HarsantSDhindsa7ਮਾਪਿਆਂ ਦਾ ਸਵਾਲ ਸੁਣ ਕੇ ਮੈਂ ਨਿਰਉੱਤਰ ਹੋ ਗਿਆ। ਉਹਨਾਂ ਦਾ ਸਵਾਲ ...
(29 ਮਾਰਚ 2026)


ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਦੁਆਰਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਧਾਉਣ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁਹਿੰਮ ਪੂਰੇ ਜ਼ੋਰਾਂ ਨਾਲ ਚਲਾਈ ਜਾ ਰਹੀ ਹੈ ਜਿਸ ਤਹਿਤ ਸਕੂਲ ਦੇ ਵੱਖ ਵੱਖ ਅਧਿਆਪਕਾਂ ਦੀਆਂ ਟੀਮਾਂ ਬਣਾ ਕੇ ਸਬੰਧਤ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ
ਹਰੇਕ ਮਾਂ ਬਾਪ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਸਰਕਾਰ ਵੱਲੋਂ ਸਕੂਲਾਂ ਦੀ ਨੁਹਾਰ ਬਦਲੀ ਗਈ ਹੈਨਵੇਂ ਕਲਾਸ ਰੂਮ, ਫਰਨੀਚਰ, ਸਾਇੰਸ ਲੈਬ, ਕੰਪਿਊਟਰ ਲੈਬ ਅਤੇ ਹੋਰ ਵੋਕੇਸ਼ਨਲ ਕੋਰਸ, ਇੱਥੋਂ ਤਕ ਕਿ ਕੈਂਪਸ ਮੈਨੇਜਰ ਅਤੇ ਸਕਿਉਰਟੀ ਗਾਰਡ ਵੀ ਸਰਕਾਰ ਵੱਲੋਂ ਭਰਤੀ ਕੀਤੇ ਗਏ ਹਨ। ਸਾਰਾ ਸਟਾਫ ਪੂਰਾ ਹੈ, ਪੂਰੀ ਕਾਬਲੇ ਤਰੀਫ ਪੜ੍ਹਾਈ ਹੋ ਰਹੀਮਾਪੇ ਪ੍ਰਭਾਵਿਤ ਹੁੰਦੇ ਹਨ, ਪਿੰਡਾਂ ਦੇ ਲੋਕ ਬਹੁਤ ਸਤਿਕਾਰ ਦਿੰਦੇ ਹਨ, ਚਾਹ ਪਾਣੀ ਦੀ ਸੇਵਾ ਕਰਨ ਲਈ ਪੂਰੇ ਤਤਪਰ ਰਹਿੰਦੇ ਹਨ ਪਰ ਅਚਾਨਕ ਹੀ ਕੁਝ ਦਿਨ ਪਹਿਲਾਂ ਇੱਕ ਬੱਚੇ ਦੇ ਮਾਤਾ ਪਿਤਾ ਮੈਨੂੰ ਮਿਲਣ ਲਈ ਆਏ। ਉਹ ਕਹਿੰਦੇ, “ਸਰ ਅਸੀਂ ਬੱਚੇ ਨੂੰ ਅਗਲੇ ਸਾਲ ਪ੍ਰਾਈਵੇਟ ਸਕੂਲ ਵਿੱਚ ਲਾਉਣਾ ਹੈ।”

ਮੈਂ ਕਿਹਾ, “ਤੁਹਾਡਾ ਬੱਚਾ ਪੜ੍ਹਨ ਵਾਲਾ ਹੈ। ਮੇਰੇ ਸਮੇਤ ਪੂਰਾ ਸਟਾਫ ਤੁਹਾਡੇ ਬੱਚੇ ਲਈ ਮਿਹਨਤ ਕਰਦਾ ਹੈ। ਇਹ ਕੀ ਗੱਲ ਹੋਈ? ਮੈਂ ਹੈਰਾਨ ਹਾਂ।”

ਪਰ ਉਹ ਟੱਸ ਤੋਂ ਮੱਸ ਨਾ ਹੋਏ, “ਨਹੀਂ ਸਰ, ਅਸੀਂ ਫੈਸਲਾ ਕਰ ਲਿਆ ਹੈ।”

ਮੈਂ ਬਹੁਤ ਉਦਾਹਰਨਾਂ ਦਿੱਤੀਆਂ। ਮੈਂ ਕਿਹਾ ਕਿ ਮੈਂ ਇਸ ਸਕੂਲ ਵਿੱਚ ਪੜ੍ਹ ਕੇ ਹੀ ਅੱਜ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਿਹਾ ਹਾਂ। ਚਾਰ ਹੋਰ ਅਧਿਆਪਕ ਵੀ ਇਸ ਸਕੂਲ ਵਿੱਚੋਂ ਪੜ੍ਹ ਕੇ ਇੱਥੇ ਹੀ ਨੌਕਰੀ ਕਰ ਰਹੇ ਹਨਸਕੂਲ ਦਾ ਸਾਰਾ ਸਟਾਫ ਸਰਕਾਰੀ ਸਕੂਲਾਂ ਦਾ ਪੜ੍ਹਿਆ ਹੋਇਆ ਹੈ। ਤੁਸੀਂ ਮੈਨੂੰ ਕੋਈ ਘਾਟ ਦੱਸੋ, ਅਸੀਂ ਪੂਰੀ ਕਰਨ ਦੇ ਲਈ ਤਿਆਰ ਹਾਂ।”

ਮੇਰੀ ਸਾਰੀ ਵਾਰਤਾ ਉਹਨਾਂ ਨੇ ਬਹੁਤ ਧਿਆਨ ਦੇ ਨਾਲ ਸੁਣੀ ਪਰ ਉਨ੍ਹਾਂ ਦੇ ਇੱਕ ਹੀ ਪ੍ਰਸ਼ਨ ਨੇ ਮੈਨੂੰ ਚੁੱਪ ਕਰਵਾ ਦਿੱਤਾ। ਉਹ ਕਹਿਣ ਲੱਗੇ, “ਸਰ, ਇੱਕ ਗੱਲ ਦੱਸੋ, ਕੀ ਤੁਹਾਡੇ ਕਿਸੇ ਵੀ ਅਧਿਆਪਕ ਦੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ?

ਮਾਪਿਆਂ ਦਾ ਸਵਾਲ ਸੁਣ ਕੇ ਮੈਂ ਨਿਰਉੱਤਰ ਹੋ ਗਿਆ। ਉਹਨਾਂ ਦਾ ਸਵਾਲ ਵਾਜਿਬ ਸੀ। ਸਾਡੇ ਸਕੂਲ ਦੇ ਕਿਸੇ ਵੀ ਅਧਿਆਪਕ ਦਾ ਬੱਚਾ ਸਰਕਾਰੀ ਸਕੂਲ ਵਿੱਚ ਨਹੀਂ ਪੜ੍ਹ ਰਿਹਾ। ਮੇਰੀ ਸੋਚ ਚਾਰ ਦਹਾਕੇ ਪਿੱਛੇ ਚਲੀ ਗਈ। ਕੋਈ ਸਮਾਂ ਸੀ, ਸਰਕਾਰੀ ਅਧਿਆਪਕ ਤਾਂ ਕੀ, ਵੱਡੇ-ਵੱਡੇ ਅਫਸਰਾਂ ਤਕ ਦੇ ਬੱਚੇ, ਵਿਧਾਇਕਾਂ ਦੇ ਬੱਚੇ, ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਸਨਉਸ ਸਮੇਂ ਪ੍ਰਾਈਵੇਟ ਸਕੂਲਾਂ ਦੀਆਂ ਪੀਲੀਆਂ ਬੱਸਾਂ ਕਿਧਰੇ ਵੀ ਨਜ਼ਰ ਨਹੀਂ ਸਨ ਆਉਂਦੀਆਂਕਿਤੇ ਕੋਈ ਪ੍ਰਾਈਵੇਟ ਸਕੂਲ ਨਹੀਂ ਸੀ। ਹਾਂ ਟਾਵਾਂ-ਟਾਵਾਂ ਕੋਈ ਏਡਿਡ ਸਕੂਲ ਹੁੰਦਾ ਸੀ, ਉਹ ਵੀ ਸ਼ਹਿਰ ਵਿੱਚ, ਜਿਸਦਾ ਸਿਸਟਮ ਸਰਕਾਰੀ ਸਕੂਲ ਵਾਂਗ ਹੀ ਹੁੰਦਾ ਸੀਸਰਕਾਰੀ ਸਕੂਲਾਂ ਵਿੱਚੋਂ ਬੜੇ ਵੱਡੇ ਵਿਦਵਾਨ, ਡਾਕਟਰ, ਇੰਜਨੀਅਰ, ਸਾਇੰਸਦਾਨ, ਪ੍ਰੋਫੈਸਰ ਸਾਹਿਬਾਨ ਪੈਦਾ ਹੋਏ ਹਨ

ਸਰਕਾਰੀ ਸਕੂਲਾਂ ਦੇ ਵਿਘਟਨ ਦੀ ਸ਼ੁਰੂਆਤ, ਪ੍ਰਾਈਵੇਟ, ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਦੇ ਆਉਣ ਨਾਲ ਸ਼ੁਰੂ ਹੋਈ। ਵਿੱਦਿਆ ਦਾ ਵਪਾਰੀਕਰਨ ਸ਼ੁਰੂ ਹੋ ਗਿਆ। ਵਪਾਰੀਆਂ ਨੇ ਪ੍ਰਾਈਵੇਟ ਸਕੂਲ ਖੋਲ੍ਹਣੇ ਸ਼ੁਰੂ ਕਰ ਦਿੱਤੇ। ਫਿਰ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਤਕ ਗੱਲ ਜਾ ਪਹੁੰਚੀ। ਸ਼ੁਰੂ ਸ਼ੁਰੂ ਵਿੱਚ ਅਮੀਰ ਲੋਕਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਉਣਾ ਸ਼ੁਰੂ ਕਰ ਦਿੱਤਾ। ਸਮਾਂ ਬੀਤਿਆ, ਮੱਧ ਵਰਗੀ ਲੋਕਾਂ ਨੇ ਵੀ ਉੱਧਰ ਨੂੰ ਮੁਹਾਰਾਂ ਮੋੜ ਲਈਆਂ। ਸਰਕਾਰੀ ਸਕੂਲ ਸਿਰਫ ਮਜ਼ਦੂਰਾਂ ਅਤੇ ਨਿਮਨ ਵਰਗ ਦੇ ਕਿਸਾਨਾਂ ਦੇ ਬੱਚਿਆਂ ਦੇ ਲਈ ਹੀ ਰਹਿ ਗਏ। ਪੂੰਜੀਪਤੀ ਸਿਸਟਮ ਦਾ ਜਾਲ਼ ਹੀ ਇਹੋ ਜਿਹਾ ਹੈ ਕਿ ਛੋਟੀ ਤੋਂ ਛੋਟੀ ਮੱਛੀ ਵੀ ਜਾਲ ਵਿੱਚੋਂ ਬਾਹਰ ਨਹੀਂ ਰਹਿ ਸਕਦੀ, ਫਿਰ ਅਧਿਆਪਕ ਕਿਹੜੇ ਬਾਗ ਦੀ ਮੂਲੀ ਹਨ। ਜਦੋਂ ਸਕੂਲ ਦੇ ਸੇਵਾਦਾਰ ਦਾ ਬੱਚਾ ਵੀ ਪ੍ਰਾਈਵੇਟ ਸਕੂਲ ਵੱਲ ਚਲਿਆ ਗਿਆ, ਫਿਰ ਅਧਿਆਪਕ ਵਿਚਾਰੇ ਕੀ ਕਰਦੇ

ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਨੇ ਪੂਰੇ ਦੇਸ਼ ਦੇ ਰਾਜਨੀਤਕ ਢਾਂਚੇ ਨੂੰ ਹੀ ਆਪਣੀ ਜਕੜ ਦੇ ਵਿੱਚ ਲੈ ਲਿਆ। ਵੱਡੇ ਘਰਾਣੇ ਲੋਕ ਭਲਾਈ ਦੇ ਮਹਿਕਮਿਆਂ ’ਤੇ ਵੀ ਭਾਰੂ ਪੈ ਗਏ, ਜਦੋਂ ਕਿ ਸਿੱਖਿਆ ਅਤੇ ਸਿਹਤ, ਟਰਾਂਸਪੋਰਟ ਵਰਗੇ ਅਦਾਰੇ ਲੋਕਾਂ ਦੀ ਭਲਾਈ ਲਈ ਸਨ। ਕਿੰਨਾ ਭਲਾ ਵੇਲਾ ਸੀ ਕਿ ਸਾਰੇ ਪਿੰਡ ਦੇ ਬੱਚੇ ਅਤੇ ਸ਼ਹਿਰ ਦੇ ਵੱਡੇ ਧਨਾਢ ਸੇਠਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਦਨ। ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਪੂਰੀ ਭੀੜ ਹੁੰਦੀ ਸੀ। ਪਹਿਲਾਂ ਤਾਂ ਉਸ ਸਮੇਂ ਬਿਮਾਰੀਆਂ ਬਹੁਤ ਘੱਟ ਸਨ, ਹਰ ਬਿਮਾਰੀ ਦਾ ਇਲਾਜ ਸਰਕਾਰੀ ਹਸਪਤਾਲ  ਵਿੱਚ ਕੀਤਾ ਜਾਂਦਾ। ਵੱਡੇ ਵੱਡੇ ਡਾਕਟਰ, ਨਾਮਵਰ ਸਰਕਾਰੀ ਸਕੂਲਾਂ, ਕਾਲਜਾਂ ਦੇ ਪੜ੍ਹੇ ਹੁੰਦੇਸਰਕਾਰੀ ਬੱਸਾਂ ਵਿੱਚ ਪਹਿਲੀਆਂ ਸੀਟਾਂ ਵਿਧਾਇਕਾਂ ਲਈ ਰਾਖਵੀਆਂ ਹੁੰਦੀਆਂਪਰ ਅੱਜ ਜਦੋਂ ਰਾਜਨੀਤਿਕ ਲੋਕਾਂ ਦੀਆਂ ਹੂਟਰ ਮਾਰਦੀਆਂ ਗੱਡੀਆਂ ਲੰਘਦੀਆਂ ਦੇਖਦੇ ਹਾਂ ਤਾਂ ਸੋਚਦੇ ਹਾਂ ਕਿ ਉਹ ਸਤਯੁਗ ਦਾ ਸਮਾਂ ਹੋਵੇਗਾ, ਜਦੋਂ ਵਿਧਾਇਕ ਬੱਸ ਵਿੱਚ ਸਫਰ ਕਰਦੇ ਸਨ। ਇੱਥੋਂ ਤਕ ਕਿ ਜੱਜ ਸਾਹਿਬਾਨ ਸਰਕਾਰੀ ਰੋਡਵੇਜ਼ ਦੀਆਂ ਬੱਸਾਂ ਵਿੱਚ ਸਫਰ ਕਰਦੇ ਰਹੇ ਹਨਪ੍ਰੰਤੂ਼ ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਨੇ ਸਮਾਜ ਵਿੱਚ ਅਜਿਹੀਆਂ ਕੰਧਾਂ ਕੱਢੀਆਂ, ਗਰੀਬ ਅਮੀਰ ਦਾ ਪਾੜਾ ਜ਼ਮੀਨ-ਅਸਮਾਨ ਜਿੰਨਾ ਵਧਾ ਦਿੱਤਾ। ਸਾਂਝਾ ਪੰਜਾਬੀ ਅਮੀਰ ਸੱਭਿਆਚਾਰ ਹੀ ਖਤਮ ਹੋ ਗਿਆ। ਆਪਸੀ ਭਾਈਚਾਰਾ, ਲੋਕਾਂ ਦੀ ਮੁਹੱਬਤ, ਰੋਟੀ ਬੇਟੀ ਦੀ ਸਾਂਝ, ਬੀਤੇ ਸਮੇਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ

ਪਰ ਜਿਵੇਂ ਕਹਿੰਦੇ ਹਨ ਕਿ ਜੇਕਰ ਅਸੀਂ ਆਪਣੀ ਗੱਲ ਸੱਚੇ ਦਿਲੋਂ ਇਮਾਨਦਾਰੀ ਨਾਲ ਕਰਦੇ ਹਾਂ ਤਾਂ ਉਹ ਜ਼ਰੂਰ ਅਸਰ ਕਰਦੀ ਹੈ। ਮੈਂ ਸਮਝਾਇਆ ਕਿ ਜਦੋਂ ਅਸੀਂ ਪੜ੍ਹਦੇ ਸੀ, ਖਾੜਕੂਵਾਦ ਦਾ ਸਮਾਂ ਸੀ। ਅਧਿਆਪਕਾਂ ਦੀਆਂ ਪੋਸਟਾਂ ਵੱਡੀ ਗਿਣਤੀ ਵਿੱਚ ਖਾਲੀ ਸਨ। ਭਰਤੀਆਂ ਨਹੀਂ ਹੋਈਆਂ। ਸਾਨੂੰ ਤਾਂ ਇਸ ਸਕੂਲ ਵਿੱਚ ਸਾਇੰਸ ਦਾ ਵਿਸ਼ਾ ਵੀ ਐੱਸ.ਐੱਲ.ਏ ਸ੍ਰੀ ਮਹਿੰਦਰ ਸਿੰਘ ਹੀ ਪੜ੍ਹਾਉਂਦਾ ਰਿਹਾ ਹੈਪਰ ਸਾਨੂੰ ਪੜ੍ਹਨ ਦੀ ਲਗਨ ਸੀ। ਜੇਕਰ ਵਿਦਿਆਰਥੀ ਵਿੱਚ ਪੜ੍ਹਾਈ ਕਰਨ ਦੀ ਰੁਚੀ ਨਹੀਂ, ਤੁਸੀਂ ਵੀਰ ਜੀ ਜਿਹੜੇ ਮਰਜ਼ੀ ਪ੍ਰਾਈਵੇਟ ਸਕੂਲ ਵਿੱਚ ਲਾ ਦੇਵੋ, ਬੱਚਾ ਨਹੀਂ ਪੜ੍ਹੇਗਾਅੱਜ ਸਾਡੇ ਕੋਲ ਆਧੁਨਿਕ ਸਾਇੰਸ ਲੈਬ ਹੈਸਾਇੰਸ, ਮੈਥ ਦੇ ਚਾਰ, ਚਾਰ ਅਧਿਆਪਕ ਹਨਤੁਹਾਡਾ ਬੱਚਾ ਪੜ੍ਹਨ ਵਾਲਾ ਚਾਹੀਦਾਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਤ ਮਿਹਨਤੀ ਹਨਵੱਡੇ ਟੈੱਸਟ ਪਾਸ ਕਰਕੇ, ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕਰਕੇ ਨੌਕਰੀਆਂ ਵਿੱਚ ਆਏ ਹਨਪਰ ਅੱਜ ਅਫਸੋਸ ਕਿ ਸਾਨੂੰ ਮਿਹਨਤੀ ਵਿਦਿਆਰਥੀ ਨਹੀਂ ਮਿਲ ਰਹੇ।ਪੜ੍ਹਾਈ ਕਲਾਸ ਵਿੱਚ ਵਿਦਿਆਰਥੀਆਂ ਦੇ ਆਪਸੀ ਮੁਕਾਬਲੇ ਨਾਲ ਹੁੰਦੀ ਹੈ। ਪਹਿਲਾਂ ਵਿਦਿਆਰਥੀਆਂ ਵਿੱਚ ਪੜ੍ਹਨ ਦਾ, ਮਿਹਨਤ ਕਰਨ ਦਾ ਜਜ਼ਬਾ ਹੁੰਦਾ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਦੇ ਲਈ ਵਿਦਿਆਰਥੀਆਂ ਵਿੱਚ ਪੂਰਾ ਫਸਵਾ ਮੁਕਾਬਲਾ ਹੁੰਦਾ। ਪਰ ਅੱਜ ਉਹ ਮੁਕਾਬਲਾ ਕਰਨ ਵਾਲੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚ ਚਲੇ ਗਏ, ਫੋਕੀ ਵਿਖਾਵੇ ਬਾਜ਼ੀ ਵਿੱਚ। ਉਹਨਾਂ ਦੇ ਮਾਪੇ ਵੱਡੀ ਆਰਥਿਕ ਲੁੱਟ ਕਰਵਾ ਰਹੇ ਹਨ

ਕਾਸ਼! ਸਰਕਾਰ ਨਿੱਜੀ ਥਰਮਲ ਖਰੀਦਣ ਵਾਂਗ ਸਿੱਖਿਆ ਦਾ ਵੀ ਕੋਈ ਅਜਿਹਾ ਜਨਤਕ ਢਾਂਚਾ ਸਿਰਜਦੀ ਕਿ ਦੁਬਾਰਾ ਉਹ ਸੁਨਹਿਰੀ ਸਮਾਂ ਦੇਖਣ ਨੂੰ ਮਿਲਦਾ ਕਿ ਸੇਵਾਦਾਰ ਤੋਂ ਲੈ ਕੇ ਵੱਡੇ ਅਫਸਰ ਤਕ ਦੇ ਬੱਚੇ, ਮਜ਼ਦੂਰ ਤੋਂ ਲੈ ਕੇ ਵੱਡੇ ਸਰਮਾਏਦਾਰ ਦੇ ਬੱਚੇ ਇਕੱਠੇ ਬੈਠ ਕੇ ਪੜ੍ਹਦੇ, ਦਿਲਾਂ ਦੇ ਵਲਵਲੇ ਸਾਂਝੇ ਕਰਦੇ। ਬੱਚੇ ਤਾਂ ਰੱਬ ਦਾ ਰੂਪ ਹੁੰਦੇ ਹਨ। ਜਪਾਨ ਵਿੱਚ ਰਹਿੰਦੇ ਸਾਡੇ ਪੰਜਾਬੀ ਦੇ ਮਕਬੂਲ ਲੇਖਕ ਪਰਮਿੰਦਰ ਸੋਢੀ ਦੀ ਕਿਤਾਬ “ਰੱਬ ਦੇ ਡਾਕੀਏਜੋ ਕਿ ਬੱਚਿਆਂ ਦੇ ਬਚਪਨ, ਬਾਲ ਮਨ, ਭੋਲੇਪਣ ਨੂੰ ਦਰਸਾਉਂਦੀ ਹੈ ਪ੍ਰੰਤੂ ਅੱਜ ਅਸੀਂ ਰੱਬ ਦੇ ਡਾਕੀਏ ਸ਼੍ਰੇਣੀਆਂ ਵਿੱਚ ਵੰਡ ਦਿੱਤੇ ਹਨ। ਕਾਣੀਆਂ ਵੰਡਾਂ ਕਾਰਨ ਅੱਜ ਸਮਾਜ ਖੇਰੂੰ ਖੇਰੂੰ ਹੋ ਰਿਹਾ ਹੈ, ਜਿਸਦੇ ਭਿਆਨਕ ਸਿੱਟੇ ਸਮਾਜ ਨੂੰ ਭੁਗਤਣੇ ਪੈ ਰਹੇ ਹਨ। ਸਿੱਖਿਆ ਦਾ ਮੁੱਖ ਮਨੋਰਥ ਚੰਗਾ ਸਮਾਜ ਸਿਰਜਣਾ ਹੈ ਨਾ ਕਿ ਲੋਕਾਂ ਦੀ ਆਰਥਿਕ ਲੁੱਟ ਕਰਨਾ। ਮੇਰੇ ਵਿਚਾਰ ਸੁਣਨ ਪਿੱਛੋਂ ਬੱਚੇ ਦੇ ਮਾਪੇ ਬੱਚੇ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਲਈ ਸਹਿਮਤ ਹੋ ਗਏ। ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਮੈਂ ਆਪਣੀ ਕੋਸ਼ਿਸ਼ ਵਿੱਚ ਸਫਲ ਹੋ ਗਿਆ ਹਾਂ।  ਪਰ ਸਵਾਲ ਅਜੇ ਵੀ ਜਿਉਂ ਦਾ ਤਿਉਂ ਸਾਡੇ ਸਾਹਮਣੇ ਖੜ੍ਹਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)