“ਠੀਕ ਐ, ਪਾਂਡੋ ਜੂਆ ਖੇਡਦੇ ਸੀ। ਪਰ ਉਹਨਾਂ ਦੀ ਪਤਨੀ ਦਰੋਪਦੀ ਦੇ ਪੰਜ ਪਤੀ ਸਨ। ਮੈਨੂੰ ਵੀ ...”
(1 ਮਾਰਚ 2026)
ਪੰਜਾਬ ਦੇ ਉੱਘੇ ਨਾਟਕਕਾਰ, ਲੇਖਕ, ਸੰਪਾਦਕ ਅਤੇ ਕਾਲਮਨਵੀਸ ਗੁਰਸ਼ਰਨ ਸਿੰਘ ਨੇ ਔਰਤ ਦੀ ਪਰਿਵਾਰਕ ਅਤੇ ਸਮਾਜਿਕ ਦੇਣ ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਔਰਤਾਂ ਨੂੰ ਘਰ ਸੰਭਾਲਣ ਲਈ ਜੋ ਕੰਮ ਕਰਨਾ ਪੈਂਦਾ ਹੈ, ਉਸਦੀ ਕੀਮਤ ਮਰਦਾਂ ਨਾਲੋਂ ਕੀਤੇ ਕੰਮ ਤੋਂ ਡਿਉਢੀ ਹੈ। ਪਰ ਔਰਤਾਂ ਦੇ ਕੀਤੇ ਕੰਮ ਦੀ ਮਾਰਕੀਟ ਕੀਮਤ ਨਹੀਂ, ਇਸ ਲਈ ਸਮਾਜਿਕ ਤੌਰ ’ਤੇ ਉਹਨਾਂ ਦੀ ਮਿਹਨਤ ਨੂੰ ਫਾਲਤੂ ਅਤੇ ਫਜ਼ੂਲ ਸਮਝਿਆ ਜਾਂਦਾ ਹੈ।” ਉਪਰੋਕਤ ਕਥਨ ਵਿੱਚ ਇੱਕ ਕੌੜੀ ਸਚਾਈ ਹੈ। ਸਾਰਾ ਦਿਨ ਕੋਹਲੂ ਦੇ ਬੈਲ ਵਾਂਗ ਕੰਮ ਕਰਨ ਵਾਲੀ ਔਰਤ ਦੇ ਸਿਦਕ, ਸਿਰੜ ਅਤੇ ਕਰੜੀ ਮਿਹਨਤ ਨੂੰ ਬਹੁਤ ਵਾਰ ਅੱਖੋਂ ਪਰੋਖੇ ਕੀਤਾ ਜਾਂਦਾ ਹੈ। ਇਹ ਵੀ ਇੱਕ ਦੁਖਾਂਤਕ ਪਹਿਲੂ ਹੈ ਕਿ ਮਰਦ ਦੀ ਮਰਦਾਨਗੀ ਦਾ ਪ੍ਰਗਟਾਵਾ ਕਰਦਿਆਂ ਕੀਤੇ ਅਨੈਤਿਕ ਕੰਮਾਂ ਦਾ ਇਵਜ਼ਾਨਾ ਵੀ ਇੱਕ ਪਤਨੀ ਦੇ ਰੂਪ ਵਿੱਚ, ਇੱਕ ਮਾਂ ਦੇ ਰੂਪ ਵਿੱਚ ਅਤੇ ਇੱਕ ਧੀ ਦੇ ਰੂਪ ਵਿੱਚ ਔਰਤ ਹੀ ਭੋਗਦੀ ਹੈ। ਤਾਹਨਿਆਂ, ਮਿਹਣਿਆਂ, ਕੁਸੈਲੇ ਬੋਲਾਂ ਅਤੇ ਬੇਰੁਖੀ ਦਾ ਸ਼ਿਕਾਰ ਹੋਈ ਔਰਤ ਬਹੁਤ ਵਾਰ ਸ਼ੇਰਨੀ ਵਰਗੀ ਦਹਾੜ ਨਾਲ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਵਿੱਚ ਕਾਮਯਾਬ ਵੀ ਹੋ ਜਾਂਦੀ ਹੈ।
ਇੱਕ ਨਾਮਵਰ ਨਸ਼ਾ ਛੁੜਾਉ ਕੇਂਦਰ ਦੇ ਡਾਇਰੈਕਟਰ ਵਜੋਂ ਮੇਰੇ ਸੇਵਾ ਕਰਦੇ ਸਮੇਂ ਦੌਰਾਨ ਇੱਕ ਔਰਤ ਆਪਣੇ ਨਸ਼ਈ ਪਤੀ ਨੂੰ ਨਾਲ ਲੈ ਕੇ ਆ ਗਈ। ਪਤੀ ਨਸ਼ਿਆਂ ਦਾ ਝੰਬਿਆ ਪਿਆ ਹੱਡੀਆਂ ਦੀ ਮੁੱਠ ਬਣ ਗਿਆ ਸੀ। 40 ਕੁ ਸਾਲਾਂ ਦੀ ਉਮਰ ਵਿੱਚ ਹੀ ਉਸਦੀ ਹਾਲਤ ਡਿਗੂੰ ਡਿਗੂੰ ਕਰਦੀ ਇਮਾਰਤ ਵਰਗੀ ਸੀ। ਔਰਤ ਦੇ ਚਿਹਰੇ ’ਤੇ ਉੱਕਰੀ ਸੋਗੀ ਇਬਾਰਤ ਉਸਦੇ ਨਸ਼ਈ ਪਤੀ ਕਾਰਨ ਪੋਟਾ ਪੋਟਾ ਦੁਖੀ ਹੋਣ ਦੀ ਸ਼ਾਹਦੀ ਭਰਦੀ ਸੀ। ਕਮਰੇ ਵਿੱਚ ਕੁਝ ਪਲ ਸੰਨਾਟਾ ਜਿਹਾ ਛਾਇਆ ਰਿਹਾ। ਔਰਤ ਦਾ ਦਰਦ ਉਹਦੇ ਨੈਣਾਂ ਦੇ ਕੋਇਆਂ ਵਿੱਚੋਂ ਅੱਥਰੂਆਂ ਦੇ ਰੂਪ ਵਿੱਚ ਵਹਿ ਰਿਹਾ ਸੀ। ਫਿਰ ਉਹਨੇ ਚੁੰਨੀ ਦੇ ਪੱਲੇ ਨਾਲ ਅੱਥਰੂ ਪੂੰਝਦਿਆਂ ਨਿਮਰਤਾ ਨਾਲ ਕਿਹਾ, “ਇਹ ਮੇਰਾ ਘਰ ਵਾਲਾ ਐ ਜੀ। ਨਸ਼ਾ ਡੱਫਦਾ ਹੈ। ਨਸ਼ਾ ਕਰਕੇ ਜੂਆ ਵੀ ਖੇਡਦੈ। ਡੱਕਾ ਕੰਮ ਨਹੀਂ ਕਰਦਾ। ਦੋ ਖੇਤ ਜ਼ਮੀਨ ਐ। ਨਸ਼ੇ ਦਾ ਝੱਸ ਪੂਰਾ ਕਰਨ ਲਈ ਉਹਨੂੰ ਵੀ ਵੇਚਣ ਨੂੰ ਫਿਰਦਾ ਸੀ। ਉਹ ਤਾਂ ਜੀ ਮੈਂ ਰਿਸ਼ਤੇਦਾਰਾਂ ਦੀ ਮਦਦ ਨਾਲ ਅਦਾਲਤ ਵਿੱਚ ਜ਼ਮੀਨ ਵੇਚਣ ’ਤੇ ਸਟੇਅ ਲੈ ਲਈ। ਪਰ ਘਰ ਵਿੱਚ ਇਹਨੇ ਕੁਝ ਨਹੀਂ ਛੱਡਿਆ। ਜਵਾਕਾਂ ਦੇ ਮੂੰਹ ਵਿੱਚੋਂ ਰੋਟੀ ਖੋਹਣ ਦੀ ਇਹਨੇ ਕੋਈ ਕਸਰ ਨਹੀਂ ਛੱਡੀ। ਇਹ ਜੀ..।”
ਮੈਂ ਚਾਹੁੰਦਾ ਸੀ ਕਿ ਉਹ ਔਰਤ ਆਪਣੇ ਮਨ ’ਤੇ ਪਿਆ ਬੋਝ ਹਲਕਾ ਕਰ ਲਵੇ। ਉਸਨੇ ਆਪਣੀ ਦਰਦ ਕਹਾਣੀ ਜਾਰੀ ਰੱਖੀ, “ਇਹ ਜੀ, ਅੱਧੀ ਅੱਧੀ ਰਾਤ ਨੂੰ ਘਰ ਵੜਦਾ। ਇਹਦੇ ਕਾਰਨ ਮੈਨੂੰ ਨੀਂਦ ਕਿੱਥੇ ਆਉਂਦੀ? ਜਦੋਂ ਇਹ ਨਸ਼ੇ ਵਿੱਚ ਟੱਲੀ ਹੋਇਆ ਖੌਰੂ ਪਾਉਂਦਾ ਤਾਂ ਬੱਚੇ ਵੀ ਸਹਿਮ ਕੇ ਉੱਠ ਜਾਂਦੇ। ਮੇਰੀ ਕੁੱਟਮਾਰ, ਬੱਚਿਆਂ ਨੂੰ ਝਿੜਕਾਂ ਅਤੇ ਰੋਜ਼ ਦੇ ਕਲੇਸ਼ ਕਾਰਨ ਗੁਆਂਢੀ ਵੀ ਤੰਗ ਆ ਗਏ ਸਨ। ਇਹਦੇ ਜੀ, ਕਿੰਨੇ ਵਾਰ ਥੋਡੇ ਕੋਲ ਇਲਾਜ ਕਰਵਾਉਣ ਲਈ ਤਰਲੇ ਪਾਏ, ਪਰ ਇਹਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ।”
“ਫਿਰ ਇੱਥੇ ਆਉਣ ਲਈ ਇਹ ਕਿਵੇਂ ਮੰਨਿਆ?” ਮੈਂ ਪੁੱਛਿਆ।
“ਫਿਰ ਜੀ, ਇੱਕ ਦਿਨ ਮੈਂ ਸੋਚਿਆ ਕਿ ਇਸ ਤਰ੍ਹਾਂ ਢੇਰੀ ਢਾਹ ਕੇ ਤਾਂ ਕੁਝ ਨਹੀਂ ਬਣਨਾ। ਜਵਾਕਾਂ ਦੀ ਜ਼ਿੰਦਗੀ ਵੀ ਰੁਲ ਜਾਣੀ ਐ। ਵੱਡਾ ਮੁੰਡਾ ਸੁੱਖ ਨਾਲ ਨੌਂਵੀਂ ਵਿੱਚ ਐ ਅਤੇ ਕੁੜੀ ਸੱਤਵੀਂ ਵਿੱਚ ਪੜ੍ਹਦੀ ਐ। ਦੋਨੋਂ ਜਵਾਕ ਪੜ੍ਹਨ ਵਿੱਚ ਹੁਸ਼ਿਆਰ ਨੇ। ਅਸੀਂ ਫਿਰ ਤਿੰਨਾਂ ਨੇ ਰਾਏ ਕਰਕੇ ਇਹਦੇ ਨਾਸੀਂ ਧੂੰਆਂ ਲਿਆਉਣ ਦਾ ਫੈਸਲਾ ਕਰ ਲਿਆ। ਫਿਰ ਜੀ, ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਇਹ ਆਪਣੇ ਵਰਗੇ ਤਿੰਨ ਚਾਰ ਮੁਸ਼ਟੰਡਿਆਂ ਨਾਲ ਦਾਰੂ ਪੀਕੇ ਜੂਆ ਖੇਡ ਰਿਹਾ ਹੈ। ਮੈਨੂੰ ਤਾਂ ਜੀ ਅੰਦਰੋਂ ਅੱਗ ਲੱਗ ਗਈ। ਘਰੋਂ ਡਾਂਗ ਚੁੱਕ ਕੇ ਮੈਂ ਇਨ੍ਹਾਂ ਦੇ ਟਿਕਾਣੇ ’ਤੇ ਪਹੁੰਚ ਗਈ। ਮੈਨੂੰ ਉੱਥੇ ਦੇਖ ਕੇ ਦੂਜੇ ਮਸਟੰਡੇ ਤਾਂ ਠਠੰਬਰ ਜਿਹੇ ਗਏ। ਮੈਂ ਇਹਦੇ ਸੋਟੀ ਦੀ ਹੁੱਝ ਮਾਰਦਿਆਂ ਕਿਹਾ, “ਹੁਣ ਨਸ਼ੇ ਦੇ ਨਾਲ ਜੂਆ ਵੀ ਖੇਡਣ ਲੱਗ ਪਿਐਂ। ਸ਼ਰਮ ਨਹੀਂ ਆਉਂਦੀ ਤੈਨੂੰ?”
ਮੇਰੀ ਸ਼ੇਰਨੀ ਵਰਗੀ ਦੁਹਾੜ ਸੁਣ ਕੇ ਇਸਨੇ ਢੀਠ ਜਿਹਾ ਹੋਕੇ ਕਿਹਾ, “ਫਿਰ ਕੀ ਹੋਇਆ ਜੇ ਜੂਆ ਖੇਡਦਾਂ, ਜੂਆ ਤਾਂ ਪਾਂਡੋ ਵੀ ਖੇਡਦੇ ਸੀ।” ਇਹਦੀ ਇਹ ਗੱਲ ਸੁਣ ਕੇ ਮੈਂ ਫਿਰ ਗਰਜਵੀਂ ਆਵਾਜ਼ ਵਿੱਚ ਕਿਹਾ, “ਠੀਕ ਐ, ਪਾਂਡੋ ਜੂਆ ਖੇਡਦੇ ਸੀ। ਪਰ ਉਹਨਾਂ ਦੀ ਪਤਨੀ ਦਰੋਪਦੀ ਦੇ ਪੰਜ ਪਤੀ ਸਨ। ਮੈਨੂੰ ਵੀ ਹੱਕ ਐ, ਦੱਸ ਫਿਰ ਮੈਂ ਵੀ ਪੰਜ ਖਸਮ ਰੱਖਾਂ?” ਇਹ ਕੁਝ ਨਹੀਂ ਬੋਲਿਆ। ਇਹਨੂੰ ਇਹ ਪਤਾ ਲੱਗ ਗਿਆ ਸੀ ਕਿ ਜੇ ਮੈਂ ਹੋਰ ਪੰਜ-ਤਿੰਨ ਕੀਤੀ ਤਾਂ ਇਹ ਡਾਂਗ ਮੇਰੇ ’ਤੇ ਵਰ੍ਹ ਵੀ ਸਕਦੀ ਐ। ਇਹ ਜੀ, ਚੁੱਪ ਕਰਕੇ ਮੇਰੇ ਨਾਲ ਘਰ ਨੂੰ ਤੁਰ ਪਿਆ। ਉਸ ਦਿਨ ਤੋਂ ਬਾਅਦ ਇਹਦੀ ਅਸੀਂ ਪੂਰੀ ਨਾਕਾਬੰਦੀ ਕਰ ਦਿੱਤੀ। ਰਾਤ ਨੂੰ ਦੇਰ ਨਾਲ ਆਉਣ ’ਤੇ ਅਸੀਂ ਬੂਹਾ ਨਹੀਂ ਸੀ ਖੋਲ੍ਹਦੇ। ਜਵਾਕਾਂ ਨੇ ਵੀ ਇਹਨੂੰ ਬੁਲਾਉਣਾ ਛੱਡ ਦਿੱਤਾ। ਰੋਟੀ ਟੁੱਕ ਵੇਲੇ ਜੇ ਇਹ ਘਰ ਹੁੰਦਾ ਤਾਂ ਅਸੀਂ ਦੇ ਦਿੰਦੇ, ਨਹੀਂ ਫਿਰ ਪਹਿਲਾਂ ਵਾਂਗ ਇਹਦੇ ਲਈ ਚੁੱਲ੍ਹਾ ਨਹੀਂ ਸੀ ਬਲਦਾ। ਜਦੋਂ ਜੀ, ਚਾਰੇ ਪਾਸਿਉਂ ਇਹਦੇ ਨਾਸੀਂ ਧੂੰਆਂ ਆ ਗਿਆ, ਫਿਰ ਇਹ ਆਪ ਹੀ ਕਹਿੰਦਾ ਕਿ ਮੇਰਾ ਇਲਾਜ ਕਰਵਾ ਦਿਉ। ਹੁਣ ਜੀ, ਤੁਹਾਡੇ ਲੜ ਲੱਗੇ ਹਾਂ।”
ਉਸ ਔਰਤ ਦੀ ਗੱਲ ਸੁਣਨ ਤੋਂ ਬਾਅਦ ਮੈਂ ਉਹਦੇ ਪਤੀ ਨੂੰ ਪੁੱਛਿਆ, “ਕਿਉਂ ਬਈ, ਇਲਾਜ ਕਰਵਾਉਣੈ?”
ਉਸਨੇ ਪਹਿਲਾਂ ਆਪਣੀ ਪਤਨੀ ਵੱਲ ਦੇਖਿਆ ਅਤੇ ਫਿਰ ਮੇਰੇ ਵੱਲ ਮੂੰਹ ਕਰਕੇ ਕਿਹਾ,” ਆਹੋ ਜੀ, ਮੈਨੂੰ ਦਾਖ਼ਲ ਕਰ ਲਵੋ। ਮੈਂ ਇਹ ਕੁੱਤਾ ਕੰਮ ਛੱਡਣੈ।”
ਅਸੀਂ ਕਾਗਜ਼ੀ ਕਾਰਵਾਈ ਉਪਰੰਤ ਉਸਨੂੰ ਦਾਖਲ ਕਰ ਲਿਆ। ਉਸਦੀ ਪਤਨੀ ਨੂੰ ਦਿਲਾਸਾ ਦਿੰਦਿਆਂ ਮੈਂ ਕਿਹਾ, “ਆਪਣੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਸਿਰਫ ਇਸਦਾ ਨਸ਼ਾ ਹੀ ਨਾ ਛੁਡਵਾਈਏ, ਸਗੋਂ ਚੰਗਾ ਇਨਸਾਨ ਬਣਾਉਣ ਦਾ ਵੀ ਯਤਨ ਕਰੀਏ।”
ਉਹ ਔਰਤ ਸ਼ੁਕਰਾਨੇ ਭਰੇ ਸ਼ਬਦ ਕਹਿ ਕੇ ਚਲੀ ਗਈ।
ਦੁਆ ਅਤੇ ਦਵਾਈ ਦੇ ਸੁਮੇਲ ਨਾਲ ਉਹ ਵਿਅਕਤੀ ਦਿਨ-ਬ-ਦਿਨ ਮਾਨਸਿਕ ਅਤੇ ਸਰੀਰਿਕ ਤੌਰ ’ਤੇ ਤੰਦਰੁਸਤ ਹੁੰਦਾ ਗਿਆ। ਸ਼ਾਮ ਨੂੰ ਯੋਗਾ, ਮੈਡੀਟੇਸ਼ਨ ਕਰਵਾਉਣ ਉਪਰੰਤ ਦਾਖ਼ਲ ਮਰੀਜ਼ਾਂ ਦੀ ਕੌਂਸਲਿੰਗ ਕਰਨੀ ਮੇਰੇ ਕਾਰਜ ਦਾ ਅਹਿਮ ਹਿੱਸਾ ਸੀ। ਕੌਂਸਲਿੰਗ ਕਰਦਿਆਂ ਮੈਂ ਦਾਖ਼ਲ ਨਸ਼ਈ ਮਰੀਜ਼ਾਂ ਦੇ ਚਿਹਰਿਆਂ ਵੱਲ ਦੇਖਦਾ। ਮੇਰੀਆਂ ਕਹੀਆਂ ਗੱਲਾਂ ਉਹ ਬੜੇ ਧਿਆਨ ਨਾਲ ਸੁਣਦੇ ਸਨ। ਕੌਂਸਲਿੰਗ ਸਮੇਂ ਇੱਕ ਦਿਨ ਮੈਂ ਉਸ ਔਰਤ ਦੇ ਪਤੀ ਕਰਮ ਸਿੰਘ ਨੂੰ ਖੜ੍ਹਾ ਕਰਕੇ ਪੁੱਛਿਆ, “ਸੱਚ ਦੱਸੀਂ, ਕਰਮ ਸਿਆਂ, ਕੀ ਤੂੰ ਆਪਣੀ ਪਤਨੀ ਦਾ ਚੰਗਾ ਪਤੀ ਬਣਿਆ ਹੈਂ?”
ਉਸਨੇ ਨਾ ਵਿੱਚ ਸਿਰ ਹਿਲਾ ਦਿੱਤਾ। ਮੇਰਾ ਅਗਲਾ ਪ੍ਰਸ਼ਨ ਸੀ, “ਕੀ ਤੂੰ ਆਪਣੇ ਬੱਚਿਆਂ ਦਾ ਚੰਗਾ ਬਾਪ ਬਣ ਸਕਿਆ ਹੈਂ?”
ਉਹਨੇ ਫਿਰ ਨਿਰਾਸ਼ਤਾ ਦਾ ਬੁੱਤ ਬਣ ਕੇ “ਨਹੀਂ ਜੀ” ਕਹਿ ਦਿੱਤਾ। ਫਿਰ ਮੈਂ ਅਗਲਾ ਪ੍ਰਸ਼ਨ ਪੁੱਛਿਆ,” ਕੀ ਤੂੰ ਮਾਂ ਬਾਪ ਦਾ ਚੰਗਾ ਪੁੱਤ ਬਣ ਸਕਿਆ ਹੈਂ?” ਇਸ ਪ੍ਰਸ਼ਨ ਦਾ ਜਵਾਬ ਦੇਣ ਦੀ ਥਾਂ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ। ਉਸਦੇ ਇਹ ਪਛਤਾਵੇ ਦੇ ਹੰਝੂ ਬੁਰਿਆਈ ਤੋਂ ਚੰਗਿਆਈ ਵੱਲ ਜਾਣ ਦਾ ਸੰਕੇਤ ਸਨ।
ਸਮੇਂ ਸਮੇਂ ਸਿਰ ਉਸਦੀ ਪਤਨੀ ਦਾ ਟੈਲੀਫੋਨ ਆਉਂਦਾ ਰਿਹਾ। ਵੀਹ ਕੁ ਦਿਨਾਂ ਬਾਅਦ ਉਹ ਉਸਨੂੰ ਮਿਲਣ ਆ ਗਈ। ਉਸਦੇ ਪਤੀ ਨੂੰ ਮਿਲਾਇਆ ਗਿਆ। ਉਹ ਆਪਣੀ ਪਤਨੀ ਨੂੰ ਡਾਢੇ ਹੀ ਮੋਹ ਨਾਲ ਮਿਲਿਆ। ਰਾਜ਼ੀ-ਖੁਸ਼ੀ ਪੁੱਛਣ ਉਪਰੰਤ ਉਸਨੇ ਪਤਨੀ ਨੂੰ ਪੁੱਛਿਆ, “ਭਲਾ ਆਪਣੀ ਮੀਤੋ ਹੁਣ ਕੈਮੀਂ ਵਿੱਚ ਹੋ ਗਈ? ਬਿੱਕਰ ਕਿਹੜੀ ਜਮਾਤ ਵਿੱਚ ਪੜ੍ਹਦੈ?” ਪੁੱਛਣ ਵੇਲੇ ਉਸਦੇ ਚਿਹਰੇ ’ਤੇ ਜ਼ਿੰਮੇਵਾਰੀ ਦਾ ਅਹਿਸਾਸ ਝਲਕਦਾ ਸੀ।
ਪਤੀ ਪਤਨੀ ਦੇ ਮਿਲਣ ਸਮੇਂ ਮੈਂ ਕੁਝ ਸਮੇਂ ਲਈ ਦਫਤਰ ਵਿੱਚੋਂ ਬਾਹਰ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਨਜ਼ਰ ਭਰ ਕੇ ਦੇਖਿਆ। ਦੋਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਝਲਕ ਰਹੀ ਸੀ। ਉਸਨੇ ਪਤਨੀ ਵੱਲ ਵਿਹੰਦਿਆਂ ਦ੍ਰਿੜ੍ਹ ਵਿਸ਼ਵਾਸ ਨਾਲ ਕਿਹਾ, “ਗਾਹਾਂ ਨੂੰ ਆਪਾਂ ਜ਼ਮੀਨ ਠੇਕੇ ’ਤੇ ਨਹੀਂ ਦੇਣੀ। ਮੈਂ ਆਪ ਕਰੂੰਗਾ ਖੇਤੀ। ਆਪਣੇ ਪੁੱਤ-ਧੀ ਨੂੰ ਪੜ੍ਹਾਉਣ ਲਈ ਵੀ ਪੂਰਾ ਟਿੱਲ ਲਾ ਦਿਆਂਗਾ।”
ਉਸ ਔਰਤ ਨੇ ਮੈਨੂੰ ਮੁਖ਼ਾਤਿਬ ਹੁੰਦਿਆਂ ਕਿਹਾ, “ਜਿਹੜੀਆਂ ਗੱਲਾਂ ਅਸੀਂ ਪਿਛਲੇ 15 ਸਾਲਾਂ ਵਿੱਚ ਨਹੀਂ ਕੀਤੀਆਂ, ਉਹ ਥੋੜ੍ਹੇ ਜਿਹੇ ਸਮੇਂ ਹੀ ਕਰ ਲਈਆਂ ਨੇ। ਇਹਨੂੰ ਜੀ ਹੋਰ ਲੋਟ ਕਰ ਦਿਉ। ਫਿਰ ਹੀ ਮੈਂ ਲੈ ਕੇ ਜਾਵਾਂਗੀ।”
ਹੁਣ ਉਸ ਔਰਤ ਦੇ ਚਿਹਰੇ ਤੋਂ ਖੁਸ਼ੀ ਡੁੱਲ੍ਹ ਡੁੱਲ੍ਹ ਪੈਂਦੀ ਸੀ। ਉਹਦੇ ਨੈਣਾਂ ਵਿੱਚ ਸਿਰਜੇ ਹੋਏ ਸੁਪਨੇ ਸਾਕਾਰ ਹੋਣ ਦਾ ਚਾਅ ਵੀ ਝਲਕ ਰਿਹਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (