JagroopSingh3ਡਾ. ਬੀ ਆਰ ਅੰਬੇਡਕਰ ਸਮਾਜ ਦੇ ਸਿਰਫ ਪਛੜੇ ਅਤੇ ਦੱਬੇ ਕੁਚਲੇ ਵਰਗਾਂ ਬਾਰੇ ਹੀ ਨਹੀਂ ਸੋਚਦੇ ਸਨ ਬਲਕਿ ਸਮੁੱਚੇ ...
(14 ਅਪਰੈਲ 2024)
ਇਸ ਸਮੇਂ ਪਾਠਕ: 320.


ਹਰ ਦੇਸ਼ ਦੇ ਨਾਗਰਿਕਾਂ ਦਾ ਆਪਣੇ ਨਾਇਕਾਂ ’ਤੇ ਮਾਣ ਮਹਿਸੂਸ ਕਰਨਾ ਕੁਦਰਤੀ ਇਨਸਾਨੀ ਵਲਵਲਾ ਹੈ
ਸਾਡਾ ਦੇਸ਼ ਬਹੁ-ਧਰਮੀ ਹੋਣ ਕਰਕੇ ਹਰ ਧਰਮ ਦੇ ਪੈਰੋਕਾਰਾਂ ਦੇ ਧਾਰਮਿਕ, ਸਿਆਸੀ ਅਤੇ ਸਮਾਜਿਕ ਨਾਇਕਾਂ ਦੀ ਬਹੁਤਾਤ ਹੈ ਦੇਸ਼ ਵਾਸੀਆਂ ਨੂੰ ਸਭ ’ਤੇ ਮਾਣ ਹੋਣਾ ਚਾਹੀਦਾ ਹੈ, ਪਰ ਆਮ ਵਰਤਾਰੇ ਵਿਚ ਅਜਿਹਾ ਨਹੀਂ ਹੈ ਬਹੁਲਤਾਵਾਦ ਦੇ ਸਮਿਆਂ ਵਿਚ ਨਾਇਕਾਂ ਦੇ ਮਾਣ-ਸਤਿਕਾਰ ਵੀ ਇਕ ਅਨੁਪਾਤ ਵਿੱਚ ਵੰਡੇ ਜਾਣ ਲੱਗੇ ਹਨ ਅਜਿਹਾ ਵਰਤਾਰਾ ਸਾਡੇ ਦੇਸ਼ ਦੇ ਰਤਨਾਂ ਵਿੱਚੋਂ ਇੱਕ ਰਤਨ (ਡਾ.) ਬਾਬਾ ਸਾਹਿਬ ਅੰਬੇਡਕਰ ਦੇ ਹਿੱਸੇ ਆਇਆ ਮਹਿਸੂਸ ਹੁੰਦਾ ਹੈ ਉਨ੍ਹਾਂ ਨੂੰ ਸਿਰਫ ‘ਦਲਿਤਾਂ ਦਾ ਮਸੀਹਾ’ ਕਰਕੇ ਹੀ ਯਾਦ ਕੀਤਾ ਜਾਂਦਾ ਹੈ ਜਦਕਿ ਉਹ ਵਖਰੇਵਿਆਂ ਵਾਲੇ ਦੇ ਸਮਾਜ ਨੂੰ ਸਮਾਨਤਾ (Equality), ਭਾਈਬੰਦੀ (Fraternity) ਅਤੇ ਸੁਤੰਤਰਤਾ (Liberty) ਦੇ ਵਰਤਾਰੇ ਵਾਲੇ ਸਮਾਜ ਵਿਚ ਬਦਲਣਾ ਲੋਚਦੇ ਸਨ ਉਨ੍ਹਾਂ ਦਾ ਸਾਰਾ ਚਿੰਤਨ ਇਸ ਆਸ਼ੇ ਵੱਲ ਹੀ ਸੇਧਿਤ ਸੀ ਉਹ ‘ਇਨਸਾਨੀਅਤ ਦੇ ਮਸੀਹੇ’ ਸਨ

ਆਮ ਸ਼ਹਿਰੀ ਦੀਆਂ ਧਾਰਨਾਵਾਂ ਸਮਾਜ ਦੇ ਸਿਆਸੀ ਰਹਿਨੁਮਾ ਅਤੇ ਅਕਾਦਮਿਕ ਵਿਦਵਾਨ ਘੜਦੇ ਹਨ ਸਾਡੀਆਂ ਸਮਾਜਿਕ ਧਾਰਨਾਵਾਂ ਸਦੀਆਂ ਤੋਂ ਗੁਰੂ-ਚੇਲਾ ਪਰੰਪਰਾ ਰਾਹੀਂ ਜ਼ਬਾਨੀ ਨਿਰੰਤਰ ਇਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਰਿਸਦੀਆਂ ਰਹੀਆਂ ਹਨ ਇਸ ਵਿੱਚ ਇਕ ਵੱਡੀ ਖਾਮੀ ਇਹ ਰਹੀ ਕਿ ਹਰ ਪਰਚਾਰਕ ਆਪਣੇ ਨਿੱਜੀ ਵਿਚਾਰਾਂ ਨੂੰ ਤਰਜੀਹ ਦੇ ਕੇ ਵਿਦਵਾਨਾਂ ਦੇ ਲਿਖਤੀ ਵਿਚਾਰਾਂ ਨੂੰ ਵਖਰੇ ਵੱਖਰੇ ਸੰਧਰਭਾਂ ਵਿੱਚ ਪੇਸ਼ ਕਰਦਾ ਰਿਹਾ ਹੈ, ਕਰ ਰਿਹਾ ਹੈ ਇਸ ਲਈ ਮੈਂ ਇਹ ਲੇਖ ਆਪਣੀ ਸੋਚ ਨੂੰ ਲਾਂਭੇ ਰੱਖ ਕੇ (ਡਾ.) ਬਾਬਾ ਸਾਹਿਬ ਦੀਆਂ ਲਿਖਤਾਂ ਦੇ ਮੁੱਖ-ਬੰਦਾਂ ’ਤੇ ਉਸਾਰ ਰਿਹਾ ਹਾਂ ਕਿਸੇ ਵੀ ਲਿਖਤ ਦਾ ਮੁੱਖ-ਬੰਦ ਉਸ ਲਿਖਤ ਅੰਦਰਲੇ ਵਿਚਾਰਾਂ ਦਾ ਨਿਚੋੜ ਹੀ ਹੁੰਦਾ ਹੈ ਮੇਰੇ ਇਸ ਵਿਚਾਰ ਪਿੱਛੇ ਦੂਸਰਾ ਕਾਰਕ ਇਹ ਭੀ ਹੈ ਕਿ ਬਾਬਾ ਸਾਹਿਬ ਦੀਆਂ ਲਿਖਤਾਂ ਅੰਗਰੇਜ਼ੀ ਅਤੇ ਮਰਾਠੀ ਭਾਸ਼ਾ ਵਿੱਚ ਹਨ ਇਨ੍ਹਾਂ ਦੋਹਾਂ ਭਾਸ਼ਾਵਾਂ, ਖਾਸ ਕਰਕੇ ਮਰਾਠੀ ਤੋਂ ਕੁਝ ਕੁ ਵਿਦਵਾਨਾਂ ਨੂੰ ਛੱਡ ਕੇ ਪੰਜਾਬ ਦੇ ਪੰਜਾਬੀ ਅਨਜਾਣ ਹਨ ਵੈਸੇ ਵੀ ਅੰਗਰੇਜ਼ੀ ਵਿਦਵਾਨ ਉਨ੍ਹਾਂ ਦੇ ਵਿਚਾਰਾਂ ਨੂੰ ਅਕਾਦਮਿਕ ਪੱਧਰ ’ਤੇ ਹੀ ਵਿਚਾਰਨ ਦਾ ਅਭਿਆਸ ਕਰਦੇ ਹਨ। ਜਾਪਦਾ ਹੈ, ਉਹ ਚਾਹੁੰਦੇ ਹੀ ਨਹੀਂ ਕਿ ਡਾ. ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਆਮ ਆਦਮੀ ਨੂੰ ਸਮਝਾਈ ਜਾਵੇ। ਸ਼ਾਇਦ ਇਸੇ ਆਸ਼ੇ ਨਾਲ ਉਹ ਉਨ੍ਹਾਂ ਨੂੰ ‘ਦਲਿਤਾਂ ਦੇ ਮਸੀਹੇ’ ਤੱਕ ਹੀ ਸੀਮਤ ਕਰ ਕੇ ਰੱਖ ਦਿੰਦੇ ਹਨ ਬਾਬਾ ਸਾਹਿਬ ਦਾ ਚਿੰਤਨ ਮਹਾਰਾਸ਼ਟਰ ਸਰਕਾਰ ਨੇ ਅੰਗਰੇਜ਼ੀ ਵਿੱਚ Dr. BABASAHEB AMBEDKAR WRITINGS AND SPEECHES ਦੇ ਸਿਰਲੇਖ ਹੇਠ ਕਈ ਖੰਡਾਂ ਵਿੱਚ 1979 ਤੋਂ ਛਪਵਾਉਣਾ ਸੁਰੂ ਕੀਤਾ ਇਸ ਸਮੂਹ ਦੇ ਮੇਰੇ ਕੋਲ ਅੱਠ ਖੰਡ ਹਨ ਜਿਨ੍ਹਾਂ ਅੰਦਰਲੇ ਵਿਚਾਰਾਂ ਦੀ ਇਹ ਪੁਸ਼ਪਾਂਜਲੀ ਉਨ੍ਹਾਂ ਦੇ ਜਨਮ ਦਿਨ ’ਤੇ ਭੇਂਟ ਕੀਤੀ ਜਾ ਰਹੀ ਹੈ

ਉਨ੍ਹਾਂ ਦੀਆਂ ਲਿਖਤਾਂ ਦੇ ਪਹਿਲੇ ਖੰਡ ਦਾ ਮੁੱਖ-ਬੰਦ ਉਸ ਵੇਲੇ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਲਿਖਿਆ (1979) ਉਹ ਲਿਖਦੇ ਹਨ:

ਡਾ. ਬਾਬਾ ਸਾਹਿਬ ਅੰਬੇਡਕਰ ਨਾ ਸਿਰਫ ਭਾਰਤ ਵਿਚਲੇ ਦੱਬੇ-ਕੁਚਲੇ ਲੋਕਾਂ ਦੇ ਪੱਖ ਵਿੱਚ ਖੜ੍ਹਦੇ ਸੂਰਬੀਰ ਲੜਾਕੇ ਅਤੇ ਜਾਤੀ ਵਿਵਸਥਾ ਵਿਰੁੱਧ ਸੰਘਰਸ਼ਸ਼ੀਲ ਯੋਧੇ ਸਨ, ਬਲਕਿ ਇਕ ਬਜ਼ੁਰਗ ਨੀਤੀਵਾਨ ਅਤੇ ਰਾਸ਼ਟਰ ਪੱਧਰੀ ਸਿਆਸੀ ਆਗੂ ਵੀ ਸਨ ਉਨ੍ਹਾਂ ਵਲੋਂ ‘ਭਾਰਤੀ ਸੰਵਿਧਾਨ’ ਦੇ ਰੂਪ ਵਿਚ ਪਾਏ ਯੋਗਦਾਨ ਲਈ ਆਉਣ ਵਾਲੀਆਂ ਨਸਲਾਂ ਹਮੇਸ਼ਾ ਹੀ ਉਨ੍ਹਾਂ ਨੂੰ ਦਿਲੋਂ ਨਿਵਾਜਦੀਆਂ ਰਹਿਣਗੀਆਂ ਦਰਅਸਲ ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਦੀ ਲੜਾਈ ਅਤੇ ਦੁਨੀਆ ਭਰ ਵਿੱਚ ਮਾਨਸਿਕ ਗੁਲਾਮੀ ਝੇਲ ਰਹੇ ਮਨੁੱਖਾਂ ਨੂੰ ਦਿਵਾਈ ਨਿਜਾਤ ਨੇ ਉਨ੍ਹਾਂ ਨੂੰ ਮਨੁੱਖਤਾ ਦੇ ਸਮਾਜਿਕ ਅਤੇ ਆਰਥਿਕ ਬੇਇਨਸਾਫ਼ੀ ਦੇ ਮੁਕਤੀਦਾਤਾ ਵਜੋਂ ਕੌਮਾਂਤਰੀ ਪੱਧਰ ’ਤੇ ਪਹਿਚਾਣ ਦਿਵਾਈ ਸੰਸਦ ਵਿੱਚ ਸ਼ਰਧਾਂਜਲੀ ਮਤਾ ਪੇਸ਼ ਕਰਦੇ ਹੋਏ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨੇ ਉਨ੍ਹਾਂ ਲਈ ਆਵੇਸ਼ ਭਰੇ ਇਹ ਸਬਦ ਕਹੇ:

ਡਾ. ਬਾਬਾ ਸਾਹਿਬ ਅੰਬੇਡਕਰ ਹਿੰਦੂ ਸਮਾਜ ਦੇ ਸਾਰੇ ਦਮਨਕਾਰੀ ਚਿਹਰਿਆ-ਮੋਹਰਿਆਂ ਵਿਰੁੱਧ ਬਗਾਵਤ ਦੇ ਚਿੰਨ ਸਨ

ਪ੍ਰੋ, ਰਾਮ ਮੇਘੇ, ਸਿੱਖਿਆ ਮੰਤਰੀ ਮਹਾਰਾਸ਼ਟਰ ਸਟੇਟ, ਚੌਥੇ ਖੰਡ ਦਾ ਮੁੱਖ ਬੰਦ (1987) ਲਿਖਦੇ ਹੋਏ ਕਹਿੰਦੇ ਹਨ:

ਭਾਰਤੀ ਸਮਾਜ ਅਤੇ ਫਲਸਫੇ ਦੇ ਵਿਦਵਾਨਾਂ ਵਿਚ ਡਾ. ਅੰਬੇਡਕਰ ਬਹੁਤ ਉੱਚਾ ਅਤੇ ਸ਼ਾਨਮੱਤਾ ਸਥਾਨ ਰੱਖਦੇ ਹਨ ਉਨ੍ਹਾਂ ਦੀਆਂ ਲਿਖਤਾਂ ਵਿੱਚੋਂ ਝਲਕਦੀ ਸਿਆਣਪ ਅਤੇ ਵਿਦਵਤਾ ਸਾਡੀਆਂ ਧਾਰਮਿਕ, ਸਮਾਜਿਕ ਸਮੱਸਿਆਵਾਂ ਪ੍ਰਤੀ ਤਰਕ ਭਰਪੂਰ ਪਹੁੰਚ ਅਪਣਾਉਣ ਲਈ ਚਾਨਣ ਮੁਨਾਰਾ ਬਣ ਸਕਦੀ ਹੈ ਇਨ੍ਹਾਂ ਸਮੱਸਿਆਵਾਂ ਦਾ ਤਰਕ ਦੇ ਅਧਾਰ ’ਤੇ ਹੱਲ ਕਰਨ ਦੇ ਚਾਹਵਾਨ ਵਿਦਵਾਨ ਅਤੇ ਨੌਜਵਾਨ ਪੀੜ੍ਹੀ ਲਈ ਮੌਜੂਦਾ ਖੰਡ ਲਾਹੇਵੰਦ ਸਿੱਧ ਹੋ ਸਕਦੇ ਹਨ

ਡਾ. ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਮਨਾਉਂਦੇ 14 ਅਪ੍ਰੈਲ 1989 ਨੂੰ ਉਨ੍ਹਾਂ ਦੀਆਂ ਲਿਖਤਾਂ ਅਤੇ ਭਾਸ਼ਣ ਦੇ ਪੰਜਵੇਂ ਖੰਡ ਲਈ ਮੁਢਲੇ ਸਬਦ ਲਿਖਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਸ਼ਰਦ ਪਵਾਰ ਲਿਖਦੇ ਹਨ:

ਹੁਣ ਸਰਕਾਰ (ਸਟੇਟ) ਨਿਆਂਕਾਰੀ ਸਮਾਜਿਕ ਬਣਤਰ ਸਥਾਪਿਤ ਕਰਨ ਲਈ ਵਚਨਵੱਧ ਹੈ ਆਮ ਆਦਮੀ ਦੀ ਹਾਲਤ ਸੁਧਾਰਨ ਦੇ ਆਸ਼ੇ ਨਾਲ ਜੀਵਨ ਦੇ ਹਰ ਖੇਤਰ ਵਿਚ ਨਵੀਆਂ ਗਤੀਵਿਧੀਆਂ ਦੇ ਸਬੂਤ ਮਿਲ ਰਹੇ ਹਨ ਸੁਤੰਤਰ ਭਾਰਤ ਵਿੱਚ ਕੁਝ ਅਜਿਹੇ ਨਕਸ਼ ਜਿਵੇਂ ਕਿ ਸਮਾਜ ਦੀ ਜਿਉਂ ਦੀ ਤਿਉਂ ਹਾਲਤ (Status) ਤੋਂ ਅਹਿਦਨਾਮੇ (Socia Contract) ਤੱਕ ਦਾ ਸਫ਼ਰ, ਸਦੀਆਂ ਤੋਂ ਖੜੋਤ ਵਿੱਚ ਆਏ ਸਮਾਜ ਦੀ ਗਤੀਸ਼ੀਲਤਾ, ਭੂਤਕਾਲ ਨੂੰ ਆਦਰਸ਼ ਮੰਨਣ ਦੀ ਪ੍ਰਵਿਰਤੀ ਤੋਂ ਭਾਈਚਾਰਕ ਅਤੇ ਸਮਾਨਤਾ ਦੇ ਸਮਾਜਵਾਦੀ ਆਦਰਸ਼ਾਂ ਰਾਹੀਂ ਸੰਚਾਰਿਤ ਸਮਾਜ ਦੇ ਸ਼ਾਨਦਾਰ ਭਵਿਖ ਵਿੱਚ ਯਕੀਨ ਤੱਕ - ਜਾਹਰਾ ਤੌਰ ’ਤੇ ਦਿਖਾਈ ਦੇ ਰਹੇ ਹਨ ਇਨ੍ਹਾਂ ਨੂੰ ਉਸਾਰਨ ਵਿੱਚ ਡਾ. ਬਾਬਾ ਸਾਹਿਬ ਦੇ ਫਲਸਫੇ ਅਤੇ ਆਦਰਸ਼ਾਂ ਨੇ ਬਹੁਤ ਹੀ ਸਮਾਲੋਚਨਾਤਮਿਕ ਯੋਗਦਾਨ ਪਾਇਆ ਹੈ

1990 ਵਿੱਚ ਛਪੇ ਸੱਤਵੇਂ ਖੰਡ ਬਾਰੇ ਮੁੱਢਲੇ ਸਬਦ ਲਿਖਦੇ ਹੋਏ ਮਹਾਰਾਸ਼ਟਰ ਸਟੇਟ ਦੇ ਸਿੱਖਿਆ ਮੰਤਰੀ ਅਤੇ ਡਾ. ਬਾਬਾ ਸਾਹਿਬ ਅੰਬੇਡਕਰ ਸੋਮਾ ਸਮੱਗਰੀ ਪ੍ਰਕਾਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਕਮਲ ਕਿਸ਼ੋਰ ਕਦਮ ਲਿਖਦੇ ਹਨ, “ਇਸ ਖੰਡ ਵਿੱਚ ਬਾਬਾ ਸਾਹਿਬ ਦੀਆਂ ਸਭ ਤੋਂ ਵੱਧ ਯਾਦਗਾਰੀ ਦੋ ਲਿਖਤਾਂ ਸ਼ਾਮਲ ਹਨ। (1) ਸ਼ੂਦਰ ਕੌਣ ਸਨ? ਉਹ ਇੰਡੋ-ਆਰੀਅਨ ਸਮਾਜ ਦਾ ਚੌਥਾ ਵਰਣ ਕਿਵੇਂ ਬਣੇ (2) ਅਛੂਤ - ਉਹ ਕੌਣ ਸਨ ਅਤੇ ਉਹ ਅਛੂਤ ਕਿਉਂ ਬਣੇ? ਇਨ੍ਹਾਂ ਦੋਹਾਂ ਲਿਖਤਾਂ ਨੇ ਅਜੋਕੀ ਸਦੀ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ। ਸਦੀ, ਜਿਸ ਨੇ ਸਮਾਨਤਾ ਅਤੇ ਭਾਈਚਾਰਕ ਸਾਂਝ ਅਧਾਰਤ ਸੰਵਿਧਾਨਕ ਨਿਆਂ ਪ੍ਰਣਾਲੀ ਵਿੱਚ ਵਿਅਕਤੀ ਨੂੰ ਸੁਤੰਤਰ ਇਕਾਈ ਵਜੋਂ ਉੱਭਰਦੇ ਦੇਖਿਆ ਹੈ” - ਬੁਨਿਆਦੀ ਤੌਰ ’ਤੇ ਉਨ੍ਹਾਂ ਦੀਆਂ ਕ੍ਰਿਤਾਂ ਦਾ ਸੁਨੇਹਾ ਹੈ ਕਿ ਮਨੁੱਖਤਾ ਦੇ ਦਿਮਾਗ (ਵਿਚਾਰ) ’ਤੇ ਕਿਸੇ ਤਾਕਤਵਰ ਵਿਅਕਤੀ ਦਾ ਕੰਟਰੋਲ ਹੋਣਾ ਮੰਦਭਾਗਾ ਹੈ ਕਿਉਂਕਿ ਅਜਿਹਾ ਹੋਣ ਨਾਲ ਸੁਤੰਤਰ ਸੋਚਣੀ ਦਾ ਮਨੋਵੇਗ ਮੱਠਾ ਪੈ ਜਾਂਦਾ ਹੈਉਨ੍ਹਾਂ ਦਾ ਇਹ ਇਸ਼ਾਰਾ ਬ੍ਰਾਹਮਣਵਾਦ ਦੇ ਪੁਜਾਰੀਪੁਣੇ ਵੱਲ ਹੈ ਅੰਤ ਵਿੱਚ ਉਹ ਲਿਖਦੇ ਹਨ:

ਅੱਜ ਪੁਜਾਰੀਪੁਣੇ ਦਾ ਬਦਲ ਮਾਹਰ ਹੋ ਗਏ ਹਨ ਇਹ ਨਵੀਂ ਸ਼੍ਰੇਣੀ ਜਾਂ ਜਾਤੀ ਉੱਭਰ ਚੁੱਕੀ ਹੈ ਇਸ ਦਾ ਉਪਾ ਵਿਵਹਾਰਿਕ ਸਮਾਜਿਕ ਸਿਆਣਪ ਦੀਆਂ ਹੱਦਾਂ ਵਧਾਉਣੀਆਂ ਅਤੇ ਵਿੱਦਿਆ ਨੂੰ ਸਭ ਲਈ ਉਪਲਬਧ ਕਰਵਾਉਣ ਵਿੱਚ ਹੈ ਕਿਉਂਕਿ ਅਸੀਂ ਸਾਰੇ ਗਿਆਨ ਹਾਸਲ ਕਰਨ, ਬੋਲਣ ਅਤੇ ਆਪਣੀ ਜ਼ਮੀਰ ਦੀ ਅਵਾਜ ਸੁਣ ਕੇ ਬਹਿਸ ਕਰਨ ਦੀ ਸੁਤੰਤਰਤਾ ਨੂੰ ਹੋਰ ਸਭ ਆਜਾਦੀਆਂ ਤੋਂ ਵੱਧ ਮੁੱਲਵਾਨ ਸਮਝਦੇ ਹਾਂ। ਇਸ ਸੰਧਰਭ ਵਿੱਚ ਡਾ. ਅੰਬੇਡਕਰ ਦਾ ਬੁੱਧੀ ਅਧਾਰਤ ਤਰਕ ਸਾਡੇ ਸਾਰਿਆਂ ਲਈ ਪ੍ਰਸੰਗਿਕ ਹੈ

ਖੰਡ - 8 (1990) ਪਾਕਿਸਤਾਨ ਜਾਂ ਭਾਰਤ ਦੀ ਵੰਡ ਦੇ ਦੂਜੇ ਅਡੀਸ਼ਨ ਦਾ ਮੁੱਖਬੰਦ ਲਿਖਦੇ ਹੋਏ ਮਹਾਰਾਸ਼ਟਰ ਦੇ ਤਤਕਾਲੀ ਸਿੱਖਿਆ ਮੰਤਰੀ ਸ਼੍ਰੀ ਕਮਲ ਕਿਸ਼ੋਰ ਕਦਮ ਲਿਖਦੇ ਹਨ, “ਇਸ ਵਿੱਚ ਜੋ ਕੁਝ ਵੀ ਕਿਹਾ ਗਿਆ ਹੈ ਉਸ ਪੂਰੇ ਨਾਲ ਸਹਿਮਤ ਹੋਣਾ ਜਰੂਰੀ ਨਹੀਂ ਹੈ, ਬਸ ਇੰਨਾ ਕਹਿਣਾ ਹੀ ਕਾਫੀ ਰਹੇਗਾ ਕਿ ਡਾ. ਬਾਬਾ ਸਾਹਿਬ ਅੰਬੇਡਕਰ ਆਪਣੇ ਸਮਿਆਂ ਦੇ ਜਟਿਲ ਸਮਾਜਿਕ, ਸਿਆਸੀ ਮੁੱਦਿਆਂ ਬਾਰੇ ਸੂਖਮ, ਮੌਲਿਕ ਅਤੇ ਰਚਨਾਤਮਿਕ ਸੂਝ ਰਖਦੇ ਸਨ ... ਇਸ ਲੇਖਣੀ ਦੀ ਯਥਾਰਥਿਕਤਾ ਅਤੇ ਤਰਕ ਸ਼ਕਤੀ ਇਸ ਤੱਥ ਵਿੱਚ ਹੈ ਕਿ ਪਾਕਿਸਤਾਨ ਦੇ ਵਿਰੁੱਧ ਖੜ੍ਹਨ ਵਾਲਿਆਂ ਨੇ ਇਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਪਾਕਿਸਤਾਨ ਬਣਨ ਦੇ ਹੱਕ ਵਿੱਚ ਖੜਨ ਵਾਲਿਆਂ ਨੇ ਵੀ ਇਸ ਨੂੰ ਨਕਾਰ ਦਿੱਤਾ ਡਾ. ਅੰਬੇਡਕਰ ਨੇ ਉਪ ਮਹਾਂਦੀਪ ਵਿੱਚ ਉੱਭਰ ਰਹੀ ਪ੍ਰਸਥਿਤੀ ਦੀ ਤਸਵੀਰ ਪੇਸ਼ ਕੀਤੀ ਹੈ ਉਹ ਭਾਵੇਂ ਸਿਆਸੀ ਜੋਤਸ਼ੀ ਨਹੀਂ ਸਨ ਪਰ ਉਹ ਭਵਿੱਖੀ ਸਦਮਿਆਂ ਦੇ ਸੰਕੇਤ ਭਾਂਪ ਸਕਦੇ ਸਨ ਉਹ ਚਹੁੰਦੇ ਸਨ ਕਿ ਦੇਸ਼ਵਾਸੀ ਆਉਣ ਵਾਲੀਆਂ ਘਟਨਾਵਾਂ ਦੇ ਸੰਭਾਵੀ ਖਤਰਿਆਂ ਅਤੇ ਹਾਦਸਿਆਂ ਤੋਂ ਆਪਣੀ ਹੋਣੀ ਲਈ ਤਿਆਰ ਰਹਿਣ ਉਨ੍ਹਾਂ ਇਸ ਦੇ ਬਚਾ ਲਈ ਤਿਆਰੀ ਕੀਤੀ ਵਿਧਾਨ-ਸਾਜੀ ਦੇ ਸਿਆਸੀ ਡਰਾਮੇ ਪਿੱਛੇ ਸਮਾਜਿਕ ਕਾਰਕ ਅਤੇ ਇਤਿਹਾਸਕ ਪ੍ਰਭਾਵ ਹੁੰਦੇ ਹਨ ਅਤੇ ਇਕ ਸਿਆਸਤਦਾਨ (Statesman) ਦੀ ਘਾਲਣਾ ਇਹ ਹੁੰਦੀ ਹੈ ਕਿ ਉਹ ਪ੍ਰਸਥਿਤੀ ਨੂੰ ਅਜਿਹਾ ਮੋੜ ਦੇਵੇ ਤਾਂ ਕਿ ਸਮਾਜਕ ਦੁਖਾਂਤ ਘਟ ਜਾਵੇ ਅਤੇ ਅਚਾਨਕ ਆਏ ਬਦਲਾਅ ਦੇ ਸਦਮੇ ਨੂੰ ਲੋਕ ਬਰਦਾSਤ ਕਰ ਸਕਣ ਕਿਉਂਕਿ ਅਜਿਹੇ ਸਮਿਆਂ ਵਿੱਚ ਮਨੁੱਖ ਆਪਣਾ ਦਿਮਾਗੀ ਸੰਤੁਲਨ ਖੋ ਬੈਠਦੇ ਹਨ ਪਿਛਲਝਾਤ ਮਾਰਿਆਂ ਦੇਖਦੇ ਹਾਂ ਕਿ ਡਾ. ਅੰਬੇਡਕਰ ਨੇ ਇਕ ਸੱਚੇ ਦੇਸ਼ ਭਗਤ ਅਤੇ ਭਾਰਤੀ ਲੋਕਾਂ ਦੇ ਮੁਕਤੀਦਾਤੇ ਵਜੋਂ ਇਹ ਕੰਮ ਆਪਣੇ ਮੋਢਿਆਂ >ਤੇ ਲਿਆ

ਡਾ. ਬਾਬਾ ਸਾਹਿਬ ਲਿਖਤਾਂ ਅਤੇ ਭਾਸ਼ਣ - ਖੰਡ 10 (1991); ਇਹ ਖੰਡ ਉਨ੍ਹਾਂ ਦੇ ਗਵਰਨਰ ਜਨਰਲ ਦੀ ਕੌਂਸਲ ਦੇ ਮੈਂਬਰ ਦੇ ਕਾਰਜਕਾਲ (1942 - 46) ਨਾਲ ਸਬੰਧਿਤ ਹੈ ਭਾਰਤ ਸਰਕਾਰ ਦੀ ਇਸ ਕੌਂਸਲ ਵਿੱਚ ਉਹ ਕਿਰਤ ਮੈਂਬਰ (Labour Member) ਸਨ 10 ਜੂਨ 1991 ਨੂੰ ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਇਸ ਦਾ ਮੁੱਖ ਬੰਦ ਲਿਖਿਆ ਕੁਝ ਅੰਸ ਇੰਝ ਹਨ:

ਭਾਰਤ ਵਿੱਚ ਕਿਰਤੀ ਸ਼੍ਰੇਣੀ ਦਾ ਵੱਡੇ ਪੱਧਰ ’ਤੇ ਸ਼ੋਸ਼ਣ ਹੁੰਦਾ ਰਿਹਾ ਹੈ ਡਾ. ਅੰਬੇਡਕਰ ਦੀਆਂ ਕੋਸ਼ਿਸ਼ਾਂ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਦੀ ਛਤਰੀ ਥੱਲੇ ਲਿਆਉਣ ਵੱਲ ਸੇਧਿਤ ਸਨ ਕਿਰਤੀਆਂ ਦਾ ਮੁਆਵਜ਼ਾ ਕਾਨੂੰਨ (Workmen's Compensation Act) ਅਤੇ ਜਣੇਪਾ ਭਲਾਈ ਕਾਨੂੰਨ (Maternity Benefit Act), ਆਦਿ ’ਤੇ ਬਹਿਸ ਵਿਚ ਉਨ੍ਹਾਂ ਦਾ ਯੋਗਦਾਨ ਪਾਏਦਾਰੀ ਮਹੱਤਤਾ ਵਾਲਾ ਹੈ

ਡਾ. ਅੰਬੇਡਕਰ ਨੇ ਕੋਲਾ ਖਾਣਾਂ ਦੀ ਹਾਲਤ ਦੇ ਮੁਆਇਨੇ ਲਈ ਸਮਾਂ ਕੱਢਿਆ ਅਤੇ ਉਹ ਕੋਲੇ ਅਤੇ ਅਬਰਕ (Mica) ਦੀਆਂ ਖਾਣਾਂ ਵਿੱਚ 400 ਫੁੱਟ ਧਰਤੀ ਹੇਠਾਂ ਇਨ੍ਹਾਂ ਦੀ ਕਾਰਜ ਪ੍ਰਣਾਲੀ ਦੇਖਣ ਗਏ ਕਿਰਤੀ ਸ਼੍ਰੇਣੀ, ਖਾਸ ਕਰਕੇ ਕੋਲੇ ਦੀਆਂ ਖਾਣਾਂ ਦੇ ਕਾਮਿਆਂ ਲਈ ਉਨ੍ਹਾਂ ਦੀ ਚਿੰਤਾ ਕਿਰਤੀ ਭਲਾਈ ਆਰਡੀਨੈਂਸ 1944 ਦੇ ਰੂਪ ਵਿਚ ਸਾਹਮਣੇ ਆਈ ਕਿਰਤੀ ਭਲਾਈ ਦੇ ਵੱਖ ਵੱਖ ਪੱਖਾਂ ’ਤੇ ਉਨ੍ਹਾਂ ਦੇ ਭਾਸ਼ਣ ਪੜ੍ਹਨਾ ਸੱਚਮੁੱਚ ਸਿੱਖਿਆਦਾਇਕ ਹਨ

ਖੰਡ 12 ਪ੍ਰਾਚੀਨ ਭਾਰਤੀ ਵਪਾਰ, ਅਛੂਤਾਂ ਅਤੇ ਅੰਗਰੇਜ਼ੀ ਸੰਵਿਧਾਨ ਅਤੇ ਹੋਰ ਭਿੰਨ-ਭਿੰਨ ਪ੍ਰਕਾਰ ਦੇ ਲੇਖਾਂ ਦਾ ਸੰਗ੍ਰਹਿ ਹੈ ਚੜ੍ਹਦੀ ਉਮਰ ਦੀ ਇਸ ਲਿਖਤ ਦਾ ਮੁੱਖ ਬੰਦ ਲਿਖਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ (1993) ਸ਼੍ਰੀ ਸ਼ਰਦ ਪਵਾਰ ਲਿਖਦੇ ਹਨ:

... ਵਿਸ਼ਾ ਭਾਵੇਂ ਵਪਾਰ, ਮਾਨਵ ਸਮਾਜ ਵਿਗਿਆਨ, ਅੰਗਰੇਜੀ ਸਾਹਿਤ ਜਾਂ ਇੰਗਲੈਂਡ ਦੇ ਸੰਵਿਧਾਨ ਦਾ ਹੋਵੇ, ਹਰ ਲੇਖ ਇਕ ਦੂਜੇ ਨਾਲ ਜੁੜਿਆ ਹੋਇਆ ਹੈ ਅਤੇ ਖੋਜ ਦੀ ਦਿਸ਼ਾ ਸਮਾਜ ਵੱਲ ਹੀ ਸੇਧਿਤ ਰਹੀ ਹੈ

ਇਸ ਖੰਡ ਬਾਰੇ ਸਿੱਖਿਆ ਮੰਤਰੀ ਸ਼੍ਰੀ ਪ੍ਰਭਾਕਰ ਧਾਰਕਰ ਨੇ ਮੁਢਲੇ ਸਬਦਾਂ ਵਿੱਚ ਲਿਖਿਆ, “ਉਨ੍ਹਾਂ ਦੀਆਂ ਲਿਖਤਾਂ ਦਾ ਮੌਜੂਦਾ ਖੰਡ ਸੰਕਲਪ ਅਧਾਰਤ ਵਿਸ਼ਲੇਸ਼ਣ ਦੇ ਤਰੀਕਿਆਂ ਦਾ ਦਫਨ ਹੋਇਆ ਖਜਾਨਾ ਹੈ ਅਤੇ ਉਨ੍ਹਾਂ ਵਿਚਾਰਾਂ ਦਾ ਗੁਦਾਮ ਹੈ ਜਿਨ੍ਹਾਂ ਨੂੰ ਸਮਾਂ ਅਲੋਪ ਨਹੀਂ ਕਰ ਸਕਿਆ

ਡਾ. ਬਾਬਾ ਸਹਿਬ ਅੰਬੇਡਕਾਰ ਲਿਖਤਾਂ ਅਤੇ ਭਾਸ਼ਣ - ਖੰਡ 14 (1995)। ਇਸ ਦਾ ਸਿਰਲੇਖ ਹੈ ਡਾ. ਅੰਬੇਡਕਾਰ ਅਤੇ ਹਿੰਦੂ ਕੋਡ ਬਿਲ 1385 ਸਫ਼ੇ ਦੀ ਇਹ ਪੋਥੀ ਹਿੰਦੂ ਕੋਡ ਬਿੱਲ ’ਤੇ ਬਹਿਸ ਹੈ ਅਤੇ ਇਹ ਬਿੱਲ ਬਾਬਾ ਸਾਹਿਬ ਨੇ ਭਾਰਤ ਦੇ ਕਾਨੂੰਨ ਮੰਤਰੀ ਦੀ ਹੈਸੀਅਤ ਵਿਚ ਪੇਸ਼ ਕੀਤਾ ਸੀ ਉਨ੍ਹਾਂ ਦੀ ਆਪਣੀ ਸਰਕਾਰ ਹੁੰਦੇ ਹੋਏ ਵੀ ਬਿੱਲ ਪਾਸ ਨਾ ਹੋ ਸਕਿਆ ਅਤੇ ਉਨ੍ਹਾਂ ਨੇ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਦਾ ਮੁੱਖਬੰਦ ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਮਨੋਹਰ ਜੋਸ਼ੀ ਨੇ ਲਿਖਿਆ ਉਹ ਲਿਖਦੇ ਹਨ:

ਡਾ. ਅੰਬੇਡਕਾਰ ਨੇ ਵਿਆਹ, ਤਲਾਕ ਅਤੇ ਹੱਕ ਜਾਨਸ਼ੀਨ ਨਾਲ ਸਬੰਧਤ ਹਿੰਦੂ ਕਾਨੂੰਨ (Hindu Law) ਨੂੰ ਤਰਕਸ਼ੀਲ ਅਤੇ ਨਿਯਮਬੱਧ ਕਰਕੇ ਹਿੰਦੂ ਲਾਅ ਦਾ ਗੌਰਵ ਬਹਾਲ ਕਰ ਦਿੱਤਾ ਹੈ ਡਾ. ਅੰਬੇਡਕਾਰ ਪਰਿਵਾਰਕ ਕਦਰਾਂ ਕੀਮਤਾਂ ਦਾ ਸਮਰਥਨ ਕਰਦੇ ਹੋਏ ਵਿਆਹ ਦੇ ਪਵਿੱਤਰ ਭਾਵ ਨੂੰ ਬਰਕਰਾਰ ਰੱਖ ਰਹੇ ਹਨ ਸੰਵਿਧਾਨ ਦੇ ਅਨੁਕੂਲ ਹੁੰਦਾ ਹੋਇਆ ਸੋਧਿਆ ਹਿੰਦੂ ਕਾਨੂੰਨ ਲੋਕਾਂ ਨੂੰ ਆਪਣੇ ਧਰਮ ਵਿੱਚ ਵਿਸ਼ਵਾਸ ਅਤੇ ਇਸ ਦੇ ਅਭਿਆਸ ਦੀ ਆਗਿਆ ਦਿੰਦਾ ਹੈ ਜਿਵੇਂ ਡਾ. ਅੰਬੇਡਕਾਰ ਨੇ ਸਪਸ਼ਟ ਤੌਰ ’ਤੇ ਕਿਹਾ ਹੈ ਕਿ ‘ਦੇਸ਼ ਵਿਚਲੇ ਕਿਸੇ ਵੀ ਭਾਈਚਾਰੇ ਦੇ ਵਿਅਕਤੀਗਤ ਕਾਨੂੰਨ ਵਿਚ ਦਖਲ ਦਾ ਅਧਿਕਾਰ ਰਿਆਸਤ ਨੇ ਆਪਣੇ ਕੋਲ ਰੱਖਿਆ ਹੈ।’ ਅਤੇ ਇਹ ਵਿਅਕਤੀਗਤ ਕਾਨੂੰਨਾਂ ਵਿੱਚ ਉਦਾਰਤਾ ਲਿਆਉਣ ਲਈ ਵਜ਼ਨਦਾਰ ਬੁਨਿਆਦ ਹੈ ਤਾਂ ਕਿ ਨਿੱਜੀ ਸੁਤੰਤਰਤਾ ਦਾ ਘੇਰਾ ਵਿਸ਼ਾਲ ਕੀਤਾ ਜਾ ਸਕੇ ਅਤੇ ਅਜਿਹੀ ਸੁਤੰਤਰਤਾ ਦੇ ਅਧਾਰ ’ਤੇ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕੇ

ਵਿਦਵਾਨ ਲੇਖਕ ਸ਼ਸ਼ੀ ਥਰੂਰ ਨੇ ਆਪਣੀ ਸਾਹਿਤ ਅਕਾਦਮੀ ਇਨਾਮ ਜੇਤੂ ਕ੍ਰਿਤ ‘Ambedkar A Life(2022) ਦੇਸ਼ਵਾਸੀਆਂ ਨੂੰ ਸਮਰਪਿਤ ਕਰਦੇ ਹੋਏ ਲਿਖਿਆ:

ਭਾਰਤ ਵਾਸੀਆਂ ਨੂੰ ਸਮਰਪਿਤ; ਅੰਬੇਡਕਰ ਨੇ ਭਾਰਤੀਆਂ ਨੂੰ ਏਨਾ ਕੁਝ ਦਿੱਤਾ ਕਿ ਹਾਲੇ ਤੱਕ ਉਹ ਇਸ ਦੇਣ ਦਾ ਪੂਰਾ ਮੁਲਾਂਕਣ ਹੀ ਨਹੀਂ ਕਰ ਸਕੇ

ਵਿਦਵਾਨ ਲੇਖਕ ਇਹ ਭੀ ਲਿਖਦਾ ਹੈ ਕਿ “ਸੰਵਿਧਾਨ ਸਾਜਨਾ ਸਮੇਂ ਹਰ ਮੁੱਦੇ ’ਤੇ ਅੰਬੇਡਕਰ ਆਪਣੀ ਮਰਜ਼ੀ ਨਹੀਂ ਥੋਪ ਸਕਿਆ ਸੀ ਉਹ ਸੰਵਿਧਾਨ ਦੇ ਇੱਛਤ ਟੀਚਿਆਂ (Directive Principles) ਵਿਚ ਸ਼ਾਮਲ ਇਕਸਾਰ ਦੀਵਾਨੀ ਜ਼ਾਬਤਾ (Uniform Civil Code) ਦੇ ਲਾਗੂ ਕਰਨ ਵਿੱਚ ਨਾਕਾਮਯਾਬ ਰਿਹਾ ਉਹ ਕਸ਼ਮੀਰ ਨੂੰ ਸੰਵਿਧਾਨਿਕ ਖਾਸ ਦਰਜਾ ਦਿੰਦੇ ਆਰਟੀਕਲ 370 ਦੇ ਹੱਕ ਵਿਚ ਨਹੀਂ ਸਨ ਪਰ ਨਹਿਰੂ ਅਤੇ ਪਟੇਲ ਦੀ ਇੱਛਾ ਅੱਗੇ ਉਨ੍ਹਾਂ ਨੂੰ ਝੁਕਣਾ ਪਿਆ ਆਪਣੇ ਇਸ ਵਿਸ਼ਵਾਸ ਦੇ ਅਧਾਰ ’ਤੇ ਕਿ ਮੌਲਿਕ ਅਧਿਕਾਰ ਕਿਸੇ ਵੀ ਸਮਾਜ ਦੀ ਆਰਥਿਕ ਬੁਣਤਰ ਵਿੱਚੋਂ ਉੱਭਰਦੇ ਹਨ, ਉਹ ਵਾਹੀਯੋਗ ਜ਼ਮੀਨ, ਸਿੱਖਿਆ, ਸਿਹਤ,ਅਤੇ ਬੀਮਾ ਖੇਤਰ ਦਾ ਕੰਟਰੋਲ ਸੰਵਿਧਾਨਿਕ ਤੌਰ ’ਤੇ ਸਟੇਟ ਦੇ ਹੱਥਾਂ ਵਿੱਚ ਦੇਣਾ ਚਹੁੰਦੇ ਸਨ ਕਿਉਂਕਿ ਉਹ ਯਕੀਨ ਕਰਦੇ ਸਨ ਕਿ ਉੱਚ ਜਾਤੀਆਂ ਦੇ ਗਲਬੇ ਅਧੀਨ ਨਾਬਰਾਬਰੀ ਅਧਾਰਤ ਸਮਾਜ ਅਨੁਸੂਚਿਤ ਜਾਤੀਆਂ ਨੂੰ ਮੌਲਿਕ ਅਧਿਕਾਰ ਦੇਣ ਦੀ ਜ਼ਮਾਨਤ/ਗਰੰਟੀ ਨਹੀਂ ਦੇਵੇਗਾ

ਵਿਧਾਨ ਘੜ੍ਹਨੀ ਅਸੈਂਬਲੀ ਵਿਚ ਦੇਸ਼ ਦੇ ਸੱਭਿਆਚਾਰਕ ਮਾਹੌਲ ਬਾਰੇ ਉਨ੍ਹਾਂ ਕਿਹਾ: “ਮੈਂ ਚਾਹੁੰਦਾ ਹਾਂ ਕਿ ਸਾਰੇ ਦੇਸ਼ ਵਾਸੀ ਪਹਿਲਾਂ ਭਾਰਤੀ ਹੋਣ, ਕੁਝ ਹੋਰ ਹੋਣ ਦੇ ਬਾਵਜੂਦ ਵੀ ਉਹ ਭਾਰਤੀ ਰਹਿਣ, ਉਹ ਕੇਵਲ ਅਤੇ ਕੇਵਲ ਭਾਰਤੀ ਹੋਣ

ਹੁਣ ਕੌਮਾਂਤਰੀ ਦ੍ਰਿਸ਼ ’ਤੇ ਨਜ਼ਰ ਮਾਰਦੇ ਹਾਂ ਡਾ. ਬਾਬਾ ਸਾਹਿਬ ਦੇ ਜੀਵਨ ਕਾਲ ਵਿਚ ਉਨ੍ਹਾਂ ਵੱਲੋਂ ਭਾਰਤੀ ਸੰਵਿਧਾਨ ਵਿਚ ਪਾਏ ਯੋਗਦਾਨ ਲਈ ਕੋਲੰਬੀਆ ਯੂਨੀਵਰਸਟੀ (Columbia University) ਨੇ 1952 ਵਿਚ ਉਨ੍ਹਾਂ ਨੂੰ ਆਨਰੇਰੀ ਡਿਗਰੀ ਆਫ ਲਾਅ ਦੇਕੇ ਸਨਮਾਨਿਤ ਕੀਤਾ ਉਨ੍ਹਾਂ ਦੇ ਮਾਣ ਸਤਿਕਾਰ ਵਿਚ ਕਿਹਾ ਗਿਆ, “ਉਹ ਭਾਰਤ ਦੇ ਉੱਤਮ ਸ਼ਹਿਰੀਆਂ ਵਿੱਚੋਂ ਇਕ, ਮਹਾਨ ਸਮਾਜ ਸੁਧਾਰਕ ਅਤੇ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਖੜਨ ਵਾਲੇ ਜਵਾਂਮਰਦ ਹਨ

ਉਨ੍ਹਾਂ ਦੇ ਮਰਨ ਉਪਰੰਤ ਦਾ ਕੌਮਾਂਤਰੀ ਦ੍ਰਿਸ਼ ਉਨ੍ਹਾਂ ਦੇ ਬਿੰਬ ਦੇ ਇਹੋ ਜਿਹੇ ਉਭਾਰ ਦਾ ਹੁੰਗਾਰਾ ਭਰ ਰਿਹਾ ਹੈ: ਪਦਮ ਭੂਸ਼ਨ ਭਿੱਖੂ ਪਾਰੇਖ (Bhikhu Parekh) ਗੁਜਰਾਤ ਦੇ ਜੰਮਪਲ ਅਤੇ ਇੰਗਲੈਂਡ ਦੇ ਨਾਗਰਿਕ ਹਨ ਉਹ ਓਥੋਂ ਦੇ ਹਾਊਸ ਆਫ ਲਾਰਡਸ ਦੇ ਮੈਂਬਰ ਹਨ ਡਾ. ਬੀ ਆਰ ਅੰਬੇਡਕਰ ਅਤੇ ਮਾਰਟਿਨ ਲੂਥਰ ਕਿੰਗ ਦੇ ਵਿਸ਼ਵ ਪੱਧਰੀ ਬਿੰਬ ਦੀ ਤੁਲਨਾ ਕਰਦੇ ਵਿਚਾਰ ਰੱਖਦੇ ਹਨ ਕਿ ਅੰਬੇਡਕਰ ਮਾਰਟਿਨ ਲੂਥਰ ਕਿੰਗ ਨਾਲੋਂ ‘ਗੰਭੀਰ ਚਿੰਤਕ’ ਸਨ ਅੰਬੇਡਕਰ ਦਾ ਆਪਣੀ ਬਰਾਦਰੀ ਅਤੇ ਦੇਸ਼ ਤੇ ਉਸ ਨਾਲੋਂ ਕਿਤੇ ਵੱਧ ਪ੍ਰਭਾਵ ਪਿਆ ਜਿੰਨਾ ਮਾਰਟਿਨ ਲੂਥਰ ਕਿੰਗ ਆਪਣੀ ਬਰਾਦਰੀ ’ਤੇ ਪਾ ਸਕੇ

ਡਾ. ਬੀ ਆਰ ਅੰਬੇਡਕਰ ਜਦ ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਪੜ੍ਹ ਰਹੇ ਸਨ ਤਦ ਉਨ੍ਹਾਂ ਨੇ 600 ਸਾਲ ਪੁਰਾਣੀ ਸੰਸਥਾ Gray's Inn ਵਿਚ ਅਕਤੂਬਰ 1916 ਤੋਂ ਜੁਲਾਈ 1917 ਤੱਕ ਅਤੇ ਮੁੜ ਜੁਲਾਈ 1920 ਵਿੱਚ ਵਿੱਦਿਆ ਹਾਸਲ ਕੀਤੀ ਇਸ ਸੰਸਥਾ ਨੇ ਜੂਨ 1922 ਵਿੱਚ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਬਾਰ ਕੌਂਸਲ ਦੀ ਮੈਂਬਰੀ ਦਿੱਤੀ ਸੌ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ 30 ਜੂਨ 2021 ਨੂੰ ਇਸ ਸੰਸਥਾ ਨੇ ਆਪਣੇ ਪੂਰਵ ਵਿਦਿਆਰਥੀ ਅੰਬੇਡਕਰ ਦੇ ਨਾਂ ਇਕ ਕਮਰੇ ਦਾ ਉਦਘਾਟਨ ਕੀਤਾ ਅਤੇ ਆਰਟਿਸਟ ਡੇਵਿਡ ਨੇਵੈਂਸ ਵੱਲੋਂ ਬਣਾਏ ਚਿੱਤਰ ਤੋਂ ਪਰਦਾ ਹਟਾਇਆ ਡਾ. ਬੀ ਆਰ ਅੰਬੇਡਕਰ ਭਾਰਤੀ ਮੂਲ ਦੇ ਪਹਿਲੇ ਅਤੇ ਦੁਨੀਆਂ ਭਰ ਵਿੱਚੋਂ ਦੂਸਰੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ Gray's Inn ਨੇ ਇਕ ਕਮਰਾ ਸਮਰਪਿਤ ਕੀਤਾ ਹੈ ਇੱਥੇ ਇਹ ਦੱਸਣਾ ਜਰੂਰੀ ਹੈ ਕਿ ਪੂਰੇ ਇੰਗਲੈਂਡ ਵਿੱਚ Gray's Inn ਜਿਹੀਆਂ ਚਾਰ ਸੰਸਥਾਵਾਂ ਹਨ ਜਿਨ੍ਹਾਂ ਵਿੱਚੋਂ ਕਿਸੇ ਇਕ ਦਾ ਮੈਂਬਰ ਹੋ ਕੇ ਹੀ ਇੰਗਲੈਂਡ ਵਿੱਚ ਵਕਾਲਤ ਕੀਤੀ ਜਾ ਸਕਦੀ ਸੀ/ਹੈ

2022 ਵਿੱਚ ਡਾਕਟਰ ਸਾਹਿਬ ਦਾ ਜਨਮ ਦਿਨ 14 ਅਪ੍ਰੈਲ ਵਿਸ਼ਵ ਪੱਧਰ ’ਤੇ ਮਨਾਇਆ ਗਿਆ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਅਪ੍ਰੈਲ ਮਹੀਨੇ ਨੂੰ ‘ਦਲਿਤ ਹਿਸਟਰੀ ਮੰਥ’ ਘੋਸ਼ਿਤ ਕੀਤਾ ਨੇਪਾਲ ਅਤੇ ਭਾਰਤ ਨੇ ਇੱਕਠਿਆਂ ਫ਼ੈਸਲਾ ਕੀਤਾ ਕਿ ਲੁੰਬਨੀ ਬੁੱਧਿਸਟ ਯੂਨੀਵਰਸਟੀ ਵਿਚ ਡਾ. ਭੀਮ ਰਾਓ ਅੰਬੇਡਕਰ ਚੇਅਰ ਸਥਾਪਿਤ ਕੀਤੀ ਜਾਵੇ ਦੁਬਈ, ਜਮੈਕਾ ਅਤੇ ਅਮਰੀਕਾ ਵਿਚ ਵੀ ਜਸ਼ਨ ਮਨਾਏ ਗਏ ਅਮਰੀਕਾ ਵਿਚ ਉਸ ਨੂੰ ‘ਭਾਰਤ ਦਾ ਮਾਰਟਿਨ ਲੂਥਰ ਕਿੰਗ’ ਕਿਹਾ ਗਿਆ ਹੋਰ ਬਹੁਤ ਥਾਵਾਂ ’ਤੇ ਵੀ ਬੜੀ ਤਾਰੀਫ਼ ਕੀਤੀ ਗਈ

ਇਨ੍ਹਾਂ ਕੌਮੀ ਰਾਜ ਨੇਤਾਵਾਂ, ਵਿਦਵਾਨ ਲੇਖਕਾਂ ਦੀਆਂ ਬਾਬਾ ਸਾਹਿਬ ਦੇ ਜੀਵਨ ਕਾਲ ਦੌਰਾਨ ਅਤੇ ਮਰਨ ਉਪਰੰਤ ਦੀਆਂ ਟਿੱਪਣੀਆਂ ਅਤੇ ਕੌਮਾਂਤਰੀ ਜੈ ਜੈ ਕਾਰ ਦੇ ਹੁੰਦੇ ਹੋਏ ਇਕ ਸਿੱਧਾ ਸਾਦਾ ਮਨੁੱਖ ਵੀ ਸਮਝ ਸਕਦਾ ਹੈ ਕਿ ਡਾ. ਬੀ ਆਰ ਅੰਬੇਡਕਰ ਸਮਾਜ ਦੇ ਸਿਰਫ ਪਛੜੇ ਅਤੇ ਦੱਬੇ ਕੁਚਲੇ ਵਰਗਾਂ ਬਾਰੇ ਹੀ ਨਹੀਂ ਸੋਚਦੇ ਸਨ ਬਲਕਿ ਸਮੁੱਚੇ ਸਮਾਜ ਅਤੇ ਮਾਨਵਤਾ ਦੇ ਹਿਤ ਉਨ੍ਹਾਂ ਦੀ ਸੋਚ ਅਤੇ ਪਹੁੰਚ ਦਾ ਧੁਰਾ ਸਨ ਇਸ ਲਈ ਉਨ੍ਹਾਂ ਨੂੰ ‘ਦਲਿਤਾਂ ਦੇ ਮਸੀਹਾ’ ਕਹਿਣ ਦੀ ਬਜਾਏ ‘ਇਨਸਾਨੀਅਤ ਦਾ ਮਸੀਹਾ’ ਕਹਿਣਾ ਵਧੇਰੇ ਉਚਿਤ ਹੋਵੇਗਾ 133ਵਾਂ ਜਨਮ ਦਿਨ ਮੁਬਾਰਕ ਸਾਡੇ ਭਾਰਤ ਰਤਨ!

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4888)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਗਰੂਪ ਸਿੰਘ

ਜਗਰੂਪ ਸਿੰਘ

Jagrup Singh I.R.S.
Tel: (91 - 98888 - 28406)
Email: (jagrup1947@gmail.com)

More articles from this author