀ,
ਲੀਡਰਾਂ ਤੇ ਡੀਲਰਾਂ ਨੇ ਖਾ ਲਈ ਧਰਤੀ।
ਬੱਚੇ ਹੁਣ ਮਿੱਟੀ ਵਿੱਚ ਖੇਡਦੇ ਨਹੀਂ
,
ਵਿਕਾਸ ਦੀਆਂ ਇੱਟਾਂ ਨੇ ਲੁਕਾ ਲਈ ਧਰਤੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 98781 - 97000)
Email: (harsantsinghdhindsa0033@gmail.com)

More articles from this author