HarsantSDhindsa7ਵੋਟਾਂ ਪੈਂਦੀਆਂ ਗਈਆਂਸਰਕਾਰਾਂ ਬਦਲਦੀਆਂ ਗਈਆਂ। ਲੋਕਾਂ ਨੇ ਕਾਂਗਰਸ ਤੋਂ ...
(17 ਮਾਰਚ 2026)


ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਲੋਕਤੰਤਰ ਦੀ ਵਿਆਖਿਆ ਕਰਦਿਆਂ ਅਮਰੀਕਾ ਦੇ ਮਰਹੂਮ ਸਾਬਕਾ ਰਾਸ਼ਟਰਪਤੀ ਅਬਰਾਹਿਮ ਲਿੰਕਨ ਨੇ ਕਿਹਾ ਸੀ ਕਿ ਲੋਕਤੰਤਰੀ ਸਰਕਾਰ ਲੋਕਾਂ ਦੀ
, ਲੋਕਾਂ ਦੁਆਰਾ, ਲੋਕਾਂ ਲਈ ਹੁੰਦੀ ਹੈ। ਦੇਸ ਅਜ਼ਾਦੀ ਤੋਂ ਪਹਿਲਾਂ ਭਾਰਤੀਆਂ ਨੇ ਆਪਣੇ ਹੱਕ ਮੰਗਣ ਲਈ ਅੰਗਰੇਜ਼ ਪੁਲਿਸ ਦੇ ਬਹੁਤ ਸਾਰੇ ਤਸ਼ੱਦਦ ਸਹਿਣ ਕੀਤੇ। ਜਦੋਂ ਅੰਗਰੇਜ਼ੀ ਹਕੂਮਤ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦਿਆਂ ਲਾਲਾ ਲਾਜਪਤ ਰਾਏ ਨੂੰ ਆਪਣੀ ਸ਼ਹਾਦਤ ਦੇਣੀ ਪਈ ਸੀ, ਉਹਨਾਂ ਦੇ ਕਹੇ ਸ਼ਬਦ ਅੱਜ ਵੀ ਅਸੀਂ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਵਿੱਚ ਪੜ੍ਹਾਉਂਦੇ ਹਾਂ ਕੀ ਲਾਲਾ ਜੀ ਨੇ ਕਿਹਾ ਸੀ ਕੀ ਬ੍ਰਿਟਿਸ਼ ਪ੍ਰਸ਼ਾਸਨ ਵੱਲੋਂ ਮੇਰੇ ਸਰੀਰ ’ਤੇ ਮਾਰਿਆ ਇੱਕ ਇੱਕ ਡੰਡਾ, ਅੰਗਰੇਜ਼ੀ ਸਾਮਰਾਜ ਦੇ ਅੰਤਿਮ ਕੱਫਣ ਦੇ ਵਿੱਚ ਕਿੱਲ ਸਾਬਤ ਹੋਵੇਗਾ। ਲਾਲਾ ਲਾਜਪਤ ਰਾਏ ਦੀ ਮੌਤ ਦੇ ਨਾਲ ਨੌਜਵਾਨਾਂ ਵਿੱਚ ਅੰਗਰੇਜ਼ੀ ਰਾਜ ਵਿਰੁੱਧ ਬਹੁਤ ਗੁੱਸਾ ਭੜਕ ਗਿਆ। ਅੰਗਰੇਜ਼ ਹਕੂਮਤ ਨੇ ਭਾਰਤੀਆਂ ਉੱਤੇ ਸਮੇਂ ਸਮੇਂ ਤੇ ਬਹੁਤ ਜ਼ੁਲਮ ਢਾਹੇ, ਜਿਸਦੇ ਇਵਜ਼ ਵਜੋਂ ਬਹੁਤ ਕੁਰਬਾਨੀਆਂ ਹੋਈਆਂ। ਸਮੁੱਚੇ ਦੇਸ਼ ਵਾਸੀਆਂ ਵਿੱਚ ਅਜ਼ਾਦੀ ਪ੍ਰਾਪਤ ਕਰਨ ਦਾ ਬਹੁਤ ਵੱਡਾ ਸੁਪਨਾ ਸੀ। ਸੁਪਨਾ ਪ੍ਰਾਪਤ ਕਰਦੇ ਕਰਦੇ ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦੇ ਆਜ਼ਮ ਭਗਤ ਸਿੰਘ ਵਰਗੇ ਅਨੇਕਾਂ ਹੀ ਨੌਜਵਾਨਾਂ ਨੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਚੁੰਮ ਕੇ ਗਲਾਂ ਵਿੱਚ ਪਾਇਆ।  ਉਹਨਾਂ ਦੀ ਸੋਚ ਸੀ ਕਿ ਸਾਡੇ ਖੂਨ ਦਾ ਕਤਰਾ ਕਤਰਾ ਭਾਰਤ ਦੇਸ਼ ਦੀ ਤਕਦੀਰ ਬਦਲੇਗਾ, ਗੁਲਾਮੀ ਦੀਆਂ ਜ਼ੰਜੀਰਾਂ ਟੁੱਟਣਗੀਆਂ, ਭਾਰਤ ਦੀ ਆਰਥਿਕ ਲੁੱਟ ਬੰਦ ਹੋਵੇਗੀ, ਸਾਡਾ ਦੇਸ਼ ਖੁਸ਼ਹਾਲੀ ਦੀ ਜ਼ਿੰਦਗੀ ਜੀਵੇਗਾ। ਭਾਰਤ ਦੇ ਨਾਗਰਿਕ ਆਜ਼ਾਦ ਫਿਜ਼ਾ ਵਿੱਚ ਸਾਹ ਲੈਣਗੇ। ਅਣਗਿਣਤ ਦੇਸ ਭਗਤ ਅਜ਼ਾਦੀ ਦਾ ਸੂਰਜ ਉਡੀਕਦੇ ਉਡੀਕਦੇ ਜੇਲ੍ਹਾਂ ਭੋਗਦੇ ਕੇ ਚਲੇ ਗਏ ਕਿ ਕਦੋਂ ਉਹ ਸੋਨੇ ਦੀ ਸਵੇਰ ਆਵੇਗੀ, ਜਿਸ ਸਬੰਧੀ ਪੰਜਾਬੀ ਦੇ ਜੁਝਾਰਵਾਦੀ ਕਵੀ ਅਵਤਾਰ ਪਾਸ਼ ਨੇ ਲਿਖਿਆ ਸੀ...

“ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ,
ਨੱਚੇਗਾ ਅੰਬਰ ਧਰਤੀ ਗਾਊ ਹਾਣੀਆਂ।

ਲੰਬੇ ਸੰਘਰਸ਼ਾਂ ਤੋਂ ਬਾਅਦ ਉਸ ਸੋਨੇ ਦੀ ਸਵੇਰ ਨੇ ਦਸਤਕ ਦਿੱਤੀ। ਭਾਰਤ ਭਾਵੇਂ ਦੋ ਟੁਕੜਿਆ ਵਿੱਚ ਵੰਡਿਆ ਗਿਆ, ਭਾਰਤ ਅਤੇ ਪਾਕਿਸਤਾਨ, ਲਈ 15 ਅਗਸਤ 1947 ਦਾ ਉਹ ਸੂਰਜ ਬਹੁਤ ਆਸਾਂ ਲੈ ਕੇ ਚੜ੍ਹਿਆ। ਅਜ਼ਾਦੀ ਨੇ ਭਾਰਤੀਆਂ ਦੇ ਬਰੂਹਾਂ ’ਤੇ ਦਸਤਕ ਦਿੱਤੀ। ਹਰ ਨਾਗਰਿਕ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਂ ਰਿਹਾ ਸੀ। ਲੋਕ ਸੋਚ ਰਹੇ ਸਨ ਕਿ ਹੁਣ ਭਾਰਤ ਦਾ ਸਰਮਾਇਆ ਲੁੱਟਿਆ ਨਹੀਂ ਜਾਵੇਗਾ। ਸਾਡੇ ਦੇਸ਼ ਦਾ ਪੈਸਾ ਸਾਡੇ ਦੇਸ਼ ਦੇ ਵਿਕਾਸ ਤੇ ਲੱਗੇਗਾ, ਲੋਕਾਂ ਦੇ ਉੱਤੇ ਡਾਂਗਾਂ ਨਹੀਂ ਵਰਸਣਗੀਆਂ, ਕਿਉਂਕਿ ਹੁਣ ਅੰਗਰੇਜ਼ ਸਰਕਾਰਾਂ ਦਾ ਰਾਜ ਨਹੀਂ ਰਿਹਾ, ਸਾਡੀ ਆਪਣੀ ਸਰਕਾਰ, ਸਾਡੀ ਚੁਣੀ ਹੋਈ ਸਰਕਾਰ, ਸਾਡੇ ’ਤੇ ਰਾਜ ਨਹੀਂ, ਸਗੋਂ ਸਾਡੀ ਸੇਵਾ ਕਰੇਗੀ। ਸੰਨ 1952 ਵਿੱਚ ਭਾਰਤੀ ਸੰਵਿਧਾਨ ਅਨੁਸਾਰ ਪਹਿਲੀਆਂ ਚੋਣਾਂ ਭਾਰਤ ਵਿੱਚ ਹੋਈਆਂ। ਲੋਕਾਂ ਦੀ ਚੁਣੀ ਹੋਈ ਸਰਕਾਰ ਹੋਂਦ ਵਿੱਚ ਆਈ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਰਾਜ ਸੱਤਾ ਸੰਭਾਲੀ, ਕਾਂਗਰਸ ਦੀ ਸਰਕਾਰ, ਪੂਰੇ ਬਹੁਮਤ ਨਾਲ ਚੁਣੀ ਹੋਈ। ਜਦੋਂ ਸਰਕਾਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕੀਤੇ, ਜਿਸ ਤੋਂ ਸਮੁੱਚੇ ਦੇਸ਼ ਵਾਸੀਆਂ ਦੀਆਂ ਖੁਸ਼ੀਆਂ ਦਾ ਸੁਪਨਾ ਟੁੱਟਣਾ ਸ਼ੁਰੂ ਹੋ ਗਿਆ। ਲੋਕ ਸੋਚਣ ਲੱਗੇ ਕਿ ਦੇਸ਼ ਦੀ ਅਜ਼ਾਦੀ ਦੇ ਨਾਂ ਹੇਠ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਆਪਾਂ ਧੋਖਾ ਖਾ ਗਏ ਹੋਈਏ। ਧੀਰਜ ਵੀ ਇੱਕ ਵੱਡੀ ਚੀਜ਼ ਹੈ, ਲੋਕਾਂ ਸੋਚਿਆ ਕਿ ਸਮਾਂ ਬਦਲੇਗਾ, ਦਿਨ ਬਦਲਣਗੇ, ਲੋਕਤੰਤਰ ਜ਼ਰੂਰ ਖੁਸ਼ਹਾਲੀ ਦਾ ਮੁੱਢ ਬੰਨ੍ਹੇਗਾ। ਲੋਕ ਸੋਚਦੇ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਝੂਠ ਥੋੜ੍ਹੀ ਬੋਲਦੇ ਸਨ ਕਿ ਤੁਸੀਂ ਅਜ਼ਾਦੀ ਪ੍ਰਾਪਤ ਕਰੋ‌, ਅਜ਼ਾਦੀ ਤੁਹਾਡੀ ਤਕਦੀਰ ਬਦਲ ਦੇਵੇਗੀ।

ਵੋਟਾਂ ਪੈਂਦੀਆਂ ਗਈਆਂ, ਸਰਕਾਰਾਂ ਬਦਲਦੀਆਂ ਗਈਆਂ। ਲੋਕਾਂ ਨੇ ਕਾਂਗਰਸ ਤੋਂ ਬਿਨਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਸਰਕਾਰਾਂ ਦੀਆਂ ਕੁੰਜੀਆਂ ਸੌਂਪ ਕੇ ਦੇਖੀਆਂ ਪਰ ਅਮੀਰ ਹੋਰ ਅਮੀਰ ਹੁੰਦੇ ਗਏ, ਕਿਉਂਕਿ ਸਰਕਾਰਾਂ ਚਲਾਉਣ ਵਾਲੀਆਂ ਰਾਜਨੀਤਿਕ ਪਾਰਟੀਆਂ ਦੀ ਵਾਗਡੋਰ ਪੂੰਜੀਪਤੀ ਘਰਾਣਿਆਂ ਦੇ ਹੱਥ ਵਿੱਚ ਆ ਗਈ। ਪੂੰਜੀਪਤੀ ਘਰਾਣੇ ਸਰਕਾਰਾਂ ਨੂੰ ਤਾਸ਼ ਦੀ ਬਾਜ਼ੀ ਵਾਂਗ ਬਦਲਣ ਲੱਗੇ। ਪੂੰਜੀਪਤੀਆਂ ਨੇ ਰਾਜਨੀਤਿਕ ਸਿਸਟਮ ਨੂੰ ਇੱਥੋਂ ਤਕ ਕਾਬੂ ਕਰ ਲਿਆ ਕਿ ਉਹ ਪਾਰਟੀ ਹੀ ਰਾਜ ਕਰੇਗੀ ਜੋ ਉਹਨਾਂ ਦੀ ਅਗਵਾਈ ਨੂੰ ਮਨਜ਼ੂਰ ਕਰੇਗੀ। ਦੁਨੀਆਂ ਦੇ ਮਹਾਨ ਚਿੰਤਕ ਕਾਰਲ ਮਾਰਕਸ ਦੇ ਇਹ ਸ਼ਬਦ ਸੱਚੇ ਜਾਪਣ ਲੱਗੇ ਕਿ ਦੁਨੀਆਂ ਦੇ ਲੋਕੋ, ਤੁਸੀਂ ਵੋਟਾਂ ਪਾ ਕੇ ਸਰਕਾਰਾਂ ਨਹੀਂ ਬਦਲ ਰਹੇ, ਤੁਸੀਂ ਤਾਂ ਸਿਰਫ ਵਿਸ਼ਿਸ਼ਟ ਵਰਗ ਬਦਲ ਕੇ ਖੁਸ਼ ਹੋ ਲੈਂਦੇ ਹੋ, ਇਹ ਰਾਜਨੀਤਿਕ ਲੋਕਾਂ ਦੀ ਇੱਕੋ ਸ਼੍ਰੇਣੀ ਹੈ, ਭਾਵੇਂ ਰਾਜਨੀਤਿਕ ਪਾਰਟੀ ਕੋਈ ਵੀ ਹੋਵੇ, ਤੁਹਾਡੇ ਉੱਤੇ ਰਾਜ ਸਿਰਫ ਪੂੰਜੀਪਤੀ ਲੋਕ ਹੀ ਕਰ ਰਹੇ ਹਨ।

ਰਾਜਨੀਤਿਕ ਸਿਸਟਮ ਤੋਂ ਹਤਾਸ਼ ਹੋਏ ਲੋਕਾਂ ਨੇ ਸੰਘਰਸ਼ਾਂ ਦੇ ਬਿਗਲ ਵਜਾ ਦਿੱਤੇ, ਝੰਡਿਆਂ ਦੇ ਵਿੱਚ ਡੰਡੇ ਪਾ ਲਏ। ਸ਼ਹੀਦ ਭਗਤ ਸਿੰਘ ਦੀ ਸੋਚ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਸੋਚਿਆ ਕਿ ਭਗਤ ਸਿਉਂ ਸੱਚ ਕਹਿ ਰਿਹਾ ਸੀ ਕਿ ਲੋਕੋ ਅਜ਼ਾਦੀ ਜ਼ਰੂਰ ਮਿਲੇਗੀ, ਅਜ਼ਾਦੀ ਦੀ ਮੰਜ਼ਿਲ ਨੇੜੇ ਹੈ, ਪਰ ਜੋ ਅਜ਼ਾਦੀ ਤੋਂ ਬਾਅਦ ਸਾਮਰਾਜਵਾਦੀ ਸਿਸਟਮ ਅਧੀਨ ਤੁਹਾਡਾ ਸ਼ੋਸ਼ਣ ਹੋਵੇਗਾ, ਉਹ ਇਸ ਗੁਲਾਮੀ ਤੋਂ ਵੀ ਭੈੜਾ ਹੋਵੇਗਾ। ਅੱਜ ਪੂਰੇ ਦੇਸ਼ ਦਾ ਸਰਮਾਇਆ ਮੁੱਠੀ ਭਰ ਘਰਾਣਿਆਂ ਦੇ ਹੱਥਾਂ ਵਿੱਚ ਆ ਗਿਆ ਹੈ। ਗਰੀਬੀ ਘੋੜੇ ਦੀ ਰਫਤਾਰ ਵਾਂਗ ਵਧ ਰਹੀ ਹੈ।

ਲੋਕਤੰਤਰ ਵਿਚਾਰਾਂ ਦੀ ਅਜ਼ਾਦੀ ਦੀ ਵੱਡੀ ਹਿਮਾਇਤ ਕਰਦਾ ਹੈ ਕਿ ਲੋਕ ਆਪਣੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ।  ਰੋਸ, ਮਜਾਰੇ, ਧਰਨੇ, ਹੜਤਾਲਾਂ ਲੋਕਤੰਤਰੀ ਪ੍ਰਣਾਲੀ ਦੇ ਸੱਭਿਆਚਾਰ ਦਾ ਅਨਿੱਖੜਵਾ ਅੰਗ ਹਨ, ਜਿਨ੍ਹਾਂ ਦੀ ਪ੍ਰੋੜ੍ਹਤਾ ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੇ ਵੀ ਕੀਤੀ ਸੀ। ਪਰ ਅੱਜ ਹੱਕ ਮੰਗਦੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ, ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਕਰਮਚਾਰੀ ਜਥੇਬੰਦੀਆਂ ਜੇਕਰ ਸੰਘਰਸ਼ ਦਾ ਰਾਹ ਇਖਤਿਆਰ ਕਰਦੀਆਂ ਹਨ ਤਾਂ ਸੰਘਰਸ਼ ਲਈ ਇਕੱਤਰ ਹੋਏ ਲੋਕਾਂ ਨੂੰ ਛੱਲੀਆਂ ਵਾਂਗ ਪੁਲਿਸ ਤੋਂ ਕੁਟਵਾਇਆ ਜਾਂਦਾ ਹੈ। ਸਿਧਾਂਤਕ ਤੌਰ ’ਤੇ ਲੋਕਤੰਤਰ ਵਿੱਚ ਵਿਰੋਧੀ ਵਿਚਾਰਾਂ ਦੀ ਹਮੇਸ਼ਾ ਕਦਰ ਕੀਤੀ ਜਾਂਦੀ ਹੈ, ਪਰ ਵਰਤਮਾਨ ਸਮੇਂ ਵਿਰੋਧੀ ਵਿਚਾਰਾਂ ਦਾ ਪੱਕੇ ਰੂਪ ਵਿੱਚ ਦਮਨ ਕੀਤਾ ਜਾ ਰਿਹਾ ਹੈ।

ਪੰਜਾਬ ਵਿੱਚ ਪੁਲਿਸ ਦੀ ਵਧਦੀ ਸਖਤੀ ਦੀ ਗੱਲ ਕਰਦਿਆਂ ਇੱਕ ਰਾਜਨੀਤਿਕ ਆਗੂ ਨੇ ਕਿਹਾ ਸੀ ਕਿ ਪੰਜਾਬ ਅਜਿਹਾ ਰਾਜ ਹੈ ਜਿਸ ਵਿੱਚ ਪੁਲਿਸ ਦੀ ਨਫਰੀ ਜੰਮੂ ਕਸ਼ਮੀਰ ਨਾਲੋਂ ਵੀ ਜ਼ਿਆਦਾ ਹੈ। ਭਾਵੇਂ ਕਿ ਜੰਮੂ ਕਸ਼ਮੀਰ ਸਰਹੱਦ ਦੇ ਹੋਣ ਕਾਰਨ ਇੱਕ ਸੰਵੇਦਨਸ਼ੀਲ ਸੂਬਾ ਹੈ, ਪਰ ਪੰਜਾਬ ਸਰਕਾਰ ਪਿਛਲੇ ਸਮੇਂ ਤੋਂ ਲੋਕਾਂ ਨੂੰ ਦਬਾਉਣ ਲਈ ਵੱਧ ਤੋਂ ਵੱਧ ਪੁਲਿਸ ਭਰਤੀ ’ਤੇ ਜ਼ੋਰ ਦੇ ਰਹੀ ਹੈ। ਉਸਨੇ ਕਿਹਾ ਕਿ ਮੈਂ ਰੁਜ਼ਗਾਰ ਦਾ ਵਿਰੋਧੀ ਨਹੀਂ, ਸਰਕਾਰ ਨੂੰ ਹੋਰ ਖੇਤਰਾਂ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਮੁਹਈਆ ਕਰਾਉਣਾ ਚਾਹੀਦਾ ਹੈ। ਤੁਸੀਂ ਸਵੇਰ ਸਮੇਂ ਕਿਧਰੇ ਜਾਵੋ, ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਕਿਉਂਕਿ ਸਰਕਾਰ ਦੇ ਮਨਸੂਬੇ ਹੱਕ ਮੰਗਦੇ ਲੋਕਾਂ ਦੀ ਗੱਲ ਸੁਣਨ ਦੇ ਨਹੀਂ, ਸਗੋਂ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਣ ਅਤੇ ਲਾਠੀ ਚਾਰਜ ਕਰਕੇ ਦਬਾਉਣ ਦੇ ਹਨ। ਸਰਕਾਰਾਂ ਦਾ ਇਹ ਨਜ਼ਰੀਆ ਲੋਕਤੰਤਰ ਵਿਰੋਧੀ ਹੈ।

ਪੰਜਾਬ ਇੱਕ ਅਜਿਹਾ ਸੂਬਾ ਹੈ, ਜਿਸਨੇ ਦੇਸ਼ ਅਜ਼ਾਦੀ ਲਈ ਵਧ ਚੜ੍ਹ ਕੇ ਕੁਰਬਾਨੀਆਂ ਕੀਤੀਆਂ, ਦੇਸ਼ ਦੇ ਵਿਕਾਸ ਵਿੱਚ ਵਧ ਚੜ੍ਹ ਕੇ ਹਿੱਸਾ ਪਾਇਆ। ਪੰਜਾਬੀਆਂ ਨੇ ਲੋਕਤੰਤਰ ਦਾ ਦਮਨ ਕਰਨ ਵਾਲੀਆਂ ਸਕਤੀਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਪਿਛਲੇ ਸਮੇਂ ਵਿੱਚ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਪਰਨਾਈ ਹੋਈ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਲਿਆਂਦੀ ਪਰ ਪੰਜਾਬੀ ਅੱਜ ਵੀ ਪੁਲਿਸ ਦੀਆਂ ਲਾਠੀਆਂ ਖਾ ਰਹੇ ਹਨ। ਇਸ ਸਰਕਾਰ ਤੋਂ ਬਹੁਤ ਆਸ ਸੀ ਕਿ ਲੋਕਤੰਤਰੀ ਕਦਰਾਂ ਕੀਮਤਾਂ ਜ਼ਰੂਰ ਬਹਾਲ ਹੋਣਗੀਆਂ ਪਰ ਜਦੋਂ ਹੁਣ ਕਦੇ ਬੇਰੁਜ਼ਗਾਰਾਂ, ਕਦੇ ਸੰਘਰਸ਼ ਕਰਦੇ ਕਿਸਾਨਾਂ ਉੱਤੇ, ਕਦੇ ਕਰਮਚਾਰੀਆਂ ਉੱਤੇ ਪੁਲਿਸ ਦੀਆਂ ਲਾਠੀਆਂ ਵਰਦੀਆਂ ਹਨ ਤਾਂ ਇੰਝ ਲਗਦਾ ਹੈ ਕਿ ਸ਼ਹੀਦ ਭਗਤ ਸਿੰਘ ਲੋਕਾਂ ਨੂੰ ਸੰਘਰਸ਼ ਲਈ ਪੁਕਾਰ ਰਿਹਾ ਹੈ, ਪੰਜਾਬੀਓ ਕਦੇ ਵੀ ਸੰਘਰਸ਼ ਦਾ ਰਸਤਾ ਨਾ ਤਿਆਗਿਓ, ਸੰਘਰਸ਼ ਅੱਗੇ ਵੱਡੀਆਂ ਵੱਡੀਆਂ ਜਾਬਰ ਸ਼ਕਤੀਆਂ ਝੁਕੀਆਂ ਹਨ, ਤੁਹਾਡੀ ਜਿੱਤ ਯਕੀਨੀ ਹੈ, ਤੁਸੀਂ ਜ਼ਰੂਰ ਜਿੱਤੋਗੇ।

ਪੰਜਾਬ ਦੇ ਲੋਕ ਹਮੇਸ਼ਾ ਸੰਘਰਸ਼ਸ਼ੀਲ ਰਹੇ ਹਨ। ਇਹ ਕਦੇ ਦਮਨਕਾਰੀ ਨੀਤੀਆਂ ਅੱਗੇ ਝੁਕਣਗੇ ਨਹੀਂ। ਜਿੱਤ ਲੜਦੇ ਲੋਕਾਂ ਦੀ ਹੋਵੇਗੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਹਰਸੰਤ ਸਿੰਘ ਢੀਂਡਸਾ

ਹਰਸੰਤ ਸਿੰਘ ਢੀਂਡਸਾ

Whatsapp: (91 - 94179 - 24177)
Email: (harsantsinghdhindsa0033@gmail.com)