MohanSharma8ਮੇਰੀਆਂ ਸਾਂਭ ਕੇ ਰੱਖੀਆਂ ਟੂਮਾਂ ਅਤੇ ਸ਼ਗਨਾਂ ਵਾਲੇ ਪੈਸੇ ਗੁੰਮ ਸਨ। ਇਸ ਨੂੰ ਪੁੱਛਿਆ ਤਾਂ ...
(26 ਜੂਨ 2026)


ਨਸ਼ਈਆਂ ਵੱਲੋਂ ਆਪਣੇ ਝੱਸ ਪੂਰੇ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਵਰਤਦਿਆਂ ਆਪਣੇ ਮਾਪਿਆਂ ਦੀ ਹਾਲਤ ਪਾਣੀਉਂ ਪਤਲੀ ਕਰ ਦਿੱਤੀ ਹੈ। ਸਵੇਰੇ ਸਵੇਰੇ ਮਾਪਿਆਂ ਦੇ ਗੱਲ ਅੰਗੂਠਾ ਦੇ ਕੇ ਨਸ਼ੇ ਲਈ ਪੈਸੇ ਮੰਗਣਾ
, ਨਾਂਹ ਕਰਨ ’ਤੇ ਕੁੱਟਮਾਰ, ਘਰੋਂ ਕੀਮਤੀ ਸਮਾਨ ਚੁੱਕ ਕੇ ਕੌਡੀਆਂ ਦੇ ਭਾਅ ਵੇਚ ਦੇਣਾ ਉਨ੍ਹਾਂ ਦਾ ਨਿਤਨੇਮ ਬਣ ਗਿਆ ਹੈ। ਕਈ ਨਸ਼ਈਆਂ ਦੇ ਘਰ ਬੂਹੇ-ਬਾਰੀਆਂ ਤੋਂ ਸੱਖਣੇ ਹੋ ਗਏ ਹਨ। ਭਾਂਅ ਭਾਂਅ ਕਰਦੀ ਰਸੋਈ, ਮਾਂ ਦੀ ਸੁੰਨੀ ਪੇਟੀ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਨਸ਼ਈ ਪੁੱਤ ਨੇ ਮਾਪਿਆਂ ਨੂੰ ਅਰਸ਼ ਤੋਂ ਫਰਸ਼ ’ਤੇ ਪਟਕਾ ਕੇ ਮਾਰਿਆ ਹੈ। ਨਸ਼ਾ ਕਰਨ ਵਾਲੇ ਲਈ ਘਰ ਦੀ ਇੱਜ਼ਤ, ਮਾਂ ਬਾਪ ਦੇ ਅੱਥਰੂ, ਠੰਢਾ ਚੁੱਲ੍ਹਾ ਜਾਂ ਘਰ ਦੇ ਕਿਸੇ ਪਰਿਵਾਰਿਕ ਮੈਂਬਰ ਦੀ ਗੰਭੀਰ ਬਿਮਾਰੀ ਦੀ ਕੋਈ ਚਿੰਤਾ ਨਹੀਂ ਹੁੰਦੀ। ਹੁਣ ਤਾਂ ਕਈ ਥਾਂਵਾਂ ’ਤੇ ਨਸ਼ਈਆਂ ਨੇ ਨਸ਼ਿਆਂ ਦੀ ਪੂਰਤੀ ਲਈ ਆਪਣੇ ਪੁੱਤਾਂ ਨੂੰ ਤਸਕਰਾਂ ਕੋਲ ਵੇਚ ਕੇ ਉਹਨਾਂ ਦੀ ਜ਼ਿੰਦਗੀ ਧੁਆਂਖਣ ਦੀਆਂ ਮਨਹੂਸ ਖਬਰਾਂ ਨੇ ਸਮਾਜ ਚਿੰਤਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਮਾਂ, ਭੈਣ ਅਤੇ ਪਤਨੀ ਦੇ ਰੂਪ ਵਿੱਚ ਇਸ ਪਰਕੋਪ ਦਾ ਸ਼ਿਕਾਰ ਔਰਤ ਬਣਦੀ ਹੈ। ਪੋਟਾ ਪੋਟਾ ਦੁਖੀ ਮਾਂ ਆਪਣੇ ਨਸ਼ਈ ਪੁੱਤ ਦੀਆਂ ਕਰਤੂਤਾਂ ’ਤੇ ਪਰਦਾ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਵਿਆਹੀ ਵਰੀ ਭੈਣ ਰੱਖੜੀ ਵਾਲੇ ਦਿਨ ਬੜੇ ਚਾਅ ਨਾਲ ਇਕਲੌਤੇ ਭਰਾ ਕੋਲੋਂ ਰੱਖੜੀ ਬਣਾਉਣ ਲਈ ਆਉਂਦੀ ਹੈ। ਪਰ ਪੇਕੇ ਆ ਕੇ ਉਹਨੂੰ ਪਤਾ ਲਗਦਾ ਹੈ ਕਿ ਨਸ਼ਈ ਭਰਾ ਤਾਂ ਦੋ ਦਿਨ ਦਾ ਘਰੇ ਹੀ ਨਹੀਂ ਵੜਿਆ। ਉਹ ਆਪਣੇ ਨਸ਼ਈ ਸਾਥੀਆਂ ਨਾਲ ਮਿਲ ਕੇ ਪਤਾ ਨਹੀਂ ਕਿੱਥੇ ਕਿੱਥੇ ਚੋਰੀਆਂ, ਚੇਨ ਝਪਟਮਾਰੀਆਂ, ਲੁੱਟਾਂ ਖੋਹਾਂ ਵਿੱਚ ਸ਼ਾਮਲ ਹੋ ਕੇ ਆਪਣੀ ਜ਼ਿੰਦਗੀ ਧੁਆਂਖ ਰਿਹਾ ਹੋਵੇਗਾ। ਭੈਣ ਹਉਕਾ ਭਰਕੇ ਸਹੁਰੇ ਪਰਤ ਜਾਂਦੀ ਹੈ। ਸਹੁਰੇ ਘਰ ਜਾ ਕੇ ਉਸਨੂੰ ਵੀ ਆਪਣੇ ਭਰਾ ਸੰਬੰਧੀ ਮਜਬੂਰ ਹੋ ਕੇ ਪੋਚੇ ਮਾਰਨੇ ਪੈਂਦੇ ਹਨ। ਨਸ਼ਈ ਦੀ ਪਤਨੀ ਆਪਣੇ ਪਤੀ ਦੀਆਂ ਘਟੀਆਂ ਪੱਧਰ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਆਪਣੇ ਆਪ ਨੂੰ ਨਾ ਹੀ ਸੁਹਾਗਣ ਸਮਝਦੀ ਹੈ ਅਤੇ ਨਾ ਹੀ ਰੰਡੀ। ਬੱਸ, ਅੱਥਰੂਆਂ ਭਿੱਜੀ ਸੋਗੀ ਮੁਸਕਰਾਹਟ ਨਾਲ ਵਕਤ ਨੂੰ ਧੱਕਾ ਦਿੰਦੀ ਹੈ।

ਅਜਿਹਾ ਹੀ ਇੱਕ ਕੇਸ ਮੇਰੇ ਸੰਪਰਕ ਵਿੱਚ ਆਇਆ। ਸਜ ਵਿਆਹੀ ਮੁਟਿਆਰ ਆਪਣੇ ਨਸ਼ਈ ਪਤੀ ਨੂੰ ਲੈ ਕੇ ਆ ਗਈ। ਕੁੜੀ ਨੂੰ ਮੁਖਾਤਿਬ ਹੁੰਦਿਆਂ ਮੈਂ ਕਿਹਾ, “ਹਾਂ ਬੀਬੀ ਦੱਸੋ? ਕੀ ਦਿੱਕਤ ਹੈ ਤੁਹਾਡੇ ਪਤੀ ਨੂੰ?” ਮੇਰੇ ਇਨ੍ਹਾਂਨ ਸ਼ਬਦਾਂ ਦੇ ਪ੍ਰਤੀਕਰਮ ਕਰਮ ਵਜੋਂ ਕੁੜੀ ਭੁੱਬੀਂ ਰੋ ਪਈ। ਖੂਨ ਦੇ ਅੱਥਰੂ ਵਹਾਉਂਦਿਆਂ ਉਸਨੇ ਹਟਕੋਰਿਆਂ ਭਰੀ ਅਵਾਜ਼ ਵਿੱਚ ਦੱਸਿਆ, “ਸਰ, ਸਾਡੇ ਵਿਆਹ ਨੂੰ ਮਹੀਨਾ ਕੁ ਹੋਇਆ ਹੈ। ਮੇਰੇ ਮਾਪਿਆਂ ਨੇ ਚੰਗਾ ਘਰ ਬਾਰ ਅਤੇ ਜ਼ਮੀਨ ਦੇਖ ਕੇ ਇਹਦੇ ਲੜ ਲਾ ਦਿੱਤਾ। ਵੀਹ ਬਾਈ ਦਿਨ ਤਾਂ ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਸਵੇਰੇ ਘਰੋਂ ਨਿਕਲ ਕੇ ਇਹ ਦਿਨ ਢਲੇ ਹੀ ਘਰੇ ਪਰਤਦਾ। ਇਹਦੀਆਂ ਅੱਖਾਂ ਲਾਲ ਸੁਰਖ ਹੁੰਦੀਆਂ। ਜਦੋਂ ਮੈਂ ਥੋੜ੍ਹਾ ਜਿਹਾ ਗੌਰ ਕੀਤਾ ਤਾਂ ਮੇਰੀਆਂ ਸਾਂਭ ਕੇ ਰੱਖੀਆਂ ਟੂਮਾਂ ਅਤੇ ਸ਼ਗਨਾਂ ਵਾਲੇ ਪੈਸੇ ਗੁੰਮ ਸਨ। ਇਸ ਨੂੰ ਪੁੱਛਿਆ ਤਾਂ ਇਸਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। ਪਰਸੋਂ ਦੀ ਗੱਲ ਹੈ ਸਰ, ਇਹ ਮਰੇ ਹੋਏ ਕੁੱਤੇ ਵਾਂਗ ਮੰਜੇ ’ਤੇ ਪਿਆ ਰਿਹਾ। ਕਈ ਥਾਂਈਂ ਇਹ ਟੈਲੀਫੋਨ ਕਰਕੇ ਵੀ ‘ਚਿੱਟੇ’ ਦੇ ਜੁਗਾੜ ਲਈ ਹੱਥ ਪੈਰ ਮਾਰਦਾ ਰਿਹਾ। ਇਸ ਨੂੰ ਮੈਂ ਪੁੱਛਿਆ ਕਿ ਕੁਝ ਦੁਖਦਾ ਹੈ ਤਾਂ ਡਾਕਟਰ ਨੂੰ ਵਿਖਾ ਦਿੰਦੇ ਹਾਂ। ਦੂਸਰੇ ਕਮਰੇ ਵਿੱਚੋਂ ਮੈਂ ਆਪਣੇ ਸੱਸ ਸਹੁਰੇ ਨੂੰ ਬੁਲਾਉਣ ਲਈ ਜਾਣ ਲੱਗੀ ਤਾਂ ਇਸਨੇ ਰੋਕ ਦਿੱਤਾ। ਫਿਰ ਮੈਨੂੰ ਆਪਣੇ ਕੋਲ ਬਿਠਾਕੇ ਕਹਿਣ ਲੱਗਿਆ, “ਤੂੰ ਮੈਨੂੰ ਜਿਊਂਦਾ ਵੇਖਣਾ ਚਾਹੁੰਦੀ ਹੈਂ?”

ਮੈਂ ਬੜੀ ਚਿੰਤਾ ਅਤੇ ਹਲੀਮੀ ਨਾਲ ਕਿਹਾ, “ਤੁਸੀਂ ਮੇਰੇ ਸੁਹਾਗ ਹੋਂ। ਭਲਾ ਪਤੀ ਤੋਂ ਬਿਨਾਂ ਔਰਤ ਦੀ ਜ਼ਿੰਦਗੀ ਹੀ ਕੀ ਹੈ। ਨਾਲੇ ਆਪਾਂ ਨੇ ਤਾਂ ਹਾਲੇ ਵਿਆਹੁਤਾ ਜ਼ਿੰਦਗੀ ਸ਼ੁਰੂ ਹੀ ਕੀਤੀ ਹੈ। ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋਂ?”

ਫਿਰ ਉਸ ਕੁੜੀ ਨੇ ਪਤੀ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਵਿਹੰਦਿਆਂ ਦੱਸਿਆ ਕਿ ਇਸਨੇ ਚਿੱਟੇ ਦੀ ਪੂਰਤੀ ਲਈ ਮੈਨੂੰ ਕਿਹਾ, “ਤੈਨੂੰ ਥਹੁ-ਟਿਕਾਣਾ ਮੈਂ ਦੱਸ ਦਿੰਦਾ ਹਾਂ। ਉੱਥੇ ਜਾ ਕੇ ਉਹਨਾਂ ਕੋਲੋਂ ਮੇਰੇ ਲਈ ਚਿੱਟਾ ਫੜ ਕੇ ਲੈ ਆ। ਜੇ ਉਹ ਕੁਝ ਕਹਿਣ ...।” ਹਾਲਾਂ ਉਹ ਕੁਝ ਹੋਰ ਕਹਿਣ ਹੀ ਲੱਗਿਆ ਸੀ ਕਿ ਮੈਂ ਸ਼ੇਰਨੀ ਵਾਂਗ ਦਹਾੜ ਮਾਰੀ, “ਤੂੰ ਕੀ ਸਮਝਦੈਂ ਬਈ ਤੇਰੇ ਚਿੱਟੇ ਪਿੱਛੇ ਉਹਨਾਂ ਮਲੰਗਾ ਨਾਲ ਇੱਜ਼ਤ ਦਾ ਸੌਦਾ ਕਰਾਂ? ਖਬਰਦਾਰ...।” ਸਰ, ਕੱਲ੍ਹ ਦਾ ਦਿਨ ਅਤੇ ਰਾਤ ਇਹਦੇ ਗਲੂਕੋਜ ਲਾ ਕੇ ਇਹਨੂੰ ਥੋੜ੍ਹਾ ਜਿਹਾ ਥਹੁ ਟਿਕਾਣੇ ਰੱਖਿਐਮੇਰੇ ਸੱਸ ਸਹੁਰੇ ਨੂੰ ਪਹਿਲਾਂ ਹੀ ਇਹਦੀਆਂ ਕਰਤੂਤਾਂ ਦਾ ਪਤਾ ਸੀ, ਪਰ ਉਨ੍ਹਾਂ ਨੇ ਪਰਦਾ ਪਾ ਕੇ ਰੱਖਿਐ।”

ਕੁਝ ਪਲ ਕਮਰੇ ਵਿੱਚ ਖਾਮੋਸ਼ੀ ਛਾਈ ਰਹੀ। ਕੁੜੀ ਨੇ ਖਾਮੋਸ਼ੀ ਤੋੜਦਿਆਂ ਭੁੱਬਾਂ ਮਾਰ ਕੇ ਕਿਹਾ, “ਸਰ, ਇੱਥੇ ਕੋਈ ਬਿਗਾਨਾ ਨਹੀਂ, ਸਗੋਂ ਮੇਰਾ ਪਤੀ ਹੀ ਮੇਰਾ ਚੀਰ ਹਰਨ ਕਰਵਾ ਰਿਹਾ ਹੈ। ਹਾੜ੍ਹਾ ਜੀ, ਮੇਰੀ ਰੱਖਿਆ ਕਰੋ। ਇਹਨੂੰ ਦਾਖਲ ਕਰਕੇ ਨਸ਼ਾ ਮੁਕਤ ਕਰੋ।”

ਕਾਗਜ਼ੀ ਕਾਰਵਾਈ ਉਪਰੰਤ ਮੁੰਡਾ ਦਾਖਲ ਕਰ ਲਿਆ। ਕੁੜੀ ਦੇ ਸਿਰ ’ਤੇ ਹੱਥ ਰੱਖਦਿਆਂ ਮੈਂ ਕਿਹਾ, “ਇਸ ਨੂੰ ਦਾਖਲ ਕਰ ਲਿਆ ਹੈ, ਬੱਸ ਤੂੰ ਇੱਥੇ ਵਾਰ ਵਾਰ ਗੇੜਾ ਨਾ ਮਾਰੀਂ। ਠੀਕ ਹੋਣ ਉਪਰੰਤ ਫੋਨ ਕਰਾਂਗੇ। ਉਸ ਦਿਨ ਆ ਕੇ ਲੈ ਜਾਣਾ।”

ਡੇਢ ਕੁ ਮਹੀਨੇ ਦੇ ਇਲਾਜ ਉਪਰੰਤ ਉਹ ਠੀਕ ਹੋ ਗਿਆ। ਅਸੀਂ ਉਸਦੀ ਪਤਨੀ ਨੂੰ ਘਰ ਲੈ ਕੇ ਜਾਣ ਲਈ ਸੁਨੇਹਾ ਦੇ ਦਿੱਤਾ। ਘਰਵਾਲੀ ਦੀ ਆਮਦ ’ਤੇ ਉਸ ਮੁੰਡੇ ਨੇ ਡਾਢੇ ਹੀ ਮੋਹ ਨਾਲ ਉਸਦਾ ਹੱਥ ਫੜਦਿਆਂ ਕਿਹਾ, “ਮੈਨੂੰ ਮੁਆਫ ਕਰਦੇ। ਨਸ਼ੇ ਦੀ ਤੋੜ ਬੰਦੇ ਨੂੰ ਕਾਸੇ ਜੋਗਾ ਨਹੀਂ ਛੱਡਦੀ।”

ਕੁੜੀ ਨੇ ਨਿਹੋਰਾਂ ਮਾਰਦਿਆਂ ਕਿਹਾ, “ਮੈਨੂੰ ਹੁਣ ਤਾਂ ਨਹੀਂ ਕਿਸੇ ਤਸਕਰ ਕੋਲ ਭੇਜਦਾ?

ਮੁੰਡੇ ਨੇ ਗੰਭੀਰ ਹੋ ਕੇ ਜਵਾਬ ਦਿੱਤਾ, “ਬੀਤੇ ਸਮੇਂ ਦੀ ਰਾਖ ਨੂੰ ਫਰੋਲਣ ਦਾ ਕੀ ਫਾਇਦਾ? ਹੁਣ ਆਪਾਂ ਚੰਗੀ ਜ਼ਿੰਦਗੀ ਬਤੀਤ ਕਰਾਂਗੇ।”

ਫਿਰ ਦੋਨੋਂ ਖਿੜਖਿੜਾ ਕੇ ਹੱਸ ਪਏ। ਉਹਨਾਂ ਦੇ ਚਿਹਰਿਆਂ ’ਤੇ ਜ਼ਿੰਦਗੀ ਜਿਊਣ ਦਾ ਚਾਅ ਡੁੱਲ੍ਹ ਡੁੱਲ੍ਹ ਪੈਂਦਾ ਸੀ।

*   *   *

ਲੇਖਕ ਇੱਕ ਨਾਮਵਰ ਨਸ਼ਾ ਛੁੜਾਓ ਕੇਂਦਰ ਦਾ 18 ਸਾਲ ਡਾਇਰੈਕਟਰ ਰਿਹਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author