“ਜਿਵੇਂ ਕਿਹਾ ਜਾਂਦਾ ਹੈ, ਮਿਹਨਤ ਅੱਗੇ ਮੰਜ਼ਿਲ ਛੋਟੀ ਪੈ ਜਾਂਦੀ ਹੈ, ਉਸੇ ਤਰ੍ਹਾਂ ਹੀ ਗੁਰਸੇਵਕ ...”
(6 ਫਰਵਰੀ 2026)
“ਸਰ, ਮੈਨੂੰ ਨੌਕਰੀ ਮਿਲ ਗਈ ...” ਜਦੋਂ ਮੈਨੂੰ ਇਹ ਸ਼ਬਦ ਸੁਣਨ ਨੂੰ ਮਿਲੇ ਤਾਂ ਮੇਰੇ ਮਨ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਹ ਸ਼ਬਦ ਮੇਰੇ ਪਿਆਰੇ ਵਿਦਿਆਰਥੀ ਗੁਰਸੇਵਕ ਸਿੰਘ ਦੇ ਸਨ। ਮੇਰਾ ਮਨ ਅਤੀਤ ਦੇ ਵਿੱਚ ਚਲਿਆ ਗਿਆ। ਸੰਨ 2011 ਵਿੱਚ ਜਦੋਂ ਮੈਂ ਨਵਾਂ ਨਵਾਂ ਲੈਕਚਰਾਰ ਬਣ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਦੀਹਰੀ-ਰਾਏਧਰਾਣਾ ਵਿਖੇ ਆਇਆ ਤਾਂ ਉਸ ਸਮੇਂ ਹੀ ਗੁਰਸੇਵਕ ਸਿੰਘ ਨੂੰ ਉਸਦਾ ਚਾਚਾ ਦਾਖਲ ਕਰਾਉਣ ਲਈ ਸਕੂਲ ਵਿੱਚ ਸਬੱਬੀਂ ਆ ਗਿਆ। ਉਸਦੇ ਚਾਚਾ ਜੀ ਦੇ ਕਹੇ ਬੋਲ ਮੇਰੇ ਧੁਰ ਦਿਲ ਵਿੱਚ ਬਹਿ ਗਏ। ਪਿੰਡ ਡੂਡੀਆਂ ਮੂਨਕ ਬੈਲਟ ਦੇ ਵਾਂਗਰੂ ਪਿੰਡਾਂ ਵਿੱਚ ਆਉਂਦਾ ਹੈ। ਗੁਰਸੇਵਕ ਦਾ ਚਾਚਾ ਵਾਂਗਰੂ ਬੋਲੀ ਬੋਲ ਰਿਹਾ ਸੀ। ਉਸਨੇ ਕਿਹਾ, “ਮਾਸਟਰ ਜੀ, ਇਸ ਛੋਰ੍ਹੇ ਕੇ ਮਾਂ ਬਾਪ ਇਸ ਕੋ ਬਚਪਨ ਮੇ ਹੀ ਛੋੜ ਕੇ ਪਰਮਾਤਮਾ ਕੇ ਸਾਥ ਚਲੇ ਗਏ, ਈਵ ਮੈਂ ਹੀ ਇਸ ਕਾ ਸਹਾਰਾ ਹੂੰ, ਈਵ ਥਮੇ ਹੀ ਇਸਕੇ ਮਾਸਟਰ ਅਤੇ ਮਾਂ ਬਾਪ ਹੋ। ਮੇਰੀ ਤੋਂ ਥਾਰੇ ਪਰ ਆਸ ਹੈ, ਇਸੇ ਮਾੜੀ ਸੰਗਤ ਸੇ ਵਿਚਾਨਾ।”
ਗੁਰਸੇਵਕ ਸਿੰਘ ਦੇ ਚਾਚਾ ਜੀ ਦੇ ਕਹੇ ਇਹ ਬੋਲ ਮੇਰੇ ’ਤੇ ਵੱਡੀ ਜ਼ਿੰਮੇਵਾਰੀ ਪਾ ਗਏ। ਮੈਨੂੰ ਗੁਰਸੇਵ ਵਿੱਚ ਆਸ ਦੀ ਕਿਰਨ ਦਿਖਾਈ ਦੇਣ ਲੱਗੀ। ਉਹ ਮੈਨੂੰ ਬਹੁਤ ਪਿਆਰਾ ਵਿਦਿਆਰਥੀ ਜਾਪਣ ਲੱਗਿਆ। ਗੁਰਸੇਵਕ ਪੇਂਡੂ ਮੁੰਡਾ, ਡੀਲ ਡੌਲ ਦੇ ਵਿੱਚ ਖੁੱਲ੍ਹਾ, ਤਕੜਾ ਜੁੱਸਾ ਅਤੇ ਖੇਡਾਂ ਵਿੱਚ ਰੁਚੀ ਰੱਖਦਾ ਸੀ। ਪੜ੍ਹਨ ਵਿੱਚ ਵੀ ਉਹ ਵਧੀਆ ਸੀ। ਮੈਂ ਗੁਰਸੇਵਕ ਨੂੰ ਕਹਿੰਦਾ ਰਹਿੰਦਾ, ਬੇਟਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਤੇਰਾ ਸਹਾਰਾ ਪੜ੍ਹਾਈ ਹੀ ਬਣ ਸਕਦੀ ਹੈ। ਮੈਂ ਅਕਸਰ ਹੀ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ ਸਾਬਕਾ ਰਾਸ਼ਟਰਪਤੀ ਮਰਹੂਮ ਅਬਦੁਲ ਕਲਾਮ ਜੀ ਬਾਰੇ ਦੱਸਦਾ ਰਹਿੰਦਾ ਕਿ ਕਿੰਨੀ ਗਰੀਬੀ ਵਿੱਚ ਉਹਨਾਂ ਸਿੱਖਿਆ ਪ੍ਰਾਪਤ ਕੀਤੀ। ਮੈਂ ਵਿਦਿਆਰਥੀਆਂ ਨੂੰ ਕਲਾਮ ਸਾਹਿਬ ਦੀ ਜੀਵਨੀ “ਅਗਨੀ ਪੰਖ” ਪੜ੍ਹਨ ਲਈ ਪ੍ਰੇਰਿਤ ਕਰਦਾ।
ਗੁਰਸੇਵਕ ਖੇਡਣ ਦੇ ਨਾਲ ਨਾਲ ਪੜ੍ਹਨ ਵਿੱਚ ਵੀ ਪੂਰੀ ਰੁਚੀ ਰੱਖਦਾ ਅਤੇ ਮੇਰਾ ਆਗਿਆਕਾਰ ਵਿਦਿਆਰਥੀ ਰਿਹਾ। ਇਸ ਮੇਰੇ ਪਿਆਰੇ ਵਿਦਿਆਰਥੀ ਨਾਲ ਮੇਰਾ ਦਿਲੀ ਲਗਾਓ ਸੀ। ਗਿਆਰ੍ਹਵੀਂ ਜਮਾਤ ਵਿੱਚੋਂ ਉਹ ਚੰਗੇ ਨੰਬਰ ਲੈ ਕੇ ਪਾਸ ਹੋਇਆ। ਬਾਰ੍ਹਵੀਂ ਜਮਾਤ ਵਿੱਚ ਵੀ ਮੈਂ ਰਾਜਨੀਤੀ ਸ਼ਾਸਤਰ ਵਿਸ਼ਾ ਹੀ ਪੜ੍ਹਾਉਂਦਾ ਸੀ। ਮੈਂ ਵਿਦਿਆਰਥੀਆਂ ਨੂੰ ਹਰ ਸਮੇਂ ਇੱਕ ਹੀ ਗੱਲ ਕਹਿੰਦਾ ਕਿ ਬੱਚਿਓ ਪਾਸ ਹੋਣਾ ਕੋਈ ਔਖੀ ਗੱਲ ਨਹੀਂ, ਪਰ ਅੱਜ ਪਾਸ ਵਿਦਿਆਰਥੀਆਂ ਦਾ ਕੋਈ ਮੁੱਲ ਨਹੀਂ, ਮੁੱਲ ਸਿਰਫ ਚੰਗੇ ਨੰਬਰਾਂ ਦਾ ਹੈ। ਜੇਕਰ ਤੁਹਾਡੀ ਮੈਰਿਟ ਚੰਗੀ ਹੋਵੇਗੀ ਤਾਂ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ। ਚੰਗੇ ਨੰਬਰ ਲੈਣ ਲਈ ਸਾਰਾ ਸਾਲ ਮਿਹਨਤ ਕਰਨੀ ਪਵੇਗੀ। ਮਿਹਨਤ ਦਾ ਮੁੱਲ ਮੈਂ ਨਹੀਂ, ਕੁਦਰਤ ਜ਼ਰੂਰ ਪਾਉਂਦੀ ਹੈ। ਜੇ ਤੁਸੀਂ ਸੱਚੇ ਦਿਲੋਂ ਆਸ ਰੱਖ ਕੇ ਮਿਹਨਤ ਕਰੋਂਗੇ, ਤੁਹਾਡਾ ਟੀਚਾ ਜ਼ਰੂਰ ਪੂਰਾ ਹੋਵੇਗਾ। ਮੈਂ ਅਵਤਾਰ ਪਾਸ਼ ਦੀਆਂ ਤੁਕਾਂ ਹਮੇਸ਼ਾ ਵਿਦਿਆਰਥੀਆਂ ਦੇ ਨਾਲ ਸਾਂਝੀਆਂ ਕਰਦਾ, “ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਸ਼ਾਹ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ... ਸਾਨੂੰ ਕਦੇ ਆਪਣੇ ਸੁਪਨਿਆਂ ਨੂੰ ਨਹੀਂ ਮਾਰਨਾ ਚਾਹੀਦਾ। ਤੁਹਾਡੀ ਸੋਚ ਅੰਬਰਾਂ ਨੂੰ ਛੂਹਣੀ ਚਾਹੀਦੀ ਹੈ, ਕਦੀ ਵੀ ਸੋਚ ਛੋਟੀ ਨਾ ਰੱਖੋ।
ਗੁਰਸੇਵਕ ਸੁਪਨੇ ਲੈਂਦਾ ਨਜ਼ਰ ਆਉਂਦਾ। ਮੈਂ ਉਸ ਨੂੰ ਆਪਣੇ ਛੋਟੇ ਭਰਾ ਦੀ ਤਰ੍ਹਾਂ ਸਮਝਾਉਂਦਾ। ਸੰਜੀਦਾ ਹੋ ਕੇ ਮੇਰੀਆਂ ਗੱਲਾਂ ਸੁਣਦਾ ਗੁਰਸੇਵਕ ਮੈਨੂੰ ਬਹੁਤ ਚੰਗਾ ਲਗਦਾ। ਗੁਰਸੇਵਕ ਨੇ ਬਾਰ੍ਹਵੀਂ ਜਮਾਤ ਚੰਗੇ ਨੰਬਰਾਂ ਦੇ ਨਾਲ ਪਾਸ ਕੀਤੀ। ਫਿਰ ਉਸਨੇ ਸਰਕਾਰੀ ਕਾਲਜ ਮੂਨਕ ਵਿਖੇ ਗ੍ਰੈਜੂਏਸ਼ਨ ਵਿੱਚ ਦਾਖਲਾ ਲੈ ਲਿਆ। ਉਹ ਮੇਰੇ ਨਾਲ ਸੰਪਰਕ ਰੱਖਦਾ ਰਿਹਾ, ਹਰ ਸਮੇਂ ਰਾਇ ਲੈਂਦਾ। ਇੱਕ ਵਾਰ ਮੈਨੂੰ ਮੂਨਕ ਕਾਲਜ ਵਿੱਚ ਸਪੋਰਟਸ ਮੀਟ ਤੇ ਬਤੌਰ ਮਹਿਮਾਨ ਜਾਣ ਦਾ ਮੌਕਾ ਮਿਲਿਆ। ਖੇਡਾਂ ਦੇ ਬਹੁਤ ਸਾਰੇ ਇਵੈਂਟ ਦੇਖੇ। ਮੇਰੀ ਨਜ਼ਰ ਗੁਰਸੇਵਕ ’ਤੇ ਪਈ। ਉਹ ਦੌੜਨ ਵਿੱਚ ਫਸਟ ਆਇਆ ਅਤੇ ਕਈ ਹੋਰ ਇਵੈਂਟਾਂ ਵਿੱਚ ਵੀ ਉਸਨੇ ਪ੍ਰਾਪਤੀ ਕੀਤੀ। ਜੇਤੂ ਇਨਾਮ ਲੈਣ ਸਮੇਂ ਜਦੋਂ ਉਹ ਮੇਰੇ ਨਾਲ ਫੋਟੋ ਕਰਵਾ ਰਿਹਾ ਸੀ, ਮੇਰਾ ਖੁਸ਼ੀ ਦੇ ਨਾਲ ਸੀਨਾ ਹੋਰ ਚੌੜਾ ਹੋ ਗਿਆ। ਮੁੱਖ ਮਹਿਮਾਨ ਅਤੇ ਪ੍ਰਿੰਸੀਪਲ ਨੂੰ ਮੈਂ ਮਾਣ ਨਾਲ ਕਿਹਾ ਕਿ ਇਹ ਮੇਰਾ ਬਹੁਤ ਹੀ ਪਿਆਰਾ ਵਿਦਿਆਰਥੀ ਹੈ।
ਜਿਵੇਂ ਕਿਹਾ ਜਾਂਦਾ ਹੈ, ਮਿਹਨਤ ਅੱਗੇ ਮੰਜ਼ਿਲ ਛੋਟੀ ਪੈ ਜਾਂਦੀ ਹੈ, ਉਸੇ ਤਰ੍ਹਾਂ ਹੀ ਗੁਰਸੇਵਕ ਨੇ ਪੁਲਿਸ ਭਰਤੀ ਸਮੇਂ ਟਰਾਇਲਾਂ ਵਿੱਚ ਕੀਤਾ। ਸਰੀਰਕ ਫਿਟਨੈਸ ਕਾਰਨ ਬਹੁਤ ਹੀ ਸੌਖੇ ਟਰਾਇਲ ਪਾਸ ਕੀਤੇ। ਬਾਰ੍ਹਵੀਂ ਦੀ ਉੱਚੀ ਮੈਰਿਟ ਕਾਰਨ ਪੁਲਿਸ ਵਿੱਚ ਭਰਤੀ ਹੋ ਗਿਆ। ਮੇਰੇ ਪਿਆਰੇ ਵਿਦਿਆਰਥੀ ਨੇ ਜਦੋਂ ਮੈਨੂੰ ਫੋਨ ਉੱਤੇ ਖਬਰ ਦਿੱਤੀ ਕਿ ਮੈਂ ਪੁਲਿਸ ਵਿੱਚ ਭਰਤੀ ਹੋ ਗਿਆ ਹਾਂ, ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪੁਰਾਤਨ ਸੱਭਿਅਤਾ ਅਨੁਸਾਰ ਅਧਿਆਪਕ ਦੀ ਦੋ ਤਰ੍ਹਾਂ ਦੀ ਔਲਾਦ ਹੁੰਦੀ ਹੈ, ਇੱਕ ਨਿੱਜੀ ਅਤੇ ਦੂਜੇ ਉਸਦੇ ਆਤਮਜ ਭਾਵ ਵਿਦਿਆਰਥੀ। ਅਧਿਆਪਕ ਲਈ ਉਸਦੇ ਵਿਦਿਆਰਥੀ ਵੀ ਆਪਣੀ ਔਲਾਦ ਦੇ ਬਰਾਬਰ ਹੀ ਹੁੰਦੇ ਹਨ। ਜਦੋਂ ਉਹ ਕਾਮਯਾਬ ਹੁੰਦੇ ਹਨ, ਸਭ ਤੋਂ ਜ਼ਿਆਦਾ ਖੁਸ਼ੀ ਵਿਦਿਆਰਥੀ ਦੇ ਮਾਂ ਬਾਪ ਅਤੇ ਉਸਦੇ ਅਧਿਆਪਕ ਨੂੰ ਹੁੰਦੀ ਹੈ। ਇਸੇ ਤਰ੍ਹਾਂ ਹੀ ਗੁਰਸੇਵਕ ਦੀ ਖੁਸ਼ੀ ਮੈਨੂੰ ਸੀ। ਮੈਂ ਗੁਰਸੇਵਕ ਦੇ ਚਾਚੇ ਨਾਲ ਕੀਤਾ ਵਾਅਦਾ ਪੂਰਾ ਕੀਤਾ।
ਜਿਵੇਂ ਦੁਨੀਆਂ ਦਾ ਮਹਾਨ ਫਿਲਾਸਫਰ ਰਜਨੀਸ਼ ਅਚਾਰੀਆ ਲਿਖਦਾ ਹੈ ਕਿ ਜੇਕਰ ਅਸੀਂ ਕਿਸੇ ਨੂੰ ਫੁੱਲ ਭੇਟ ਕਰਦੇ ਹਾਂ ਤਾਂ ਸਾਨੂੰ ਵੀ ਫੁੱਲ ਹੀ ਭੇਟ ਹੁੰਦੇ ਹਨ। ਉਸ ਤਰ੍ਹਾਂ ਹੀ ਹੋਇਆ, ਗੁਰਸੇਵਕ ਦੇ ਵਿਆਹ ਦਾ ਕਾਰਡ ਸਭ ਤੋਂ ਪਹਿਲਾਂ ਗੁਰਸੇਵਕ ਦੇ ਨਾਲ ਉਸਦਾ ਚਾਚਾ ਮੈਨੂੰ ਦੇਣ ਆਇਆ। ਵਿਆਹ ਵਿੱਚ ਪੂਰੇ ਪਰਿਵਾਰ ਨੇ ਜੋ ਇੱਜ਼ਤ ਮਾਣ ਮੈਨੂੰ ਬਖਸ਼ਿਆ, ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਇਹ ਇੱਕ ਸ਼ਗਿਰਦ ਦਾ ਆਪਣੇ ਗੁਰੂ ਦੇ ਪ੍ਰਤੀ ਪਿਆਰ ਸੀ। ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਕਿਸੇ ਲਈ ਖੜ੍ਹਦਾ ਨਹੀਂ, ਪਰ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਕਿੰਨੇ ਲੋਕਾਂ ਦੇ ਨਾਲ ਖੜ੍ਹੇ ਹਾਂ। ਮੇਰਾ ਪਿਆਰਾ ਵਿਦਿਆਰਥੀ ਗੁਰਸੇਵਕ ਅੱਜ ਵੀ ਮੇਰੇ ਅੱਧੇ ਬੋਲ ’ਤੇ ਹਾਜ਼ਰ ਹੁੰਦਾ ਹੈ। ਪਰਮਾਤਮਾ ਮੇਰੇ ਪਿਆਰੇ ਵਿਦਿਆਰਥੀ ਨੂੰ ਜ਼ਿੰਦਗੀ ਦੇ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ।
ਅੰਤ ਦੇ ਵਿੱਚ ਕੁਝ ਤੁਕਾਂ ਮੇਰੇ ਚੇਤੇ ਆ ਗਈਆਂ...
ਤੁਰਨ ਦਾ ਹੌਸਲਾ ਤਾਂ ਰੱਖ,
ਦਿਸ਼ਾਵਾਂ ਬਹੁਤ ਨੇ,
ਰਾਹਾਂ ਦੇ ਕੰਡਿਆਂ ਦਾ ਫਿਕਰ ਨਾ ਕਰ,
ਤੇਰੇ ਨਾਲ ਦੁਆਵਾਂ ਬਹੁਤ ਨੇ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































