“ਅਸੀਂ ਸਵੇਰੇ ਚਾਰ ਵਜੇ ਉਸ ਨੂੰ ਸੁੱਤੇ ਪਏ ਨੂੰ ਚੁਕਾਂਗੇ। ਤੁਸੀਂ ਬੂਹਾ ਖੋਲ੍ਹ ਦੇਣਾ ...”
(8 ਜੁਲਾਈ 2025)
ਸਵੇਰੇ ਸਵੇਰੇ ਉੱਠ ਕੇ ਉਹ ਆਪਣੇ ਹੱਡ ਸਮੇਟੇ। ਘਰ ਵਾਲੇ ਨੇ ਦਿਹਾੜੀ ’ਤੇ ਜਾਣਾ ਸੀ, ਉਹਦੇ ਲਈ ਚਾਹ ਅਤੇ ਰੋਟੀ ਤਿਆਰ ਕਰਨੀ ਸੀ। ਇੰਨੇ ਨੂੰ ਬਜ਼ੁਰਗ ਸੱਸ ਵੀ ਉੱਠ ਖੜ੍ਹਦੀ ਤੇ ਅਵਾਜ਼ ਮਾਰਦੀ, “ਕੁੜੇ ਬਹੂ, ਚਾਹ ਲਿਆ। ਮਾੜੇ ਜਿਹੇ ਹੱਡ ਮੋਕਲ਼ੇ ਹੋ ਜਾਣ।”
ਅੱਜ ਜਦੋਂ ਉਹਨੇ ਤੀਜੇ ਮੰਜੇ ਵੱਲ ਦੇਖਿਆ ਤਾਂ ਮੰਜਾ ਖਾਲੀ ਦੇਖ ਕੇ ਉਹ ਬੁੜਬੁੜ ਕਰਨ ਲੱਗੀ, “ਤੜਕੇ ਈ ਟਿਭ ਗਿਆ ਐ ਨਸ਼ੇ ਦਾ ਝੱਸ ਪੂਰਾ ਕਰਨ ... ਆਥਣੇ ਟੱਲੀ ਹੋਇਆ ਘਰ ਵੜੂ। ਫਿਰ ਬਾਪ ਦੀ ਦਾੜ੍ਹੀ ਪੁੱਟੂ। ਰੋਅਬ ਨਾਲ ਆਖੂ, ਜਿਹੜੇ ਪੈਸੇ ਦਿਹਾੜੀ ਕਰਕੇ ਕਮਾ ਕੇ ਲਿਆਇਐਂ, ਉਹ ਮੇਰੀ ਤਲੀ ਤੇ ਰੱਖ, ਨਹੀਂ ਤਾਂ … ਲਾਲ ਸੁਰਖ ਅੱਖਾਂ ਅਤੇ ਡਗਮਗਾਉਂਦਾ ਸਰੀਰ ਹੱਡੀਆਂ ਦੀ ਮੁੱਠ ਬਣਕੇ ਰਹਿ ਗਿਆ ... ਘਰ ਵਿੱਚ ਕੁਝ ਨਹੀਂ ਛੱਡਿਆ।”
ਫਿਰ ਜਦੋਂ ਉਹ ਮੱਥੇ ’ਤੇ ਹੱਥ ਧਰਕੇ ਡੂੰਘੀਆਂ ਸੋਚਾਂ ਵਿੱਚ ਰਸੋਈ ਵੱਲ ਵਧੀ, ਸਾਹਮਣੇ ਦੇਖ ਕੇ ਉਹਦੀ ਭੁੱਬ ਨਿਕਲ ਗਈ। ਪਰਸੋਂ ਖਰੀਦਿਆ ਚਾਹ ਵਾਲਾ ਪਤੀਲਾ ਰਸੋਈ ਵਿੱਚੋਂ ਗੁੰਮ ਸੀ। ਚਾਹ ਅਤੇ ਖੰਡ ਵਾਲੇ ਡੱਬੇ ਭਾਂਅ ਭਾਂਅ ਕਰ ਰਹੇ ਸਨ। “ਲੈ ਗਿਆ ਕੰਜਰਾਂ ਨੂੰ ਦੇਣ ਲਈ ... ਬਦਲੇ ਵਿੱਚ ਚਿੱਟਾ ਲਵੇਗਾ। ਪਰ ਇਉਂ ਕਿੰਨਾ ਕੁ ਚਿਰ ਚੱਲੂ ਇਹ ਸਾਰਾ ਕੁਝ? ਹੁਣ ਤਾਂ ਕੰਧਾਂ ’ਤੇ ਲੱਗੀਆਂ ਚਾਰ ਇੱਟਾਂ ਈਹ ਰਹਿ ਗਈਆਂ, ਇਹ ਵੀ ...।”
ਡੰਗ ਮਾਰਦੀਆਂ ਸੋਚਾਂ ਨਾਲ ਪਰਲ ਪਰਲ ਵਹਿੰਦੇ ਹੰਝੂ ਉਹਦੇ ਚਿਹਰੇ ਨੂੰ ਭਿਉਂ ਰਹੇ ਸਨ। ਫਿਰ ਉਹ ਹਉਕਾ ਭਰਕੇ ਆਪਣੇ ਆਪ ਨੂੰ ਮੁਖ਼ਾਤਿਬ ਹੋਈ, “ਤੜਕੇ ਤੜਕੇ ਕੀਹਤੋਂ ਮੰਗਣ ਜਾਵਾਂ ਇਹ ਨਿਕਸੁਕ? ਥੋੜ੍ਹੇ ਚਿਰ ਨੂੰ ਘਰ ਵਾਲੇ ਅਤੇ ਸੱਸ ਦੀ ਅਵਾਜ਼ ਵੀ ਆ ਜਾਣੀ ਐ।”
ਉਹਨੇ ਡੂੰਘੀ ਚਿੰਤਾ ਵਿੱਚ ਡੁੱਬੀ ਨੇ ਗੁਆਂਢਣ ਦੇ ਦਰ ’ਤੇ ਦਸਤਕ ਦਿੱਤੀ। ਅੱਥਰੂਆਂ ਭਿੱਜੀ ਅਵਾਜ਼ ਵਿੱਚ ਆਪਣੀ ਵਿਥਿਆ ਉਹਨੂੰ ਦੱਸੀ। ਗੁਆਂਢਣ ਨੇ ਉਸ ਨੂੰ ਹੌਸਲਾ ਦਿੱਤਾ, “ਕੋਈ ਨਾ, ਰੋ ਨਾ। ਚਾਹ ਲਈ ਭਾਂਡਾ ਵੀ ਲੈ ਜਾ, ਖੰਡ ਅਤੇ ਚਾਹ ਪੱਤੀ ਵੀ ...।”
ਉਸ ਨੂੰ ਜਾਪਿਆ ਜਿਵੇਂ ਰੱਬ ਬਹੁੜ ਪਿਆ ਹੋਵੇ। ਚਾਹ ਵਾਲਾ ਬਰਤਨ ਲੈਕੇ ਉਹਨੇ ਚਾਹ ਧਰ ਦਿੱਤੀ। ਘਰ ਵਾਲੇ ਨੂੰ ਉਹਨੇ ਕੁਝ ਨਹੀਂ ਦੱਸਿਆ। ਸੋਚਿਆ, ਸਾਰਾ ਦਿਨ ਕਲਪੂਗਾ ਉਹ, ਉਹਨੂੰ ਕਾਹਨੂੰ ਤੰਗ ਕਰਨਾ ਹੈ। ਜੇ ਚਿੰਤਾ ਵਿੱਚ ਬਿਮਾਰ ਹੋ ਗਿਆ, ਫਿਰ ਤਾਣੀ ਹੋਰ ਉਲਝ ਜਾਊਗੀ। ਇਹ ਸੋਚਕੇ ਉਹਨੇ ਦੜ ਵੱਟ ਲਈ। ਭਰੇ ਮਨ ਨਾਲ ਉਹ ਉਧਾਰ ਲਏ ਸਮਾਨ ਨਾਲ ਚਾਹ ਤਿਆਰ ਕਰਕੇ ਪਤੀ ਅਤੇ ਸੱਸ ਨੂੰ ਦੇ ਆਈ। ਪਰ ਗਮਗੀਨ ਸੋਚਾਂ ਦੇ ਪਾਏ ਖੌਰੂ ਕਾਰਨ ਚਾਹ ਦਾ ਘੁੱਟ ਉਹਦੇ ਆਪਣੇ ਅੰਦਰ ਨਾ ਲੰਘਿਆ। ਪਤੀ ਲਈ ਚਾਰ ਰੋਟੀਆਂ ਤਿਆਰ ਕਰਨ ਲਈ ਉਹ ਫਿਰ ਚੁੱਲ੍ਹੇ ਦੁਆਲੇ ਹੋ ਗਈ। ਅਚਾਰ ਨਾਲ ਰੋਟੀ ਪੋਣੇ ਵਿੱਚ ਲਪੇਟ ਕੇ ਉਹਨੇ ਘਰ ਵਾਲੇ ਦੇ ਸਾਈਕਲ ਦੀ ਟੋਕਰੀ ਵਿੱਚ ਰੱਖ ਦਿੱਤੀ। ਪਤੀ ਥੋੜ੍ਹੀ ਦੇਰ ਬਾਅਦ ਰਸੋਈ ਵਿੱਚ ਆਇਆ, ਪਤਨੀ ਨੂੰ ਗਮਗੀਨ ਦੇਖਕੇ ਉਦਾਸ ਮਨ ਨਾਲ ਉਹ ਕਹਿਣ ਲੱਗਾ, “ਕਿੱਧਰ ਗਿਆ ਕਰਮਾ ... ਦਿਖਾਈ ਨਹੀਂ ਦਿੰਦਾ?”
ਪਹਿਲਾਂ ਉਹ ਗੁੰਮ ਸੁੰਮ ਰਹੀ, ਫਿਰ ਉਸਦੀ ਭੁੱਬ ਨਿਕਲ ਗਈ, “ਡੁੱਬ ਜਾਣੇ ਨੇ ਘਰ ਵਿੱਚ ਕੁਝ ਨਹੀਂ ਛੱਡਿਆ। ਮੇਰੀ ਪੇਟੀ ਖਾਲੀ ਕਰ ’ਤੀ। ਘਰ ਦਾ ਸਾਰਾ ਸਮਾਨ ਵੇਚ ਦਿੱਤਾ। ਜਿਹੜਾ ਤੂੰ ਪਰਸੋਂ ਚਾਹ ਵਾਲਾ ਨਵਾਂ ਪਤੀਲਾ ਲੈ ਕੇ ਆਇਆ ਸੀ, ਉਹ ਵੀ ਲੈ ਗਿਆ ... ਨਾਲ ਖੰਡ ਤੇ ਚਾਹ ਵੀ। ਹੁਣ ਗੁਆਂਢੀਆਂ ਦਿਉਂ ਲਿਆਕੇ ਬੁੱਤਾ ਸਾਰਿਐ। ਕਿੱਧਰ ਨੂੰ ਜਾਈਏ? ਜਿਊਣਾ ਦੁੱਭਰ ਹੋ ਗਿਆ।”
ਘਰ ਵਾਲੇ ਦੇ ਚਿਹਰੇ ਉੱਤੇ ਵੀ ਉਦਾਸੀ ਦੀ ਪਰਤ ਜੰਮ ਗਈ, “ਕੋਈ ਨੀਂ ... ਅੱਜ ਮੈਂ ਦਿਹਾੜੀ ’ਤੇ ਨਹੀਂ ਜਾਂਦਾ। ਇਹਦਾ ਕਰਦਾਂ ਕੋਈ ਬੰਨ੍ਹ ਸੁੱਬ।”
ਉਹ ਭਰਿਆ ਪੀਤਾ ਅੱਠ ਮੀਲ ਦਾ ਪੈਂਡਾ ਤੈਅ ਕਰਕੇ ਪੁਲਿਸ ਸਟੇਸ਼ਨ ਪੁੱਜਿਆ। ਥਾਣੇ ਵਿੱਚ ਦੋ ਸਿਪਾਹੀ ਬੈਠੇ ਸਨ। ਬਜ਼ੁਰਗ ਦੇ ਪੁੱਛਣ ਸਿਪਾਹੀਆਂ ਨੇ ਦੱਸਿਆ, “ਅੱਜ ਮੰਤਰੀ ਜੀ ਨੇ ਆਉਣੈ। ਸਾਰੇ ਮੁਲਾਜ਼ਮਾਂ ਦੀ ਨਾਕਿਆਂ ’ਤੇ ਡਿਉਟੀ ਲੱਗੀ ਹੈ। ਇੱਥੇ ਤਾਂ ਬੱਸ ਅਸੀਂ ਦੋ ਹੀ ਹਾਂ। “ਕਿਵੇਂ ਆਇਐਂ? ਕੋਈ ਵਾਰਦਾਤ ਹੋ ਗਈ?”
ਉਹ ਆਪਣਾ ਦੁੱਖ ਦੱਸਦਿਆਂ ਭੁੱਬੀਂ ਰੋ ਪਿਆ, “ਇੱਕਲੌਤੇ ਨਸ਼ਈ ਪੁੱਤ ਨੇ ਘਰ ਨੂੰ ਮੂਧੇ ਮੂੰਹ ਕਰ ਦਿੱਤਾ। ਘਰ ਵਿੱਚ ਕੁਝ ਨੀਂ ਛੱਡਿਆ। ਸਾਡੇ ’ਤੇ ਹੱਥ ਵੀ ਚੁੱਕਦੈ। ਗਲ-ਗੂਠਾ ਦੇ ਕੇ ਨਸ਼ਾ ਕਰਨ ਲਈ ਪੈਸੇ ਭਾਲਦੈ। ਭਲਾ ਅਸੀਂ ਉਹਨੂੰ ਰੋਜ਼ ਕਿੱਥੋਂ ਦੇਈਏ ਰੋਕੜੀ? ਹੁਣ ਸਾਨੂੰ ਆਪਣੀ ਜਾਨ ਦਾ ਖਤਰਾ ਐ, ਸਾਡਾ ਬਚਾਉ ਕਰੋ।”
ਸਿਪਾਹੀ ਨੇ ਇੱਕ ਟੁੱਕ ਜਵਾਬ ਦਿੱਤਾ, “ਦੇਖ ... ਤੇਰੇ ਸਾਹਮਣੇ ਥਾਣਾ ਖਾਲੀ ਪਿਆ। ਥਾਣਾ ਛੱਡ ਕੇ ਕਿਵੇਂ ਜਾਈਏ? ਇਉਂ ਕਰ, ਨੇੜੇ ਸਰਕਾਰੀ ਨਸ਼ਾ ਛਡਾਊ ਕੇਂਦਰ ਐ, ਉਨ੍ਹਾਂ ਨਾਲ ਗੱਲ ਕਰ।”
ਉਹਨੇ ਭਰੇ ਮਨ ਨਾਲ ਸਰਕਾਰੀ ਨਸ਼ਾ ਛਡਾਊ ਕੇਂਦਰ ਦਾ ਰੁਖ ਕੀਤਾ। ਨਸ਼ਾ ਛਡਾਊ ਕੇਂਦਰ ਵਿੱਚ ਪਹੁੰਚਣ ’ਤੇ ਭਾਰਾ ਇਕੱਠ ਦੇਖ ਕੇ ਉਹਨੇ ਇੱਕ ਵਿਅਕਤੀ ਨੂੰ ਪੁੱਛਿਆ, “ਕਿਵੇਂ ਇੱਥੇ ਐਨੀ ਭੀੜ ਐ?”
“ਬਾਬਾ, ਇਹ ਸਾਰੇ ਅਮਲੀ ਨੇ। ਜੀਭ ’ਤੇ ਰੱਖਣ ਵਾਲੀ ਗੋਲੀ ਲੈਣ ਆਏ ਨੇ। ਐਨਾ ਕੁ ਅਮਲੀਆਂ ਦਾ ਮੇਲਾ ਤਾਂ ਇੱਥੇ ਰੋਜ਼ ਹੀ ਰਹਿੰਦਾ ਹੈ।”
ਅੱਕਿਆ ਜਿਹਾ ਉਹ ਲੰਮੀ ਕਤਾਰ ਵਿੱਚ ਜਾ ਖੜੋਇਆ। ਵਾਰੀ ਆਉਣ ’ਤੇ ਨਰਸ ਨੇ ਉਸ ਨੂੰ ਕਿਹਾ, “ਲਿਆਉ ਆਪਣਾ ਕਾਰਡ?”
ਉਹਨੇ ਭਮੰਤਰੇ ਜਿਹੇ ਨੇ ਜਵਾਬ ਦਿੱਤਾ, “ਮੈਂ ਤਾਂ ਬੀਬੀ ਡਾਕਟਰ ਸਾਹਿਬ ਨੂੰ ਮਿਲਣਾ ਐ। ਮੇਰਾ ਮੁੰਡਾ ਨਸ਼ਾ ਕਰਦੈ। ਉਹਦੇ ਪਿੱਛੇ ਪੁੱਛਣੈ।”
“ਫਿਰ ਬਾਬਾ ਜੀ ਦੂਜੇ ਗੇਟ ’ਤੇ ਜਾਓ ... ਡਾਕਟਰ ਸਾਹਿਬ ਉੱਥੇ ਬੈਠਦੇ ਨੇ।”
ਉੱਥੋਂ ਨਿਕਲਕੇ ਉਹ ਦੂਸਰੇ ਗੇਟ ’ਤੇ ਵਲਾ ਗਿਆ। ਉੱਥੇ ਵੀ ਉਹਨੂੰ ਲੰਮੀ ਕਤਾਰ ਵਿੱਚ ਖੜੋਣਾ ਪਿਆ। ਆਪਣੀ ਵਾਰੀ ਆਉਣ ਤੇ ਉਹਨੇ ਡਾਕਟਰ ਨੂੰ ਕਿਹਾ, “ਮੇਰਾ ਮੁੰਡਾ ਬਾਹਲਾ ਨਸ਼ਾ ਕਰਦਾ ਐ ਜੀ। ਉਹਨੂੰ ਨਰਕ ਵਿੱਚੋਂ ਕੱਢੋ। ਬਹੁਤ ਦੁਖੀ ਆਂ ਅਸੀਂ।”
“ਮੁੰਡਾ ਕਿੱਥੇ ਹੈ?” ਡਾਕਟਰ ਨੇ ਪੁੱਛਿਆ।
“ਉਹ ਤਾਂ ਜੀ ਨਸ਼ਾ ਡੱਫਣ ਲਈ ਬਾਹਰ ਧੱਕੇ ਖਾਂਦਾ ਫਿਰਦੈ।”
“ਬਾਬਾ, ਇਲਾਜ ਤਾਂ ਅਸੀਂ ਮੁੰਡੇ ਦਾ ਕਰਨੈ। ਜੇ ਉਹ ਇਲਾਜ ਕਰਵਾਉਣਾ ਨਹੀਂ ਚਾਹੁੰਦਾ, ਫਿਰ ਭਲਾ ਅਸੀਂ ਧੱਕੇ ਨਾਲ ਇਲਾਜ ਕਿਵੇਂ ਕਰ ਸਕਦੇ ਆਂ? ਤੁਸੀਂ ਮੁੰਡੇ ਨੂੰ ਲਿਆਓ, ਫਿਰ ਦੇਖਦੇ ਆਂ।” ਇਹ ਕਹਿਕੇ ਡਾਕਟਰ ਦਾ ਧਿਆਨ ਦੂਜੇ ਨਸ਼ਈ ਮਰੀਜ਼ ਵੱਲ ਚਲਾ ਗਿਆ।
ਬਜ਼ੁਰਗ ਭਰਿਆ ਪੀਤਾ ਬਾਹਰ ਆ ਗਿਆ। ਉਸ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਢਕਵੰਜ ਜਿਹਾ ਲੱਗਿਆ। ਬਜ਼ੁਰਗ ਨੂੰ ਬੌਂਦਲਿਆ ਜਿਹਾ ਦੇਖਕੇ ਇੱਕ ਵਿਅਕਤੀ ਨੇ ਸਮਝਾਇਆ, “ਇਹ ਤਾਂ ਉਨ੍ਹਾਂ ਦਾ ਇਲਾਜ ਕਰਦੇ ਨੇ ਜਿਹੜੇ ਆਪ ਚੱਲ ਕੇ ਆਉਣ ਜਾਂ ਫਿਰ ਪੁਲਿਸ ਵਾਲੇ ਲੈ ਕੇ ਆਉਣ। ਮੇਰੀ ਨਿਗਾਹ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਹੈਗਾ, ਪਰ ਉਹ ਇਲਾਜ ਲਈ ਰੁਪਇਆਂ ਦੇ ਬੁੱਕ ਮੰਗਦੇ ਨੇ।”
“ਕੋਈ ਨਹੀਂ, ਮੈਨੂੰ ਉਸ ਸੈਂਟਰ ਦਾ ਥਹੁ ਪਤਾ ਦੱਸ ਦੇ। ਮੈਂ ਆਪਣਾ ਆਪ ਵੇਚ ਕੇ ਉਹਦਾ ਇਲਾਜ ਕਰਵਾਊਂਗਾ।”
ਉਸ ਵਿਅਕਤੀ ਨੇ ਬਜ਼ੁਰਗ ਨੂੰ ਉਸ ਨਸ਼ਾ ਛਡਾਊ ਕੇਂਦਰ ਦਾ ਥਹੁ-ਟਿਕਾਣਾ ਦੱਸ ਦਿੱਤਾ ਅਤੇ ਨਾਲ ਹੀ ਮੋਬਾਇਲ ਨੰਬਰ ਵੀ ਦੇ ਦਿੱਤਾ। ਬਜ਼ੁਰਗ ਦੇ ਮਿੰਨਤ ਕਰਨ ’ਤੇ ਉਸਨੇ ਸੈਂਟਰ ਵਾਲਿਆਂ ਨਾਲ ਮੋਬਾਇਲ ਮਿਲਾਕੇ ਗੱਲ ਕਰਨ ਲਈ ਕਿਹਾ। ਅੱਗਿਉਂ ਸੈਂਟਰ ਵਾਲੇ ਨੇ ਇਲਾਜ ਕਰਨ ਦੀ ਪੂਰੀ ਤਸੱਲੀ ਦਿੱਤੀ। ਖ਼ਰਚ ਪੰਦਰਾਂ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਪਿੰਡੋਂ ਉਸ ਨੂੰ ਲਿਆਉਣ ਦਾ ਅੱਠ ਹਜ਼ਾਰ ਵੱਖਰਾ ਲੈਣ ਸਬੰਧੀ ਦੱਸਿਆ। ਬਜ਼ੁਰਗ ਨੇ ਹਉਕਾ ਭਰਕੇ ਕਿਹਾ, “ਕੋਈ ਨੀਂ ਜੀ, ਪੈਸਿਆਂ ਦਾ ਬੰਦੋਬਸਤ ਕਰਕੇ ਥੋਨੂੰ ਦੱਸਦੇ ਆਂ।”
ਇਸ ਖਲਜਗਣ ਵਿੱਚ ਹੀ ਉਸਦੀ ਅੱਧੀ ਦਿਹਾੜੀ ਲੱਗ ਗਈ। ਫਿਰ ਉਹ ਪੈਸਿਆਂ ਦੇ ਜੁਗਾੜ ਲਈ ਦਰ ਦਰ ਭਟਕਿਆ। ਕਈ ਥਾਂਵਾਂ ’ਤੇ ਹੱਥ ਟੱਡੇ ਪਰ ਕਿਤੋਂ ਖੈਰ ਨਹੀਂ ਪਈ। ਆਖ਼ਰ ਉਹ ਪਿੰਡ ਦੇ ਸਰਦਾਰ ਕੋਲ ਗਿਆ। ਸਰਦਾਰ ਨੇ ਮੁੰਡੇ ਦੇ ਇਲਾਜ ਦਾ ਖਰਚਾ ਤਾਂ ਓਟ ਲਿਆ, ਪਰ ਨਾਲ ਹੀ ਇਹ ਵੀ ਸ਼ਰਤ ਲਾ ਦਿੱਤੀ ਕਿ ਬਦਲੇ ਵਿੱਚ ਤੈਨੂੰ ਖੇਤ ਅਤੇ ਤੇਰੀ ਪਤਨੀ ਨੂੰ ਕੋਠੀ ਕੰਮ ਕਰਨਾ ਪਵੇਗਾ। ਥੋਡੀ ਦੋਨਾਂ ਦੀ ਅਤੇ ਤੇਰੀ ਮਾਂ ਦੀ ਰੋਟੀ ਦਾ ਜੁਗਾੜ ਵੀ ਅਸੀਂ ਕਰ ਦੇਵਾਂਗੇ। ਮੁੰਡੇ ਦੇ ਇਲਾਜ ਲਈ ਪਹਿਲੀ ਕਿਸ਼ਤ ਦੀ ਅਦਾਇਗੀ ਲਈ ਸਰਦਾਰ ਨੇ ਤੀਹ ਹਜ਼ਾਰ ਰੁਪਏ ਉਸ ਨੂੰ ਦੇ ਦਿੱਤੇ। ਉਸਨੇ ਸਰਦਾਰ ਅੱਗੇ ਹੱਥ ਜੋੜਦਿਆਂ ਕਿਹਾ, “ਕੱਲ੍ਹ ਨੂੰ ਅਸੀਂ ਮੁੰਡੇ ਨੂੰ ਸੈਂਟਰ ਚੁੱਕਾ ਦਿਆਂਗੇ ਅਤੇ ਪਰਸੋਂ ਨੂੰ ਮੈਂ ਅਤੇ ਘਰ ਵਾਲੀ ਥੋਡੀ ਸੇਵਾ ਵਿੱਚ ਹਾਜ਼ਰ ਹੋ ਜਾਵਾਂਗੇ।”
ਸਰਦਾਰ ਦੇ ਫੋਨ ਤੋਂ ਹੀ ਉਸਨੇ ਸੈਂਟਰ ਵਾਲਿਆਂ ਨੂੰ ਆਉਣ ਦਾ ਸੁਨੇਹਾ ਦੇ ਦਿੱਤਾ। ਜਵਾਬ ਵਿੱਚ ਸੈਂਟਰ ਵਾਲਿਆਂ ਨੇ ਬਜ਼ੁਰਗ ਦਾ ਅਡਰੈੱਸ ਲਿਖਣ ਪਿੱਛੋਂ ਕਿਹਾ, “ਅਸੀਂ ਸਵੇਰੇ ਚਾਰ ਵਜੇ ਉਸ ਨੂੰ ਸੁੱਤੇ ਪਏ ਨੂੰ ਚੁਕਾਂਗੇ। ਤੁਸੀਂ ਬੂਹਾ ਖੋਲ੍ਹ ਦੇਣਾ।”
ਅਗਲੇ ਦਿਨ ਸਵੇਰੇ ਹੀ ਪੁਲਿਸ ਦੇ ਛਾਪਾ ਮਾਰਨ ਵਾਂਗ ਪੰਜ ਛੇ ਮੁੰਡੇ ਡਾਂਗਾਂ ਨਾਲ ਲੈਸ ਬਜ਼ੁਰਗ ਦੇ ਘਰ ਪੁੱਜ ਗਏ। ਬਜ਼ੁਗਰ ਨੇ ਉਸਦੇ ਮੰਜੇ ਵੱਲ ਇਸ਼ਾਰਾ ਕਰ ਦਿੱਤਾ। ਮੁੰਡਿਆਂ ਨੇ ਨਸ਼ੇੜੀ ਨੂੰ ਉਠਾਇਆ ਅਤੇ ਫਿਰ ਥੱਪੜਾਂ ਨਾਲ ਉਸ ਨੂੰ ਬੌਂਦਲਾ ਦਿੱਤਾ। ਉਸ ਨੂੰ ਸੋਚਣ ਦਾ ਮੌਕਾ ਹੀ ਨਹੀਂ ਦਿੱਤਾ। ਉਸ ਨੂੰ ਧੱਕੇ ਨਾਲ ਕਾਰ ਵਿੱਚ ਸੁੱਟ ਕੇ ਲੈ ਗਏ। ਜਾਂਦੇ ਹੋਏ ਬਜ਼ੁਰਗ ਤੋਂ ਤੇਈ ਹਜ਼ਾਰ ਰੁਪਏ ਵੀ ਲੈ ਗਏ।
ਬੂਹਾ ਖੋਲ੍ਹ ਕੇ ਉਹ ਭਰੇ ਮਨ ਨਾਲ ਜਾਂਦੀ ਕਾਰ ਵੱਲ ਵਿਹੰਦੇ ਰਹੇ ਅਤੇ ਫਿਰ ਦੋਨੋਂ ਹੀ ਇੱਕ ਦੂਜੇ ਦੇ ਗਲ ਲੱਗ ਕੇ ਭੁੱਬੀਂ ਰੋ ਪਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)