HarsantSDhindsa7

“ਵਿਦਿਆਰਥੀਆਂ ਵਿੱਚ ਆਤਮ ਹੱਤਿਆ ਦੀ ਵਧਦੀ ਪ੍ਰਵਿਰਤੀ ਨੂੰ ਰੋਕਣ ਲਈ ਪੰਜਾਬ ...”
(6 ਮਈ 2026)


ਆਧੁਨਿਕਤਾ ਦੇ ਦੌਰ ਵਿੱਚ ਬਹੁਤ ਕੁਝ ਬਦਲਿਆ
, ਕ੍ਰਾਂਤੀਕਾਰੀ ਤਬਦੀਲੀਆਂ ਹੋਈਆਂ। ਬਲਦਾਂ ਨਾਲ ਚੱਲਦੇ ਹਲਾਂ ਤੋਂ ਲੈ ਕੇ ਵੱਡੇ ਵੱਡੇ ਟਰੈਕਟਰ ਆ ਗਏ। ਆਧੁਨਿਕ ਮਾਡਲ ਗੱਡੀਆਂ ਆ ਗਈਆਂ। ਹਰ ਖੇਤਰ ਵਿੱਚ ਬਹੁਤ ਵਿਕਾਸ ਹੋਇਆ। ਕੱਚੇ ਰਾਹਾਂ ਤੋਂ ਵੱਡੀਆਂ ਵੱਡੀਆਂ ਭਾਰਤ ਮਾਲਾ ਵਰਗੀਆਂ ਸੜਕਾਂ ਬਣ ਗਈਆਂ। ਭਾਰਤ ਨੇ ਵਿਕਸਿਤ ਦੇਸ਼ ਬਣਨ ਲਈ ਰਫਤਾਰ ਤੇਜ਼ ਕੀਤੀ। ਬਿਨਾਂ ਸ਼ੱਕ ਬਹੁਤ ਜ਼ਿਆਦਾ ਤਰੱਕੀ ਹੋਈ। ਸਭ ਤੋਂ ਵੱਧ ਤਰੱਕੀ ਤਕਨੀਕ ਦੇ ਖੇਤਰ ਵਿੱਚ ਹੋਈ। ਪੋਸਟ ਕਾਰਡਾਂ ਤੋਂ ਲੈ ਕੇ ਸਮਾਰਟ ਫੋਨਾਂ ਤਕ ਦਾ ਸਫਰ ਤੈਅ ਕੀਤਾ। ਅੱਜ ਹਰ ਵਿਅਕਤੀ ਕੋਲ ਹੋਰ ਕੁਝ ਹੋਵੇ ਨਾ ਹੋਵੇ, ਪਰ ਸਮਾਰਟ ਫੋਨ ਜ਼ਰੂਰ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤਕ, ਹਰ ਵਿਅਕਤੀ ਫੋਨ ਨੂੰ ਚੁੰਬਕ ਵਾਂਗ ਚਿੰਬੜਿਆ ਹੋਇਆ ਹੈ। ਤਕਨੀਕ ਨੇ ਹਰ ਖੇਤਰ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ। ਵਪਾਰ, ਖੇਤੀ ਅਤੇ ਉਦਯੋਗ, ਹਰ ਖੇਤਰ ਦੇ ਵਿੱਚ ਤਕਨੀਕ ਨੇ ਵੱਡੀਆਂ ਤਬਦੀਲੀਆਂ ਕੀਤੀਆਂ।

ਅੱਜ ਦੇ ਤਕਨੀਕੀ ਯੁਗ ਵਿੱਚ ਭਾਵੇਂ ਲੋਕਾਂ ਨੇ ਬਹੁਤ ਕੁਝ ਹਾਸਲ ਕੀਤਾ। ਵਿਦਿਆਰਥੀ ਤਕਨੀਕੀ ਮੁਹਾਰਤ ਦੇ ਨਾਲ ਵੱਡੀਆਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਵਿੱਚ ਪੈਕੇਜ ਲੈ ਰਹੇ ਹਨ, ਸਰਕਾਰੀ ਨੌਕਰੀਆਂ ਦੀ ਤਨਖਾਹ ਜਿਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ ਢੁੱਕਦੀ। ਪਰ ਜੋ ਕੁਝ ਸਾਡਾ ਅਧੁਨਿਕਤਾ ਅਤੇ ਤਕਨੀਕ ਨੇ ਖੋਹਿਆ, ਉਸਦਾ ਵੀ ਕੋਈ ਮੁੱਲ ਨਹੀਂ। ਹਰ ਬੰਦਾ ਵਿਹਲਾ ਹੋ ਕੇ ਵੀ ਆਪਣੇ ਕੰਮ ਦੇ ਵਿੱਚ ਰੁੱਝਿਆ ਹੋਇਆ ਹੈ। ਕੰਮ ਭਾਵੇਂ ਫੋਨ ਦੀ ਵਰਤੋਂ ਹੀ ਹੋਵੇ। ਆਧੁਨਿਕ ਤਰੱਕੀ ਨੇ ਸਾਡਾ ਸਕੂਨ ਖੋਹ ਲਿਆ ਹੈ। ਹਰ ਵਿਅਕਤੀ ਚਿੰਤਾ ਗ੍ਰਸਤ ਹੋ ਰਿਹਾ ਹੈ। ਸਾਡੇ ਬੱਚਿਆਂ ਦੇ ਬਚਪਨ ਅਤੇ ਜਵਾਨੀ ਨੂੰ ਅੱਜ ਦੀ ਤਰੱਕੀ ਨੇ ਸਿਉਂਕ ਵਾਂਗ ਖਾ ਲਿਆ ਹੈ। ਛੋਟੇ ਛੋਟੇ ਬੱਚੇ, ਤਣਾਓ ਵਿੱਚ ਹਨ। ਪ੍ਰੋਫੈਸਰ ਪੂਰਨ ਸਿੰਘ ਨੇ ਜਿਹੜੀ ਅੱਲ੍ਹੜ ਮਸਤ ਜਵਾਨੀ ਦੀ ਗੱਲ ਆਪਣੀ ਕਵਿਤਾ ਵਿੱਚ ਕੀਤੀ ਸੀ, ਉਹ ਛੈਲ ਛਬੀਲੇ ਗੱਭਰੂ ਅੱਜ ਆਤਮ ਹੱਤਿਆਵਾਂ ਦੇ ਰਾਹ ਪੈ ਗਏ ਹਨ। ਸੰਤ ਮਹਾਤਮਾ ਅਤੇ ਪੁਰਾਣੇ ਬਜ਼ੁਰਗ ਛੋਟੇ ਬੱਚਿਆਂ ਨੂੰ ਸਿੱਖਿਆ ਦਿੰਦੇ ਸਨ, “ਪੁੱਤ, ਆਤਮਘਾਤੀ ਮਹਾਂ-ਪਾਪੀ ਹੁੰਦਾ ਹੈ। ਜ਼ਿੰਦਗੀ ਵਿੱਚ ਕਦੇ ਵੀ ਅਜਿਹਾ ਕਦਮ ਨਹੀਂ ਚੁੱਕਣਾ। ਜੇ ਸਾਰੇ ਵਸੀਲੇ ਫੇਲ ਹੋ ਜਾਣ, ਫਿਰ ਵੀ ਤੁਹਾਡੇ ਨਾਲ ਨੀਲੀ ਛਤਰੀ ਵਾਲਾ ਖੜ੍ਹਿਆ ਹੈ। ਜ਼ਿੰਦਗੀ ਸੰਘਰਸ਼ ਦਾ ਨਾਂ ਹੈ। ਬੇਟਾ ਅਡੋਲ ਰਹਿ ਕੇ, ਗੁਰੂਆਂ ਦੇ ਦੱਸੇ ਸਿਧਾਂਤ ’ਤੇ ਚੱਲੋ। ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਜ਼ਿੰਦਗੀ ਬਹੁਤ ਮੁਸ਼ਕਿਲ ਨਾਲ ਮਿਲਦੀ ਹੈ। ਵੇਦਾਂ, ਗ੍ਰੰਥਾਂ ਅਨੁਸਾਰ 84 ਲੱਖ ਜੂਨਾਂ ਭੋਗਣ ਤੋਂ ਬਾਅਦ ਇਨਸਾਨੀ ਜਾਮਾ ਮਿਲਦਾ ਹੈ, ਇਸ ਨੂੰ ਖੁੱਲ੍ਹ ਕੇ ਜੀਵੋ।”

ਪਰ ਅੱਜ ਬੱਚੇ ਦਾਦਾ ਦਾਦੀ ਦੀਆਂ ਇਹ ਕਹਾਣੀਆਂ ਅਤੇ ਕਥਨ ਨਹੀਂ ਸੁਣਦੇ। ਜੇਕਰ ਬੱਚੇ ਨਹੀਂ ਸੁਣਨਗੇ ਤਾਂ ਜਵਾਨੀ ਕਿਵੇਂ ਸੁਣੇਗੀ? ਅੱਜ ਤਾਂ ਹਰ ਚੀਜ਼ ਗੂਗਲ ’ਤੇ ਦੇਖੀ ਜਾਂਦੀ ਹੈ। ਇਨ੍ਹਾਂ ਤਾਂ ਗੂਗਲ ਨੂੰ ਰੱਬ ਮੰਨ ਲਿਆ। ਸਮਾਰਟ ਫੋਨਾਂ ਨੇ ਅੱਜ ਬਜ਼ੁਰਗਾਂ ਦੀ ਥਾਂ ਲੈ ਲਈ ਹੈ। ਕਿਉਂਕਿ ਬਜ਼ੁਰਗਾਂ ਵਾਲੀਆਂ ਗੱਲਾਂ ਹੁਣ ਜਵਾਨੀ ਕੋਲ ਨਹੀਂ ਰਹੀਆਂ, ਰਹਿ ਗਿਆ ਸਮਾਰਟ ਫੋਨ ਵੱਲੋਂ ਦਿੱਤਾ ਮਾਨਸਿਕ ਤਣਾਓ, ਜਿਸ ਕਾਰਨ ਜਵਾਨੀ ਨੇ ਜਿਊਣਾ ਵਿਸਾਰ ਛੱਡਿਆ ਹੈ, ਮੌਤ ਨੂੰ ਮਾਸੀ ਬਣਾ ਲਿਆ ਹੈ। ਛੋਟੇ ਛੋਟੇ ਕਾਰਨਾਂ ਕਰਕੇ ਸਾਡੇ ਪਿਆਰੇ ਬੱਚੇ ਆਤਮ ਹੱਤਿਆ ਦੇ ਰਾਹ ਪੈ ਰਹੇ ਹਨ। ਜਵਾਨੀ, ਜਿਹੜੀ ਜ਼ੋਰ ਕਰਕੇ ਜਾਣੀ ਜਾਂਦੀ ਸੀ, ਅੱਜ ਸੋਹਣੇ ਸੁਨੱਖੇ ਜਵਾਨ, ਪਤਾ ਨਹੀਂ ਚਲਦਾ ਕਦੋਂ ਗੱਲ ਵਿੱਚ ਰੱਸੀ ਪਾ ਕੇ ਛੱਤ ਨਾਲ ਲਟਕ ਜਾਂਦੇ ਹਨ। ਇਹ ਨਹੀਂ ਸੋਚਦੇ ਕਿ ਪਿੱਛੇ ਰਹਿ ਗਏ ਮਾਤਾ ਪਿਤਾ ਦਾ ਕੀ ਹਾਲ ਹੋਵੇਗਾ। ਕਿਸੇ ਫਕੀਰ ਨੇ ਕਿਹਾ ਹੈ ਕਿ ਮੈਨੂੰ ਦੱਸੋ, ਸਭ ਤੋਂ ਵੱਧ ਭਾਰ ਕਿਸ ਚੀਜ਼ ਵਿੱਚ ਹੁੰਦਾ ਹੈ। ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ। ਕਿਸੇ ਨੇ ਵੀ ਤਸੱਲੀਬਖਸ਼ ਜਵਾਬ ਨਾ ਦਿੱਤਾ। ਫਕੀਰ ਕਹਿਣ ਲੱਗਿਆ, “ਪੁੱਤਰੋ! ਜਦੋਂ ਪਿਤਾ ਆਪਣੇ ਬੱਚੇ ਦੀ ਅਰਥੀ ਮੋਢੇ ’ਤੇ ਚੁੱਕਦਾ ਹੈ ਤਾਂ ਉਹ ਸਭ ਤੋਂ ਭਾਰੀ ਹੁੰਦੀ ਹੈ। ਬੇਟਾ, ਅਜਿਹੀ ਘਟਨਾ ਕਿਸੇ ਨਾਲ ਵੀ ਨਾ ਵਾਪਰੇ।”

ਪੁਰਾਤਨ ਸਮੇਂ ਲੋਕ ਸ਼ਾਂਤੀ ਦੇ ਨਾਲ ਰਹਿੰਦੇ ਸਨ। ਕੱਚੇ ਘਰਾਂ ਵਿੱਚ ਪਿਆਰ ਦੀਆਂ ਬਾਤਾਂ ਪੈਂਦੀਆਂ ਸਨ। ਹਰ ਕੋਈ ਕੁਦਰਤੀ ਅਨੰਦ ਵਿੱਚ ਜ਼ਿੰਦਗੀ ਬਤੀਤ ਕਰਦਾ ਸੀ। ਪਰ ਅੱਜ ਉਹ ਸਕੂਨ, ਕਿਧਰੇ ਨਜ਼ਰ ਨਹੀਂ ਆਉਂਦਾ। ਕੁਝ ਘਟਨਾਵਾਂ ਸਮਾਜ ਵਿੱਚ ਅਜਿਹੀਆਂ ਵਾਪਰਦੀਆਂ ਹਨ ਕਿ ਹਰ ਕਿਸੇ ਦਾ ਦਿਲ ਪਸੀਜ ਜਾਂਦਾ ਹੈ। ਅਜਿਹੀ ਹੀ ਘਟਨਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ, ਝੰਡਾ ਲੁਬਾਣਾ ਵਿੱਚ ਵਾਪਰੀ ਹੈ। ਬਲਵਿੰਦਰ ਸਿੰਘ ਨੇ ਫੌਜ ਵਿੱਚ ਭਰਤੀ ਹੋ ਕੇ ਦੁਸ਼ਮਣਾਂ ਦੇ ਨਾਲ ਟੱਕਰ ਲਈ। ਦੇਸ਼ ਦੀ ਰਾਖੀ ਕੀਤੀ, ਬਹੁਤ ਹੀ ਸਕੂਨ ਨਾਲ ਜ਼ਿੰਦਗੀ ਜੀ ਰਿਹਾ ਸੀ। ਪਰਮਾਤਮਾ ਨੇ ਇੱਕ ਬੱਚੇ ਦੀ ਦਾਤ ਬਖਸ਼ੀ। ਜਦੋਂ ਬਲਵਿੰਦਰ ਸਿੰਘ ਦੀ ਚੂੜੇ ਵਾਲੀ ਪਤਨੀ ਘਰ ਆਈ, ਮਾਂ ਨੇ ਪਾਣੀ ਵਾਰਿਆ, ਅਸੀਸਾਂ ਦਿੱਤੀਆਂ, ਪੁੱਤ ਬੁੱਢ ਸੁਹਾਗਣ ਹੋਵੇਂ, ਘਰ ਵਿੱਚ ਪੋਤਾ ਆਵੇ। ਮੈਂ ਪੋਤੇ ਨੂੰ ਗੋਦੀ ਚੁੱਕ ਕੇ ਕਦੇ ਥੱਕਾਂ ਨਾ, ਲੋਰੀਆਂ ਦੇਵਾਂ। ਪਰਮਾਤਮਾ ਨੇ ਨੇੜੇ ਹੋ ਕੇ ਸੁਣੀ। ਪਰਮਾਤਮਾ ਨੇ ਪੋਤੇ ਦੀ ਦਾਤ ਬਖਸ਼ੀ। ਬਲਵਿੰਦਰ ਸਿੰਘ ਪੂਰਾ ਖੁਸ਼। ਪੈਰ ਹੇਠਾਂ ਨਾ ਲੱਗਣ। ਬੱਚੇ ਦੀ ਪਹਿਲੀ ਕਿਲਕਾਰੀ ਨੇ ਬਲਵਿੰਦਰ ਦੀ ਸਾਰੀ ਫੌਜ ਦੀ ਨੌਕਰੀ ਦਾ ਥਕੇਵਾਂ ਲਾਹ ਦਿੱਤਾ। ਧਾਰਮਿਕ ਰਹੁ ਰੀਤਾਂ ਅਨੁਸਾਰ ਬੱਚੇ ਦਾ ਨਾਂ ਰੱਖਿਆ ਨਵਜੋਤ ਸਿੰਘ, ਜਿਸਨੇ ਮਾਪਿਆਂ ਦੇ ਜੀਵਨ ਵਿੱਚ ਨਵੀਂ ਜੋਤ ਜਗਾ ਦਿੱਤੀ। ਬਹੁਤ ਉਮੀਦਾਂ ਸਨ, ਨਵਜੋਤ  ਨੂੰ ਚੰਗੇ ਸਕੂਲ ਵਿੱਚ ਪੜ੍ਹਨ ਲਈ ਪਾਇਆ ਗਿਆ। ਲਾਡਾਂ ਨਾਲ ਪਾਲਿਆ।  ਪਰ ਕੀ ਪਤਾ ਸੀ ਕਿ ਅਚਿੰਤੇ ਬਾਜ਼ ਸਿਰ ’ਤੇ ਮੰਡਲਾ ਰਹੇ ਨੇ। ਮੌਤ ਬੜੀ ਕਲਹਿਣੀ ਹੈ, ਹਰ ਇੱਕ ਨੂੰ ਆਉਣੀ ਹੈ। ਪਰ ਬੇਵਕਤੀ ਮੌਤ ਨੇ ਬਲਵਿੰਦਰ ਸਿੰਘ ਅਤੇ ਉਸਦੇ ਪੂਰੇ ਪਰਿਵਾਰ ਦੇ ਸੁਪਨੇ ਚਕਨਾਚੂਰ ਕਰ ਦਿੱਤੇ। ਨਵਜੋਤ ਮਾਪਿਆਂ ਦੀਆਂ ਅੱਖਾਂ ਦੀ ਜੋਤ ਬੁਝਾ ਗਿਆ। ਇਕਲੌਤੇ ਪੁੱਤਰ ਦੀ ਮੌਤ ਦਾ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ। ਜਿਸਨੇ ਖਬਰ ਸੁਣੀ, ਦਿਲ ਪਸੀਜੇ ਗਏ।

ਪਰ ਅੱਜ ਇਹ ਵਰਤਾਰਾ ਸਮੁੱਚੇ ਭਾਰਤ ਦੇ ਨਾਲ ਸਾਡੇ ਪੰਜਾਬ ਦੇ ਵਿੱਚ ਵੀ ਪ੍ਰਤੀ ਦਿਨ ਆਮ ਵਾਪਰ ਰਿਹਾ ਹੈ। ਕਿਸਾਨਾਂ ਦੀਆਂ ਆਤਮ ਹੱਤਿਆਵਾਂ ਵਿੱਚ ਪੰਜਾਬ ਮੋਹਰੀ ਹੈ। ਦੇਸ਼ ਦੇ ਅੰਕੜਿਆਂ ਅਨੁਸਾਰ ਹਰ ਅੱਧੇ ਘੰਟੇ ਪਿੱਛੋਂ ਇੱਕ ਕਿਸਾਨ ਆਤਮ ਹੱਤਿਆ ਕਰ ਰਿਹਾ ਹੈ। ਬਚਪਨ ਅਤੇ ਜਵਾਨੀ ਆਪਣੇ ਵੱਡਿਆਂ ਨੂੰ, ਆਪਣਾ ਮਾਰਗ ਦਰਸ਼ਨ ਮੰਨਦੀ ਹੈ। ਬੱਚਿਆਂ ਅਤੇ ਨੌਜਵਾਨਾਂ ਵਿੱਚ ਅੱਜ ਆਤਮ ਹੱਤਿਆਵਾਂ ਦਾ ਰੁਝਾਨ ਬਹੁਤ ਵਧ ਰਿਹਾ ਹੈ। ਜਿਹੜੇ ਹੋਣਹਾਰ ਬੱਚਿਆਂ ਨੇ ਆਪਣੇ ਮਾਪਿਆਂ ਦਾ ਬੁਢਾਪੇ ਵਿੱਚ ਸਹਾਰਾ ਬਣਨਾ ਸੀ, ਉਹ ਅੱਜ ਬੱਚੇ ਮਾਨਸਿਕ ਦਬਾਅ ਹੇਠ ਜੀਵਨ ਬਤੀਤ ਕਰ ਰਹੇ ਹਨ, ਜਿਸਦਾ ਸਿੱਟਾ ਮੌਤ ਦਾ ਰਾਹ ਹੈ।

ਕੁਝ ਸਾਲ ਪਹਿਲਾਂ ਇੱਕ ਪਿੰਡ ਦੇ ਨੌਜਵਾਨ ਨੇ ਕਿਸੇ ਦੋਸਤ ਦੇ ਪਿਸਤੌਲ ਨਾਲ ਆਪਣਾ ਸਾਰਾ ਟੱਬਰ ਮਾਰ ਦਿੱਤਾ ਸੀ। ਅਜਿਹੇ ਵਰਤਾਰੇ ਨੂੰ ਦੇਖਣ ਲਈ ਪਤਾ ਨਹੀਂ ਕਿਵੇਂ ਲੜਕੇ ਦਾਦਾ ਜੀਵਤ ਰਹਿ ਗਿਆ ਸੀ, ਜਿਹੜਾ ਆਪਣੇ ਜੀਵਤ ਰਹਿਣ ’ਤੇ ਭੁੱਬਾਂ ਮਾਰ ਕੇ ਰੋ ਰਿਹਾ ਸੀ ਕਿ ਮੈਂ ਤਾਂ ਡੋਲੀ ਵਾਲੀ ਕਾਰ ਦੇ ਉੱਤੋਂ ਪੈਸੇ ਸੁੱਟਣ ਦੀ ਸੋਚ ਰਿਹਾ ਸੀ। ਥੋੜ੍ਹੇ ਦਿਨ ਮੁੰਡੇ ਦੇ ਵਿਆਹ ਵਿੱਚ ਰਹਿ ਗਏ ਸਨ। ਘਰ ਵਿੱਚ ਦੁਲਹਨ ਬਣ ਕੇ ਆਉਣ ਵਾਲੀ ਲੜਕੀ ਦੇ ਸੁਪਨੇ ਚਕਨਾ ਚੂਰ ਹੋ ਗਏ। ਅਜਿਹਾ ਬਿਰਤਾਂਤ ਦੇਖਿਆ ਨਹੀਂ ਜਾ ਰਿਹਾ ਸੀ। ਬਾਬੇ ਨਾਨਕ ਦੀ ਧਰਤੀ ਉੱਤੇ ਇਹ ਕੁਝ ਹੋਵੇਗਾ, ਅੰਦਾਜ਼ਾ ਨਹੀਂ ਸੀ। ਭੁੱਲ ਗਏ ਸਾਡੇ ਨੌਜਵਾਨ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਕੇ ਛਕਣਾ।

ਮਾਪਿਆਂ ਦੀਆਂ ਲੋੜ ਤੋਂ ਵੱਧ ਆਸਾਂ ਬੱਚਿਆਂ ਨੂੰ ਮੌਤ ਦੇ ਰਸਤੇ ਪਾ ਰਹੀਆਂ ਹਨ। ਰਾਜਸਥਾਨ ਦਾ ਸ਼ਹਿਰ ਕੋਟਾ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਅੱਜ ਪੂਰੇ ਭਾਰਤ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਗਿਆ। ਪਰ ਮਾਪੇ ਇਹ ਨਹੀਂ ਸੋਚਦੇ ਕਿ ਕੋਟੇ ਦੇ ਵਿੱਚ ਹੋਰ ਕੋਟਿਆਂ ਵਾਂਗ ਮੌਤ ਦਾ ਕੋਟਾ ਵੀ ਨਿਸ਼ਚਿਤ ਹੋ ਗਿਆ ਹੈ। ਆਏ ਦਿਨ ਆਪਣੀ ਅਸਫਲਤਾ ਦੇ ਕਾਰਨ ਬੱਚੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਕੋਟੇ ਵਿੱਚ ਆਤਮ ਹੱਤਿਆ ਦਾ ਵਰਤਾਰਾ ਆਮ ਹੋ ਗਿਆ। ਜਿਵੇਂ ਪੰਜਾਬ ਦੇ ਵਿੱਚ ਚਿੱਟੇ ਨਾਲ ਹੋਈਆਂ ਮੌਤਾਂ ਅਖਬਾਰਾਂ ਦੀਆਂ ਸੁਰਖੀ ਨਹੀਂ ਬਣਦੀਆਂ, ਕਿਉਂਕਿ ਲੋਕਾਂ ਨੇ ਅਜਿਹੀਆਂ ਖਬਰਾਂ ਨੂੰ ਅਣਗੌਲਿਆ ਕਰਨਾ ਸ਼ੁਰੂ ਦਿੱਤਾ ਹੈ। ਇਹੀ ਹਾਲ ਰਾਜਸਥਾਨ ਦੇ ਸ਼ਹਿਰ ਕੋਟਾ ਵਿੱਚ ਹੈ। ਮਾਪਿਆਂ ਨੂੰ ਅੱਜ ਸੋਚਣ ਦੀ ਲੋੜ ਹੈ ਕਿ ਤੁਸੀਂ ਬੱਚਿਆਂ ਨੂੰ ਬੱਚੇ ਬਣ ਕੇ ਰਹਿਣ ਦਿਓ। ਹਰ ਬੱਚਾ ਡੀਸੀ ਜਾਂ ਐੱਸਐੱਸਪੀ ਨਹੀਂ ਬਣ ਸਕਦਾ। ਬੱਚੇ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਹੱਕ ਹੈ। ਤੁਹਾਡੀਆਂ ਹੱਦ ਤੋਂ ਵੱਧ ਉਮੀਦਾਂ ਬੱਚਿਆਂ ਨੂੰ ਜ਼ਹਿਰ ਨਿਗਲਣ ਅਤੇ ਛੱਤ ਨਾਲ ਲਟਕਣ ਲਈ ਮਜਬੂਰ ਕਰ ਰਹੀਆਂ ਹਨ।

ਅੱਜ ਪੂਰੇ ਭਾਰਤ ਵਿੱਚ ਹਰ ਸਾਲ ਨੌਜਵਾਨਾਂ ਦੀ ਮੌਤ ਦਰ, ਜੋ ਕਿ ਆਤਮਹੱਤਿਆਵਾਂ ਦੇ ਅੰਕੜੇ ਦੱਸਦੇ ਹਨ ਕਿ 10 ਤੋਂ 13 ਹਜ਼ਾਰ ਦੇ ਕਰੀਬ ਨਵੀਂਆਂ ਕਰੁੰਬਲਾਂ ਜ਼ਿੰਦਗੀ ਜਿਊਣ ਤੋਂ ਪਹਿਲਾਂ ਹੀ ਮੌਤ ਨੂੰ ਗਲ ਲਾ ਲੈਂਦੀਆਂ ਹਨ। ਜਦੋਂ ਗੱਲ ਹੱਥੋਂ ਨਿਕਲ ਜਾਂਦੀ ਹੈ, ਫਿਰ ਮਾਪੇ ਪਿੱਟ ਸਿਆਪਾ ਕਰਦੇ ਹਨ, ਸਿਸਟਮ ਨੂੰ ਕੋਸਦੇ ਹਨ। ਪਰ ਇਹ ਨਹੀਂ ਸੋਚਦੇ ਕਿ ਇਸ ਲਈ ਅਸੀਂ ਕਿੰਨੇ ਭਾਗੀਦਾਰ ਹਾਂ। ਜਿਹੜੇ ਘਰਾਂ ਵਿੱਚ ਰੌਣਕਾਂ ਲੱਗਣੀਆਂ ਸਨ, ਜਦੋਂ ਉਹਨਾਂ ਘਰਾਂ ਵਿੱਚ ਮੌਤ ਦੇ ਸੱਥਰ ਵਿਛ ਜਾਂਦੇ ਹਨ ਤਾਂ ਇੰਜ ਲਗਦਾ ਹੈ ਕਿ ਅੱਜ ਪ੍ਰਿੰਸੀਪਲ ਤੇਜਾ ਸਿੰਘ ਵੱਲੋਂ ਸਿਰਜਿਆ ਘਰ ਨਹੀਂ, ਜਿੱਥੇ ਮੁਹੱਬਤ ਅਤੇ ਪਿਆਰ ਦੀਆਂ ਸੱਧਰਾਂ ਪਲਣੀਆਂ ਸਨ, ਇਹ ਇੱਟਾਂ ਦੇ ਢਾਰੇ ਆਪਣੀ ਹੋਣੀ ’ਤੇ ਰੋ ਰਹੇ ਪ੍ਰਤੀਤ ਹੁੰਦੇ ਹਨ। ਸਰਕਾਰਾਂ ਨੇ ਇਸ ਪਾਸੇ ਸੋਚਦਿਆਂ ਕਲਾਸਾਂ ਵਿੱਚੋਂ ਫੇਲ ਹੋਣ ਦਾ ਸਿਸਟਮ ਬਹੁਤ ਘਟਾ ਦਿੱਤਾ ਹੈ, ਗਰੇਡਿੰਗ ਸ਼ੁਰੂ ਕਰ ਦਿੱਤੀ ਹੈ ਕਿ ਕੋਈ ਵਿਦਿਆਰਥੀ ਫੇਲ ਹੋ ਕੇ ਅਜਿਹੇ ਕਦਮ ਨਾ ਚੁੱਕੇ।

ਵਿਦਿਆਰਥੀਆਂ ਵਿੱਚ ਆਤਮ ਹੱਤਿਆ ਦੀ ਵਧਦੀ ਪ੍ਰਵਿਰਤੀ ਨੂੰ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬੱਚਿਆਂ ਲਈ ਇੱਕ ਪੀਰੀਅਡ ਰੁਜ਼ਾਨਾ ਮੈਡੀਟੇਸ਼ਨ ਦਾ ਸ਼ੁਰੂ ਕੀਤਾ ਹੈ। ਇਹ ਬਹੁਤ ਹੀ ਸਲਾਹੁਣਯੋਗ ਫੈਸਲਾ ਹੈ, ਜਿਸ ਨਾਲ ਬੱਚਿਆਂ ਵਿੱਚ ਸਹਿਣਸ਼ੀਲਤਾ ਦੀ ਪ੍ਰਵਿਰਤੀ ਪੈਦਾ ਹੋਵੇਗੀ। ਅੱਜ ਦੇ ਬੱਚੇ ਨੈੱਟ ਦੀ ਧੀਮੀ ਗਤੀ ਸਹਿਣ ਨਹੀਂ ਕਰਦੇ, ਫਿਰ ਉਹ ਵੱਡਿਆਂ ਦੀ ਕਹੀ ਗੱਲ ਕਿਵੇਂ ਸਹਿਣ ਕਰਨਗੇ? ਅੱਜ ਮਾਪਿਆਂ ਨੂੰ ਬੱਚਿਆਂ ’ਤੇ ਅਣਕਿਆਸਿਆ ਬੋਝ ਨਹੀਂ ਪਾਉਣਾ ਚਾਹੀਦਾ। ਖਾਸ ਕਰਕੇ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਨਾਲ ਮਾਪਿਆਂ ਨੂੰ ਮਿੱਤਰਤਾ ਪੂਰਵਕ ਸਬੰਧ ਬਣਾ ਕੇ, ਉਹਨਾਂ ਦੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ। ਅੱਜ ਬੱਚਿਆਂ ਨੂੰ ਕੌਂਸਲਿੰਗ ਦੀ ਜ਼ਰੂਰਤ ਹੈ। ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹਨ। ਬੱਚਿਆਂ ਉੱਤੇ ਕਦੇ ਵੀ ਪੜ੍ਹਾਈ ਜਾਂ ਹੋਰ ਕਿਸੇ ਫੈਸਲੇ ਦਾ ਬੋਝ ਨਾ ਪਾਓ, ਉਹਨਾਂ ਦੀ ਸਹਿਣਸ਼ੀਲਤਾ ਅਨੁਸਾਰ ਹੀ ਉਹਨਾਂ ਵਿੱਚ ਜੀਵਨ ਬਤੀਤ ਕਰਨ ਅਤੇ ਚੰਗੀਆਂ ਆਦਤਾਂ ਗ੍ਰਹਿਣ ਕਰਨ ਦੀ ਪ੍ਰਵਿਰਤੀ ਪੈਦਾ ਕਰੋ। ਸਿੱਖਿਆ ਦਾ ਮੁੱਖ ਮਨੋਰਥ ਚੰਗੇ ਇਨਸਾਨ ਪੈਦਾ ਕਰਨਾ ਹੈ, ਨਾ ਕਿ ਧਨ ਕਮਾਉਣ ਵਾਲੇ ਕੱਲ ਪੁਰਜ਼ੇ। ਉਹ ਕੱਲ ਪੁਰਜੇ, ਜਿਹੜੇ ਮਾਪਿਆਂ ਨੂੰ ਬਿਰਧ ਆਸਰਮਾਂ ਵਿੱਚ ਰੋਲਦੇ ਹਨ। ਬੱਚਿਆਂ ਨੂੰ ਬੱਚੇ ਰਹਿਣ ਦਿਓ, ਉਹਨਾਂ ਨੂੰ ਬਚਪਨ ਅਨੁਸਾਰ ਜ਼ਿੰਦਗੀ ਬਤੀਤ ਕਰਨ ਦਿਓ। ਬੱਚੇ ਫੁੱਲਾਂ ਵਾਂਗ ਹਨ, ਉਹਨਾਂ ਨੂੰ ਖਿੜਨ ਦਿਓ, ਮਧੋਲੋ ਨਾ। ਬੱਚੇ ਪਿਆਰ ਦੇ ਭੁੱਖੇ ਹਨ, ਖੁਸ਼ੀਆਂ ਨਾਲ ਘਰ ਨੂੰ ਭਰ ਦਿੰਦੇ ਹਨ। ਬੱਚਿਆਂ ਨੂੰ ਪੂਰਾ ਪਿਆਰ ਅਤੇ ਸਤਿਕਾਰ ਦਿਓ। ਕਿਉਂਕਿ ਅੱਜ ਦੀ ਸਿੱਖਿਆ ਪ੍ਰਣਾਲੀ ਵਿੱਚ ਬੱਚਿਆਂ ਉੱਤੇ ਬਹੁਤ ਬੋਝਲ ਸਿਲੇਬਸ ਹੈ, ਇਸ ਲਈ ਬੱਚਿਆਂ ਨੂੰ ਪਿਆਰ ਅਤੇ ਸਤਿਕਾਰ ਦੀ ਲੋੜ ਹੈ। ਜੇਕਰ ਆਪਾਂ ਬੱਚਿਆਂ ਨੂੰ ਪਿਆਰ ਕਰਦੇ ਹਾਂ ਤਾਂ ਬੱਚੇ ਉਸ ਤੋਂ ਕਈ ਗੁਣਾ ਵੱਧ ਸਾਨੂੰ ਪਿਆਰ ਕਰਦੇ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)

More articles from this author