“ਸਲੀਕੇ ਨਾਲ ਜ਼ਿੰਦਗੀ ਜਿਊਣ ਵਾਲਾ ਵਿਅਕਤੀ ਠਹਿਰਾਉ, ਸੰਤੋਖ ਅਤੇ ਸਹਿਜਤਾ ਦੇ ਗੁਣਾਂ ਦਾ ...”
(4 ਸਤੰਬਰ 2025)
ਇੱਕ ਵਿਦਵਾਨ ਦਾ ਕਥਨ ਹੈ, “ਬੰਦਾ ਕੰਮ ਕਰਦਾ ਲੋਹਾ, ਬਹਿ ਗਿਆ ਤਾਂ ਗੋਹਾ, ਪੈ ਗਿਆ ਤਾਂ ਮੋਇਆ।” ਦੂਜੇ ਸ਼ਬਦਾਂ ਵਿੱਚ ਉਹ ਵਿਅਕਤੀ ਜਿਹੜਾ ਜ਼ਿਆਦਾ ਸਮਾਂ ਮੰਜੇ ਨਾਲ ਸਾਂਝ ਰੱਖਦਾ ਹੈ, ਉਹ ਜ਼ਿੰਦਗੀ ਵਿੱਚ ਕਿਰਿਆਸ਼ੀਲ ਨਹੀਂ ਹੋ ਸਕਦਾ ਅਤੇ ਦਲਿੱਦਰ ਉਹਦੇ ਅੰਗ ਸੰਗ ਹੋਵੇਗਾ। ਜ਼ਿੰਦਗੀ ਵਿੱਚ ਅਜਿਹਾ ਵਿਅਕਤੀ ਕਾਮਯਾਬ ਨਹੀਂ ਹੋ ਸਕਦਾ ਅਤੇ ਉਹ ਹਮੇਸ਼ਾ ਹੀ ਮਾਰੂ ਸੋਚਾਂ ਦਾ ਸ਼ਿਕਾਰ ਹੋ ਕੇ ਢਹਿੰਦੀ ਕਲਾ ਵਿੱਚ ਰਹੇਗਾ। ਪ੍ਰਸਿੱਧ ਸ਼ਾਇਰ ਬਾਬਾ ਨਾਜ਼ਮੀ ਦੇ ਬੋਲ ਉਪਰੋਕਤ ਸ਼ਬਦਾਂ ਦੀ ਹੀ ਤਰਜ਼ਮਾਨੀ ਕਰਦੇ ਨੇ:
‘ਬੇਹਿੰਮਤੇ ਨੇ ਜਿਹੜੇ ਬਹਿ ਕੇ, ਸ਼ਿਕਵਾ ਕਰਨ ਮੁਕੱਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਹਨ, ਸੀਨਾ ਪਾੜ ਕੇ ਪੱਥਰਾਂ ਦਾ।
ਦੂਜੇ ਪਾਸੇ ਜਿਸ ਵਿਅਕਤੀ ਦੇ ਦ੍ਰਿੜ੍ਹ ਇਰਾਦਾ, ਮਿਹਨਤ ਅਤੇ ਕਰੜੀ ਤਪੱਸਿਆ ਅੰਗ ਸੰਗ ਹੈ, ਜਿਸ ਵਿਅਕਤੀ ਨੇ ਮੰਜ਼ਿਲ ਪ੍ਰਾਪਤੀ ਲਈ ਔਝੜ ਰਾਹਾਂ ’ਤੇ ਸਿਦਕ ਦਿਲੀ ਨਾਲ ਕਦਮ ਰੱਖਿਆ ਹੈ, ਆਪਣੇ ਮੁੜ੍ਹਕੇ ਦੀ ਖੁਸ਼ਬੂ ਦਾ ਅਨੰਦ ਮਾਣਿਆ ਹੈ ਅਤੇ ਦੁੱਖ ਵੇਲੇ ਅਰਦਾਸ, ਸੁਖ ਵੇਲੇ ਸ਼ੁਕਰਾਨਾ ਅਤੇ ਹਰ ਸਮੇਂ ਸਿਮਰਨ ਦੀ ਉਸਾਰੂ ਸੋਚ ਨੂੰ ਅੰਗ ਸੰਗ ਰੱਖਿਆ ਹੈ, ਦਰਅਸਲ ਅਜਿਹਾ ਵਿਅਕਤੀ ਹੀ ਜ਼ਿੰਦਗੀ ਦਾ ਸ਼ਾਹ ਅਸਵਾਰ ਹੁੰਦਾ ਹੈ ਅਤੇ ਹੋਰਾਂ ਲਈ ਪ੍ਰੇਰਨਾ ਦਾ ਸੋਮਾ ਵੀ। ਇੱਕ ਕਾਮਯਾਬ ਵਿਅਕਤੀ ਤੋਂ ਜਦੋਂ ਉਸਦੀ ਸਫਲਤਾ ਦਾ ਰਾਜ ਪੁੱਛਿਆ ਗਿਆ ਤਾਂ ਉਸਨੇ ਮੁਸਕਰਾਕੇ ਜਵਾਬ ਦਿੱਤਾ, “ਲੋਕ ਆਪਣੇ ਟੀਚੇ ਦੀ ਪ੍ਰਾਪਤੀ ਲਈ ਦਿਨਾਂ ਜਾਂ ਘੰਟਿਆਂ ਦੀ ਵਿਉਤਬੰਦੀ ਕਰਦੇ ਹਨ ਪਰ ਮੈਂ ਸਾਰੇ ਦਿਨ ਦੇ 86400 ਸਕਿੰਟ ਦੀ ਵਿਆਉਤਬੰਦੀ ਕਰਕੇ ਸਮੇਂ ਦੀ ਸਹੀ ਵਰਤੋਂ ਕਰਦਿਆਂ ਸਾਧਨਾ ਕੀਤੀ। ਕਾਮਯਾਬੀ ਦਾ ਨਤੀਜਾ ਤੁਹਾਡੇ ਸਾਹਮਣੇ ਹੈ।” ਛੋਟੇ ਹੁੰਦਿਆਂ ਬੇਰੀ ਤੋਂ ਟੀਸੀ ਦੇ ਬੇਰ ਤੋੜਨ ਲਈ ਕੰਡਿਆਂ ਦੀ ਪਰਵਾਹ ਕੀਤੇ ਬਿਨਾਂ ਜਾ ਚੜ੍ਹਦਾ ਸਾਂ। ਬਾਹਾਂ ਭਾਵੇਂ ਕੰਡਿਆਂ ਨਾਲ ਛਿੱਲੀਆਂ ਜਾਂਦੀਆਂ ਪਰ ਜਦੋਂ ਟੀਸੀ ’ਤੇ ਪੁੱਜ ਕੇ ਬੇਰ ਤੋੜਨ ਉਪਰੰਤ ਹੇਠਾਂ ਆ ਕੇ ਚਟਕਾਰੇ ਨਾਲ ਖਾਂਦੇ ਸੀ ਤਾਂ ਉਸਦਾ ਅਨੰਦ ਹੀ ਕੁਝ ਹੋਰ ਹੁੰਦਾ ਸੀ। ਹਜ਼ਾਰਾਂ ਮੀਲਾਂ ਦਾ ਸਫਰ ਵੀ ਪੈਰ ਪੁੱਟਣ ਨਾਲ ਹੀ ਸ਼ੁਰੂ ਹੁੰਦਾ ਹੈ। ਦ੍ਰਿੜ੍ਹ ਇਰਾਦਾ ਅਤੇ ਹਿੰਮਤ ਮਜ਼ਬੂਤ ਕਦਮਾਂ ਨੂੰ ਬਲ ਬਖਸ਼ਦੇ ਹਨ। ਦਰਅਸਲ ਮੁਸ਼ਕਿਲਾਂ, ਰੁਕਾਵਟਾਂ ਅਤੇ ਔਕੜਾਂ ਦਾ ਡਟ ਕੇ ਮੁਕਾਬਲਾ ਕਰਨ ਵਾਲੇ ਹੀ ਜ਼ਿੰਦਗੀ ਦਾ ਸ਼ਾਹ ਅਸਵਾਰ ਹੁੰਦੇ ਹਨ।
ਜਿਨ੍ਹਾਂ ਕੋਲ ਵੀ ਜ਼ਿੰਦਗੀ ਜਿਊਣ ਦਾ ਸਲੀਕਾ ਹੈ, ਉਹਨਾਂ ਦਾ ਜੀਵਨ ਸੜਕ ’ਤੇ ਰਾਤ ਨੂੰ ਜਗਦੀਆਂ ਬਿਜਲੀ ਦੀਆਂ ਟਿਊਬਾਂ ਵਰਗਾ ਹੁੰਦਾ ਹੈ। ਟਿਊਬਾਂ ਵਿੱਚੋਂ ਨਿਕਲਦੀ ਰੌਸ਼ਨੀ ਭਾਵੇਂ ਫਾਸਲੇ ਨੂੰ ਘੱਟ ਨਹੀਂ ਕਰਦੀ, ਪਰ ਸਫ਼ਰ ਨੂੰ ਸੁਖਾਲਾ ਜ਼ਰੂਰ ਬਣਾ ਦਿੰਦੀ ਹੈ। ਜਦੋਂ ਅਸੀਂ ਕਿਸੇ ਦੀ ਪੀੜ ਆਪਣੇ ਮਨ ’ਤੇ ਹੰਢਾਉਂਦੇ ਹਾਂ, ਉਹਦਾ ਦੁੱਖ ਦਰਦ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਾਂ, ਉਸਦੀ ਜ਼ਿੰਦਗੀ ਰੂਪੀ ਮੰਝਧਾਰ ਵਿੱਚ ਫਸੀ ਕਿਸ਼ਤੀ ਨੂੰ ਕਿਨਾਰੇ ’ਤੇ ਪਹੁੰਚਾਉਣ ਲਈ ਸਿਰਤੋੜ ਯਤਨ ਕਰਦੇ ਹਾਂ, ਉਸ ਵੇਲੇ ਉਹਦੇ ਵੱਲੋਂ ਵਰ੍ਹਦੀਆਂ ਅਸੀਸਾਂ ਦੀਆਂ ਕਣੀਆਂ ਵਿੱਚ ਭਿੱਜ ਕੇ ਪ੍ਰਾਪਤ ਹੋਈ ਖੁਸ਼ੀ ਦਾ ਅਨੰਦ ਹੀ ਵੱਖਰਾ ਹੁੰਦਾ ਹੈ। ਇੱਕ ਵਿਦਵਾਨ ਦੇ ਇਹ ਬੋਲ ਵੀ ਇਸ ਨੇਕ ਕਰਮ ਦੀ ਹੀ ਤਸਦੀਕ ਕਰਦੇ ਹਨ, “ਜਦੋਂ ਅਸੀਂ ਕਿਸੇ ਨੂੰ ਫੁੱਲ ਭੇਂਟ ਕਰਦੇ ਹਾਂ ਤਾਂ ਫੁੱਲਾਂ ਦੀ ਖੁਸ਼ਬੂ ਸਾਡੇ ਹੱਥਾਂ ਨੂੰ ਵੀ ਲੱਗੀ ਰਹਿ ਜਾਂਦੀ ਹੈ।”
ਸੰਪੂਰਨ ਸ਼ਖਸੀਅਤ ਦੀ ਉਸਾਰੀ ਲਈ, ਮਹਿਕਾਂ ਵੰਡਦੀ ਜ਼ਿੰਦਗੀ ਬਤੀਤ ਕਰਨ ਲਈ ਅਤੇ ਲੋਕਾਂ ਦੇ ਚੇਤਿਆਂ ਵਿੱਚ ਵਸਣ ਲਈ ਵਿਅਕਤੀ ਲਈ ਰੂੰ, ਮੋਮਬਤੀ ਅਤੇ ਸੂਈ ਧਾਗੇ ਵਾਲਾ ਕਰਮ ਕਰਨਾ ਜ਼ਰੂਰੀ ਹੈ। ਰੂੰ ਦਾ ਕੰਮ ਜਿੱਥੇ ਸਾਡੇ ਜ਼ਖਮਾਂ ਨੂੰ ਕੱਜਣਾ ਹੈ, ਜ਼ਖ਼ਮ ਵਿੱਚੋਂ ਵਹਿੰਦੇ ਖੂਨ ਨੂੰ ਰੋਕਣਾ ਹੈ, ਉੱਥੇ ਹੀ ਰੂੰ ਤੋਂ ਕੱਪੜਾ ਬਣਦਾ ਹੈ। ਕੱਪੜਾ ਜੋ ਸਾਡੀ ਇੱਜ਼ਤ ਦਾ ਪ੍ਰਤੀਕ ਹੈ। ਦਰਅਸਲ ਬਹੁਤ ਵਾਰ ਅਸੀਂ ਆਪਣੇ ਹੱਕਾਂ ਦੀ ਪ੍ਰਾਪਤੀ ’ਤੇ ਜ਼ੋਰ ਤਾਂ ਪਾਉਂਦੇ ਹਾਂ, ਪਰ ਇਹ ਭੁੱਲ ਜਾਂਦੇ ਹਾਂ ਕਿ ਹੱਕਾਂ ਦੇ ਨਾਲ ਨਾਲ ਫਰਜ਼ਾਂ ਦੀ ਪੂਰਤੀ ਕਰਨਾ ਵੀ ਅਤਿਅੰਤ ਜ਼ਰੂਰੀ ਹੈ। ਇਹ ਫਰਜ਼ਾਂ ਦੀ ਪੂਰਤੀ ਬਿਨਾਂ ਕਿਸੇ ਭੇਦ-ਭਾਵ, ਜਾਤ-ਪਾਤ ਜਾਂ ਧਰਮ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਦੇ ਇਸ ਫਰਮਾਨ ’ਤੇ ਅਮਲ ਕਰਨਾ ਹੈ, “ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।।” ਜਦੋਂ ਅਸੀਂ ਰੂੰ ਦੇ ਕਰਮ ਵਾਂਗ ਹੋਰਾਂ ਦੀ ਇੱਜ਼ਤ ਦੇ ਰਖਵਾਲੇ ਬਣ ਜਾਂਦੇ ਹਾਂ, ਹੋਰਾਂ ਦੇ ਸਵੈਮਾਨ, ਅਣਖ, ਗ਼ੈਰਤ ਅਤੇ ਜਜ਼ਬਾਤਾਂ ਨੂੰ ਸੁਰੱਖਿਅਤ ਰੱਖਣ ਲਈ ਕਰਮ ਕਰਦੇ ਹਾਂ, ਉਸ ਵੇਲੇ ਅਸਲੀ ਸ਼ਬਦਾਂ ਵਿੱਚ ਜ਼ਿੰਦਗੀ ਜਿਊਣ ਦੇ ਸਲੀਕੇ ’ਤੇ ਚੱਲ ਕੇ ਹੋਰਾਂ ਲਈ ਪ੍ਰੇਰਨਾ ਦਾ ਸੋਮਾ ਬਣਦੇ ਹਾਂ। ਇਸੇ ਤਰ੍ਹਾਂ ਹੀ ਮੋਮਬੱਤੀ ਦਾ ਕਰਮ ਹਨੇਰੇ ਵਿੱਚ ਚਾਨਣ ਦਾ ਪ੍ਰਕਾਸ਼ ਕਰਨਾ ਹੈ। ਸਿਆਣਾ ਅਤੇ ਸੁਲਝਿਆ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਭਟਕਦਿਆਂ ਨੂੰ ਸਹੀ ਮਾਰਗ ਹੀ ਨਹੀਂ ਵਿਖਾਉਂਦਾ ਸਗੋਂ ਮੰਜ਼ਿਲ ਪ੍ਰਾਪਤੀ ਲਈ ਉਹਨਾਂ ਦਾ ਸਹਾਇਕ ਵੀ ਬਣਦਾ ਹੈ। ਕਈ ਵਾਰ ਬਹੁਤ ਸਾਰੇ ਵਿਅਕਤੀ ਜ਼ਿੰਦਗੀ ਦਾ ਗਲਤ ਰਸਤਾ ਚੁਣ ਕੇ ਤੇਜ਼ ਦੌੜਦੇ ਹਨ। ਜਿੰਨਾ ਉਹ ਗਲਤ ਰਸਤੇ ’ਤੇ ਤੇਜ਼ ਦੌੜਦੇ ਹਨ, ਉੰਨੇ ਹੀ ਉਹ ਜ਼ਿੰਦਗੀ ਦੀ ਮੰਜ਼ਿਲ ਤੋਂ ਦੂਰ ਹੁੰਦੇ ਜਾਂਦੇ ਹਨ। ਅਜਿਹੇ ਗਲਤ ਰਸਤੇ ’ਤੇ ਭਟਕ ਰਹੇ ਵਿਅਕਤੀਆਂ ਲਈ ਨੈਤਿਕ ਕਦਰਾਂ ਕੀਮਤਾਂ ਨਾਲ ਲਬਰੇਜ਼ ਵਿਅਕਤੀ ਉਹਨਾਂ ਦਾ ਰਾਹ ਦਸੇਰਾ ਬਣਦਾ ਹੈ। ਮੌਕੇ ਉੱਤੇ ਦਿੱਤੀ ਸਹੀ ਅਗਵਾਈ, ਸੇਧ ਅਤੇ ਹੌਸਲਾ ਭਟਕੇ ਹੋਏ ਵਿਅਕਤੀਆਂ ਨੂੰ ਸਹੀ ਮਾਰਗ ’ਤੇ ਚੱਲਣ ਵਿੱਚ ਬਹੁਤ ਹੀ ਸਹਾਈ ਹੁੰਦਾ ਹੈ। ਬਹੁਤ ਸਾਰੇ ਭਟਕੇ ਹੋਏ ਨੌਜਵਾਨ ਬੁਰੀ ਸੰਗਤ ਵਿੱਚ ਫਸ ਕੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਹ ਆਪਣੀ ਜ਼ਿੰਦਗੀ ਨੂੰ ਲੀਰਾਂ-ਲੀਰਾਂ ਕਰਨ ਦੇ ਨਾਲ ਨਾਲ ਮਾਪਿਆਂ ਨੂੰ ਵੀ ਸਰੀਰਕ, ਮਾਨਸਿਕ ਅਤੇ ਆਰਥਿਕ ਪੱਖ ਤੋਂ ਖੋਖਲਾ ਕਰ ਦਿੰਦੇ ਹਨ। ਨਸ਼ਾ ਮੁਕਤ ਸਮਾਜ ਸਿਰਜਣ ਲਈ ਨੇਕੀ ਦੇ ਰਾਹ ’ਤੇ ਚੱਲਣ ਵਾਲੇ ਭਲੇ ਪੁਰਸ਼ ਨਸ਼ਿਆਂ ਦੀ ਦਲਦਲ ਵਿੱਚ ਧਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਹਰ ਸੰਭਵ ਯਤਨ ਕਰਦੇ ਹਨ। ਅਜਿਹੀਆਂ ਸ਼ਖਸੀਅਤਾਂ ਦੇ ਸਾਰਥਕ ਯਤਨਾਂ ਨਾਲ ਹੀ ਸਮਾਜ ਦਾ ਮੂੰਹ ਮੱਥਾ ਨਿੱਖਰਦਾ ਹੈ। ਇੰਜ ਹੀ ਸੂਈ ਧਾਗੇ ਦਾ ਕਰਮ ਜੋੜਨਾ ਹੈ, ਤੋੜਨਾ ਨਹੀਂ। ਫਟੇ ਹੋਏ ਕੱਪੜੇ ਨੂੰ ਸਿਉਣ ਦਾ ਕੰਮ ਸੂਈ ਧਾਗਾ ਹੀ ਕਰਦਾ ਹੈ। ਕਈ ਵਾਰ ਮਨੁੱਖ ਦੀ ਅੱਡੀ ਜਾਂ ਕਿਸੇ ਹੋਰ ਥਾਂ ਲੱਗੇ ਕੰਡੇ ਨੂੰ ਵੀ ਸੂਈ ਹੀ ਬਾਹਰ ਕੱਢਕੇ ਪੀੜਿਤ ਵਿਅਕਤੀ ਦੀ ਪੀੜ ਦੂਰ ਕਰਨ ਵਿੱਚ ਸਹਾਈ ਹੁੰਦੀ ਹੈ। ਚੰਗੇ, ਉਸਾਰੂ ਅਤੇ ਅਗਾਂਹਵਧੂ ਕਾਰਜ ਕਰਨ ਵਾਲਾ ਵਿਅਕਤੀ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਦਾ ਹੋਇਆ ਮਨੁੱਖੀ ਰਿਸ਼ਤਿਆਂ ਨੂੰ ਆਪਸ ਵਿੱਚ ਜੋੜਦਾ ਹੈ। ਗਲਤ ਫਹਿਮੀ ਦਾ ਸ਼ਿਕਾਰ ਹੋ ਕੇ ਪਈਆਂ ਵਿਥਾਂ ਨੂੰ ਦੂਰ ਕਰਕੇ ਉਹਨਾਂ ਨੂੰ ਆਪਸ ਵਿੱਚ ਮਿਲਾਉਣ ਦਾ ਨੇਕ ਕਾਰਜ ਕਰਕੇ ਅਥਾਹ ਖੁਸ਼ੀ ਪ੍ਰਾਪਤ ਕਰਦਾ ਹੈ। ਦਰਅਸਲ ਜੇਕਰ ਚੰਗੇ ਵਿਅਕਤੀਆਂ ਦਾ ਵੱਡਾ ਕਾਫਲਾ ਰਿਸ਼ਤਿਆਂ ਵਿੱਚ ਪਈ ਕੁੜੱਤਣ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰੇ ਤਾਂ ਜਿੱਥੇ ਰਿਸ਼ਤਿਆਂ ਦੀ ਗੰਢ ਪੀਡੀ ਹੋਵੇਗੀ, ਉੱਥੇ ਹੀ ਸਮਾਜ ਵਿੱਚੋਂ ਲੜਾਈਆਂ, ਝਗੜੇ, ਤਕਰਾਰਬਾਜ਼ੀ ਦੂਰ ਹੋ ਕੇ ਕਰਾਈਮ ਗਰਾਫ ਵੀ ਘਟ ਜਾਵੇਗਾ।
ਜ਼ਿੰਦਗੀ ਜਿਊਣ ਦੇ ਸਲੀਕੇ ’ਤੇ ਪਹਿਰੇਦਾਰੀ ਕਰਦਿਆਂ ਸੁਚੱਜਾ ਵਿਅਕਤੀ ਜਿੱਥੇ ਸਮਾਜ ਵਿੱਚ ਉਸਾਰੂ ਕਾਰਜ ਕਰਨ ਲਈ ਯਤਨਸ਼ੀਲ ਰਹਿੰਦਾ ਹੈ, ਉੱਥੇ ਹੀ ਆਪਣੇ ਗੁਆਂਢੀ ਨਾਲ ਵੀ ਮੋਹ, ਅਪਣੱਤ ਅਤੇ ਸਤਿਕਾਰ ਦਾ ਰਿਸ਼ਤਾ ਸਿਰਜ ਲੈਂਦਾ ਹੈ। ਇੱਕ ਅਮੀਰ ਵਿਅਕਤੀ ਦੇ ਗੁਆਂਢ ਵਿੱਚ ਗਰੀਬ ਵਿਅਕਤੀ ਦਾ ਘਰ ਸੀ। ਇੱਕ ਦਿਨ ਅਮੀਰ ਵਿਅਕਤੀ ਆਪਣੇ 8-9 ਸਾਲ ਦੇ ਪੁੱਤਰ ਨੂੰ ਨਾਲ ਲੈ ਕੇ ਗਰੀਬ ਵਿਅਕਤੀ ਦੇ ਘਰ ਗਿਆ ਅਤੇ ਬੜੀ ਨਿਮਰਤਾ ਨਾਲ ਉਹਨਾਂ ਕੋਲੋਂ ਲੂਣ ਦੀ ਮੰਗ ਕੀਤੀ। ਗਰੀਬ ਪਰਿਵਾਰ ਨੇ ਖੁਸ਼ੀ ਖੁਸ਼ੀ ਕੌਲੀ ਵਿੱਚ ਲੂਣ ਪਾ ਕੇ ਅਮੀਰ ਵਿਅਕਤੀ ਨੂੰ ਦੇ ਦਿੱਤਾ। ਵਾਪਸ ਆਉਂਦਿਆਂ ਉਸਦੇ 8-9 ਸਾਲ ਦੇ ਪੁੱਤਰ ਨੇ ਪੁੱਛਿਆ, “ਪਿਤਾ ਜੀ ਆਪਣੀ ਰਸੋਈ ਵਿੱਚ ਤਾਂ ਲੂਣ ਕਾਫੀ ਪਿਆ ਹੈ। ਫਿਰ ਤੁਸੀਂ ਇਹ ਲੂਣ ਕਿਉਂ ਲੈਣ ਗਏ?”
ਅਮੀਰ ਬਾਪ ਨੇ ਪੁੱਤਰ ਨੂੰ ਬੜੇ ਪਿਆਰ ਨਾਲ ਸਮਝਾਉਂਦਿਆਂ ਕਿਹਾ, “ਠੀਕ ਹੈ ਪੁੱਤਰ, ਆਪਣੇ ਘਰ ਤਾਂ ਪਹਿਲਾਂ ਹੀ ਲੂਣ ਬਹੁਤ ਪਿਆ ਹੈ। ਪਰ ਗੁਆਂਢੀਆਂ ਕੋਲੋਂ ਲੂਣ ਲਿਆ ਕੇ ਮੈਂ ਉਹਨਾਂ ਦੀ ਇਹ ਝਿਜਕਤਾ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਬਿਨਾਂ ਕਿਸੇ ਸੰਕੋਚ ਤੋਂ ਸਾਡੇ ਘਰੋਂ ਲੋੜੀਂਦੀ ਚੀਜ਼ ਲੈ ਜਾਇਆ ਕਰਨ।” ਇੰਜ ਕਰਦਿਆਂ ਉਸਨੇ ਆਪਣੇ ਬੱਚੇ ਨੂੰ ਵੀ ਇਹ ਸਿੱਖਿਆ ਦੇ ਦਿੱਤੀ ਕਿ ਲੋੜ ਵੇਲੇ ਗੁਆਂਢੀ ਦੇ ਕੰਮ ਆਉਣਾ ਸਾਡਾ ਮੁਢਲਾ ਫਰਜ਼ ਹੈ।
ਸਲੀਕੇ ਨਾਲ ਜ਼ਿੰਦਗੀ ਜਿਊਣ ਵਾਲਾ ਵਿਅਕਤੀ ਠਹਿਰਾਉ, ਸੰਤੋਖ ਅਤੇ ਸਹਿਜਤਾ ਦੇ ਗੁਣਾਂ ਦਾ ਧਾਰਨੀ ਹੁੰਦਾ ਹੈ। ਉਸਦਾ ਜੀਵਨ ਨਿੱਜ ਦੀ ਥਾਂ ਸਮੂਹ ਨੂੰ ਸਮਰਪਿਤ ਹੁੰਦਾ ਹੈ। ਉਹ ਇਹ ਗੱਲ ਭਲੀ ਭਾਂਤ ਸਮਝਦਾ ਹੈ ਕਿ ਜ਼ਿੰਦਗੀ ਤਾਂ ਸਾਹਾਂ ਦੀ ਸਹੇਲੀ ਹੈ। ਰੋਸੇ, ਗਿਲੇ-ਸ਼ਿਕਵੇ, ਲਾਲਚ, ਮਾਰੂ ਸੋਚਾਂ, ਕੁਚੱਜਾ ਮਾਰਗ ਅਤੇ ਕੌੜੇ ਬੋਲ ਜ਼ਿੰਦਗੀ ਨੂੰ ਬਲ ਨਹੀਂ ਬਖਸ਼ਦੇ, ਸਗੋਂ ਰਿਸ਼ਤਿਆਂ ਨੂੰ ਖੇਰੂੰ ਖੇਰੂੰ ਕਰ ਦਿੰਦੇ ਹਨ। ਸਲੀਕੇ ਨਾਲ ਜ਼ਿੰਦਗੀ ਜਿਊਣ ਵਾਲੇ ਵਿਅਕਤੀਆਂ ਦੇ ਸਦੀਵੀ ਵਿਛੋੜੇ ’ਤੇ ਇਸ ਤਰ੍ਹਾਂ ਦੀ ਹੂਕ ਨਿਕਲਦੀ ਹੈ:
ਉਨਕੋ ਰੁਖ਼ਸਤ ਤੋ ਕੀਆ, ਮਾਲੂਮ ਨਾ ਥਾ ਲੇਕਿਨ,
ਸਾਰਾ ਘਰ ਲੇ ਗਿਆ, ਘਰ ਛੋੜ ਕੇ ਜਾਨੇ ਵਾਲਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (