“ਤਿੰਨ ਵੱਜਣ ਤੋਂ ਪੰਜ ਕੁ ਮਿੰਟ ਪਹਿਲਾਂ ਹੀ ਮੈਂ ਜੱਜ ਸਾਹਿਬ ਦੀ ਕਚਹਿਰੀ ਵੱਲ ਹੋ ਤੁਰਿਆ ...”
(14 ਦਸੰਬਰ 2025)
ਜੱਜ ਬਣਨ ਦੀ ਇੱਛਾ ਉਸਨੇ ਕਾਲਜ ਦੇ ਦਿਨੀਂ ਹੀ ਪਾਲ ਰੱਖੀ ਸੀ। ਲਾਅ ਕਾਲਜ ਵਿੱਚ ਫਸਟ ਆਉਂਦਾ, ਅਤੇ ਜਮਾਤੀਆਂ ਨੇ ਉਸ ਨੂੰ ਜੱਜ ਸਾਬ੍ਹ ਕਹਿ ਕੇ ਛੇੜਨਾ ਵੀ ਸ਼ੁਰੂ ਕਰ ਦਿੱਤਾ ਸੀ। ਅਜਿਹੀ ਛੇੜ ਉਸਦੇ ਕੰਨਾਂ ਵਿੱਚ ਸ਼ਹਿਦ ਘੋਲਦੀ। ਉਸ ਨੂੰ ਉਮੀਦ ਸੀ ਕਿ ਕਾਲਜ ਤੋਂ ਨਿਕਲਦਿਆਂ ਹੀ ਉਹ ਨਿਆਂ-ਪਾਲਿਕਾ ਦੇ ਮੁਕਾਬਲੇ ਦੇ ਇਮਿਤਹਾਨ ਵਿੱਚ ਅੱਵਲ ਆ ਕੇ ਜੱਜ ਬਣ ਜਾਵੇਗਾ, ਪਰ ਉਹ ਕਾਮਯਾਬ ਨਾ ਹੋ ਸਕਿਆ। ਅੰਤ ਉਸਨੇ ਕਿਸੇ ਰਿਸ਼ਤੇਦਾਰ ਦੀ ਸਿਫਾਰਸ਼ ਨਾਲ ਸਰਕਾਰੀ ਵਕੀਲ ਦੀ ਨੌਕਰੀ ਹਾਸਲ ਕਰ ਲਈ।
ਸਲਾਹ ਲੈਣ ਗਏ ਅਫਸਰਾਂ ਤੋਂ ਉਹ ਅਜਿਹੇ ਸਵਾਲ ਪੁੱਛਦਾ ਜਿਹੜੇ ਉਸਦੇ ਅਧਿਕਾਰ ਖੇਤਰ ਤੋਂ ਬਾਹਰ ਹੁੰਦੇ। ਸ਼ਾਇਦ ਉਹ ਅਫਸਰ ਨੂੰ ਛੋਟਾ ਦਿਖਾਉਣ ਦੀ ਨੀਅਤ ਨਾਲ ਅਜਿਹਾ ਕਰਦਾ ਜਾਂ ਫਿਰ ਆਪਣੀ ਕੁਰਸੀ ਦੀ ਤਾਕਤ ਦਿਖਾਉਣ ਲਈ ਕਰਦਾ। ਇਹ ਬੰਦੇ ਬੰਦੇ ’ਤੇ ਨਿਰਭਰ ਕਰਦਾ ਹੈ ਕਿ ਉਹ ਕੁਰਸੀ ਦਾ ਇਸਤੇਮਾਲ ਕਿਵੇਂ ਕਰਦਾ ਹੈ।
ਮੁਕੱਦਮੇ ਲਮਕਦੇ ਹਨ ਜਾਂ ਲਮਕਾਏ ਜਾਂਦੇ ਹਨ, ਇਹ ਪ੍ਰਸ਼ਨ ਹਰ ਆਦਮੀ ਨੂੰ ਪ੍ਰੇਸ਼ਾਨ ਕਰਦਾ ਰਿਹਾ ਹੈ ਅਤੇ ਕਰ ਰਿਹਾ ਹੈ। ਗੱਲ 1982 ਦੀ ਹੈ। ਮਹਿਕਮੇ ਦੀ ਤਲਾਸ਼ੀ ਦੌਰਾਨ ਇੱਕ ਕਰ-ਦਾਤੇ ਦਾ ਝੂਠ ਫੜਿਆ ਗਿਆ। ਮਹਿਕਮੇ ਦੇ ਆਹਲਾ ਅਫਸਰ ਕਹਿਣ ਇਸ ਕਾਫਰ ਕੋ ਫਾਂਸੀ ਪੇ ਲਟਕਾਓ। ਜਿਵੇਂ ਅਸੀਂ ਆਪ ਸਾਰੇ ਯੁਧਿਸ਼ਟਰ ਹੋਈਏ। ਉਸਨੇ ਬੜੇ ਤਰਲੇ ਮਿੰਨਤਾਂ ਕੀਤੀਆਂ ਕਿ ਮੁਕੱਦਮਾ ਨਾ ਚਲਾਇਆ ਜਾਵੇ ਪਰ ਉਸਦੀ ਕਿਸੇ ਨੇ ਇੱਕ ਨਾ ਸੁਣੀ। ਉਹ ਮੁਕੱਦਮਾ ਮੇਰੇ ਵੱਲੋਂ ਦਾਖਲ ਕੀਤਾ ਜਾਣਾ ਸੀ। ਇੱਕ ਦਿਨ ਉਸਨੇ ਕਿਹਾ, “ਸਰ! ਤੁਸੀਂ ਰਿਟਾਇਰ ਹੋ ਜਾਵੋਗੇ, ਕੇਸ ਖਤਮ ਨਹੀਂ ਹੋਵੇਗਾ, ਕਿਰਪਾ ਕਰਕੇ ਕੇਸ ਨਾ ਕਰੋ।”
ਮੈਨੂੰ ਉਦੋਂ ਲਗਦਾ ਸੀ ਕਿ ਉਹ ਸਜ਼ਾ ਤੋਂ ਬਚਣ ਲਈ ਕਹਿ ਰਿਹਾ ਹੈ। ਮੈਂ ਇਹ ਸਮਝਦਾ ਸੀ ਕਿ ਹਰ ਮਹਿਕਮੇ ਵਿੱਚ ਹੀ ਮੇਰੇ ਵਾਂਗ ਹੀ ਅਫਸਰ ਕੁਰਸੀ ’ਤੇ ਸਵੇਰੇ ਨੌਂ ਵਜੇ ਆ ਕੇ ਬੈਠ ਜਾਂਦੇ ਨੇ ਤੇ ਸ਼ਾਮ ਛੇ ਵਜੇ ਤਕ ਕੰਮ ਕਰਦੇ ਨੇ। ਮੇਰਾ ਅੰਦਾਜ਼ਾ ਗਲਤ ਅਤੇ ਉਸ ਆਦਮੀ ਦੀ ਭਵਿੱਖਬਾਣੀ ਸਹੀ ਨਿਕਲੀ। ਪਹਿਲੇ ਪੰਜ ਸਾਲ ਕੋਈ ਤਾਰੀਖ ਹੀ ਨਾ ਪਈ। ਅਗਲੇ ਤਿੰਨ ਸਾਲ ਤਰੀਕ ’ਤੇ ਤਰੀਕ ਪੈਣ ਲੱਗੀ। ਤਰੀਕ ਵੀ ਲੰਮੀ ਪੈਣੀ। ਆਖਰ ਪੱਚੀ ਕੁ ਸਾਲ ਬਾਅਦ ਉਹ ਕੇਸ ਨਿਪਟ ਹੀ ਗਿਆ। ਮੈਂ ਵੀ ਸੁਖ ਦਾ ਸਾਹ ਲਿਆ। ਫਿਰ ਇੱਕ ਦਿਨ ਸਰਕਾਰੀ ਵਕੀਲ ਸਾਹਿਬ ਨੇ ਮਹਿਕਮੇ ਤੋਂ ਚਿੱਠੀ ਲਿਖਵਾ ਦਿੱਤੀ ਕਿ ਮੈਂ ਇਸੇ ਮੁਕੱਦਮੇ ਵਿੱਚ ਹਾਜ਼ਰ ਹੋਵਾਂ। ਉਸ ਵੇਲੇ ਮੈਂ ਅਸਾਮ ਸੂਬੇ ਦੀ ਰਾਜਧਾਨੀ, ਗੁਹਾਟੀ ਵਿਖੇ ਤਾਇਨਾਤ ਸਾਂ ਅਤੇ ਮੁੰਬਈ ਤਰੀਕ ਭੁਗਤਣ ਲਈ ਘੱਟੋ ਘੱਟ ਤਿੰਨ ਦਿਨ ਚਾਹੀਦੇ ਸਨ। ਮੈਨੂੰ ਇਹ ਵੀ ਚਿੰਤਾ ਲੱਗ ਗਈ ਕਿ ਕਿਤੇ ਮੇਰੇ ਕੋਲੋਂ ਕੋਈ ਕੁਤਾਹੀ ਹੋਈ ਹੈ ਅਤੇ ਮੈਨੂੰ ਉਸ ਕੁਤਾਹੀ ਕਰਕੇ ਬੁਲਾਇਆ ਜਾ ਰਿਹਾ ਹੈ। ਖੈਰ, ਮੈਂ ਤਰੀਕ ਤੋਂ ਇੱਕ ਦਿਨ ਪਹਿਲਾਂ ਵਕੀਲ ਸਾਹਿਬ ਨੂੰ ਮਿਲਣ ਚਲਾ ਗਿਆ। ਇਹ ਨਿਯਮ ਵੀ ਸੀ ਕਿ ਵਕੀਲ ਸਾਹਿਬ ਨੂੰ ਤਰੀਕ ਤੋਂ ਇੱਕ ਦਿਨ ਪਹਿਲਾਂ ਮਿਲਿਆ ਜਾਵੇ।
ਮੈਂ ਦੁਪਹਿਰ ਦੇ ਖਾਣੇ ਸਮੇਂ ਹੀ ਪਹੁੰਚਿਆ। ਪਹਿਲਾਂ ਵਾਲੇ ਵਕੀਲ ਸਾਹਿਬ ਰਿਟਾਇਰ ਹੋ ਚੁੱਕੇ ਸਨ, ਮੈਂ ਰਿਟਾਇਰ ਹੋਣ ਵਾਲਾ ਸੀ, ਤਕਰੀਬਨ ਸਾਲ ਕੁ ਬਾਕੀ ਰਹਿੰਦਾ ਸੀ। ਵਕੀਲ ਸਾਹਿਬ ਦੀ ਸਹਾਇਕ ਮੈਨੂੰ ਚੰਗੀ ਤਰ੍ਹਾਂ ਜਾਣਨ ਲੱਗ ਪਈ ਸੀ। ਮੈਨੂੰ ਦੇਖ ਕੇ ਉਹ ਹੈਰਾਨ ਹੋਈ। ਉਸਨੇ ਹੱਥ ਦੇ ਇਸ਼ਾਰੇ ਨਾਲ ਹੀ ਮੇਰੇ ਹਾਜ਼ਰ ਹੋਣ ਦਾ ਕਾਰਨ ਪੁੱਛਿਆ, ਪਰ ਉਸਦੀਆਂ ਅੱਖਾਂ ਵਿੱਚ ਅਪਣੱਤ ਭਰੀ ਇੱਜ਼ਤ ਸੀ। ਮੈਂ ਕਿਹਾ, “ਮੈਡਮ, ਉਹ ਫਲਾਂ ਫਲਾਂ ਕੇਸ ...।”
“ਉਹ ਤਾਂ ਖਤਮ ਹੋ ਚੁੱਕਿਆ ਹੈ, ਫਿਰ ਤੁਹਾਨੂੰ ਬੁਲਾਇਆ ਕਿਉਂ ਹੈ?” ਉਸਨੇ ਪੁੱਛਿਆ।
“ਮਹਿਕਮੇ ਤੋਂ ਚਿੱਠੀ ਭਿਜਵਾਈ ਹੈ ਉਨ੍ਹਾਂ ਨੇ, ਕਿੱਥੇ ਨੇ ਨਵੇਂ ਵਕੀਲ ਸਾਹਿਬ?” ਮੈਂ ਕਿਹਾ।
ਉਸਨੇ ਅੱਖ ਦੇ ਇਸ਼ਾਰੇ ਨਾਲ ਇੱਕ ਲੰਮੇ ਸੋਹਣੇ ਜਵਾਨ ਵੱਲ ਇਸ਼ਾਰਾ ਕੀਤਾ। ਉਸਦੇ ਅੰਦਾਜ਼ ਵਿੱਚ ਵਕੀਲ ਸਾਹਿਬ ਦੇ ‘ਉੱਚੀ ਚੀਜ਼’ ਹੋਣ ਦੀ ਕਨਸੋ ਸੀ। ਫਿਰ ਉਸਨੇ ਕਹਿ ਵੀ ਦਿੱਤਾ, “ਸਰ! ਜ਼ਰਾ ਸੰਭਲ ਕੇ।”
ਮੈਂ ਚੁਕੰਨਾ ਜਿਹਾ ਹੋ ਕੇ ਵਕੀਲ ਕੋਲ ਪਹੁੰਚ ਗਿਆ। ਉਸ ਨੂੰ ਸਾਹਬ-ਸਲਾਮ ਕੀਤੀ, ਆਪਣੀ ਪਛਾਣ ਕਰਵਾਈ। ਉਸਨੇ ਮੇਰੇ ਵੱਲ ਦੇਖਿਆ ਤਕ ਨਾ, ਲੰਚ ਤਾਂ ਕੀ ਪੁੱਛਣਾ ਸੀ। “ਤਿੰਨ ਵਜੇ ਕੋਰਟ ਵਿੱਚ ਮਿਲਿਓ ...” ਕਹਿ ਕੇ ਉਹ ਤੁਰਦਾ ਲੱਬਣਿਆ। ਮੈਨੂੰ ਬੁਰਾ ਲੱਗਣਾ ਸੁਭਾਵਿਕ ਸੀ। ਆਖਰਕਾਰ ਉਹ ਸਰਕਾਰ ਦਾ ਵਕੀਲ ਸੀ ਅਤੇ ਮੈਂ ਸਰਕਾਰੀ ਅਫਸਰ ਸੀ, ਜਿਸਦੀ ਮਦਦ ਲਈ ਉਸ ਨੂੰ ਰੱਖਿਆ ਗਿਆ ਸੀ। ਮੈਂ ਕੌੜਾ ਘੁੱਟ ਭਰ ਕੇ ਤਿੰਨ ਵੱਜਣ ਦੀ ਉਡੀਕ ਕਰਨ ਲੱਗਿਆ। ਵਿਹਲਾ ਦਿਮਾਗ ਪਤਾ ਨਹੀਂ ਕਿਹੜੇ ਕਿਹੜੇ ਵਿਚਾਰਾਂ ਦੀ ਵਕਾਲਤ ਕਰਦਾ ਰਿਹਾ।
ਤਿੰਨ ਵੱਜਣ ਤੋਂ ਪੰਜ ਕੁ ਮਿੰਟ ਪਹਿਲਾਂ ਹੀ ਮੈਂ ਜੱਜ ਸਾਹਿਬ ਦੀ ਕਚਹਿਰੀ ਵੱਲ ਹੋ ਤੁਰਿਆ। ਕਮਰਾ ਨਾਲ ਹੀ ਸੀ। ਪਬਲਿਕ ਲਈ ਰੱਖੇ ਬੈਂਚਾਂ ’ਤੇ ਬੈਠੀ ਇੱਕ ਅਧਖੜ ਉਮਰ ਦੀ ਮਹਿਲਾ ਨੇ ਮੇਰੇ ਕੋਲ ਆ ਕੇ ‘ਨਮਸਤੇ ਸਰ’ ਕਿਹਾ। ਮੇਰੀ ਬੰਬਈ ਤਾਇਨਾਤੀ ਦੌਰਾਨ ਉਹ ਮੇਰੀ ਮਤਹਿਤ ਰਹਿ ਚੁੱਕੀ ਸੀ। ਉਸਨੇ ਮੈਨੂੰ ਪਛਾਣ ਲਿਆ ਸੀ ਪਰ ਮੈਂ ਉਸ ਨੂੰ ਪਛਾਣ ਨਹੀਂ ਸਕਿਆ ਸੀ। ਗੱਲਬਾਤ ਸ਼ੁਰੂ ਹੋਈ। ਉਸਨੇ ਦੱਸਿਆ, “ਸਰ! ਇਹ ਵਕੀਲ ਬਹੁਤ ਪ੍ਰੇਸ਼ਾਨ ਕਰ ਰਿਹਾ ਹੈ, ਪਤਾ ਨਹੀਂ ਕਿਉਂ। ਹਫਤੇ ਤੋਂ ਸਵੇਰੇ ਫਾਈਲ ਮੰਗਵਾ ਲੈਂਦਾ ਹੈ, ਸਾਰਾ ਦਿਨ ਬਿਠਾਈ ਰੱਖਦਾ ਹੈ, ਸ਼ਾਮ ਨੂੰ ਹੱਥ ਦੇ ਇਸ਼ਾਰੇ ਨਾਲ ‘ਕੱਲ੍ਹ’ ਕਹਿ ਕੇ ਤੁਰ ਜਾਂਦਾ ਹੈ। ਮੇਰਾ ਸਾਰਾ ਦਿਨ ਬਰਬਾਦ ਹੋ ਜਾਂਦਾ ਹੈ, ਦਫਤਰ ਦਾ ਕੰਮ ਰਹਿ ਜਾਂਦਾ ਹੈ ...।” ਜਿਉਂ ਜਿਉਂ ਮੈਂ ਸੁਣਦਾ ਗਿਆ, ਤਿਉਂ ਤਿਉਂ ਵਕੀਲ ਸਾਹਿਬ ਪ੍ਰਤੀ ਮੇਰਾ ਗੁੱਸਾ ਵਧਦਾ ਗਿਆ। ਹੁਣ ਤਕ ਮੈਂ ਸਮਝ ਚੁੱਕਿਆ ਸੀ ਕਿ ਉਹ ਬੜੀ ਹੀ ਸੰਜੀਦਾ, ਬੜਾ ਹੀ ਘੱਟ ਬੋਲਣ ਵਾਲੇ ਵਿਅਕਤਿਤਵ ਦੀ ਮਾਲਕ ਮਿਸਜ਼ ਚੌਹਾਨ ਸੀ। ਉਸਦੀ ਆਪਣੇ ਕੰਮ ਪ੍ਰਤੀ ਵਚਨਬੱਧਤਾ ਤੋਂ ਮੈਂ ਜਾਣੂ ਸੀ। ਉਹ ਫਿਰ ਬੋਲੀ, “ਸਰ! ਵਕੀਲ ਸਾਹਬ ਬਹੁਤ ਘਮੰਡੀ ਹਨ। ਨਵਾਂ ਨਵਾਂ ਸਰਕਾਰੀ ਵਕੀਲ ਬਣਿਐ, ਆਪਣੇ ਆਪ ਨੂੰ ਜੱਜ ਤੋਂ ਘੱਟ ਨੀ ਸਮਝਦਾ। ਜੱਜ ਸਾਹਿਬਾਨ ਇਸ ਨੂੰ ਆਪਣੇ ਤੋਂ ਘੱਟ ਕਾਬਲੀਅਤ ਵਾਲੇ ਲਗਦੇ ਨੇ। ਰਾਖਵੇਂ ਕੋਟੇ ਵਾਲਿਆਂ ਨੂੰ ਤਾਂ ਉਹ ਜੱਜ ਸਮਝਦਾ ਹੀ ਨਹੀਂ। ਅਜਿਹੇ ਜੱਜ ਵੱਲ ਇੰਝ ਦੇਖਦਾ ਹੈ ਜਿਵੇਂ ਕਹਿ ਰਿਹਾ ਹੋਵੇ ‘ਕੋਟੇ ਕਰਕੇ ਬਣ ਗਿਐਂ … ਕਾਨੂੰਨ ਅਤੇ ਇਨਸਾਫ ਦੀ ਥੋਨੂੰ ਦਮਝ … ਕਈ ਵਾਰੀ ਸਾਥੀ ਵਕੀਲਾਂ ਨਾਲ ਗੱਲਾਂ ਕਰਦੇ ਹੋਏ ਇਹ ਕਹਿੰਦੇ ਹੋਏ ਸੁਣਿਆ ਹੈ, “ਇਹ ਕੋਟੇ ਵਾਲਿਆਂ ਨੇ ਤਾਂ ਹਰ ਥਾਂ ਗੰਦ ਪਾ ਰੱਖਿਐ। ਇਨ੍ਹਾਂ ਨੂੰ ਆਉਂਦਾ ਜਾਂਦਾ ਕੱਖ ਨੀ, ਫੈਸਲੇ ਵਕੀਲਾਂ ਤੋਂ ਲਿਖਾਉਂਦੇ ਨੇ … ਦਸਤਖ਼ਤ ਕਰਦੇ ਨੇ ਤੇ … ਨਵੇਂ ਬਣੇ ਅਫਸਰ ਕਿਹੜਾ ਘੱਟ ਕਰਦੇ ਹਨ, ਉਹ ਆਪਣੇ ਆਪ ਨੂੰ ਹੀ ਕਾਨੂੰਨ ਸਮਝਣ ਲੱਗ ਜਾਂਦੇ ਹਨ ... ਜੋ ਮੈਂ ਕਹਿੰਦਾ ਹਾਂ, ਉਹੀ ਕਾਨੂੰਨ ਹੈ।’ ਸ਼ਾਇਦ ਉਹ ਜਾਣ ਬੁੱਝ ਕੇ ਮੈਨੂੰ ਸੁਣਾਉਣ ਲਈ ਅਜਿਹਾ ਬੋਲਦਾ ਹੋਵੇ ਕਿਉਂਕਿ ਮੈਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਾਂ।”
ਇਹ ਸੁਣਦਿਆਂ ਮੇਰਾ ਗੁੱਸਾ ਉਬਾਲੇ ਖਾਣ ਲੱਗਾ ਸੀ ਕਿ ਵਕੀਲ ਸਾਹਿਬ ਆ ਗਏ। ਆਉਂਦਿਆਂ ਹੀ ਰੁੱਖੀ ਜਿਹੀ ਅਵਾਜ਼ ਵਿੱਚ ਬੋਲੇ, “ਹਾਂ ਦੱਸੋ, ਕੀ ਐ?” ਉਹ ਕਮਿਸ਼ਨਰ ਇਨਕਮ-ਟੈਕਸ ਨੂੰ ਸੰਬੋਧਨ ਕਰ ਰਿਹਾ ਸੀ, ਆਪ ਤੋਂ ਉਮਰ ਵਿੱਚ ਵੱਡੇ, ਅਹੁਦੇ ਵਿੱਚ ਵੱਡੇ ਨੂੰ।
ਮੈਂ ਕਿਹਾ, “ਸਰ! ਤੁਸੀਂ ਬੁਲਾਇਆ ਹੈ ਕੱਲ੍ਹ ਪੇਸ਼ੀ ਵਾਸਤੇ, ਤੁਸੀਂ ਦੱਸੋ ਮੈਨੂੰ ਕਾਹਦੇ ਲਈ ਬੁਲਾਇਆ ਹੈ? ਕੇਸ ਬਾਰੇ ਮੋਟੇ ਮੋਟੇ ਨੁਕਤੇ ਸਮਝਣ ਲਈ ਹੀ ਇੱਕ ਦਿਨ ਪਹਿਲਾਂ ਆਇਆ ਹਾਂ।” ਮੇਰੇ ਇਹ ਬੋਲਣ ਤੋਂ ਉਹ ਕੁਝ ਖਿਝਿਆ ਦਿਖਾਈ ਦਿੱਤਾ।
“ਕੇਸ ਦਾ ਨਾਂ ਦੱਸੋ?” ਵਕੀਲ ਸਾਹਬ ਬੋਲੇ।
ਮੈਂ ਕਿਹਾ, “ਕੇਸ ਦਾ ਨਾਂ ਤੁਹਾਨੂੰ ਪਤਾ ਹੋਵੇਗਾ, ਤੁਸੀਂ ਫਾਈਲ ਪੜ੍ਹੀ ਹੋਣੀ ਹੈ।”
ਦਰਸਲ ਉਸਨੇ ਮਹਿਕਮੇ ਤੋਂ ਮੈਨੂੰ ਹਾਜ਼ਰ ਹੋਣ ਲਈ ਚਿੱਠੀ ਭਿਜਵਾ ਦਿੱਤੀ ਸੀ ਪਰ ਉਸਨੇ ਕਦੇ ਫਾਈਲ ਦੇ ਦਰਸ਼ਨ ਹੀ ਨਹੀਂ ਕੀਤੇ ਸਨ। ਮੇਰੇ ਇਨ੍ਹਾਂ ਕਹਿਣ ’ਤੇ ਉਹ ਭੜਕ ਪਿਆ, “ਤੁਸੀਂ ਬੋਲਦੇ ਕਿਵੇਂ ਹੋ?”
ਮੈਂ ਉਸ ਨੂੰ ਉਸਦੀ ਭਾਸ਼ਾ ਵਿੱਚ ਹੀ ਜਵਾਬ ਦੇਣਾ ਠੀਕ ਸਮਝਿਆ। ਮੈਂ ਕਿਹਾ, “ਤੁਸੀਂ ਕਿਵੇਂ ਬੋਲਦੇ ਹੋ, ਮੇਰੀ ਜਾਣਕਾਰੀ ਮੁਤਾਬਿਕ ਤਾਂ ਮੈਨੂੰ ਬੁਲਾਉਣ ਦੀ ਲੋੜ ਹੀ ਨਹੀਂ ਸੀ ਪਰ ਹੁਣ ਤੁਸੀਂ ਬੁਲਾਇਆ ਹੈ ਤਾਂ ਦੱਸੋ ਕਿਉਂ ਬੁਲਾਇਆ ਹੈ ਮੈਨੂੰ?” ਮੇਰੀ ‘ਮੈਨੂੰ’ ਵਿੱਚੋਂ ਅਫਸਰੀ ਬੋਲ ਰਹੀ ਸੀ। ਸੁਣਦੇ ਹੀ ਉਹ ਡੌਰ ਭੌਰ ਜਿਹਾ ਹੋ ਗਿਆ। ਦੋਹਾਂ ਵਿੱਚ ਤਲਖ਼ੀ ਵਧਦੀ ਦੇਖ ਕੇ ਕੋਲ ਖੜ੍ਹੀ ਇੰਸਪੈਕਟਰ ਨੇ ਫਾਈਲ ਉਸਦੇ ਅੱਗੇ ਕਰ ਦਿੱਤੀ। ਵਕੀਲ ਕਹਿਣ ਲੱਗਾ, “ਕੇਸ ਫਾਈਲ ਲਿਆਉਂਦਾ ਹਾਂ ਕੋਰਟ ਕਲਰਕ ਤੋਂ।”
ਫਾਈਲ ਲਿਆ ਕੇ ਦਸ ਮਿੰਟ ਉਸਦਾ ਵਰਕਾ ਵਰਕਾ ਫਰੋਲਦਾ ਰਿਹਾ, ਮੂੰਹ ਵਿੱਚ ਬੋਲਦਾ ਰਿਹਾ ... ਅਗਜ਼ਾਮੀਨੇਸ਼ਨ ਇਨ ਚੀਫ ਹੋ ਗਿਆ ... ਕ ਰ ਰਾ ਸ ਐਗਜ਼ਾਮੀਨੇਸ਼ਨ ਹੋਅ ਗਿਆ ...।” ਜਦੋਂ ਕੁਝ ਨਾ ਮਿਲਿਆ ਤਦ ਕਹਿਣ ਲੱਗਾ, “ਤੁਸੀਂ ਕੱਲ੍ਹ ਨੂੰ ਨਾ ਆਇਓ, ਕੋਈ ਜ਼ਰੂਰਤ ਨਹੀਂ ਹੈ। ਇਹ ਕੇਸ ਤਾਂ ਖਤਮ ਹੋ ਚੁੱਕਿਆ ਹੈ।”
ਮੈਂ ਕਿਹਾ, “ਸਰ! ਮੈਂ ਸਰਕਾਰੀ ਦੌਰੇ ’ਤੇ ਹਾਂ। ਕਚਹਿਰੀ ਵਿੱਚ ਮੇਰੀ ਹਾਜ਼ਰੀ ਦਾ ਸਰਟੀਫਿਕੇਟ ਹੀ ਮੇਰਾ ਟੀ ਏ ਬਿੱਲ ਪਾਸ ਕਰਵਾ ਸਕੇਗਾ।”
ਵਕੀਲ ਸਾਹਬ ਬੋਲੇ, “ਮਹਿਕਮੇ ਦੀ ਚਿੱਠੀ ’ਤੇ ਹੀ ਪਾਸ ਕਰਵਾ ਲਿਓ।”
ਮੈਨੂੰ ਇਸ ਗੱਲ ਦਾ ਪਤਾ ਸੀ ਕਿ ਨਿਯਮ ਮੁਤਾਬਿਕ ਮੇਰਾ ਬਿੱਲ ਇਸ ਚਿੱਠੀ ਨਾਲ ਪਾਸ ਨਹੀਂ ਹੋਵੇਗਾ। ਮੈਂ ਕਿਹਾ, “ਜੇਕਰ ਬਿੱਲ ਪਾਸ ਨਾ ਹੋਇਆ ਤਾਂ ਇਸਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਕੋਰਟ ਤੋਂ ਸਰਟੀਫਿਕੇਟ ਆਪ ਨੂੰ ਲੈ ਕੇ ਦੇਣਾ ਪਵੇਗਾ ਅਤੇ ਜੇਕਰ ਨਹੀਂ ਲੈ ਪਏ ਤਾਂ ਮੈਨੂੰ ਤੁਹਾਡੇ ਖਿਲਾਫ ਲਿਖਣਾ ਪਵੇਗਾ। ਉਸਨੇ ਯਕੀਨ ਦਿਵਾਇਆ ਕਿ ਲੋੜ ਪਈ ਤਾਂ ਉਹ ਸਰਟੀਫਿਕੇਟ ਲੈ ਲਵੇਗਾ।
“ਠੀਕ ਹੈ ...।” ਕਹਿ ਕੇ ਮੈਂ ਅਤੇ ਮਿਸਿਜ਼ ਚੌਹਾਨ ਬਾਹਰ ਵੱਲ ਤੁਰ ਪਏ। ਮਿਸਿਜ਼ ਚੌਹਾਨ ਬੋਲੀ, “ਸਰ! ਅੱਜ ਚੰਗਾ ਠੋਕਿਆ ਤੁਸੀਂ ਉਸ ਨੂੰ, ਬੜਾ ਸਮਝਦਾ ਸੀ ਆਪਣੇ ਆਪ ਨੂੰ ...”’ ਉਸ ਨੂੰ ਸੁਣਦਿਆਂ ਮੈਨੂੰ ਇੰਝ ਲੱਗਿਆ ਜਿਵੇਂ ਮੈਂ ਕਿਸੇ ਦੇ ਜਖਮ ’ਤੇ ਮੱਲ੍ਹਮ ਲਾ ਦਿੱਤੀ ਹੋਵੇ। ਉਸ ਤੋਂ ਵਿਦਾਈ ਵੇਲੇ ਮੈਂ ਉਸ ਨੂੰ ਕਿਹਾ, “ਦੇਖਿਓ ਹਾਲੇ ਤਾਂ ਇਹ ਸਰਟੀਫਿਕੇਟ ਵੀ ਲੈ ਕੇ ਦੇਉ ...।” ਮਿਸਿਜ਼ ਚੌਹਾਨ ਮੁਸਕਰਾਉਂਦੀ ਹੋਈ ਆਪਣੇ ਰਾਹ ਤੁਰ ਗਈ ਅਤੇ ਮੈਂ ਆਪਣੇ ਟਿਕਾਣੇ ਵੱਲ ਹੋ ਤੁਰਿਆ।
ਮਹੀਨੇ ਕੁ ਬਾਅਦ ਵਕੀਲ ਸਾਹਿਬ ਨੂੰ ਬਿੱਲ ਨਾ ਪਾਸ ਹੋਣ ਬਾਰੇ ਦੱਸਿਆ। ਉਸਨੇ ਸਰਟੀਫਿਕੇਟ ਭੇਜਣ ਦੀ ਇਤਲਾਹ ਫੋਨ ’ਤੇ ਦਿੱਤੀ। ਮੈਂ ਉਸਦਾ ਧੰਨਵਾਦ ਕੀਤਾ ਅਤੇ ਅੱਗੇ ਨੂੰ ਫਾਈਲ ਪੜ੍ਹਨ ਦੀ ਸਲਾਹ ਦੇ ਕੇ ਫੋਨ ਬੰਦ ਕਰ ਦਿੱਤਾ। ਮੇਰੇ ਦਿਮਾਗ ਵਿੱਚ ਬੈਂਚ ’ਤੇ ਬੈਠਣ ਵੇਲੇ ਦਾ ਵਿਚਾਰ ਫਿਰ ਘੁੰਮਣ ਲੱਗਾ। ਸਾਡੇ ਮੁਲਕ ਵਿੱਚ ਸਰਕਾਰੀ ਨੌਕਰੀ ਮਿਲਦਿਆਂ ਹੀ ਲੋਕ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਜਾਂਦੇ ਹਨ। ਸਰਕਾਰੀ ਕਰਮਚਾਰੀ ਦਾ ਨੈਤਿਕ ਫਰਜ਼ ਹੈ ਕਿ ਉਹ ਨਿਯਮ ਮੁਤਾਬਿਕ ਲੋਕਾਂ ਦੀ ਸੇਵਾ ਕਰੇ ਪਰ ਉਹ ਤਾਂ ਆਪਣੇ ਆਪ ਨੂੰ ਹੀ ਸਰਕਾਰ ਸਮਝਣ ਲੱਗ ਪੈਂਦਾ ਹੈ। ਕੁਰਸੀ ਚੀਜ਼ ਹੀ ਐਸੀ ਹੈ। ਇਸਦਾ ਨਸ਼ਾ ਬੜਿਆਂ ਬੜਿਆਂ ਨੂੰ ਡੇਗ ਲੈਂਦਾ ਹੈ। ਕੁਰਸੀ ਭਾਵੇਂ ਛੋਟੀ, ਦਰਮਿਆਨੀ ਜਾਂ ਵੱਡੀ ਹੋਵੇ ਪਰ ਇਸਦਾ ਨਸ਼ਾ ਇਸ ਉੱਤੇ ਬੈਠਣ ਵਾਲੇ ਦੇ ਦਿਮਾਗ ਨੂੰ ਸ਼ਰਾਬ ਦੀ ਤਰ੍ਹਾਂ ਚੜ੍ਹ ਜਾਂਦਾ ਹੈ। ਇਹ ਵਾਕਿਆ 2005 ਵਿੱਚ ਏਸਪਲਾਂਡੇ ਕੋਰਟ ਮੁੰਬਈ ਵਿਖੇ ਵਾਪਰਿਆ। ਉਸ ਵੇਲੇ ਮੇਰੀ ਤਾਇਨਾਤੀ ਗੁਹਾਟੀ ਅਸਾਮ ਵਿਖੇ ਸੀ। 2002 ਵਿੱਚ (ਅਟਲ ਬਿਹਾਰ ਵਾਜਪਾਈ ਜੀ ਦੀ) ਸਰਕਾਰ ਨੇ ਮੈਨੂੰ ਘਰ ਤੋਂ ਤਕਰੀਬਨ 3 ਹਜ਼ਾਰ ਕਿਲੋਮੀਟਰ ਦੂਰ (ਗੁਹਾਟੀ) ਬਦਲ ਦਿੱਤਾ ਸੀ। ਮੇਰੇ ਨਾਲ ਅਨੁਸੂਚਿਤ ਜਾਤੀ ਦੇ ਦੋ ਹੋਰ ਕਮਿਸ਼ਨਰ ਵੀ ਸਨ। ਬਦਲੀ ਰੁਕਵਾਉਣ ਲਈ ਬੜੇ ਹੱਥ ਪੈਰ ਮਾਰੇ ਪਰ ਕਿਸੇ ਨੇ ਇੱਕ ਨਾ ਸੁਣੀ। ਮੇਰਾ ਇੱਕ ਸਾਥੀ ਤਾਂ ਪੂਰੇ ਛੇ ਮਹੀਨੇ ਬਦਲੀ ਰੁਕਵਾਉਣ ਦੀ ਕੋਸ਼ਿਸ਼ ਕਰਦਾ ਰਿਹਾ ਸੀ। ਬੋਰਡ ਦੇ ਮੈਂਬਰ ਨੂੰ ਮੈਂ ਮਿਲਿਆ ਤਾਂ ਉਸਨੇ ਮਿਲਣ ਤੋਂ ਹੀ ਮਨ੍ਹਾਂ ਕਰ ਦਿੱਤਾ। ਕਿਵੇਂ ਨਾ ਕਿਵੇਂ ਉਸਦੇ ਕਮਰੇ ਅੰਦਰ ਦਾਖਲ ਹੋਇਆ ਤਾਂ ਕਹਿਣ ਲੱਗਾ, “ਮੈਂ ਤੈਨੂੰ ਜਾਣਦਾ ਹਾਂ … ਜਾਓ ਜੁਆਇੰਨ ਕਰੋ …।” ਮੈਂ ਉਸ ਨੂੰ ਪਹਿਲੀ ਵਾਰ ਮਿਲਿਆ ਸੀ, ਪਰ ਉਹ ਮੇਰੀ ਜਾਤ ਜ਼ਰੂਰ ਜਾਣਦਾ ਸੀ। ਇਹ ਸਰਕਾਰੀ ਰਿਕਾਰਡ ਵਿੱਚ ਦਰਜ ਸੀ। ਸਰਕਾਰ ਨੇ ਰਾਜ-ਸਭਾ ਮੈਂਬਰ ਦੀ ਵੀ ਇੱਕ ਨਾ ਸੁਣੀ। ਮੇਰੇ ਇਸ ਤਜਰਬੇ ਅਨੁਸਾਰ ਭਾਰਤੀ ਸੱਭਿਅਤਾ ਦਾ ਪੁਨਰ ਨਿਰਮਾਣ ਸ਼ੁਰੂ ਹੋ ਚੁੱਕਿਆ ਸੀ। ਸਰਕਾਰੀ ਵਕੀਲ ਸਾਹਿਬ ਸਰਕਾਰ ਦੇ ਇਸ ਪ੍ਰੋਗਰਾਮ ਵਿੱਚ ਸਰਗਰਮ ਹੋ ਚੁੱਕੇ ਸਨ।
ਪਰਮਹੰਸ ਯੋਗਾਨੰਦਾ ਜੀ ਆਪਣੀ ਜੀਵਨੀ (Autobiography of a Yogi) ਵਿੱਚ ਪੰਨਾ 386 (Fourth Indian Paperback Edition, 2016, Second Impression 2017) ’ਤੇ ਲਿਖਦੇ ਹਨ, “ਸਦੀਆਂ ਬੀਤਣ ਨਾਲ ਜਾਤੀ-ਸਿਸਟਮ ਜੱਦ-ਪੁਸ਼ਤ ਦੇ ਰੱਸੇ ਦੀ ਜਕੜ ਨਾਲ ਪੱਕਾ ਹੋ ਗਿਆ ਅਤੇ ਇਸ ਵਿੱਚ ਬਹੁਤ ਗੰਭੀਰ ਬੁਰਾਈਆਂ ਪੈਦਾ ਹੋ ਗਈਆਂ। 1947 ਤੋਂ ਅਜ਼ਾਦ ਭਾਰਤ, ਜਾਤ ਦੀ ਪ੍ਰਾਚੀਨ ਵਿਸ਼ੇਸ਼ਤਾ ਅਰਥਾਤ ਇਸਦਾ ਕੁਦਰਤੀ ਯੋਗਤਾ ਅਧਾਰਤ ਹੋਣਾ ਨਾ ਕਿ ਜਨਮ ਅਧਾਰਤ ਹੋਣ ਨੂੰ, ਪੁਨਰ-ਜੀਵਤ ਕਰਨ ਵਿੱਚ ਯਕੀਨੀ ਤੌਰ ’ਤੇ ਧੀਮੀ ਰਫਤਾਰ ਨਾਲ ਤਰੱਕੀ ਕਰ ਰਿਹਾ ਹੈ। ਧਰਤੀ ਦੀ ਹਰ ਕੌਮ ਨੂੰ ਆਪਣੇ ਦੁੱਖ-ਉਪਜਾਊ ਕਾਰਜਾਂ (Karma) ਨਾਲ ਦੋ ਹੱਥ ਕਰਨੇ ਪੈਂਦੇ ਹਨ ਅਤੇ ਉਨ੍ਹਾਂ ਨੂੰ ਬਾ-ਇੱਜ਼ਤ ਦੂਰ ਕਰਨਾ ਹੁੰਦਾ ਹੈ। ਭਾਰਤ ਆਪਣੀ ਬਹੁਮੁਖੀ ਅਤੇ ਅਜਿੱਤ ਰੂਹ ਨਾਲ ਜਾਤ-ਸੁਧਾਰਾਂ ਦੇ ਕਾਰਜ ਲਈ ਆਪਣੇ ਆਪ ਨੂੰ ਸਮਰੱਥ ਸਾਬਤ ਕਰ ਰਿਹਾ ਹੈ।”
ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ 1947 ਵਿੱਚ ਉਦਾਰਵਾਦੀ ਵਿਚਾਰਾਂ ਵਾਲੀ ਸਰਕਾਰ ਸੀ ਅਤੇ ਭਾਰਤ ਦਾ ਸੰਵਿਧਾਨ ਰਚੈਤਾ ਡਾ. ਬਾਬਾ ਸਾਹਿਬ ਅੰਬੇਡਕਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸਨ। ਉਨ੍ਹਾਂ ਨੇ ਸੰਵਿਧਾਨ ਵਿੱਚ ਅਛੂਤਪੁਣੇ ’ਤੇ ਕਾਨੂੰਨੀ ਪਾਬੰਦੀ ਲਾ ਦਿੱਤੀ ਸੀ ਅਤੇ ਜਾਤੀ-ਅਧਾਰਿਤ ਭੇਦ ਭਾਵ ਲਈ ਸਖ਼ਤ ਧਾਰਾਵਾਂ ਦਰਜ ਕੀਤੀਆਂ ਸਨ। ਜਾਤੀ ਬਾਰੇ ਉਨ੍ਹਾਂ ਦੇ ਵਿਚਾਰ ਸਨ:
“ਭਾਰਤ ਵਿੱਚ ਜਾਤਾਂ ਹਨ। ਜਾਤਾਂ ਦੇਸ਼ ਵਿਰੋਧੀ ਹਨ ਕਿਉਂਕਿ ਇਹ ਸਮਾਜਿਕ ਜੀਵਨ ਵਿੱਚ ਅਲਹਦਗੀ ਪੈਦਾ ਕਰਦੀਆਂ ਹਨ। ਇਹ ਇਸ ਲਈ ਵੀ ਦੇਸ਼ ਵਿਰੋਧੀ ਹਨ ਕਿਉਂਕਿ ਆਪਸੀ ਈਰਖਾ ਅਤੇ ਵੈਰ-ਵਿਰੋਧ ਪੈਦਾ ਕਰਦੀਆਂ ਹਨ। ਜੇਕਰ ਅਸੀਂ ਸਹੀ ਮਾਅਨਿਆਂ ਵਿੱਚ ਇੱਕ ਰਾਸ਼ਟਰ ਬਣਨਾ ਚਾਹੁੰਦੇ ਹਾਂ ਤਦ ਸਾਨੂੰ ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਸਰ ਕਰਨਾ ਹੋਵੇਗਾ। ‘(BABA SAHEB ... Savita Ambedkar ਪੰਨਾ 117)
ਇਹ ਸਤਰਾਂ ਲਿਖਦੇ ਲਿਖਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਪੋਸਟ ਦਾ ਖਿਆਲ ਆ ਗਿਆ ਹੈ। ਪੋਸਟ ਦਾ ਸੱਚ ਝੂਠ ਤਾਂ ਪਤਾ ਨਹੀਂ, ਧੂੰਆਂ ਨਿਕਲਿਆ ਹੈ, ਅੱਗ ਜ਼ਰੂਰ ਲੱਗੀ ਹੋਵੇਗੀ। ਦੱਸਿਆ ਗਿਆ ਹੈ ਕਿ 26 ਨਵੰਬਰ 2025 ਨੂੰ ਬਸਤੀ ਜ਼ਿਲ੍ਹੇ (ਉੱਤਰ ਪ੍ਰਦੇਸ਼) ਦੇ ਇੱਕ ਗਾਓਂ ਵਿੱਚ ਗਲੀ ਦੀਆਂ ਨਾਲੀਆਂ ਬਣਾਉਣ ਦਾ ਕੰਮ ਚੱਲ ਰਿਹਾ ਸੀ। ਇੱਕ ਦਲਿਤ ਔਰਤ ਨੇ ਕਿਹਾ, “ਇਹ ਨਾਲੀਆਂ ਸਾਡੀ ਗਲੀ ਵਿੱਚ ਕਿਉਂ ਨਹੀਂ ਬਣ ਰਹੀਆਂ।” ਇਹ ਸੁਣਦੇ ਹੀ ਠੇਕੇਦਾਰ ਦੇ ਬੰਦਿਆਂ ਨੇ ਉਸ ਔਰਤ ’ਤੇ ਹਮਲਾ ਕਰ ਦਿੱਤਾ। ਉਸਦੇ ਸਿਰ ਵਿੱਚ ਬਾਰਾਂ ਟਾਂਕੇ ਲੱਗੇ। ਇਸ ਔਰਤ ਦਾ ਆਈਏਐੱਸ ਬੇਟਾ ਕਿਸੇ ਹੋਰ ਜ਼ਿਲ੍ਹੇ ਦਾ ਡੀਐਮ ਸੀ। ਉਹ ਪਿੰਡ ਗਿਆ ਅਤੇ ਰਿਪੋਰਟ ਦਰਜ ਕਰਵਾਉਣ ਥਾਣੇ ਪਹੁੰਚਿਆ। ਥਾਣੇਦਾਰ ਨੇ ਐੱਫ ਆਈ ਆਰ ਦਰਜ ਕਰਨ ਤੋਂ ਇਹ ਕਹਿਕੇ ਸਾਫ ਮਨ੍ਹਾ ਕਰ ਦਿੱਤਾ ਕਿ ਠੇਕੇਦਾਰ ਦੀ ਪਹੁੰਚ ਹੈ ਉੱਪਰ ਤਕ, ਇਸ ਲਈ ਸ਼ਿਕਾਇਤ ਦਰਜ ਨਹੀਂ ਹੋ ਸਕਦੀ। ਇਸ ਆਈਏਐੱਸ ਦਾ ਨਾਮ ਵਿਕਰਾਂਤ ਗੌਤਮ ਦੱਸਿਆ ਗਿਆ ਹੈ। ਸੈਸ਼ਨ ਜੱਜ ਦਾ ਨਾਮ ਰਘਵਿੰਦਰ ਨਰਾਇਣ ਮਿਸ਼ਰਾ ਦੱਸਿਆ ਗਿਆ ਹੈ। ਵਿਕਰਾਂਤ ਗੌਤਮ ਕੋਰਟ ਵਿੱਚ ਕਾਨੂੰਨ ਦੀ ਧਾਰਾ 156 (3) ਦੇ ਤਹਿਤ ਅਰਜ਼ੀ ਲੈਕੇ ਪਹੁੰਚਿਆ, ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਐੱਫ ਆਈ ਆਰ ਦਰਜ ਕਰਨ ਦੇ ਹੁਕਮ ਦੇਣ। ਜੱਜ ਸਾਹਿਬ ਨੇ ਇਹ ਕਹਿ ਕੇ ਅਰਜ਼ੀ ਖਾਰਿਜ ਕਰ ਦਿੱਤੀ ਕਿ ਤੁਸੀਂ ਤਾਂ ਆਪ ਡੀ ਐੱਮ ਹੋ, ਖੁਦ ਹੀ ਐਕਸ਼ਨ ਲੈ ਲਓ।”
ਦਲਿਤ ਅਫਸਰਾਂ ਨਾਲ ਜੇਕਰ ਇਹ ਵਾਪਰ ਰਿਹਾ ਹੈ, ਫਿਰ ਆਮ ਦਲਿਤਾਂ ਦਾ ਕੀ ਕਰਦੇ ਹੋਣਗੇ ਮਿਸ਼ਰਾ ਜਿਹੀ ਮਾਨਸਿਕਤਾ ਵਾਲੇ ਜੱਜ, ਥਾਣੇਦਾਰ ਸਾਹਿਬ?
ਪ੍ਰਾਚੀਨ ਕਾਲ ਤੋਂ ਹੀ ਸਮਾਜ ਦੇ ਚੌਥੇ ਵਰਗ ਅਰਥਾਤ ਸ਼ੂਦਰ ਕਹੇ ਜਾਂਦੇ ਲੋਕਾਂ ਨੂੰ ਵਿੱਦਿਆ ਹਾਸਲ ਕਰਨ ਦਾ ਅਧਿਕਾਰ ਨਹੀਂ ਸੀ। ਅੰਗਰੇਜ਼ ਰਾਜ ਸਮੇਂ ਇਨ੍ਹਾਂ ਨੂੰ ਥੋੜ੍ਹੀ ਬਹੁਤੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲਿਆ ਪਰ ਕਾਨੂੰਨੀ ਅਧਿਕਾਰ ਅਜ਼ਾਦੀ ਤੋਂ ਬਾਅਦ ਹੀ ਮਿਲਿਆ। ਸਿੱਖਿਆ ਪ੍ਰਾਪਤ ਕਰਕੇ ਕਈ ਵਿਅਕਤੀ ਨਿਆਂ-ਪਾਲਕਾ ਦੀ ਸਿਖਰਲੀ ਕੁਰਸੀ ਤਕ ਪਹੁੰਚ ਗਏ ਪਰ ਮਨੂੰਵਾਦੀ ਸੋਚ ਵਾਲਿਆਂ ਨੂੰ ਇਹ ਹਜ਼ਮ ਕਿਵੇਂ ਹੋ ਸਕਦਾ ਹੈ ਕਿ ਇੱਕ ਦਲਿਤ ਉਨ੍ਹਾਂ ਨੂੰ ਕਾਨੂੰਨ ਸਿਖਾਵੇ। ਪਿਛਲੇ ਕੁਝ ਦਿਨਾਂ ਵਿੱਚ ਅਜਿਹੀ ਸੋਚ ਦਾ ਪ੍ਰਗਟਾਵਾ ਤਦ ਸਾਹਮਣੇ ਆਇਆ ਜਦੋਂ ਇੱਕ ਵਕੀਲ (ਰਾਕੇਸ਼ ਕਿਸ਼ੋਰ ਨਾਂ ਦੱਸਿਆ ਜਾ ਰਿਹਾ ਹੈ) ਨੇ ਭਾਰਤ ਦੇ ਸਾਬਕਾ ਚੀਫ-ਜਸਟਿਸ ਸ੍ਰੀ ਬੀ ਆਰ ਗਵਾਈ (ਉਹ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ) ’ਤੇ ਭਰੀ ਕੋਰਟ ਵਿੱਚ ਜੁੱਤੀ ਵਗਾਹ ਮਾਰੀ। ਕੋਰਟ ਵਿੱਚ ਹਾਜ਼ਰ ਲੋਕਾਂ ਵਿੱਚੋਂ ਕਿਸੇ ਨੇ ਰੋਸ ਨਾ ਜਿਤਾਇਆ। ਸੰਭਵ ਹੈ ਕਿ ਤਮਾਸ਼ਬੀਨ ਇਹੋ ਚਾਹੁੰਦੇ ਹੋਣ।
10 ਦਸੰਬਰ ਦੇ ਪੰਜਾਬੀ ਟ੍ਰਿਬਿਊਨ ਦੀ ਖ਼ਬਰ ਹੈ ਕਿ ਕੜਕੜਦੂਮਾ ਕੋਰਟ ਕੰਪਲੈਕਸ, ਨਵੀਂ ਦਿੱਲੀ ਵਿੱਚ ਜੁੱਤੀ ਸੁੱਟਣ ਵਾਲੇ ਵਕੀਲ ’ਤੇ ਹਮਲਾ ਹੋਇਆ। ਉਸ ਹਮਲੇ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਨਾਅਰੇ ਲਾਉਂਦਾ ਸੁਣਾਈ ਦਿੰਦਾ ਹੈ, “ਸਨਾਤਨ ਧਰਮ ਕੀ ਜੈ ਹੋ ... ਸਨਾਤਨ ਧਰਮ ਕੀ ਜੈ ਹੋ। ਆਪਸ ਵਿੱਚ ਜੁੱਤਮ-ਜੁੱਤੀ ਹੋਣਾ ਬਾਬਾ ਸਾਹਿਬ ਦੇ ਜਾਤ ਪ੍ਰਤੀ ਉਕਤ ਵਿਚਾਰ ਦੀ ਪੁਸ਼ਟੀ ਕਰਦਾ ਹੈ।
7 ਅਕਤੂਬਰ 2025 ਨੂੰ ਹਰਿਆਣਾ ਕਾਡਰ ਦੇ ਇੱਕ ਦਲਿਤ ਆਈ ਪੀ ਐੱਸ ਅਧਿਕਾਰੀ ਨੇ ਖੁਦਕੁਸ਼ੀ ਕਰ ਲਈ। ਉਸਦੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਦੱਸਿਆ ਜਾ ਰਿਹਾ ਹੈ ਕਿ ਉਹ ਉੱਚ-ਜਾਤੀ ਦੇ ਸੀਨੀਅਰ ਅਤੇ ਜੂਨੀਅਰ ਅਧਿਕਾਰੀਆਂ ਰਾਹੀਂ ਕੀਤੇ ਜਾਤੀ-ਵਿਕਤਰੇ ਤੋਂ ਪ੍ਰੇਸ਼ਾਨ ਸੀ। ਯੂਪੀ ਅਤੇ ਹਰਿਆਣਾ ਦੀਆਂ ਘਟਨਾਵਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਇੰਝ ਲਗਦਾ ਹੈ ਕਿ ਭਾਰਤੀ ਸੱਭਿਅਤਾ ਦਾ ਪੁਨਰ ਨਿਰਮਾਣ ਗਤੀ ਫੜ ਰਿਹਾ ਹੈ। ਅਸੀਂ ਸੱਭਿਆਚਾਰਕ ਕ੍ਰਾਂਤੀ ਵਿੱਚੋਂ ਗੁਜ਼ਰ ਰਹੇ ਹਾਂ। ਪਰਮਹੰਸ ਯੋਗਾਨੰਦਾ ਜੀ ਦੀ ਭਵਿੱਖਬਾਣੀ ਸਾਡੇ ਇਤਿਹਾਸ ਵਿੱਚ ਇੱਕ ਹੋਰ ਮਿੱਥ ਦਾ ਵਾਧਾ ਕਰਦੀ ਦਿਖਾਈ ਦਿੰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (