MohanSharma8“ਫਿਰ ਉਸਨੇ ਖਾਮੋਸ਼ੀ ਤੋੜਦਿਆ ਗੱਲ ਨੂੰ ਅਗਾਂਹ ਤੋਰਿਆ, “ਭੋਗ ’ਤੇ ਹੀ ਮੈਨੂੰ ...”
(23 ਅਗਸਤ 2026)


ਉਹ ਨਸ਼ਾ ਛਡਾਊ ਕੇਂਦਰ ਵਿੱਚ ਸਾਝਰੇ ਹੀ ਪਹੁੰਚ ਗਿਆ ਸੀ
। ਦਸ ਕੁ ਕਿਲੋਮੀਟਰ ਦਾ ਸਫਰ ਉਸਨੇ ਆਪਣੇ ਵਰਗੇ ਮਾੜਚੂ ਜਿਹੇ ਸਾਈਕਲ ’ਤੇ ਤੈਅ ਕੀਤਾ ਸੀ। ਬੈਂਚ ’ਤੇ ਬਹਿੰਦਿਆਂ ਉਸਨੇ ਆਲੇ ਦੁਆਲੇ ਨਜ਼ਰ ਮਾਰੀ। ਇੱਕਾ ਦੁੱਕਾ ਕਰਮਚਾਰੀ ਪਹੁੰਚ ਗਏ ਸਨ। ਨਸ਼ੇੜੀ ਮਰੀਜ਼ ਵੀ ਹੱਥਾਂ ਵਿੱਚ ਪਰਚੀਆਂ ਫੜੀ ਪਹੁੰਚ ਰਹੇ ਸਨ। ਉਸ ਵਾਲੇ ਬੈਂਚ ’ਤੇ ਉਸਦੀ ਉਮਰ ਦਾ ਹੀ ਵਿਅਕਤੀ ਕੁਝ ਪਲ ਸੋਚਣ ਤੋਂ ਬਾਅਦ ਉਸਦੇ ਲਾਗੇ ਹੋਕੇ ਬਹਿ ਗਿਆ। ਦੋਨਾਂ ਦਰਮਿਆਨ ਕੁਝ ਪਲ ਖਾਮੋਸ਼ੀ ਛਾਈ ਰਹੀ। ਫਿਰ ਪਿੱਛੋਂ ਆਏ ਵਿਅਕਤੀ ਨੇ ਪਹਿਲਾਂ ਬੈਠੇ ਵਿਅਕਤੀ ਨੂੰ ਪੁੱਛਿਆ, “ਕਿਹੜਾ ਪਿੰਡ ਐ ਥੋਡਾ?”

“ਘੜੌਲੀ ਪਿੰਡ ਤੋਂ ਆਇਆ ਹਾਂ।” ਉਸਨੇ ਉਦਾਸ ਲਹਿਜੇ ਵਿੱਚ ਜਵਾਬ ਦਿੱਤਾ। ਫਿਰ ਦੂਜੇ ਵਿਅਕਤੀ ਨੇ ਜਦੋਂ ਇਹੀ ਪ੍ਰਸ਼ਨ ਉਸ ਕੋਲੋਂ ਪੁੱਛਿਆ ਤਾਂ ਉਸਦਾ ਜਵਾਬ ਸੀ, “ਮੈਂ ਨਨਹੇੜੇ ਪਿੰਡ ਤੋਂ ਆਇਆਂ। ਡਾਕਟਰ ਸਾਹਿਬ ਨੂੰ ਮਿਲਣਾ ਹੈ?”

ਕੁਝ ਪਲ ਦੋਨਾਂ ਦਰਮਿਆਨ ਖਾਮੋਸ਼ੀ ਛਾਈ ਰਹੀ ਪਰ ਦੋਨਾਂ ਦੀ ਹਾਲਤ ਖੰਡਰ ਹੋਈ ਇਮਾਰਤ ਵਰਗੀ ਸੀ। ਵਿਰਾਨ ਅੱਖਾਂ, ਚਿਹਰੇ ’ਤੇ ਛਾਈ ਘੋਰ ਉਦਾਸੀ; ਵਢੂੰ ਵਢੂੰ ਖਾਂਦੀਆਂ ਸੋਚਾਂ ਦੋਨਾਂ ਦਾ ਹੀ ਨਸੀਬ ਬਣੀਆਂ ਲਗਦੀਆਂ ਸਨ। ਫਿਰ ਪਿੱਛੋਂ ਆਏ ਵਿਅਕਤੀ ਨੇ ਪਹਿਲਾਂ ਬੈਠੇ ਵਿਅਕਤੀ ਤੋਂ ਹਮਦਰਦੀ ਨਾਲ ਪੁੱਛਿਆ, “ਡਾਕਟਰ ਸਾਹਿਬ ਨੂੰ ਕਿਵੇਂ ਮਿਲਣਾ ਹੈ? ਘਰ ਸੁਖ ਐ?” ਇਹ ਸੁਣਦਿਆਂ ਹੀ ਪਹਿਲੇ ਦਾ ਮਨ ਛਲਕ ਉੱਠਿਆ, “ਕੀ ਪੁੱਛਦੈਂ ਭਰਾਵਾ, ਪੋਟਾ ਪੋਟਾ ਦੁਖੀ ਹਾਂ ਮੈਂ। ਘਰ ਬਾਰ ਸਭ ਉੱਜੜ ਗਿਆ।” ਇਹ ਕਹਿੰਦਿਆਂ ਉਹਦੇ ਨੈਣਾਂ ਦੇ ਕੋਇਆਂ ਵਿੱਚੋਂ ਪਰਲ ਪਰਲ ਹੰਝੂ ਵਹਿਣ ਲੱਗੇ। ਆਪਣੇ ਪੋਟਿਆਂ ਨਾਲ ਅੱਥਰੂ ਪੂੰਝਦਿਆਂ ਉਸਨੇ ਦਰਦ ਭਰੀ ਅਵਾਜ਼ ਵਿੱਚ ਦੱਸਿਆ, “ਚਾਰ ਸ਼ਤੀਰਾਂ ਵਰਗੇ ਪੁੱਤਾਂ ਦਾ ਬਾਪ ਸੀ ਮੈਂ। ਪਹਿਲਾਂ ਦੋ ਮੁੰਡੇ ਚਿੱਟੇ ’ਤੇ ਲੱਗ ਗਏ। ਬਥੇਰੀ ਭੱਜ ਦੌੜ ਕੀਤੀ, ਉਨ੍ਹਾਂ ਨੂੰ ਬਚਾਉਣ ਦੀ। ਪਿੰਡ ਵਿੱਚ ਹਰਲ ਹਰਲ ਕਰਦੇ ਨਸ਼ੇੜੀ ਅਤੇ ਰਿਉੜੀਆਂ ਵਾਂਗ ਵੇਚਣ ਵਾਲੇ ਚਿੱਟੇ ਦੇ ਸੁਦਾਗਰਾਂ ਸਾਹਮਣੇ ਮੇਰੀ ਕੋਈ ਪੇਸ਼ ਨਾ ਗਈ। ਜੇ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ ਦੇ ਮੁਹਤਬਰਾਂ ਨੂੰ ਨਾਲ ਲੈ ਕੇ ਨਸ਼ਾ ਵੇਚਣ ਤੋਂ ਰੋਕਣ ਲਈ ਕਹਿੰਦੇ ਤਾਂ ਉਹ ਉਲਟਾ ਸਾਡੇ ਗਲ਼ ਪੈਂਦਿਆਂ ਜਵਾਬ ਦਿੰਦੇ, ਅਸੀਂ ਥੋਡੇ ਮੁੰਡਿਆਂ ਨੂੰ ਨਿਉਂਦਾ ਦੇ ਕੇ ਬੁਲਾਉਨੇ ਆਂ? ਉਨ੍ਹਾਂ ਨੂੰ ਰੋਕੋ। ਉਹ ਨਾ ਆਉਣ ਸਾਡੇ ਕੋਲ ਨਸ਼ਾ ਪੱਤਾ ਲੈਣ। ਉੱਧਰ ਜੇ ਮੁੰਡਿਆਂ ਨੂੰ ਟੋਕਦੇ ਤਾਂ ਉਹ ਗਲ਼ ਨੂੰ ਹੱਥ ਪਾਉਣ ਆਉਂਦੇ। ਮੁੰਡਿਆਂ ਦੀ ਮਾਂ ਵੀ ਬਥੇਰਾ ਕਲਪਦੀ ਪਰ ਉਨ੍ਹਾਂ ਨੂੰ ਕਿਸੇ ਦੀ ਵੀ ਲਹੀ ਤਹੀ ਦੀ ਨਹੀਂ ਸੀ।”

ਕੁਝ ਪਲ ਰੁਕਣ ਤੋਂ ਬਾਅਦ ਉਸਨੇ ਗੱਲ ਦੀ ਲੜੀ ਨੂੰ ਅਗਾਂਹ ਤੋਰਿਆ, “ਘਰੋਂ ਜਿਹੜਾ ਕੁਝ ਵੀ ਹੱਥ ਲਗਦਾ, ਉਹ ਲੈ ਜਾਂਦੇ। ਇੱਕ ਦਿਨ ਮੈਂ ਤਾਂ ਕੰਮ ’ਤੇ ਗਿਆ ਹੋਇਆ ਸੀ, ਮੁੰਡਿਆਂ ਦੀ ਮਾਂ ਗੁਆਂਢੀਆਂ ਦੇ ਆਟਾ ਉਧਾਰ ਲੈਣ ਗਈ ਹੋਈ ਸੀ। ਪਿੱਛੋਂ ਉਨ੍ਹਾਂ ਨੇ ਕੁਝ ਸਮਾਂ ਪਹਿਲਾ ਲਿਆਂਦਾ ਫਰਿੱਜ ਤਸਕਰ ਨੂੰ ਕੌਡੀਆਂ ਦੇ ਭਾਅ ਵੇਚ ਦਿੱਤਾ। ਫਰਿੱਜ ਦੇ ਮਿਲੇ ਪੈਸਿਆਂ ਦੀ ਵੰਡ ਵੰਡਾਈ ਵੇਲੇ ਦੋਨੋਂ ਭਰਾਵਾਂ ਦੀ ਲੜਾਈ ਹੋ ਗਈ। ਵੱਡੇ ਨੇ ਰਸੋਈ ਵਿੱਚੋਂ ਘੋਟਣਾ ਲੈ ਕੇ ਛੋਟੇ ਦੇ ਸਿਰ ’ਤੇ ਅਜਿਹੀ ਸੱਟ ਮਾਰੀ ਕਿ ਉਹ ਮੁੜ ਕੇ ਉੱਠ ਨਹੀਂ ਸਕਿਆ, ਥਾਂਈਂ ਦਮ ਤੋੜ ਗਿਆ। ਵੱਡਾ ਮੁੰਡਾ ਹੁਣ ਜੇਲ੍ਹ ਵਿੱਚ ਹੈ।” ਇਹ ਕਹਿੰਦਿਆਂ ਉਹਦੀ ਭੁੱਬ ਨਿਕਲ ਗਈ। ਦੂਜਾ ਵਿਅਕਤੀ ਉਸਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਉਸਨੂੰ ਪਾਣੀ ਦਾ ਗਿਲਾਸ ਪਿਲਾਇਆ।

ਥੋੜ੍ਹਾ ਜਿਹਾ ਥਹੁ-ਸਿਰ ਹੋਣ ’ਤੇ ਉਸਨੇ ਆਪਣੀ ਦਰਦ ਵਿੱਥਿਆ ਫਿਰ ਸੁਣਾਉਣੀ ਸ਼ੁਰੂ ਕਰ ਦਿੱਤੀ। ਦੋਹਰੇ ਮਾਰੂ ਗਮ ਨੇ ਮੈਨੂੰ ਤਾਂ ਮਾੜਾ ਮੋਟਾ ਸੂਤ ਹੀ ਰੱਖਿਆ, ਪਰ ਘਰ ਵਾਲੀ ਵੱਡੇ ਪੁੱਤ ਦਾ ਜੇਲ੍ਹ ਜਾਣਾ ਅਤੇ ਛੋਟੇ ਪੁੱਤ ਦੀ ਮੌਤ ਦੇ ਵਿਗੋਚੇ ਨੂੰ ਝੱਲ ਨਹੀਂ ਸਕੀ। ਬੱਸ ਇੱਕ ਰਾਤ ਨੂੰ ਸੁੱਤੀ ਪਈ ਰਹਿ ਗਈ। ਜਵਾਨ ਪੁੱਤ ਦੀ ਅਰਥੀ ਨੂੰ ਮੋਢਾ, ਪਤਨੀ ਦਾ ਹਮੇਸ਼ਾ ਲਈ ਸਾਥ ਛੱਡ ਜਾਣਾ ਅਤੇ ਵੱਡੇ ਮੁੰਡੇ ਦਾ ਜੇਲ੍ਹ ਵਿੱਚ ਭੱਠ ਝੋਕਣਾ, ਇਨ੍ਹਾਂ ਸਦਮਿਆਂ ਨੇ ਮੈਨੂੰ ਅੱਧ ਮਰਿਆ ਜਿਹਾ ਕਰ ਦਿੱਤੈ।”

ਨਾਲ ਵਾਲੇ ਦੇ ਹਮਦਰਦੀ ਦੇ ਬੋਲ ਵੀ ਊਣੇ ਪੈ ਗਏ।

ਵਿੱਥਿਆ ਸੁਣਾਉਣ ਵਾਲੇ ਦੀ ਪਰਲ ਪਰਲ ਵਗਦੇ ਅੱਥਰੂਆਂ ਨਾਲ ਦਾੜ੍ਹੀ ਭਿੱਜ ਗਈ। ਉਸਨੇ ਗੱਲ ਪੂਰੀ ਕਰਦਿਆਂ ਕਿਹਾ, “ਹੁਣ ਦੋਨੋਂ ਛੋਟੇ ਮੁੰਡੇ ਵੀ ਵੱਡੇ ਮੁੰਡਿਆਂ ਵਾਲੇ ਲੱਛਣਾਂ ’ਤੇ ਆ ਗਏ ਨੇ। ਹਰ ਰੋਜ਼ ਮੇਰੇ ਗਲ਼ ਅੰਗੂਠਾ ਦਿੰਦੇ ਨੇ ਬਈ ਜ਼ਮੀਨ ਗਹਿਣੇ ਰੱਖ ਕੇ ਸਾਨੂੰ ਚਿੱਟੇ ਲਈ ਪੈਸੇ ਦੇ। ਅੱਜ ਡਾਕਟਰ ਕੋਲ ਇਸੇ ਕਰਕੇ ਆਇਆਂ ਬਈ ਇਨ੍ਹਾਂ ਦਾ ਕੋਈ ਬੰਨ੍ਹ ਸੁੱਬ ਹੋ ਜੇ ... ਡਾਕਟਰ ਰਹਿਮ ਕਰਕੇ ਇਨ੍ਹਾਂ ਨੂੰ ਦਾਖਲ ਕਰ ਲੈਣ। ਦੇਖਦਾਂ ਉਨ੍ਹਾਂ ਨੂੰ ਅਰਜ਼ ਕਰਕੇ..।”

ਫਿਰ ਉਸਨੇ ਨਾਲ ਵਾਲੇ ਨੂੰ ਪੁੱਛਿਆ, “ਇੱਥੇ ਤੇਰਾ ਕਿਵੇਂ ਆਉਣਾ ਹੋਇਆ?”

ਨਾਲ ਵਾਲਾ ਗੱਚ ਭਰ ਕੇ ਆਪਣਾ ਦੁੱਖ ਦੱਸਣ ਲੱਗਾ, ਕੀ ਪੁੱਛਦੈਂ ਭਰਾਵਾ, ਚਿੱਟੇ ਨੇ ਸਾਡਾ ਘਰ ਵੀ ਉਜਾੜ ਦਿੱਤੈ। ਕੜੀ ਵਰਗਾ ਮੇਰਾ ਜਵਾਨ ਪੁੱਤ! ਕਬੱਡੀ ਦਾ ਕਹਿੰਦਾ ਕਹਾਉਂਦਾ ਖਿਡਾਰੀ ਸੀ ਉਹ। ਇਲਾਕੇ ਵਿੱਚ ਨਾਮ ਸੀ ਉਹਦਾ। ਉਹਦੀਆਂ ਜਿੱਤੀਆਂ ਸ਼ੀਲਡਾਂ ਨਾਲ ਕਮਰਾ ਭਰਿਆ ਪਿਆ ਹੈ ਪਰ ਉਹ ਹਾਣੀਆਂ ਨਾਲ ਰਲਕੇ ਚਿੱਟਾ ਲੈਣ ਲੱਗ ਪਿਆ। ਹਾਲਾਂ ਪੰਜ ਦਿਨ ਪਹਿਲਾਂ ਹੀ ਉਸਦਾ ਭੋਗ ਪਿਆ ਹੈ। ਵਿਆਹਿਆ ਵਰ੍ਹਿਆ ਸੀ। ਨੂੰਹ ਕੋਲ ਛੇ ਮਹੀਨਿਆਂ ਦਾ ਪੁੱਤ ਐ...।”

ਕੁਝ ਦੇਰ ਲਈ ਉਦਾਸ ਖਾਮੋਸ਼ੀ ਉਨ੍ਹਾਂ ਦੇ ਦਰਮਿਆਨ ਛਾਈ ਰਹੀ। ਫਿਰ ਉਸਨੇ ਖਾਮੋਸ਼ੀ ਤੋੜਦਿਆ ਗੱਲ ਨੂੰ ਅਗਾਂਹ ਤੋਰਿਆ, “ਭੋਗ ’ਤੇ ਹੀ ਮੈਨੂੰ ਪਤਾ ਲੱਗਿਆ ਬਈ ਛੋਟਾ ਵੀ ਚਿੱਟੇ ਦੀ ਲਪੇਟ ਵਿੱਚ ਆਇਆ ਹੋਇਆ ਹੈ। ਸਾਡੇ ਪਿੰਡ ਵੀ ਚਿੱਟਾ ਸ਼ਰੇਆਮ ਵਿਕਦਾ। 16 ਕੁ ਵਰ੍ਹਿਆਂ ਦਾ ਮੁੰਡਾ ਹੈ ਮੇਰਾ। ਜਦੋਂ ਉਹਨੂੰ ਰਿਸ਼ਤੇਦਾਰਾਂ ਵਿੱਚ ਬਿਠਾ ਕੇ ਪੁੱਛਿਆ ਤਾਂ ਉਹ ਮੰਨ ਗਿਆ ਕਿ ਮੈਨੂੰ ਚਿੱਟੇ ਦਾ ਕੋਹੜ ਚਿੰਬੜ ਗਿਆ। ਉਹਦੇ ਇਲਾਜ ਲਈ ਮੈਂ ਵੀ ਡਾਕਟਰ ਸਾਹਿਬ ਤੋਂ ਪੁੱਛਣ ਆਇਆਂ।”

ਦੋਨਾਂ ਨੇ ਇੱਕ ਦੂਜੇ ਦੇ ਹੱਥ ਘੁੱਟ ਕੇ ਫੜੇ ਹੋਏ ਸਨ। ਉਨ੍ਹਾਂ ਦੇ ਨੈਣਾਂ ਵਿੱਚੋਂ ਵਹਿੰਦੇ ਖੂਨ ਦੇ ਅੱਥਰੂ ਇੱਕ ਦੂਜੇ ਦੀਆਂ ਤਲੀਆਂ ਨੂੰ ਭਿਉਂ ਰਹੇ ਸਨ।

ਡਾਕਟਰ ਸਾਹਿਬ ਹਾਲਾਂ ਆਏ ਨਹੀਂ ਸਨ। ਪੀੜਿਤ ਲੋਕਾਂ ਅਤੇ ਨਸ਼ੇੜੀ ਮਰੀਜ਼ਾਂ ਨਾਲ ਨਸ਼ਾ ਛਡਾਊ ਕੇਂਦਰ ਦਾ ਵਿਹੜਾ ਭਰ ਗਿਆ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author