MohanSharma8ਸੱਥਰ ’ਤੇ ਸੰਨਾਟਾ ਪਸਰਿਆ ਹੋਇਆ ਸੀ। ਮ੍ਰਿਤਕ ਦੇ ਚਾਚੇ ਵੱਲੋਂ ਕੀਤੇ ਪ੍ਰਸ਼ਨ ਦਾ ਕਿਸੇ ਨੂੰ ਵੀ ...
(29 ਅਗਸਤ 2025)


ਇਸ ਵੇਲੇ ਕਈ ਤਰ੍ਹਾਂ ਦੀਆਂ ਖ਼ਬਰਾਂ ਮਨੁੱਖੀ ਮਨ ਨੂੰ ਉਦਾਸ ਵੀ ਕਰਦੀਆਂ ਹਨ ਅਤੇ ਭੈਅ ਭੀਤ ਵੀ। ਪਹਿਲੀ ਖ਼ਬਰ ਆਪਣੀ ਮਿਹਨਤ
, ਸਿਦਕ ਦਿਲੀ ਅਤੇ ਢੁਕਵੀਂ ਵਿਉਂਤਬੰਦੀ ਨਾਲ ਸਥਾਪਿਤ ਕਾਰੋਬਾਰੀ ਨੂੰ ਜਦੋਂ ਅਚਨਚੇਤ ਵਿਦੇਸ਼ੀ ਫੋਨ ਕਾਲ ਰਾਹੀਂ ਭਾਰੀ ਰਾਸ਼ੀ ਦੀ ਫਿਰੌਤੀ ਮੰਗੀ ਜਾਂਦੀ ਹੈ ਅਤੇ ਨਾਲ ਹੀ ਸੀਮਾ ਬੱਧ ਸਮੇਂ ਵਿੱਚ ਇਹ ਮੰਗ ਪੂਰੀ ਕਰਨ ਦੀ ਚਿਤਾਵਨੀ ਦੇ ਨਾਲ ਨਾਲ ਧਮਕੀ ਵੀ ਦਿੱਤੀ ਜਾਂਦੀ ਹੈ ਕਿ ਜੇਕਰ ਮੰਗ ਪੂਰੀ ਨਾ ਕੀਤੀ ਤਾਂ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ, ਉਸ ਵੇਲੇ ਧਮਕੀ ਪ੍ਰਾਪਤ ਕਰਨ ਵਾਲੇ ਦੀ ਹਾਲਤ ਤਰਸਯੋਗ ਬਣ ਜਾਂਦੀ ਹੈ। ਉਸ ਨੂੰ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਕੰਧਾਂ ਤੋਂ ਵੀ ਭੈਅ ਆਉਣ ਲੱਗ ਜਾਂਦਾ ਹੈ। ਬੂਹਾ ਖੜਕਣ ਜਾਂ ਕਾਲ ਬੈੱਲ ਵੱਜਣ ’ਤੇ ਸਾਰਾ ਪਰਿਵਾਰ ਸਹਿਮ ਜਾਂਦਾ ਹੈ। ਪਰਿਵਾਰ ਦੇ ਹੱਸਦੇ ਚਿਹਰਿਆਂ ’ਤੇ ਸੋਗ ਦੀ ਪਰਤ ਜੰਮ ਜਾਂਦੀ ਹੈ। ਕੁਝ ਖਾਣ ਪੀਣ ਨੂੰ ਦਿਲ ਨਹੀਂ ਕਰਦਾ। ਚਾਰੇ ਪਾਸੇ ਮੰਡਲਾਉਂਦੀ ਮੌਤ ਦੇ ਕਾਲੇ ਪਰਛਾਵੇਂ ਖੁਸ਼ੀਆਂ ਨੂੰ ਗ੍ਰਹਿਣ ਲਾ ਦਿੰਦੇ ਹਨ। ਕਈ ਵਿਉਪਾਰੀਆਂ ਨੇ ਤਾਂ ਅੰਦਰਖਾਤੇ ਗੈਂਗਸਟਰਾਂ ਨੂੰ ਆਪਣੀ ਪੂੰਜੀ ਦਾ ਵੱਡਾ ਹਿੱਸਾ ਦੇ ਕੇ ਖਹਿੜਾ ਛੁਡਵਾਇਆ ਹੈ। ਇਹ ਕੁਝ ਕਰਨ ਨਾਲ ਵਿਉਪਾਰੀ ਦੇ ਕਾਰੋਬਾਰ ਦਾ ਸਾਰਾ ਤਵਾਜ਼ਨ ਹੀ ਹਿੱਲ ਜਾਂਦਾ ਹੈ।

ਦੂਜੇ ਪਾਸੇ ਜਿਹੜੇ ਵਿਉਪਾਰੀਆਂ ਨੇ ਲੁਟੇਰਿਆਂ ਦੇ ‘ਹੁਕਮ’ ਦੀ ਪਾਲਣਾ ਨਹੀਂ ਕੀਤੀ, ਲੁਟੇਰਿਆਂ ਨੇ ਉਹਨਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਹੈ। ਬਾਅਦ ਵਿੱਚ ਪੁਲਿਸ ਵੱਲੋਂ ਦੋਸ਼ੀਆਂ ਨੂੰ ਛੇਤੀ ਫੜਨ ਦਾ ਦਾਅਵਾ ਕਰਨ ਦੇ ਨਾਲ ਨਾਲ ਮ੍ਰਿਤਕ ਕਾਰੋਬਾਰੀ ਦੇ ਘਰ ਵਿਧਾਇਕ ਜਾਂ ਮੰਤਰੀ ਪਰਿਵਾਰ ਨੂੰ ਦਿਲਾਸਾ ਦੇਣ ਲਈ ਵੀ ਪੁੱਜ ਜਾਂਦੇ ਹਨ। ਇਸ ਤਰ੍ਹਾਂ ਹੀ ਮਾਰੇ ਗਏ ਇੱਕ ਕਾਰੋਬਾਰੀ ਦੇ ਘਰ ਜਦੋਂ ਮੰਤਰੀ ਅਫਸੋਸ ਪ੍ਰਗਟ ਕਰਨ ਗਿਆ ਤਾਂ ਮ੍ਰਿਤਕ ਵਿਉਪਾਰੀ ਦੇ ਭਰਾ ਨੇ ਗ਼ਮਗੀਨ ਲਹਿਜੇ ਵਿੱਚ ਕਿਹਾ, “ਮੇਰੇ ਭਰਾ ਨੂੰ ਪਿਛਲੇ ਕਈ ਦਿਨਾਂ ਤੋਂ ਜਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਅਸੀਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮੁਖੀ ਕੋਲ ਜਾ ਕੇ ਜਾਨ ਦੀ ਖ਼ੈਰ ਮੰਗਦਿਆਂ ‘ਗੰਨ ਮੈਨ’ ਦੇਣ ਦੀ ਬੇਨਤੀ ਕੀਤੀ ਸੀ ਪਰ ਕੁਝ ਨਹੀਂ ਬਣਿਆ। ਇੰਜ ਕਰੋ ਮੰਤਰੀ ਸਾਹਿਬ, ਇਹ ਜਿਹੜੀ ਤੁਹਾਡੇ ਨਾਲ ਗੰਨਮੈਨਾਂ ਦੀ ਹੇੜ੍ਹ ਫਿਰਦੀ ਹੈ, ਇਹਨੂੰ ਇੱਥੇ ਬਿਠਾ ਕੇ ਤੁਸੀਂ ਇਕੱਲੇ ਇੱਕ ਗੇੜਾ ਸ਼ਹਿਰ ਦਾ ਲਾ ਦਿਉ। ਤੁਹਾਨੂੰ ਅਮਨ, ਕਾਨੂੰਨ ਦੀ ਸਥਿਤੀ ਦਾ ਆਪੇ ਪਤਾ ਲੱਗ ਜਾਵੇਗਾ।”

ਮ੍ਰਿਤਕ ਦੇ ਭਰਾ ਨੇ ਖੂਨ ਦੇ ਹੰਝੂ ਵਹਾਉਂਦਿਆਂ ਕਿਹਾ, “ਜੇਕਰ ਤੁਹਾਨੂੰ ਆਪਣੀ ਸੁਰੱਖਿਆ ਦਾ ਫਿਕਰ ਹੈ, ਫਿਰ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ? ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਕਰਨਾ ਸਰਕਾਰ ਦਾ ਮੁਢਲਾ ਫਰਜ਼ ਹੈ।”

ਮੰਤਰੀ ਕੋਈ ਢੁਕਵਾਂ ਜਵਾਬ ਨਹੀਂ ਸੀ ਦੇ ਸਕਿਆ। ਦਰਅਸਲ ਜਦੋਂ ਸਿਆਸੀ ਵਿਅਕਤੀਆਂ ਨੂੰ ਲੋਕਾਂ ਦਾ ਸਮਰਥਨ ਮਿਲਦਾ ਹੈ, ਉਹਨਾਂ ਨੂੰ ਲੋਕਾਂ ਦੀ ਅਮਾਨਤ ਸਮਝਣਾ ਚਾਹੀਦਾ ਹੈ। ਇਹ ਅਮਾਨਤ ਸੌਂਪ ਕੇ ਲੋਕ ਅਮਨ-ਚੈਨ ਦੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ।

*   *   *

ਜਿਹੜੇ ਘਰ ਵਿੱਚ ਨਸ਼ਾ ਵੜ ਗਿਆ, ਸਮਝੋ ਉਸ ਘਰ ਵਿੱਚ ਭੂਤ ਵੜ ਗਿਆ ਅਤੇ ਇਹ ਭੂਤ ਪਤਾ ਨਹੀਂ ਕਿਸ-ਕਿਸ ਦਾ ਨੁਕਸਾਨ ਕਰ ਦੇਵੇ। ਮਾਨਸਿਕ, ਸਰੀਰਕ, ਬੌਧਿਕ ਅਤੇ ਆਰਥਿਕ ਪੱਖ ਤੋਂ ਨਸ਼ਈ ਘਰ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੰਦਾ ਹੈ। ਨਸ਼ਈ ਦੇ ਮਾਪੇ ਆਪਣੇ ਆਪ ਨੂੰ ਨਾ ਜਿਊਂਦਿਆਂ ਵਿੱਚ ਅਤੇ ਨਾ ਹੀ ਮਰਿਆਂ ਵਿੱਚ ਸਮਝਦੇ ਹਨ। ਭਾਵੇਂ ਪੰਜਾਬ ਸਰਕਾਰ ਨੇ 1 ਮਾਰਚ 2025 ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਅਧੀਨ ਕਾਨੂੰਨ ਦੀ ਅਮਲਦਾਰੀ, ਨਸ਼ਿਆਂ ਦੀ ਸਪਲਾਈ ਲਾਈਨ ਰੋਕਣੀ, ਤਸਕਰਾਂ ਦੀ ਗ੍ਰਿਫਤਾਰੀ ਅਤੇ ਨਸ਼ਈਆਂ ਦਾ ਇਲਾਜ ਸ਼ਾਮਲ ਹੈ। ਇਸ ਨੀਤੀ ’ਤੇ ਅਮਲ ਕਰਦਿਆਂ ਜੇਲ੍ਹਾਂ ਵਿੱਚ ਨਸ਼ਾ ਤਸਕਰ ਜੇਲ੍ਹਾਂ ਦੀ ਸਮਰੱਥਾ ਤੋਂ ਕਿਤੇ ਵੱਧ ਅੰਦਰ ਕੀਤੇ ਹੋਏ ਹਨ। ਨਸ਼ਾ ਛਡਾਊ ਕੇਂਦਰਾਂ ਵਿੱਚ ਵੀ ਪੁਲਿਸ ਨਸ਼ਈਆਂ ਨੂੰ ਫੜ ਕੇ ਧੜਾਧੜ ਦਾਖ਼ਲ ਕਰਵਾ ਰਹੀ ਹੈ। ਨਸ਼ਾ ਬਰਾਮਦਗੀ ਦੀਆਂ ਖ਼ਬਰਾਂ ਵੀ ਰੋਜ਼ ਨਸ਼ਰ ਹੁੰਦੀਆਂ ਹਨ। ਸਰਹੱਦਾਂ ਤੇ ਐਂਟੀ ਡਰੋਨਾਂ ਵਿੱਚ ਵੀ ਹੋਰ ਵਾਧਾ ਕੀਤਾ ਗਿਆ ਹੈ। ਇਨ੍ਹਾਂ ਸਭ ਯਤਨਾਂ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਨਾ ਤਾਂ ਨਸ਼ਿਆਂ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਘਟੀ ਹੈ ਅਤੇ ਨਾ ਹੀ ਨਸ਼ੇ ਦੀ ਸਪਲਾਈ ਲਾਈਨ ’ਤੇ ਪੂਰੀ ਤਰ੍ਹਾਂ ਸੱਟ ਵੱਜੀ ਹੈ। ਕਈ ਥਾਂਵਾਂ ’ਤੇ ਤਾਂ ਜਿਨ੍ਹਾਂ ਸਮਾਜ ਦਾ ਭਲਾ ਸੋਚਣ ਵਾਲਿਆਂ ਨੇ ਨਸ਼ਾ ਤਸਕਰਾਂ ਵਿਰੁੱਧ ਅਵਾਜ਼ ਉਠਾਈ ਹੈ, ਉਹਨਾਂ ਉੱਤੇ ਤਸਕਰਾਂ ਨੇ ਜਾਨਲੇਵਾ ਹਮਲੇ ਵੀ ਕੀਤੇ ਹਨ।

ਪੰਜਾਬ ਦੇ ਇੱਕ ਪਿੰਡ ਵਿੱਚ ਪਿਛਲੇ ਦਿਨੀਂ ਮਾਪਿਆਂ ਦਾ ਇਕਲੌਤਾ ਪੁੱਤ ਨਸ਼ੇ ਦੀ ਓਵਰਡੋਜ਼ ਦਾ ਸ਼ਿਕਾਰ ਹੋ ਗਿਆ। ਉਸਦੀ ਲਾਸ਼ ਝਾੜੀਆਂ ਵਿੱਚੋਂ ਮਿਲੀ। ਉੱਪਰੋਥਲੀ ਪਿੰਡ ਵਿੱਚ ਅਜਿਹੀਆਂ ਕਈ ਹੋਰ ਮੌਤਾਂ ਵੀ ਹੋ ਚੁੱਕੀਆਂ ਸਨ। ਇੱਕ ਪਾਸੇ ਵਿਹੜੇ ਵਿੱਚ ਨੌਜਵਾਨ ਦੀ ਲਾਸ਼ ਦੇ ਨੇੜੇ ਬੈਠੇ ਖੂਨ ਦੇ ਅੱਥਰੂ ਕੇਰਦੇ ਮਾਪਿਆਂ ਦੀ ਹਾਲਤ ਵੇਖੀ ਨਹੀਂ ਸੀ ਜਾਂਦੀ। ਮ੍ਰਿਤਕ ਨੌਜਵਾਨ ਦੇ ਚਾਚੇ ਨੇ ਸੱਥਰ ’ਤੇ ਬੈਠੇ ਲੋਕਾਂ ਨੂੰ ਦੋ ਸਰਿੰਜਾਂ ਵਿਖਾਉਂਦਿਆਂ ਕਿਹਾ, “ਆਹ ਇਕ ਸਰਿੰਜ ਤਾਂ ਚਿੱਟੇ ਨਾਲ ਭਰੀ ਹੋਈ ਅਣਵਰਤੀ ਮੁੰਡੇ ਦੀ ਜੇਬ ਵਿੱਚੋਂ ਮਿਲੀ ਹੈ, ਦੂਜੀ ਇਸ ਸਰਿੰਜ ਨਾਲ ਉਸਨੇ ਨਸ਼ੇ ਦਾ ਟੀਕਾ ਲਾਇਆ ਸੀ।”

ਵਰਤੀ ਹੋਈ ਸਰਿੰਜ ’ਤੇ ਖੂਨ ਦੇ ਧੱਬੇ ਲੱਗੇ ਹੋਏ ਸਨ। ਚਾਚੇ ਨੇ ਭੁੱਬਾਂ ਮਾਰਦਿਆਂ ਖੂਨ ਵਾਲੀ ਸਰਿੰਜ ਵਿਖਾਉਂਦਿਆਂ ਕਿਹਾ, “ਜੇਕਰ ਸਾਡੇ ਮੁੰਡੇ ਦਾ ਇਹੀ ਖੂਨ ਸਰਹੱਦ ’ਤੇ ਦੇਸ਼ ਦੀ ਰਾਖੀ ਕਰਦਿਆਂ ਡੁੱਲ੍ਹਦਾ ਤਾਂ ਅਸੀਂ ਉਸਦੀ ਸ਼ਹੀਦੀ ’ਤੇ ਮਾਣ ਕਰਦੇ। ਇਹ ਖੂਨ ਤਾਂ ਢਾਈ ਤਿੰਨ ਇੰਚ ਦੀਆਂ ਸਰਿੰਜਾਂ ਪੀ ਰਹੀਆਂ ਹਨ। ਇੱਕ ਪਾਸੇ ਸਰਕਾਰ ਨੇ ਸਰਿੰਜਾਂ ਵੇਚਣ ’ਤੇ ਪਾਬੰਦੀ ਲਾਈ ਹੋਈ ਹੈ, ਦੂਜੇ ਪਾਸੇ ਚਿੱਟਾ ਖਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ“ ਫਿਰ ਭਲਾ ਇਹ ਦੋਨੋਂ ਜਾਨਲੇਵਾ ਚੀਜ਼ਾਂ ਕਿੱਥੋਂ ਆ ਰਹੀਆਂ ਨੇ?”

ਸੱਥਰ ’ਤੇ ਸੰਨਾਟਾ ਪਸਰ ਗਿਆ। ਮ੍ਰਿਤਕ ਦੇ ਚਾਚੇ ਵੱਲੋਂ ਕੀਤੇ ਪ੍ਰਸ਼ਨ ਦਾ ਕਿਸੇ ਨੂੰ ਵੀ ਜਵਾਬ ਨਹੀਂ ਸੀ ਸੁੱਝ ਰਿਹਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author