“ਪਿਛਲੇ ਦਿਨੀਂ ਲੁਧਿਆਣਾ ਦੇ ਸਕੂਲਾਂ ਦੇ ਆਲੇ ਦੁਆਲੇ ਖੁੱਲ੍ਹੀਆਂ ਹੋਈਆਂ ਚਾਹ ਦੀਆਂ ਦੁਕਾਨਾਂ ...”
(18 ਅਗਸਤ 2025)
ਇੱਕ ਵਿਦਵਾਨ ਦਾ ਕਥਨ ਹੈ, “ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਖੇਤਾਂ ਵਿੱਚ ਫਸਲ ਬੀਜੋ, ਜੇਕਰ ਦਸ ਸਾਲ ਦੀ ਯੋਜਨਾ ਹੈ ਤਾਂ ਦਰੱਖਤ ਬੀਜੋ ਅਤੇ ਜੇਕਰ ਸੌ ਸਾਲ ਦੀ ਯੋਜਨਾ ਹੈ ਤਾਂ ਨਸਲਾਂ ਤਿਆਰ ਕਰੋ।” ਦੁਖਾਂਤ ਇਹ ਹੈ ਕਿ ਇਸ ਵੇਲੇ ਫਸਲਾਂ ਉੱਤੇ ਖਤਰੇ ਦੇ ਬੱਦਲ ਮੰਡਲਾ ਰਹੇ ਹਨ, ਦਰੱਖਤ ਆਰਿਆਂ ਦੀ ਲਪੇਟ ਵਿੱਚ ਆ ਕੇ ਢਹਿ ਢੇਰੀ ਹੋ ਰਹੇ ਹਨ ਅਤੇ ਸਾਡੀਆਂ ਨਸਲਾਂ, ਸਾਡਾ ਭਵਿੱਖ ਤਰ੍ਹਾਂ ਤਰ੍ਹਾਂ ਦੇ ਐਬਾਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਭੰਗ ਦੇ ਭਾੜੇ ਗੁਆ ਰਿਹਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੱਕ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਸੀ ਕਿ ਕਾਲਜ ਵਿੱਚ ਪੜ੍ਹਦੇ 10 ਵਿਦਿਆਰਥੀਆਂ ਵਿੱਚੋਂ ਔਸਤ ਤੀਜਾ ਵਿਦਿਆਰਥੀ ਨਸ਼ੇ ਦੀ ਲਪੇਟ ਵਿੱਚ ਆ ਚੁੱਕਿਆ ਹੈ। ਪਰ ਇਹ ਦੁਖਾਂਤਕ ਪਹਿਲੂ ਹੈ ਕਿ ਬਹੁਤ ਸਾਰੇ ਸਕੂਲ ਦੇ ਵਿਦਿਆਰਥੀਆਂ ਤਕ ਵੀ ਇਹ ਨਸ਼ੇ ਦਾ ਸੇਕ ਪੁੱਜ ਚੁੱਕਿਆ ਹੈ। ਪਿਛਲੇ ਦਿਨੀਂ ਸੰਗਰੂਰ ਵਿੱਚ ਨੌਂਵੀਂ ਦਸਵੀਂ ਵਿੱਚ ਪੜ੍ਹਦੇ ਤਿੰਨ ਵਿਦਿਆਰਥੀਆਂ ਨੇ ਸਕੂਲ ਜਾਣ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਤੋਂ ਬੋਤਲ ਖਰੀਦੀ। ਫਿਰ ਨਾਲ ਲਗਦੇ ਅਹਾਤੇ ਵਿੱਚ ਜਾ ਕੇ ਘਰੋਂ ਲਿਆਂਦੀਆਂ ਪਾਣੀ ਵਾਲੀਆਂ ਬੋਤਲਾਂ ਵਿੱਚ ਇਸ ਨੂੰ ਪਾ ਕੇ ਬੋਤਲਾਂ ਬੈਗ ਵਿੱਚ ਪਾ ਲਈਆਂ। ਥੋੜ੍ਹੇ ਫਰਕ ’ਤੇ ਖੜ੍ਹੇ ਪੱਤਰਕਾਰ ਨੇ ਉਨ੍ਹਾਂ ਦੀ ਇਹ ਕਾਰਵਾਈ ਕੈਮਰੇ ਵਿੱਚ ਕੈਦ ਕਰ ਲਈ ਅਤੇ ਅਗਲੇ ਦਿਨ ਇਹ ਖ਼ਬਰ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈ। ਪ੍ਰਸ਼ਾਸਨ ਅਤੇ ਵਿੱਦਿਆ ਵਿਭਾਗ ਹਰਕਤ ਵਿੱਚ ਵੀ ਆਇਆ ਅਤੇ ਇਹ ਹਦਾਇਤਾਂ ਜ਼ਿਲ੍ਹੇ ਦੇ ਸਾਰੇ ਸਕੂਲ ਮੁਖੀਆਂ ਨੂੰ ਜਾਰੀ ਹੋਈਆਂ ਕਿ ਸਵੇਰ ਦੀ ਪ੍ਰਾਰਥਨਾ ਸਭਾ ਵੇਲੇ ਵਿਦਿਆਰਥੀਆਂ ਦੇ ਬੈਗ ਚੰਗੀ ਤਰ੍ਹਾਂ ਚੈੱਕ ਕਰ ਲਏ ਜਾਣ। ਕੁਝ ਦਿਨ ਇਹ ਹਿੱਲ ਜੁਲ ਹੋਈ ਅਤੇ ਫਿਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਆਬਕਾਰੀ ਵਿਭਾਗ ’ਤੇ ਵੀ ਉਸ ਸਮੇਂ ਉਂਗਲਾਂ ਉੱਠੀਆਂ ਕਿ 25 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਠੇਕੇ ਤੋਂ ਸ਼ਰਾਬ ਵੇਚਣੀ ਕਾਨੂੰਨ ਦੀ ਉਲੰਘਣਾ ਹੈ ਅਤੇ ਇਹ ਉਲੰਘਣਾ ਕਰਕੇ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਰਾਬ ਵੇਚੀ ਜਾ ਰਹੀ ਹੈ।
ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਦਾ ਰਹਿਣ ਵਾਲਾ ਤਸਕਰ ਖਰੜ ਵਿਖੇ ਫਲੈਟ ਲੈ ਕੇ ਵਿਦਿਆਰਥੀਆਂ ਨੂੰ ਨਸ਼ਾ ਸਪਲਾਈ ਕਰਦਾ ਗ੍ਰਿਫਤਾਰ ਕੀਤਾ ਗਿਆ ਹੈ। ਨਸ਼ਾ ਸਪਲਾਈ ਕਰਨ ਲਈ ਉਸਨੇ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਲਾਲਚ ਦੇ ਕੇ ਪਾਂਡੀ ਬਣਾ ਲਿਆ ਸੀ। ਕਿਉਂਕਿ ਵਿਦਿਆਰਥੀਆਂ ਉੱਤੇ ਛੋਟੀ ਉਮਰ ਹੋਣ ਕਾਰਨ ਕੋਈ ਸ਼ੱਕ ਨਹੀਂ ਕਰਦਾ, ਇਸ ਲਈ ਬਹੁਤ ਸਾਰੇ ਸਕੂਲ ਦੇ ਵਿਦਿਆਰਥੀਆਂ ਨੂੰ ਤਸਕਰ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ’ਤੇ ਪਹੁੰਚਾਉਣ ਲਈ ਵਰਤ ਰਹੇ ਹਨ। ਵਿਦਿਆਰਥੀ ਵਰਗ ,ਜਿਨ੍ਹਾਂ ਦੇ ਹੱਥਾਂ ਵਿੱਚ ਪੁਸਤਕਾਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਕੋਲ ਕਿਰਤ ਦਾ ਸੰਕਲਪ ਹੋਣਾ ਚਾਹੀਦਾ ਹੈ, ਜਿਨ੍ਹਾਂ ਦੇ ਹੱਥ ਦੁਆ ਲਈ ਉੱਠਣੇ ਚਾਹੀਦੇ ਹਨ, ਉਨ੍ਹਾਂ ਹੱਥਾਂ ਵਿੱਚ ਨਸ਼ਿਆਂ ਦੀਆਂ ਪੁੜੀਆਂ ਦਾ ਹੋਣਾ, ਸਿਰਫ ਉਨ੍ਹਾਂ ਦੇ ਜੀਵਨ ਲਈ ਹੀ ਘਾਤਕ ਨਹੀਂ, ਸਗੋਂ ਮਾਪਿਆਂ ਦੇ ਆਪਣੀ ਔਲਾਦ ਪ੍ਰਤੀ ਸਿਰਜੇ ਸੁਪਨਿਆਂ ਨੂੰ ਵੀ ਖੇਰੂੰ ਖੇਰੂੰ ਕਰਨਾ ਹੈ। ਗੰਭੀਰ ਹੋ ਕੇ ਇਹ ਵੀ ਚਿੰਤਨ ਕਰਨ ਵਾਲੀ ਗੱਲ ਹੈ ਕਿ ਵਿਦਿਆਰਥੀ ਵਰਗ ਪ੍ਰਾਂਤ ਅਤੇ ਦੇਸ਼ ਦਾ ਭਵਿੱਖ ਹਨ ਅਤੇ ਸਮਾਜਿਕ ਜ਼ਿੰਮੇਵਾਰੀਆਂ ਦਾ ਬੋਝ ਵੀ ਭਵਿੱਖ ਵਿੱਚ ਇਨ੍ਹਾਂ ਨੇ ਚੁੱਕਣਾ ਹੈ। ਭਲਾ ਅਜਿਹੀ ਸਥਿਤੀ ਵਿੱਚ ਨਿੱਗਰ, ਉਸਾਰੂ ਅਤੇ ਅਗਾਂਹ ਵਧੂ ਸਮਾਜ ਦੀ ਆਸ ਕਿੰਜ ਰੱਖੀ ਜਾ ਸਕਦੀ ਹੈ?
ਜੇਕਰ ਸਮਾਜ ਦੀ ਨੀਂਹ ਕਮਜ਼ੋਰ ਹੈ ਤਾਂ ਪ੍ਰਾਂਤ ਦੀ ਖੁਸ਼ਹਾਲੀ ਉੱਤੇ ਪ੍ਰਸ਼ਨ ਚਿੰਨ੍ਹ ਲੱਗਣਾ ਕੁਦਰਤੀ ਹੈ। ਬਿਮਾਰ ਸਮਾਜ ਹਮੇਸ਼ਾ ਹੀ ਪ੍ਰਾਂਤ ਅਤੇ ਦੇਸ਼ ਲਈ ਘਾਤਕ ਹੁੰਦਾ ਹੈ। ਇੱਕ ਸਰਵੇਖਣ ਅਨੁਸਾਰ 13-15 ਆਯੂ ਗੁੱਟ ਦੇ ਸਕੂਲ ਵਿਦਿਆਰਥੀਆਂ ਵਿੱਚ ਨਸ਼ੇ ਦੀ ਆਦਤ ਸਰਕਾਰੀ ਸਕੂਲਾਂ ਵਿੱਚ 11.9% ਅਤੇ ਪ੍ਰਾਈਵੇਟ ਸਕੂਲਾਂ ਵਿੱਚ 5.9% ਹੈ। ਸਕੂਲ ਦੇ ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਘੁਸਪੈਠ ਦਾ ਅਰਥ ਹੈ ਸਕੂਲ ਵਿੱਚ ਅਨੁਸ਼ਾਸਨਹੀਣਤਾ, ਨੈਤਿਕ ਕਦਰਾਂ ਕੀਮਤਾਂ ਦਾ ਨਿਘਾਰ, ਭਵਿੱਖ ਧੁੰਦਲਾ, ਸਰੀਰਕ, ਮਾਨਸਿਕ ਅਤੇ ਬੌਧਕ ਕੰਗਾਲੀ ਦਾ ਸ਼ਿਕਾਰ ਹੋਣਾ। ਸਰੀਰਕ ਪੱਖ ਤੋਂ ਨਿਘਾਰ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਅਕਸਰ 11-14 ਆਯੂ ਗੁੱਟ ਦੇ ਵਿਦਿਆਰਥੀ ਸ਼ੁਰੂ ਵਿੱਚ ਸ਼ੌਕ ਸ਼ੌਂਕ ਵਿੱਚ ਸੁਸਾਇਟੀ ਦੇ ਅਸਰ ਨਾਲ ਜਾਂ ਘਰੋਂ ਮਿਲੇ ਸੰਸਕਾਰਾਂ ਦੇ ਅਸਰ ਹੇਠ ਬੀੜੀ, ਜਰਦਾ ਅਤੇ ਸਿਗਰਟ ਦੀ ਵਰਤੋਂ ਕਰਦੇ ਹਨ। ਸਿਗਨੇਚਰ ਦੀ ਵਰਤੋਂ ਵੀ ਇਸ ਵਿੱਚ ਸ਼ਾਮਲ ਹੈ। ਵਿਦਿਆਰਥੀ ਵਰਗ ਲਈ ਇਹ ਨਸ਼ੇ ਦਾ ਪਹਿਲਾ ਪੜਾਅ ਹੈ। ਜੇਕਰ ਇਸ ਪੜਾਅ ’ਤੇ ਵਿਦਿਆਰਥੀ ਨੂੰ ਰੋਕਿਆ ਨਾ ਜਾਵੇ ਤਾਂ ਉਸਦਾ 14 ਸਾਲ ਦੀ ਉਮਰ ਉਪਰੰਤ ਸ਼ਰਾਬ ਵੱਲ ਝੁਕਾਅ ਹੋ ਜਾਂਦਾ ਹੈ। ਜੇਕਰ ਦੂਜੇ ਪੜਾ ਵੱਲ ਵੀ ਧਿਆਨ ਨਾ ਦਿੱਤਾ ਜਾਵੇ ਤਾਂ ਫਿਰ ਤੀਜੇ ਪੜਾਅ ਵਿੱਚ ਉਸਦੇ ਹੱਥ ਵਿੱਚ ਚਿੱਟਾ ਅਤੇ ਸਰਿੰਜ ਹੁੰਦੀ ਹੈ। ਇਹ ਤੀਜਾ ਪੜਾਅ ਬਹੁਤ ਹੀ ਘਾਤਕ ਅਤੇ ਜਾਨਲੇਵਾ ਹੈ।
ਨਸ਼ਾ ਛਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਸੇਵਾ ਕਰਦਿਆਂ ਮੇਰੇ ਕੋਲ ਨੌਂਵੀਂ ਜਮਾਤ ਦੇ ਵਿਦਿਆਰਥੀ ਨੂੰ ਅਧਿਆਪਕ ਲੈ ਕੇ ਆਏ। ਉਹ ਸਵੇਰ ਦੀ ਸਭਾ ਸਮੇਂ ਬੇਹੋਸ਼ ਹੋ ਕੇ ਡਿਗ ਪਿਆ ਸੀ। ਕੌਂਸਲਿੰਗ ਕਰਦਿਆਂ ਸਾਹਮਣੇ ਆਇਆ ਕਿ ਉਹ ਪਿਛਲੇ ਚਾਰ ਮਹੀਨਿਆਂ ਤੋਂ ਚਿੱਟੇ ਦੀ ਵਰਤੋਂ ਕਰਦਾ ਸੀ। ਉਸਨੇ ਪ੍ਰਗਟਾਵਾ ਕੀਤਾ ਕਿ ਸਕੂਲ ਵਿੱਚ ਹੋਰ ਕਈ ਵਿਦਿਆਰਥੀ ਵੀ ਚਿੱਟੇ ਦੀ ਵਰਤੋਂ ਕਰਦੇ ਹਨ। ਜਦੋਂ ਵਿਦਿਆਰਥੀ ਦੇ ਮਾਪਿਆਂ ਨੂੰ ਉਸਦੇ ਪੁੱਤਰ ਦੇ ਚਿੱਟੇ ਦਾ ਸ਼ਿਕਾਰ ਹੋਣ ਸਬੰਧੀ ਦੱਸਿਆ ਤਾਂ ਉਹਨਾਂ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਬੰਧੀ ਸਾਨੂੰ ਪਤਾ ਹੀ ਨਹੀਂ ਲੱਗਿਆ। ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖ਼ਲ ਕਰਕੇ ਮੁੱਖ ਧਾਰਾ ਵਿੱਚ ਲਿਆਂਦਾ ਗਿਆ। ਇੰਜ ਹੀ ਇੱਕ ਸੱਤਵੀਂ ਜਮਾਤ ਦਾ ਵਿਦਿਆਰਥੀ ਵੀ ਚਿੱਟਾ ਛੱਡਣ ਲਈ ਦਾਖ਼ਲ ਰਿਹਾ ਸੀ।
ਦਰਅਸਲ ਮਾਪਿਆਂ ਦੀ ਸੋਚ ਇਸ ਗੱਲ ’ਤੇ ਕੇਂਦਰਤ ਹੈ ਕਿ ਉਸ ਨੂੰ ਮਹਿੰਗੀ ਟਿਊਸ਼ਨ, ਮਹਿੰਗਾ ਮੋਟਰਸਾਈਕਲ ਅਤੇ ਮਹਿੰਗਾ ਮੋਬਾਇਲ ਲੈ ਕੇ ਦਿੱਤਾ ਜਾਵੇ। ਇਹ ਸਭ ਕੁਝ ਕਰਨ ਉਪਰੰਤ ਉਹ ਬੱਚਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਮੁਕਤ ਸਮਝਦੇ ਹਨ। ਸਿਰਫ 2% ਮਾਪੇ ਸਕੂਲਾਂ ਵਿੱਚ ਜਾ ਕੇ ਆਪਣੇ ਬੱਚੇ ਦੀ ਕਾਰਗੁਜ਼ਾਰੀ ਸਬੰਧੀ ਪਤਾ ਕਰਨ ਲਈ ਜਾਂਦੇ ਹਨ। ਬਹੁਤ ਸਾਰੇ ਮਾਪੇ ਇਹ ਭੁੱਲ ਗਏ ਹਨ ਕਿ ਉਨ੍ਹਾਂ ਦੀ ਅਸਲ ਪੁੰਜੀ ਉਨ੍ਹਾਂ ਦੀਆਂ ਫੁੱਲੀਆਂ ਹੋਈਆਂ ਜੇਬਾਂ ਨਹੀਂ, ਸਗੋਂ ਔਲਾਦ ਹੈ। ਭਲਾ ਜੇ ਔਲਾਦ ਹੀ ਸਿਵਿਆਂ ਦੇ ਰਾਹ ਪੈ ਗਈ, ਫਿਰ ਪਦਾਰਥਕ ਦੌੜ ਦੀ ਕੀਮਤ ਕੀ ਹੈ? ਮਾਪਿਆਂ ਨੂੰ ਸੁਝਾਅ ਹੈ ਕਿ ਉਹ ਆਪਣੀ ਔਲਾਦ ’ਤੇ ਬਾਜ਼ ਅੱਖ ਰੱਖਣ। ਜੇਕਰ ਔਲਾਦ ਦੀ ਸਿਹਤ ਵਿੱਚ ਦਿਨ-ਬ-ਦਿਨ ਨਿਘਾਰ ਆ ਰਿਹਾ ਹੈ, ਬਾਥਰੂਮ ਵਿੱਚ ਜ਼ਿਆਦਾ ਸਮਾਂ ਲਾਉਂਦਾ ਹੈ, ਪੜ੍ਹਨ ਵਾਲਾ ਕਮਰਾ ਬੰਦ ਕਰਕੇ ਅਗਰਬੱਤੀ ਲਾਉਂਦਾ ਹੈ, ਹਰ ਵੇਲੇ ਖਿਝਿਆ ਜਿਹਾ ਰਹਿੰਦਾ ਹੈ, ਵਿਦਿਆਰਥੀ ਦੇ ਜਾਣ ਬਾਅਦ ਉਸਦੇ ਕਮਰੇ ਦੀ ਫਰੋਲਾ ਫਰਾਲੀ ਕੀਤੀ ਜਾਵੇ। ਕਮਰੇ ਵਿੱਚ ਮਾਚਸਾਂ ਦਾ ਮਿਲਣਾ, ਵਰਤੀਆਂ ਜਾਂ ਅਣਵਰਤੀਆਂ ਸਰਿੰਜਾਂ ਦਾ ਮਿਲਣਾ, ਫੁਆਇਲ ਪੇਪਰ ਮਿਲਣਾ, ਚੰਗੇ ਸੰਕੇਤ ਨਹੀਂ। ਮਾਪਿਆਂ ਨੂੰ ਤੁਰੰਤ ਕਿਸੇ ਚੰਗੇ ਮਨੋਵਿਗਿਆਨਿਕ ਡਾਕਟਰ ਨਾਲ ਸੰਪਰਕ ਕਰਕੇ ਉਸਦਾ ਇਲਾਜ ਕਰਾਉਣਾ ਚਾਹੀਦਾ ਹੈ। ਕਈ ਵਾਰ ਮਾਪੇ ਸਮਾਜਕ ਨਮੋਸ਼ੀ ਕਾਰਨ ਅੰਦਰੋ ਅੰਦਰੀ ਥੋੜ੍ਹੀ ਮੋਟੀ ਚਾਰਾਜੋਈ ਕਰਦੇ ਹਨ। ਇਸ ਪੱਖ ਤੋਂ ਮਾਪਿਆਂ ਨੂੰ ਸੁਚੇਤ ਹੋ ਕੇ ਆਪਣੇ ਬੱਚੇ ਦੇ ਇਲਾਜ ਸਬੰਧੀ ਗੰਭੀਰ ਹੋਣਾ ਚਾਹੀਦਾ ਹੈ। ਸਮਾਜ ਨੂੰ ਤਾਂ ਉਸਦੀਆਂ ਆਦਤਾਂ ਸਬੰਧੀ ਕਾਫੀ ਹੱਦ ਤਕ ਪਹਿਲਾਂ ਹੀ ਪਤਾ ਲੱਗ ਚੁੱਕਿਆ ਹੁੰਦਾ ਹੈ। ਕਈ ਵਾਰ ਕੋਈ ਭਲਾ ਮਾਣਸ ਜੇਕਰ ਬੱਚੇ ਦੀ ਇਸ ਆਦਤ ਸਬੰਧੀ ਮਾਪਿਆਂ ਨੂੰ ਦੱਸਦਾ ਹੈ ਤਾਂ ਮਾਪੇ ਇਹ ਕਹਿ ਕੇ ਉਸਦੇ ਗਲ ਪੈ ਜਾਂਦੇ ਹਨ, “ਤੈਨੂੰ ਕੋਈ ਭੁਲੇਖਾ ਲੱਗਿਐ, ਸਾਡੇ ਮੁੰਡੇ ਦੀ ਤਾਂ ਕੋਈ ਸਹੁੰ ਨਹੀਂ ਖਾਂਦਾ।” ਬੱਸ, ਐਦਾਂ ਦੀ ਮੁੰਡੇ ਦੇ ਮੂੰਹ ’ਤੇ ਹੀ ਕੀਤੀ ਵਡਿਆਈ ਉਸਦੀ ਇਸ ਬੁਰਿਆਈ ਨੂੰ ਹੋਰ ਬਲ ਬਖਸ਼ਦੀ ਹੈ।
ਪਿਛਲੇ ਦਿਨੀਂ ਲੁਧਿਆਣਾ ਦੇ ਸਕੂਲਾਂ ਦੇ ਆਲੇ ਦੁਆਲੇ ਖੁੱਲ੍ਹੀਆਂ ਹੋਈਆਂ ਚਾਹ ਦੀਆਂ ਦੁਕਾਨਾਂ, ਫਰੂਟ ਦੀਆਂ ਦੁਕਾਨਾਂ, ਪਾਨ ਅਤੇ ਹੋਰ ਨਿਕਸੁਕ ਦੀਆਂ ਦੁਕਾਨਾਂ ਦੀ ਪੁਲਿਸ ਵਿਭਾਗ ਵੱਲੋਂ ਤਲਾਸ਼ੀ ਲਈ ਗਈ। ਸਿਗਨੇਚਰ ਕੈਪਸੂਲ, ਸਿਗਰਟਾਂ ਅਤੇ ਹੋਰ ਨਸ਼ੇ ਦਾ ਸਮਾਨ ਉਨ੍ਹਾਂ ਕੋਲੋਂ ਬਰਾਮਦ ਹੋਇਆ ਸੀ। ਬਰਾਮਦਗੀ ਸਮੇਂ ਇਹ ਵੀ ਪਤਾ ਲੱਗਿਆ ਸੀ ਕਿ ਵਿਦਿਆਰਥੀ ਕੋਡ ਸ਼ਬਦ ਦੀ ਵਰਤੋਂ ਕਰਕੇ ਦੁਕਾਨਦਾਰ ਤੋਂ ਨਸ਼ਾ ਪ੍ਰਾਪਤ ਕਰਦੇ ਸਨ। ਇਸ ਸਬੰਧੀ ਅਧਿਆਪਕਾਂ ਨੂੰ ਬੇਨਤੀ ਹੈ ਕਿ ਅਜਿਹੇ ਦੁਕਾਨਦਾਰਾਂ ’ਤੇ ਬਾਜ਼ ਅੱਖ ਰੱਖੀ ਜਾਵੇ ਅਤੇ ਲੋੜ ਅਨੁਸਾਰ ਪੁਲਿਸ ਦੀ ਸਹਾਇਤਾ ਨਾਲ ਉਹਨਾਂ ’ਤੇ ਬਣਦੀ ਕਾਰਵਾਈ ਕਰਵਾਈ ਜਾਵੇ। ਨਸ਼ਾ ਛੁਡਾਊ ਕੇਂਦਰਾਂ ਵਿੱਚ ਜਿਹੜੇ ਨਸ਼ਈ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਹਨ ਉਨ੍ਹਾਂ ਵਿੱਚੋਂ ਅੰਦਾਜ਼ਨ 5 ਫੀਸਦੀ 18 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ। ਇਨ੍ਹਾਂ ਪੰਜ ਪ੍ਰਤੀਸ਼ਤ ਨਸ਼ਈਆਂ ਵਿੱਚੋਂ 70% ਚਿੱਟੇ ਦੇ ਆਦੀ ਅਤੇ 30% ਮੈਡੀਕਲ ਨਸ਼ੇ ਦੇ ਆਦੀ ਹੁੰਦੇ ਹਨ।
ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਜਿੰਨੀਂ ਸਿਆਸੀ ਬਿਆਨਬਾਜ਼ੀ ਅਤੇ ਮਾਅਰਕੇ ਬਾਜ਼ੀ ਹੋ ਰਹੀ ਹੈ, ਜ਼ਮੀਨੀ ਪੱਧਰ ’ਤੇ ਇਸਦੀ ਰੋਕਥਾਮ ਲਈ ਐਨਾ ਕੰਮ ਨਹੀਂ ਹੋਇਆ। ਜੇਕਰ ਅਜਿਹਾ ਸੰਭਵ ਹੁੰਦਾ ਤਾਂ ਨਾ ਤਾਂ ਸਿਵਿਆਂ ਵਿੱਚ ਨਸ਼ਿਆਂ ਦੀ ਭੇਂਟ ਚੜ੍ਹੇ ਨੌਜਵਾਨਾਂ ਨੂੰ ਅਗਨ ਭੇਟ ਕਰਨ ਲਈ ਐਨੀ ਭੀੜ ਹੁੰਦੀ ਅਤੇ ਨਾ ਹੀ ਸੱਥਰਾਂ ’ਤੇ ਮਨਾਂ ਨੂੰ ਵਲੂੰਧਰਨ ਵਾਲੇ ਵੈਣ ਸੁਣਨ ਨੂੰ ਮਿਲਦੇ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਪੰਜਾਬ ਦੀ ਅਬਾਦੀ ਕੁੱਲ ਦੇਸ਼ ਦੀ ਅਬਾਦੀ ਦਾ 2.21% ਹੈ, ਪਰ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਕੁੱਲ ਦੇਸ਼ ਵਿੱਚ ਹੋਈਆਂ ਮੌਤਾਂ ਦਾ 21% ਹੈ। ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਫਰੀਦਕੋਟ ਪੁਲਿਸ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਗਾਂਹ 30 ਕਿਲੋ ਅਫੀਮ ਸਪਲਾਈ ਕਰਨ ਜਾ ਰਿਹਾ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਹਾਲੀ ਦਾ ਸਕੂਲੀ ਵਿਦਿਆਰਥੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਦਾ ਸ਼ਿਕਾਰ ਹੋ ਗਿਆ।
“ਯੁੱਧ ਨਸ਼ਿਆਂ ਵਿਰੁੱਧ” ਦੀ ਅਗਲੀ ਕੜੀ ਵਿੱਚ ਪੰਜਾਬ ਸਰਕਾਰ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਅਰਨੀਵਾਲਾ ਐਮੀਨੈਂਸ ਸਕੂਲ ਵਿੱਚ 1 ਅਗਸਤ ਨੂੰ ਸਮਾਗਮ ਕਰਕੇ ਛੇ ਜ਼ਿਲ੍ਹਿਆਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੁਲਾ ਕੇ ਨੌਂਵੀਂ ਤੋਂ ਬਾਰ੍ਹਵੀਂ ਤਕ ਦੇ ਸਿਲੇਬਸ ਵਿੱਚ ਨਸ਼ਿਆਂ ਦਾ ਸਿਲੇਬਸ ਸ਼ਾਮਲ ਕਰਨ ਦੀ ਯੋਜਨਾ ਅਰੰਭ ਕਰਨ ਦਾ ਐਲਾਨ ਕੀਤਾ ਹੈ। ਵਿਦਿਆਰਥੀ ਵਰਗ ਲਈ ਇਹ ਇੱਕ ਉਸਾਰੂ ਕਦਮ ਹੈ, ਪਰ ਇਸਦੇ ਨਾਲ ਹੀ ਮਾਪਿਆਂ ਅਤੇ ਅਧਿਆਪਕਾਂ ਦਾ ਰੋਲ ਮਾਡਲ ਹੋਣਾ, ਉਹਨਾਂ ਦਾ ਆਪਸ ਵਿੱਚ ਸੰਪਰਕ ਹੋਣਾ, ਸਮਾਜ ਦਾ ਨਾਲ ਜੁੜਨਾ ਅਤੇ ਰਾਜਸੀ ਦ੍ਰਿੜ੍ਹ ਇੱਛਾ ਸ਼ਕਤੀ ਨੂੰ ਅਮਲੀ ਜਾਮਾ ਪਹਿਨਾਉਣਾ ਅਤਿਅੰਤ ਜ਼ਰੂਰੀ ਹੈ। ਇਸ ਤਰ੍ਹਾਂ ਉਸਾਰੀ ਗਈ ਲੋਕ ਲਹਿਰ ਹੀ ਨਸ਼ਿਆਂ ਦੀ ਵਗਦੀ ਮਾਰੂ ਹਨੇਰੀ ਨੂੰ ਠੱਲ੍ਹ ਪਾ ਸਕੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (