“ਸੱਚ ਸੱਚ ਦੱਸੋ ਤੁਹਾਡਾ ਇਨ੍ਹਾਂ ਨਕਸਲੀਆਂ ਨਾਲ ਕਿੰਨਾ ਕੁ ਮੇਲ-ਜੋਲ ਰਿਹਾ ਹੈ?” ਮੈਂ ਉਸ ਰਾਤ ...”
(27 ਜੁਲਾਈ 2025)
ਪ੍ਰੋ. ਮੋਹਨ ਸਿੰਘ ਅਕਾਲ ਡਿਗਰੀ ਕਾਲਜ ਮਸਤੂਆਣਾ (ਜ਼ਿਲ੍ਹਾ ਸੰਗਰੂਰ) ਦੇ ਪ੍ਰਿੰਸੀਪਲ ਅਤੇ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਸੈਨੇਟਰ ਸਨ। ਪ੍ਰਾਈਵੇਟ ਸੰਸਥਾ ਹੋਣ ਕਰਕੇ ਉਨ੍ਹਾਂ ਨਾਲ ਮੁਲਾਕਾਤ ਕਿਸੇ ਪਹੁੰਚ ਵਾਲੇ ਵਿਅਕਤੀ ਰਾਹੀਂ ਹੀ ਹੋ ਸਕਦੀ ਸੀ। ਇੱਕ ਮਿਹਰਬਾਨੀ ਸਦਕਾ ਮੈਂ 16 ਜੁਲਾਈ 1969 ਨੂੰ ਬੀ ਐੱਸਸੀ ਅਤੇ ਐੱਮ ਐੱਸਸੀ ਦੀਆਂ ਸਨਦਾਂ ਲੈ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਅਵੱਲ ਦਰਜੇ ਦੀਆਂ ਡਿਗਰੀਆਂ ਦੇਖ ਕੇ ਕਹਿਣ ਲੱਗੇ, “ਤੁਹਾਨੂੰ ਪ੍ਰੋਫੈਸਰ ਰੱਖ ਲਿਆ ਹੈ। ਜਾਓ, ਆਪਣਾ ਕੰਮ ਸੰਭਾਲ ਲਓ। ਪਰ ਮੇਰੀ ਇੱਕ ਸ਼ਰਤ ਹੈ ... ਮੈਨੂੰ ਦੱਸੇ ਬਗੈਰ ਤੁਸੀਂ ਕਾਲਜ ਛੱਡ ਕੇ ਨਹੀਂ ਜਾਓਗੇ।”
ਮੈਂ ਵਾਅਦਾ ਕੀਤਾ ਕਿ ਤੁਹਾਡੀ ਇਜਾਜ਼ਤ ਤੋਂ ਬਿਨਾਂ ਮੈਂ ਨੌਕਰੀ ਨਹੀਂ ਛੱਡਾਂਗਾ। ਉਸ ਪਲ ਹੀ ਮੈਂ ਉਨ੍ਹਾਂ ਦਾ ਸ਼ਾਗਿਰਦ ਹੋ ਗਿਆ। ਝਲਕਾਰਾ ਜਿਹਾ ਪਿਆ ਜਿਵੇਂ ਕੋਈ ਰੂਹਾਨੀਅਤ ਮਿਹਰਬਾਨ ਹੋ ਗਈ ਹੋਵੇ।
ਹੋਸਟਲ ਤੋਂ ਘਰ ਆ ਜਾਣ ਅਤੇ ਐੱਮ ਐੱਸਸੀ ਦਾ ਨਤੀਜਾ ਆਉਣ ਤੋਂ ਪਹਿਲਾਂ ਦੀ ਇੱਕ ਰਾਤ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਹ ਰਾਤ ਮੈਂ ਅਧਿਆਪਕ ਬਣ ਚੁੱਕੇ ਬਚਪਨ ਦੇ ਸਕੂਲੀ ਹਮਜਮਤੀਆਂ ਨਾਲ ਗੁਜ਼ਾਰੀ ਸੀ। ਉਸੇ ਰਾਤ ਨਕਸਲੀ ਲਹਿਰ ਦੇ ਸਿਰਕਢ ਆਗੂ ਵੀ ਉਨ੍ਹਾਂ ਕੋਲ ਆ ਪਹੁੰਚੇ ਸਨ। ਸਕੂਲੀ ਮਿੱਤਰ ਕੁਝ ਦਿਨਾਂ ਬਾਅਦ ਗਿਰਫ਼ਤਾਰ ਹੋ ਗਏ ਅਤੇ ਮੇਰਾ ਨਾਂ ਨਕਸਲੀਆਂ ਦੇ ਹਮਦਰਦਾਂ ਦੀ ਸੂਚੀ ਸ਼ਾਮਲ ਹੋ ਗਿਆ। ਮੈਨੂੰ ਆਪਣੀ ਗ੍ਰਿਫਤਾਰੀ ਦਾ ਡਰ ਸਤਾਉਣ ਲੱਗਾ। ਹੁਣ ਜਦੋਂ ਵੀ ਪ੍ਰਿੰਸੀਪਲ ਸਾਹਿਬ ਬੁਲਾਉਂਦੇ ਤਾਂ ਮੈਨੂੰ ਧੁੜਕੂ ਲਗ ਜਾਂਦਾ ਕਿ ਜਾਂਦਿਆਂ ਹੀ ਉਹ ਕਹਿਣਗੇ ; “ਤੁਸੀਂ ਮੇਰੇ ਕੋਲੋਂ ਇਹ ਗੱਲ ਛੁਪਾਈ ਹੈ, ਤੁਹਾਡੀ ਨੌਕਰੀ ਤੋਂ ਛੁੱਟੀ ਕੀਤੀ ਜਾਂਦੀ ਹੈ।”
ਅਗਲੇ ਸਾਲ ਇੱਕ ਹੋਰ ਸੱਜਣ ਨੇ ਵਿਭਾਗ ਜੁਆਇੰਨ ਕਰ ਲਿਆ। ਆਪਣੇ ਆਪ ਵਿਭਾਗ ਦਾ ਮੁਖੀ ਬਣ ਬੈਠਾ ਤੇ ਮੈਨੂੰ ਟਿੱਚ ਸਮਝਣ ਲੱਗਾ। ਉਹ ਕੀਲੇ ਦੇ ਜ਼ੋਰ ’ਤੇ ਤੀਂਘੜਨ ਵਾਲਾ ਪਹਿਲਵਾਨ ਸੀ। ਪ੍ਰਿੰਸੀਪਲ ਸਾਹਿਬ ਨੇ ਮੈਨੂੰ ਹੀ ਮੁਖੀ ਬਰਕਰਾਰ ਰੱਖਿਆ। ਉਹ ਸੱਜਣ ਦਾਲ ਨਾ ਗਲਦੀ ਦੇਖ ਕੇ ਛੱਡ ਗਏ।
ਫਿਰ ਇੱਕ ਦਿਨ ਧੁੜਕੂ ਵਾਲਾ ਦਿਨ ਵੀ ਆ ਗਿਆ। ਉਨ੍ਹਾਂ ਕਿਹਾ, “ਪ੍ਰੋਫੈਸਰ ਸਾਹਿਬ, ਇਹ ਸੀ ਆਈ ਡੀ ਵਾਲੇ ਮੇਰੇ ਮਗਰ ਪਏ ਰਹਿੰਦੇ ਹਨ, ਸੱਚ ਸੱਚ ਦੱਸੋ ਤੁਹਾਡਾ ਇਨ੍ਹਾਂ ਨਕਸਲੀਆਂ ਨਾਲ ਕਿੰਨਾ ਕੁ ਮੇਲ-ਜੋਲ ਰਿਹਾ ਹੈ?” ਮੈਂ ਉਸ ਰਾਤ ਬਾਰੇ ਦੱਸਿਆ ਅਤੇ ਯਕੀਨ ਦਿਵਾਇਆ ਕਿ ਇਸ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਹੈ ਵੀ ਨਹੀਂ ਸੀ। ਉਹ ਕਹਿਣ ਲੱਗੇ, “ਠੀਕ ਹੈ, ਮੈਂ ਦੇਖ ਲਵਾਂਗਾ।” ਫਿਰ ਰੁਕ ਕੇ ਕਹਿਣ ਲੱਗੇ, “ਜਗਰੂਪ! ਜਿਸ ਦਿਨ ਮੈਂ ਤੁਹਾਨੂੰ ਰੱਖਿਆ ਸੀ, ਉਸੇ ਦਿਨ ਹੀ ਸ਼ਾਮ ਨੂੰ ਪ੍ਰਬੰਧਕ ਕਮੇਟੀ ਦਾ ਫੋਨ ਆਇਆ ਸੀ ਕਿ ਇਹਨੂੰ ਜਵਾਬ ਦੇ ਦਿਉ ਤੇ ਉਨ੍ਹਾਂ ਦਾ ਬੰਦਾ ਰੱਖੋ, ਪਰ ਮੈਂ ਅੜ ਗਿਆ ਸੀ।” ਮੇਰੇ ਚਿਹਰੇ ਵੱਲ ਦੇਖ ਕੇ ਉਹ ਭਾਵੁਕ ਹੋ ਗਏ।
ਮਾਰਚ 1970 ਵਿੱਚ ਮੈਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਪਟਿਆਲਾ ਵੱਲੋਂ ਬਤੌਰ ਸਕੂਲ ਲੈਕਚਰਾਰ ਚੁਣਿਆ ਗਿਆ। ਪੈਂਤੀ ਬੰਦਿਆਂ ਦੀ ਸੂਚੀ ਵਿੱਚ ਮੇਰਾ ਪਹਿਲਾ ਨੰਬਰ ਸੀ। ਨਿਯੁਕਤੀ ਪੱਤਰ ਲੈ ਕੇ ਮੈਂ ਪ੍ਰਿੰਸੀਪਲ ਸਾਹਿਬ ਕੋਲ ਗਿਆ। ਉਹ ਦੇਖ ਕੇ ਹੱਸ ਪਏ ਅਤੇ ਕਹਿਣ ਲੱਗੇ, “ਕਮਲਾ ਹੋ ਗਿਆ ਹੈਂ, ਤੇਰਾ ਸਰਕਾਰੀ ਕਾਲਜ ਵਿੱਚ ਪ੍ਰੋਫੈਸਰ ਹੋ ਜਾਣਾ ਤੈਅ ਹੈ, ਸਾਰੀ ਉਮਰ ਸਕੂਲਾਂ ਵਿੱਚ ਜੁਆਕਾਂ ਨਾਲ ਮੱਥਾ ਮਾਰਦਾ ਰਹੇਂਗਾ। ਜਦੋਂ ਤਕ ਮੈਂ ਬੈਠਾ ਹਾਂ, ਇੱਥੋਂ ਤੈਨੂੰ ਕੋਈ ਹਟਾ ਨਹੀਂ ਸਕਦਾ। ਮੈਂ ਤੈਨੂੰ ਸਕੂਲ ਵਿੱਚ ਭੇਜ ਕੇ ਖੁਸ਼ ਨਹੀਂ ਹਾਂ।”
ਮੈਂ ਕਿਹਾ, “ਸਰ, ਤੁਹਾਡਾ ਹੁਕਮ ਸਿਰ ਮੱਥੇ ਪ੍ਰਵਾਨ ਹੈ।”
ਦੋ ਕੁ ਸਾਲ ਬਾਅਦ ਫਿਰ ਮੇਰੀ ਚੋਣ ਇੱਕ ਸਰਕਾਰੀ ਸੰਸਥਾ ਵਿੱਚ ਬਤੌਰ ਲੈਕਚਰਾਰ ਹੋ ਗਈ। ਸਾਹਿਬ ਨੂੰ ਦੱਸਿਆ ਤਾਂ ਕਹਿਣ ਲੱਗੇ, “ਇੱਕ ਦਿਨ ਉਸ ਸੰਸਥਾ ਵਿੱਚ ਜਾ ਕੇ ਆਉ। ਪਤਾ ਕਰੋ, ਅੱਗੇ ਤੁਹਾਡੀ ਤਰੱਕੀ ਦੇ ਅਵਸਰ ਹਨ ਕਿ ਨਹੀਂ। ਮਾਹੌਲ ਕਿਹੋ ਜਿਹਾ ਹੈ। ਜੇਕਰ ਲੇਟ ਜੁਆਇੰਨ ਕਰੋਗੇ, ਤੁਹਾਨੂੰ ਨੁਕਸਾਨ ਤਾਂ ਨਹੀਂ ਹੋਵੇਗਾ ... ਫਿਰ ਆਪਾਂ ਫੈਸਲਾ ਲਵਾਂਗੇ।”
ਅਗਲੇ ਦਿਨ ਹੀ ਮੈਂ ਉਸ ਸੰਸਥਾ ਗਿਆ ਤੇ ਦੌਰੇ ਦੀ ਰਿਪੋਰਟ ਸਾਹਿਬ ਨੂੰ ਦਿੱਤੀ। ਸੁਣ ਕੇ ਉਨ੍ਹਾਂ ਨੇ ਫੈਸਲਾ ਸੁਣਾ ਦਿੱਤਾ, “ਨਹੀਂ ਜਾਣਾ, ਉੱਥੇ ਤੁਹਾਡਾ ਦਿਲ ਨਹੀਂ ਲੱਗੇਗਾ। ਅੱਜ ਨਹੀਂ ਤਾਂ ਕੱਲ੍ਹ, ਤੁਹਾਨੂੰ ਕਾਲਜ-ਕਾਡਰ ਵਿੱਚ ਸਰਕਾਰੀ ਨੌਕਰੀ ਮਿਲ ਹੀ ਜਾਵੇਗੀ।”
ਮੈਂ ਕਿਹਾ, “ਠੀਕ ਹੈ ਸਰ।”
ਦਿਨ ਫਿਰਦਿਆਂ ਦਾ ਪਤਾ ਨਹੀਂ ਲਗਦਾ। ਕੁਝ ਦਿਨਾਂ ਬਾਅਦ ਦੋ ਪ੍ਰੋਫੈਸਰਾਂ ਦੀ ਛਾਂਟੀ ਨੂੰ ਲੈ ਕੇ ਕਾਲਜ ਦੇ ਵਿਦਿਆਰਥੀਆਂ ਨੇ ਹੜਤਾਲ ਕਰ ਦਿੱਤੀ। ਮੇਰੇ ਇੱਕ ਦੋਸਤ ਦੀ ਵੀ ਛੁੱਟੀ ਕਰ ਦਿੱਤੀ ਗਈ ਸੀ। ਮੇਰੇ ਸਾਹਮਣੇ ਧਰਮ-ਸੰਕਟ ਸੀ ਕਿ ਦੋਸਤ ਦਾ ਸਾਥ ਦਿੱਤਾ ਜਾਵੇ ਜਾਂ ਆਪਣੇ ਮੁਰਸ਼ਦ ਦਾ। ਮੈਂ ਆਪਣੇ ਮੁਰਸ਼ਦ ਨਾਲ ਜਾ ਖੜ੍ਹਾ ਹੋਇਆ। ਵਿਦਿਆਰਥੀਆਂ ਅਤੇ ਹੜਤਾਲੀ ਪ੍ਰੋਫੈਸਰਾਂ ਤੋਂ ਆਪਣੇ ਵਿਰੁੱਧ ਬੜਾ ਗੰਦ-ਮੰਦ ਸੁਣਨਾ ਪਿਆ। ਕੰਨ ਪਾੜਦੇ ਜਾਤੀ-ਸੂਚਕ ਸ਼ਬਦ ਰੂਹ ਲੂਹੰਦੇ ਸਨ। ਫਿਰ ਇੱਕ ਦਿਨ ਮੌਸਮੀ ਬੁਖਾਰ ਹੋਣ ਕਰਕੇ ਕਾਲਜ ਨਾ ਜਾ ਸਕਿਆ। ਸਾਹਿਬ ਨੇ ਖਾਸ ਬੰਦਾ ਪਿੰਡ ਭੇਜ ਕੇ ਮੇਰੀ ਸਿਹਤ ਬਾਰੇ ਪਤਾ ਕੀਤਾ।
ਹੜਤਾਲ ਖਤਮ ਹੋ ਗਈ। ਕਲਾਸਾਂ ਫਿਰ ਸ਼ੁਰੂ ਹੋ ਗਈਆਂ। ਇਸ ਦੌਰਾਨ ਨਿਯੁਕਤੀ ਪੱਤਰ ਦੀ ਮਿਆਦ ਵਧਾਉਣ ਦੀ ਚਿੱਠੀ ਆ ਗਈ। ਮੈਂ ਫਿਰ ਸਾਹਿਬ ਕੋਲ ਗਿਆ। ਥੋੜ੍ਹਾ ਗੰਭੀਰ ਹੋ ਕੇ ਕਹਿਣ ਲੱਗੇ, “ਜਗਰੂਪ, ਹੜਤਾਲ ਤੋਂ ਬਾਅਦ ਮੇਰਾ ਜ਼ੋਰ ਘਟ ਗਿਆ ਹੈ। ਤੂੰ ਗਰੀਬ ਆਦਮੀ ਹੈਂ, ਤੈਨੂੰ ਇਹ ਪ੍ਰੇਸ਼ਾਨ ਕਰ ਸਕਦੇ ਹਨ। ਜੁਆਇੰਨ ਕਰ ਲਓ, ਸਰਕਾਰੀ ਨੌਕਰੀ ਤਾਂ ਹੈ ਹੀ, ਉੱਥੋਂ ਨਿਕਲਣ ਦਾ ਕੋਈ ਨਾ ਕੋਈ ਹੀਲਾ ਬਣ ਜਾਵੇਗਾ।”
ਦੂਸਰੇ ਦਿਨ ਮੈਂ ਉਸ ਸੰਸਥਾ ਵਿੱਚ ਹਾਜ਼ਰ ਹੋ ਗਿਆ। ਕੁਝ ਦਿਨ ਬਾਅਦ ਮੈਂ ਕਾਲਜ ਆਇਆ ਤਾਂ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰਾ ਚਾਰਜ ਕਿਸੇ ਨੂੰ ਦਿਵਾ ਦਿਓ। ਉਹ ਕਹਿਣ ਲੱਗੇ, “ਮੈਨੂੰ ਪਤਾ ਹੈ ਤੂੰ ਕੁਝ ਚੋਰੀ ਕਰਕੇ ਨਹੀਂ ਲੈ ਗਿਆ, ਬੱਸ ਹੋ ਗਿਆ ਤੇਰਾ ਚਾਰਜ।”
ਮੇਰੇ ਹੱਥ ਵਧੀਆ ਕਾਰਗੁਜ਼ਾਰੀ ਦਾ ਪ੍ਰਮਾਣ-ਪੱਤਰ ਫੜਾਉਂਦੇ ਹੋਏ ਜ਼ਿੰਦਗੀ ਵਿੱਚ ਕਾਮਯਾਬੀ ਦੀ ਕਾਮਨਾ ਕਰਦਿਆਂ ਵਿਦਾਈ ਦਿੱਤੀ। ਅਗਲੇ ਸਾਲ ਸ਼ਾਦੀ ’ਤੇ ਅਸ਼ੀਰਵਾਦ ਦੇਣ ਵੀ ਪਹੁੰਚੇ।
ਹੋਰ ਦੋ ਸਾਲ ਬੀਤ ਗਏ। ਸਾਹਿਬ ਨੂੰ ਮੇਰੀ ਸੰਸਥਾ ਵਾਲੇ ਸ਼ਹਿਰ ਦੇ ਹਸਪਤਾਲ ਦਾਖਲ ਹੋਣਾ ਪਿਆ। ਘਰੋਂ ਚੱਲਣ ਵੇਲੇ ਪਰਿਵਾਰਕ ਮੈਂਬਰ ਕੁਝ ਜ਼ਰੂਰੀ ਸਮਾਨ ਆਦਿ ਚੁੱਕਣ ਲੱਗੇ ਤਾਂ ਉਨ੍ਹਾਂ ਨੂੰ ਮਨ੍ਹਾ ਕਰਦੇ ਹੋਏ ਕਹਿਣ ਲੱਗੇ, “ਉੱਥੇ ਜਗਰੂਪ ਹੈ ਨਾ, ਬੱਸ ਸੁਨੇਹਾ ਭੇਜ ਦੇਣਾ।”
ਇਸ ਗੱਲ ਦਾ ਮੈਨੂੰ ਉਨ੍ਹਾਂ ਦੇ ਸਸਕਾਰ ਤੋਂ ਦੋ ਦਿਨ ਬਾਅਦ ਪਤਾ ਲੱਗਾ। ਅਜਿਹੀ ਭਿਆਨਕ ਬਿਮਾਰੀ ਚੰਬੜੀ, ਜਿਸਨੇ ਮੇਰੇ ਮੁਰਸ਼ਿਦ ਦਾ ਸੁਨੇਹਾ ਵੀ ਮੈਨੂੰ ਨਸੀਬ ਨਾ ਹੋਣ ਦਿੱਤਾ। ਮੈਂ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਤੋਂ ਵੀ ਵਾਂਝਾ ਰਿਹਾ। ਕਾਫ਼ੀ ਸਮਾਂ ਮਨ ਉਦਾਸੀ ਦੇ ਆਲਮ ਵਿੱਚ ਘਿਰਿਆ ਰਿਹਾ।
ਅਣਜਾਣੇ ਵਿੱਚ ਹੋਈਆਂ ਗੁਸਤਾਖੀਆਂ ਅਤੇ ਨਾਦਾਨੀ ਵਿੱਚ ਕੀਤੀਆਂ ਗਲਤੀਆਂ ਨੂੰ ਮੁਆਫ ਕਰਦਾ ਉਹ ਦਾਨਿਸ਼ਮੰਦ ਇਕਵੰਜਾ ਵਰ੍ਹੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ। ਉਨ੍ਹਾਂ ਵੱਲੋਂ ਦਿਖਾਈ ਦਿਆਨਤਦਰੀ ਅੱਜ ਤਕ ਮੇਰੀ ਰਹਿਨੁਮਾਈ ਕਰ ਰਹੀ ਹੈ। ਇਸ ਬਰਸੀ ’ਤੇ ਇੰਨਾ ਹੀ ਸੁੱਝ ਰਿਹਾ ਹੈ,
ਰੋ ਰਿਹਾ ਹਾਂ ਅੱਜ
ਆਪਣੇ ਮੁਰਸ਼ਦ ਦੀ ਯਾਦ ਵਿੱਚ।
ਖੁਸ਼ ਰੱਖਦਾ ਸੀ ਜਿਹੜਾ
ਇਸ ਦੁਨਿਆਵੀ ਬਾਗ਼ ਵਿੱਚ।
ਅਜੋਕੇ ਸਮਿਆਂ ਵਿੱਚ ਨਾ ਉਹ ਮੁਰਸ਼ਦ ਅਤੇ ਨਾ ਹੀ ਉਹ ਚੇਲੇ ਰਹੇ ਹਨ। ਅਜੋਕੀ ਪੀੜ੍ਹੀ ਸਾਡੇ ਰਹਿਬਰਾਂ ਨੂੰ ਨਤਮਸਤਕ ਤਾਂ ਹੁੰਦੀ ਹੈ ਪਰ ਅਲਾਪ ਕੁਝ ਇਸ ਤਰ੍ਹਾਂ ਦਾ ਕਰਦੀ ਹੈ।
ਬਿਨਾਂ ਪੈਸਿਓਂ ਜ਼ਿੰਦਗੀ
ਹੁੰਦੀ ਮਿਰਗ ਤ੍ਰਿਸ਼ਨਾ।
ਦੱਸੋ ਕੀਹਦੇ ਕੋਲ ਨਹੀਂ ਸੀ
ਨਾਨਕ ਬੁੱਧ ਕ੍ਰਿਸ਼ਨਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (