MohanSharma8“ਉਸ ਦੀ ਮੌਤ ’ਤੇ ਸਮੁੱਚਾ ਪੰਜਾਬ ਗਹਿਰੇ ਸਦਮੇ ਵਿੱਚ ਹੈ। ਮਾਨਸਾ ਦੀਆਂ ...”ParvinderSJhota
(14 ਅਕਤੂਬਰ 2026)

ParvinderSJhota

 

MohanSharmaHANERIਨਸ਼ਿਆਂ ਕਾਰਨ ਇਸ ਵੇਲੇ ਪੰਜਾਬ ਵਿੱਚ ਸਹਿਮ ਦਾ ਮਾਹੌਲ ਹੈ। ਇੱਕ ਪਾਸੇ ਨਸ਼ੇੜੀ ਆਪਣੀ ਨਸ਼ਿਆਂ ਦੀ ਪੂਰਤੀ ਲਈ ਮਾਪਿਆਂ ਵੱਲੋਂ ਅਸਮਰਥਤਾ ਪ੍ਰਗਟ ਕਰਨ ’ਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ; ਦੂਜੇ ਪਾਸੇ ਨਸ਼ਿਆਂ ਕਾਰਨ ਕਿਰਸਾਨੀ ਸੰਕਟ ਵੀ ਮੰਡਲਾ ਰਿਹਾ ਹੈ। ਖੇਤਾਂ ਵਿੱਚੋਂ ਬਿਜਲੀ ਦੀਆਂ ਮੋਟਰਾਂ ਲਈ ਲੱਗੇ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਕੱਢਣ, ਤੇਲ ਕੱਢਣ ਅਤੇ ਤਾਰਾਂ ਚੋਰੀ ਕਰਨ ਕਰਕੇ ਨਸੇੜੀਆਂ ਨੇ ਕਿਰਸਾਨਾਂ ਨੂੰ ਵਕਤ ਪਾ ਰੱਖਿਆ ਹੈ। ਇਕੱਲਾ ਇਕਹਿਰਾ ਕਿਰਸਾਨ ਖੇਤਾਂ ਵਿੱਚ ਜਾਣ ਤੋਂ ਸੰਕੋਚ ਕਰਦਾ ਹੈ, ਕਿਉਂਕਿ ਖੇਤਾਂ ਵਿੱਚ ਮੋਟਰਾਂ ’ਤੇ ਬੈਠੇ ਨਸ਼ੜੀਆਂ ਦੇ ਝੁੰਡ ਉਨ੍ਹਾਂ ਉੱਤੇ ਹਮਲਾ ਕਰ ਦਿੰਦੇ ਹਨ। ਇਹ ਕੌੜੀ ਸਚਾਈ ਹੈ ਕਿ ਹੁਣ ਸਿਰਫ ਖੇਤਾਂ ਦੀ ਰਾਖੀ ਦਾ ਫਿਕਰ ਨਹੀਂ, ਸਗੋਂ ਰਾਖੀ ਕਰਨ ਵਾਲਿਆਂ ਦਾ ਵੀ ਫਿਕਰ ਹੈ। ਇੱਥੇ ਹੀ ਬੱਸ ਨਹੀਂ, ਨਸ਼ੇ ਦੇ ਸੁਦਾਗਰਾਂ ਨੇ ਸਮਾਜ ਵਿੱਚ ਖੌਫ ਦੀ ਦਿਵਾਰ ਖੜ੍ਹੀ ਕਰ ਦਿੱਤੀ ਹੈ। ਕਈ ਸਮਾਜ ਸੇਵੀ, ਪਿੰਡ ਦੇ ਸਰਪੰਚ ਅਤੇ ਮੁਹਤਬਰ ਵਿਅਕਤੀ ਇਸ ਕਰਕੇ ਉਨ੍ਹਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਹਨ, ਕਿਉਂਕਿ ਉਨ੍ਹਾਂ ਨੇ ਨਸ਼ੇ ਦੇ ਸੁਦਾਗਰਾਂ ਵਿਰੁੱਧ ਅਵਾਜ਼ ਬੁਲੰਦ ਕੀਤੀ ਹੋਈ ਸੀ। ਤਰਨਤਾਰਨ ਜ਼ਿਲ੍ਹੇ ਦੇ ਸਰਪੰਚ ਦਾ ਥਾਣੇ ਵਿੱਚ ਜਾ ਕੇ ਇਹ ਕਹਿਣਾ, “ਕੱਲ੍ਹ ਮੈਂ ਤੁਹਾਨੂੰ ਪਿੰਡ ਦੇ ਦੋ ਤਸਕਰਾਂ ਨੂੰ ‘ਸੂਤ ‘ਕਰਨ ਲਈ ਕਹਿ ਕੇ ਗਿਆ ਸੀ, ਪਰ ਉਹ ਰਾਤ ਤਲਵਾਰਾਂ ਲੈ ਕੇ ਮੈਨੂੰ ਹੀ ‘ਸੂਤ’ ਕਰਨ ਆ ਗਏ। ਦੱਸੋ, ਮੈਂ ਕਿੱਧਰ ਨੂੰ ਜਾਵਾਂ?” ਕਈ ਥਾਂਵਾਂ ’ਤੇ ਤਸਕਰਾਂ ਤੋਂ ਅੱਕੇ ਹੋਏ ਲੋਕਾਂ ਨੇ ‘ਸਾਡਾ ਪਿੰਡ ਵਿਕਾਊ ਹੈ’ ਦੀਆਂ ਤਖਤੀਆਂ ਵੀ ਲਾ ਦਿੱਤੀਆਂ ਨੇ। ਕਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ਿਆਂ ਕਾਰਨ ਮੌਤ ਦਾ ਸ਼ਿਕਾਰ ਹੋਏ ਨੌਜਵਾਨਾਂ ਦੀਆਂ ਫੋਟੋਆਂ ਲੈ ਕੇ ਰੋਸ ਪ੍ਰਦਰਸ਼ਨ ਵੀ ਕੀਤੇ ਗਏ ਹਨ। ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪੀੜਿਤ ਵਿਅਕਤੀ ਆਪਣੇ ਸਰੀਰ ਤੇ ‘ਕਫਨ ਬੋਲ ਪਿਆ’ ਦਾ ਬੈਨਰ ਲਾ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਬਿਨਾਂ ਸ਼ੱਕ ਇਸ ਵੇਲੇ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਬੁਲੰਦ ਹਨ ਅਤੇ ਨਸ਼ਿਆਂ ਦੀ ਮਾਰੂ ਹਨੇਰੀ ਕਾਰਨ ਸਿਵਿਆਂ ਦੀ ਅੱਗ ਹੋਰ ਪ੍ਰਚੰਡ ਹੋ ਰਹੀ ਹੈ। ਸੱਥਰਾਂ ’ਤੇ ਬੈਠੇ ਪੀੜਿਤ ਲੋਕ ਖੂਨ ਦੇ ਅੱਥਰੂ ਕੇਰ ਰਹੇ ਹਨ।

ਨਸ਼ਿਆਂ ਦੀ ਇਸ ਮਾਰੂ ਹਨੇਰੀ ਵਿੱਚ ਡਟ ਕੇ ਅਵਾਜ਼ ਬੁਲੰਦ ਕਰਨ ਵਾਲਾ ਪਰਵਿੰਦਰ ਸਿੰਘ ਝੋਟਾ ਪਿਛਲੇ ਇੱਕ ਦਹਾਕੇ ਤੋਂ ਮਾਨਸਾ ਇਲਾਕੇ ਵਿੱਚ ਨਸ਼ਿਆਂ ਵਿਰੁੱਧ ਅਮਲੀ ਰੂਪ ਵਿੱਚ ਲੜਾਈ ਲੜ ਰਿਹਾ ਸੀ। ਆਪਣੇ ਸਾਥੀਆਂ ਨਾਲ ਮਿਲ ਕੇ ਐਂਟੀ ਟਾਸਕ ਫੋਰਸ ਦਾ ਮੋਢੀ ਬਣ ਕੇ ਉਹ ਇੱਕ ਪਾਸੇ ਨਸ਼ੇ ਦੇ ਸੁਦਾਗਰਾਂ ਵਿਰੁੱਧ ਲੜ ਰਿਹਾ ਸੀ ਅਤੇ ਦੂਜੇ ਪਾਸੇ ਨਸ਼ੇੜੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਵੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ। ਮੈਡੀਕਲ ਸਟੋਰਾਂ ’ਤੇ ਵਿਕਦਾ ਮੈਡੀਕਲ ਨਸ਼ਾ ਅਤੇ ਸ਼ਰੇਆਮ ਵਿਕਦੇ ਚਿੱਟੇ ਨੂੰ ਬੰਦ ਕਰਨ ਲਈ ਉਹ ਜਿੱਥੇ ਗੁਨਾਹਗਾਰਾਂ ਵਿਰੁੱਧ ਡਟ ਰਿਹਾ ਸੀ, ਉੱਥੇ ਹੀ ਸਮੇਂ ਦੇ ਹਾਕਮਾਂ ਨੂੰ ਨਸ਼ਾ ਬੰਦ ਕਰਨ ਲਈ ਵੰਗਾਰਦਾ ਸੀ। ਇਸ ਕਾਰਨ ਹੀ ਉਹ ਮੈਡੀਕਲ ਨਸ਼ਾ ਵੇਚਣ ਵਾਲਿਆਂ, ਤਸਕਰਾਂ ਅਤੇ ਪੁਲਿਸ ਦੀ ਅੱਖ ਵਿੱਚ ਰੜਕਦਾ ਸੀ। ਪਰ ਉਸਨੇ ਆਪਣੇ ਸਵੈਮਾਣ, ਅਣਖ ਅਤੇ ਜ਼ਮੀਰ ਨੂੰ ਜਿਊਂਦਾ ਰੱਖ ਕੇ ਆਪਣਾ ਨਸ਼ਿਆਂ ਵਿਰੁੱਧ ਯੁੱਧ ਜਾਰੀ ਰੱਖਿਆ। ਅਣਖੀ ਝੋਟੇ ਦੀ ਸਥਿਤੀ ਇਸ ਤਰ੍ਹਾਂ ਦੀ ਸੀ:

ਸਰ ਕਾਟ ਕੇ ਨੇਜ਼ੇ ਪੇ ਉਠਾਏ ਰੱਖਾ।
ਸਿਰਫ ਯੇਹ ਜ਼ਿਦ ਥੀ ਕਿ ਸਰ ਮੇਰਾ ਭੀ ਊਂਚਾ ਹੋਗਾ।

14 ਜੁਲਾਈ 2023 ਨੂੰ ਉਸਨੇ ਇੱਕ ਵੀ.ਡੀ.ਓ ਰਾਹੀਂ ਲਾਈਵ ਹੋ ਕੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਮਾਜ ਦੋਖੀਆਂ ਤੋਂ ਖਤਰਾ ਹੈ। ਉਸਨੇ ਇਹ ਵੀ ਪ੍ਰਗਟਾਵਾ ਕੀਤਾ ਸੀ ਕਿ ਪੁਲਿਸ ਵੀ ਨਸ਼ਿਆਂ ਵਿਰੁੱਧ ਬੋਲਣ ’ਤੇ ਮੇਰੇ ਵਿਰੁੱਧ ਹੈ।”

15 ਜੁਲਾਈ 2023 ਨੂੰ ਇੱਕ ਝੂਠਾ ਕੇਸ ਬਣਾ ਕੇ ਮਾਨਸਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸਦੇ ਕੁਝ ਸਾਥੀ ਵੀ ਜੇਲ੍ਹ ਵਿੱਚ ਡੱਕੇ ਗਏ। ਹੱਕ ਅਤੇ ਸੱਚ ਦੀ ਲੜਾਈ ਲੜਨ ਵਾਲੇ ਇਸ ਯੋਧੇ ਦੀ ਗ੍ਰਿਫਤਾਰੀ ਨੂੰ ਲੋਕ ਬਰਦਾਸ਼ਤ ਨਾ ਕਰ ਸਕੇ। ਇਸਦੇ ਪ੍ਰਤੀਕਰਮ ਵਜੋਂ 21 ਜੁਲਾਈ 2023 ਨੂੰ ਪੰਜਾਬ ਭਰ ਦੇ ਲੋਕਾਂ ਦਾ ਵਿਸ਼ਾਲ ਇਕੱਠ ਮਾਨਸਾ ਵਿੱਚ ਹੋਇਆ। ਉਸ ਇਕੱਠ ਵਿੱਚ ਉਹ ਪੀੜਿਤ ਔਰਤਾਂ ਵੀ ਸ਼ਾਮਲ ਹੋਈਆਂ ਜਿਨ੍ਹਾਂ ਦੇ ਪਤੀ ਨਸ਼ਿਆਂ ਨੇ ਨਿਗਲ ਲਏ ਸਨ। ਉਹ ਮਾਵਾਂ ਵੀ ਵਿਸ਼ਾਲ ਇਕੱਠ ਦਾ ਹਿੱਸਾ ਬਣੀਆਂ ਜਿਨ੍ਹਾਂ ਦੇ ਇਕਲੌਤੇ ਪੁੱਤ ਨਸ਼ਿਆਂ ਦੀ ਭੇਟ ਚੜ੍ਹ ਗਏ ਸਨ। ਉਨ੍ਹਾਂ ਭੈਣਾਂ ਨੇ ਵੀ ਦੁਖੜੇ ਰੋਏ ਜਿਹੜੀਆਂ ਆਪਣੇ ਵੀਰਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਣ ਤੋਂ ਵਾਂਝੀਆਂ ਹੋ ਗਈਆਂ ਸਨ। ਉਸ ਰੋਹ ਭਰੇ ਇਕੱਠ ਵਿੱਚ ਪਰਵਿੰਦਰ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਗਈ। ਲੋਕ ਰੋਹ ਅੱਗੇ ਮਾਨਸਾ ਦੇ ਐੱਸ.ਐੱਸ.ਪੀ. ਨੇ ਆ ਕੇ ਝੋਟੇ ਦੀ ਰਿਹਾਈ ਵਾਲੀ ਮੰਗ ਮੰਨਣ ਦਾ ਐਲਾਨ ਕਰ ਦਿੱਤਾ ਸੀ।

ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਨਸ਼ੇ ਵਿਰੁੱਧ ਉਸਦੀ ਸਰਗਰਮੀ ਹੋਰ ਵੀ ਵਧ ਗਈ ਸੀ। ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾਉਣਾ, ਰਾਤ ਨੂੰ ਠੀਕਰੀ ਪਹਿਰੇ ਦੇਣਾ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮਾਂ ਚਲਾਉਣ ਵਿੱਚ ਉਸਦਾ ਅਹਿਮ ਯੋਗਦਾਨ ਸੀ। ਕਿੰਨੇ ਹੀ ਨਸ਼ੇੜੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਉਹ ਸਿਰਤੋੜ ਯਤਨ ਕਰਦਾ ਸੀ ਅਤੇ ਸਾਰਥਿਕ ਨਤੀਜੇ ਵੀ ਸਾਹਮਣੇ ਆ ਰਹੇ ਸਨ। ਕੁਝ ਸਮੇਂ ਲਈ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਵੀ ਠੱਲ੍ਹ ਪੈ ਗਈ ਸੀ।

ਪਰਵਿੰਦਰ ਝੋਟਾ ਨਸ਼ੇ ਨਾਲ ਪੀੜਿਤ ਲੋਕਾਂ ਦਾ ਮਸੀਹਾ ਬਣ ਗਿਆ ਸੀ। ਉਹ ਵਿਸ਼ਾਲ ਇਕੱਠਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਦਾ ਸੀ। ਮਾਨਸਾ ਜ਼ਿਲ੍ਹੇ ਵਿੱਚ ਉਹਦੀਆਂ ਸਰਗਰਮੀਆਂ ਕਾਰਨ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਮੈਡੀਕਲ ਸਟੋਰਾਂ ਉੱਤੇ ਸਿਗਨੇਚਰ ਕੈਪਸੂਲ ਵੇਚਣ ਉੱਪਰ ਪਾਬੰਦੀ ਲਾ ਦਿੱਤੀ ਸੀ। ਇਸ ਉਪਰੰਤ ਇਹ ਮੈਡੀਕਲ ਨਸ਼ਾ ਪੰਜਾਬ ਦੇ ਹੋਰਾਂ ਜ਼ਿਲ੍ਹਿਆਂ ਵਿੱਚ ਵੀ ਮੈਡੀਕਲ ਸਟੋਰਾਂ ’ਤੇ ਵਿਕਣ ਸੰਬੰਧੀ ਪਾਬੰਦੀ ਲਾਈ ਗਈ ਸੀ। ਉਹ ਹਜ਼ਾਰਾਂ ਪਰਿਵਾਰਾਂ ਦੀਆਂ ਅਸੀਸਾਂ ਦਾ ਪਾਤਰ ਬਣਿਆ। ਸਮਾਜ ਦਾ ਭਲਾ ਸੋਚਣ ਵਾਲਿਆਂ ਦਾ ਉਹ ਸੁਹਿਰਦ ਸਾਥੀ ਸੀ। ਸਮਾਜ ਦੋਖੀਆਂ ਨੂੰ ਉਹ ਕਟਹਿਰੇ ਵਿੱਚ ਖੜ੍ਹਾ ਕਰਕੇ ਵੰਗਾਰਦਾ ਸੀ। ਪਰਵਿੰਦਰ ਸਿੰਘ ਝੋਟਾ ਹੁਣ ਇਕੱਲੇ ਮਾਨਸਾ ਦਾ ਨਹੀਂ ਸਗੋਂ ਸਮੁੱਚੇ ਪੰਜਾਬ ਦਾ ਹਿਤੈਸ਼ੀ ਸੀ।

ਇਸ ਅਣਖੀਲੇ ਲੋਕ ਹਿਤੈਸ਼ੀ ਨੌਜਵਾਨ ਲਈ 13 ਅਕਤੂਬਰ 2026 ਦੀ ਸਵੇਰ ਮਨਹੂਸ ਸਾਬਤ ਹੋਈ। ਮਾਨਸਾ ਦੇ ਇੱਕ ਮੈਡੀਕਲ ਸਟੋਰ ਵਾਲੇ ਨੇ ਇੱਕ ਬਜ਼ੁਰਗ ਨੂੰ ਮੈਡੀਕਲ ਨਸ਼ਾ ਵੇਚਿਆ। ਇਸਦੀ ਭਿਣਕ ਪਰਵਿੰਦਰ ਸਿੰਘ ਝੋਟਾ ਨੂੰ ਪੈ ਗਈ। ਉਹ ਉਸ ਬਜ਼ੁਰਗ ਨੂੰ ਲੈ ਕੇ ਮੈਡੀਕਲ ਸਟੋਰ ’ਤੇ ਪਹੁੰਚ ਗਿਆ ਅਤੇ ਉਸ ਨੂੰ ਮੈਡੀਕਲ ਨਸ਼ੇ ਵੇਚਣ ਤੋਂ ਵਰਜਿਆ। ਮੈਡੀਕਲ ਸਟੋਰ ਵਾਲਾ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ। ਝੋਟੇ ਨਾਲ ਉਸਦੇ ਸਾਥੀ ਵੀ ਸਨ। ਸਾਰੀ ਗੱਲਬਾਤ ਦੀ ਵੀ.ਡੀ.ਓ. ਵੀ ਬਣ ਰਹੀ ਸੀ। ਅਸ਼ਵਨੀ ਕੁਮਾਰ ਨਾਂ ਦੇ ਉਸ ਮੈਡੀਕਲ ਸਟੋਰ ਦੇ ਮਾਲਕ ਨੇ ਆਪਣੇ ਪਿਸਤੌਲ ਨਾਲ ਪਰਵਿੰਦਰ ਝੋਟੇ ਦੇ ਦੋ ਗੋਲੀਆਂ ਮਾਰੀਆਂ ਅਤੇ ਬੁਲੰਦ ਅਵਾਜ਼ ਹਮੇਸ਼ਾ ਲਈ ਬੰਦ ਹੋ ਗਈ।

ਉਸ ਦੀ ਮੌਤ ’ਤੇ ਸਮੁੱਚਾ ਪੰਜਾਬ ਗਹਿਰੇ ਸਦਮੇ ਵਿੱਚ ਹੈ। ਮਾਨਸਾ ਦੀਆਂ ਦੁਕਾਨਾਂ ਅਤੇ ਸੰਸਥਾਵਾਂ ਸੋਗ ਵਜੋਂ ਬੰਦ ਹੋ ਗਈਆਂ। ਉਹ ਆਪਣੇ ਪਿੱਛੇ ਦੋ ਮਾਸੂਮ ਬੱਚੇ, ਵਿਧਵਾ ਪਤਨੀ ਅਤੇ ਬਜ਼ੁਰਗ ਮਾਂ ਬਾਪ ਛੱਡ ਗਿਆ ਹੈ। ਉਸਦੇ ਪਿਤਾ ਭੀਮ ਸਿੰਘ ਫੌਜੀ ਨੇ ਆਪਣੇ ਪੁੱਤਰ ਦੀ ਮੌਤ ਨੂੰ ਸ਼ਹੀਦ ਦੀ ਮੌਤ ਕਿਹਾ ਹੈ ਅਤੇ ਨਾਲ ਹੀ ਦ੍ਰਿੜ੍ਹ ਵਿਸ਼ਵਾਸ ਨਾਲ ਪ੍ਰਗਟਾਵਾ ਕੀਤਾ ਹੈ ਕਿ ਪਰਵਿੰਦਰ ਝੋਟੇ ਵੱਲੋਂ ਸ਼ੁਰੂ ਕੀਤਾ ਨਸ਼ਿਆਂ ਵਿਰੁੱਧ ਯੁੱਧ ਜਾਰੀ ਰਹੇਗਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author