“ਮਾਨਸਿਕ ਤੌਰ ’ਤੇ ਅੰਤਾਂ ਦਾ ਦੁਖੀ ਹੋਣ ਕਰਕੇ ਉਸਨੇ ਸਲਫਾਸ ਨਿਗਲ ਕੇ ...”
(11 ਸਤੰਬਰ 2026)
ਇਸ ਵੇਲੇ ਪੰਜਾਬ ਬਹੁਪੱਖੀ ਅਤੇ ਬਹੁਪਰਤੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚ ਨਸ਼ੇ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਕਿਰਸਾਨੀ ਸੰਕਟ, ਗੈਂਗਸਟਰਵਾਦ, ਸਰਕਾਰੀ ਹਸਪਤਾਲਾਂ ਦਾ ਨਿਘਾਰ, ਗਰੀਬੀ, ਲੱਕ ਤੋੜਵੀਂ ਮਹਿੰਗਾਈ, ਭੁੱਖਮਰੀ, ਬਲਾਤਕਾਰ, ਵਿਉਪਾਰਕ ਸੰਕਟ, ਦਿਨ-ਬ-ਦਿਨ ਬੋਝਲ ਹੁੰਦੀ ਕਰਜ਼ੇ ਦੀ ਪੰਡ, ਮਿਲਾਵਟਖੋਰੀ, ਪਾਣੀ ਸੰਕਟ ਅਤੇ ਫਿਰੌਤੀ ਦੀਆਂ ਆ ਰਹੀਆਂ ਧਮਕੀਆਂ ਕਾਰਨ ਸਮਾਜਿਕ ਭਾਈਚਾਰੇ ਵਿੱਚ ਖੌਫ ਦੀਆਂ ਦੀਵਾਰਾਂ ਖੜ੍ਹੀਆਂ ਹੋ ਗਈਆਂ ਹਨ ਅਤੇ ਕਾਰੋਬਾਰੀ ਆਪਣੇ ਘਰਾਂ ਅਤੇ ਕੰਮ ਵਾਲੀ ਥਾਂ ’ਤੇ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ।
ਨਸ਼ਿਆਂ ਕਾਰਨ ਜਿੱਥੇ ਨਿਰੰਤਰ ਸਿਵਿਆਂ ਦੀ ਭੀੜ ਵਿੱਚ ਵਾਧਾ ਹੋ ਰਿਹਾ ਹੈ, ਉੱਥੇ ਹੀ ਪੱਲੀਆਂ ਵਿਛਾ ਕੇ ਸੱਥਰਾਂ ’ਤੇ ਬੈਠੇ ਲੋਕਾਂ ਦੇ ਚਿਹਰਿਆਂ ’ਤੇ ਘੋਰ ਉਦਾਸੀ, ਚਿੰਤਾ ਅਤੇ ਬੇਚੈਨੀ ਪਸਰੀ ਹੋਈ ਹੈ। ਸਰਕਾਰੀ ਅੰਕੜੇ ਤਸਕਰਾਂ ਨੂੰ ਵੱਡੀ ਗਿਣਤੀ ਵਿੱਚ ਫੜਨ, ਭਾਰੀ ਮਾਤਰਾ ਵਿੱਚ ਨਸ਼ਾ ਸਮਗਰੀ ਦੀ ਬਰਾਮਦਗੀ ਅਤੇ ਨਸ਼ੇੜੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਦਾਅਵਾ ਕਰਦੇ ਹਨ। ਜ਼ਮੀਨੀ ਪੱਧਰ ’ਤੇ 12673 ਪਿੰਡਾਂ ਅਤੇ ਅੰਦਾਜ਼ਨ 237 ਸ਼ਹਿਰਾਂ ਵਿੱਚ ਨਸ਼ਿਆਂ ਕਾਰਨ ਕਹਿਰ ਦੀ ਹਨੇਰੀ ਨੇ ਲੋਕਾਂ ਦੇ ਸਿਰਜੇ ਸੁਪਨੇ ਖੇਰੂੰ ਖੇਰੂੰ ਕਰ ਦਿੱਤੇ ਹਨ।
ਲੋਕਰਾਜ ਵਿੱਚ ਹਰ ਇੱਕ ਨੂੰ ਜਮਹੂਰੀ ਹੱਕ ਹੈ ਕਿ ਉਹ ਆਪਣੀਆਂ ਹੱਕੀ ਮੰਗਾਂ ਲਈ ਹੋ ਰਹੀ ਬੇਇਨਸਾਫੀ ਲਈ ਅਤੇ ਦਰਪੇਸ਼ ਹੋਰ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਅਹਿੰਸਕ ਢੰਗ ਨਾਲ ਰੋਸ ਪ੍ਰਗਟਾਵਾ, ਪ੍ਰਦਰਸ਼ਨ, ਭੁੱਖ ਹੜਤਾਲ ਜਾਂ ਰੋਸ ਧਰਨੇ ਦੇ ਕੇ ਸਮੇਂ ਦੀ ਸਰਕਾਰ ਤਕ ਆਪਣੀ ਅਵਾਜ਼ ਪਹੁੰਚਾਉਣ ਦੇ ਹੀਲੇ ਕਰਨ। ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨਾ ਸਰਕਾਰ ਦਾ ਮੁਢਲਾ ਫਰਜ਼ ਹੈ ਪਰ ਜੇਕਰ ਲੋਕਾਂ ਦੀ ਅਵਾਜ਼ ਜ਼ੋਰ ਜਬਰ ਨਾਲ ਜਾਂ ਪੁਲਸੀਆ ਢੰਗ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਜਮਹੂਰੀ ਹੱਕਾਂ ਉੱਤੇ ਡਾਕਾ ਮੰਨਿਆ ਜਾਵੇਗਾ। ਇਸ ਸੰਬੰਧੀ ਵਿਦਵਾਨ ਸੋਲਨ ਲਿਖਦਾ ਹੈ, “ਉਹ ਸਰਕਾਰ ਚੰਗੀ ਮੰਨੀ ਜਾਵੇਗੀ ਜੋ ਛੋਟੇ ਤੋਂ ਛੋਟੇ ਮਨੁੱਖ ਨਾਲ ਹੋਈ ਵਧੀਕੀ ਨੂੰ ਵੀ ਸਭਨਾਂ ਦਾ ਅਪਮਾਨ ਮੰਨਦੀ ਹੋਵੇ।”
ਪਿਛਲੇ ਦਿਨੀਂ ਉੱਪਰੋਥਲੀ ਦੋ ਤਿੰਨ ਅਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨਾਲ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਬੁਰੀ ਤਰ੍ਹਾਂ ਘਾਣ ਹੋਇਆ ਅਤੇ ਲੋਕਾਂ ਵਿੱਚ ਰੋਸ ਅਤੇ ਵਿਦਰੋਹ ਦੀ ਭਾਵਨਾ ਵਧੀ ਹੈ। ਦੋ ਸਤੰਬਰ 2026 ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਸੁਨਾਮ ਲਾਗੇ ਪਿੰਡ ਸ਼ੇਰੋਂ ਵਿੱਚ ਲੋਕ ਮਿਲਣੀ ਕੀਤੀ ਗਈ। ਦਰਅਸਲ ਲੋਕ ਮਿਲਣੀ ਦਾ ਮੁੱਖ ਮੰਤਵ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨੇੜਿਓਂ ਹੋ ਕੇ ਸੁਣਨਾ, ਇਲਾਕੇ ਦੇ ਵਿਕਾਸ ਲਈ ਵਿਚਾਰ ਚਰਚਾ ਕਰਨੀ ਅਤੇ ਸਰਕਾਰ ਦੇ ਕੀਤੇ ਉਸਾਰੂ ਕੰਮਾਂ ਦੀ ਜਾਣਕਾਰੀ ਸਾਂਝੀ ਕਰਨੀ ਹੁੰਦਾ ਹੈ। ਪਰ ਸ਼ੇਰੋ ਪਿੰਡ ਵਿੱਚ ਸਭ ਕੁਝ ਇਸ ਤੋਂ ਉਲਟ ਹੋਇਆ। ਲੋਕ ਮਿਲਣੀ ਤੋਂ ਇੱਕ ਦਿਨ ਪਹਿਲਾਂ ਪਿੰਡ ਪੁਲਿਸ ਛਾਉਣੀ ਵਿੱਚ ਬਦਲ ਗਿਆ। ਇੱਕ ਵਕੀਲ ਸਮੇਤ ਪਿੰਡ ਦੇ ਕਈ ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਉਸ ਪਿੰਡ ਦੇ ਮੋਹਨਜੀਤ ਸਿੰਘ ਨਾਂ ਦੇ ਨੌਜਵਾਨ ਦੇ ਘਰ ਵੀ ਪੁਲਿਸ ਵਾਲਿਆਂ ਨੇ ਦਸਤਕ ਦਿੱਤੀ। ਉਹ ਆਪ ਤਾਂ ਘਰ ਨਹੀਂ ਮਿਲਿਆ, ਉਨ੍ਹਾਂ ਦੇ ਘਰ ਵਾਲਿਆਂ ਨੂੰ ਸਖਤ ਚਿਤਾਵਣੀ ਦਿੱਤੀ ਗਈ ਕਿ ਉਹ ਲੋਕ ਮਿਲਣੀ ਵਾਲੇ ਪੰਡਾਲ ਵਿੱਚ ਦਾਖਲ ਨਾ ਹੋਵੇ। ਪੰਡਾਲ ਵਿੱਚ ਦੂਰੋਂ ਦੂਰੋਂ ਬੱਸਾਂ ਵਿੱਚ ਔਰਤਾਂ ਅਤੇ ਮਰਦ ਲਿਆਂਦੇ ਗਏ। ਪਿੰਡ ਦੇ ਉਹ ਵਿਅਕਤੀ ਪੁਣ-ਛਾਣ ਕਰਨ ਤੋਂ ਬਾਅਦ ਪੰਡਾਲ ਵਿੱਚ ਭੇਜੇ ਗਏ ਜਿਹੜੇ ਜਾਂ ਤਾਂ ਮੂਕ ਦਰਸ਼ਕ ਬਣ ਕੇ ਭਾਸ਼ਣ ਸੁਣਨ ਜਾਂ ਫਿਰ ਤਾੜੀਆਂ ਨਾਲ ਪੰਡਾਲ ਗੂੰਜਣ ਲਾ ਦੇਣ।
ਉਸ ਪਿੰਡ ਦਾ ਮੋਹਨਜੀਤ ਸਿੰਘ ਨਾਂ ਦਾ ਵਿਅਕਤੀ 2013-14 ਵਿੱਚ ਨਸ਼ਿਆਂ ਦੀ ਦਲਦਲ ਵਿੱਚ ਧਸ ਗਿਆ ਸੀ। ਮਾਨਸਿਕ, ਸਰੀਰਕ ਅਤੇ ਆਰਥਿਕ ਤੌਰ ’ਤੇ ਖੁੰਘਲ ਹੋਣ ਉਪਰੰਤ ਉਹ ਅੰਮ੍ਰਿਤ ਛੱਕ ਕੇ ਮੁੱਖਧਾਰਾ ਵਿੱਚ ਆ ਗਿਆ। ਨਸ਼ਾ ਕਰਨ ਸਮੇਂ ਉਸ ਉੱਤੇ ਕਈ ਕੇਸ ਵੀ ਬਣੇ, ਪਰ ਉਨ੍ਹਾਂ ਸਾਰੇ ਕੇਸਾਂ ਵਿੱਚ ਅਦਾਲਤ ਵੱਲੋਂ ਉਸ ਨੂੰ ਬਰੀ ਕਰ ਦਿੱਤਾ ਗਿਆ। ਵਰਤਮਾਨ ਸਮੇਂ ਉਹ ‘ਨਸ਼ਿਆਂ ਵਿਰੁੱਧ ਯੁੱਧ’ ਵਿੱਚ ਸਰਗਰਮ ਭੂਮਿਕਾ ਨਿਭਾਉਂਦਿਆਂ ਜਿੱਥੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਦਾ ਯਤਨ ਕਰ ਰਿਹਾ ਹੈ, ਉੱਥੇ ਹੀ ਨਸ਼ੇੜੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਵੀ ਯਤਨਸ਼ੀਲ ਹੈ। ਝਾੜੀਆਂ ਵਿੱਚ ਫਸੀਆਂ ਨਸ਼ੇੜੀਆਂ ਦੀਆਂ ਮ੍ਰਿਤਕ ਦੇਹਾਂ, ਉਜਾੜ ਥਾਂਵਾਂ ਜਾਂ ਸੜਕਾਂ ’ਤੇ ਬੇਹੋਸ਼ੀ ਦੀ ਹਾਲਤ ਵਿੱਚ ਪਏ ਨਸ਼ੇੜੀਆਂ ਦੀਆਂ ਵੀ.ਡੀ.ਓ. ਪਾ ਕੇ ਉਹ ਲੋਕਾਂ ਨੂੰ ਇਸ ਗੰਭੀਰ ਸਥਿਤੀ ਤੋਂ ਜਾਣੂ ਕਰਵਾਉਣ ਲਈ ਹਰ ਸੰਭਵ ਯਤਨ ਕਰਦਾ ਹੈ। ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਅਤੇ ਇੱਕ ਦਿਨ ਵਿੱਚ ਇਕੱਠੀਆਂ ਚਾਰ ਚਾਰ ਮੌਤਾਂ ਦੀਆਂ ਦਰਦਨਾਕ ਤਸਵੀਰਾਂ ਆਪਣੇ ਮੋਬਾਇਲ ’ਤੇ ਪਾਉਣ ਕਰਕੇ ਪੁਲਿਸ ਵਾਲੇ ਉਸ ’ਤੇ ਕਾਫੀ ਖਫਾ ਸਨ। ਲੋਕ ਮਿਲਣੀ ਸਮੇਂ ਪੰਡਾਲ ਵਿੱਚ ਜਾਣ ’ਤੇ ਪਾਬੰਦੀ ਲੱਗੀ ਹੋਣ ਕਾਰਨ ਉਹ ਲੋਕ ਮਿਲਣੀ ਵਾਲੀ ਥਾਂ ਤੋਂ ਅੰਦਾਜ਼ਨ 200 ਮੀਟਰ ਦੀ ਦੂਰੀ ’ਤੇ ਆਪਣੇ ਇੱਕ ਸਾਥੀ ਨਾਲ ਚੁਬਾਰੇ ਵਿੱਚ ਚੜ੍ਹ ਗਿਆ। ਉੱਥੋਂ ਪੰਡਾਲ ਵੱਲ ਮੂੰਹ ਕਰਕੇ ਕਾਲਾ ਕੱਪੜਾ ਲਹਿਰਾ ਕੇ ਨਸ਼ਿਆਂ ਦੀ ਮਾਰੂ ਸਥਿਤੀ ਸੰਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਉਣ ਦਾ ਮੋਹਨਜੀਤ ਨੇ ਯਤਨ ਕੀਤਾ। ਉਸਦਾ ਕਾਲਾ ਕੱਪੜਾ ਲਹਿਰਾ ਕੇ ਨਸ਼ਿਆਂ ਸੰਬੰਧੀ ਸੋਗ ਦਾ ਪ੍ਰਗਟਾਵਾ ਕਰਨਾ ਭਲਾ ਪੁਲਿਸ ਵਾਲਿਆਂ ਨੂੰ ਕਿੰਜ ਰਾਸ ਆਉਂਦਾ? ਡੀ.ਐੱਸ.ਪੀ. ਦੀ ਅਗਵਾਈ ਵਿੱਚ ਸੱਤ ਅੱਠ ਪੁਲਿਸ ਕਰਮਚਾਰੀ ਚੁਬਾਰੇ ਵਿੱਚ ਜਾ ਚੜ੍ਹੇ। ਉਸ ਨੂੰ ਅਤੇ ਉਸਦੇ ਸਾਥੀ ਨੂੰ ਕੁੱਟਮਾਰ ਕਰਦਿਆਂ ਪੁਲਿਸ ਉਨ੍ਹਾਂ ਨੂੰ ਚੁੱਕ ਕੇ ਲੈ ਗਈ। ਉਸਦਾ ਪਿਤਾ ਅਤੇ ਪਿੰਡ ਦੇ ਹੋਰ ਪਤਵੰਤੇ ਲੋਕ ਦੇਰ ਰਾਤ ਤਕ ਵੱਖ-ਵੱਖ ਥਾਣਿਆਂ ਤੋਂ ਉਨ੍ਹਾਂ ਦਾ ਪਤਾ ਕਰਨ ਲਈ ਧੱਕੇ ਖਾਂਦੇ ਰਹੇ ਪਰ ਪੁਲਿਸ ਵਾਲਿਆਂ ਨੇ ਉਨ੍ਹਾਂ ਸੰਬੰਧੀ ਕੋਈ ਥਹੁ ਪਤਾ ਨਹੀਂ ਦੱਸਿਆ। ਅਗਲੇ ਦਿਨ ਜਦੋਂ ਪੁਲਿਸ ਵਾਲੇ ਉਸਨੂੰ ਜ਼ਮਾਨਤ ਲਈ ਲੈ ਕੇ ਜਾ ਰਹੇ ਸਨ ਤਾਂ ਉਸਨੇ ਪੁਲਿਸ ਦੀ ਹਾਜ਼ਰੀ ਵਿੱਚ ਪ੍ਰਗਟਾਵਾ ਕੀਤਾ ਕਿ ਮੇਰੇ ਉੱਤੇ ਪੁਲਿਸ ਵੱਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ, ਚੱਢੇ ਪਾੜੇ ਗਏ, ਜ਼ਖਮ ਕਰਕੇ ਉਨ੍ਹਾਂ ’ਤੇ ਨਮਕ ਛਿੜਕਿਆ ਗਿਆ ਅਤੇ ਬਿਜਲੀ ਦੇ ਝਟਕੇ ਵੀ ਲਾਏ ਗਏ। ਵੱਡੀ ਗੱਲ ਉਸਨੇ ਆਪਣੇ ਕਕਾਰਾਂ ਦੀ ਬੇਅਦਬੀ ਦਾ ਜ਼ਿਕਰ ਕਰਦਿਆਂ ਆਪਣੀ ਦਾਹੜੀ ਦੇ ਪੁੱਟੇ ਹੋਏ ਵਾਲ ਵੀ ਵਿਖਾਏ। ਉਸ ਉੱਤੇ ਕੀਤੇ ਪੁਲਿਸ ਜਬਰ ਕਾਰਨ ਲੋਕ ਰੋਹ ਵਿੱਚ ਆ ਗਏ। ਹਿਊਮਨ ਰਾਈਟਸ ਕਮਿਸ਼ਨ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਰਾਜਨੀਤਿਕ ਆਗੂ ਉਸਦੀ ਪਿੱਠ ’ਤੇ ਆ ਗਏ। ਲੋਕਾਂ ਵਿੱਚ ਰੋਸ ਸੀ ਕਿ ਲੋਕ ਰਾਜ ਵਿੱਚ ਕਾਲਾ ਕੱਪੜਾ ਵਿਖਾ ਕੇ ਨਸ਼ਿਆਂ ਦੀ ਮਾਰੂ ਸਥਿਤੀ ਦਾ ਪ੍ਰਗਟਾਵਾ ਕਰਨਾ ਕਿਹੜੇ ਪੱਖ ਤੋਂ ਗੁਨਾਹ ਹੈ? ਹਜ਼ਾਰਾਂ ਹੀ ਨੌਜਵਾਨਾਂ, ਸਮਾਜ ਸੇਵੀਆਂ, ਰਾਜਨੀਤਿਕ ਸ਼ਖਸੀਅਤਾਂ ਅਤੇ ਜਾਗਰੂਕ ਔਰਤਾਂ ਨੇ 4 ਸਤੰਬਰ 2026 ਨੂੰ ਐੱਸ.ਐੱਸ. ਪੀ. ਦਫਤਰ ਅੱਗੇ ਰੋਸ ਧਰਨਾ ਦਿੱਤਾ। ਹਜ਼ਾਰਾਂ ਹੀ ਕਾਲੀਆਂ ਪੱਗਾਂ ਅਤੇ ਕਾਲੀਆਂ ਚੁੰਨੀਆਂ ਸਰਕਾਰ ਨੂੰ ਸੁਨੇਹਾ ਦੇ ਰਹੀਆਂ ਸਨ ਕਿ ਇੱਕ ਕਾਲੇ ਕੱਪੜੇ ਨੂੰ ਰੋਕਣ ਦੀ ਥਾਂ ਹਜ਼ਾਰਾਂ ਕਾਲੇ ਕੱਪੜੇ ਨਸ਼ਿਆਂ ਵਿਰੁੱਧ ਵਿਦਰੋਹ ਕਰ ਰਹੇ ਹਨ। ਮੋਹਨਜੀਤ ਰਜਿੰਦਰਾ ਹਸਪਤਾਲ ਵਿੱਚ ਮਾਰੂ ਸੱਟਾਂ ਦਾ ਇਲਾਜ ਕਰਵਾ ਰਿਹਾ ਹੈ। ਲੋਕ-ਵਿਦਰੋਹ ਅੱਗੇ ਝੁਕਦਿਆਂ ਡੀ.ਐੱਸ.ਪੀ. ਅਤੇ ਸਬੰਧਤ ਦੂਜੇ ਪੁਲਿਸ ਕਰਮਚਾਰੀਆਂ ਦੀ ਬਦਲੀ ਕਰ ਦਿੱਤੀ। ਪਰ ਲੋਕਾਂ ਦਾ ਰੋਹ ਹਾਲਾਂ ਮੱਠਾ ਨਹੀਂ ਹੋਇਆ।
ਇਸ ਤੋਂ ਪਹਿਲਾਂ ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਵੰਗਾਰਨ ਵਾਲੇ ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਨੂੰ 15 ਜੁਲਾਈ 2025 ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਭਰ ਦੇ ਲੋਕਾਂ ਵੱਲੋਂ ਕੀਤੇ ਵਿਦਰੋਹ ਕਾਰਨ ਉਸ ਨੂੰ ਪੁਲਿਸ ਦੇ ਕਬਜ਼ੇ ਵਿੱਚੋਂ ਛੁਡਾਇਆ ਗਿਆ ਸੀ।
6 ਸਤੰਬਰ 2026 ਨੂੰ ਸੰਗਰੂਰ ਦੇ ਪਿੰਡ ਤੂਰ ਬੰਨਜਾਰਾ ਵਿੱਚ ਪੰਜਾਬ ਦੇ ਵਿੱਤ ਮੰਤਰੀ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਏ। ਇਲਾਕੇ ਦੇ ਘੜੰਮ ਚੌਧਰੀ ਉਸਦੇ ਅੱਗੇ ਪਿੱਛੇ ਫਿਰਦੇ ਸਨ। ਦਲਿਤ ਪਰਿਵਾਰ ਨਾਲ ਸੰਬੰਧਤ ਅੰਦਾਜ਼ਨ 50 ਕੁ ਵਰ੍ਹਿਆਂ ਦਾ ਵਿਅਕਤੀ ਇਕੱਠ ਵਿੱਚੋਂ ਖੜ੍ਹਾ ਹੋਇਆ। ਉਸਨੇ ਗੱਚ ਭਰ ਕੇ ਦੋਨੋਂ ਹੱਥ ਜੋੜਦਿਆਂ ਬੇਨਤੀ ਕੀਤੀ, “ਮੇਰਾ ਮੁੰਡਾ ਨਸ਼ਾ ਕਰਦਾ ਹੈ ਜੀ। ਘਰ ਦਾ ਸਾਰਾ ਸਮਾਨ ਉਸਨੇ ਨਸ਼ਿਆਂ ਦੇ ਲੇਖੇ ਲਾ ਦਿੱਤੈ। ਉਹਦਾ ਕਿਤੇ ਇਲਾਜ ਕਰਵਾ ਦਿਉ। ਪਿੰਡ ਵਿੱਚ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਨੇ, ਨਸ਼ਾ ਪਿੰਡ ਵਿੱਚ ਆਮ ਵਿਕਦੈ। ਕੋਈ ਬੰਨ੍ਹ ਸੁੱਬ ਕਰੋ।”
ਮੰਤਰੀ ਨੇ ਉਸ ਨੂੰ ਕੋਲ ਬੁਲਾ ਕੇ ਨਸ਼ਾ ਵੇਚਣ ਵਾਲਿਆਂ ਦੇ ਨਾਂ ਪੁੱਛੇ। ਗੁਲਜ਼ਾਰ ਸਿੰਘ ਨਾਂ ਦੇ ਉਸ ਕਿਰਤੀ ਵਿਅਕਤੀ ਨੇ ਫਿਰ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦਾ ਸਭ ਨੂੰ ਪਤਾ ਹੈ। ਮੰਤਰੀ ਨੇ ਨਸ਼ਾ ਵੇਚਣ ਵਾਲਿਆਂ ਅਤੇ ਨਸ਼ੇੜੀ ਮੁੰਡੇ ਦੇ ਇਲਾਜ ਸੰਬੰਧੀ ਅਧਿਕਾਰੀਆਂ ਨੂੰ ਕੋਈ ਆਦੇਸ਼ ਨਹੀਂ ਦਿੱਤੇ। ਮੰਤਰੀ ਦੇ ਜਾਣ ਬਾਅਦ ਪ੍ਰਬੰਧਕ ਗੁਲਜ਼ਾਰ ਸਿੰਘ ’ਤੇ ਔਖੇ ਹੋ ਗਏ ਅਤੇ ਉਸਨੂੰ ਕਰੜੇ ਸ਼ਬਦਾਂ ਵਿੱਚ ਕਿਹਾ ਕਿ ਤੂੰ ਚਲਦੇ ਪ੍ਰੋਗਰਾਮ ਵਿੱਚ ਵਿਘਨ ਪਾਇਆ ਹੈ ਅਤੇ ਮੰਤਰੀ ਨੂੰ ਵੀ ਨਰਾਜ਼ ਕੀਤਾ ਹੈ। ਲੇਡੀ ਸਰਪੰਚ ਦੇ ਪਤੀ ਵੱਲੋਂ ਉਸ ਨੂੰ ਧਮਕੀ ਦਿੱਤੀ ਗਈ ਕਿ ਸਾਰੀ ਪੰਚਾਇਤ ਦੇ ਸਾਹਮਣੇ ਮੁਆਫੀ ਮੰਗ, ਨਹੀਂ ਫਿਰ ਗੰਭੀਰ ਨਤੀਜਿਆਂ ਲਈ ਤਿਆਰ ਰਹਿ। ਗੁਲਜ਼ਾਰ ਸਿੰਘ ਦੀ ਲਾਹ ਪਾਹ ਕਰਕੇ ਉਸਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਗਿਆ। ਗੁਲਜ਼ਾਰ ਸਿੰਘ ਇੱਕ ਪਾਸੇ ਨਸ਼ੇੜੀ ਪੁੱਤ ਕਰਕੇ ਅੰਤਾਂ ਦਾ ਦੁਖੀ ਅਤੇ ਦੂਜੇ ਪਾਸੇ ਆਪਣਾ ਦੁੱਖ ਮੰਤਰੀ ਕੋਲ ਦੱਸਣ ਕਰਕੇ ਜ਼ਲਾਲਤ ਦਾ ਸਾਹਮਣਾ ਕਰਨ ਨਾਲ ਉਹ ਅੰਦਰੋਂ ਬੁਰੀ ਤਰ੍ਹਾਂ ਟੁੱਟ ਗਿਆ। ਮਾਨਸਿਕ ਤੌਰ ’ਤੇ ਅੰਤਾਂ ਦਾ ਦੁਖੀ ਹੋਣ ਕਰਕੇ ਉਸਨੇ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਹ ਦੁਖਦਾਈ ਘਟਨਾ ਸਮੁੱਚੇ ਪੰਜਾਬ ਵਿੱਚ ਫੈਲ ਗਈ। ਲੋਕ ਗੰਭੀਰ ਹੋ ਕੇ ਪੁੱਛ ਰਹੇ ਹਨ ਕਿ ਕੀ ਨਸ਼ੇ ਸਬੰਧੀ ਬੋਲਣਾ ਗੁਨਾਹ ਹੈ? ਨਸ਼ੇੜੀ ਪੁੱਤ ਸੰਬੰਧੀ ਆਪਣਾ ਦੁੱਖ ਮੰਤਰੀ ਨੂੰ ਦੱਸਣ ਦੀ ਸਜ਼ਾ ਮੌਤ ਹੈ? ਜੇ ਪੀੜਿਤ ਨੇ ਆਪਣਾ ਦੁੱਖ ਦੱਸਿਆ ਸੀ ਤਾਂ ਲੋਕਾਂ ਦੇ ਚੁਣੇ ਨੁਮਾਇੰਦੇ ਨੇ ਮੰਤਰੀ ਵਜੋਂ ਕੀ ਕਾਰਵਾਈ ਕੀਤੀ? ਗੁਲਜ਼ਾਰ ਸਿੰਘ ਦੀ ਮ੍ਰਿਤਕ ਦੇਹ ਅੱਗੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਅਵਾਜ਼ ਬੁਲੰਦ ਕਰ ਰਹੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































