“ਅਧਿਆਪਕ ਦਾ ਕੰਮ ਪੜ੍ਹਾਈ ਦੇ ਨਾਲ ਨਾਲ ਨੈਤਿਕ ਸਿੱਖਿਆ ਦਾ ਪਾਠ ...”
(2 ਜੂਨ 2026)
ਸੁਨੀਲ ਡਿਊਟੀ ਤੋਂ ਘਰ ਪਰਤਿਆ ਹੀ ਸੀ, ਅੰਦਰੋਂ ਮਾਂ ਦੀ “ਹਾਏ! ਹਾਏ!” ਦੀ ਦਰਦ ਭਰੀ ਆਵਾਜ਼ ਸੁਣੀ। ਉਹ ਅੰਦਰ ਮਾਂ ਕੋਲ ਗਿਆ। ਮਾਂ ਨੂੰ ਦਵਾਈ ਦਿੱਤੀ। ਉਸ ਨਾਲ ਕੁਝ ਪਲ ਗੱਲਾਂ ਕੀਤੀਆਂ। ਗੱਲਾਂਬਾਤਾਂ ਤੋਂ ਪਤਾ ਲੱਗਿਆ ਕਿ ਉਸਨੂੰ ਸਵੇਰ ਦੀ ਦਵਾਈ ਨਹੀਂ ਦਿੱਤੀ ਗਈ। ਉਹ ਦਫਤਰ ਦੇ ਜ਼ਰੂਰੀ ਕੰਮ ਕਾਰਨ ਘਰੋਂ ਛੇਤੀ ਡਿਊਟੀ ’ਤੇ ਚਲਾ ਗਿਆ ਸੀ ਤੇ ਜਾਣ ਲੱਗਿਆਂ ਆਪਣੀ ਪਤਨੀ ਸ਼ੀਲਾ ਨੂੰ ਕਹਿ ਗਿਆ ਸੀ ਕਿ ਉਹ ਡਿਊਟੀ ਤੇ ਜਾਣ ਤੋਂ ਪਹਿਲਾਂ ਮਾਂ ਨੂੰ ਯਾਦ ਕਰਕੇ ਦਵਾਈ ਦੇ ਦੇਵੇ। ਇੱਕ ਤਾਂ ਦਫਤਰੀ ਕੰਮ ਦੀ ਖੱਜਲ-ਖੁਆਰੀ, ਉੱਤੋਂ ਮਾਂ ਨੂੰ ਸ਼ੀਲਾ ਵੱਲੋਂ ਦਵਾਈ ਨਾ ਦੇਣ ਦੀ ਅਣਗਹਿਲੀ ਕਾਰਨ ਸੁਨੀਲ ਪਰੇਸ਼ਾਨ ਹੋ ਗਿਆ। ਕੁਝ ਦੇਰ ਬਾਅਦ ਸ਼ੀਲਾ ਵੀ ਦਫਤਰੋਂ ਆ ਗਈ। ਰਸੋਈ ਵਿੱਚੋਂ ਪਾਣੀ ਪੀਣ ਉਪਰੰਤ ਆਪਣੇ ਪਤੀ ਰਕੇਸ਼ ਕੋਲ ਜਾਣ ਦੀ ਥਾਂ ਉਹ ਡਰਾਇੰਗ ਰੂਮ ਵਿੱਚ ਸੋਫੇ ’ਤੇ ਬੈਠ ਕੇ ਆਰਾਮ ਕਰਨ ਲੱਗੀ। ਉਸਦੇ ਹੱਥ ਮੋਬਾਇਲ ਦੇ ਬਟਨਾਂ ’ਤੇ ਅਤੇ ਨਜ਼ਰਾਂ ਸਕਰੀਨ ’ਤੇ ਲੱਗੀਆਂ ਹੋਈਆਂ ਸਨ। ਕੁਝ ਸਮੇਂ ਬਾਅਦ ਸੁਨੀਲ ਹੀ ਉੱਥੇ ਆ ਗਿਆ। ਉਸਨੇ ਆਉਂਦਿਆਂ ਹੀ ਕਿਹਾ, “ਡਿਊਟੀ ’ਤੇ ਜਾਣ ਤੋਂ ਪਹਿਲਾਂ ਮਾਂ ਨੂੰ ਦਵਾਈ ਤਾਂ ਦੇ ਜਾਂਦੀ। ਦਵਾਈ ਬਿਨਾਂ ਉਹ ਸਾਰਾ ਦਿਨ ਤੜਫਦੀ ਰਹੀ।”
ਅੱਗਿਓਂ ਸ਼ੀਲਾ ਨੇ ਬੇਰੁਖੀ ਨਾਲ ਜਵਾਬ ਦਿੱਤਾ, “ਸਾਰੇ ਕੰਮਾਂ ਦਾ ਮੈਂ ਹੀ ਠੇਕਾ ਲੈ ਰੱਖਿਐ। ਸਵੇਰੇ ਰਸੋਈ ਦਾ ਕੰਮ, ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਣਾ, ਫਿਰ ਆਪ ਦਫਤਰ ਜਾਣਾ, ਉੱਤੋਂ ਤੁਹਾਡੀ ਮਾਂ ਦੀ ਨੌਕਰਾਂ ਵਾਂਗ ਦੇਖ ਭਾਲ। ਮੈਥੋਂ ਨਹੀਂ ਹੁੰਦਾ ਇਹ ਸਾਰਾ ਕੁਝ। ਤੰਗ ਆ ਗਈ ਹਾਂ ਮੈਂ ਇਸ ਖਲਜਗਣ ਤੋਂ।”
ਉਸ ਦਿਨ ਤੋਂ ਬਾਅਦ ਇੱਕ ਖਾਮੋਸ਼ ਪਰ ਵਿਦਰੋਹੀ ਚੁੱਪ ਦੋਨਾਂ ਦਰਮਿਆਨ ਛਾ ਗਈ। ਮਾਂ ਦੀ ਦੇਖ ਭਾਲ, ਮੌਕੇ ਸਿਰ ਦਵਾਈ ਦੇਣੀ ਅਤੇ ਉਸਦੀਆਂ ਨਿੱਕੀਆਂ ਨਿੱਕੀਆਂ ਲੋੜਾਂ ਦਾ ਖਿਆਲ ਰੱਖਣਾ ਹੁਣ ਸੁਨੀਲ ਦਾ ਨਿੱਤ ਨੇਮ ਬਣ ਗਿਆ। ਤੀਜੀ ਅਤੇ ਪੰਜਵੀਂ ਵਿੱਚ ਪੜ੍ਹਦੇ ਦੋਨੋਂ ਪੁੱਤਰ ਵੀ ਆਪਣੇ ਮਾਂ ਬਾਪ ਦੇ ਮੱਥੇ ਦੀਆਂ ਤਿਊੜੀਆਂ ਅਤੇ ਤਣਾਉ ਨੂੰ ਸਾਵਾਂ ਨਹੀਂ ਕਰ ਸਕੇ। ਬੋਝਲ ਉਦਾਸੀ, ਖਾਮੋਸ਼ੀ, ਤਣਾਉ ਅਤੇ ਬੋਲ ਸਾਂਝੇ ਨਾ ਕਰਨ ਕਰਕੇ ਪਤੀ ਪਤਨੀ ਦਰਮਿਆਨ ਸਰੀਰਕ ਅਤੇ ਮਾਨਸਿਕ ਦੂਰੀ ਵਧਦੀ ਗਈ। ਇੱਕ ਦੂਜੇ ਨੂੰ ਸੁਨੇਹਾ ਵੀ ਉਹ ਆਪਣੇ ਬੱਚਿਆਂ ਰਾਹੀਂ ਦੇਣ ਲੱਗ ਪਏ।
ਕੁਦਰਤੀ ਹੈ ਕਿ ਜਦੋਂ ਘਰ ਵਿੱਚ ਮੁਸਕਰਾਹਟ ਵੀ ਜਖਮਾਂ ਭਰੀ ਹੋਵੇ, ਇੱਕ ਦੂਜੇ ਨਾਲ ਸਾਂਝ ਦੀ ਡੋਰ ਦਿਨ-ਬ-ਦਿਨ ਕੱਚੀ ਹੁੰਦੀ ਜਾਵੇ ਅਤੇ ਘਰ ਵਿੱਚ ਹੁੰਦਿਆਂ ਵੀ ਬਿਗਾਨੀਗੀ ਦੇ ਅਹਿਸਾਸ ਨਾਲ ਜੀਵਨ ਹੰਢਾਇਆ ਜਾਵੇ ਤਾਂ ਜ਼ਿੰਦਗੀ ਨਰਕ ਭਰੀ ਹੋ ਜਾਂਦੀ ਹੈ। ਇੰਜ ਨਰਕ ਭਰਿਆ ਜੀਵਨ ਦੋਨੋਂ ਹੀ ਬਤੀਤ ਕਰ ਰਹੇ ਸਨ। ਸ਼ੀਲਾ ਨੇ ਆਪਣੀ ਸੱਸ ਵਾਲੇ ਕਮਰੇ ਵਿੱਚ ਜਾਣਾ ਹੀ ਛੱਡ ਦਿੱਤਾ। ਉਹ ਬਿਮਾਰੀ ਦੀ ਹਾਲਤ ਮੰਜੇ ’ਤੇ ਪਈ ਵੀ ਘਰ ਦੇ ਹਾਲਾਤ ਨੂੰ ਸਮਝਦੀ ਸੀ। ਇੱਕ ਦੋ ਵਾਰ ਉਸਨੇ ਸੁਨੀਲ ਨਾਲ ਗੱਲ ਵੀ ਛੇੜੀ, ਪਰ ਸੁਨੀਲ ਨੇ ਸ਼ੀਲਾ ਪ੍ਰਤੀ ਕੋਈ ਅਜਿਹੀ ਗੱਲ ਨਹੀਂ ਕੀਤੀ, ਜਿਸ ਨਾਲ ਮਾਂ ਦਾ ਦਿਲ ਦੁਖੀ ਹੋਵੇ।
ਫਿਰ ਇੱਕ ਦਿਨ ਜਦੋਂ ਸੁਨੀਲ ਡਿਉਟੀ ਤੋਂ ਘਰ ਆਇਆ ਤਾਂ ਘਰ ਵਿੱਚ ਸ਼ੀਲਾ ਅਤੇ ਬੱਚਿਆਂ ਦੀ ਅਣਹੋਂਦ ਉਸਨੂੰ ਰੜਕੀ। ਉਦਾਸ ਜਿਹਾ ਉਹ ਮਾਂ ਕੋਲ ਗਿਆ। ਉਸਦਾ ਹਾਲ ਚਾਲ ਪੁੱਛਿਆ। ਦਵਾਈ ਦੇਣ ਉਪਰੰਤ ਉਹ ਬਾਹਰ ਲਾਅਨ ਵਿੱਚ ਆ ਗਿਆ। ਅਚਾਨਕ ਉਹਦੀ ਨਜ਼ਰ ਟੇਬਲ ’ਤੇ ਰੱਖੇ ਕਾਗਜ਼ ’ਤੇ ਪਈ। ਕਾਗਜ਼ ਇੱਧਰ ਉੱਧਰ ਡਿਗਣ ਤੋਂ ਬਚਾਉਣ ਲਈ ਕਾਗਜ਼ ਦੇ ਉੱਪਰ ਪੇਪਰ ਵੇਟ ਰੱਖਿਆ ਹੋਇਆ ਸੀ। ਉਸਨੇ ਧੜਕਦੇ ਦਿਲ ਨਾਲ ਕਾਗਜ਼ ’ਤੇ ਲਿਖੇ ਹਰਫਾਂ ਨੂੰ ਪੜ੍ਹਿਆ। ਉਸਦੀ ਪਤਨੀ ਦਾ ਸੁਨੇਹਾ ਸੀ, “ਇਸ ਦਮ ਘੋਟੂ ਮਾਹੌਲ ਵਿੱਚ ਮੈਂ ਹੋਰ ਜ਼ਿਆਦਾ ਦੇਰ ਨਹੀਂ ਰਹਿ ਸਕਦੀ। ਮੈਂ ਬੱਚਿਆਂ ਨੂੰ ਨਾਲ ਲੈ ਕੇ ਪੇਕੀਂ ਜਾ ਰਹੀ ਹਾਂ। ਉਨ੍ਹਾਂ ਦੇ ਸਕੂਲੋਂ ਸਰਟੀਫਿਕੇਟ ਲੈ ਲਏ ਹਨ ਅਤੇ ਹੁਣ ਉਹਨਾਂ ਨੂੰ ਆਪਣੇ ਪੇਕੇ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾ ਦਿਆਂਗੀ। ਹਾਂ, ਰੋਜ਼ ਦੀ ਪਰੇਸ਼ਾਨੀ ਤੋਂ ਤੰਗ ਆ ਕੇ ਮੈਂ ਤੁਹਾਡੇ ਕੋਲੋਂ ਤਲਾਕ ਲੈ ਰਹੀ ਹਾਂ। ਅਗਲੀ ਵਾਰ ਅਦਾਲਤ ਵਿੱਚ ਮਿਲਾਂਗੇ।”
ਖਤ ਪੜ੍ਹ ਕੇ ਸੁਨੀਲ ਨੇ ਹਉਕਾ ਭਰਿਆ, “ਐਡੀ ਵੱਡੀ ਗੱਲ ਨਹੀਂ ਸੀ, ਸ਼ੀਲਾ ਨੇ ਰਾਈ ਦਾ ਪਹਾੜ ਬਣਾ ਦਿੱਤਾ। ਸਾਡੇ ਆਪਸ ਵਿੱਚ ਵਿਗੜੇ ਸੰਬੰਧਾਂ ਦਾ ਬੁਰਾ ਅਸਰ ਬੱਚਿਆਂ ’ਤੇ ਵੀ ਪਵੇਗਾ। ਸ਼ੀਲਾ ਨੂੰ ਹਰ ਰੋਜ਼ ਬੱਸ ਰਾਹੀਂ ਸਕੂਲ ਆਉਣ ਲੱਗਿਆਂ ਵੀ ਖੱਜਲ ਖੁਆਰ ਹੋਣਾ ਪਵੇਗਾ।” ਭਰੇ ਮਨ ਨਾਲ ਸੁਨੀਲ ਨੇ ਸ਼ੀਲਾ ਨੂੰ ਫੋਨ ਕੀਤਾ। ਉਸਨੇ ਫੋਨ ਨਹੀਂ ਚੁੱਕਿਆ। ਸੱਸ-ਸਹੁਰੇ ਨਾਲ ਫੋਨ ’ਤੇ ਗੱਲ ਹੋਈ। ਉਨ੍ਹਾਂ ਨੇ ਵੀ ਤਲਖ਼ੀ ਭਰੀਆਂ ਗੱਲਾਂ ਕਰਦਿਆਂ ਕਿਹਾ, “ਤੁਸੀਂ ਤਾਂ ਕੁੜੀ ਦਾ ਜਿਊਣਾ ਦੁੱਭਰ ਕਰ ਰੱਖਿਐ। ਇਹੋ ਜਿਹਾ ਵਰਤਾਉ ਤਾਂ ਪਸ਼ੂਆਂ ਨਾਲ ਵੀ ਨਹੀਂ ਕੀਤਾ ਜਾਂਦਾ, ਜਿਹੋ ਜਿਹਾ ਤੂੰ ਅਤੇ ਤੇਰੀ ਮਾਂ ਸਾਡੀ ਕੁੜੀ ਨਾਲ ਕਰਦੇ ਹੋ। ਹੁਣ ਅਸੀਂ ਕੁੜੀ ਨਹੀਂ ਭੇਜਦੇ।”
ਸੱਸ-ਸਹੁਰੇ ਦੇ ਇੱਕ ਟੁੱਕ ਜਵਾਬ ਨੇ ਸੁਨੀਲ ਨੂੰ ਧੁਰ ਤਕ ਹਿਲਾ ਦਿੱਤਾ। ਉਹ ਆਪ ਸਹੁਰੇ ਘਰ ਸ਼ੀਲਾ ਨੂੰ ਮਨਾਉਣ ਗਿਆ। ਪਰ ਕਿਸੇ ਨੇ ਵੀ ਉਸ ਨਾਲ ਸਿੱਧੇ ਮੂੰਹ ਗੱਲ ਨਹੀਂ ਕੀਤੀ। ਅੱਕ ਕੇ ਉਸਨੇ ਮਾਂ ਦੀ ਦੇਖਭਾਲ ਲਈ ਸਾਰੇ ਦਿਨ ਵਾਸਤੇ ਨੌਕਰਾਣੀ ਰੱਖ ਲਈ। ਮਾਂ ਦੀ ਦੇਖਭਾਲ ਦੇ ਨਾਲ ਨਾਲ ਰਸੋਈ ਅਤੇ ਘਰ ਦੀ ਸਫਾਈ ਵੀ ਉਹ ਕਰ ਦਿੰਦੀ ਸੀ।
ਕੁਝ ਦਿਨਾਂ ਬਾਅਦ ਸੁਨੀਲ ਨੂੰ ਕੋਰਟ ਵੱਲੋਂ ਸੰਮਨ ਪੁੱਜ ਗਏ। ਉਸਦੀ ਪਤਨੀ ਨੇ ਤਲਾਕ ਦਾ ਕੇਸ ਪਾਇਆ ਸੀ। ਸੰਮਨ ਲੈ ਕੇ ਉਹ ਇੱਕ ਵਾਰ ਝੰਜੋੜਿਆ ਜਿਹਾ ਗਿਆ। ਘਰ ਦੀ ਬੰਦ ਮੁੱਠੀ ਨੂੰ ਉਹ ਖੋਲ੍ਹਣਾ ਨਹੀਂ ਸੀ ਚਾਹੁੰਦਾ, ਪਰ ਸ਼ੀਲਾ ਨੇ ਤਾਂ ਤਲਾਕ ਦਾ ਕੇਸ ਪਾ ਕੇ ਸਾਰਾ ਕੁਝ ਜੱਗ ਜ਼ਾਹਰ ਕਰ ਦਿੱਤਾ ਸੀ। ਉਸਨੇ ਆਪਣਾ ਵਕੀਲ ਕੀਤਾ। ਸ਼ੀਲਾ ਵੱਲੋਂ ਤਲਾਕ ਦੇ ਕੇਸ ਨਾਲ ਸੰਬੰਧਿਤ ਕਾਗਜ਼ ਕੋਰਟ ਵੱਲੋਂ ਪ੍ਰਾਪਤ ਕੀਤੇ। ਉਹ ਉਸ ਵੇਲੇ ਹੱਦੋਂ ਵੱਧ ਪਰੇਸ਼ਾਨ ਹੋ ਗਿਆ ਜਦੋਂ ਸ਼ੀਲਾ ਨੇ ਉਸ ’ਤੇ ਮਾਰ ਕੁੱਟ ਕਰਨ ਦੇ ਨਾਲ ਨਾਲ ਪੇਕਿਆਂ ਤੋਂ ਮੋਟੀ ਰਕਮ ਲਿਆਉਣ ਦਾ ਦੋਸ਼ ਵੀ ਸੁਨੀਲ ’ਤੇ ਲਾ ਦਿੱਤਾ। ਉਸਨੇ ਇਹ ਵੀ ਦੋਸ਼ ਲਾਇਆ ਕਿ ਉਹ ਜ਼ਿੰਮੇਵਾਰ ਪਤੀ ਅਤੇ ਜ਼ਿੰਮੇਵਾਰ ਪਿਤਾ ਵਾਲੇ ਫਰਜ਼ ਨਹੀਂ ਨਿਭਾ ਰਿਹਾ।
ਸੁਨੀਲ ਨੇ ਆਪਣੇ ਵਕੀਲ ਨੂੰ ਵਕਾਲਤਨਾਮਾ ਦਿੰਦਿਆਂ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀ ਪਤਨੀ ਤੋਂ ਤਲਾਕ ਨਹੀਂ ਚਾਹੁੰਦਾ। ਬੱਚੇ ਅਤੇ ਪਤਨੀ ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਉਨ੍ਹਾਂ ਦੇ ਜਾਣ ਬਾਅਦ ਘਰ ਹੀ ਸੁੰਨਾ ਸੁੰਨਾ ਜਿਹਾ ਲਗਦਾ ਹੈ।
ਅਦਾਲਤ ਵਿੱਚ ਦੋ ਤਿੰਨ ਪੇਸ਼ੀਆਂ ਪਈਆਂ। ਸ਼ੀਲਾ ਵਾਲੇ ਪਾਸਿਓਂ ਉਸਦੇ ਨਾਲ ਰਿਸ਼ਤੇਦਾਰਾਂ ਦਾ ਵੱਡਾ ਕਾਫਲਾ ਆਉਂਦਾ ਸੀ। ਪਰ ਸੁਨੀਲ ਇਕੱਲਾ ਹੀ ਆਪਣੇ ਵਕੀਲ ਨਾਲ ਕੋਰਟ ਵਿੱਚ ਪੇਸ਼ ਹੁੰਦਾ ਰਿਹਾ। ਜੱਜ ਬੜਾ ਸੂਝਵਾਨ ਸੀ। ਕਾਨੂੰਨੀ ਨੁਕਤਿਆਂ ਦੇ ਨਾਲ ਨਾਲ ਉਹ ਨੈਤਿਕ ਫਰਜ਼ਾਂ ਪ੍ਰਤੀ ਵੀ ਬਹੁਤ ਗੰਭੀਰ ਸੀ। ਦੋਨਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਜੱਜ ਇਸ ਨਿਰਣੇ ’ਤੇ ਪੁੱਜ ਗਿਆ ਕਿ ਦੋਨਾਂ ਦਰਮਿਆਨ ਪਾੜਾ ਵਧਾਉਣ ਲਈ ਸ਼ੀਲਾ ਦੇ ਪਰਿਵਾਰ ਅਤੇ ਉਸਦੇ ਰਿਸ਼ਤੇਦਾਰਾਂ ਵੱਲੋਂ ਹਵਾ ਦਿੱਤੀ ਜਾ ਰਹੀ ਹੈ, ਪਰ ਸੁਨੀਲ ਇੱਕੋ ਗੱਲ ਚਾਹੁੰਦਾ ਹੈ ਕਿ ਉਸਦੀ ਬਜ਼ੁਰਗ ਮਾਂ ਦੀ ਦੇਖਭਾਲ ਵਿੱਚ ਸ਼ੀਲਾ ਹੱਥ ਵਟਾਵੇ, ਪਰ ਸ਼ੀਲਾ ਆਪਣੇ ਫਰਜ਼ਾਂ ਦੀ ਪੂਰਤੀ ਨਹੀਂ ਕਰ ਰਹੀ।
ਫਿਰ ਇੱਕ ਪੇਸ਼ੀ ’ਤੇ ਦੂਰਅੰਦੇਸ਼ੀ ਜੱਜ ਨੇ ਪਤੀ ਪਤਨੀ ਨੂੰ ਆਪਣੀ ਕੈਬਿਨ ਵਿੱਚ ਬੁਲਾ ਲਿਆ। ਉਹਨਾਂ ਲਈ ਚਾਹ ਵੀ ਮੰਗਵਾ ਲਈ। ਚਾਹ ਪੀਂਦਿਆਂ ਉਸਨੇ ਸ਼ੀਲਾ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਤੁਸੀਂ ਸਰਕਾਰੀ ਸੇਵਾ ਵਿੱਚ ਹੋ?”
“ਜੀ ਹਾਂ, ਮੈਂ ਅਧਿਆਪਕਾ ਹਾਂ।”
ਫਿਰ ਜਦੋਂ ਜੱਜ ਨੇ ਸੁਨੀਲ ਨੂੰ ਇਹੀ ਸਵਾਲ ਕੀਤਾ ਤਾਂ ਉਸਦਾ ਜਵਾਬ ਸੀ, “ਜੀ ਮੈਂ, ਬਿਜਲੀ ਵਿਭਾਗ ਵਿੱਚ ਐੱਸ.ਡੀ.ਓ. ਹਾਂ।”
ਜੱਜ ਨੇ ਉਹਨਾਂ ਦੋਨਾਂ ਦੇ ਜਵਾਬ ਸੁਣਨ ਤੋਂ ਬਾਅਦ ਮੁਸਕਰਾ ਕੇ ਕਿਹਾ, “ਵਾਹ! ਅਧਿਆਪਕ ਦਾ ਕੰਮ ਪੜ੍ਹਾਈ ਦੇ ਨਾਲ ਨਾਲ ਨੈਤਿਕ ਸਿੱਖਿਆ ਦਾ ਪਾਠ ਪੜ੍ਹਾਉਣਾ ਹੁੰਦਾ ਹੈ। ਨੈਤਿਕ ਸਿੱਖਿਆ ਵਿੱਚ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਫਰਜ਼ਾਂ ਤੋਂ ਜਾਣੂ ਕਰਵਾਕੇ ਏਕਤਾ ਦੀ ਮਹੱਤਤਾ ਦੱਸੀ ਜਾਂਦੀ ਹੈ। ਤੁਸੀਂ ਤਾਂ ਅਧਿਆਪਕ ਹੁੰਦਿਆਂ ਆਪਣਾ ਪਰਿਵਾਰ ਹੀ...।” ਫਿਰ ਜੱਜ ਨੇ ਸੁਨੀਲ ਵੱਲ ਮੂੰਹ ਕਰਕੇ ਕਿਹਾ, “ਤੁਸੀਂ ਬਿਜਲੀ ਵਿਭਾਗ ਵਿੱਚ ਕੰਮ ਕਰਦਿਆਂ ਲੋਕਾਂ ਦੇ ਘਰਾਂ ਵਿੱਚ ਚਾਨਣ ਵੰਡ ਰਹੇ ਹੋ ਪਰ ਆਪਣੇ ਘਰ ਵਿੱਚ ਹਨੇਰਾ ਪਾ ਰੱਖਿਆ ਹੈ।”
ਜੱਜ ਸਾਹਿਬ ਦੀਆਂ ਗੱਲਾਂ ਨੇ ਉਹਨਾਂ ਨੂੰ ਧੁਰ ਅੰਦਰ ਤਕ ਹਿਲਾ ਦਿੱਤਾ। ਦੋਨਾਂ ਦੇ ਹੋਠ ਫਰਕੇ, ਪਰ ਉਹ ਕੁਝ ਕਹਿ ਨਹੀਂ ਸਕੇ। ਜੱਜ ਸਾਹਿਬ ਨੇ ਫਿਰ ਉਹਨਾਂ ਦੀ ਦੁਖਦੀ ਰੱਗ ’ਤੇ ਹੱਥ ਧਰਦਿਆਂ ਕਿਹਾ, “ਥੋਡੇ ਦੋਨੋਂ ਬੱਚੇ ਨਾਬਾਲਗ ਨੇ। ਬੱਚਿਆਂ ਦੀ ਪਾਲਣਾ ਪੋਸ਼ਣਾ ਲਈ ਮਾਂ ਬਾਪ ਦੀ ਸੁਚੱਜੀ ਅਗਵਾਈ ਦੇ ਨਾਲ ਨਾਲ ਉਹਨਾਂ ਲਈ ਰੋਲ ਮਾਡਲ ਦਾ ਫਰਜ਼ ਨਿਭਾਉਣਾ ਵੀ ਜ਼ਰੂਰੀ ਹੈ। ਭਲਾ, ਉਹਨਾਂ ਸਾਹਮਣੇ ਕਲੇਸ਼ ਕਰਕੇ ਤੁਸੀਂ ਕਿਹੜੇ ਰੋਲ ਮਾਡਲ ਦਾ ਫਰਜ਼ ਨਿਭਾ ਰਹੇ ਹੋ? ਇਸ ਤਰ੍ਹਾਂ ਤਾਂ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਤੁਸੀਂ ਦੋਨੋਂ ਹੀ ਬਰਬਾਦ ਕਰ ਰਹੇ ਹੋ।”
ਦੋਨਾਂ ਦੇ ਚਿਹਰਿਆਂ ’ਤੇ ਗੰਭੀਰ ਖਾਮੋਸ਼ੀ ਛਾਈ ਹੋਈ ਸੀ। ਵਿਦਵਾਨ ਜੱਜ ਨੇ ਅਗਲੀ ਗੱਲ ਛੋਹੀ, “ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੈ, ਪਿਤਰ ਦੇਵੋ ਭਵ, ਮਾਤਰ ਦੇਵੋ ਭਵ, ਅਤਿਥੀ ਦੇਵੋ ਭਵ, ਆਚਾਰਿਯਾ ਦੇਵੋ ਭਵ” ਕੀ ਤੁਸੀਂ ਆਪਣੇ ਮਾਤਾ ਪਿਤਾ ਨੂੰ ਦੇਵਤਿਆਂ ਵਾਂਗ ਪੂਜਦੇ ਹੋ?”
ਇਸ ’ਤੇ ਸੁਨੀਲ ਨੇ ਜਵਾਬ ਦਿੱਤਾ, “ਸਰ, ਸ਼ੀਲਾ ਗਵਾਹ ਹੈ। ਮੇਰੇ ਪਿਤਾ ਜੀ ਨਹੀਂ ਹਨ। ਮਾਂ ਹੈ, ਮੈਂ ਉਸਦੀ ਪੂਜਾ ਕਰਦਾ ਹਾਂ। ਸ਼ੀਲਾ ਦੇ ਮਾਤਾ ਪਿਤਾ ਨੂੰ ਵੀ ਪੂਰਾ ਸਤਿਕਾਰ ਦਿੰਦਾ ਹਾਂ। ਪਰ ਸ਼ੀਲਾ ਮੇਰੀ ਮਾਂ ਨੂੰ ...।” ਇਹ ਕਹਿੰਦਿਆਂ ਸੁਨੀਲ ਦਾ ਗੱਚ ਭਰ ਆਇਆ। ਸ਼ੀਲਾ ਕੁਝ ਨਹੀਂ ਬੋਲੀ। ਜੱਜ ਸਾਹਿਬ ਨੇ ਫਿਰ ਸ਼ੀਲਾ ਵੱਲ ਮੂੰਹ ਕਰਕੇ ਕਿਹਾ, “ਭਲਾ, ਜੇ ਤੁਹਾਡੇ ਮਾਤਾ ਪਿਤਾ ਨੂੰ ਇੱਥੇ ਤੁਹਾਡੇ ਕੋਲ ਰਹਿਣਾ ਪੈ ਜਾਵੇ ਅਤੇ ਸੁਨੀਲ ਮੱਥੇ ਵੱਟ ਪਾਵੇ, ਉਨ੍ਹਾਂ ਦਾ ਭੋਰਾ ਖਿਆਲ ਨਾ ਰੱਖੇ ਤਾਂ ਤੁਹਾਨੂੰ ਕਿੰਝ ਲੱਗੇਗਾ?”
ਸ਼ੀਲਾ ਕੁਝ ਨਹੀਂ ਬੋਲੀ। ਉਸਦੇ ਨੈਣਾਂ ਦੇ ਕੋਇਆਂ ਵਿੱਚ ਹੰਝੂ ਅਤੇ ਚਿਹਰੇ ’ਤੇ ਪਛਤਾਵੇ ਦੇ ਚਿੰਨ੍ਹ ਸਨ।
ਜੱਜ ਨੇ ਕੈਬਿਨ ਵਾਲੀ ਕੁਰਸੀ ਤੋਂ ਉੱਠਦਿਆਂ ਕਿਹਾ, “ਤੁਸੀਂ ਕੈਬਿਨ ਵਿੱਚ ਕੁਝ ਦੇਰ ਬੈਠੋ। ਮੈਂ ਅਗਲੇ ਕੇਸ ਦੀ ਸੁਣਵਾਈ ਕਰ ਲਵਾਂ।”
ਜੱਜ ਸਾਹਿਬ ਦੇ ਜਾਣ ਬਾਅਦ ਸ਼ੀਲਾ ਨੇ ਚੁੱਪ ਤੋੜੀ, “ਤੁਸੀਂ ਆਪਣਾ ਹਾਲ ਕੀ ਬਣਾ ਰੱਖਿਐ? ਦਿਨਾਂ ਵਿੱਚ ਹੀ ਸ਼ਕਲ ਸੂਰਤ ਵਿਗੜ ਗਈ ਹੈ। ਆਪਣਾ ਤੇ ਮੰਮੀ ਦਾ ਖਿਆਲ ਰੱਖੋ। ਮੈਂ ... ...।” ਸ਼ੀਲਾ ਅਗਾਂਹ ਕੁਝ ਕਹਿਣਾ ਚਾਹੁੰਦੀ ਸੀ, ਪਰ ਉਸਦਾ ਗੱਚ ਭਰ ਆਇਆ।
ਸੁਨੀਲ ਨੇ ਡਾਢੇ ਹੀ ਮੋਹ ਨਾਲ ਸ਼ੀਲਾ ਦਾ ਹੱਥ ਫੜਦਿਆਂ ਕਿਹਾ, “ਤੇਰਾ ਘਰ ਤੇਰੀ ਉਡੀਕ ਕਰ ਰਿਹਾ ਹੈ। ਤੇਰੇ ਬਿਨਾਂ ਘਰ ਦੀ ਰੌਣਕ ਹੀ ਗੁੰਮ ਹੋ ਗਈ ਹੈ।”
ਸ਼ੀਲਾ ਨੇ ਸੁਨੀਲ ਦੇ ਦੋਨੋਂ ਹੱਥ ਘੁੱਟ ਕੇ ਫੜਦਿਆਂ ਕਿਹਾ, “ਸੱਚੀ, ਤੁਸੀਂ ਮੇਰਾ ਸੰਸਾਰ ਹੋ। ਤੁਹਾਡੇ ਬਿਨਾਂ ...।”
ਦੋਨਾਂ ਦੇ ਹੰਝੂ ਇੱਕ ਦੂਜੇ ਦੀਆਂ ਤਲੀਆਂ ’ਤੇ ਪੈ ਰਹੇ ਸਨ।
ਥੋੜ੍ਹੀ ਦੇਰ ਬਾਅਦ ਜੱਜ ਸਾਹਿਬ ਕੈਬਿਨ ਵਿੱਚ ਆਏ। ਦੋਨਾਂ ਦੇ ਮੁਸਕਰਾਉਂਦੇ ਚਿਹਰੇ ਦੇਖ ਕੇ ਉਸਨੇ ਸਭ ਕੁਝ ਭਾਂਪ ਲਿਆ। ਦੋਨਾਂ ਨੇ ਖੜ੍ਹੇ ਹੋ ਕੇ ਹੱਥ ਜੋੜਦਿਆਂ ਕਿਹਾ, “ਸਰ, ਸਾਡਾ ਸਮਝੌਤਾ ਹੋ ਗਿਆ ਹੈ।”
ਸ਼ੀਲਾ ਨੇ ਗੱਲ ਨੂੰ ਅਗਾਂਹ ਤੋਰਦਿਆਂ ਕਿਹਾ, “ਸਰ, ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਇਨ੍ਹਾਂ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ। ਆਪਣੀ ਸੱਸ ਦੀ ਮਾਂ ਵਾਂਗ ਸੇਵਾ ਕਰਾਂਗੀ।”
ਸੁਨੀਲ ਅਤੇ ਸ਼ੀਲਾ ਮੁਸਕਰਾਉਂਦੇ ਹੋਏ ਕੈਬਿਨ ਵਿੱਚੋਂ ਬਾਹਰ ਨਿਕਲੇ। ਜੱਜ ਨੇ ਆਪਣੇ ਫੈਸਲੇ ਵਿੱਚ ਸਮਝੌਤੇ ਦੀ ਸਹੀ ਪਾ ਦਿੱਤੀ।
ਸੁਨੀਲ ਅਤੇ ਸ਼ੀਲਾ ਜਦੋਂ ਇੱਕ ਦੂਜੇ ਦਾ ਹੱਥ ਫੜ ਕੇ ਅਦਾਲਤ ਤੋਂ ਬਾਹਰ ਨਿਕਲੇ ਤਾਂ ਜੱਜ ਅਸ਼ੀਰਵਾਦ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਦੇਖ ਰਿਹਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
















































































































